ਭਾਰਤੀ ਹਾਕੀ ਟੀਮ ਦਾ ਸਾਬਕਾ ਗੋਲਕੀਪਰ ਤੇ ਕੋਚ-ਮੀਰ ਰੰਜਨ ਨੇਗੀ

ਮੰਗਤ ਗਰਗ
ਮੀਰ ਰੰਜਨ ਨੇਗੀ ਨੂੰ ਮੈਂ ਕਾਫੀ ਅਰਸੇ ਤੋਂ ਜਾਣਦਾਂ ਹਾਂ। ਇਨ੍ਹਾਂ ਨਾਲ ਮੇਰੀ ਜਾਣ-ਪਛਾਣ ਮੇਰੇ ਪਰਮ ਮਿੱਤਰ ਫਿਲਮ ਅਭਿਨੇਤਾ ਗੁਰਮੀਤ ਮਿੱਤਵਾ ਕਰਕੇ ਹੋਈ। ਉਹ ਇੱਕ ਫੀਲਡ ਹਾਕੀ ਖਿਡਾਰੀ ਅਤੇ ਭਾਰਤ ਰਾਸ਼ਟਰੀ ਫੀਲਡ ਹਾਕੀ ਟੀਮ ਦਾ ਸਾਬਕਾ ਗੋਲਕੀਪਰ ਹੈ। ਇੱਕ ਵਾਰੀ ਮੀਰ ਰੰਜਨ ਨੇਗੀ ਨਾਲ ਸਾਲ 1982 `ਚ ਪਾਕਿਸਤਾਨ ਖਿਲਾਫ ਏਸ਼ੀਅਨ ਕੱਪ ਬਾਰੇ ਵਿਸਥਾਰ ਨਾਲ ਗੱਲ ਹੋਈ, ਜਿਸ ਵਿਚ ਪਾਕਿਸਤਾਨ ਖਿਲਾਫ ਏਸ਼ੀਅਨ ਖੇਡਾਂ ਦੇ ਫਾਈਨਲ `ਚ 7 ਗੋਲ ਹੋਣ ਕਾਰਨ ਉਨ੍ਹਾਂ (ਨੇਗੀ) ਦੀ ਜਿ਼ੰਦਗੀ ਦਾ ਸਭ ਤੋਂ ਵੱਡਾ ਕਾਲਾ ਦਿਨ ਸੀ।

ਉਨ੍ਹਾਂ ਨੇ ਦੱਸਿਆ ਕਿ ਇਸ ਵਿਚ ਮੇਰਾ ਰੱਤੀ ਭਰ ਵੀ ਕੋਈ ਕਸੂਰ ਨਹੀਂ ਸੀ। ਮੈਨੂੰ ਗੱਦਾਰ ਘੋਸਿ਼ਤ ਕੀਤਾ ਗਿਆ। ਉਸ ਦੇ ਜੱਦੀ ਸ਼ਹਿਰ ਇੰਦੌਰ ਵਿਚ ਉਸ ਦੇ ਘਰ ਦੀਆਂ ਬਾਰੀਆਂ ਦੇ ਸ਼ੀਸ਼ੇ ਤੋੜ ਦਿੱਤੇ। ਘਰ ਦੀਆਂ ਕੰਧਾਂ `ਤੇ ਗੱਦਾਰ ਲਿਖਿਆ ਗਿਆ। ਆਪਣੀ ਪਤਨੀ ਨਾਲ ਮੁੰਬਈ ਦੇ ਇਕ ਰੈਸਟੋਰੈਂਟ ਵਿਚ ਖਾਣਾ ਖਾਣ ਗਿਆ ਤਾਂ ਉਥੋਂ ਦੇ ਮਾਲਕਾਂ ਨੂੰ ਪਤਾ ਲੱਗਿਆ ਕਿ ਇਹ ਓਹੀ ਮੀਰ ਰੰਜਨ ਨੇਗੀ ਹੈ, ਜਿਸ ਦੇ ਕਾਰਨ ਇੰਡੀਆ ਹਾਰ ਗਿਆ, ਤਾਂ ਰੈਸਟੋਰੈਂਟ ਅੰਦਰ ਦਾਖਲ ਹੋਣ ਤੋਂ ਸਾਫ ਮਨ੍ਹਾਂ ਕਰ ਦਿੱਤਾ। ਨੇਗੀ ਅਨੁਸਾਰ ਉਸ ਨੇ ਬਹੁਤ ਨਾਮੋਸ਼ੀ ਭਰੇ ਦਿਨ ਗੁਜ਼ਾਰੇ ਅਤੇ ਲੋਕਾਂ ਦੇ ਫਿਕਰੇ ਸਹੇ, ਪਰ ਹਿੰਮਤ ਨਹੀਂ ਹਾਰੀ ਆਪਣੇ ਮੱਥੇ ਉਤੇ ਲੱਗੇ ਕਲੰਕ ਨੂੰ 16 ਸਾਲ ਬਾਅਦ ਧੋਤਾ ਤੇ ਸਾਬਤ ਕੀਤਾ ਕਿ ਮੈਂ ਗੱਦਾਰ ਨਹੀਂ ਹਾਂ।
ਦੁਨੀਆਂ ਦੇ ਬਿਹਤਰੀਨ ਗੋਲਕੀਪਰਾਂ ‘ਚੋਂ ਮੀਰ ਰੰਜਨ ਨੇਗੀ ਇਕ ਸੀ। ਸਾਲ 1982 ‘ਚ ਪਾਕਿਸਤਾਨ ਖਿਲਾਫ ਏਸ਼ੀਅਨ ਖੇਡਾਂ ਦੇ ਫਾਈਨਲ ‘ਚ 7 ਗੋਲ ਹੋਣ ਕਾਰਨ ਉਸ ਦੀ ਕਾਫੀ ਆਲੋਚਨਾ ਹੋਈ ਸੀ। 16 ਸਾਲ ਬਾਅਦ ਉਸ ਨੂੰ ਮਹਿਲਾ ਹਾਕੀ ਟੀਮ ਦੇ ਕੋਚ ਦੇ ਰੂਪ ‘ਚ ਮੈਦਾਨ ‘ਚ ਵਾਪਸੀ ਕੀਤੀ ਸੀ, ਉਸ ਦੀ ਅਗਵਾਈ ‘ਚ ਮਹਿਲਾ ਟੀਮ ਨੇ ਸਾਲ 1998 ਦੇ ਏਸ਼ੀਅਨ ਖੇਡ ‘ਚ ਗੋਲਡ ਮੈਡਲ ਜਿੱਤਿਆ ਸੀ। ਨੇਗੀ ਦੇ ਜੀਵਨ ਦੀ ਇਸ ਘਟਨਾ ਨਾਲ ਪ੍ਰਭਾਵਿਤ ਕਿਰਦਾਰ ਫਿਲਮ ‘ਚੱਕ ਦੇ ਇੰਡੀਆ’ ‘ਚ ਦਿਖਾਇਆ ਗਿਆ ਸੀ। ਸ਼ਾਹਰੁਖ ਖਾਨ ਨੇ ਨੇਗੀ ਦੇ ਕਿਰਦਾਰ ਨੂੰ ਬਾਖੂਬੀ ਨਿਭਾਇਆ ਸੀ।
ਬਲਬੀਰ ਸਿੰਘ ਸੀਨੀਅਰ ਭਾਰਤੀ ਹਾਕੀ ਟੀਮ ਦਾ ਮੈਨੇਜਰ ਤੇ ਮੁੱਖ ਕੋਚ ਸੀ ਤੇ ਬਲਬੀਰ ਸਿੰਘ ਜੂਨੀਅਰ ਉਸ ਦਾ ਸਹਾਇਕ ਸੀ। ਬਲਬੀਰ ਸਿੰਘ ਹੋਰੀਂ ਮੀਡੀਏ ਨੂੰ ਕਹਿ ਚੁਕੇ ਸਨ ਕਿ ਐਤਕੀਂ ਗੋਲਡ ਮੈਡਲ ਸਾਡਾ ਹੈ।
ਉੱਦਣ ਨੈਸ਼ਨਲ ਸਟੇਡੀਅਮ ਦੇ ਦਰਾਂ ਮੂਹਰੇ ਧੱਕਾ ਪੈ ਰਿਹਾ ਸੀ। ਟਿਕਟਾਂ ਦੀ ਬਲੈਕ ਜ਼ੋਰਾਂ ਉਤੇ ਸੀ। ਜਿਹੜੇ ਅੰਦਰ ਨਹੀਂ ਸਨ ਜਾ ਸਕੇ, ਉਹ ਟੀ. ਵੀ. ਮੂਹਰੇ ਜਾ ਬੈਠੇ ਸਨ। ਭਾਰਤ ਵਾਸੀਆਂ ਨੂੰ ਆਪਣੇ ਦੇਸ਼ ਵਿਚ ਹੋ ਰਿਹਾ ਹਾਕੀ ਦਾ ਫਾਈਨਲ ਮੈਚ ਜਿੱਤ ਲੈਣ ਦੀ ਪੂਰੀ ਆਸ ਸੀ। ਲੱਖਾਂ ਰੁਪਿਆਂ ਦੀਆਂ ਸ਼ਰਤਾਂ ਲੱਗੀਆਂ ਹੋਈਆਂ ਸਨ। ਭਾਰਤੀ ਟੀਮ ਨੇ ਪੰਜ ਮੈਚਾਂ ਵਿਚ ਚੁਤਾਲੀ ਗੋਲ ਕੀਤੇ ਸਨ ਤੇ ਉਹਦੇ ਉਲਟ ਸਿਰਫ ਤਿੰਨ ਗੋਲ ਹੋਏ ਸਨ। ਪਾਕਿਸਤਾਨੀ ਵੀ ਉਡਣੇ ਸੱਪ ਸਨ। ਉਨ੍ਹਾਂ ਨੇ ਚਾਰ ਮੈਚਾਂ ਵਿਚ ਤੀਹ ਗੋਲ ਕਰ ਕੇ ਆਪਣੇ ਸਿਰ ਇਕੋ ਗੋਲ ਹੋਣ ਦਿੱਤਾ ਸੀ।
ਮੈਚ ਸ਼ੁਰੂ ਹੋਣ ਤੋਂ ਇੱਕ ਘੰਟਾ ਪਹਿਲਾਂ ਹੀ ਸਾਰਾ ਸਟੇਡੀਅਮ ਕੰਢਿਆਂ ਤਕ ਭਰ ਗਿਆ ਸੀ। ਉੱਦਣ ਸੁਰੱਖਿਆ ਪ੍ਰਬੰਧ ਏਨੇ ਕਰੜੇ ਸਨ ਕਿ ਗਾਰਡਾਂ ਨੇ ਪੱਤਰ ਪ੍ਰੇਰਕਾਂ ਦੀਆਂ ਫਾਈਲਾਂ ਵੀ ਤਿੰਨ ਤਿੰਨ ਥਾਂਈਂ ਫੋਲੀਆਂ। ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ, ਉਪ ਰਾਸ਼ਟਰਪਤੀ ਮੁਹੰਮਦ ਹਦਾਇਤੁੱਲਾ, ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਸਪੀਕਰ ਬਲਰਾਮ ਜਾਖੜ ਸਮੇਤ ਅਨੇਕਾਂ ਮੰਤਰੀ ਤੇ ਮੋਹਤਬਰ ਸੱਜਣ ਵਿਸ਼ੇਸ਼ ਵਿਅਕਤੀਆਂ ਵਾਲੀਆਂ ਸੀਟਾਂ ‘ਤੇ ਬਿਰਾਜਮਾਨ ਸਨ। ਅਦਾਕਾਰ ਅਮਿਤਾਭ ਬੱਚਨ ਦਰਸ਼ਕਾਂ ਦਾ ਧਿਆਨ ਬਦੋਬਦੀ ਖਿੱਚ ਰਿਹਾ ਸੀ। ਹਰਿਆਣੇ ਦਾ ਮੁੱਖ ਮੰਤਰੀ ਭਜਨ ਲਾਲ ਵੀ ਬੈਠਾ ਹੋਇਆ ਸੀ।
