ਕਬਰਪੁੱਟ ਬੇਗਾਰੀ

ਭਾਰਤੀ ਸਮਾਜ ਦੇ ਛੇਕੇ ਹੋਏ ਬਾਸ਼ਿੰਦਿਆਂ ਦਾ ਬਿਰਤਾਂਤ ਬਹੁਤ ਸਾਰੇ ਲਿਖਾਰੀਆਂ ਨੇ ਆਪੋ-ਆਪਣੇ ਅਨੁਭਵ ਮੁਤਾਬਿਕ ਆਪੋ-ਆਪਣੇ ਢੰਗ ਨਾਲ ਪੇਸ਼ ਕੀਤਾ ਹੈ। ਪਿਛਲੇ ਕੁਝ ਸਮੇਂ ਤੋਂ ਬਲਬੀਰ ਮਾਧੋਪੁਰੀ ਆਪਣੀਆਂ ਵੱਖ ਵੱਖ ਰਚਨਾਵਾਂ ਰਾਹੀਂ ਇਸ ਖੇਤਰ ਵਿਚ ਚੰਗੀ-ਚੋਖੀ ਹਾਜ਼ਰੀ ਲੁਆ ਰਿਹਾ ਹੈ। ‘ਕਬਰਪੁੱਟ ਬੇਗਾਰੀ’ ਕਹਾਣੀ ਇਸ ਸਮਾਜ ਦੇ ਲੋਕਾਂ ਦੀ ਅਜਿਹੀ ਬਾਤ ਪਾਉਂਦੀ ਹੈ ਜੋ ਚਿਰਾਂ ਤੋਂ ਹੋ ਰਹੀਆਂ ਵਧੀਕੀਆਂ ਨੂੰ ਵੰਗਾਰ ਰਹੀ ਹੈ।

ਬਲਬੀਰ ਮਾਧੋਪੁਰੀ
ਫੋਨ: +91-93505-48100

ਜਦੋਂ ਉਹਨੇ ਨਾਲ ਕੰਮ ਕਰਦੇ ਮੁਲਾਜ਼ਮਾਂ ਦੀ ਹਾਜ਼ਰੀ ‘ਚ ਮੇਰੇ ਬਾਰੇ ਵੇਰਵੇ ਸਹਿਤ ਪੁੱਛਿਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਆਰੇ ਦੇ ਦੰਦਿਆਂ ਵਰਗੇ ਉਹਦੇ ਬੋਲ-ਕੁਬੋਲ ਮੇਰੇ ਦਿਮਾਗ਼ ਵਿਚ ਖੁੱਭ ਕੇ ਵਰਮੇ ਵਾਂਗ ਸੁਰਾਖ ਕਰ ਗਏ। ਦਿਲ ‘ਤੇ ਜਿਵੇਂ ਮਧਾਣੀ ਘੁੰਮ ਗਈ ਹੋਵੇ। ਲੱਤਾਂ-ਪੈਰ ਜਵਾਬ ਦਿੰਦੇ ਲੱਗੇ। ਗੱਲ ਕੀ, ਮੇਰਾ ਪੂਰਾ ਸਰੀਰ ਕੰਬ ਗਿਆ। ਖੋਖਾ-ਨੁਮਾ ਦੁਕਾਨ ਕੋਲ਼ ਚਾਹ ਲਈ ਭਾਵੇਂ ਨਿੰਮ ਥੱਲੇ ਖੜ੍ਹੇ ਸੀ ਪਰ ਮੈਨੂੰ ਆਪਣਾ ਪਿੰਡਾ ਪਸੀਨੇ ਨਾਲ ਤਰ-ਬ-ਤਰ ਲੱਗਿਆ। ਫਿਰ ਵੀ, ਮੈਂ ਪਲਾਂ ‘ਚ ਕਿੰਨਾ ਕੁਝ ਸੋਚ ਲਿਆਹੋ ਸਕਦੈ ਉਹਨੇ ਮੇਰੇ ਪੇਂਡੂ ਪਿਛੋਕੜ ਦੀ ਦਿੱਖ ਵਾਲੇ ਲੀੜਿਆਂ ਤੋਂ ਕੋਈ ਅੰਦਾਜ਼ਾ ਲਾਇਆ ਹੋਵੇ, ਹੋ ਸਕਦੈ ਮੇਰੇ ਜਿਸਮ ਤੇ ਲਿੱਸੇ ਚਿਹਰੇ ਨੂੰ ਆਪਣੀ ਪਾਰਖੂ ਨਜ਼ਰ ਦੀ ਤੱਕੜੀ ਦੇ ਛਾਬਿਆਂ ‘ਚ ਪਾ ਕੇ ਤੋਲਿਆਂ ਹੋਵੇ ਕਿ ਪੌਸ਼ਟਿਕ ਤੱਤਾਂ ਦੀ ਘਾਟ ਕਰ ਕੇ ਇਉਂ ਹੈ, ਜਾਂ ਫਿਰ ਮੇਰੇ ਕਣਕ-ਵੰਨੇ ਰੰਗ ਵਿਚੋਂ ਉਸ ਨੂੰ ਕੁਝ ਅਦਿੱਖ ਦਿਸ ਪਿਆ ਹੋਵੇ। ਮੇਰੀਆਂ ਸੋਚਾਂ ਅੰਦਰ ਹੀ ਅੰਦਰ ਉਵੇਂ ਦੌੜਦੀਆਂ ਗਈਆਂ ਜਿਵੇਂ ਕੋਲ ਦੀ ਸੜਕ ਤੋਂ ਸਵਾਰੀਆਂ ਭਰੀਆਂ ਗੱਡੀਆਂ-ਮੋਟਰਾਂ ਜੋ ਥੰਮ੍ਹਣ ਨੂੰ ਤਿਆਰ ਨਹੀਂ ਸਨ।
ਇਸੇ ਦੌਰਾਨ ਮੈਂ ਹੈਰਾਨ ਹੋਇਆ, ਯਕਦਮ ਅੱਡੀਆਂ ਚੁੱਕ-ਚੁੱਕ ਚਾਹ ਵਾਲੀ ਦੁਕਾਨ ਦੀ ਪਿਛਲੀ ਚਾਰਦੀਵਾਰੀ ਦੇ ਉਤੋਂ ਦੀ ਦੇਖਣ ਲੱਗਾ ਜਿਧਰੋਂ ਰੋਣ-ਧੋਣ ਦੀਆਂ ਦਿਲ-ਵਿੰਨ੍ਹਵੀਆਂ ਆਵਾਜ਼ਾਂ ਆ ਰਹੀਆਂ ਸਨ। ਮੇਰਾ ਧਿਆਨ ਜਿਵੇਂ ਉਸ ਵਿਲੀ-ਪਾਪ ਤੇ ਵਿਲਕਦੀਆਂ ਰੂਹ ਕੰਬਾਊ ਲੇਰਾਂ ਹਵਾਲੇ ਹੋ ਗਿਆ। ਸੁਣਨ ਵਾਲੇ ਨੂੰ ਲਗਦਾ ਕਿ ਵੱਡੀਆਂ ਬੁੜ੍ਹੀਆਂ ਆਪਣਿਆਂ ਦਾ ਹੀ ਦਾਦਾ-ਦਾਹੜੀ ਨੌਲ ਰਹੀਆਂ ਹਨ।
‘ਕੀ ਵੇਖਣ ਡਿਹਾਂ ਜੇ ਕਾਕਾ? ਉਥੇ ਪਾਰਕ ਦੇ ਨਾਲ ਵਾਲੇ ਘਰ ਸਵੇਰ ਦਾ ਰੌਲ਼ਾ-ਰੱਪਾ ਤੇ ਪਿੱਟ-ਸਿਆਪਾ ਚੱਲ ਰਿਹਾ!’ ਚਾਹ ਵਾਲੇ ਲਾਲੇ ਨੇ ਦੱਸਿਆ।
‘ਹੈਂ?’ ਸਾਡੀ ਸੀਨੀਅਰ ਤੇ ਚੁਸਤ ਚਿਹਰੇ ਵਾਲੀ ਗੋਰੀ ਨਿਛੋਹ ਕੁੜੀ ਗੀਤਾ ਰੈਡੀ ਨੇ ਉਤਸੁਕਤਾ ਨਾਲ ਪੁੱਛਿਆ। ਹੈਰਾਨਗੀ ਉਹਦੀਆਂ ਅੱਖਾਂ ‘ਚ ਝਲਕਦੀ ਦਿਸੀ।
‘ਹੈ ਤੇ ਇਕ ਤਰਾਂ੍ਹ ਖੁਸ਼ੀ ਦਾ ਮਾਤਮ…!’
‘ਖੁਸ਼ੀ ਦਾ ਮਾਤਮ?…ਮਤਲਬ?’
