ਬਦਲਵੀਂ ਖੇਤੀ ਦੇ ਰਾਹ ਵਿਚ ਆਪ ਹੀ ਅੜਿੱਕੇ ਖੜ੍ਹੇ ਕਰ ਰਹੀਆਂ ਨੇ ਸਰਕਾਰਾਂ

ਚੰਡੀਗੜ੍ਹ: ਇਕ ਪਾਸੇ ਸਰਕਾਰਾਂ ਮੁਲਕ ਵਿਚ ਰਵਾਇਤੀ ਫਸਲਾਂ ਦਾ ਖਹਿੜਾ ਛੱਡਣ ਤੇ ਬਦਲਵੀਂ ਖੇਤੀ ਲਈ ਟਾਹਰਾਂ ਮਾਰ ਰਹੀਆਂ ਹਨ ਤੇ ਦੂਜੇ ਪਾਸੇ ਮਾੜੀਆਂ ਨੀਤੀਆਂ ਸਰਕਾਰ ਦੇ ਇਸ ਹੋਕੇ ਉਤੇ ਸਵਾਲ ਚੁੱਕ ਰਹੀਆਂ ਹਨ। ਇਸ ਸਮੇਂ ਜਿਥੇ ਇਕ ਪਾਸੇ ਸਬਜ਼ੀਆਂ ਦੇ ਨਿਗੂਣੇ ਭਾਅ ਕਾਰਨ ਕਿਸਾਨਾਂ ਖੇਤਾਂ ਵਿਚ ਹੀ ਫਸਲਾਂ ਬਰਬਾਦ ਕਰਨ ਲਈ ਮਜਬੂਰ ਹੋਏ ਪਏ ਹਨ, ਉਥੇ ਗੰਨੇ ਦੇ ਬਕਾਏ ਮੋੜਨ ਤੋਂ ਭੱਜ ਰਹੀਆਂ ਸਰਕਾਰਾਂ ਕਿਸਾਨਾਂ ਦੇ ਹੌਸਲੇ ਤੋੜ ਰਹੀਆਂ ਹਨ। ਜਿਸ ਕਾਰਨ ਕਿਸਾਨ ਮੁੜ ਕਣਕ/ਝੋਨੇ ਦੇ ਚੱਕਰ ‘ਚ ਹੀ ਉਲਝ ਗਏ ਹਨ।

ਹਾਲਾਤ ਇਹ ਹਨ ਕਿ ਮਿੱਲ ਮਾਲਕ ਇਕ ਸਾਲ ਸਖਤ ਮਿਹਨਤ ਕਰਨ ਵਾਲੇ ਕਿਸਾਨਾਂ ਨੂੰ ਉਸ ਦੀ ਕਮਾਈ ਵੀ ਦੇਣ ਲਈ ਤਿਆਰ ਨਹੀਂ। ਭਾਰਤੀ ਖੰਡ ਮਿੱਲ ਸੰਘ ਨੇ ਅੰਕੜੇ ਜਾਰੀ ਕਰਦੇ ਹੋਏ ਕਿਹਾ ਕਿ ਅਕਤੂਬਰ ਦਸੰਬਰ ਦੌਰਾਨ ਸਾਲਾਨਾ ਆਧਾਰ ਉਤੇ ਖੰਡ ਉਤਪਾਦਨ ਸਾਲ 2020-21 ਦੌਰਾਨ 110.22 ਲੱਖ ਟਨ ਹੋ ਗਿਆ ਹੈ ਜਦੋਂ ਕਿ ਪਿਛਲੇ ਵਰ੍ਹੇ ਇਹ ਅੰਕੜਾ 77.63 ਲੱਖ ਟਨ ਸੀ। ਪਰ ਪੰਜਾਬ ਦੇ ਕਿਸਾਨਾਂ ਦਾ 188 ਕਰੋੜ ਰੁਪਏ ਖੰਡ ਮਿੱਲਾਂ ਵੱਲ ਬਕਾਇਆ ਖੜ੍ਹਾ ਹੈ। ਸਾਲ 2019-20 ਦੇ 107 ਕਰੋੜ ਰੁਪਏ ਦਾ ਬਕਾਇਆ ਵੀ ਨਹੀਂ ਮਿਲਿਆ। ਸਮੇਂ ਸਿਰ ਅਜਿਹੀ ਅਦਾਇਗੀ ਨਾ ਹੋਣ ਕਰਕੇ ਪੰਜਾਬ, ਹਰਿਆਣਾ ਦੇ ਕਿਸਾਨ ਤਾਂ ਤਕਰੀਬਨ ਗੰਨੇ ਦੀ ਫਸਲ ਨੂੰ ਅਲਵਿਦਾ ਹੀ ਕਹਿ ਚੁੱਕੇ ਹਨ। ਕਿਉਂਕਿ ਗੰਨਾ ਕਾਸ਼ਤਕਾਰ ਕਿਸਾਨਾਂ ਦੇ ਸਾਰੇ ਘਰੇਲੂ ਖਰਚੇ ਉਨ੍ਹਾਂ ਦੀ ਇਸੇ ਫਸਲ ਉਤੇ ਨਿਰਭਰ ਹੁੰਦੇ ਹਨ।
