ਕੋਟਕਪੂਰਾ ਗੋਲੀ ਕਾਂਡ: ਬਾਦਲ ਵੱਲੋਂ ਸਿੱਟ ਸਾਹਮਣੇ ਪੇਸ਼ ਹੋਣ ਤੋਂ ਨਾਂਹ

ਫਰੀਦਕੋਟ: ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛ-ਗਿੱਛ ਲਈ ਤਲਬ ਕੀਤਾ ਹੈ, ਹਾਲਾਂਕਿ ਬਾਦਲ ਨੇ ਆਪਣੀ ਖਰਾਬ ਸਿਹਤ ਦਾ ਹਵਾਲਾ ਦੇ ਕੇ ਸਿੱਟ ਸਾਹਮਣੇ ਪੇਸ਼ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਏ.ਡੀ.ਜੀ.ਪੀ. ਐੱਲ ਕੇ ਯਾਦਵ ਦੀ ਅਗਵਾਈ ਵਾਲੀ ਜਾਂਚ ਟੀਮ ਨੇ 16 ਜੂਨ ਨੂੰ ਸਾਬਕਾ ਮੁੱਖ ਮੰਤਰੀ ਤੋਂ ਮੁਹਾਲੀ ਦੇ ਫੇਜ਼-8 ਵਿਚ ਪੁੱਛ-ਗਿੱਛ ਬੁਲਾਇਆ ਸੀ। ਇਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਕੋਟਕਪੂਰਾ ਅਤੇ ਬਹਿਬਲ ਗੋਲੀ ਕਾਂਡ ਦੇ ਸਬੰਧ ਵਿਚ ਕੁੰਵਰ ਵਿਜੈ ਪ੍ਰਤਾਪ ਦੀ ਅਗਵਾਈ ਹੇਠਲੀ ਟੀਮ ਅੱਗੇ ਪੁੱਛ-ਪੜਤਾਲ ਲਈ ਪੇਸ਼ ਹੋ ਚੁੱਕੇ ਹਨ।

ਜਾਂਚ ਟੀਮ ਨੇ ਸਾਬਕਾ ਡੀ.ਜੀ.ਪੀ. ਅਤੇ ਪੰਜ ਹੋਰ ਆਈ.ਪੀ.ਐਸ. ਅਧਿਕਾਰੀਆਂ ਤੋਂ ਪੁੱਛ-ਪੜਤਾਲ ਮੁਕੰਮਲ ਕਰਕੇ ਹੁਣ ਪ੍ਰਕਾਸ਼ ਸਿੰਘ ਬਾਦਲ ਨੂੰ ਜਾਂਚ ਲਈ ਸੱਦਿਆ ਸੀ। ਜਾਣਕਾਰੀ ਮੁਤਾਬਕ ਗੋਲੀ ਕਾਂਡ ਤੋਂ ਪਹਿਲਾਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਫਰੀਦਕੋਟ ਪ੍ਰਸ਼ਾਸਨ ਨਾਲ ਲੰਬੀ ਗੱਲਬਾਤ ਹੋਈ ਸੀ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਪ੍ਰਸ਼ਾਸਨ ਨੂੰ ਗੱਲਬਾਤ ਰਾਹੀਂ ਮਾਮਲਾ ਨਜਿੱਠਣ ਲਈ ਕਿਹਾ ਸੀ। ਗੱਲਬਾਤ ਹੋਣ ਦੇ ਕਰੀਬ ਇਕ ਘੰਟੇ ਬਾਅਦ ਹੀ ਕੋਟਕਪੂਰਾ ‘ਚ ਗੋਲੀ ਚੱਲ ਗਈ ਸੀ। ਜਾਂਚ ਟੀਮ ਇਹ ਜਾਣਨਾ ਚਾਹੁੰਦੀ ਹੈ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਵਜੋਂ ਮਾਮਲਾ ਗੱਲਬਾਤ ਰਾਹੀਂ ਨਿਬੇੜਨ ਦੇ ਆਦੇਸ਼ ਦਿੱਤੇ ਸਨ ਤਾਂ ਫਿਰ ਗੋਲੀ ਕਿਸ ਦੇ ਹੁਕਮਾਂ ‘ਤੇ ਚਲਾਈ ਗਈ।
ਹੁਣ ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਬੇਅਦਬੀ ਦੀਆਂ ਘਟਨਾਵਾਂ ਅਤੇ ਕੋਟਕਪੂਰਾ ਗੋਲੀ ਕਾਂਡ ਦਾ ਮਾਮਲਾ ਹੋਰ ਜ਼ਿਆਦਾ ਭਖਣ ਦੀ ਸੰਭਾਵਨਾ ਹੈ। ਸਿੱਖਾਂ ਅਤੇ ਵਿਰੋਧੀ ਪਾਰਟੀਆਂ ਵੱਲੋਂ ਬੇਅਦਬੀ ਮਾਮਲੇ ਲਈ ਜ਼ਿੰਮੇਵਾਰ ਰਾਜਸੀ ਆਗੂਆਂ ਅਤੇ ਪੁਲਿਸ ਅਧਿਕਾਰੀਆਂ ਨੂੰ ਫੜ ਕੇ ਜੇਲ੍ਹ ਵਿਚ ਡੱਕਣ ਦੀ ਮੰਗ ਲਗਾਤਾਰ ਜ਼ੋਰ ਫੜਦੀ ਜਾ ਰਹੀ ਹੈ।