ਮੈਚ ਸ਼ੁਰੂ ਹੋਇਆ ਤਾਂ ਪੌੜੀਆਂ ਤਿਰੰਗੇ ਝੰਡੇ ਤੇ ਝੰਡੀਆਂ ਨਾਲ ਰੰਗੀਆਂ ਪਈਆਂ ਸਨ। ਸਟੈਡਾਂ ਉਤੇ ਦਰਸ਼ਕਾਂ ਦੀ ਹੱਲਾਸ਼ੇਰੀ ਤੇ ਬੱਲੇ ਬੱਲੇ ਦਾ ਏਨਾ ਸ਼ੋਰ ਸੀ, ਜਿਵੇਂ ਸਟੇਡੀਅਮ ‘ਚ ਭੁਚਾਲ ਆ ਗਿਆ ਹੋਵੇ। ਜਦੋਂ ਭਾਰਤੀ ਖਿਡਾਰੀ ਗੇਂਦ ਲੈ ਕੇ ਪਾਕਿਸਤਾਨ ਦੀ ਡੀ ਵੱਲ ਵੱਧਦੇ ਤਾਂ ਝੰਡੀਆਂ ਉੱਚੀਆਂ ਹੋ ਜਾਂਦੀਆਂ ਤੇ ਸ਼ੋਰ ਦੀਆਂ ਲਹਿਰਾਂ ਅੰਬਰੀਂ ਜਾ ਚੜ੍ਹਦੀਆਂ। ਸ਼ੁਰੂ ਵਿਚ ਭਾਰਤੀ ਟੀਮ ਖੇਡੀ ਵੀ ਬਹੁਤ ਚੜ੍ਹ ਕੇ। ਜਦੋਂ ਚੌਥੇ ਹੀ ਮਿੰਟ ‘ਚ ਭਾਰਤੀ ਟੀਮ ਦੇ ਕਪਤਾਨ ਜ਼ਫਰ ਇਕਬਾਲ ਨੇ ਗੋਲ ਕੀਤਾ ਤਾਂ ਹਜ਼ਾਰਾਂ ਕਿਲਕਾਰੀਆਂ ਗੂੰਜੀਆਂ। ਇਥੋਂ ਤਕ ਕਿ ਕਈ ਦਰਸ਼ਕ ਖੁਸ਼ੀ ਵਿਚ ਇੱਕ-ਦੂਜੇ ਉਤੇ ਡਿੱਗੇ। ਭਾਰਤੀ ਟੀਮ ਦੀ ਚੜ੍ਹਤ ਸੋਲਾਂ ਮਿੰਟ ਤਕ ਬਰਕਰਾਰ ਰਹੀ। ਜਿੰਨੀ ਹੱਲਾਸ਼ੇਰੀ ਉਹਨੂੰ ਦਰਸ਼ਕਾਂ ਵੱਲੋਂ ਮਿਲੀ, ਘੱਟ ਹੀ ਕਿਸੇ ਟੀਮ ਨੂੰ ਮਿਲੀ ਹੋਵੇਗੀ।
ਸਤਾਰਵੇਂ ਮਿੰਟ ‘ਚ ਕਲੀਮਉੱਲਾ ਨੇ ਅਚਾਨਕ ਹੀ ਗੋਲ ਲਾਹਿਆ ਤਾਂ ਪੌੜੀਆਂ ਉਤਲਾ ਸ਼ੋਰ-ਓ-ਗੁਲ ਇੱਕ ਦਮ ਸੌਂ ਗਿਆ ਤੇ ਭਾਰਤੀ ਟੀਮ ਦੀ ਜਿਵੇਂ ਫੂਕ ਈ ਨਿਕਲ ਗਈ। ਉਨੀਵੇਂ ਮਿੰਟ ‘ਚ ਪਾਕਿਸਤਾਨ ਦੀ ਟੀਮ ਨੇ ਇੱਕ ਹੋਰ ਗੋਲ ਕੀਤਾ ਤਾਂ ਜਾਣੋ ਦਰਸ਼ਕ ਉਕਾ ਹੀ ਮਸੋਸੇ ਗਏ।
ਜਿਵੇਂ ਜਿਵੇਂ ਮੈਚ ਅੱਗੇ ਵਧਿਆ, ਪਾਕਿਸਤਾਨੀ ਖਿਡਾਰੀ ਹੋਰ ਚੜ੍ਹਦੇ ਗਏ। ਭਾਰਤ ਦਾ ਗੋਲਕੀਪਰ ਮੀਰ ਰੰਜਨ ਨੇਗੀ ਅੱਗੇ ਵਧ ਕੇ ਗੇਂਦ ਰੋਕਣ ਦੀ ਕੋਸ਼ਿਸ਼ ਕਰਦਾ, ਪਰ ਡਾਜ ਖਾ ਜਾਂਦਾ ਤੇ ਗੋਲ ਕਰਾ ਬਹਿੰਦਾ। ਪਾਕਿਸਤਾਨੀ ਟੀਮ ਨੇ ਉਤੋੜਿਤੀ ਸੱਤ ਗੋਲ ਕੀਤੇ ਤੇ ਭਾਰਤੀ ਟੀਮ ਨੂੰ ਉਹਦੇ ਹੀ ਘਰ ਉਹਦੇ ਹਮਾਇਤੀਆਂ ਦੇ ਸਾਹਮਣੇ ਏਨੀ ਨਮੋਸ਼ੀ ਭਰੀ ਹਾਰ ਦਿੱਤੀ ਕਿ ਭਾਰਤੀ ਖਿਡਾਰੀਆਂ ਦੇ ਆਉਸਾਨ ਹੀ ਮਾਰੇ ਗਏ। ਗੋਲਕੀਪਰ ਨੇਗੀ ਨੂੰ ਦਰਸ਼ਕਾਂ ਦੇ ਤਾਅਨੇ-ਮਿਹਣੇ ਸੁਣਨੇ ਪਏ ਤੇ ਭਾਰਤੀ ਖਿਡਾਰੀ ਚੋਰਾਂ ਵਾਂਗ ਸਟੇਡੀਅਮ ‘ਚੋਂ ਅਲੋਪ ਹੋਏ। ਮੁੱਖ ਕੋਚ ਬਲਬੀਰ ਸਿੰਘ ਕਿੰਨੀ ਹੀ ਦੇਰ ਡੌਰ ਭੌਰਾ ਬੈਂਚ ਉਤੇ ਬੈਠਾ ਰਿਹਾ ਜਿਵੇਂ ਖੌਫਨਾਕ ਸੁਫਨਾ ਵੇਖਿਆ ਹੋਵੇ। ਦੂਜੇ ਪਾਸੇ ਪਾਕਿਸਤਾਨੀ ਖਿਡਾਰੀ ਜਿੱਤ ਦੇ ਜਸ਼ਨ ਮਨਾਉਂਦੇ ਮੈਦਾਨ ਵਿਚ ਮੇਲ੍ਹਦੇ ਤੇ ਮੁਸਕਣੀਆਂ ਵੰਡਦੇ ਫਿਰੇ।
ਇਸ ਤੱਥ ਦਾ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਪਾਕਿਸਤਾਨ ਦੀ ਜਿਹੜੀ ਟੀਮ ਦਿੱਲੀ ਦੇ ਨੈਸ਼ਨਲ ਸਟੇਡੀਅਮ ਵਿਚ ਭਾਰਤੀ ਟੀਮ ਨੂੰ 7-1 ਗੋਲਾਂ ਦੇ ਵੱਡੇ ਫਰਕ ਨਾਲ ਹਰਾ ਗਈ ਸੀ, ਉਹ ਕੁਝ ਹੀ ਦਿਨਾਂ ਮਗਰੋਂ ਆਸਟ੍ਰੇਲੀਆ ਦੇ ਇੱਕ ਕੌਮਾਂਤਰੀ ਟੂਰਨਾਮੈਂਟ ਵਿਚ ਭਾਰਤ ਦੀ ਟੀਮ ਹੱਥੋਂ ਹਾਰ ਗਈ ਸੀ; ਪਰ ਜੋ ਕਲੰਕ ਭਾਰਤੀ ਟੀਮ ਨੇ ਏਸ਼ਿਆਈ ਖੇਡਾਂ ਵਿਚ ਖੱਟਿਆ ਸੀ, ਉਹ ਧੋਤਾ ਨਾ ਜਾ ਸਕਿਆ। ਗੋਲਕੀਪਰ ਮੀਰ ਰੰਜਨ ਨੇਗੀ ਦੇ ਸ਼ਹਿਰ ਇੰਦੌਰ ਤੇ ਮੁੰਬਈ ਵਿਚ ਵੀ ਉਸ ਦੀ ਬੇਇੱਜ਼ਤੀ ਕੀਤੀ ਗਈ। ਕਈਆਂ ਨੇ ਤਾਂ ਇਥੋਂ ਤਕ ਦੋਸ਼ ਲਾ ਦਿੱਤੇ ਕਿ ਉਸ ਨੇ ਗੋਲ ਕਰਾਉਣ ਦੇ ਪਾਕਿਸਤਾਨੀਆਂ ਤੋਂ ਪੈਸੇ ਲਏ ਸਨ। ਨੇਗੀ ਆਪਣੀ ਖੇਡ ਹੱਥੋਂ ਪਹਿਲਾਂ ਹੀ ਪ੍ਰੇਸ਼ਾਨ ਸੀ। ਅਜਿਹੇ ਦੋਸ਼ ਸੁਣ ਕੇ ਉਹਦੀ ਜੋ ਹਾਲਤ ਹੋਈ ਹੋਵੇਗੀ, ਉਹਦਾ ਦੁੱਖ ਉਹੀ ਜਾਣਦਾ ਸੀ।
ਨੇਗੀ ਚਾਹੁੰਦਾ ਸੀ ਕਿ ਉਹ ਆਪਣੇ ਉਤੇ ਲੱਗਾ ਕਲੰਕ ਕਿਸੇ ਤਰ੍ਹਾਂ ਧੋ ਸਕੇ। ਆਖਰ ਇਹ ਬਿਧ 1998 ਦੀਆਂ ਏਸ਼ਿਆਈ ਖੇਡਾਂ ਸਮੇਂ ਬਣੀ। ਉਹ ਭਾਰਤੀ ਹਾਕੀ ਟੀਮ ਦਾ ਕੋਚ ਬਣਿਆ ਤੇ ਭਾਰਤੀ ਟੀਮ ਨੇ ਪਾਕਿਸਤਾਨ ਦੀ ਟੀਮ ਨੂੰ ਹਰਾ ਕੇ ਹਾਕੀ ਦਾ ਗੋਲਡ ਮੈਡਲ ਜਿੱਤ ਲਿਆ। ਨੇਗੀ ਉਤੇ ਦੇਸ਼ ਦੀ ਹਾਕੀ ਟੀਮ ਨਾਲ ਗੱਦਾਰੀ ਕਰਨ ਦੀਆਂ ਜੋ ਤੋਹਮਤਾਂ ਲਾਈਆਂ ਗਈਆਂ ਸਨ, ਉਸ ਦਾ ਜਵਾਬ ਉਸ ਨੇ ਦੇਸ਼ ਦੀ ਹਾਕੀ ਟੀਮ ਨੂੰ ਜਿਤਾ ਕੇ ਦਿੱਤਾ। ਫਿਲਮ ‘ਚੱਕ ਦੇ ਇੰਡੀਆ’ ਦੀ ਕਹਾਣੀ ਵੀ ਇਹੋ ਹੈ। ਫਿਲਮ ਦਾ ਹੀਰੋ ਸ਼ਾਹਰੁਖ ਖਾਨ ਵੀ ਭਾਰਤੀ ਟੀਮ ਦਾ ਗੋਲਚੀ ਬਣ ਕੇ ਗੋਲ ਕਰਵਾ ਬੈਠਦਾ ਹੈ। ਉਹਦੇ ਉਤੇ ਊਜਾਂ ਲੱਗਦੀਆਂ ਹਨ। ਫਿਰ ਉਹ ਭਾਰਤੀ ਕੁੜੀਆਂ ਦੀ ਹਾਕੀ ਟੀਮ ਦਾ ਕੋਚ ਬਣ ਕੇ ਟੀਮ ਨੂੰ ਵਰਲਡ ਕੱਪ ਜਿਤਾਉਂਦਾ ਹੋਇਆ ਉਨ੍ਹਾਂ ਊਜਾਂ ਦਾ ਜਵਾਬ ਦਿੰਦਾ ਹੈ। ਉਸ ਨੂੰ ਗੱਦਾਰ ਕਹਿਣ ਵਾਲੇ ਸਮਝ ਜਾਂਦੇ ਹਨ ਕਿ ਉਹ ਦੇਸ਼ ਦਾ ਗੱਦਾਰ ਨਹੀਂ, ਸਗੋਂ ਅਸਲੀ ਦੇਸ਼ ਭਗਤ ਹੈ।
ਫਿਲਮ ‘ਚੱਕ ਦੇ ਇੰਡੀਆ’ ਨੇ ਭਾਰਤੀ ਲੋਕਾਂ ਦੇ ਕੌਮੀ ਜਜ਼ਬੇ ਨੂੰ ਜਿੰਨਾ ਉਭਾਰਿਆ, ਉਹਦਾ ਹਾਂ ਪੱਖੀ ਨਤੀਜਾ ਨਿਕਲਿਆ।