ਗੰਨੇ ਦੀ ਕਾਸ਼ਤ ਹੋਣ ਨਾਲ ਜਿਥੇ ਫਸਲੀ ਵਿਭਿੰਨਤਾ ਚੱਲ ਰਹੀ ਸੀ, ਉਥੇ ਹੀ ਘੱਟ ਪਾਣੀ ਦੀ ਵਰਤੋਂ ਹੋਣ ਨਾਲ ਪਾਣੀ ਦੇ ਕੁਦਰਤੀ ਸੋਮੇ ਦੀ ਵੀ ਬੱਚਤ ਹੋ ਰਹੀ ਸੀ। ਪਰ ਪੰਜਾਬ ‘ਚ ਕੰਮ ਕਰ ਰਹੀਆਂ ਨਿੱਜੀ ਖੰਡ ਮਿੱਲਾਂ ਵੀ ਬਹੁਤੀ ਵਧੀਆ ਕਾਰਗੁਜ਼ਾਰੀ ਨਹੀਂ ਵਿਖਾ ਸਕੀਆਂ। ਘੱਗਰ ਦਰਿਆ ਨੇੜੇ ਪੈਂਦੀਆਂ ਜ਼ਮੀਨਾਂ ਲਈ ਸਹਾਈ ਹੋਣ ਵਾਲੀ ਨਿੱਜੀ ਪਿਕਾਡਲੀ ਖੰਡ ਮਿੱਲ ਕਈ ਸਾਲਾਂ ਤੋਂ ਬੰਦ ਪਈ ਹੈ। ਇਸ ਮਿੱਲ ਦੇ ਮਾਲਕਾਂ ਨੇ ਆਪਣਾ ਤੋਰੀ ਫੁਲਕਾ ਤੋਰੀ ਰੱਖਣ ਲਈ ਖੰਡ ਮਿੱਲ ਨੂੰ ਬੰਦ ਕਰਕੇ ਸ਼ਰਾਬ ਦੀ ਫੈਕਟਰੀ ਲਾ ਦਿੱਤੀ ਸੀ। ਜਿਸ ਦਾ ਲੋਕਾਂ ਨੂੰ ਲਾਭ ਹੋਣ ਦੀ ਬਚਾਏ ਉਲਟਾ ਨੁਕਸਾਨ ਹੀ ਹੋ ਰਿਹਾ ਹੈ। ਸਹਿਕਾਰੀ ਖੰਡ ਮਿੱਲਾਂ ਦੇ ਬੰਦ ਹੋਣ ਨਾਲ ਹਜ਼ਾਰਾਂ ਨੌਜਵਾਨ ਬੇਰੁਜ਼ਗਾਰ ਹੋ ਗਏ ਹਨ। ਪਰ ਸਰਕਾਰਾਂ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ। ਇਸ ਤਰ੍ਹਾਂ ਕਮਾਦ ਦੀ ਪੈਦਾਵਾਰ ਖਤਮ ਹੋਣ ਨਾਲ ਖੰਡ ਸੰਕਟ ਖੜ੍ਹਾ ਹੋ ਰਿਹਾ ਹੈ। ਭਾਰਤ ਵਿਚ ਮਹਾਰਾਸ਼ਟਰ ਨੂੰ ਖੰਡ ਦਾ ਕਟੋਰਾ ਮੰਨਿਆ ਜਾਂਦਾ ਹੈ। ਪਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਕਾਰਨ ਇਹ ਖੰਡ ਦਾ ਕਟੋਰਾ ਵੀ ਖਾਲੀ ਹੁੰਦਾ ਜਾ ਰਿਹਾ ਹੈ।