‘ਗੀਤਾ ਬੇਟੀ…ਕੁੜੀ ਤੇਰਾਂ ਸਾਲ ਦੀ ਏ ਤੇ ਸੱਠ ਸਾਲ ਦੇ ਬੰਦੇ ਨਾਲ ਨੂੜੀ-ਨਰੜੀ ਗਈ ਏ! ਕੁੜੀ, ਉਹਦੀ ਭੈਣ ਤੇ ਮਾਂ ਵਿਲਕ ਰਹੀਆਂ ਪਈ…। ਮਾਸੂਮ ਕੁੜੀ ਦੌੜ-ਦੌੜ ਮਾਂ ਤੇ ਭੈਣ ਨੂੰ ਚੁੰਬੜਦੀ ਰਹੀ…! ਉਹ ਕੁੜੀ ਨੂੰ ਮਾਂ ਦੇ ਜੱਫੇ ‘ਚੋਂ ਛੁਡਾ-ਛੁਡਾ ਕੇ ਧੂਹ ਕੇ ਲਿਜਾਂਦੇ ਰਹੇ…ਤੇ ਮਾਂ ਨੰਗੇ ਪੈਰੀਂ ਭੱਜ-ਭੱਜ ਉਹਨੂੰ ਮੁੜ-ਮੁੜ ਫੜਨ ਜਾਂਦੀ ਰਹੀ। ਆਖਰ, ਕੁੜੀ ਦੇ ਪਿਉ ਨੇ ਆਪਣੀ ਜਨਾਨੀ ਦੀ ਹਿੱਕ ‘ਚ ਲੱਤ ਮਾਰੀ…!’ ਇਹ ਦੱਸਦਿਆਂ ਬਜ਼ੁਰਗ ਲਾਲੇ ਦਾ ਗਲਾ ਭਰ ਆਇਆ।
ਮੇਰਾ ਆਪਣਾ ਮਨ ਭਰ ਆਇਆ ਤੇ ਗੀਤਾ ਵੀ ਪਰੇਸ਼ਾਨ ਦਿਸ ਰਹੀ ਸੀ।
‘ਮਾਂ ਤੇ ਧੀ ਦਾ ਰੋ-ਰੋ ਬੁਰਾ ਹਾਲ ਹੋ ਗਿਆ। ਮਰਦ ਦਲੀਲ ਦੇ ਰਹੇ ਸਨ ਕਿ ਮੁਹੰਮਦ ਸਾਹਿਬ ਦੀਆਂ ਤੇਰਾਂ ਬੇਗ਼ਮਾਂ ਸਿਗੀਆਂ ਤੇ ਉਨ੍ਹਾਂ ਵਿਚੋਂ ਕਈ ਅਸਲੋਂ ਹੌਲੀ ਉਮਰ ਦੀਆਂ ਲੈਰੀਆਂ ਤੇ ਨਰਮ-ਨਿਆਣੀਆਂ ਕੁੜੀਆਂ।’ ਲਾਲਾ ਲਗਾਤਾਰ ਦੱਸਦਾ ਗਿਆ।
ਮੈਨੂੰ ਲੱਗਿਆ ਜਿਵੇਂ ਮੈਂ ਪਹਿਲਾਂ ਦੇਖੀ ਕਿਸੇ ਫਿਲਮ ਦਾ ਸੀਨ ਹੁਣ ਅਸਲੀਅਤ ਵਿਚ ਅੱਖੀਂ ਦੇਖ ਰਿਹਾ ਹੋਵਾਂ।… ਅਫਗਾਨਿਸਤਾਨ ਤੇ ਉਸ ਨਾਲ ਲਗਦੇ ਮੁਲਕਾਂ ‘ਚ ਔਰਤ ਦੀ ਗ਼ੁਲਾਮੀ ਤੇ ਬੇਰਹਿਮ ਤਸ਼ੱਦਦ ਦਾ ਤਾਂ ਸੁਣਿਆ ਹੋਇਆ ਪਰ ਆਪਣੇ ਮੁਲਕ ‘ਚ…! ਸ਼ੇਖਾਂ ਵੱਲੋਂ ਇੱਥੋਂ ਕੁੜੀਆਂ ਮੁੱਲ ਖਰੀਦ ਕੇ ਲਿਜਾਂਦੇ ਹੋਣ ਦਾ ਅਖਬਾਰਾਂ ਜ਼ਰੀਏ ਪਤਾ ਲੱਗਦਾ ਰਹਿੰਦਾ ਤੇ…! ਮੈਂ ਜ਼ਰਾ ਦੀ ਜ਼ਰਾ ਆਪਣੇ ਨਾਲ ਹੋਈ-ਵਾਪਰੀ, ਸੁਲਝੀ ਭਾਸ਼ਾ ਵਾਲੀ ਬੇਇਜ਼ਤੀ ਭੁੱਲ ਗਿਆ ਤੇ ਉਸ ਛੋਟੀ ਮਾਸੂਮ ਕੁੜੀ ਬਾਰੇ ਸੋਚਦਾ ਰਿਹਾ।… ਓਧਰ, ਮੋਟੀਆਂ-ਮਜ਼ਬੂਤ ਬਾਹਾਂ ਵਾਲੀ ਗੀਤਾ ਇਹ ਸਭ ਸੁਣ ਕੇ ਦੰਗ ਰਹਿ ਗਈ। ਉਹਨੇ ਕਾਹਲੀ ਪੈਂਦਿਆਂ ਚਾਰਦੀਵਾਰੀ ਕੋਲ ਇੱਟਾਂ ਉਤੇ ਟਿਕਾਈਆਂ ਇੱਟਾਂ ਦੀ ਥੜ੍ਹੀ ਉਤੇ ਖੜ੍ਹੀ ਹੋ ਕੇ ਪਾਰਕ ਪਾਰ ਤੱਕਿਆ।…ਉਹਦਾ ਮੂੰਹ ਹੁਣ ਮੁਰਝਾਇਆ ਹੋਇਆ ਸੀ ਜਿਵੇਂ ਇਨ੍ਹਾਂ ਬਰਸਾਤੀ ਦਿਨਾਂ ਵਿਚ ਸੋਕੇ ਕਰ ਕੇ ਵਾੜ ਵਿਚਲਾ ਚਿੱਟੇ ਫੁੱਲਾਂ ਵਾਲੀ ਮਹਿਕਦੀ-ਟਹਿਕਦੀ ਕਲੀ ਦਾ ਬੂਟਾ…ਇਕ ਵਾਰ ਤਾਂ ਮੈਨੂੰ ਲੱਗਿਆ ਜਿਵੇਂ ਸੁਫਨਾ ਦੇਖ ਰਿਹਾ ਹੋਵਾਂ। ਅਸੀਂ ਕਈ ਚਿਰ ਚੁੱਪ ਤੇ ਮਸੋਸੇ ਜਿਹੇ ਖੜ੍ਹੇ ਰਹੇ।
…ਤੇ ਮੈਂ ਆਪਣੇ-ਆਪ ਨੂੰ ਅਜਨਬੀ ਵਰਗਾ ਮਹਿਸੂਸ ਕਰਦਿਆਂ ਆਪਣੇ ਸੁਭਾਅ ਮੁਤਾਬਿਕ ਖਾਮੋਸ਼ੀ ਧਾਰਨ ਕਰੀ ਰੱਖੀ ਤੇ ਪੈਰਾਂ ਕੋਲ ਦੀ ਜ਼ਮੀਨ ਇਕ-ਟੱਕ ਦੇਖਦਾ ਰਿਹਾ। ਜਿਵੇਂ ਨਜ਼ਰਾਂ ਜ਼ਰੀਏ ਆਪਣਾ ਪਿੰਡ ਤੇ ਉਥੋਂ ਦੀ ਮਿੱਟੀ ਦੀ ਮਹਿਕ ਤਲਾਸ਼ ਰਿਹਾ ਹੋਵਾਂ।…ਤੇ ਵਿਚ-ਵਿਚਾਲੇ ਮੈਂ ਚੋਰੀ-ਚੋਰੀ ਦੂਜੇ ਧੜੇ ਵਾਲੇ ਮੁਲਾਜ਼ਮਾਂ ਵੱਲ ਦੇਖ ਦੇ ਸ਼ਰਮਿੰਦਗੀ ਦੇ ਮਾਰੇ ਨੇ ਦੰਦੀਆਂ ਜਿਹੀਆਂ ਕੱਢੀਆਂ। ਨਾਲ ਹੀ ਮੈਨੂੰ ਇਤਿਹਾਸ, ਮਿਥਿਹਾਸ ਤੇ ਸਮਾਜ ਵਿਗਿਆਨ ਦੀਆਂ ਪੜ੍ਹੀਆਂ ਕਿਤਾਬਾਂ ਵਿਚਲੇ ਹਵਾਲੇ ਚੇਤੇ ਆਏ, ਖਾਸ ਕਰ ਕੇ ਸਤੀ ਦੀ ਰਸਮ, ਚੀਰਹਰਨ ਤੇ ਦੇਵਤੇ ਆਖੇ ਜਾਂਦੇ ਪੁਰਸ਼ਾਂ ਦੇ ਯਾਰ ਕ੍ਰਮ।…ਤੇ ਇਹ ਸਭ ਮੈਂ ਅੰਦਰ ਹੀ ਅੰਦਰ ਪੀ ਗਿਆ; ਖਾਰਾ ਪਾਣੀ।…ਤੇ ਜਦੋਂ ਚੰਗੀ ਤਰ੍ਹਾਂ ਆਪਣੇ ‘ਚ ਪਰਤਿਆ ਤਾਂ ਜਿਸਮ ਅੰਦਰ ਉਚੀਆਂ ਉਠੀਆਂ ਅਗਨ ਲੰਬਾਂ ਦੀ ਥਾਂ ਹੁਣ ਨਿਰਾਦਰੀ ਦੇ ਡੂੰਘੇ ਪਾਣੀਆਂ ਵਿਚ ਗੋਤੇ ਖਾਈ ਜਾ ਰਿਹਾ ਸੀ।
ਤੇ ਏਸੇ ਦੌਰਾਨ ਮੁੰਡੂ ਵੱਲੋਂ ਲਿਆਂਦੀ ਚਾਹ ਦੀ ਟ੍ਰੇਅ ਵਿਚੋਂ ਜਦੋਂ ਮੈਂ ਕੱਪ ਚੁੱਕਿਆ ਤਾਂ ਮੇਰਾ ਸੱਜਾ ਹੱਥ ਹਲਕੀ ਜਿਹੀ ਝੋਲ ਖਾ ਗਿਆ। ਸ਼ੁਕਰ ਮਨਾਇਆ ਕਿ ਕੱਪ ਹੱਥੋਂ ਛੁੱਟ ਕੇ ਭੁੰਜੇ ਨਹੀਂ ਡਿੱਗਿਆ ਤੇ ਨਾ ਹੀ ਚਾਹ ਛਲਕ ਕੇ ਡੁੱਲ੍ਹੀ। ਮੈਂ ਨਜ਼ਰ ਚੁੱਕ ਕੇ ਕਿਸੇ ਵੱਲ ਨਾ ਦੇਖਿਆ ਕਿ ਉਹ ਅਖਬਾਰ ਪੜ੍ਹਦੇ-ਪੜ੍ਹਦੇ ਕਿਤੇ ਮੇਰੀਆਂ ਨਜ਼ਰਾਂ ‘ਚੋਂ ਕੋਈ ਸੁਰਖੀ ਨਾ ਪੜ੍ਹ ਲੈਣ।
ਏਨੇ ਨੂੰ ਬਾਂਦਰਾਂ ਦਾ ਟੋਲਾ ਟਹਿਲਦਾ, ਟਪੂਸੀਆਂ ਮਾਰਦਾ ਕੋਲੋਂ ਦੀ ਲੰਘਿਆ। ਟਾਹਲੀ ਨਾਲ ਢੋਅ ਲਾ ਕੇ ਬੈਠਾ ਬੰਦਾ ਜਿਸ ਦੇ ਸਿਰ ‘ਤੇ ਜਟੂਰੀਆਂ, ਕਾਲ਼ੀ-ਚਿੱਟੀ ਵਧੀ ਦਾਹੜੀ ਤੇ ਧੜ ਤਕ ਨੰਗਾ ਸੀ, ਨੇਫੇ ‘ਚੋਂ ਜੂੰਆਂ ਫੜ-ਫੜ ਮਾਰਨ ਵਿਚ ਮਗਨ ਸੀ। ਬੁਰਕੇ ਤੇ ਹਿਜਾਬ ‘ਚ ਲਪੇਟ ਹੋਈ ਮਾਈ ਹੱਥਾਂ ਦੇ ਕੰਬਣ ਦਾ ਭੁਲੇਖਾ ਪਾਉਂਦੀ ਆਪਣਾ ਕੌਲਾ ਆਉਣ-ਜਾਣ ਵਾਲਿਆਂ ਦੇ ਮੋਹਰੇ ਕਰ-ਕਰ ਪੈਸੇ ਮੰਗਦੀ ਤੇ ਖੈਰਾਂ-ਮਿਹਰਾਂ ਦੀਆਂ ਅਸੀਸਾਂ ਦਿੰਦੀ ਗਈ।
…ਲੌਢੇ ਵੇਲੇ ਮੇਰੇ ਨਾਲ ਹੋਏ ਉਸ ਤਲਖ ਤਜਰਬੇ ਦੀ ਵਜ੍ਹਾ ਮੇਰੇ ਅੰਦਰ ਲਗਾਤਾਰ ਟੁੱਟ-ਭੱਜ ਦੀ ਤਿੜ-ਤਿੜ ਹੁੰਦੀ ਰਹੀ। ਮੈਨੂੰ ਲੱਗਿਆ ਮੇਰਾ ਤਨ ਚਾਹ ਦੇ ਖੋਖੇ ਕੋਲ ਦੀ ਪਤਲੀ ਟਾਹਲੀ ਦਾ ਤਣਾ ਮੋਛੇ ਵਿਚ ਬਦਲ ਗਿਆ ਹੋਵੇ ਜੋ ਬਲ ਨਹੀਂ, ਧੁਖ ਰਿਹਾ ਹੋਵੇ। ਕਦੀ ਮਹਿਸੂਸ ਹੁੰਦਾ ਕਿ ਇਹੋ ਜਿਹੀਆਂ ਦਿਲ-ਢਾਹੂ ਗੱਲਾਂ ਸੋਚ-ਸੋਚ ਕੇ ਮੇਰਾ ਖੂਨ ਕਿਉਂ ਖੌਲਦਾ ਹੈ!…ਤੇ ਅਜਿਹੇ ਫਿਕਰਿਆਂ ਤੇ ਜੁਮਲਿਆਂ ਤੋਂ ਮੇਰਾ ਪਿੱਛਾ ਨਾ ਪਿੰਡ ਛੁੱਟਿਆ ਤੇ ਨਾ ਇੱਥੇ। ਤੇ ਰਾਤ ਨੂੰ ਮੇਰੀ ਨੀਂਦ ਕਿਤੇ ਦੂਰ ਨੱਸ ਗਈ, ਜਿਵੇਂ ਮੈਂ ਆਪਣੇ ਪਿੰਡ ਤੋਂ ਪੂਰਾ ਦੋ ਹਜ਼ਾਰ ਕਿਲੋਮੀਟਰ। ਮੈਂ ਮੂੰਹ ‘ਚ ਬੁੜਬੁੜ ਕਰਦਾ ਦੰਦ ਪੀਂਹਦਾ ਰਿਹਾ। ਰਾਤ ਭਰ ਸੋਚਦਾ ਰਿਹਾ ਕਿ ਜੇ ਅੱਗੇ ਤੋਂ ਰਾਜੇਸ਼ਵਰ ਰਾਓ ਨੇ ਕੋਈ ਟਿੱਚਰ, ਟਾਂਚ ਜਾਂ ਫਜ਼ੂਲ ਕਿਸਮ ਦੀ ਬੇਹੂਦਾ ਹਰਕਤ ਕੀਤੀ ਤਾਂ ਮੈਂ ਆਪਣੇ ਸੀਨੀਅਰ ਨਾਲ ਆਪਣਾ ਮਾਮਲਾ ਤੇ ਮੁੱਦਾ ਸਾਂਝਾ ਕਰਾਂਗਾ।…ਤੇ ਜਦੋਂ ਮੈਂ ਬਹੁ-ਰੰਗੇ ਲੋਟਣ ਕਬੂਤਰ, ਮਿੱਟੀ ਰੰਗੇ ਪਰਿੰਦਿਆਂ ਤੇ ਲਾਲ ਪੇਟ ਵਾਲੇ ਪਿੱਦਿਆਂ ਨੂੰ ਚਾਹ-ਖੋਖੇ ਨੇੜਲੇ ਰੁੱਖਾਂ ਉਤੋਂ ਉਡ ਕੇ ਚੋਗੇ ਲਈ ਜ਼ਮੀਨ ਉਤੇ ਉਤਾਰੇ ਕਰਦੇ ਤੇ ਉਡਾਰੀਆਂ ਭਰਦੇ ਚੇਤਿਆਂ ‘ਚ ਤੱਕਦਾ ਤਾਂ ਮਨ ਨੂੰ ਧਰਵਾਸ ਹੁੰਦਾ ਕਿ ਰੋਟੀ ਖਾਤਰ ਹੀਲਾ-ਵਸੀਲਾ ਕਰਨਾ ਪੈਂਦਾ ਹੈ ਤੇ ਬਹੁਤ ਕੁਝ ਜਰਨਾ ਪੈਂਦਾ ਹੈ। ਨਾਲੇ ਮੈਂ ਕਿਹੜਾ ਕੋਈ ਪੰਛੀ ਜਾਂ ਦਰਵੇਸ਼ ਹਾਂ ਜਿਹੜੇ ਪੱਲੇ ਕੁਝ ਨਹੀ ਬੰਨ੍ਹਦੇ। ਮੈਂ ਆਪਣੀ ਖਾਨਦਾਨੀ ਗ਼ਰੀਬੀ ਦਾ ਸੋਚ ਕੇ ਬੇਚੈਨ ਹੋ ਗਿਆ।
ਬਾਬੇ ਤੇ ਭਾਪੇ ਦਾ ਇੱਥੇ ਨੂੰ ਆਉਣ ਵੇਲੇੇ ਆਖਿਆ ਚੇਤੇ ਆਇਆ ਜਦੋਂ ਮੈਂ ਗੱਡੀ ਫੜਨ ਲਈ ਤ੍ਰਕਾਲਾਂ ਨੂੰ ਘਰੋਂ ਤੁਰਨ ਲੱਗਾ ਸੀ, ‘ਗੰਭੀਰ ਤੂੰ ਪਰਦੇਸ ‘ਚ ਰਹਿਣਾ, ਦੱਸ ਦਿਆਂ ਕਿ ਅਸੀਂ ਜੁੱਤੀ-ਜੋੜੇ ਦੇ ਛੋਟੇ ਜਿਹੇ ਭਾਈਵਾਲੀ ਵਾਲੇ ਕਾਰੋਬਾਰੀ ਸਿਲਸਿਲੇ ‘ਚ ਉਥੇ ਗੱਡੀ ‘ਚ ਆਉਂਦੇ-ਜਾਂਦੇ ਰਹੇ ਆਂ, ਉਥੇ ਖਾਣ-ਪੀਣ ‘ਚ ਓਪਰਾ ਜਿਹਾ ਲੱਗ ਸਕਦੈ, ਸ਼ਹਿਰ ‘ਚ ਲੋਕ ਉਰਦੂ-ਹਿੰਦੀ ‘ਚ ਗੱਲ ਸੁਣ-ਸਮਝ ਲੈਂਦੇ ਆ। ਜੇ ਕਦੇ ਉਚੀ-ਨੀਵੀਂ ਹੋ ਜਾਵੇ ਤਾਂ ਕਿਸੇ ਨਾਲ ਬੋਲ ਵਿਗਾੜ ਨਹੀਂ ਕਰਨਾ, ਨਾ ਹੀ ਕਿਸੇ ਨਾਲ ਬਾਹਬਰ ਕੇ ਬੋਲਣਾ ਤੇ ਨਾ ਹੀ ਕੋਈ ਗੱਲ ਮਨ ‘ਤੇ ਲਾਉਣੀ ਆ। ਦਿਨਾਂ ‘ਚ ਨਵੇਂ ਦੋਸਤ-ਮਿੱਤਰ ਬਣ ਜਾਣੇ ਤੇਰੇ। ਸਾਡੇ ਵੱਲੋਂ ਨਫਿਕਰਾ ਹੋ ਕੇ ਰਹੀਂ। ਅਸੀਂ ਜਿੱਦਾਂ-ਕਿੱਦਾਂ ਗੁਜ਼ਾਰਾ ਕਰ ਲਵਾਂਗੇ।’
ਦਰਅਸਲ, ਆਪਣੀ ਟਰੇਨਿੰਗ ਮਗਰੋਂ, ਸਾਢੇ ਕੁ ਚਾਰ ਮਹੀਨੇ ਪਹਿਲਾਂ ਮੈਂ ਹੈਦਰਾਬਾਦ ਵਿਚ ਇਕ ਵੱਡੀ ਕੰਪਨੀ ਜੁਆਇਨ ਕੀਤੀ ਹੈ। ਤੇ ਇੱਥੇ ਆਪਣੇ ਪਹਿਲੇ ਦਿਨਾਂ ‘ਚ ਹੀ ਮੈਂ ਚਾਰਮੀਨਾਰ, ਗੋਲਕੁੰਡਾ ਕਿਲ੍ਹਾ, ਉਚੀਆਂ ਨੀਵੀਆਂ ਪਹਾੜੀਆਂ, ਹੁਸੈਨ ਸਾਗਰ, ਓਸਮਾਨ ਸਾਗਰ ਤੇ ਬਾਜ਼ਾਰ ਬਗ਼ੈਰਾ ਗਾਹ ਮਾਰੇ ਸਨ। ਲੋਕਾਂ ਦੀ ਰਹਿਣੀ-ਬਹਿਣੀ ਤੇ ਉਨ੍ਹਾਂ ਦੇ ਸੁਭਾਅ ਨੂੰ ਮੈਂ ਅਜੇ ਚੰਗੀ ਤਰ੍ਹਾਂ ਸਮਝ ਨਹੀਂ ਸੀ ਸਕਿਆ।…ਤੇ ਚਾਰਮੀਨਾਰ ਬਾਜ਼ਾਰ ਵਿਚ ਹੋਈ ਤੂੰ-ਤੂੰ, ਮੈਂ-ਮੈਂ ਵਾਲੀ ਘਟਨਾ ਮੇਰੇ ਮਨ ਦੇ ਸਕਰੀਨ ਉਤੇ ਮੁੜ ਉਭਰੀ। ਦੋ-ਤਿੰਨ ਬਜ਼ੁਰਗ ਦੋਹਾਂ ਧਿਰਾਂ ਦੇ ਮੁੰਡਿਆਂ ਨੂੰ ਸਮਝਾ ਰਹੇ ਸਨ, ‘ਚਲੋ ਹਊ ਪਰੇ ਕਰੋ ਕਾਕਾ, ਜਿਸ ਕੰਮ ਆਏ ਹੋ, ਕਰੋ ਤੇ ਜਾਓ।’
ਇਸ ਨਾਲਾਇਕ ਨੇ ਮੈਨੂੰ ਗਾਲ੍ਹ ਕਿਉਂ ਕੱਢੀ?’ ਉਹ ਨੌਜਵਾਨ ਬੋਲੀ ਗਿਆ। ਉਹਦੇ ਬੋਲਾਂ ਵਿਚਲੀ ਤਲਖੀ ਉਹਦੇ ਮੂੰਹ ਤੋਂ ਸਾਫ ਦਿਸ ਰਹੀ ਸੀ।
‘ਗਰਮ ਖੂਨ ਏ ਪੁੱਤਰ, ਜਾਓ, ਵਗ ਜਾਓ ਹੁਣ!’ ਦੂਜੇ ਬਜ਼ੁਰਗ ਨੇ ਸਲਾਹ ਦਿਤੀ।
‘ਜੇ ਭੀੜ ‘ਚ ਤੁਰੇ ਜਾਂਦਿਆਂ ਮੇਰਾ ਹੱਥ ਇਹਦੇ ਹੱਥ ਨਾਲ ਖਹਿ ਗਿਆ ਤਾਂ ਕੀ ਕਹਿਰ ਹੋ ਗਿਆ! ਇਸ ਨੇ ਇਉਂ ਆਖਿਆ ਤਾਂ ਕਿਉਂ ਆਖਿਆ!’
‘ਐਸਾ ਤੈਨੂੰ ਕੀ ਕਹਿ‘ਤਾ ਜੋ ਚੁੱਪ ਕਰਾਉਣ ‘ਤੇ ਵੀ ਬੋਲੀ ਜਾ ਰਿਹਾਂ?’ ਪਹਿਲੇ ਬਜ਼ੁਰਗ ਨੇ ਫਿਰ ਕਿਹਾ।
ਕਹਿੰਦਾ, ‘ਕਿੱਦਾਂ ਚੌੜਾ ਹੋ ਕੇ ਤੁਰਿਆ ਹੋਇਆ, ਆ ਗਿਆ ਬੜੇ ਨਵਾਬ ਦੀ ਔਲਾਦ!’
‘ਚਲ ਛੱਡ ਪੁੱਤਰ, ਇਹ ਹੈ ਈ ਨਵਾਬਾਂ ਦਾ ਸ਼ਹਿਰ! ਹਰ ਕੋਈ ਨਵਾਬ ਬਣਿਆ ਫਿਰਦਾ ਏਥੇ!’ ਦੂਜੇ ਬਜ਼ੁਰਗ ਨੇ ਦੱਸਿਆ।
ਸਾਡੇ ਦੇਖਦਿਆਂ-ਦੇਖਦਿਆਂ ਤੈਸ਼ ‘ਚ ਆਇਆ ਨੌਜਵਾਨ ਚਾਰਮੀਨਾਰ ਵੱਲ ਛੋਹਲ਼ੇ ਪੈਰੀਂ ਤੁਰ ਪਿਆ, ਨਾਲੇ ਬੋਲੀ ਗਿਆ, ‘ਸਾਲਾ ਬੇਗਾਰੀ ਦੀ ਔਲਾਦ!’
