ਪੰਜਾਬੀ ਰੰਗਮੰਚ ਦਾ ਮੰਚ ਅਤੇ ਰਵਾਇਤ

ਡਾ. ਸਾਹਿਬ ਸਿੰਘ
ਫੋਨ: +91-98880-11096
ਸਾਡੇ ਪੰਜਾਬੀ ਰੰਗਮੰਚ ਕੋਲ ਰੰਗਮੰਚ ਦੀ ਉਸ ਤਰ੍ਹਾਂ ਦੀ ਪਰੰਪਰਾ ਨਹੀਂ ਹੈ, ਜਿਵੇਂ ਦੀ ਬਾਕੀ ਹੋਰ ਬਹੁਤ ਸਾਰੀਆਂ ਭਾਸ਼ਾਵਾਂ ਕੋਲ ਹੈ, ਫਿਰ ਵੀ ਇਸ ਵਿਧਾ ਨੂੰ ਅਪਨਾਇਆ, ਹੰਢਾਇਆ, ਜੋਬਨ ਤਕ ਪਹੁੰਚਾਇਆ, ਗੌਲਣਯੋਗ ਕਾਰਗੁਜ਼ਾਰੀ ਕੀਤੀ। ਅਸੀਂ ਬਾਲ ਵਿਆਹ ਦਾ ਵਿਰੋਧ ਕੀਤਾ। ਅਸੀਂ ਪੁਨਰ ਵਿਆਹ ਦਾ ਪੱਖ ਪੂਰਿਆ। ਅਸੀਂ ਬੇਜੋੜ ਰਿਸ਼ਤਿਆਂ ਦਾ ਸੱਚ ਉਜਾਗਰ ਕੀਤਾ। ਅਸੀਂ ਦਿਲਾਂ ‘ਚ ਧੁਖਦੇ ਅਰਮਾਨ ਦਾ ਸੇਕ ਆਪਣੇ ਦਰਸ਼ਕ ਤਕ ਪਹੁੰਚਾਇਆ। ਅਸੀਂ ਵਿਦਰੋਹ ਦਾ ਝੰਡਾ ਚੁੱਕਿਆ।

ਤਸਵੀਰ ਦਾ ਤੀਜਾ ਪਾਸਾ ਵੀ ਦਿਖਾਇਆ। ਅਸੀਂ ਸਪਾਰਟਕਸ ਵਰਗੇ ਬਾਗੀਆਂ ਦੇ ਗੀਤ ਗਾਏ। ਅਸੀਂ ਇਤਿਹਾਸ ਦੇ ਸਫਿਆਂ ‘ਤੇ ਦਰਜ ਬੁਲੰਦੀ ਦੇ ਕਿੱਸੇ ਛੋਹੇ। ਅਸੀਂ ਮਿਥਿਹਾਸ ‘ਚ ਪਏ ਧਰਮ ਗੁਰੂਆਂ ਦੀ ਕਹਾਣੀ ਮਾਨਵੀ ਕੋਣ ਤੋਂ ਕਹੀ। ਅੱਜ ਦਾ ਪਾਖੰਡ ਨੰਗਾ ਕੀਤਾ। ਬੁੱਧ ਨੂੰ ਯੁੱਧ ਦੇ ਅੰਗ ਸੰਗ ਰਹਿਣ ਦਾ ਹੋਕਾ ਦਿੱਤਾ। ਜ਼ਖਮਾਂ ਦੀ ਬਾਤ ਪਾਈ। ਅੰਨ੍ਹੇ ਨਿਸ਼ਾਨਚੀਆਂ ਦੇ ਚਿਹਰਿਆਂ ਤੋਂ ਮਖੌਟੇ ਲਾਹੇ। ਸੰਮਾਂ ਵਾਲੀ ਡਾਂਗ ਵੀ ਖੜਕਾਈ। ਗੱਡੀ ਚੜ੍ਹਨ ਵਾਲਿਆਂ ਦੀ ਕਾਹਲ ਦਾ ਹਨੇਰ ਪੱਖ ਵੀ ਪੇਸ਼ ਕੀਤਾ। ਸਾਡੇ ਨਾਟਕਾਂ ‘ਚ ਦੇਵ ਪੁਰਸ਼ ਹਾਰੇ। ਮਨੁੱਖ ਤੋਂ ਮਨੁੱਖ ਵਿਚਲਾ ਫਾਸਲਾ ਅਸੀਂ ਪ੍ਰਤੱਖ ਵਿਖਾਇਆ। ਕੁਦੇਸਣਾਂ ਦਾ ਦਰਦ ਬਿਆਨ ਕੀਤਾ। ਅਣਜੰਮੀਆਂ ਧੀਆਂ ਦਾ ਰੁਦਨ ਮੰਚ ‘ਤੇ ਲੈ ਕੇ ਆਏ। ਚਾਂਦਨੀ ਚੌਕ ਦੀ ਗਾਥਾ ਵੀ ਸੁਣਾਈ। ਸਰਹਿੰਦ ਦਾ ਦਰਦ ਵੀ ਗਾਇਆ। ਬਾਬੇ ਨਾਨਕ ਦੇ ਪੱਲੇ ਬੱਧੇ ਸੱਚ ਦੀ ਕਹਾਣੀ ਵੀ ਸੁਣਾਈ। ਕੋਰਟ ਮਾਰਸ਼ਲ ਕਿਵੇਂ ਹੁੰਦੇ ਹਨ, ਕਿਉਂ ਹੁੰਦੇ ਹਨ, ਕਿਸ ਦੇ ਹੁੰਦੇ ਹਨ, ਪੰਜਾਬੀ ਰੰਗਮੰਚ ਬੋਲਦਾ ਗਿਆ। ਬਾਬਾ ਬੋਲਿਆ… ਖ਼ੂਬ ਬੋਲਿਆ! ਚੁਰਾਸੀ ਦਾ ਦਰਦ ਬੁੱਲ੍ਹਾਂ ਉਤੇ ਆਇਆ। ਬੰਦ ਕਮਰਿਆਂ ਨੂੰ ਲਲਕਾਰਿਆ। ਕੁਰਸੀ ਅਤੇ ਮੋਰਚੇ ਦੇ ਦਰਮਿਆਨ ਲਟਕਦੇ ਲੋਕਾਂ ਨੂੰ ਜ਼ੁਬਾਨ ਬਖਸ਼ਣ ਦੀ ਕੋਸਿ਼ਸ਼ ਕੀਤੀ। ਅਸੀਂ ਕੀ ਨਹੀਂ ਕੀਤਾ, ਪਰ ਕੁਝ ਰਹਿ ਗਿਆ, ਆਓ! ਗੁਨਾਹ ਕਬੂਲ ਕਰੀਏ।
ਅੱਜ ਫੇਸਬੁੱਕ ਇੰਸਟਾਗ੍ਰਾਮ ਦਾ ਜ਼ਮਾਨਾ ਹੈ। ਵਿਚਾਰਾਂ ਦਾ ਪਰਵਾਹ ਚਲਦਾ ਹੈ, ਬੇਰੋਕ ਟੋਕ, ਲਗਾਤਾਰ। ਤੁਸੀਂ ਦਿਨ ਦੇ ਕਿਸੇ ਵੀ ਸਮੇਂ ਸੋਸ਼ਲ ਮੀਡੀਆ ਖੋਲ੍ਹੋ, ਕੋਈ ਨਾ ਕੋਈ ਵਿਚਾਰ ਉਤੇਜਕ ਟਿੱਪਣੀ ਪੜ੍ਹਨ ਨੂੰ ਮਿਲ ਜਾਏਗੀ। ਉਨ੍ਹਾਂ ਸਾਰੇ ਵਿਸ਼ਿਆਂ ਬਾਰੇ ਜਿਨ੍ਹਾਂ ਨੂੰ ਪੰਜਾਬੀ ਰੰਗਮੰਚ ਪਿਛਲੇ ਲਗਪਗ ਸੌ ਸਾਲ ਤੋਂ ਰੂ-ਬ-ਰੂ ਹੋ ਰਿਹਾ ਸੀ, ਪਰ ਹੁਣ ਉਹ ਤੁਹਾਨੂੰ ਗਾਲ੍ਹ ਕੱਢਣ ਤਕ ਜਾਂਦੇ ਹਨ। ਕਿਸੇ ਇਕ ਗੱਲ ‘ਤੇ ਨਹੀਂ, ਹਰ ਗੱਲ, ਹਰ ਮਸਲੇ ‘ਤੇ। ਰੰਗਮੰਚ ਦੀ ਇਨਸਾਨੀ ਬਿਰਤੀ ਨੂੰ ‘ਨਰਮ’, ‘ਨਚਾਰ’, ‘ਡਰਾਮੇਬਾਜ਼’ ਜਿਹੇ ਵਿਸ਼ੇਸ਼ਣਾਂ ਨਾਲ ਨਿਵਾਜਿਆ ਜਾ ਰਿਹਾ ਹੈ। ਕਿਉਂ?
ਰੰਗਮੰਚ ਬਰਾਬਰੀ ਚਾਹੁੰਦਾ ਹੈ, ਹਰ ਤਰ੍ਹਾਂ ਦੀ ਬਰਾਬਰੀ ਪਰ ਜਿਸ ਜੱਟਵਾਦ ਨੂੰ ਅਸੀਂ ਹੌਲੀ-ਹੌਲੀ ਸਹਿਜੇ ਸਹਿਜੇ ਮਨੁੱਖਵਾਦ ਵੱਲ ਤੋਰਨ ਦੀ ਕੋਸ਼ਿਸ਼ ਕਰ ਰਹੇ ਸੀ, ਉਹ ਜੱਟਵਾਦ ਹੁਣ ਫਿਰ ਅੱਖਾਂ ਦਿਖਾਉਂਦਾ ਹੈ। ਰੰਗਮੰਚ ਦਲਿਤ ਦਾ ਦਰਦ ਛੂੰਹਦਾ ਹੈ ਤਾਂ ਅਜੋਕੇ ‘ਕੌਮ ਦੇ ਆਗੂ’ ਗਾਲ੍ਹ ਕੱਢਦੇ ਹਨ। ਕੋਈ ਸੰਵੇਦਨਸ਼ੀਲ ਕਵਿਤਰੀ ਤਰਲਾ ਮਾਰਦੀ ਹੈ ਕਿ ਕਿਸਾਨੀ ਮੋਰਚਾ ਹਕੂਮਤ ਖਿਲਾਫ ਹੈ, ਸਿਰਫ ਦਿੱਲੀ ਖਿਲਾਫ ਨਹੀਂ। ਉਹ ਇਤਰਾਜ਼ ਕਰਦੀ ਹੈ ਕਿ ਦਿੱਲੀ ਨੂੰ ਲਾੜੀ ਬਣਾ ਕੇ ਵਿਆਹ ਦਾ ਸੱਦਾ ਪੱਤਰ ਕਿਉਂ ਲਿਖਿਆ ਗਿਆ ਹੈ… ਇਹ ਮਰਦਾਵੀਂ ਧੌਂਸ ਹੈ, ਔਰਤ ਦਾ ਅਪਮਾਨ ਹੈ; ਤਾਂ ਫੇਸਬੁੱਕ, ਇੰਸਟਾਗ੍ਰਾਮ ਉਸ ਦੀ ਖਿੱਲੀ ਉਡਾਉਂਦਾ ਹੈ, ਕੋਝੇ ਮਜ਼ਾਕ ਕਰਦਾ ਹੈ ਤੇ ਮਜ਼ਾਕ ਕਰਨ ਵਾਲਿਆਂ ਵਿਚ ਫੇਕ ਆਈ.ਡੀ. ਹੀ ਨਹੀਂ ਹੈ, ਸਾਡੇ ‘ਆਪਣੇ’ ਵੀ ਹਨ। ਬਾਬੇ ਨਾਨਕ ਦੇ ਨਾਮਲੇਵਾ ਵੀ ਹਨ। ਰੰਗਮੰਚ ਉਸ ਕਵਿਤਰੀ ਦੀ ਗੱਲ ਦੀ ਪ੍ਰੋੜਤਾ ਕਰਦਾ ਹੈ ਤਾਂ ਉਹ ਰੰਗਕਰਮੀਆਂ ਨੂੰ ਠਿੱਠ ਕਰਦੇ ਹਨ ਤੇ ਠਹਾਕਾ ਮਾਰ ਕੇ ਕਹਿੰਦੇ ਹਨ, ‘ਯਾਰ ਇੰਨਾ ਕੁ ਤਾਂ ਹੱਸਣ ਖੇਡਣ ਦਿਆ ਕਰੋ।’ ਆਓ! ਗੁਨਾਹ ਕਬੂਲ ਕਰੀਏ ਕਿ ਇੰਨੇ ਸਾਲਾਂ ਵਿਚ ਸਾਨੂੰ ਹੱਸਣ ਖੇਡਣ ਲਈ ਕੋਈ ਹੋਰ ਖਿਡੌਣਾ ਨਹੀਂ ਮਿਲਿਆ। ਅਵਾਮ ਦੇ ਦਿਲਾਂ ‘ਚ ਅਜੇ ਵੀ ਰੰਗਮੰਚ ਨਹੀਂ, ‘ਪਟਾਕੇ ਪਾਉਣ’, ‘ਕੱਢ ਕੇ ਲੈ ਜਾਣ’, ‘ਕਬਜ਼ਾ ਕਰਨ’, ‘ਪ੍ਰਾਹੁਣਾ ਬਣ ਟੱਕਰਨ’ ਵਾਲੇ ਹੀ ਰਾਜ ਕਰਦੇ ਹਨ। ਕਿਤੇ ਤਾਂ ਕਮੀ ਰਹਿ ਗਈ ਹੈ।
