ਅਕਾਲੀ-ਬਸਪਾ ਗੱਠਜੋੜ ਪਿੱਛੋਂ ਕਾਂਗਰਸ ਦਾ ਅੰਦਰੂਨੀ ਕਲੇਸ਼ ਨਿਬੇੜਨ ਲਈ ਕੋਸ਼ਿਸ਼ਾਂ ਤੇਜ਼

ਚੰਡੀਗੜ੍ਹ: ਪੰਜਾਬ ‘ਚ ਅਕਾਲੀ-ਬਸਪਾ ਗੱਠਜੋੜ ਬਣਨ ਮਗਰੋਂ ਕਾਂਗਰਸ ਹਾਈ ਕਮਾਨ ਨੇ ਵੀ ਰਫਤਾਰ ਫੜ ਲਈ ਹੈ। ਖੜਗੇ ਕਮੇਟੀ ਦੇ ਤਿੰਨ ਮੈਂਬਰਾਂ ਨੇ ਪੰਜਾਬ ਕਾਂਗਰਸ ਦੇ ਕਲੇਸ਼ ਨੂੰ ਸਮੇਟਣ ਲਈ ਕਾਂਗਰਸੀ ਨੇਤਾ ਰਾਹੁਲ ਗਾਂਧੀ ਨਾਲ ਉਨ੍ਹਾਂ ਦੇ ਨਿਵਾਸ ‘ਤੇ ਮੀਟਿੰਗ ਕੀਤੀ। ਇਸ ਤੋਂ ਪਹਿਲਾਂ ਖੜਗੇ ਕਮੇਟੀ ਨੇ 10 ਜੂਨ ਨੂੰ ਆਪਣੀ ਰਿਪੋਰਟ ਹਾਈ ਕਮਾਨ ਨੂੰ ਸੌਂਪ ਦਿੱਤੀ ਸੀ। ਖੜਗੇ ਕਮੇਟੀ ਦੇ ਚੇਅਰਮੈਨ ਮਲਿਕਾਰਜੁਨ ਖੜਗੇ, ਕਮੇਟੀ ਮੈਂਬਰ ਜੇ.ਪੀ. ਅਗਰਵਾਲ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਰਾਹੁਲ ਗਾਂਧੀ ਨੂੰ ਪੂਰੀ ਤਰਤੀਬ ਨਾਲ ਪੰਜਾਬ ਕਾਂਗਰਸ ਦੇ ਵਿਵਾਦੀ ਤੱਥਾਂ ਤੋਂ ਜਾਣੂ ਕਰਾਇਆ।

ਮੀਟਿੰਗ ਮਗਰੋਂ ਸੰਕੇਤ ਮਿਲੇ ਹਨ ਕਿ ਜਲਦ ਹੀ ਕਾਂਗਰਸ ਹਾਈ ਕਮਾਨ ਪੰਜਾਬ ਕਾਂਗਰਸ ਦੇ ਰੱਫੜ ਨੂੰ ਸੁਲਝਾਉਣ ਲਈ ਕਦਮ ਉਠਾਏਗੀ। ਇਧਰ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਗੱਠਜੋੜ ਦੇ ਐਲਾਨ ਮਗਰੋਂ ਪੰਜਾਬ ਦੀ ਸਿਆਸਤ ਗਰਮਾ ਗਈ ਹੈ ਜਦੋਂ ਕਿ ਕਾਂਗਰਸ ਅੰਦਰੂਨੀ ਕਲੇਸ਼ ਵਿਚ ਹੀ ਉਲਝੀ ਹੋਈ ਹੈ। ਵਿਵਾਦ ਨਜਿੱਠਣ ਵਿਚ ਦੇਰੀ ਪੰਜਾਬ ਕਾਂਗਰਸ ਲਈ ਹੋਰ ਮੁਸ਼ਕਲਾਂ ਪੈਦਾ ਕਰੇਗੀ। ਪਤਾ ਲੱਗਾ ਹੈ ਕਿ ਖੜਗੇ ਕਮੇਟੀ ਨੇ ਰਾਹੁਲ ਗਾਂਧੀ ਨਾਲ ਖਾਸ ਕਰਕੇ ਨਵਜੋਤ ਸਿੰੰਘ ਸਿੱਧੂ, ਸੁਨੀਲ ਜਾਖੜ ਅਤੇ ਪਰਗਟ ਸਿੰਘ ਦੀ ਭੂਮਿਕਾ ਬਾਰੇ ਅਲੱਗ-ਅਲੱਗ ਨੁਕਤਿਆਂ ਤੋਂ ਵਿਸਥਾਰ ਵਿਚ ਗੱਲਬਾਤ ਕੀਤੀ। ਪੰਜਾਬ ਕਾਂਗਰਸ ਦੇ ਹੇਠਲੇ ਪੱਧਰ ‘ਤੇ ਗਠਨ ਦੀ ਦੇਰੀ ਕਰਕੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੀ ਨਾਰਾਜ਼ਗੀ ਤੋਂ ਵੀ ਜਾਣੂ ਕਰਾਇਆ ਗਿਆ ਹੈ। ਹਾਈ ਕਮਾਨ ਵੱਲੋਂ ਰੋਕੇ ਜਾਣ ਦੇ ਬਾਵਜੂਦ ਵਿਧਾਇਕ ਪਰਗਟ ਸਿੰਘ ਨੇ ਜੋ ਪ੍ਰੈੱਸ ਕਾਨਫਰੰਸ ਕੀਤੀ ਸੀ, ਉਸ ਦਾ ਨੋਟਿਸ ਵੀ ਇਸ ਮੀਟਿੰਗ ਵਿਚ ਲਿਆ ਗਿਆ। ਸੂਤਰਾਂ ਮੁਤਾਬਕ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਵਿਧਾਇਕ ਪਰਗਟ ਸਿੰਘ ਨੂੰ ਘੂਰਿਆ ਵੀ ਹੈ ਅਤੇ ਆਖਿਆ ਹੈ ਕਿ ਅਗਰ ਮੁੜ ਅਜਿਹਾ ਹੋਇਆ ਤਾਂ ਅਨੁਸ਼ਾਸਨੀ ਕਾਰਵਾਈ ਹੋਵੇਗੀ। ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਖੜਗੇ ਪੈਨਲ ਦੇ ਮੈਂਬਰਾਂ ਨੂੰ ਗਹੁ ਨਾਲ ਸੁਣਿਆ ਅਤੇ ਕਿਸੇ ਮਾਮਲੇ ‘ਤੇ ਆਪਣੀ ਰਾਇ ਪੈਨਲ ਸਾਹਮਣੇ ਰਾਹੁਲ ਗਾਂਧੀ ਨੇ ਨਹੀਂ ਰੱਖੀ। ਇਧਰ, ਪੰਜਾਬ ਵਿਚ ਕੈਪਟਨ ਖੇਮੇ ਅਤੇ ਨਵਜੋਤ ਸਿੱਧੂ ਦਾ ਧੜਾ ਆਪਸ ਵਿਚ ਪੋਸਟਰ ਮੁਹਿੰਮ ਵਿਚ ਉਲਝੇ ਹੋਏ ਹਨ। ਕਈ ਥਾਵਾਂ ‘ਤੇ ‘ਸਾਰਾ ਪੰਜਾਬ ਸਿੱਧੂ ਦੇ ਨਾਲ‘ ਦੇ ਪੋਸਟਰ ਵੀ ਲੱਗ ਗਏ ਹਨ। ਦੂਸਰੀ ਤਰਫ ਕੈਪਟਨ ਅਮਰਿੰਦਰ ਸਿੰਘ ਦੀ ਹਮਾਇਤ ਵਿਚ ਦਰਜਨਾਂ ਹਲਕਿਆਂ ਵਿਚ ਕਾਂਗਰਸੀ ਆਗੂਆਂ ਨੇ ਪੋਸਟਰ ਲਗਾਏ ਹਨ। ਸਥਾਨਕ ਪੱਧਰ ‘ਤੇ ਕਾਂਗਰਸੀ ਆਗੂ ਦੂਸਰੇ ਸਥਾਨਕ ਆਗੂਆਂ ਦੇ ਵਿਰੋਧ ਵਿਚ ਵੀ ਇਸ ਪੋਸਟਰ ਜੰਗ ਦੇ ਬਹਾਨੇ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਹਨ।
___________________________________
ਪ੍ਰਧਾਨਗੀ ਦੀ ਕੁਰਬਾਨੀ ਦੇਣ ਲਈ ਤਿਆਰ: ਜਾਖੜ
ਕੁਰਾਲੀ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਉਹ ਪਾਰਟੀ ਦੀ ਇਕਜੁੱਟਤਾ ਅਤੇ ਮਜ਼ਬੂਤੀ ਲਈ ਪ੍ਰਧਾਨਗੀ ਦੇ ਅਹੁਦੇ ਸਮੇਤ ਹਰ ਕੁਰਬਾਨੀ ਦੇਣ ਲਈ ਤਿਆਰ ਹਨ। ਸੁਨੀਲ ਜਾਖੜ ਨੇ ਕਿਹਾ ਕਿ ਉਹ ਪਾਰਟੀ ਦੀ ਇਕਜੁੱਟਤਾ ਵਿਚ ਰੋੜਾ ਨਹੀਂ ਬਣਨਗੇ, ਸਗੋਂ ਆਪਣਾ ਅਹੁਦਾ ਛੱਡਣ ਲਈ ਤਿਆਰ ਹਨ। ਪਾਰਟੀ ਹਾਈਕਮਾਂਡ ਵੱਲੋਂ ਪੰਜਾਬ ਕਾਂਗਰਸ ਵਿਚ ਚਲੀ ਆ ਰਹੀ ਖਿੱਚੋਤਾਣ ਨੂੰ ਖਤਮ ਕਰਨ ਲਈ ਬਣਾਈ ਤਿੰਨ ਮੈਂਬਰੀ ਕਮੇਟੀ ਸਬੰਧੀ ਸ੍ਰੀ ਜਾਖੜ ਨੇ ਕਿਹਾ ਕਿ ਪਾਰਟੀ ਆਗੂਆਂ ਦੇ ਸ਼ੰਕੇ ਦੂਰ ਕਰਨੇ ਜ਼ਰੂਰੀ ਹਨ ਅਤੇ ਇਸ ਮਨੋਰਥ ਲਈ ਹੀ ਕਮੇਟੀ ਦਾ ਗਠਨ ਕੀਤਾ ਗਿਆ ਹੈ।