‘ਬੇਗਾਰੀ’ ਲਫਜ਼ ਸੁਣਦਿਆਂ ਮੈਂ ਧੁਰ ਅੰਦਰ ਤਕ ਝੁਣਝਣੀ ਖਾ ਗਿਆ। ਮੇਰਾ ਕੁਲੀਗ ਬਾਲ ਕ੍ਰਿਸ਼ਨਾ ਵੀ ਹੱਕਾ-ਬੱਕਾ ਹੋਇਆ ਮੇਰੇ ਵੱਲ ਦੇਖਣ ਲੱਗਾ, ਜਿਵੇਂ ਮੇਰੇ ਜਵਾਬੀ ਬੋਲਾਂ ਨੂੰ ਤਾਂਘਦਾ ਹੋਵੇ। ਖੈਰ, ਬਿਨਾਂ ਵਕਤ ਗੁਆਇਆਂ ਮੇਰੇ ਮਨ ਵਿਚ ਬੱਦਲਾਂ ਵਿਚੋਂ ਲਿਸ਼ਕੋਰਾਂ ਮਾਰਦੀ ਬਿਜਲੀ ਵਾਂਗ ਮੈਨੂੰ ਚਾਣਚੱਕ ਆਪਣਾ ਪਿੰਡ ਦਿਸਿਆ; ਭੀਮਾ, ਖੁਸ਼ੀਆ ਤੇ ਵਿਹੜੇ ਦੇ ਹੋਰ ਬੇਗਾਰੀ, ਢੋਰ ਢੋਂਦੇ, ਹੱਡਾ-ਰੋੜੀ ‘ਚ ਉਨ੍ਹਾਂ ਦਾ ਚੰਮ ਲਾਹੁੰਦੇ, ਖੱਲਾਂ ਦੀਆਂ ਤਹਿਆਂ ਲਾਉਂਦੇ, ਰੱਸੀਆਂ ਨਾਲ ਉਨ੍ਹਾਂ ਦੀਆਂ ਗਠੜੀਆਂ ਬੰਨ੍ਹਦੇ ਹੋਏ। ਮੈਂ ਕੋਲ-ਕੋਲ ਘੁੰਮਦੀਆਂ, ਛੜੱਪੇ ਮਾਰ-ਮਾਰ ਅੱਗੇ ਵਧਦੀਆਂ ਇੱਲਾਂ ਤੇ ਕੁੱਤਿਆਂ ਨੂੰ ਦੂਰ ਭਜਾਉਂਦਾ ਦਿਸਿਆ। ਥੋੜ੍ਹੇ ਕੁ ਚਿਰ ਮਗਰੋਂ ਉਹ ਅਸਮਾਨ ‘ਚ ਬਿਨਾਂ ਪਰ ਹਿਲਾਇਆਂ ਮਸਤੀ ‘ਚ ਘੁਮੇਰੇ ਕੱਢਦੀਆਂ ਦਿਸੀਆਂ।
ਮੈਨੂੰ ਕਿੰਨਾ ਚਿੱਕਰ ਅਹਿਸਾਸ ਹੀ ਨਾ ਹੋਇਆ ਕਿ ਮੇਰਾ ਕੁਲੀਗ ਬਾਲ ਕ੍ਰਿਸ਼ਨਾ ਮੇਰੇ ਸੱਜੇ ਪਾਸੇ ਨਾਲ-ਨਾਲ ਤੁਰਿਆ ਹੋਇਆ ਹੈ। ਉਹ ਤੇ ਮੈਂ ਕਿਸੇ-ਕਿਸੇ ਐਤਵਾਰ ਬਾਜ਼ਾਰ ‘ਚੋਂ ਘਰ ਦਾ ਸਾਮਾਨ ਖਰੀਦਣ ਲਈ ਜਾਂਦੇ ਰਹਿੰਦੇ ਹਾਂ। ਇਸ ਬਹਾਨੇ ਜਿੱਥੇ ਮੈਨੂੰ ਨਵੀਂ ਜਾਣਕਾਰੀ ਮਿਲਦੀ ਹੈ ਉਥੇ ਤਨ-ਮਨ ਵਿਚ ਤਾਜ਼ਗੀ ਭਰ ਜਾਂਦੀ ਹੈ।
…ਅਸੀਂ ਪਹਿਲਾਂ ਵਾਂਗ ਚੁੱਪਚਾਪ ਤੁਰੇ ਗਏ ਜਿਵੇਂ ਸੱਚਮੁੱਚ ਖਾਮੋਸ਼ੀ ਦਾ ਦਰਿਆ ਲੰਘ ਰਹੇ ਹੋਈਏ।…ਤੇ ਫਿਰ ਬਾਲ ਕ੍ਰਿਸ਼ਨਾ ‘ਚਾਰਮੀਨਾਰ ਸਾਈਕਲ ਸਟੈਂਡ’ ਵਿਚੋਂ ਸਾਈਕਲ ਕੱਢ ਲਿਆਇਆ। ਉਹਦੇ ਵਾਰ-ਵਾਰ ਕਹਿਣ ਦੇ ਬਾਵਜੂਦ, ਮੈਂ ਫਿਰ ਕਦੇ ਉਹਦੇ ਪਿੰਡ ਜਾਣ ਦਾ ਇਕਰਾਰ ਕੀਤਾ। ਕ੍ਰਿਸ਼ਨਾ ਦਾ ਪਿੰਡ ਸ਼ਹਿਰ ਤੋਂ ਦਸ-ਬਾਰਾਂ ਕਿਲੋਮੀਟਰ ਦੇ ਫਾਸਲੇ ‘ਤੇ ਹੈ। ਉਹ ਰੋਜ਼ਾਨਾ ਸਾਈਕਲ ਉਤੇ ਦਫਤਰ ਆਉਂਦਾ ਹੈ, ਪਸੀਨੇ ਨਾਲ ਭਿੱਜਿਆ ਹੋਇਆ। ਇਹ ਦੇਖਦਿਆਂ-ਸੋਚਦਿਆਂ ਮੈਨੂੰ ਆਪਣਾ ਭਾਪਾ ਤੇ ਭਰਾ ਮੱਲੋਜ਼ੋਰੀ ਚੇਤੇ ਆ ਗਏ ਜਿਹੜੇ ਚੰਮ ਲੂੰਹਦੀਆਂ ਧੁੱਪਾਂ ਵਿਚ ਮਿੱਟੀ ਨਾਲ ਮਿੱਟੀ ਹੋ ਕੇ ਤੇ ਪਸ਼ੂਆਂ ਵਾਂਗ ਵਕਤ ਦਾ ਸ਼ੈਂਟਾ-ਫੈਂਟਾ ਖਾ ਕੇ ਲਗਾਤਾਰ ਕੰਮ ਕਰਨ ਲਈ ਮਜਬੂਰ ਹਨ।
ਇਕ ਦਿਨ ਸ਼ਾਮ ਨੂੰ ਛੁੱਟੀ ਮਗਰੋਂ ਅਸੀਂ ਚਾਹ ਪੀਣ ਲਈ ਨਵੇਂ-ਨਵੇਂ ਖੋਜੇ ਖੁੱਲ੍ਹੇ-ਡੁੱਲ੍ਹੇ ਰੈਸਤੋਰਾਂ ਵਿਚ ਇਰਾਨੀ ਚਾਹ ਤੇ ਮੱਖਣ ਵਾਲਾ ਨਰਮ-ਨਰਮ ਓਸਮਾਨੀਆ ਖਾਣ ਦਾ ਮਜ਼ਾ ਲੈਣ ਜਾ ਬੈਠੇ ਤੇ ਉਸ ਦਿਨ ਬਹੁਤਾ ਗਾੜ੍ਹ ਵੀ ਨਹੀਂ ਸੀ ਉਥੇ ਜਿਵੇਂ ਅਕਸਰ ਹੁੰਦਾ ਹੈ।
ਕ੍ਰਿਸ਼ਨਾ ਨੇ ਅਚਾਨਕ ਆਪਣੇ ਬਾਰੇ ਗੱਲ ਤੋਰੀ, ‘ਕਈ ਦਿਨਾਂ ਦਾ ਸ਼ਸ਼ੋਪੰਜ ਵਿਚ ਸੀ ਕਿ ਗੱਲ ਕਰਾਂ ਕਿ ਨਾ! ਗੱਲ ਵੀ ਇਕ ਨਹੀਂ, ਬੇਸ਼ੁਮਾਰ ਨੇ।…ਕ੍ਰਾਂਤੀਕਾਰੀਆਂ ਦੀ ਧਰਤੀ ਵਜੋਂ ਜਾਣੇ ਜਾਂਦੇ ਤੇਲੰਗਾਨਾ ਵਿਚ ਸਾਡਾ ਹੋਲਿਯਾ ਭਾਈਚਾਰਾ ਬ੍ਰਾਹਮਣਾਂ ਦੇ ਸਿਰਜੇ ਨਰਕ ਨਾਲੋਂ ਵੀ ਬਦਤਰ ਜ਼ਿੰਦਗੀ ਜੀਣ ਲਈ ਮਜਬੂਰ ਆ। ਅਸੀਂ ਪਿੰਡਾਂ ਦੀਆਂ ਗਲੀਆਂ-ਨਾਲੀਆਂ ਤੇ ਪਖਾਨੇ ਸਾਫ ਕਰਦੇ ਆਂ। ਮਰਿਆਂ ਦੀ ਸੁਨਾਉਣੀ ਅਸੀਂ ਦੇਣ ਜਾਂਦੇ ਆਂ, ਤੇ ਫਿਰ ਲਾਸ਼ ਜਦ ਤਕ ਜਲ ਕੇ ਰਾਖ ਨਹੀਂ ਹੋ ਜਾਂਦੀ, ਓਨਾ ਚਿਰ ਉਥੇ ਪਹਿਰਾ ਦਿੰਦੇ ਆਂ ਜਿੱਦਾਂ ਰਾਤ ਨੂੰ ਪਿੰਡ ਦੀ ਫਿਰਨੀ ‘ਤੇ।…ਮਰੇ ਪਸ਼ੂ ਅਸੀਂ ਪਿੰਡ ਤੋਂ ਬਾਹਰ ਢੋਂਦੇ ਆਂ, ਤੇ ਮੁਰਦਾ ਕੁੱਤੇ-ਬਿੱਲੇ ਦਫਨਾਉਂਦੇ ਆਂ।’
ਮੈਂ ਬੈਠਾ-ਬੈਠਾ ਸਿੱਧਾ ਤਣ ਕੇ ਚੌਕੰਨਾ ਹੋਇਆ ਉਸ ਵੱਲ ਸਵਾਲੀਆ ਨਜ਼ਰਾਂ ਨਾਲ ਦੇਖਣ ਲੱਗਾ।
‘…ਤੇ ਇਨਾਂ੍ਹ ਬੇਰਹਿਮ-ਜ਼ਮੀਂਦਾਰਾਂ ਤੇ ਉਚ-ਜਾਤ ਕਹਾਉਣ ਵਾਲਿਆਂ ਦੀਆਂ ਕਬਰਾਂ ਪੁੱਟਣੀਆਂ ਸਾਡੀ ਜੁੰਮੇਵਾਰੀ ਆ। ਏਸੇ ਲਈ ਇਹ ਸਾਨੂੰ ‘ਬੇਗਾਰੀ’ ਸੱਦਦੇ ਆ।’
ਏਨੇ ਨੂੰ ਵੇਟਰ ਚਾਹ ਲੈ ਆਇਆ। ਉਹਨੇ ਸਹਿਜ ਹੀ ਆਖਿਆ, ‘ਸਰ ਤੁਸੀਂ ਅੰਦਰ ਬੈਠ ਜਾਂਦੇ। ਕਈ ਟੇਬਲ ਖਾਲੀ ਪਏ ਨੇ।’
‘ਥੈਂਕ ਯੂ ਡੀਅਰ…।’ ਫਿਰ ਕ੍ਰਿਸ਼ਨਾ ਨੇ ਮੂੰਹ ਘੁਮਾ ਕੇ ਮੇਰੇ ਵੱਲ ਦੇਖ ਹੱਸਦਿਆਂ ਆਖਿਆ, ‘ਸ਼ਿਵ ਦਾ ਸਥਾਨ ਮੰਦਰ ਦੇ ਬਾਹਰ ਈ ਹੁੰਦਾ ਮੇਰੇ ਭਾਈ!’