ਮੀਰ ਰੰਜਨ ਨੇਗੀ ਇੱਕ ਫੀਲਡ ਹਾਕੀ ਖਿਡਾਰੀ ਅਤੇ ਭਾਰਤ ਰਾਸ਼ਟਰੀ ਫੀਲਡ ਹਾਕੀ ਟੀਮ ਦਾ ਸਾਬਕਾ ਗੋਲਕੀਪਰ ਹੈ। ਉਹ 2007 ਦੀ ਹਿੱਟ ਫਿਲਮ ‘ਚੱਕ ਦੇ ਇੰਡੀਆ’ ਦੇ ਵਿਕਾਸ ਵਿਚ ਸ਼ਾਮਲ ਸੀ। ਉਸ ਦੇ ਪੁਰਖਿਆਂ ਦਾ ਸਬੰਧ ਜਿਲਾ ਅਲਮੋੜਾ, ਉਤਰਾਖੰਡ ਨਾਲ ਸੀ। ਜਨਮ 1958 ਵਿਚ ਪਿਤਾ ਪੂਰਨ ਸਿੰਘ ਨੇਗੀ ਤੇ ਮਾਤਾ ਸਰਸਵਤੀ ਨੇਗੀ ਦੇ ਘਰ ਜੱਬਲਪੁਰ (ਮੱਧ ਪ੍ਰਦੇਸ਼) ਵਿਚ ਹੋਇਆ ਸੀ। ਮੀਰ ਰੰਜਨ ਨੇਗੀ ਅਨੁਸਾਰ ਉਸ ਦੇ ਪਰਿਵਾਰ ਵਿਚ ਕੋਈ ਵੀ ਮੈਂਬਰ ਹਾਕੀ ਨਹੀਂ ਖੇਡਦਾ ਸੀ। ਉਸ ਨੇ 13 ਸਾਲ ਦੀ ਉਮਰ ਵਿਚ ਹਾਕੀ ਖੇਡਣੀ ਸ਼ੁਰੂ ਕੀਤੀ। ਪਿਤਾ ਇੱਕ ਸਕੂਲ ਅਧਿਆਪਕ ਸਨ। ਮੈਟ੍ਰਿਕ ਉਥੋਂ ਹੀ ਕੀਤੀ।
ਮੀਰ ਰੰਜਨ ਨੇਗੀ ਨੇ ਵਿਗਿਆਨ ਦੀ ਪੜ੍ਹਾਈ ਵਿਚ (ਬੀ. ਐੱਸਸੀ) ਕੀਤੀ। ਫਿਰ (ਐਮ. ਏ.) ਅੰਗਰੇਜ਼ੀ ਸਾਹਿਤ ਵਿਚ ਕੀਤੀ। ਭੋਪਾਲ ਕਾਫੀ ਸਮਾਂ ਹਾਕੀ ਖੇਡੀ। ਜਿੱਥੋਂ ਭਾਰਤੀ ਹਾਕੀ ਟੀਮ ਲਈ ਚੋਣ ਹੋ ਗਈ ਤੇ ਮੁੰਬਈ ਚਲੇ ਗਏ। ਵਿਆਹ ਵਨੀਤਾ ਨਾਲ ਹੋਇਆ ਤੇ ਦੋ ਪੁੱਤਰਾਂ ਦਾ ਜਨਮ ਹੋਇਆ। ਛੋਟੇ ਬੇਟੇ ਅਭੀ ਦਾ ਐਕਸੀਡੈਂਟ ਹੋ ਗਿਆ ਤੇ ਉਹ ਸਦੀਵੀ ਵਿਛੋੜਾ ਦੇ ਗਿਆ। ਉਸ ਦੀ ਯਾਦ ਵਿਚ ਨੇਗੀ ਨੇ ਮੁੰਬਈ ਅਭੀਰੰਜਨ ਫਾਊਂਡੇਸ਼ਨ ਖੋਲ੍ਹੀ ਹੋਈ ਹੈ। ਜਿਥੇ ਲੜਕੇ-ਲੜਕੀਆਂ ਨੂੰ ਵਧੀਆ ਖਿਡਾਰੀ ਬਣਾ ਕੇ ਉਨ੍ਹਾਂ ਦੀ ਪ੍ਰਤਿਭਾ ਨੂੰ ਹੋਰ ਵੀ ਤਰਾਸਿ਼ਆ ਜਾਂਦਾ ਹੈ।
