ਬਾਦਲਾਂ ਨੂੰ ਵੰਗਾਰਨ ਲਈ ਫਿਰ ਸਫਬੰਦੀ

ਪੀæਪੀæਪੀæ ਤੇ ਕਾਂਗਰਸ ਇਕੋ ਪਟੜੀ ‘ਤੇ ਚੜ੍ਹੀਆਂ
ਅਕਾਲੀ ਧੜੇ ਏਕਤਾ ਲਈ ਅਹੁਲੇ
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿਚ ਬਾਦਲਾਂ ਨੂੰ ਵੰਗਾਰਨ ਲਈ ਸਿਆਸੀ ਜੋੜ-ਤੋੜ ਸ਼ੁਰੂ ਹੋ ਗਿਆ ਹੈ। ਇਕ ਪਾਸੇ ਕਾਂਗਰਸ ਵਲੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਹੋਈਆਂ ਗਲਤੀਆਂ ਨੂੰ ਸੁਧਾਰਨ ਦਾ ਯਤਨ ਕਰਦਿਆਂ ਬਾਦਲ ਪਰਿਵਾਰ ਵਿਚੋਂ ਹੀ ਬਗਾਵਤ ਕਰ ਕੇ ਆਪਣੇ ਸ਼ਰੀਕਾਂ ਨਾਲ ਟੱਕਰ ਲੈ ਰਹੇ ਮਨਪ੍ਰੀਤ ਸਿੰਘ ਬਾਦਲ ਦੀ ਪੀਪਲਜ਼ ਪਾਰਟੀ ਆਫ ਪੰਜਾਬ (ਪੀæਪੀæਪੀæ) ਨੂੰ ਨੇੜੇ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਬਾਦਲਾਂ ਨੂੰ ਪੰਥਕ ਮੁੱਦਿਆਂ ‘ਤੇ ਘੇਰਨ ਲਈ ਸ਼੍ਰੋਮਣੀ ਅਕਾਲੀ ਦਲ (ਅ) ਸਣੇ ਹੋਰ ਅਕਾਲੀ ਦਲ ਇਕ ਮੰਚ ‘ਤੇ ਇਕੱਠੇ ਹੋਣ ਲਈ ਹੰਭਲਾ ਮਾਰ ਰਹੇ ਹਨ।
ਮੀਡੀਆ ਰਿਪੋਰਟਾਂ ਅਨੁਸਾਰ ਬਾਦਲਾਂ ਨੂੰ ਟੱਕਰ ਦੇਣ ਲਈ ਕਾਂਗਰਸ ਅਤੇ ਪੀਪਲਜ਼ ਪਾਰਟੀ ਵਿਚਾਲੇ ਚੋਣ ਸਮਝੌਤਾ ਤਕਰੀਬਨ ਸਿਰੇ ਚੜ੍ਹ ਗਿਆ ਹੈ ਪਰ ਕਾਂਗਰਸ ਅਤੇ ਪੀæਪੀæਪੀæ ਦੇ ਮੁਖੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਇਸ ਬਾਰੇ ਖੁੱਲ੍ਹ ਕੇ ਕੁਝ ਨਹੀਂ ਕਿਹਾ ਜਾ ਰਿਹਾ। ਸੂਤਰਾਂ ਅਨੁਸਾਰ ਪੀਪਲਜ਼ ਪਾਰਟੀ ਨੂੰ ਬਠਿੰਡਾ ਤੇ ਫ਼ਤਿਹਗੜ੍ਹ ਸਾਹਿਬ ਦੀਆਂ ਦੋ ਲੋਕ ਸਭਾ ਸੀਟਾਂ ਛੱਡੇ ਜਾਣ ਬਾਰੇ ਦੋਵਾਂ ਪਾਰਟੀਆਂ ਵਿਚਾਲੇ ਸਹਿਮਤੀ ਬਣ ਗਈ ਹੈ ਜਦਕਿ ਫ਼ਰੀਦਕੋਟ ਲੋਕ ਸਭਾ ਸੀਟ ਪੀਪਲਜ਼ ਪਾਰਟੀ ਲਈ ਛੱਡਣ ਬਾਰੇ ਗੱਲਬਾਤ ਜਾਰੀ ਹੈ। ਸੂਤਰਾਂ ਅਨੁਸਾਰ ਦੋਹਾਂ ਪਾਰਟੀਆਂ ਵਿਚਾਲੇ ਅਜੇ ਇਹ ਤੈਅ ਹੋਣਾ ਬਾਕੀ ਹੈ ਕਿ ਪੀਪਲਜ਼ ਪਾਰਟੀ ਦੇ ਉਮੀਦਵਾਰ ਪਤੰਗ ਦੇ ਨਿਸ਼ਾਨ ‘ਤੇ ਚੋਣਾਂ ਲੜਨਗੇ ਜਾਂ ਫਿਰ ਉਨ੍ਹਾਂ ਨੂੰ ਕਾਂਗਰਸ ਦੇ ਚੋਣ ਨਿਸ਼ਾਨ ਪੰਜੇ ‘ਤੇ ਚੋਣ ਲੜਾਈ ਜਾਵੇਗੀ। ਕਾਂਗਰਸ ਵੱਲੋਂ ਪੀਪਲਜ਼ ਪਾਰਟੀ ਦੇ ਉਮੀਦਵਾਰਾਂ ਨੂੰ ਵੀ ਪੰਜੇ ਦੇ ਨਿਸ਼ਾਨ ‘ਤੇ ਚੋਣ ਲੜਾਉਣ ਲਈ ਜ਼ੋਰ ਪਾਇਆ ਜਾ ਰਿਹਾ ਹੈ ਜਦਕਿ ਪੀਪਲਜ਼ ਪਾਰਟੀ ਪਤੰਗ ਦੇ ਨਿਸ਼ਾਨ ‘ਤੇ ਚੋਣ ਲੜਨ ਦੀ ਚਾਹਵਾਨ ਹੈ।
ਸੂਤਰਾਂ ਅਨੁਸਾਰ ਪੀਪਲਜ਼ ਪਾਰਟੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ 28 ਜੁਲਾਈ ਨੂੰ ਦਿੱਲੀ ਵਿਚ ਆਲ ਇੰਡੀਆ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਜਨਰਲ ਸਕੱਤਰ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਜਾਣਗੇ ਜਿਥੇ ਉਹ ਸ੍ਰੀਮਤੀ ਗਾਂਧੀ ਨੂੰ ਪੰਜਾਬ ਦੇ ਤਾਜ਼ਾ ਸਿਆਸੀ ਹਾਲਾਤ ਤੋਂ ਜਾਣੂ ਕਰਵਾਉਣਗੇ। ਉਨ੍ਹਾਂ ਬਠਿੰਡਾ ਤੋਂ ਸਮਝੌਤੇ ਤਹਿਤ ਚੋਣ ਲੜਨ ਦੇ ਸੰਕੇਤ ਵੀ ਦਿੱਤੇ ਹਨ। ਉਹ ਹੁਣ ਸਾਂਝੇ ਮੋਰਚੇ ਵਿਚ ਸਾਂਝੀ ਰਾਏ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਂਜ, ਪੀæਪੀæਪੀæ ਦੇ ਬਹੁਤੇ ਆਗੂਆਂ ਦਾ ਮੰਨਣਾ ਹੈ ਕਿ ਖੱਬੀਆਂ ਪਾਰਟੀਆਂ ਜੇ ਸਿਆਸੀ ਮਜਬੂਰੀਵੱਸ ਨਾਲ ਨਹੀਂ ਤੁਰਦੀਆਂ ਤਾਂ ਵੀ ਕਾਂਗਰਸ ਨਾਲ ਰਲ ਕੇ ਚੋਣ ਲੜਨ ਵਿਚ ਕੋਈ ਹਰਜ ਨਹੀਂ ਹੈ। ਪੀæਪੀæਪੀæ ਆਗੂਆਂ ਦੀ ਰਾਏ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀਆਂ ਦੀਆਂ ਚੋਣਾਂ ਕਾਂਗਰਸ ਨਾਲ ਰਲ ਕੇ ਲੜਨ ਵਿਚ ਫਾਇਦਾ ਰਿਹਾ ਹੈ। ਪੰਚਾਇਤ ਚੋਣਾਂ ਵਿਚ ਵੀ ਕਾਂਗਰਸ ਨਾਲ ਰਜ਼ਾਮੰਦੀ ਕਾਰਗਰ ਸਾਬਤ ਹੋਈ ਹੈ। ਇਸ ਬਾਰੇ ਭਾਰਤੀ ਕਮਿਊਨਿਸਟ ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ ਬੰਤ ਬਰਾੜ ਦਾ ਕਹਿਣਾ ਹੈ ਕਿ ਅਜਿਹਾ ਨਹੀਂ ਲੱਗਦਾ ਕਿ ਮਨਪ੍ਰੀਤ ਬਾਦਲ ਉਨ੍ਹਾਂ ਨਾਲੋਂ ਅਲੱਗ ਹੋ ਕੇ ਤੁਰੇ, ਪਰ ਉਨ੍ਹਾਂ ਦੀ ਪਾਰਟੀ ਕੇਂਦਰੀ ਕਮੇਟੀ ਦੀਆਂ ਹਦਾਇਤਾਂ ਦੀ ਪਾਲਣ ਕਰਨ ਦੀ ਪਾਬੰਦ ਹੈ।
ਉਧਰ, ਬਾਦਲਾਂ ਖਿਲਾਫ਼ ਮੁੜ ਮੋਰਚਾ ਖੋਲ੍ਹਦਿਆਂ ਵੱਖ-ਵੱਖ ਅਕਾਲੀ ਦਲਾਂ ਨੇ ਸਾਂਝੇ ਮੰਚ ‘ਤੇ ਇਕੱਠੇ ਹੋਣ ਦੀ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਤਹਿਤ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਿਚਾਲੇ ਮੀਟਿੰਗ ਹੋਈ। ਮੀਟਿੰਗ ਵਿਚ ਸਿੱਖ ਵਿਦਵਾਨਾਂ ਦੀ ਕਾਨਫਰੰਸ ਸੱਦਣ ਦਾ ਫੈਸਲਾ ਵੀ ਕੀਤਾ ਗਿਆ ਤਾਂ ਜੋ ਭਵਿੱਖ ਵਿਚ ਪੰਥਕ ਏਜੰਡੇ ਮੁਤਾਬਕ ਪ੍ਰੋਗਰਾਮ ਉਲੀਕਿਆ ਜਾ ਸਕੇ।
ਸ਼ ਸਰਨਾ ਅਨੁਸਾਰ ਉਨ੍ਹਾਂ ਸਿੱਖ ਵਿਦਵਾਨਾਂ ਦੀ ਕੌਂਸਲ ਬਣਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਇਕ ਘੱਟੋ ਘੱਟ ਸਾਂਝੇ ਪ੍ਰੋਗਰਾਮ ਤਹਿਤ ਵੱਖ ਵੱਖ ਅਕਾਲੀ ਦਲਾਂ ਨੂੰ ਇਕ ਮੰਚ ‘ਤੇ ਇਕੱਠੇ ਕੀਤਾ ਜਾ ਸਕੇ। ਘੱਟੋ ਘੱਟ ਸਾਂਝਾ ਪ੍ਰੋਗਰਾਮ ਉਲੀਕੇ ਜਾਣ ਨਾਲ ਸਮੂਹ ਅਕਾਲੀ ਦਲਾਂ ਦੇ ਆਪਸੀ ਮਤਭੇਦ ਘਟ ਜਾਣਗੇ ਤੇ ਸਾਰੇ ਇਸ ਸਾਂਝੇ ਪ੍ਰੋਗਰਾਮ ਨੂੰ ਲੈ ਕੇ ਇਕ ਮੰਚ ‘ਤੇ ਇਕੱਠੇ ਹੋ ਸਕਣਗੇ। ਉਨ੍ਹਾਂ ਆਸ ਪ੍ਰਗਟਾਈ ਹੈ ਕਿ ਲੋਕ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਸਖ਼ਤ ਟੱਕਰ ਦੇਣ ਲਈ ਸਾਰੇ ਅਕਾਲੀ ਦਲ ਇਕ ਮੰਚ ‘ਤੇ ਇਕੱਠੇ ਹੋ ਜਾਣਗੇ। ਜੇ ਸਭ ਕੁਝ ਯੋਜਨਾਬੱਧ ਢੰਗ ਨਾਲ ਹੋਇਆ ਤਾਂ ਅਗਲੇ ਮਹੀਨੇ ਤੱਕ ਇਹ ਸਾਂਝਾ ਫੋਰਮ ਸਾਹਮਣੇ ਆ ਜਾਵੇਗਾ।