__________________________________________
ਸੈਣੀ, ਉਮਰਾਨੰਗਲ ਦੇ ਨਾਰਕੋ ਟੈਸਟ ਲਈ ਅਰਜ਼ੀ
ਫਰੀਦਕੋਟ: ਵਿਸ਼ੇਸ਼ ਜਾਂਚ ਟੀਮ ਨੇ ਕੋਟਕਪੂਰਾ ਗੋਲੀ ਕਾਂਡ ਵਿਚ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ, ਮੁਅੱਤਲ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਅਤੇ ਸਾਬਕਾ ਐਸ.ਐਸ.ਪੀ. ਚਰਨਜੀਤ ਸ਼ਰਮਾ ਦੇ ਨਾਰਕੋ ਟੈਸਟ ਕਰਵਾਉਣ ਲਈ ਅਦਾਲਤ ਵਿਚ ਅਰਜ਼ੀ ਦਿੱਤੀ ਹੈ। ਜਾਂਚ ਟੀਮ ਨੇ ਅਦਾਲਤ ਨੂੰ ਦੱਸਿਆ ਕਿ ਇਹ ਪੁਲਿਸ ਅਫਸਰ ਸੱਚ ਲੁਕਾ ਰਹੇ ਹਨ। ਇਸ ਲਈ ਇਨ੍ਹਾਂ ਦੇ ਨਾਰਕੋ ਟੈਸਟ ਕਰਵਾਉਣ ਦੀ ਲੋੜ ਹੈ। ਅਦਾਲਤ ਨੇ ਜਾਂਚ ਟੀਮ ਦੀ ਅਰਜ਼ੀ ਲੈਣ ਤੋਂ ਬਾਅਦ ਮੁਲਜ਼ਮਾਂ ਨੂੰ ਇਸ ਮਾਮਲੇ ਵਿਚ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਹੈ।
________________________________________
ਸਿੱਟ ਨੇ ਸਹੀ ਦਿਸ਼ਾ ‘ਚ ਉਠਾਇਆ ਕਦਮ: ਬਾਜਵਾ
ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਸਿਟ ਵੱਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਤਲਬ ਕੀਤੇ ਜਾਣ ਦੇ ਫੈਸਲੇ ਨੂੰ ਸਹੀ ਦਿਸ਼ਾ ‘ਚ ਉਠਾਇਆ ਗਿਆ ਕਦਮ ਕਰਾਰ ਦਿੱਤਾ ਹੈ। ਸ੍ਰੀ ਬਾਜਵਾ ਨੇ ਬਿਆਨ ‘ਚ ਕਿਹਾ,”ਇਹ ਢੁਕਵੀਂ ਜਾਂਚ ਕਰਨ ਦਾ ਵੇਲਾ ਹੈ ਤਾਂ ਜੋ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਤਤਕਾਲੀ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਦੀ ਭੂਮਿਕਾ ਦਾ ਪਤਾ ਲਾਇਆ ਜਾ ਸਕੇ।“ ਉਨ੍ਹਾਂ ਕਿਹਾ ਕਿ ਇਕ ਮਹੀਨੇ ਦੇ ਅੰਦਰ ਜਾਂਚ ਮੁਕੰਮਲ ਹੋਣ ‘ਤੇ ਫਰੀਦਕੋਟ ਅਦਾਲਤ ‘ਚ ਕੇਸ ਦੀ ਰੋਜ਼ਾਨਾ ਸੁਣਵਾਈ ਦੀ ਮੰਗ ਕਰਦਿਆਂ ਅਰਜ਼ੀ ਪਾਈ ਜਾ ਸਕਦੀ ਹੈ ਤਾਂ ਜੋ ਕੋਟਕਪੂਰਾ ਗੋਲੀ ਕਾਂਡ ਅਤੇ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜਾ ਸੁਣਾਈ ਜਾ ਸਕੇ।