‘…ਤੇ ਪਾਰਵਤੀ?’ ਜਵਾਬ ਦੇਣ ਦੀ ਬਜਾਇ ਉਹ ਇਧਰ-ਉਧਰ ਦੇਖਣ ਲੱਗ ਪਿਆ।…ਤੇ ਮੈਂ ਇਹ ਦੱਸਣ ਦੀ ਇਕ ਤਰੀਕੇ ਕੋਸ਼ਿਸ਼ ਕੀਤੀ ਕਿ ਸਾਡੇ ਪੰਜਾਬ ਦੇ ਪਿੰਡਾਂ ਵਿਚ ਮੰਦਰ ਨਹੀਂ, ਸਿਰਫ ਗੁਰਦੁਆਰੇ ਹਨ। ਮੈਂ ਚਾਹ ਦਾ ਕੁੱਲੜ ਆਪਣੇ ਵੱੱਲ ਖਿੱਚਦਿਆਂ ਭਾਪੇ ਦੇ ਬੋਲ ਜਿਵੇਂ ਆਪਣੇ ਕੰਨਾਂ ਵਿਚ ਸੁਣਨ ਲੱਗਾ, ‘ਜਦੋਂ ਪਲੇਗ ਪਈ-ਮੇਰੇ ਬਾਪੂ ਤੇ ਵਿਹੜੇ ਦੇ ਬੰਦਿਆਂ ਨੇ ਪਿੰਡ ਦੇ ਜ਼ਮੀਂਦਾਰਾਂ ਦੀਆਂ ਬੇਸ਼ੁਮਾਰ ਕਬਰਾਂ ਪੁੱਟੀਆਂ। ਉਨ੍ਹਾਂ ਦਿਨਾਂ ‘ਚ ਕੰਮ-ਧੰਦਾ ਠੱਪ ਤੇ ਰੋਟੀ ਦੇ ਲੱਲੇ ਪਏ ਹੋਏ ਸਨ।…ਤੇ ਸਾਡੇ ਬਜ਼ੁਰਗ, ਸਖਤ ਜ਼ਮੀਨਾਂ ਹੋਣ ਕਰ ਕੇ ਨਵੇਂ ਮੁਰਦੇ ਪੁਰਾਣੀਆਂ ਕਬਰਾਂ ‘ਚ ਦਫਨਾਉਂਦੇ ਰਹੇ। ਨਾਲੇ ਹੱਸ-ਹੱਸ ਕਹਿੰਦੇ-ਚਲ ਬਈ ਪੁੱਤਰਾ ਪੈ ਜਾ ਆਪਣੇ ਚਾਚੇ ਨਾਲ ਜੱਫੀ ਪਾ ਕੇ।…ਪਰ ਹੁਣ ਉਹ ਮੌਕਾ ਕਿੱਥੇ ਮਿਲਦਾ?…ਸਾਡੇ ਪਿੰਡਾਂ ‘ਚ ਹੁਣ ਬੁੱਤੀਆਂ-ਬੇਗਾਰਾਂ ਦਾ ਭੋਗ ਪੈ ਚੁੱਕਾ! ਹੁਣ ਤਾਂ ਜ਼ਮੀਂਦਾਰ ਤੇ ਉਨ੍ਹਾਂ ਦੇ ਲਾਡਲੇ ਸ਼ਰਾਬਾਂ-ਕਬਾਬਾਂ, ਟੀਕਿਆਂ, ਭੁੱਕੀ, ਚਰਸ ਤੇ ਚਿੱਟਾ ਚੱਟਮ ਕਰ ਕੇ ਮੌਤ ਨੂੰ ਖੁਦ ਵਾਜਾਂ ਮਾਰ ਰਹੇ ਆ। ਤਮਾਖੂ ਪੀਂਦੇ ਨਹੀਂ ਜ਼ਰਦੇ ਵਾਂਗ ਖਾਂਦੇ ਆ।’
ਸ਼ਾਇਦ ਕ੍ਰਿਸ਼ਨਾ ਨੇ ਮੇਰੀ ਹੋਰ ਪਾਸੇ ਲੱਗੀ ਲਿਵ ਨੂੰ ਤਾੜ ਲਿਆ ਸੀ। ਮੈਂ ਆਪੇ ‘ਚ ਪਰਤਿਆ ਤੇ ਉਹ ਦੱਸਣ ਲੱਗਾ, ‘ਗੰਭੀਰ, ਮੈਂ ਪਹਿਲਾਂ ਦੱਸਿਆ ਸੀ ਪਈ ਇਹ ਸਾਨੂੰ ਬੇਗਾਰੀ ਕਹਿੰਦੇ ਆ ਤੇ ਤਸ਼ੱਦਦ ਵੀ ਢਾਹੁੰਦੇ ਆ।’
ਮੈਂ ਮਨ ਹੀ ਮਨ ਤੁਲਨਾ ਕਰਨ ਲੱਗਾ ਕਿ ਪੰਜਾਬ ‘ਚ ਬੇਗਾਰ ਦਾ ਜ਼ਮਾਨਾ ਕਦੋਂ ਦਾ ਲੱਦ ਚੁੱਕਾ ਹੈ! ਅੱਧੀ ਰਾਤ ਨੂੰ ਦੇਸ਼-ਵੰਡ ਨਾਲ ਮਿਲੀ ਆਜ਼ਾਦੀ ਤੋਂ ਪਹਿਲਾਂ ਤੇ ਉਸ ਦੀ ਰਹਿੰਦ-ਖੂੰਹਦ ਮਗਰੋਂ ਮੁੱਕ ਗਈ ਸੀ। ਸਾਡੇ ਲੋਕਾਂ ਨੇ ਪੜ੍ਹਾਈ-ਲਿਖਾਈ ਵੱਲ ਮੁਹਾਰਾਂ ਮੋੜੀਆਂ ਹੋਈਆਂ।
‘ਗੰਭੀਰ, ਜਿਹੜੇ ਸਦੀਆਂ ਤੋਂ ਸਾਨੂੰ ਨਫਰਤ ਦੇ ਕਾਰੋਬਾਰ ਨਾਲ ਗ਼ੁਲਾਮ ਬਣਾਉਂਦੇ ਆ ਰਹੇ ਆ, ਪਿਆਰ ਨਾਲ ਉਨ੍ਹਾਂ ਦਾ ਦਿਲ ਕਿੱਦਾਂ ਜਿੱਤੀਏ! ਇਹ ਵੀ ਸਾਡੀ ਜ਼ੁੰਮੇਵਾਰੀ? ਅਸੀਂ ਬੇਗਾਰੀ ਨਿੱਤ ਕਰੀਏ ਗ਼ੁਲਾਮਗਿਰੀ।’
ਇਧਰ-ਉਧਰ ਦੇਖਣ ਮਗਰੋਂ ਉਹ ਆਖਣ ਲੱਗਾ, ‘ਕਈ ਵਾਰ ਲੱਗਦਾ ਕਿ ਰਵਾਇਤੀ ਖੱਬੇ-ਪੱਖੀਆਂ ਤੇ ਸਰਮਾਏਦਾਰਾਂ ਕੋਲ ਵੀ ਸ਼ਾਇਦ ਸਾਡੀ ਗ਼ੁਲਾਮਗਿਰੀ ਦਾ ਹੱਲ ਨਹੀਂ। ਉਹ ਆਰਥਿਕ ਬਰਾਬਰੀ ਦੀ ਡੌਂਡੀ ਪਿੱਟ ਕੇ ਸਾਨੂੰ ਆਪਣੇ ਮੁਫਾਦਾਂ ਲਈ ਵਰਤ ਰਹੇ ਆ। ਗਾਂਧੀਗਿਰੀ ਸਾਡੀ ਸਮਾਜਕ ਗ਼ੁਲਾਮੀ ਨੂੰ ਬਰਕਰਾਰ ਰੱਖਣ ਦਾ ਢਕੌਂਸਲਾ ਨਹੀਂ ਤਾਂ ਹੋਰ ਕੀ ਆ?’
ਤਕਰੀਰ-ਨੁਮਾ ਖਿਆਲ ਸੁਣਦਿਆਂ ਮੈਨੂੰ ਮਹਿਸੂਸ ਹੋਇਆ ਜਿਵੇਂ ਕ੍ਰਿਸ਼ਨਾ ਨਵੀਂ ਮਹਾਂਭਾਰਤ ਆਪੇ ਲਿਖਣ ਤੇ ਲੜਨ ਲਈ ਪ੍ਰੇਰ ਰਿਹਾ ਹੈ। ਉਹ ਰੁਕ-ਰੁਕ ਚਾਹ ਦੇ ਘੁੱਟ ਅੰਦਰ ਲੰਘਾਉਂਦਾ ਤੇ ਭਵਿੱਖ ਦੀ ਗੁਲਜ਼ਾਰ ਲਈ ਖੂਬਸੂਰਤ ਵਿਚਾਰ-ਸ਼ਗੂਫੇ ਛੱਡਦਾ।
ਜ਼ਰਾ ਕੁ ਮਗਰੋਂ ਆਖਣ ਲੱਗਾ, ‘ਆਦੀ ਆਂਧਰਾ ਲਹਿਰ ਨੇ ਨੱਬੇ ਕੁ ਸਾਲ ਪਹਿਲਾਂ ਅਛੂਤਾਂ ਨੂੰ ਕੁਦਰਤੀ ਹੱਕ ਹਾਸਲ ਕਰਾਉਣ ਲਈ ਬੇਸ਼ੁਮਾਰ ਅੰਦੋਲਨ ਵਿੱਢੇ। ਗੰਭੀਰ, ਮੈਨੂੰ ਲੱਗਦਾ ਕਿ ਮੈਂ ਤੈਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ। ਉਮਰੋਂ ਛੋਟੇ ਮੇਰੇ ਦੂਰ ਦੇ ਮਿੱਤਰਾ, ਫਿਕਰ ਨਾ ਕਰ, ਅਗਲੀ ਪਾਰੀ ਤੇਰੀ!’
ਮੈਂ ਉਹਦੇ ਵੱਲ ਦੇਖ ਮੁਸਕਰਾਇਆ। ਉਸ ਨੇ ਆਪਣੇ ਐੱਲ ਪੀ ਤਵੇ ‘ਤੇ ਫਿਰ ਸੂਈ ਰੱਖੀ, ‘ਆਦੀ ਆਂਧਰਾ ਲਹਿਰ ਵਾਂਗ ਮੈਨੂੰ ਗ੍ਰੇਟਰ ਪੰਜਾਬ ਦੀ ਆਦਿ ਧਰਮੀ ਲਹਿਰ ਦਾ ਵੀ ਪਤਾ, ਗੰਭੀਰ!’
