‘ਅੱਗੇ ਥੋਡਾ ਕੰਮ ਆਂ…!’

ਸਿ਼ਵਚਰਨ ਜੱਗੀ ਕੁੱਸਾ
ਜੁੱਤੀਆਂ ਚੱਲਣ ਦੇ ਕਈ ਅੰਦਾਜ਼ ਰਹੇ ਹਨ। ਹਰ ਚੀਜ਼ ਨੂੰ ਚਲਾਉਣ ਦਾ ਢੰਗ ਹੁੰਦਾ ਹੈ! ਇੱਕ ਵਾਰ ਸਾਡੇ ਪਿੰਡ ਵਿੱਚ ਕਾਮਰੇਡਾਂ ਵੱਲੋਂ ਕੋਈ ਡਰਾਮਾ ਖੇਡਿਆ ਜਾ ਰਿਹਾ ਸੀ। ਪਿੰਡ ਦੇ ਕੁਝ ਲੋਕਾਂ ਦੀ ਦਾਰੂ ਪੀਤੀ ਹੋਈ ਸੀ। ਮੈਨੂੰ ਉਮੀਦ ਹੈ ਕਿ ਮੇਰੇ ਮਾਲਵੇ ਦੇ ਲੋਕ ਸ਼ਾਇਦ ਸਿਰਫ਼ ਮਕਾਣ ਹੀ ‘ਸੋਫ਼ੀ’ ਜਾਂਦੇ ਹਨ। ਨਹੀਂ ਕੋਈ ਕਿੱਤਾ ਐਹੋ ਜਿਹਾ ਨਹੀਂ ਹੋਣਾਂ, ਜਿੱਥੇ ਮਲਵਈ ਦਾਰੂ ਨਹੀਂ ਪੀਂਦੇ! ਕਿਸੇ ਗੱਲ ਤੋਂ ਸ਼ਰਾਬੀ ਬੰਦੇ ਡਰਾਮਾ ਦੇਖਦੇ-ਦੇਖਦੇ ਆਪਸ ਵਿੱਚ ਖਹਿਬੜ ਪਏ। ਦੁਨੀਆਂ ਖਿੰਡ ਗਈ। ਧੂਤਕੜਾ ਪੈਣ ਸਾਰ ਡਰਾਮਾਕਾਰੀ ਵੀ ਸਟੇਜ਼ ਵਿਹਲੀ ਕਰ ਗਏ। ਸਟੇਜ਼ ‘ਤੇ ਮਿੱਟੀ ਦੇ ਤੇਲ ਦਾ ਇੱਕ ਗੈਸ ਜਗੀ ਜਾ ਰਿਹਾ ਸੀ। ਉਦੋਂ ਪਿੰਡਾਂ ਵਿਚ ਬਿਜਲੀ ਨਹੀਂ ਆਈ ਸੀ।

ਸਟੇਜ਼ਾਂ ‘ਤੇ ਚਾਨਣ ਕਰਨ ਲਈ ਗੈਸ ਨਾਲ਼ ਹੀ ਕੰਮ ਚਲਾਇਆ ਜਾਂਦਾ ਸੀ। ਇੱਕ ਅਮਲੀ ਨੇ ਆਪਣੀ ਜੁੱਤੀ ‘ਚ ਰੋੜਾ ਪਾ ਕੇ ਗੈਸ ਵੱਲ ਨੂੰ ਚਲਾਇਆ ਤੇ ਬਣਾ ਸੁਆਰ ਕੇ ਕਹਿੰਦਾ, ‘ਜਲਸੇ ਆਲ਼ੇ ਤਾਂ ਤਿੱਤਰ ਹੋ’ਗੇ, ਤੇ ਆਹ ਫੇਰੇ ਦੇਣਾ ‘ਕੱਲਾ ਈ ਜਗੀ ਜਾਂਦੈ..?’ ਜੁੱਤੀ ‘ਚ ਪਾਏ ਰੋੜੇ ਨਾਲ਼ ਗੈਸ ਖੱਖੜੀਆਂ ਹੋ ਗਿਆ ਸੀ।