ਕੀ ਅਸੀਂ ਸੁਰੱਖਿਅਤ ਘੇਰੇ ‘ਚ ਹੀ ਵਿਚਰਦੇ ਰਹੇ। ਕੀ ਅਸੀਂ ਚੱਜ ਨਾਲ ਆਪਣੀ ਗੱਲ ਲੋਕਾਂ ਨੂੰ ਸਮਝਾ ਨਹੀਂ ਸਕੇ। ਕੀ ਸਾਡੀ ਚੇਤੰਨ ਕਰਨ ਵਾਲੀ ਸੁਰ ਰਾਜਸੀ ਤੇ ਫਿਰਕੂ ਤਾਕਤਾਂ ਨੂੰ ਭੈਅਭੀਤ ਕਰ ਗਈ ਤੇ ਉਹ ਆਪਣੇ ਪੈਸੇ ਅਤੇ ਤਾਕਤ ਦੇ ਜ਼ੋਰ ਉਲਟ ਸੱਭਿਆਚਾਰ ਨੂੰ ਹੱਲਾਸ਼ੇਰੀ ਦੇਣ ਲੱਗ ਪਏ ਕਿ ਸਾਨੂੰ ਪਿੱਛੇ ਧੱਕਿਆ ਜਾ ਸਕੇ। ਕੀ ਅਸੀਂ ਵੱਡੇ ਪੱਧਰ ‘ਤੇ ਖਤਰੇ ਸਹੇੜਨੋਂ ਡਰਦੇ ਰਹੇ ਤੇ ਸਹਿੰਦੇ ਸਹਿੰਦੇ ਹੀ ਵਿਚਰਦੇ ਰਹੇ। ਕਾਰਨ ਕਈ ਹਨ ਪਰ ਇਹ ਸੱਚ ਹੈ ਕਿ ਪੰਜਾਬ ਵਿਚ ਥਾਂ ਥਾਂ ਤਰਕਸ਼ੀਲ ਨਾਟਕ ਖੇਡਣ ਦੇ ਬਾਵਜੂਦ ਕੁਤਰਕ ਵਧਿਆ ਹੈ। ਥਾਂ-ਥਾਂ ਇਨਕਲਾਬੀ ਪ੍ਰਤੀਬੱਧਤਾ ਵਾਲਾ ਰੰਗਮੰਚ ਪੇਸ਼ ਕਰਨ ਦੇ ਬਾਵਜੂਦ ਅੱਜ ਇਨਕਲਾਬ ਦੀ ਗੱਲ ਮਜ਼ਾਕ ਵਾਂਗ ਪ੍ਰਚਾਰੀ ਜਾ ਰਹੀ ਹੈ। ਸ਼ਾਇਦ ਤੁਹਾਨੂੰ ਖ਼ਤਰਾ ਮਹਿਸੂਸ ਨਾ ਹੋ ਰਿਹਾ ਹੋਵੇ, ਪਰ ਮੈਂ ਦੇਖ ਰਿਹਾ ਹਾਂ ਕਿ ਰੰਗਮੰਚ ਦੇ ਲੋਕ ਪੱਖੀ ਕਿਰਦਾਰ ਖਿਲਾਫ ਇਕ ਲੁਕਵੀਂ ਸਾਜਿ਼ਸ਼ ਆਰੰਭੀ ਜਾ ਚੁੱਕੀ ਹੈ ਤੇ ਉਹ ‘ਸਾਡੇ ਆਪਣਿਆਂ’ ਨੇ ਹੀ ਆਰੰਭੀ ਹੈ। ਜੇ ਅਸੀਂ ਚੇਤੰਨ ਨਾ ਹੋਏ ਤਾਂ ਗੁਨਾਹਗਾਰ ਹੋਵਾਂਗੇ।