ਉੱਤਰ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਆਦਿ ਸਮੇਤ ਸਮੁੱਚੇ ਦੇਸ਼ ਅੰਦਰ ਹੀ ਗੰਨੇ ਦੀ ਖੇਤੀ ਨਾ ਹੋਣ ਕਰਕੇ ਖੰਡ ਦੇ ਉਤਪਾਦਨ ਉਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਪੰਜਾਬ ਵਿਚ ਖੰਡ ਮਿੱਲਾਂ ਦੇ ਤਕਰੀਬਨ ਸਾਰੇ ਹੀ ਮਾਲਕਾਂ ਨੇ ਸ਼ਰਾਬ ਦੀਆਂ ਫੈਕਟਰੀਆਂ ਚਲਾ ਲਈਆਂ ਹਨ। ਜਿਸ ਕਰਕੇ ਹੁਣ ਇਥੇ ਖੰਡ ਉਤਪਾਦਨ ਦੀ ਬਜਾਏ ਸ਼ਰਾਬ ਦਾ ਉਤਪਾਦਨ ਵਾਧੂ ਹੋ ਰਿਹਾ ਹੈ। ਕਿਉਂਕਿ ਸ਼ਰਾਬ ਸਨਅਤ ਨੂੰ ਚਲਾਉਣ ਲਈ ਬਾਹਰੋਂ ਕੱਚਾ ਮਾਲ ਲੈਣ ਦੀ ਬਜਾਏ ਕੈਮੀਕਲ ਹੀ ਵਰਤੇ ਜਾਂਦੇ ਹਨ ਅਤੇ ਥੋੜ੍ਹੇ ਬਹੁਤ ਸੀਰੇ ਜਾਂ ਅਨਾਜ ਤੋਂ ਵੀ ਸ਼ਰਾਬ ਤਿਆਰ ਕੀਤੀ ਜਾਂਦੀ ਹੈ।
______________________________
ਝੋਨਾ ਨਾ ਲਾਉਣ ਬਾਰੇ ਆਵਾਜ਼ ਉਠਣ ਲੱਗੀ
ਚੰਡੀਗੜ੍ਹ: ਪੰਜਾਬ ਵਿਚ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ ਅਤੇ ਇਸੇ ਦੇ ਮੱਦੇਨਜ਼ਰ ਝੋਨਾ ਲਾਉਣ ਬਾਰੇ ਗੱਲਾਂ ਤੁਰ ਪਈਆਂ ਹਨ। ਦਰਅਸਲ, ਝੋਨਾ ਲਾਉਣ ਦਾ ਵੱਡਾ ਕਾਰਨ ਇਹ ਹੈ ਕਿ ਇਸ ਫਸਲ ‘ਤੇ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਮਿਲ ਜਾਂਦਾ ਹੈ ਜਦਕਿ ਮੱਕੀ ਜਾਂ ਦਾਲਾਂ ਆਦਿ ‘ਤੇ ਪੂਰਾ ਭਾਅ ਕਦੀ ਵੀ ਨਹੀਂ ਮਿਲਦਾ। ਇਸ ਵਾਰ ਮੱਕੀ ਦਾ ਸਰਕਾਰੀ ਭਾਅ ਭਾਵੇਂ 1850 ਰੁਪਏ ਐਲਾਨਿਆ ਗਿਆ ਸੀ ਪਰ ਕਿਸਾਨਾਂ ਨੂੰ ਮੱਕੀ ਦਾ ਭਾਅ ਸਿਰਫ 800-950 ਦੇ ਕਰੀਬ ਹੀ ਮਿਲਿਆ ਹੈ। ਇਸੇ ਕਰਕੇ ਕਿਸਾਨ ਮੱਕੀ ਅਤੇ ਦਾਲਾਂ ਦੇ ਮੁਕਾਬਲੇ ਝੋਨੇ ਨੂੰ ਤਰਜੀਹ ਦਿੰਦੇ ਹਨ।