ਇਸੇ ਤਰ੍ਹਾਂ ਹੀ ਮੈਂ ਰੋਡਵੇਜ਼ ਦੀ ਲਾਰੀ ਵਿੱਚ ਛਿੱਤਰ-ਪਰੇਡ ਹੁੰਦੀ ਦੇਖੀ। ਉਦੋਂ ਮੈਂ ਡੀ. ਐੱਮ. ਕਾਲਜ ਮੋਗੇ ਪੜ੍ਹਦਾ ਸੀ। ਅਸੀਂ ਬੌਡਿਆਂ ਤੋਂ ਬੱਸ ਫ਼ੜ ਕੇ ਮੋਗੇ ਆਉਂਦੇ ਹੁੰਦੇ ਸੀ। ਸਾਡੇ ਪਿੰਡ ਅਜੇ ਬੱਸ ਨਹੀਂ ਆਉਣ ਲੱਗੀ ਸੀ। ਜੇ ਕਦੇ ਕਦਾਈਂ ਕੋਈ ਆਉਂਦੀ ਵੀ ਸੀ ਤਾਂ ਲੋਕ ਉਸ ਦੀ ਇਉਂ ਉਡੀਕ ਕਰਦੇ, ਜਿਵੇਂ ਕਰਵਾ ਚੌਥ ਦਾ ਵਰਤ ਰੱਖੀ ਬੀਬੀਆਂ ਰਾਤ ਨੂੰ ‘ਅਰਘ’ ਦੇਣ ਲਈ ਚੰਦਰਮਾਂ ਦੀ ਉਡੀਕ ਕਰਦੀਐਂ! ਮੋਗੇ ਦੇ ਬੱਸ ਸਟੈਂਡ ‘ਤੇ ਖੜ੍ਹੀਆਂ ਬੱਸਾਂ ਵਿੱਚ ਇੱਕ ਬੰਦਾ ਇੱਕ-ਇੱਕ ਰੁਪਈਏ ਦੀ ਜਲਧਾਰੇ ਦੀ ਸ਼ੀਸ਼ੀ ਵੇਚਦਾ ਹੁੰਦਾ ਸੀ। ਇੱਕ ਰੁਪਈਏ ਦੀ ਇਸ ਸ਼ੀਸ਼ੀ ਦੇ ਗੁਣ ਜਦ ਉਹ ਦੱਸਣ ਲੱਗਦਾ, ਤਾਂ ਲੋਕ ਉਸ ਦੇ ਇੰਜ ਕਾਇਲ ਹੋ ਜਾਂਦੇ, ਜਿਵੇਂ ਉਹ ਲੰਡਨ ਦਾ ਕਿੰਗ ਜੌਰਜ ਹਸਪਤਾਲ਼ ਨਾਲ਼ ਹੀ ਚੁੱਕੀ ਫਿ਼ਰਦਾ ਹੋਵੇ। ਸ਼ੀਸ਼ੀ ਦੇ ਗੁਣਾਂ ਵਿੱਚ ਇਹ ਵੀ ਸ਼ਾਮਲ ਸੀ ਕਿ ਜੇ ਕਿਤੇ ਰਾਤ ਬਰਾਤੇ ਕਿਸੇ ਦੇ ਕੱਟਰੂ-ਵੱਛਰੂ ਨੂੰ ਅਫ਼ਰੇਵਾਂ ਹੋ ਜਾਵੇ, ਤਾਂ ਪਸ਼ੂ ਦੀ ਅੱਖ ਵਿੱਚ ਇੱਕ ਤੁਪਕਾ ‘ਜਲਧਾਰੇ’ ਦਾ ਪਾਓ! ਅਫ਼ਰੇਵਾਂ ਖ਼ਤਮ ਹੋ ਜਾਵੇਗਾ। ਖ਼ੈਰ, ਸਾਡੇ ਪਿੰਡ ਦੇ ਧਿਆਨੇ ਨੇ ਉਸ ਸ਼ੀਸ਼ੀ ਦੇ ਵੀਹ-ਪੱਚੀ ਗੁਣ ਸੁਣ ਕੇ ਇੱਕ ਰੁਪਈਆ ਖ਼ਰਚ ਦਿੱਤਾ ਅਤੇ ਜਲਧਾਰੇ ਦੀ ਸ਼ੀਸ਼ੀ ਖ਼ਰੀਦ ਲਈ। ਕੁਦਰਤ ਰੱਬ ਦੀ ਇੱਕ ਦਿਨ ਗੁਆਂਢੀਆਂ ਦੀ ਮੱਝ ਨੂੰ ਸਪਰੇਅ ਵਾਲ਼ਾ ਗੁਆਰਾ ਖਾ ਕੇ ਅਫ਼ਰੇਵਾਂ ਹੋ ਗਿਆ। ਧਿਆਨੇ ਨੇ ਜਦ ਰੌਲ਼ਾ ਜਿਹਾ ਸੁਣਿਆਂ ਤਾਂ ਉਹ ਆਪਣੀ ਸ਼ੀਸ਼ੀ ਗੀਝੇ ਵਿੱਚ ਪਾ ਕੇ ਗੁਆਂਢੀਆਂ ਦੇ ਘਰੇ ਚਲਾ ਗਿਆ।
-‘ਕੀ ਗੱਲ ਐ ਭਤੀਜ…?’
-‘ਕਾਹਦੀ ਗੱਲ ਐ ਤਾਇਆ..! ਮੱਝ ਨੂੰ ‘ਫ਼ਰੇਮਾਂ ਹੋ ਗਿਆ..!’ ਗੁਆਂਢੀ ਮੁੰਡੇ ਨੇ ਦੁਖੀ ਜਿਹੇ ਮਨ ਨਾਲ਼ ਦੱਸਿਆ।
-‘ਦੁਆਈ ਮੇਰੇ ਕੋਲ਼ੇ ਐ, ਤੁਸੀਂ ਇਹਨੂੰ ਕੇਰਾਂ ਮੂਧੀ ਪਾਓ…!’ ਉਸ ਨੇ ਹਕੀਮ ਵਾਂਗ ਕਿਹਾ।
-‘ਮੂਧੀ ਪਾਉਣ ਨੂੰ ਕੋਈ ਟੀਕਾ ਟੂਕਾ ਲਾਉਣੈਂ, ਭਾਈ ਜੀ..?’ ਮੁੰਡੇ ਦੀ ਮਾਂ ਨੇ ਪੁੱਛਿਆ।
-‘ਕਾਹਨੂੰ ਲਾਣੇਦਾਰਨੀਏਂ..! ਤੂੰ ਆਬਦੀਆਂ ਦੁੱਧ ਰਿੜਕਣ ਆਲ਼ੀਆਂ ਗੱਲਾਂ ਨਾ ਕਰ..! ਦੁਆਈ ਇਹਦੀ ਅੱਖ ‘ਚ ਪਾਉਣੀਂ ਐਂ..! ਦੇਖੀ ਜਾਈਂ..! ਚੱਕਦੂ ਅੱਖਾਂ ਦੀ ਲਾਲੀ..!’ ਉਸ ਨੇ ਗੀਝੇ ‘ਚੋਂ ਸ਼ੀਸ਼ੀ ਪਸਤੌਲ ਵਾਂਗ ਬਾਹਰ ਕੱਢੀ।
-‘ਫ਼ੇਰ ਮੂਧੀ ਪਾਉਣ ਦੀ ਕੀ ਲੋੜ ਐ ਤਾਇਆ..? ਮੂਧਾ ਤਾਂ ਪਸ਼ੂ ਪਹਿਲਾਂ ਈ ਹੁੰਦੈ..!’
-‘ਹਾਂ..! ਇਹ ਗੱਲ ਵੀ ਸਹੀ ਐ..! ਚਲੋ ਫ਼ੇਰ ਇਹਨੂੰ ਟੇਢੀ ਕਰੋ..!’
ਮੁੰਡਿਆਂ ਨੇ ਬਿਮਾਰ ਮੱਝ ਔਖੇ ਸੌਖੇ ਹੋ ਕੇ ਟੇਢੀ ਕਰ ਲਈ।
ਲਾਲਟੈਣ ਦਾ ਚਾਨਣ ਕਰ ਕੇ ਮੱਝ ਦੀ ਅੱਖ ਵਿੱਚ ਜਲਧਾਰਾ ਪਾ ਦਿੱਤਾ ਗਿਆ।
ਪਰ ਕੋਈ ਫ਼ਰਕ ਨਾ ਪਿਆ।
ਮੱਝ ਹੋਰ ਵੀ ਔਖੇ-ਔਖੇ ਸਾਹ ਲੈਣ ਲੱਗ ਪਈ।
-‘ਦੇਬੂ..! ਮੱਝ ਤੰਗ ਐ ਭਾਈ..! ਕਿਸੇ ਸਲੋਤਰੀ ਨੂੰ ਬੁਲਾਓ..!’ ਦੇਬੂ ਦੀ ਮਾਂ ਚਿੰਤਾ ਵਿੱਚ ਬੋਲੀ।
-‘ਲਾਣੇਦਾਰਨੀਏਂ, ਤੂੰ ਫਿ਼ਕਰ ਕਿਉਂ ਕਰਦੀ ਐਂ…? ਸਲੋਤਰੀ ਨੇ ਆ ਕੇ ਕਿਹੜਾ ਟੂਣਾਂ ਕਰ ਜਾਣੈਂ..? ਦੁਆਈ ਆਪਣੇ ਕੋਲ਼ੇ ਐ..! ਇੱਕ ਵਾਰੀ ਹੋਰ ਚਾੜ੍ਹ ਦਿਆਂਗੇ..!’
-‘ਵੇ ਭਾਈ ਉਨ੍ਹਾਂ ਦੀਆਂ ਪੜ੍ਹਾਈਆਂ ਕੀਤੀਆਂ ਹੁੰਦੀਐਂ, ਅਗਲੇ ਮਿੰਟ ‘ਚ ਰੋਗ ਬੁੱਝ ਲੈਂਦੇ ਐ..!’