ਮੈਨੂੰ ਲੱਗਿਆ ਕ੍ਰਿਸ਼ਨਾ ਨੇ ਹੈਦਰਾਬਾਦੀ ਪੁਰਾਣੇ ਕ੍ਰਿਕਟ ਖਿਡਾਰੀਆਂ ਦੇ ਮਾਣਮੱਤੇ ਇਤਿਹਾਸ ਵਰਗਾ ਛੱਕਾ ਮਾਰਿਆ। ਕੁੱਲੜ ਮੇਜ਼ ਉਤੇ ਰੱਖਦਿਆਂ ਉਹਨੇ ਮੈਨੂੰ ਉਠਣ ਦਾ ਅੱਖ ਤੇ ਹੱਥ ਦਾ ਇਸ਼ਾਰਾ ਕੀਤਾ।
ਅਸੀਂ ਅਗਲੇ ਦਿਨ ਮਿਲਣ ਦਾ ਵਾਅਦਾ ਕਰ ਕੇ ਵਿੱਛੜ ਗਏ।
ਕਈ ਦਿਨ ਬੀਤ ਗਏ। ਕ੍ਰਿਸ਼ਨਾ ਦਫਤਰ ਨਾ ਆਇਆ। ਮੈਂ ਫਿਕਰ ਕਰਨ ਲੱਗਾ ਕਿ ਸ਼ਹਿਰ ਦੀਆਂ ਸੜਕਾਂ, ਕੋਈ ਹਾਦਸਾ… ਉਹਦਾ ਬਜ਼ੁਰਗ ਬਿਮਾਰ ਸੀ ਤੇ ਕੀ ਪਤਾ ਇਸ ਉਮਰ ‘ਚ…। ਇਹੋ ਜਿਹੇ ਕਈ ਉਲਟੇ-ਪੁਲਟੇ ਖਿਆਲ ਮੇਰੇ ਮਨ ਵਿਚ ਆਉਂਦੇ।…ਹਫਤਾ ਹੋਰ ਲੰਘ ਗਿਆ। ਸੋਚਾਂ ਦੇ ਅਮੁੱਕ ਕਾਫਲੇ ਅਸਮਾਨ ‘ਚ ਬੱਦਲਾਂ ਵਾਂਗ ਮੁੜ-ਮੁੜ ਜੁੜਦੇ ਜਾ ਰਹੇ ਸਨ।…ਜੇ ਮੈਂ ਕ੍ਰਿਸ਼ਨਾ ਦੇ ਪਿੰਡ ਜਾਣਾ ਹੋਵੇ, ਉਥੇ ਜਾਣ ਲਈ ਬੱਸ ਦਾ ਬੰਦੋਬਸਤ ਨਹੀਂ ਤੇ ਪੈਦਲ ਜਾਣਾ ਮੇਰੇ ਬਸ ਦਾ ਨਹੀਂ। ਕ੍ਰਿਸ਼ਨਾ ਦਾ ਦੱਸਿਆ ਰਸਤਾ ਯਾਦ ਹੈ, ਲੋੜ ਪੈਣ ‘ਤੇ ਕਿਸੇ ਤੋਂ ਪੁੱਛ ਵੀ ਸਕਦਾਂ। ਬਥੇਰੇ ਹਿੰਦੀ-ਉਰਦੂ ਸਮਝਣ ਵਾਲੇ ਮਿਲ ਜਾਂਦੇ ਹਨ। ਤੇ ਮੈਨੂੰ ਹਮੇਸ਼ਾ ਚੜ੍ਹਦੀ ਕਲਾ ‘ਚ ਰੱਖਣ ਵਾਲੀ ਗੀਤਾ ਰੈਡੀ ਤੋਂ ਇਕ-ਦੋ ਦਿਨ ਲਈ ਸਾਈਕਲ ਮੰਗ ਸਕਦਾਂ, ਉਹ ਤਾਂ ਸ਼ੌਕੀਆ ਚਲਾਉਂਦੀ ਹੈ। ਮੈਂ ਕਈ ਵਾਰ ਹੈਰਾਨ ਹੁੰਦਾ ਹਾਂ ਕਿ ਉਹਦੇ ‘ਚ ਏਨਾ ਬੁਲੰਦ ਹੌਸਲਾ, ਨਿਡਰਤਾ, ਦਲੇਰੀ ਤੇ ਦਲੀਲਬਾਜ਼ੀ ਕਿੱਥੋਂ ਆਈ ਹੈ! ਕੋਈ ਦੱਸਦਾ ਉਹ ਐਮ. ਐਸ. ਸੀ. ਤੇ ਐਮ. ਟੈੱਕ ਹੈ। ਉਹ ਅਕਸਰ ਚਿੱਟੀ ਪੈਂਟ ਉਤੇ ਕਾਲੀ ਸਵੈੱਟ-ਸ਼ਰਟ ਪਹਿਨਦੀ ਹੈ ਤੇ ਬਾਹਾਂ ਉਪਰ ਨੂੰ ਚੜ੍ਹਾਉਂਦੀ ਰਹਿੰਦੀ ਹੈ ਜਿਸ ਸਦਕਾ ਉਹਦਾ ਸਵੈ-ਭਰੋਸਾ ਉਹਦੇ ਮੂੰਹ ‘ਤੇ ਝਲਕਾਰੇ ਮਾਰਦਾ ਦਿਸਦਾ ਹੈ। ਇਸ ਸਭ ਕਾਸੇ ਕਰ ਕੇ ਮੇਰੇ ਅੰਦਰ ਨਵੀਂ ਊਰਜਾ ਆਪਣੇ-ਆਪ ਭਰ ਜਾਂਦੀ ਹੈ।
…ਤੇ ਮੈਂ ਕ੍ਰਿਸ਼ਨਾ ਦੇ ਪਿੰਡ ਭੁਵਨਗਿਰੀ ਪਹੁੰਚ ਗਿਆ। ਫਿਰਨੀ ਉਤੇ ਖੜ੍ਹੇ ਮੁੰਡਿਆਂ ਨੂੰ ਮੈਂ ਕ੍ਰਿਸ਼ਨਾ ਦਾ ਘਰ ਪੁੱਛਿਆ।
‘ਕਿਹੜੀ ਬਸਤੀ ਦਾ ਉਹ? ਮਾਲਾ? ਮਾਦਿਗਾ? ਜਾਂ ਫਿਰ…?’ ਉਹ ਆਪਣੀ ਜ਼ੁਬਾਨ ‘ਚ ਬੋਲ ਕੇ ਤਾੜੀ ਮਾਰ ਕੇ ਹੱਸੇ। ਇਸ ਦੌਰਾਨ ਦੂਹੋ-ਦੂਹ ਤਿੰਨ-ਚਾਰ ਸਾਈਕਲ ਸਵਾਰ ਆਉਂਦੇ ਦਿਸੇ। ਉਨ੍ਹਾਂ ਫੁਰਤੀ ਨਾਲ ਸਾਇਕਲਾਂ ਤੋਂ ਉਤਰ ਕੇ ਧੋਤੀਆਂ ਨੇਫਿਆਂ ‘ਚ ਟੰਗੀਆਂ ਤੇ ਚੱਪਲਾਂ ਪੈਰਾਂ ‘ਚੋਂ ਲਾਹ ਕੇ ਹੱਥਾਂ ਵਿਚ ਫੜ ਲਈਆਂ। ਉਹ ਨੀਵੀਂ ਪਾਈ ਨੱਕ ਦੀ ਸੇਧੇ ਸਾਈਕਲ ਰੇੜ੍ਹ ਕੇ ਲਿਜਾਂਦੇ ਗਏ। ਹੁਣ ਮੈਨੂੰ ਸਮਝ ਪਈ ਕਿ ਰਸਤੇ ‘ਚ ਦੋ-ਤਿੰਨ ਥਾਵਾਂ ਉਤੇ ਬੰਦੇ-ਬੁੜ੍ਹੀਆਂ ਕਿਸੇ ਹੋਰ ਦੇ ਉਥੋਂ ਲੰਘਣ ਵਕਤ ਰਾਹ ਤੋਂ ਲਾਂਭੇ ਹੋ ਕੇ ਕਿਉਂ ਰੁਕੇ ਤੇ ਮੂੰਹ ਦੂਜੇ ਪਾਸੇ ਕਰ ਕੇ ਖੜ੍ਹੇ ਕਿਉਂ ਹੋਏ ਸਨ!
ਆਪਣੇ ਹਾਣ ਦੇ ਉਨ੍ਹਾਂ ਨੌਜਵਾਨਾਂ ਨੂੰ ਮੈਂ ਦੱਸਿਆ, ‘ਕ੍ਰਿਸ਼ਨਾ ਦਾ ਵੱਡਾ ਭਰਾ ਕਾਲਜ ‘ਚ ਪੜ੍ਹਾਉਂਦਾ ਤੇ ਬਾਪ ਬਿਮਾਰ ਰਹਿੰਦਾ…।’
‘ਅੱਛਾ ਅੱਛਾ! ਸਿੱਧਾ ਕਹਿ ਕ੍ਰਿਸ਼ਨਾ ਬੇਗਾਰੀ! ਵਲ ਪਾ-ਪਾ ਕਿਉਂ ਦੱਸ ਰਿਹਾਂ! ਕੁਛ ਦਿਨ ਪਹਿਲਾਂ ਉਹਦੀਆਂ ਹੱਡੀਆਂ ਅਸੀਂ ਏਸੇ ਬੋਹੜ ਥੱਲੇ ਤੋੜੀਆਂ! ਬੜਾ ਪੜ੍ਹਿਆ-ਲਿਖਿਆ ਤੇ ਹੁਸ਼ਿਆਰ ਸਮਝਦਾ ਉਹ ਆਪਣੇ-ਆਪ ਨੂੰ, ਬਣਿਆ ਫਿਰਦਾ ਬੜਾ ਲੀਡਰ ਸਾਲਾ ਰਾਣੀ ਖਾਂ ਦਾ…ਬਾਹਲਾ ਮਿਲਣ ਨੂੰ ਚਿੱਤ ਕਰਦਾ ਤਾਂ ਤੈਨੂੰ ਵੀ ਉਹਦੇ ਕੋਲ ਹਸਪਤਾਲ ਪੁਚਾ ਦਿੰਦੇ ਆਂ।’
ਮੈਂ ਦਹਿਲ ਗਿਆ। ਹੋਰ ਕੁਝ ਦੱਸਣ-ਪੁੱਛਣ ਦੀ ਹਿੰਮਤ ਨਾ ਪਈ ਸਗੋਂ ਖਾਮੋਸ਼ ਖੜ੍ਹਾ ਰਿਹਾ। ਉਨ੍ਹਾਂ ਖਰੂਦੀ ਮੁੰਡਿਆਂ ਵਿਚੋਂ ਇਕ ਨੇ ਆਪਣੇ ਹੱਥ ‘ਚ ਫੜਿਆ ਡੰਡਾ ਸਾਈਕਲ ਦੇ ਹੈਂਡਲ ਦੀ ਮੁੱਠ ਉਤੇ ਮਾਰਿਆ ਜਿਸ ਉਤੇ ਮੇਰਾ ਖੱਬਾ ਹੱਥ ਸੀ।
‘ਚੱਲ ਪਿਛਾਂਹ ਮੁੜ, ਸਾਲਾ ਤੇਲੰਗਾ ਜਿਹਾ ਨਾ ਹੋਵੇ ਤਾਂ!’
‘ਸੀ. ਆਈ. ਡੀ. ਕਰਨ ਆਇਆਂ?’