ਰੰਗਮੰਚ ਹੇਠਲੀ ਉੱਤੇ ਕਰਨ ‘ਚ ਵਿਸ਼ਵਾਸ ਰੱਖਦਾ ਹੈ। ਜੋ ਸਦੀਆਂ ਤੋਂ ਗਲਤ ਹੋ ਰਿਹਾ ਹੈ, ਉਸ ਨੂੰ ਟੱਕਰ ਦੇਣ ਦੀ ਕੋਸਿ਼ਸ਼ ਕਰਦਾ ਹੈ। ਇਸ ਟੱਕਰ ਲਈ ਰੰਗਮੰਚ ਜਿਹੜੀ ਭਾਸ਼ਾ ਵਰਤਦਾ ਹੈ, ਉਹ ਤਿੱਖੀ ਵੀ ਹੋਏਗੀ ਤੇ ਨੁਕੀਲੀ ਵੀ। ਇੱਥੋਂ ਧਰਮ, ਸਮਾਜ, ਰਵਾਇਤਾਂ ਦੇ ਠੇਕੇਦਾਰਾਂ ਦੀ ਤਕਲੀਫ ਸ਼ੁਰੂ ਹੁੰਦੀ ਹੈ। ਦਲਿਤ ਭਾਈਚਾਰੇ ਦੀ ਬਗਾਵਤ ਦੀ ਗੱਲ ਕਰੋਗੇ ਤਾਂ ਉਨ੍ਹਾਂ ਨੂੰ ਇਕਦਮ ਸਦੀਆਂ ਦੀ ਸਾਂਝ ਟੁੱਟਦੀ ਨਜ਼ਰ ਆਉਣ ਲੱਗ ਪੈਂਦੀ ਹੈ। ਔਰਤ ਦੀ ਆਜ਼ਾਦ ਹਸਤੀ ਦੀ ਗੱਲ ਕਰੋਗੇ ਤਾਂ ਉਨ੍ਹਾਂ ਨੂੰ ਪਰਿਵਾਰ ਟੁੱਟਦੇ ਦਿਸਣ ਲੱਗ ਪੈਂਦੇ ਹਨ। ਧਾਰਮਿਕ ਪਾਖੰਡਵਾਦ ਨੰਗਾ ਕਰੋਗੇ ਤਾਂ ਉਨ੍ਹਾਂ ਨੂੰ ਤੁਸੀਂ ਧਰਮ ਦੇ ਦੁਸ਼ਮਣ, ਧਾਰਮਿਕ ਭਾਵਨਾਵਾਂ ਨਾ ਸਮਝਣ ਵਾਲੇ ਲੱਗਣ ਲੱਗ ਪੈਂਦੇ ਹੋ। ਤੁਸੀਂ ਵੋਟ ਸਿਆਸਤ ਨੂੰ ਚੁਣੌਤੀ ਦਿੰਦੇ ਹੋ ਤਾਂ ਉਨ੍ਹਾਂ ਨੂੰ ਤੁਸੀਂ ਖਿਆਲੀ ਯੋਧੇ ਲੱਗਦੇ ਹੋ। ਜਦੋਂ ਵੀ ਅਜਿਹਾ ਵਾਪਰਦਾ ਹੈ ਤਾਂ ਅਸੀਂ ਵਿਅਕਤੀਗਤ ਪੱਧਰ ‘ਤੇ ਜਾਂ ਛੋਟੇ ਸਮੂਹਾਂ ਵਿਚ ਇਸ ਨਾਲ ਜੂਝਦੇ ਹਾਂ। ਇਸ ਲੜਾਈ ਨੂੰ ਭਖਣ ਨਹੀਂ ਲਾਉਂਦੇ, ਵੱਡਾ ਸਮਾਜਿਕ ਸੱਭਿਆਚਾਰਕ ਮੁੱਦਾ ਨਹੀਂ ਬਣਾਉਂਦੇ ਜਾਂ ਕਈ ਵਾਰ ਤਾਂ ਚੁੱਪ ਚਾਪ ਸਭ ਸਹਿ ਲੈਂਦੇ ਹਾਂ ਤੇ ਬੀਬੇ ਪੁੱਤ ਬਣ ਜਾਂਦੇ ਹਾਂ। ਆਓ! ਗੁਨਾਹ ਕਬੂਲ ਕਰੀਏ ਕਿ ਅਸੀਂ ਰੰਗਮੰਚ ਕਰਕੇ ਖਤਰਾ ਸਹੇੜਦੇ ਤਾਂ ਹਾਂ ਪਰ ਉਸ ਖਤਰੇ ਦੀ ਘੁੱਟ ਕੇ ਬਾਂਹ ਨਹੀਂ ਫੜਦੇ। ਤੇ ਉਹ ਸਥਾਪਤ ਤਾਕਤ ਹੋਣ ਕਰਕੇ ਸਾਨੂੰ ਖਦੇੜਨ ਦੀ ਕੋਸਿ਼ਸ਼ ਕਰਦੇ ਹਨ। ਇੱਥੋਂ ਤਕ ਕਿ ਪੰਜਾਬੀ ਗਾਇਕੀ ਤੇ ਗੀਤਕਾਰੀ ‘ਚ ਪ੍ਰਤੱਖ ਦਿਸਦੀ ਧੌਂਸ ਤੇ ਜਗੀਰੂ ਹੈਂਕੜ ਨੂੰ ਪ੍ਰਵਾਨ ਕਰਕੇ ਉਸ ਦੇ ਗੁਣਗਾਨ ਕਰਨ ਲੱਗ ਪੈਂਦੇ ਹਨ।
ਅਸੀਂ ਰੰਗਮੰਚ ਲੈ ਕੇ ਜਨਤਾ ਵਿਚ ਜਾਂਦੇ ਹਾਂ, ਆਪਣੇ ਮਸਲੇ ਲੈ ਕੇ ਵੀ ਲੋਕਾਂ ਵਿਚ ਜਾਈਏ। ਜਦੋਂ ਅੰਮ੍ਰਿਤਸਰ ਵਿਚ ਕ੍ਰਿਸ਼ਨ ਨਾਟਕ ਖੇਡਣ ‘ਤੇ ਇਸ ਲਈ ਪਾਬੰਦੀ ਲੱਗ ਜਾਂਦੀ ਹੈ ਕਿ ਹਿੰਦੂਆਂ ਦੀਆਂ ਭਾਵਨਾਵਾਂ ਭੜਕਾਉਂਦਾ ਹੈ ਤਾਂ ਅਸੀਂ ਕਿੰਨੇ ਕੁ ਲੋਕਾਂ ਨੂੰ ਇਹ ਦੱਸ ਸਕੇ ਕਿ ਪੰਜਾਬ ‘ਚ ਅਜਿਹਾ ਵੀ ਵਾਪਰ ਗਿਆ ਹੈ। ਕੀ ਇਹ ਅਵਾਮ ਦਾ ਮਸਲਾ ਨਹੀਂ ਸੀ। ਅਸੀਂ ਜਾਣਦੇ ਹਾਂ ਕਿ ਪਲਸ ਮੰਚ ਇਨ੍ਹਾਂ ਮਸਲਿਆਂ ‘ਤੇ ਬੋਲਦਾ ਹੈ ਪਰ ਪਿੰਡਾਂ ਦੀਆਂ ਸੱਥਾਂ ਤੇ ਵਿਹੜਿਆਂ ‘ਚ ਜਦ ਰੰਗਮੰਚ ਪਹੁੰਚਦਾ ਹੈ ਤਾਂ ਇਹ ਗੱਲਾਂ ਵੀ ਪਹੁੰਚਣੀਆਂ ਚਾਹੀਦੀਆਂ ਹਨ।
ਪੰਜਾਬ ਪੰਜਾਬੀਆਂ ਦਾ ਹੈ, ਸਿੱਖ ਬਹੁ ਗਿਣਤੀ ਹੈ। ਪੰਜਾਬ ਦੀ ਇਤਿਹਾਸਕਤਾ ਤੋਂ ਅਸੀਂ ਜਾਣੂ ਹਾਂ ਪਰ ਰਾਜਨੀਤੀ ‘ਚ ਛਾਲ ਮਾਰਨ ਲਈ ਲਲਚਾਏ ਲੋਕ ਜਦੋਂ ਉਸੇ ਬਹੁਗਿਣਤੀ ਦੀਆਂ ਭਾਵਨਾਵਾਂ ਗਰਮਾ ਕੇ ਧਾਰਮਿਕ ਪੱਤਾ ਖੇਡਦੇ ਹਨ ਤਾਂ ਰੰਗਮੰਚ ਕਿਉਂ ਡਰ ਕੇ ਪਿੱਛੇ ਹੋ ਜਾਵੇ। ਜੇ ਪੂਰੇ ਦੇਸ਼ ਵਿਚ ਹਿੰਦੂਤਵ ਦਾ ਰੰਗ ਚਾੜ੍ਹਨਾ ਗੁਨਾਹ ਹੈ ਤਾਂ ਪੰਜਾਬ ਨੂੰ ਇਕੋ ਜਿਹੀ ਧਾਰਮਿਕ ਰੰਗਤ ਦੇਣ ਦਾ ਨਾਂ ਲੈ ਕੇ ਜੋ ਵੱਖਰੀ ਸੁਰ ਉੱਚੀ ਕਰ ਰਹੇ ਹਨ, ਉਨ੍ਹਾਂ ਦੇ ਪਾਜ ਉਘਾੜਦਾ ਰੰਗਮੰਚ ਕਿੱਥੇ ਹੈ? ਕੀ ਅਸੀਂ ਸਿਰਫ ਮੌਲਾਣਿਆਂ, ਪੁਜਾਰੀਆਂ, ਪਾਦਰੀਆਂ ਦੇ ਦੰਭ ਨੰਗੇ ਕਰਨ ਤਕ ਹੀ ਸੀਮਤ ਹਾਂ। ਸਾਡੇ ‘ਆਪਣਿਆਂ ਦਾ ਚੋਗਾ’ ਕੋਈ ਦੱਖਣ ਤੋਂ ਆ ਕੇ ਉਤਾਰੇਗਾ। ਆਓ! ਗੁਨਾਹ ਕਬੂਲ ਕਰੀਏ ਕਿ ਅਸੀਂ ਏਦਾਂ ਕਰਦੇ ਰਹੇ ਹਾਂ। ਅਸੀਂ ਸੌ ਫ਼ੀਸਦੀ ਸਪੱਸ਼ਟ ਨਹੀਂ ਹਾਂ। ਅਸੀਂ ਨਿੱਤਰ ਕੇ ਮੈਦਾਨ ‘ਚ ਨਹੀਂ ਆਏ ਹੋਏ। ਰੰਗਮੰਚ ਸਿਰਫ ਕਲਾ ਨਹੀਂ ਹੈ, ਜਨ ਸਮੂਹ ਦੇ ਸਾਹਮਣੇ ਵਾਪਰਦੀ ਸਾਖਿਆਤ ਜਨ ਤਸਵੀਰ ਹੈ। ਇਸ ਤਸਵੀਰ ਦੇ ਰੰਗ ਬਦਲਣ ਲਈ ਹਾਅ ਦਾ ਨਾਅਰਾ ਜੇ ਅਸੀਂ ਨ੍ਹੀਂ ਮਾਰਦੇ ਤਾਂ ਅਸੀਂ ਗੁਨਾਹਗਾਰ ਹਾਂ! ਬੜਬੋਲੇ, ਭੜਕਾਊ ਸੱਭਿਆਚਾਰ ਦੇ ਰਾਖੇ ਸਾਨੂੰ ਘੇਰਨਗੇ। ਕੀ ਸਮਝਦਾਰੀ ਤੇ ਲੰਮੇ ਮੰਥਨ ‘ਚੋਂ ਨਿਕਲਿਆ ਰੰਗਮੰਚ ਘਿਰ ਜਾਵੇਗਾ। ਇਸ ਸਵਾਲ ਦੇ ਰੂ-ਬ-ਰੂ ਹੋਈਏ। ਜੋ ਸਾਨੂੰ ਪਿਆਰ ਕਰਦੇ ਹਨ, ਉਨ੍ਹਾਂ ਦਾ ਮਾਣ ਰੱਖਦਿਆਂ ਉਨ੍ਹਾਂ ਦੇ ਵੀ ਰੂ-ਬ-ਰੂ ਹੋਈਏ ਜੋ ਸਾਨੂੰ ਅਜੇ ਨਹੀਂ ਸਮਝਦੇ। ਖਤਰਾ ਈ ਸਹੀ, ਸਹੇੜਨ ‘ਚ ਕੀ ਜਾਂਦਾ ਹੈ।