-‘ਲੈ ਭੜ੍ਹਾਈਆਂ ਕਰਕੇ ਉਨ੍ਹਾਂ ਕੋਲ਼ੇ ਕਿਹੜਾ ਗਿੱਦੜਸਿੰਗੀ ਆ ਜਾਂਦੀ ਐ..? ਆਹ ਸੈਦੋ ਆਲਿ਼ਆਂ ਦਾ ਲੱਛਾ ਸਾਰੇ ਪਿੰਡ ਜਿੰਨਾਂ ‘ਕੱਲਾ ਈ ਪੜ੍ਹ ਗਿਆ..! ਉਹਦਾ ਡਮਾਕ ਹਿੱਲ ਗਿਆ..! ਆਬਦੇ ਬਾਪੂ ਨੂੰ ‘ਭਾਅਪਾ’ ਈ ਦੱਸਦੈ..! ਗੱਲ ਹੀਰ ਰਾਂਝੇ ਦੀ ਤੁਰੀ ਹੁੰਦੀ ਐ, ਉਹ ਆਬਦਾ ਦਹੂਦ ਸੁਣਾਉਣ ਲੱਗਪੂ..! ਉਏ ਮੁੰਡਿਓ..! ਹੁਣ ਮੈਨੂੰ ਇਹਦੀ ਦੂਜੀ ਅੱਖ ‘ਚ ਪਾਉਣ ਦਿਓ ਇੱਕ ਤੁਪਕੀ..! ਦੇਖਿਓ ਕਿਮੇ ਫ਼ੁੱਲ ਮਾਂਗੂੰ ਹੌਲ਼ੀ ਹੁੰਦੀ ਐ..! ਇਹ ਤਾਂ ਦਸਾਂ ਮਿੰਟਾਂ ‘ਚ ਸੀਟੀਆਂ ਮਾਰੂ, ਸੀਟੀਆਂ..! ਸੀਸੀ ‘ਤੇ ਮੇਰਾ ਕੱਟੇ ਦੇ ਕੰਨ ਅਰਗਾ ਪੂਰਾ ਰੁਪਈਆ ਲਾਇਆ ਵਿਐ..! ਜਿਹੜੇ ਬੱਸਾਂ ‘ਚ ‘ਪਰਾਟੀਸ’ ਕਰਦੇ ਫਿ਼ਰਦੇ ਐ, ਕਿਤੇ ਝੂਠ ਤੁਫ਼ਾਨ ਤਾਂ ਨ੍ਹੀ ਤੋਲਦੇ..! ਕਰੋ ਇਹਨੂੰ ਮਾੜਾ ਜਿਆ ਬੱਤ ਕੇਰਾਂ..! ਫੜ ਬਈ ਇਹਦਾ ਕੰਨ..! ਡਰਦਾ ਕਾਹਤੋਂ ਐਂ..? ਇਹ ਸ਼ਾਟ ਤਾਂ ਨ੍ਹੀ ਮਾਰਦੀ..!’ ਮੁੰਡਿਆਂ ਨੇ ਉਸ ਦੇ ਆਖੇ ਲੱਗ ਕੇ ਦੁਆਈ ਮੱਝ ਦੀ ਦੂਜੀ ਅੱਖ ਵਿੱਚ ਵੀ ਪੁਆ ਦਿੱਤੀ। ਪਰ ਰਾਜ਼ੀ ਹੋਣ ਦੀ ਜਗਾਹ ਮੱਝ ਅੱਧੇ ਕੁ ਘੰਟੇ ਬਾਅਦ ਇਸ ‘ਫ਼ਾਨੀ ਸੰਸਾਰ’ ਨੂੰ ‘ਅਲਵਿਦਾ’ ਆਖ ਗਈ। ਦਸ ਕਿਲੋ ਦੁੱਧ ਦੇਣ ਵਾਲ਼ੀ ਮੱਝ ਦੇ ਵਿਯੋਗ ਵਿੱਚ ਬੁੜ੍ਹੀ ਦੇ ਪਿੱਟ-ਸਿਆਪਾ ਜਿਹਾ ਕਰਨ ‘ਤੇ ਮੁੰਡਿਆਂ ਨੇ ਧਿਆਨਾ ਮੱਝ ਵਾਂਗ ਹੀ ਮੂਧਾ ਪਾ ਲਿਆ ਅਤੇ ਤਕੜੀ ਦੁਰਬੜੀ ਲਾ ਦਿੱਤੀ। ਕੁੱਟ ਖਾ ਕੇ ਸਤਿਆ ਧਿਆਨਾਂ ਅਗਲੇ ਦਿਨ ਮੋਗੇ ਨੂੰ ਬੱਸ ਚੜ੍ਹ ਗਿਆ। ਜਾਣ ਸਾਰ ਉਸ ਨੇ ਉਹ ਸ਼ੀਸ਼ੀਆਂ ਵੇਚਣ ਵਾਲ਼ਾ ਬਾਈ ਲੱਭ ਲਿਆ ਅਤੇ ਉਸ ‘ਤੇ ਧੌੜੀ ਦੀ ਜੁੱਤੀ ‘ਫ਼ੇਰਨੀ’ ਸ਼ੁਰੂ ਕਰ ਦਿੱਤੀ।
ਬੱਸ ਵਿੱਚ ਹੀ ਇੱਕ ਕਬਜੀ ਦੀ ਦੁਆਈ ਵੇਚਣ ਵਾਲ਼ੇ ਦੇ ਛਿਤਰੌਲਾ ਹੁੰਦਾ ਦੇਖਿਆ। ਉਹ ਵੀ ਬੱਸ ਵਿੱਚ ਨਿੱਤ ਇੱਕੋ ਰਾਗ ਅਲਾਪਦਾ ਫਿ਼ਰਦਾ ਹੁੰਦਾ, ‘ਇਹ ਮੇਰੀ ਦੁਆਈ ਕਬਜੀ ਦਾ ਕਾਲ਼, ਇੱਕ ਵਾਰ ਅਜ਼ਮਾ ਕੇ ਦੇਖੋ, ਜੰਗਲ-ਪਾਣੀ ਇਉਂ ਆਊ, ਜਿਵੇਂ ਬੋਹੜ ਤੋਂ ਬਿੱਲਾ ਡਿੱਗਦਾ ਹੁੰਦੈ, ਜਿ਼ੰਦਗੀ ਵਿੱਚ ਭੁੱਲ ਜਾਓਂਗੇ ਕਿ ਕਬਜੀ ਵੀ ਕੋਈ ਚੀਜ਼ ਹੁੰਦੀ ਐ…!’ ਉਸ ਦੀਆਂ ਦਲੀਲਾਂ ਤੋਂ ‘ਕਾਇਲ’ ਹੋ ਕੇ ਤਰੀਕ ‘ਤੇ ਗਏ ਸੱਘੇ ਅਮਲੀ ਨੇ ਉਸ ਦੀ ਦੁਆਈ ਖਰੀਦ ਲਈ ਅਤੇ ਰਾਤ ਨੂੰ ਪੈਣ ਵੇਲ਼ੇ ਰੋਟੀ ਖਾਣ ਤੋਂ ਬਾਅਦ ਲੈ ਲਈ, ਪਰ ਕੋਈ ਫ਼ਰਕ ਨਾ ਪਿਆ। ਬੰਦਾ ਆਸ ਆਸਰੇ ਹੀ ਤਾਂ ਜਿਉਂਦਾ ਹੈ। ਅਮਲੀ ਨੇ ਵੀ ਆਸ ਦਾ ਪੱਲਾ ਨਾ ਛੱਡਿਆ ਅਤੇ ਦੋ-ਤਿੰਨ ਦਿਨ ਕਬਜੀ ਦੀ ਦੁਆਈ ਲੈਂਦਾ ਰਿਹਾ, ਪਰ ਅਮਲੀ ਦੇ ਅੰਦਰਲਾ ਪਲੱਸਤਰ ਨਾ ਟੁੱਟਿਆ। ਚੌਥੇ ਦਿਨ ਅੱਕਿਆ ਅਮਲੀ ਸ਼ਹਿਰ ਨੂੰ ਬੱਸ ਚੜ੍ਹ ਗਿਆ ਅਤੇ ਕਬਜੀ ਦੀ ਦੁਆਈ ਵੇਚਣ ਵਾਲ਼ੇ ਦੇ ਕਬਜੇ ਢਿੱਲੇ ਕਰ ਮਾਰੇ, ‘ਮੈਂ ਤਿੰਨ ਦਿਨ ਹੋਗੇ ਤਿੰਘੀ ਜਾਨੈਂ, ਸਾਲ਼ਾ ਬੋਹੜ ਤੋਂ ਬਿੱਲਾ ਡਿੱਗਣ ਦਾ, ਇਹਦੇ ਨਾਲ ਤਾਂ ਸਾਲਿਆ ਬਲੂੰਗੜੀ ਵੀ ਨੀ ਡਿੱਗੀ..!’ ਦੁਆਈਆਂ ਵਾਲੇ ਦੇ ਹੂਰੇ ਜੜਦਾ ਅਮਲੀ ਕੋਰੜੇ ਛੰਦ ਸੁਣਾਈ ਜਾ ਰਿਹਾ ਸੀ।
ਇੱਕ ਸੱਭਿਆਚਾਰਕ ਮੇਲੇ ਵਿੱਚ ਇੱਕ ਗਾਇਕ ਲੋਕਾਂ ਨੂੰ ਅਤੇ ਗਾਇਕਾਂ ਨੂੰ ‘ਉਪਦੇਸ਼’ ਜਿਹਾ ਦੇਈ ਜਾ ਰਿਹਾ ਸੀ, ‘ਮੇਰੀ ਗਾਇਕ ਵੀਰਾਂ ਨੂੰ ਬੇਨਤੀ ਹੈ ਕਿ ਪ੍ਰਸਿੱਧੀ ਲਈ ਲੱਚਰ ਗੀਤਾਂ ਦਾ ਸਹਾਰਾ ਨਾ ਲੈਣ..! ਜਿੱਥੋਂ ਤੱਕ ਹੋ ਸਕੇ, ਗੀਤ ਧੀਆਂ ਭੈਣਾਂ ਵਿੱਚ ਸੁਣਨ ਵਾਲੇ ਹੀ ਗਾਏ ਜਾਣ..! ਮੇਰੀ ਗੀਤਕਾਰ ਭਰਾਵਾਂ ਨੂੰ ਵੀ ਗੁਜ਼ਾਰਿਸ਼ ਹੈ ਕਿ ਉਹ ਅਸ਼ਲੀਲ ਗੀਤ ਨਾ ਸਿਰਜਿਆ ਕਰਨ..! ਸੱਭਿਆਚਾਰਕ ਗੀਤ ਹੀ ਲਿਖਿਆ ਕਰਨ ਤਾਂ ਕਿ ਅਸੀਂ ਆਪਣਾ ਵਿਰਸਾ ਬਚਾ ਸਕੀਏ..!’ ਤੇ ਜਦ ਉਸੇ ਗਾਇਕ ਨੇ, ‘ਨਾਲੋਂ ਜਾ ਕੇ ਨਾਇਣ ਚੱਕ ਲਈ-ਮੈਂ ਤਾਂ ਸੋਚਿਆ ਪਟੋਲ੍ਹਾ ਹੱਥ ਆ ਗਿਆ..!’ ਸ਼ੁਰੂ ਕੀਤਾ ਤਾਂ ਉਥੇ ਉਸ ਦੇ ਸਿਰ ਵਿੱਚ ਕਿੰਨੇ ਅਤੇ ਕਿੰਨੀ ਤਰ੍ਹਾਂ ਦੇ ਛਿੱਤਰ ਵਰ੍ਹੇ..? ਦੱਸਣਾ ਮੁਸ਼ਕਿਲ ਹੈ..! ਇਹ ਤਾਂ ਸ਼ਾਇਦ ਕੋਈ ਡਾਕਟਰੀ ਰਿਪੋਰਟ ਹੀ ਦੱਸ ਸਕੇਗੀ!
ਸਾਡੇ ਪਿੰਡ ਵਿੱਚ ਇੱਕ ਤਾਈ ਹਰਨਾਮੀ ਹੁੰਦੀ ਸੀ। ਉਮਰ ਉਸ ਦੀ ਅੱਸੀਆਂ ਦੇ ਨੇੜ ਅਤੇ ਸੋਟੀ ਆਸਰੇ ਹੀ ਤੁਰਦੀ ਸੀ! ਆਦਤ ਉਸ ਦੀ ਵੀ ਬਹੁਤ ਭੈੜ੍ਹੀ ਸੀ। ਜਦ ਕਿਸੇ ਪਿੰਡ ਦੀ ਨੂੰਹ ਨੇ ਖੇਤ ਰੋਟੀ ਲਈ ਜਾਂਦੀ ਨੇ ਉਸ ਨੂੰ, ‘ਬੇਬੇ ਜੀ ਮੱਥਾ ਟੇਕਦੀ ਆਂ’ ਆਖ ਜਾਣਾ ਤਾਂ ਤਾਈ ਹਰਨਾਮੀ ਨੇ ਸੋਟੀ ਆਸਰੇ ਉਥੇ ਹੀ ਖੜ੍ਹ ਕੇ ਅਸੀਸਾਂ ਦੇਣ ਲੱਗ ਜਾਣਾ, ‘ਵੀਰ ਜਿਉਣ, ਮਹਾਰਾਜ ਬੱਚਾ ਦੇਵੇ, ਰੱਬ ਭਾਗ ਲਾਵੇ, ਬੁੱਢ ਸੁਹਾਗਣ ਰਹੇਂ..!’ ਮੱਥਾ ਟੇਕਣ ਵਾਲੀ ਨੇ ਰੋਟੀ ਲੈ ਕੇ ਖੇਤ ਪਹੁੰਚ ਜਾਣਾ, ਪਰ ਤਾਈ ਨੇ ਉਥੇ ਖੜ੍ਹੀ ਨੇ ਹੀ ਅਸੀਸਾਂ ਦੇਈ ਜਾਣੀਆਂ! ਤੇ ਜੇ ਕਿਸੇ ਨੇ ਬੇਧਿਆਨੀ ਜਾਂ ਤੇਜੀ ਵਿੱਚ ਤਾਈ ਹਰਨਾਮੀ ਨੂੰ ਮੱਥਾ ਟੇਕਣੋਂ ਭੁੱਲ ਜਾਣਾ ਤਾਂ ਉਦੋਂ ਤਾਂ ਤਾਈ ਨੇ ਕੁਝ ਨਾ ਬੋਲਣਾ। ਪਰ ਜਦ ਅਗਲੀ ਨੇ ਕਿੱਲਾ ਦੋ ਕਿੱਲੇ ਵਾਟ ਅੱਗੇ ਲੰਘ ਜਾਣਾ ਤਾਂ ਤਾਈ ਨੇ ਆਪਣਾ ‘ਸੋਲ੍ਹਾ ਛਿੱਤਰ’ ਲਾਹ ਕੇ ਅਗਲੀ ਦੇ ਪੈਰ ਦੀ ਪੈੜ ਕੁੱਟਣ ਲੱਗ ਜਾਣੀ, ‘ਇਹ ਤਾਂ ਕਿਸੇ ਗਏ ਘਰ ਦੀ ਐ..! ਇਹਨੂੰ ਅਕਲ ਨ੍ਹੀ ਭਾਈ..!’ ਤੇ ਜੇ ਕਿਸੇ ਨੇ ਉਸ ਨੂੰ ਜੁੱਤੀ ਨਾਲ਼ ਪੈੜ ਕੁੱਟਣ ਦਾ ਕਾਰਨ ਪੁੱਛਣਾ ਤਾਂ ਉਸ ਨੇ ਛਿੱਤਰ ਦੀ ਸੱਟ ਹੋਰ ਕਰੜੀ ਕਰ ਦੇਣੀਂ ਅਤੇ ਨਾਲ਼ੇ ਪੈੜ ‘ਤੇ ਥੁੱਕਣਾ, ‘ਕਿਸੇ ਮਾੜੇ ਪੈੜੇ ਆਲੀ ਦੀ ਪੈੜ ਕੁੱਟਦੀ ਆਂ, ਭਾਈ..! ਐਹੋ ਜੀ ਦਾ ਤਾਂ ਪਿੰਡ ‘ਤੇ ਪਰਛਾਂਵਾਂ ਪਿਆ ਵੀ ਮਾੜੈ..!’ ਉਸ ਨੇ ਮੱਥਾ ਨਾ ਟੇਕਣ ਦਾ ਗੁੱਸਾ ਅਗਲੀ ਦੀ ਪੈੜ ਕੁੱਟ ਕੇ ਕੱਢਣਾ! ਕਦੇ-ਕਦੇ ਉਸ ਨੇ ਬਿਨਾ ਗੱਲੋਂ ਵੀਹੀ ਵਿੱਚ ਖੜ੍ਹ ਕੇ ਆਪਣਾ ਗੁੱਸਾ ਕੱਢਣ ਲੱਗ ਪੈਣਾਂ, ‘ਪੰਜ ਦਿਨ ਹੋ ਗਏ, ਆਹ ਟੁੱਟੜਾ ਮਿਸਤਰੀ ਮੇਰੀ ਪੀੜ੍ਹੀ ਨ੍ਹੀ ਠੋਕ ਕੇ ਦਿੰਦਾ..! ਮੈਂ ਇੱਕ ਅੱਧਾ ਦਿਨ ਹੋਰ ਦੇਖਣੈਂ, ਰੁੜ੍ਹ ਜਾਣੇ ਦੇ ਘਰੇ ਸਿਆਪਾ ਕਰ ਕੇ ਆਊਂ..!’ ਤੇ ਨਾਲ਼ ਦੀ ਨਾਲ਼ ਉਸ ਨੇ ਅੰਦਰੋਂ ਛੱਜ ਲਿਆ ਕੇ ਉਸ ‘ਤੇ ਆਪਣਾ ਛਿੱਤਰ ਖੜਕਾਉਣਾ ਸ਼ੁਰੂ ਕਰ ਦੇਣਾ!
ਇੱਕ ਗੱਲ ਹੋਰ ਦੱਸਦਾ ਜਾਂਵਾਂ ਕਿ ਛਿੱਤਰ ਸਿਰਫ਼ ਕੁੱਟਣ ਵਾਸਤੇ ਹੀ ਨਹੀਂ ਹੁੰਦਾ! ਛਿੱਤਰ ਕਦੇ-ਕਦੇ ਦੁਆਈ ਵਾਂਗ ਲਾਹੇਵੰਦ ਵੀ ਸਾਬਤ ਹੁੰਦਾ ਹੈ! ਆਮ ਲੋਕਾਂ ਦਾ ਕਥਨ ਹੈ ਕਿ ਜੇ ਕਿਸੇ ਨੂੰ ਮਿਰਗੀ ਪੈ ਜਾਵੇ, ਤਾਂ ਉਸ ਰੋਗੀ ਨੂੰ ਛਿੱਤਰ ਸੁੰਘਾਓ! ਠੀਕ ਹੋ ਜਾਵੇਗਾ! ਜੁੱਤੀ ਉਤਨੀ ਬਦਨਾਮ ਨਹੀਂ, ਜਿੰਨੀ ਲੋਕਾਂ ਨੇ ਬਦਨਾਮ ਕਰ ਮਾਰੀ ਹੈ! ਜਦ ਅਸੀਂ ਗੁਰੂ ਘਰ ਜਾਂਦੇ ਹਾਂ ਤਾਂ ਜੋੜਿਆਂ ਦੀ ਸੇਵਾ ਨੂੰ ਉੱਤਮ ਸਮਝ ਕੇ ਕਰਦੇ ਹਾਂ! ਜੋੜਿਆਂ ਦੀ ਸੇਵਾ ਕਰਨ ਨਾਲ਼ ਮਨ ਦੀ ਮੈਲ਼ ਅਤੇ ਪਾਪ ਧੋਤੇ ਜਾਂਦੇ ਹਨ। ਇਕ ਵਾਰੀ ਧੰਨੇ ਅਮਲੀ ਨੂੰ ਕੋਈ ਜੋਗੀ ‘ਮਣਕਾ’ ਦੇ ਗਿਆ। ਅਖੇ ਜੇ ਕਿਸੇ ਦੇ ਸੱਪ ਲੜ ਜਾਵੇ ਤਾਂ ਇਹ ਮਣਕਾ ਉਪਰ ਲਾ ਦੇਵੀਂ। ਇਹ ਮਣਕਾ ਸਾਰੀ ਜ਼ਹਿਰ ਚੂਸ ਲਊਗਾ। ਅਮਲੀ ਸੀ ਕਮਲ਼ਾ! ਉਸ ਨੇ ਖੇਤਾਂ ਦੀਆਂ ਉੱਜੜੀਆਂ ਖੱਡਾਂ ਵਿੱਚ ਹੱਥ ਮਾਰਨੇ ਸ਼ੁਰੂ ਕਰ ਦਿੱਤੇ ਕਿ ਕਦੋਂ ਮੇਰੇ ਸੱਪ ਲੜੇ, ਤੇ ਕਦੋਂ ਮੈਂ ਮਣਕਾ ਅਜ਼ਮਾਵਾਂ..! ਸਾਡੇ ਗੁਆਂਢੀ ਤਾਏ ਨੇ ਹੱਸਦਿਆਂ ਕਿਹਾ, ‘ਦੇਖੋ ਉਏ ਮੁੰਡਿਓ..! ਇਹਦੀਆਂ ਲੱਕੜਾਂ ਦਾ ਪ੍ਰਬੰਧ ਕਰੋ ਉਏ..! ਔਹ ਧੰਨੇ ਨੂੰ ਮਣਕੇ ਦਾ ਕੀ ਕਮਲ ਚੜ੍ਹਿਐ..! ਦਿਨ ਰਾਤ ਸੱਪਾਂ ਦੀਆਂ ਖੱਡਾਂ ‘ਚ ਹੱਥ ਪਾ-ਪਾ ਕੇ ਸੱਪ ਟੋਂਹਦੈ ਫਿ਼ਰਦੈ..! ਇਹ ਕਿਸੇ ਦਿਨ ਸੱਪ ਫੜਦਾ-ਫੜਦਾ ਕਿਤੇ ਬੰਦੇ ਨਾ ਫੜਨ ਲੱਗ ਪਵੇ? ਕਿਸੇ ਦਿਨ ਸੱਪ ਆਉਣੈਂ ਨਿਕਲ, ਤੇ ਉਹਨੇ ਮਾਰਨੈਂ ਇਹਦੇ ਡੰਗ, ਮਣਕੇ ਨੇ ਕੁਛ ਕਰਨਾ ਨ੍ਹੀ, ਤੇ ਇਹਨੇ ਮਰ ਜਾਣੈਂ..! ਲੱਕੜਾਂ ਆਪਾਂ ਨੂੰ ਈ ਲਾਉਣੀਆਂ ਪੈਣੀਐਂ..!’ ਇੱਕ ਦਿਨ ਕਿਸੇ ਖੱਡ ‘ਚੋਂ ਕੋਈ ਚੂਹੇ ਖਾਣਾ ਸੱਪ ਨਿਕਲ਼ ਆਇਆ ਤੇ ਧੰਨੇ ਦੇ ਦੰਦੀ ਜਿਹੀ ਵੱਢ ਗਿਆ। ਸੱਪ ਦੀਆਂ ਕਈ ਨਸਲਾਂ ਐਹੋ ਜਿਹੀਆਂ ਹੁੰਦੀਆਂ ਨੇ, ਜਿੰਨ੍ਹਾਂ ਦੇ ਡੰਗ ਵਿਚ ਜ਼ਹਿਰ ਹੀ ਨਹੀਂ ਹੁੰਦਾ। ਸੱਪ ਦੇ ਡੰਗਣ ਨਾਲ ਧੰਨੇ ਨੂੰ ਬਹੁਤਾ ਕੁਛ ਤਾਂ ਨਾ ਹੋਇਆ ਅਤੇ ਨਾ ਹੀ ਉਸ ਦੇ ਮਣਕੇ ਨੇ ਕੋਈ ਕੰਮ ਕੀਤਾ! ਪਿੰਡ ਵਾਲ਼ੇ ਕਿਤੋਂ ਕਿਸੇ ਜੋਗੀ ਨੂੰ ਲੱਭ ਲਿਆਏ। ਉਸ ਨੇ ਸਲਾਹ ਦਿੱਤੀ ਕਿ ਚੂਹੇ ਖਾਣੇ ਸੱਪ ਦੇ ਡੰਗਣ ਨਾਲ਼ ਬੰਦਾ ਮਰਦਾ ਨਹੀਂ। ਬੱਸ ‘ਘਾਊਂ-ਮਾਊਂ’ ਜਿਹਾ ਹੋ ਜਾਂਦੈ ਤੇ ਡੰਗ ਵਾਲ਼ੀ ਜਗਾਹ ‘ਤੇ ਸੋਜ਼ ਜਿਹੀ ਹੋ ਜਾਂਦੀ ਐ!
-‘ਇਹਦਾ ‘ਲਾਜ ਵੀ ਦੱਸ ਦਿਓ ਜੋਗੀ ਜੀ..! ਇਹਦੀ ਸੋਜ ਦਾ ਕੀ ਕਰੀਏ..?’ ਕਿਸੇ ਰਹਿਮ ਦਿਲ ਨੇ ਪੁੱਛਿਆ।
-‘ਇਹਦੇ ਸੋਜ਼ ਵਾਲ਼ੀ ਥਾਂ ‘ਤੇ ਨਿੰਮ੍ਹ ਦਾ ਪਾਣੀ ਲਾ ਕੇ ਸੁੱਕਿਆ ਛਿੱਤਰ ਰਗੜੋ, ਲੋਟ ਹੋਜੂ..!’ ਆਖ ਕੇ ਜੋਗੀ ਚਲਾ ਗਿਆ।
ਸੋ ਮਿੱਤਰੋ! ਛਿੱਤਰ ਇਕੱਲਾ ਦੁੱਖ ਦੇਣ ਵਾਲ਼ਾ ਹੀ ਨਹੀਂ, ਦੁਆਈ ਦਾ ਕੰਮ ਵੀ ਕਰਦਾ ਹੈ! ਇਹ ਤਾਂ ਵਰਤਣ ਦਾ ਢੰਗ ਆਉਣਾ ਚਾਹੀਦਾ ਹੈ! ਬਹੁਤੀਆਂ ਗੱਲਾਂ ਦੱਸਣ ਵਾਲੀਆਂ ਨਹੀਂ ਹੁੰਦੀਆਂ! ਇਸੇ ਲਈ ਹੀ ਤਾਂ ਮੈਂ ਆਖਦਾ ਹਾਂ ਕਿ ਬੋਲ ਛਿੱਤਰ ਭਲਵਾਨ ਕੀ..! ਅੱਗੇ ਬੋਲਣਾ ਥੋਡਾ ਕੰਮ ਹੈ..!