‘ਚੱਲ ਵਗ ਏਥੋਂ ਮਾਂ ਦਿਆ ਖਸਮਾ…।’
‘ਅੱਕਾ ਬੋਕਾ ਆਈ ਓ ਨਾ ਸੁੱਲਾ, ਅੱਕਾ ਨੀ ਪੂਕੁ ਡੇਂਗੁਤਾ।’ (ਭੈਣ ਦੀਆਂ ਗੰਦੀਆਂ ਗਾਲ਼੍ਹੀਆਂ)।
‘ਕ੍ਰਿਸ਼ਨਾ ਦਾ ਵੱਡਾ ਭਰਾ ਤੇ ਭਤੀਜਾ ਬੜੇ ਬਣੇ ਫਿਰਦੇ ਆ ਪਤੰਗਬਾਜ਼, ਲੰਮੀਆਂ ਡੋਰਾਂ ਛੱਡਦੇ ਆ ਸਾਡੀਆਂ ਛੱਤਾਂ ਵੱਲ…ਪਤੰਗ ਜ਼ਮੀਨ ‘ਤੇ ਲਿਆਉਣੇ ਆਉਂਦੇ ਆ ਸਾਨੂੰ, ਇਹੇ ਜਿਹੇ ਪਤੰਗਬਾਜ਼ ਜਿਹੜੇ ਕਹਿੰਦੇ ਨੇ ਇਕ ਵਾਰ ਪਤੰਗ ਵਾਂਗ ਉਡਣਾ ਚਾਹੀਦਾ ਜ਼ਿੰਦਗੀ ‘ਚ। ਦੇਖ ਲਿਆ ਨਾ ਹਸ਼ਰ! ਹੁਣ ਪੱਟੀਆਂ-ਫੱਟੀਆਂ ਬਨ੍ਹਾਉਂਦਾ ਫਿਰਦਾ। ਜਾਤ ਦੀ ਕੋਹੜ ਕਿਰਲੀ ਤੇ ਸਤੀਰੀਆਂ ਨੂੰ ਜੱਫੇ।’
ਹੁਣ ਦੂਜੇ ਮੁੰਡੇ ਨੇ ਨਫਰਤੀ ਲਫਜ਼ ਗਲੱਛਦਿਆਂ ਆਖਿਆ, ‘ਸਦੀਆਂ ਤੋਂ ਚੱਲਦੀਆਂ ਰੀਤਾਂ ਦੇ ਵਿਰੁੱਧ ਚੱਲਣ ਵਾਲਿਆਂ ਦੇ ਏਦਾਂ ਈ ਦਰੁੱਬੜੀ ਚਾੜ੍ਹੀ ਜਾਵੇਗੀ।’
ਤੀਜੇ ਨੇ ਹੋਰ ਸਿਰੇ ਦੇ ਕੁਬੋਲ ਬੋਲੇ, ‘ਮੈਂ ਕਿਹਾ ਸੀ-ਅਤੁਲੂ ਪੀਕੁਤਾ (ਜਾ ਪੁੱਟ ਲਾ…)। ਜਦੋਂ ਮੈਂ ਉਹਦੀਆਂ ਵੱਖੀਆਂ ਭੰਨੀਆਂ ਸੀ।’
ਇਸ ਕੁੱਤੇ-ਖਾਣੀ ਤੇ ਗਾਲ਼੍ਹੀ-ਗਲੋਚ ਸੁਣਨ ਦੀ ਨਮੋਸ਼ੀ ਮਗਰੋਂ ਮੈਂ ਜਿੱਧਰੋਂ ਆਇਆ ਸੀ ਉਧਰ ਨੂੰ ਹੈਂਡਲ ਮੋੜ ਲਿਆ।
‘ਜੇ ਪਿਛਾਂਹ ਮੁੜ ਕੇ ਦੇਖਿਆ ਤਾਂ ਹੱਡੀ ਪੱਸਲੀ ਇਕ ਕਰ ਦਿਆਂਗੇ, ਤੇਰੇ ਕ੍ਰਿਸ਼ਨਾ ਬੇਗਾਰੀ ਵਾਂਗ।’
‘ਹੁਲੀਏ ਤੋਂ ਇਹ ਵੀ ਸਾਲ਼ਾ ਬੇਗਾਰੀ ਲਗਦਾ।’ ਇਕ ਨੇ ਫਿਰ ਹੱਥ ‘ਤੇ ਹੱਥ ਮਾਰ ਕੇ ਹੱਸਦਿਆਂ ਆਖਿਆ।
ਕੁਝ ਸ਼ਬਦ ਮੈਂ ਅਰਥਾਂ ਸਣੇ ਸਮਝ ਲਏ। ਕ੍ਰਿਸ਼ਨਾ, ਗੀਤਾ ਤੇ ਹੋਰਾਂ ਨੇ ਮੈਨੂੰ ਤੇਲਗੂ ਅੱਖਰ-ਗਿਆਨ ਦੇਣ ਵਿਚ ਮਦਦ ਕੀਤੀ ਹੋਈ ਹੈ। ਵਰਣਮਾਲਾ ਤੇ ਆਮ ਬੋਲਚਾਲ ਦੇ ਲਫਜ਼ ਸਿਖਾ ਦਿੱਤੇ ਹੋਏ ਹਨ। ਜਿਸ ਚਾਅ ਤੇ ਉਤਸ਼ਾਹ ਨਾਲ ਮੈਂ ਭੁਵਨਗਿਰੀ ਨੂੰ ਸਾਈਕਲ ਉਤੇ ਹਵਾ ਨਾਲ ਗੱਲਾਂ ਕਰਦਾ ਗਿਆ, ਭਾਵੇਂ ਹਵਾ ਦਾ ਰੁਖ ਮੇਰੇ ਖਿਲਾਫ ਸੀ-ਹੁਣ ਹਵਾ ਅਗਾਂਹ ਨੂੰ ਧੱਕੇ ਮਾਰ ਰਹੀ ਹੈ ਪਰ ਮੇਰੇ ਕੋਲੋਂ ਪੈਡਲ ਨਹੀਂ ਦਬਾਏ ਜਾ ਰਹੇ ਸੀ। ਲਗਦਾ ਜਿਵੇਂ ਟਾਇਰਾਂ-ਟਿਊਬਾਂ ਵਿਚੋਂ ਫੂਕ ਨਿਕਲ ਗਈ ਹੋਵੇ। ਮੇਰੇ ਤਨ-ਮਨ ਉਤੇ ਫਿਰ ਸਮਾਜਕ ਬੰਦਸ਼ਾਂ ਨੇ ਪਹਿਰਾ ਦੇਣਾ ਸ਼ੁਰੂ ਕੀਤਾ। ਮੈਂ ਆਪਣੇ ਪਿੰਡ ਦੀ ਜੂਹ ‘ਚ ਪਹੁੰਚ ਗਿਆ। ਜ਼ਮੀਂਦਾਰਾਂ ਦੇ ਕਈ ਮੁੰਡੇ ਸਾਡੇ ਵਿਹੜੇ ਸ਼ਾਮ ਨੂੰ ਬੱਕਰੇ ਬੁਲਾਉਂਦੇ ਤੇ ਘਰਾਂ ਅੰਦਰ ਝਾਕਦੇ ਦਿਸੇ। ਕਈ ਤਲਖ-ਤਕਰਾਰ ਦੇ ਨਜ਼ਾਰੇ ਅੱਖਾਂ ਸਾਹਮਣੇ ਆਏ ਤੇ ਅਮੁੱਕ ਖਿਆਲ ਕਾਫਲਾ ਉਦੋਂ ਰੁਕਿਆ ਜਦੋਂ ਸਾਇਕਲ ਦੇ ਟਾਇਰ ਥੱਲੇ ਪੱਥਰ ਆਉਣ ਨਾਲ ਮੈਂ ਡਿਗਦਾ-ਡਿਗਦਾ ਬਚ ਗਿਆ।
ਵਾਪਸੀ ਵੇਲੇ ਸਾਈਕਲ ਗੀਤਾ ਦੇ ਹਵਾਲੇ ਕਰਨ ਦੀ ਬਜਾਇ ਮੈਂ ਦੁਪਹਿਰ ਤਕ ਸਿੱਧਾ ਆਪਣੇ ਕੁਆਟਰ ਪਹੁੰਚ ਗਿਆ। ਮਾਰ-ਖਾਧੇ ਕੁੱਤੇ ਵਾਂਗ ਮੈਂ ਅੰਦਰ ਹੀ ਅੰਦਰ ਚਊਂ-ਚਊਂ ਕਰਦਾ ਰਿਹਾ। ਮੈਨੂੰ ਲੱਗਿਆ ਜਿਵੇਂ ਕ੍ਰਿਸ਼ਨਾ ਵਾਂਗ ਮੈਂ ਵੀ ਆਪਣੇ ਮੁਲਕ ‘ਚ ਪਰਾਇਆ ਹੋਵਾਂ। ਮੇਰੇ ਚਿੱਤ ‘ਚ ਆਇਆ ਕਿ ਗੀਤਾ ਜਾਂ ਆਪਣੇ ਨਵੇਂ ਬਣੇ ਦੋਸਤ ਨਰਸੱਯਾ ਨੂੰ ਮਿਲ ਕੇ ਆਪਣਾ ਮਨ ਹੌਲ਼ਾ ਕਰਾਂ। ਤਾਕੀ ਥਾਣੀਂ ਦੇਖਦਿਆਂ; ਉਡ-ਉਡ ਆਉਂਦੇ-ਜਾਂਦੇ ਕਬੂਤਰਾਂ ਵਾਂਗ ਖਿਆਲ ਆਉਂਦੇ ਕਿ ਜੇ ਮਕਾਨ ਮਾਲਕ ਨੂੰ ਮੇਰੇ ਪਿਛੋਕੜ ਦਾ ਪਤਾ ਲੱਗ ਗਿਆ ਜਾਂ ਰਾਜੇਸ਼ਵਰ ਰਾਓ ਦੇ ਕਿਸੇ ਬੰਦੇ ਨੇ ਮੁਖਬਰੀ ਕਰ ਦਿੱਤੀ ਤਾਂ ਹੋ ਸਕਦਾ ਮੈਨੂੰ ਬੇਇੱਜ਼ਤ ਕਰ ਕੇ ਮੇਰਾ ਸਾਮਾਨ ਬਾਹਰ ਸੁਟਵਾ ਦੇਵੇ ਤੇ ਮੇਰਾ ਹਾਲ ਧੋਬੀ ਦੇ ਕੁੱਤੇ ਵਾਲਾ ਹੋਵੇ…ਮੇਰੀ ਹਾਲਤ ‘ਚੋਰ ਨੂੰ ਆਪਣਾ ਪਾਲਾ’ ਵਾਲੀ ਸੀ ਪਰ ਮੈਂ ਤਾਂ ਕੁਦਰਤ ਦਾ ਸਿਰਜਿਆ ਮਨੁੱਖ ਹਾਂ। ਕਿਸੇ ਵੀ ਇਲਾਕੇ ਜਾਂ ਕਿਸੇ ਵੀ ਖਾਨਦਾਨ ਵਿਚ ਕੋਈ ਪੈਦਾ ਹੋ ਸਕਦਾ ਹੈ! ਵਰਗੀਆਂ ਸੋਚਾਂ ਸੋਚਦਾ ਰਿਹਾ।
ਮੈਨੂੰ ਚੈਨ ਨਹੀਂ ਆ ਰਿਹਾ ਸੀ। ਬੈੱਡ ‘ਤੇ ਪਏ ਦੀਆਂ ਸੋਚਾਂ ਛੱਤ ਦੇ ਪੱਖੇ ਦੀ ਰਫਤਾਰ ਨਾਲ ਘੁੰਮ ਰਹੀਆਂ ਸਨ। ਮੈਂ ਕਦੀ ਕਮਰੇ ‘ਚ ਗੇੜੇ ਕੱਢਦਾ ਤੇ ਕਦੇ ਤਾਕੀ ਵਿਚੀਂ ਬਾਹਰ ਨੂੰ ਦੇਖਦਾ। ਅਖੀਰ, ਸ਼ਾਮ ਨੂੰ ਮੈਂ ਗੀਤਾ ਦੇ ਅਪਾਰਟਮੈਂਟ ਸਾਈਕਲ ‘ਤੇ ਸਵਾਰ ਹੋ ਕੇ ਚਲਾ ਗਿਆ ਪਰ ਸਿਰ ‘ਤੇ ਸੋਚਾਂ ਦੇ ਕਾਫਲੇ ਡਾਰਾਂ ਬੰਨ੍ਹ ਕੇ ਨਾਲ-ਨਾਲ ਸਫਰ ਕਰੀ ਜਾ ਰਹੇ ਸਨ। ਗਾਰਡ ਤੋਂ ਪਤਾ ਲੱਗਾ ਕਿ ਉਹ ਦੁਪਹਿਰ ਵੇਲੇ ਇੱਥੋਂ ਕਿਧਰੇ ਗਈ ਹੈ। ਉਹਦੇ ਹੱਥ ਕਪੜਿਆਂ ਭਰਿਆ ਬੈਗ ਸੀ। ਘੜੀ ਦੀਆਂ ਸੂਈਆਂ ਵਾਂਗ ਮਨ ‘ਚ ਸੋਚਾਂ ਲਗਾਤਾਰ ਗੇੜੇ ਕੱਢਣ ਲੱਗੀਆਂ! ਜੇ ਉਹ ਹਫਤਾ-ਦਸ ਦਿਨ ਆਪਣੇ ਸਾਥੀਆਂ ਨਾਲ ਪਿਕਨਿਕ ਜਾਂ ਕੰਪਨੀ ਦੇ ਕੰਮ ਟੂਰ ‘ਤੇ ਚਲੀ ਗਈ ਤਾਂ ਮੇਰੀ ਮਾਨਸਿਕ ਪਰੇਸ਼ਾਨੀ ਵਧ ਜਾਣੀ ਹੈ। ਹੁਣ ਮੈਨੂੰ ਆਪਣਾ ਲੱਗਣ ਤੇ ਸਮਝਣ ਵਾਲਾ ਕੋਈ ਨਹੀਂ। ਜੇ ਦੋ-ਚਾਰ ਛੁੱਟੀਆਂ ਲੈ ਵੀ ਲਵਾਂ ਤਾਂ ਫਿਰ ਉਸ ਤੋਂ ਬਾਅਦ? ਤੇ ਨਰਸੱਯਾ ਵੀ ਮੇਰਾ ਮਾਹਤੜ ਸਾਥੀ ਹੈ! ਅਜਿਹੀ ਘੁੰਮਣਘੇਰੀ ਵਿਚ ਮੇਰੇ ਦੋ-ਤਿੰਨ ਦਿਨ ਲੰਘ ਗਏ।