ਜ਼ਿਕਰਯੋਗ ਹੈ ਕਿ ਵੱਖ ਵੱਖ ਅਕਾਲੀ ਦਲਾਂ ਨੂੰ ਇਕ ਮੰਚ ‘ਤੇ ਲਿਆਉਣ ਲਈ ਇਹ ਮੁਹਿੰਮ ਸ਼੍ਰੋਮਣੀ ਅਕਾਲੀ ਦਲ (ਅ) ਅਤੇ ਆਲ ਇੰਡੀਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸੇ ਵਰ੍ਹੇ ਸ਼ੁਰੂ ਕੀਤੀ ਗਈ ਸੀ। ਆਲ ਇੰਡੀਆ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਜਸਵੰਤ ਸਿੰਘ ਮਾਨ ਨੇ ਆਪਣੀ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ (ਅ) ਵਿਚ ਰਲੇਵਾਂ ਕਰ ਦਿੱਤਾ ਸੀ। ਮਗਰੋਂ ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਅਤੇ ਸਿੱਖ ਵਿਦਵਾਨ ਮਨਜੀਤ ਸਿੰਘ ਕਲਕੱਤਾ ਨਾਲ ਵੀ ਮਈ ਮਹੀਨੇ ਮੁਲਾਕਾਤ ਕੀਤੀ ਸੀ ਅਤੇ ਸ਼ ਕਲਕੱਤਾ ਨੂੰ ਜਥੇਬੰਦੀ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਇਸ ਦੌਰਾਨ ਦੋਵਾਂ ਵੱਲੋਂ ਅਕਾਲੀ ਦਲ 1920 ਨਾਲ ਆਪਸੀ ਏਕਤਾ ਬਾਰੇ ਗੱਲਬਾਤ ਕੀਤੀ ਗਈ ਹੈ ਤੇ ਹਾਲ ਹੀ ਵਿਚ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨਾਲ ਵੀ ਇਨ੍ਹਾਂ ਆਗੂਆਂ ਨੇ ਕਸੌਲੀ ਵਿਖੇ ਮੁਲਾਕਾਤ ਕੀਤੀ। ਸ਼ ਜਸਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਸਮੂਹ ਅਕਾਲੀ ਦਲਾਂ ਨੂੰ ਇਕ ਮੰਚ ‘ਤੇ ਇਕੱਠੇ ਕਰਨ ਦਾ ਕਾਰਜ 30 ਨਵੰਬਰ ਤੋਂ ਪਹਿਲਾਂ ਮੁਕੰਮਲ ਹੋ ਜਾਵੇਗਾ। ਇਸ ਸੂਰਤ ਵਿਚ ਉਹ 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਅੰਮ੍ਰਿਤਸਰ ਵਿਚ ਕਾਨਫਰੰਸ ਕਰਨਗੇ ਜਿਸ ਵਿਚ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ।

Be the first to comment

Leave a Reply

Your email address will not be published.