ਦੂਜਾ ਬੇਟਾ ਨੀਲੇਸ ਨੇਗੀ ਵੀ ਵਧੀਆ ਹਾਕੀ ਦਾ ਖਿਡਾਰੀ ਰਿਹਾ ਹੈ। ਇੰਦੌਰ ਦੇ ਇੱਕ ਵੱਡੇ ਸਕੂਲ ਵਿਚ ਪ੍ਰਸ਼ਾਸਕੀ ਅਹੁਦੇ `ਤੇ ਕੰਮ ਕਰ ਰਿਹਾ ਹੈ। ਇਹ ਵੀ ਆਪਣੇ ਜੱਦੀ ਸ਼ਹਿਰ ਇੰਦੌਰ ਵਿਚ ਆਪਣੀ ਪਤਨੀ ਨਾਲ ਅਰਾਮਦਾਇਕ ਜਿ਼ੰਦਗੀ ਗੁਜ਼ਾਰ ਰਹੇ ਹਨ। ਇਹ ਕਈ ਬਾਲੀਵੁੱਡ ਹਿੰਦੀ ਫਿਲਮਾਂ ‘ਸੁਬੇਰਾਉ ਘਾਮ’, ‘ਚੱਕ ਦੇ ਇੰਡੀਆ’ ਵਿਚ ਕੰਮ ਕਰਨ ਦੇ ਨਾਲ-ਨਾਲ ਟੈਲੀਵਿਜ਼ਨ ਸ਼ੋਅ ‘ਝਲਕ ਦਿਖਲਾ ਜਾ’ ਵਿਚ ਭਾਗ ਲੈ ਚੁਕੇ ਹਨ।
ਰੰਜਨ ਨੇਗੀ ਦੀ ਜਿ਼ੰਦਗੀ `ਤੇ ਯਸ਼ ਰਾਜ ਬੈਨਰ ਵੱਲੋਂ ‘ਚੱਕ ਦੇ ਇੰਡੀਆ’ ਫਿਲਮ ਦਾ ਨਿਰਮਾਣ ਕੀਤਾ ਗਿਆ, ਜਿਸ ਵਿਚ ਰੰਜਨ ਨੇਗੀ ਨੇ ਸ਼ਾਹਰੁਖ ਖਾਨ ਸਮੇਤ ਸਾਰੀ ਫਿਲਮ ਵਿਚ ਕੰਮ ਕਰ ਰਹੀਆਂ ਅਦਾਕਾਰਾਂ ਨੂੰ ਹਾਕੀ ਦੀ ਸਿਖਲਾਈ ਦਿੱਤੀ। ਉਹ ਪੂਰਾ ਡੇਢ ਸਾਲ ਇਸ ਫਿਲਮ ਦੇ ਪ੍ਰਾਜੈਕਟ ਨਾਲ ਜੁੜੇ ਰਹੇ। ਦੋ ਮਹੀਨੇ ਫਿਲਮ ਦੀ ਸ਼ੂਟਿੰਗ ਦੌਰਾਨ ਪੂਰੀ ਯੂਨਿਟ ਨਾਲ ਆਸਟ੍ਰੇਲੀਆ ਵਿਚ ਰਹੇ। ਉਸ ਨੇ ਫਿਲਮ ਵਿਚ ਸ਼ਾਹਰੁਖ ਖਾਨ ਦੇ ਕੋਚ ਦਾ ਵੀ ਛੋਟੇ ਜਿਹਾ ਕਿਰਦਾਰ ਨਿਭਾਇਆ ਹੈ। ਰੰਜਨ ਨੇਗੀ ਹਾਕੀ ਦੇ ਕੋਚ ਦਾ ਕਿਰਦਾਰ ਸ਼ਾਹਰੁਖ ਖਾਨ ਨੇ ਬਾਖੂਬੀ ਨਿਭਾਇਆ ਹੈ। ਨੇਗੀ ਅਨੁਸਾਰ ਐਨੀ ਸਿੱ਼ਦਤ ਨਾਲ ਸਿਰਫ ਸ਼ਾਹਰੁਖ ਖਾਨ ਹੀ ਉਹ ਕਿਰਦਾਰ ਕਰ ਸਕਦਾ ਸੀ।