ਚਾਰ ਕੁ ਦਿਨਾਂ ਮਗਰੋਂ ਮੈਂ ਕਿਸੇ ਕੰਮ ਬਾਜ਼ਾਰ ਜਾ ਰਿਹਾ ਸੀ। ਟੂ ਵੇਅ ਸੜਕ ਉਤੇ ਟਰੈਫਿਕ ਨਾ ਦਿਸੀ। ਬੰਦੇ-ਪਰਿੰਦੇ ਵੀ ਟਾਵੇਂ-ਟਾਵੇਂ ਸਨ। ਮੈਂ ਸੋਚਿਆ, ਕਿਸੇ ਮੰਤਰੀ-ਸੰਤਰੀ ਨੇ ਲੰਘਣਾ ਹੋਵੇਗਾ। ਹੋਰ ਅੱਗੇ ਗਿਆ ਤਾਂ ਮੇਰੇ ਸਾਹਮਣੇ ਤੋਂ ਨੌਜਵਾਨਾਂ, ਬੰਦਿਆਂ, ਬੁੜ੍ਹੀਆਂ, ਬੱਚਿਆਂ, ਬਜ਼ੁਰਗਾਂ ਦਾ ਠਾਠਾਂ ਮਾਰਦਾ ਹੜ੍ਹ ਆ ਰਿਹਾ ਸੀ ਜਿਹੜਾ ਚਾਰਮੀਨਾਰ ਚੁਰਾਹੇ ਵਿਚ ਲੱਗੀ ਸਟੇਜ ਕੋਲ਼ ਰੁਕ ਗਿਆ। ਇਸ ਵਿਚਾਲੇ ਮੈਂ ਲਾਊਡ ਸਪੀਕਰ ਵਿਚੋਂ ਧੜੱਲੇਦਾਰ ਆਵਾਜ਼ ਸੁਣੀ, ‘ਸਰਕਾਰ ਸਾਡੇ ਪੇਸ਼ੇ ਦੇ ਲੋਕਾਂ ਨੂੰ ਸ਼ਨਾਖਤੀ ਕਾਰਡ, ਕੋਠਾ ਪਾਉਣ ਲਈ ਥਾਂ ਤੇ ਖੇਤੀਬਾੜੀ ਲਈ ਘੱਟੋ-ਘੱਟ ਤਿੰਨ ਏਕੜ ਜ਼ਮੀਨ ਹਰੇਕ ਪਰਿਵਾਰ ਨੂੰ ਅਲਾਟ ਕਰੇ, ਪੈਨਸ਼ਨ ਲਾਵੇ ਤੇ ਬੰਧੂਆ ਮਜ਼ਦੂਰੀ ਖਤਮ ਕਰੇ। ਜੇ ਮਿਥੀ ਮਿਤੀ ਤਕ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ ਤੁਹਾਡੀਆਂ ਕਬਰਾਂ ਪੁੱਟਣਾ ਤੇ ਲਾਸ਼ਾਂ ਦਫਨਾਉਣਾ ਬੰਦ ਕਰ ਦਿਆਂਗੇ।’
ਇਕ ਹੋਰ ਬੁਲਾਰੇ ਦੀ ਨਾਅਰੇ ਵਰਗੀ ਆਵਾਜ਼ ਸੁਣੀ, ‘ਸਾਡੇ ਨਾਲ ਨਫਰਤ ਕਰਨੀ ਬੰਦ ਕਰੋ। ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਓਨਾ ਚਿਰ ਚੈਨ ਨਾਲ ਨਹੀਂ ਬੈਠਾਂਗੇ!’
ਆਪਣੀ ਤੇਜ਼ ਚਾਲ ਦੇ ਨਤੀਜਨ ਮੈਂ ਸਟੇਜ ਤੋਂ ਥੋੜ੍ਹਾ ਹਟਵਾਂ ਜਾ ਖੜ੍ਹਾ ਹੋਇਆ। ਇਹੋ ਜਿਹੇ ਜਲਸੇ-ਜਲੂਸ ਦੇਖਣਾ ਤੇ ਸੁਣਨਾ ਮੇਰੀ ਪੁਰਾਣੀ ਆਦਤ ਦਾ ਹਿੱਸਾ ਹੈ; ਭਾਵੇਂ ਮੇਰਾ ਭਾਪਾ ਮੈਨੂੰ ਵਰਜਦਾ ਹੁੰਦਾ ਸੀ ਤੇ ਕਹਿੰਦਾ ਸੀ ਕਿ ਆਪਣੇ ਕੰਮ ਨਾਲ ਕੰਮ ਰੱਖਿਆ ਕਰ! ਖੈਰ, ਹੁਣ ਮੈਨੂੰ ਸਾਫ ਦਿਸ ਤੇ ਸੁਣ ਰਿਹਾ ਸੀ। ਸਟੇਜ ਚਲਾ ਰਹੇ ਸੱਜਣ ਨੇ ਕਿਹਾ, ‘ਸਾਥੀਓ, ਹੁਣ ਮੈਂ ਬਾਲ ਕ੍ਰਿਸ਼ਨਾ ਬੇਗਾਰੀ ਨੂੰ ਦਰਖਾਸਤ ਕਰਦਾਂ ਕਿ ਉਹ ਸਟੇਜ ‘ਤੇ ਆਵੇ ਜਿਸ ਦੀਆਂ ਲੱਤਾਂ-ਬਾਹਾਂ ਪਿਛਲੇ ਦਿਨੀਂ ਵਰਣ-ਧਰਮ ਦੇ ਰਖਵਾਲਿਆਂ ਨੇ ਤੋੜੀਆਂ ਸਨ। ਕ੍ਰਿਸ਼ਨਾ ਦਾ ਕਸੂਰ ਇਹ ਸੀ ਕਿ ਉਹ ਜ਼ਮੀਂਦਾਰਾਂ ਤੇ ਉਚ-ਜਾਤੀ ਦੇ ਮੁਹੱਲੇ ਮੋਹਰਿਓਂ ਦੀ ਸਾਈਕਲ ਤੋਂ ਉਤਰ ਕੇ ਤੇ ਜੁੱਤੀ ਲਾਹ ਕੇ ਨਹੀਂ ਲੰਘਦਾ ਸੀ।’
ਅਸਮਾਨ ਗੂੰਜਵੇਂ ਨਾਅਰਿਆਂ ਦੌਰਾਨ ਕ੍ਰਿਸ਼ਨਾ ਜਦੋਂ ਕਿਸੇ ਦੇ ਸਹਾਰੇ ਸਟੇਜ ‘ਤੇ ਚੜ੍ਹਿਆ ਤਾਂ ਮੈਂ ਪੱਬਾਂ ਭਾਰ ਹੋ-ਹੋ ਮੂੰਹ ਉਤਾਂਹ ਨੂੰ ਕੀਤਾ ਕਿ ਉਹ ਮੈਨੂੰ ਦੇਖ ਲਵੇ ਜਿਵੇਂ ਮੈਂ ਨਿਆਣਾ ਹੁੰਦਾ ਹੋਰ ਨਿਆਣਿਆਂ ਨਾਲ ਪਿੰਡ ਦੀ ਫਿਰਨੀ ਉਤੇ ਹਿਮਾਲੀਆ ਪਰਬਤ ਨੂੰ ਅੱਡੀਆਂ ਚੁੱਕ-ਚੁੱਕ ਦੇਖਦਾ ਹੁੰਦਾ ਸੀ।
ਏਨੇ ਨੂੰ ਗੀਤਾ ਰੈਡੀ ਫੁਰਤੀ ਨਾਲ ਕ੍ਰਿਸ਼ਨਾ ਕੋਲ ਆ ਖੜ੍ਹੀ ਹੋਈ। ਫਿਰ ਮਾਈਕ ਵਿਚ ਬੋਲਣ ਲੱਗੀ, ‘ਸਾਥੀਓ, ਧਰਮ ਜ਼ਰੀਏ ਫੈਲਾਈ ਜਾਂਦੀ ਗ਼ੁਲਾਮਗਿਰੀ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਹੈ। ਇੱਕੀਵੀਂ ਸਦੀ ‘ਚ ਰੰਗ, ਨਸਲ, ਜਾਤਪਾਤ ਤੇ ਛੂਤ-ਛਾਤ ਮੁਲਕ ਲਈ ਲਾਅਣਤ ਆ। ਸਮਾਜ ਤੇ ਦੇਸ਼ ਦੀ ਤਰੱਕੀ ਲਈ ਇਸ ਤੋਂ ਛੁਟਕਾਰਾ ਜ਼ਰੂਰੀ ਆ।…ਦੋਸਤੋ ਤੁਹਾਨੂੰ ਪਤਾ ਹੋਵੇਗਾ ਕਿ ਜਦੋਂ ਰਾਕਟ ਨੇ ਧਰਤੀ ਦੀ ਗਰੂਤਾ ਵਿਚੋਂ ਨਿਕਲਣਾ ਹੁੰਦਾ, ਆਪਣੇ ਪੰਧ ‘ਤੇ ਪੈਣਾ ਹੁੰਦਾ ਤਾਂ ਉਹ ਹੋਰ ਉਚ ਰਫਤਾਰ ਨਾਲ ਉਪਰ ਜਾਣ ਲਈ ਆਪਣੇ ਨਾਲੋਂ ਕਈ ਪੁਰਜ਼ੇ ਲਾਹ ਸੁੱਟਦਾ, ਵਗਾਹ ਮਾਰਦਾ। ਸੋ, ਰੰਗਾਂ, ਜਾਤਾਂ ਦੇ ਕਲੰਕ ਨੂੰ ਵਗਾਹ ਮਾਰੋ, ਜਿਵੇਂ ਸਾਡੇ ਹਿੰਮਤੀ ਤੇ ਦਲੇਰ ਸਾਥੀ ਕ੍ਰਿਸ਼ਨਾ ਨੇ ਰਾਹ ਦਿਖਾਉਣ ਦੀ ਕੋਸ਼ਿਸ਼ ਕੀਤੀ ਆ।’
ਇੰਝ ਕਹਿ ਕੇ ਗੀਤਾ ਨੇ ਕ੍ਰਿਸ਼ਨਾ ਬੇਗਾਰੀ ਦਾ ਹੱਥ ਫੜ ਲਿਆ! ਫਿਰ ਕ੍ਰਿਸ਼ਨਾ ਨੇ ਮੁਸਕਰਾ ਕੇ ਆਪਣੀ ਖੱਬੀ ਬਾਂਹ ਤੇ ਹੱਥ ਦੀ ਮੁੱਠ ਹਵਾ ‘ਚ ਉਲਾਰੀ ਜਿਸ ਨੂੰ ਗੀਤਾ ਨੇ ਸਹਾਰਾ ਦਿੱਤਾ ਹੋਇਆ ਸੀ। ਜਲਸੇ ‘ਚ ਹਾਜ਼ਰ ਲੋਕਾਂ ਨੇ ਨਾਅਰਿਆਂ ਨਾਲ ਅਸਮਾਨ ਗੁੰਜਾ ਦਿੱਤਾ। ਮੇਰੀ ਸੱਜੀ ਬਾਂਹ ਆਪ-ਮੁਹਾਰੇ ਹਵਾ ਵਿਚ ਹੋਰ ਉਚੀ ਹੋ ਗਈ।
ਮੇਰੇ ਕੋਲ਼ਲਖੜ੍ਹੇ ਕਈ ਜਣੇ ਗੱਲਾਂ ਕਰਨ ਲੱਗੇ, ‘ਕ੍ਰਿਸ਼ਨਾ ਤੇ ਗੀਤਾ ਨੇ ਸਮਾਜ ਸਾਹਮਣੇ ਬੇਮਿਸਾਲ ਮਿਸਾਲ ਕਾਇਮ ਕਰ ਦਿੱਤੀ ਹੈ।’