ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਵਜੋਂ ਉਭਾਰੇ ਜਾ ਰਹੇ ਗੁਜਰਾਤ ਦੇ ਮੁੱਖ ਮੰਤਰੀ ਨਰੇਂਦਰ ਮੋਦੀ ਦੇ ‘ਅਗਨ ਬਾਣਾਂ’ ਦਾ ਸੇਕ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਵੀ ਲੱਗਾ ਹੈ। ਸ੍ਰੀ ਮੋਦੀ ਨੇ ਖ਼ਬਰ ਏਜੰਸੀ ‘ਰਾਇਟਰਜ਼’ ਨਾਲ ਇੰਟਰਵਿਊ ਦੌਰਾਨ ਕਿਹਾ ਕਿ ਉਹ ਰਾਸ਼ਟਰਵਾਦੀ ਹਿੰਦੂ ਹੈ ਅਤੇ ਉਸ ਨੇ ਗੋਧਰਾ ਕਾਂਡ ਤੋਂ ਬਾਅਦ ਹੋਏ ਦੰਗਿਆਂ ਦੌਰਾਨ ਜੋ ਕੁਝ ਵੀ ਕੀਤਾ, ਉਸ ਵਿਚ ਕੁਝ ਵੀ ਗਲਤ ਨਹੀਂ। ਸ੍ਰੀ ਮੋਦੀ ਨੂੰ ਜਦੋਂ 2002 ਦੇ ਦੰਗਿਆਂ ਦੇ ਪਛਤਾਵੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜੇ ਕੋਈ ਕਤੂਰਾ ਵੀ ਕਾਰ ਥੱਲੇ ਆ ਜਾਵੇ ਤਾਂ ਮਨ ਉਦਾਸ ਹੋ ਜਾਂਦਾ ਹੈ।
ਸ੍ਰੀ ਮੋਦੀ ਦੀ ਇਸ ਟਿੱਪਣੀ ਨੂੰ ਲੈ ਕੇ ਦੇਸ਼ ਭਰ ਵਿਚ ਭਾਜਪਾ ਦੀ ਅਲੋਚਨਾ ਹੋਈ। ਸਭ ਤੋਂ ਜ਼ਿਆਦਾ ਔਖੀ ਹਾਲਤ ਘੱਟ-ਗਿਣਤੀਆਂ ਦੀ ਨੁਮਾਇੰਦਗੀ ਕਰਦੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਬਣੀ। ਕਾਂਗਰਸ, ਸਮਾਜਵਾਦੀ ਪਾਰਟੀ, ਸੀæਪੀæਐਮæ, ਸੀæਪੀæਆਈæ ਅਤੇ ਜਨਤਾ ਦਲ (ਯੂ) ਦੇ ਆਗੂਆਂ ਨੇ ਸਪਸ਼ਟ ਕਿਹਾ ਹੈ ਕਿ ਮੋਦੀ ਨੇ ਦੇਸ਼ ਦੇ ਮੁਸਲਮਾਨਾਂ ਨੂੰ ‘ਕਤੂਰਾ’ ਕਿਹਾ ਹੈ ਤੇ ਉਹ ਅਜਿਹੀਆਂ ਸ਼ਰਮਸਾਰ ਕਰਨ ਵਾਲੀਆਂ ਟਿੱਪਣੀਆਂ ਲਈ ਮੁਆਫ਼ੀ ਮੰਗੇ। ਘੱਟ-ਗਿਣਤੀਆਂ ਨਾਲ ਸਬੰਧਤ ਹੋਰ ਜਥੇਬੰਦੀਆਂ ਨੇ ਵੀ ਨਰੇਂਦਰ ਮੋਦੀ ਦੇ ਬਿਆਨ ਦੀ ਤਿੱਖੀ ਆਲੋਚਨਾ ਕੀਤੀ ਹੈ।
ਪੰਜਾਬ ਕਾਂਗਰਸ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਦਿਆਂ ਸਵਾਲ ਖੜ੍ਹੇ ਕੀਤੇ ਹਨ ਕਿ ਉਹ ਆਪਣੀ ਸਥਿਤੀ ਸਪਸ਼ਟ ਕਰੇ ਕਿ ਉਹ ਹਿੰਦੂਵਾਦੀ ਨਰੇਂਦਰ ਮੋਦੀ ਦੀ ਵਿਚਾਰਧਾਰਾ ਨਾਲ ਖੜ੍ਹਾ ਹੈ ਜਾਂ ਭਾਰਤ ਦੇ ਸੰਵਿਧਾਨ ਦੀ ਧਰਮ ਨਿਰਪੱਖਤਾ ਵਾਲੀ ਸੋਚ ‘ਤੇ ਕਾਇਮ ਹੈ। ਕਾਂਗਰਸ ਦਾ ਕਹਿਣਾ ਹੈ ਕਿ ਅਕਾਲੀ ਦਲ ਵੱਲੋਂ ਦੋਹਰੇ ਮਾਪਦੰਡ ਅਪਨਾਏ ਜਾ ਰਹੇ ਹਨ। ਇਕ ਪਾਸੇ ਮੌਕਾ ਮਿਲਦੇ ਹੀ 1984 ਦੇ ਸਿੱਖ ਕਤਲੇਆਮ ਦੀ ਨਿੰਦਾ ਕੀਤੀ ਜਾਂਦੀ ਹੈ ਅਤੇ ਵੋਟਾਂ ਖਾਤਰ ਸਿੱਖਾਂ ਦੇ ਜਜ਼ਬਾਤ ਨੂੰ ਕਾਂਗਰਸ ਖ਼ਿਲਾਫ਼ ਭੜਕਾਇਆ ਜਾਂਦਾ ਹੈ; ਦੂਜੇ ਪਾਸੇ ਗੁਜਰਾਤ ਦੰਗਿਆਂ ‘ਤੇ ਚੁੱਪ ਰਹਿਣ ਨੂੰ ਤਰਜੀਹ ਦਿੱਤੀ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਭਾਜਪਾ ਦੇ ਹਿੰਦੂਤਵ ਏਜੰਡੇ ਤੋਂ ਖਫ਼ਾ ਹੋ ਕੇ ਕੌਮੀ ਜਮਹੂਰੀ ਮੋਰਚੇ ਦੇ ਕਈ ਭਾਈਵਾਲ ਲਾਂਭੇ ਹੋ ਗਏ ਹਨ ਤੇ ਅਜੇ ਪਿਛਲੇ ਮਹੀਨੇ ਹੀ ਜਨਤਾ ਦਲ (ਯੂ) ਨੇ ਤੋੜ ਵਿਛੋੜਾ ਕੀਤਾ ਹੈ ਪਰ ਸ਼੍ਰੋਮਣੀ ਅਕਾਲੀ ਦਲ ਅਜੇ ਵੀ ਭਾਜਪਾ ਨਾਲ ਡਟ ਕੇ ਖੜ੍ਹਾ ਹੈ। ਭਾਜਪਾ ਨਾਲ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼ਿਵ ਸੈਨਾ ਤੋਂ ਬਿਨਾਂ ਹੋਰ ਕੋਈ ਤਕੜਾ ਭਾਈਵਾਲ ਨਹੀਂ ਰਿਹਾ। ਸਿੱਖ ਹਲਕਿਆਂ ਵੱਲੋਂ ਜ਼ੋਰ-ਸ਼ੋਰ ਨਾਲ ਮੰਗ ਕੀਤੀ ਜਾ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਭਾਜਪਾ ਦਾ ਸਾਥ ਛੱਡ ਦੇਣਾ ਚਾਹੀਦਾ ਹੈ, ਪਰ ਬਾਦਲ ਆਪਣੀਆਂ ਗਿਣਤੀਆਂ ਮਿਣਤੀਆਂ ਕਰਕੇ ਐਨæਡੀæਏæ ਨਾਲ ਡਟੇ ਹੋਏ ਹਨ।
ਪੰਜਾਬ ਕਾਂਗਰਸ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਪੁੱਛਿਆ ਹੈ ਕਿ ਕੀ ਅਕਾਲੀ ਦਲ ਮੋਦੀ ਦੇ ਹਿੰਦੂ ਰਾਸ਼ਟਰਵਾਦ ਜਾਂ ਇਕ ਧਾਰਮਿਕ ਰਾਜ ਦੀ ਸੋਚ ਦੀ ਹਮਾਇਤ ਕਰਦਾ ਹੈ? ਕੀ ਉਹ ਮੋਦੀ ਵੱਲੋਂ ਗੁਜਰਾਤ ਦੰਗਿਆਂ ਨੂੰ ਜਾਇਜ਼ ਠਹਿਰਾਉਣ ਦੀ ਹਮਾਇਤ ਕਰਦਾ ਹੈ? ਕੀ ਉਹ ਭਾਜਪਾ ਤੇ ਮੋਦੀ ਵੱਲੋਂ ਭਾਰਤ ਵਿਚ ਸਾਂਝੇ ਸਿਵਲ ਕੋਡ ਲਾਗੂ ਕੀਤੇ ਜਾਣ ਦੀ ਮੰਗ ਦੀ ਹਮਾਇਤ ਕਰਦਾ ਹੈ? ਕੀ ਉਹ ਸਿੱਖਾਂ ਲਈ ਲਾਗੂ ਕੀਤੇ ਅਨੰਦ ਮੈਰਿਜ ਐਕਟ ਨੂੰ ਅਯੋਗ ਕਰਾਰ ਹੋਣ ਦੇਣਗੇ? ਕੀ ਅਕਾਲੀ ਦਲ ਸੰਵਿਧਾਨ ਦੇ ਆਰਟੀਕਲ 25 ਵਿਚ ਸੋਧ ਕਰਦੇ ਹੋਏ ਸਿੱਖਾਂ ਲਈ ਅਲੱਗ ਪਛਾਣ ਦੀ ਮੰਗ ‘ਤੇ ਕਾਇਮ ਰਹਿਣਗੇ ਜਾਂ ਉਹ ਮੋਦੀ ਦੀ ਹਿੰਦੂ ਰਾਸ਼ਟਰਵਾਦੀ ਵਿਚਾਰਧਾਰਾ ਦੀ ਹਮਾਇਤ ਕਰਨਗੇ?
ਇਸ ਤਰ੍ਹਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਮੁੜ ਹਿੰਦੂਤਵ ਏਜੰਡਾ ਉਭਾਰੇ ਜਾਣ ਨਾਲ ਸ਼੍ਰੋਮਣੀ ਅਕਾਲੀ ਦਲ (ਬ) ਕਸੂਤਾ ਘਿਰ ਗਿਆ ਹੈ। ਜ਼ਿਕਰਯੋਗ ਹੈ ਕਿ ਚੁਫੇਰਿਉਂ ਮਾਰ ਪੈਣ ਤੋਂ ਬਾਅਦ ਭਾਜਪਾ ਵੱਲੋਂ ਇਸ ਵਾਰ ਲੋਕ ਸਭਾ ਚੋਣਾਂ ਦੌਰਾਨ ਦੋਹਰੀ ਰਣਨੀਤੀ ਅਪਨਾਈ ਜਾ ਰਹੀ ਹੈ। ਇਕ ਪਾਸੇ ਕਾਂਗਰਸ ਦੀਆਂ ਆਰਥਿਕ ਨਾਕਾਮੀਆਂ ਨੂੰ ਮੁੱਦਾ ਬਣਾਇਆ ਜਾ ਰਿਹਾ ਹੈ, ਦੂਜੇ ਪਾਸੇ ਹਿੰਦੂਤਵ ਦੇ ਚਿਹਰੇ ਵਜੋਂ ਜਾਣੇ ਜਾਂਦੇ ਗੁਜਰਾਤ ਦੇ ਮੁੱਖ ਮੰਤਰੀ ਨਰੇਂਦਰ ਮੋਦੀ ਨੂੰ ਉਭਾਰ ਕੇ ਕੱਟੜ ਵੋਟ ਬੈਂਕ ਨੂੰ ਭਰਮਾਇਆ ਜਾ ਰਿਹਾ ਹੈ ਅਤੇ ਭਾਜਪਾ ਦਾ ਹਿੰਦੂਤਵ ਏਜੰਡਾ ਪੰਜਾਬ ਵਿਚ ਬਾਦਲਾਂ ਲਈ ਸਿਰਦਰਦੀ ਖੜ੍ਹੀ ਕਰ ਰਿਹਾ ਹੈ।
ਕਾਂਗਰਸ ਨੇ ਦੇਸ਼ ਦੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਭਾਜਪਾ ਦੀ ਕੌਮੀ ਪਾਰਟੀ ਵਜੋਂ ਮਾਨਤਾ ਰੱਦ ਕੀਤੀ ਜਾਵੇ ਕਿਉਂਕਿ ਮੋਦੀ ਦੇ ਬਿਆਨ ਨੇ ਸਪੱਸ਼ਟ ਤੌਰ ‘ਤੇ ਰੀਪਰਜ਼ੈਂਟੇਸ਼ਨ ਆਫ ਪੀਪਲ ਐਕਟ, 1951 ਦੇ ਸੈਕਸ਼ਨ 291 ਦੇ ਸਬ ਸੈਕਸ਼ਨ (5) ਦੀ ਉਲੰਘਣਾ ਕੀਤੀ ਹੈ। ਇਸ ਸੈਕਸ਼ਨ ਅਨੁਸਾਰ ਹਰ ਪਾਰਟੀ ਨੂੰ ਹੋਰ ਕਦਰਾਂ ਕੀਮਤਾਂ ਦੇ ਨਾਲ ਹੀ ਧਰਮ ਨਿਰਪੱਖਤਾ ਨੂੰ ਕਾਇਮ ਰੱਖਣ ਦੀ ਭਾਰਤ ਦੇ ਸੰਵਿਧਾਨ ਪ੍ਰਤੀ ਸਹੁੰ ਚੁੱਕਣੀ ਪੈਂਦੀ ਹੈ ਜਦਕਿ ਭਾਜਪਾ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਹੁੰਦੇ ਹੋਏ ਸ੍ਰੀ ਮੋਦੀ ਨੇ ਖ਼ੁਦ ਨੂੰ ਹਿੰਦੂ ਰਾਸ਼ਟਰਵਾਦੀ ਤੇ ਆਪਣੀ ਵਿਚਾਰਧਾਰਾ ਨੂੰ ਹਿੰਦੂ ਰਾਸ਼ਟਰ ਵਾਲੀ ਕਰਾਰ ਦੇ ਕੇ ਉਪਰੋਕਤ ਸੈਕਸ਼ਨ ਦੀ ਉਲੰਘਣਾ ਕੀਤੀ ਹੈ।
Leave a Reply