ਮਮਤਾ ਵੱਲੋਂ ਵਿਰੋਧੀ ਪਾਰਟੀਆਂ ਨੂੰ ਕਿਸਾਨਾਂ ਦੇ ਸਮਰਥਨ ‘ਚ ਇਕਜੁਟਤਾ ਦਾ ਸੱਦਾ

ਕੋਲਕਾਤਾ: ਭਾਰਤੀ ਜਨਤਾ ਪਾਰਟੀ ਖਿਲਾਫ ਆਪਣੀ ਲੜਾਈ ਨੂੰ ਉੱਤਰ ਪ੍ਰਦੇਸ਼ ਵੱਲ ਵਧਾਉਣ ਦੀ ਕੋਸ਼ਿਸ਼ ਵਜੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਸਮਰਥਨ ਵਿਚ ਵਿਰੋਧੀ ਪਾਰਟੀਆਂ ਦੀ ਸੱਤਾ ਵਾਲੇ ਰਾਜਾਂ ਨੂੰ ਇਕਜੁੱਟ ਕਰਨ ਦਾ ਵਾਅਦਾ ਕੀਤਾ। ਬੈਨਰਜੀ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਨਰਿੰਦਰ ਮੋਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਕਿਸਾਨ ਅੰਦੋਲਨ ਸਿਰਫ ਪੰਜਾਬ, ਹਰਿਆਣਾ ਜਾਂ ਉਤਰ ਪ੍ਰਦੇਸ਼ ਲਈ ਨਹੀਂ ਹੈ ਬਲਕਿ ਸਮੁੱਚੇ ਦੇਸ਼ ਲਈ ਹੈ।

ਰਾਕੇਸ਼ ਟਿਕੈਤ ਤੇ ਯੁਧਵੀਰ ਸਿੰਘ ਦੀ ਅਗਵਾਈ ਹੇਠ ਪਹੁੰਚੇ ਕਿਸਾਨ ਆਗੂਆਂ ਨਾਲ ਇਕ ਮੀਟਿੰਗ ਦੌਰਾਨ ਤ੍ਰਿਣਮੂਲ ਕਾਂਗਰਸ ਦੀ ਮੁਖੀ ਨੇ ਕਿਹਾ ਕਿ ਅਜਿਹਾ ਇਕ ਪਲੇਟਫਾਰਮ ਹੋਣਾ ਚਾਹੀਦਾ ਹੈ ਜਿੱਥੇ ਕਿ ਸਾਰੇ ਸੂਬੇ ਨੀਤੀਗਤ ਮੁੱਦਿਆਂ ਬਾਰੇ ਚਰਚਾ ਕਰ ਸਕਣ। ਉਨ੍ਹਾਂ ਕਿਹਾ, ‘’ਰਾਜਾਂ ਨੂੰ ਨਿਸ਼ਾਨਾ ਬਣਾਉਣਾ ਸੰਘੀ ਢਾਂਚੇ ਲਈ ਠੀਕ ਨਹੀਂ ਹੈ।“ ਕਿਸਾਨ ਆਗੂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਖਿਲਾਫ ਅਤੇ ਖੇਤੀ ਜਿਣਸਾਂ ਲਈ ਘੱਟੋ-ਘੱਟ ਸਮਰਥਨ ਮੁੱਲ ਸਬੰਧੀ ਇਕ ਕੌਮੀ ਕਾਨੂੰਨ ਲੈ ਕੇ ਆਉਣ ਦੀ ਮੰਗ ਨੂੰ ਲੈ ਕੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਵਿਚ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਸਮਰਥਨ ਮੰਗਣ ਲਈ ਇਥੇ ਆਏ ਸਨ। ਤ੍ਰਿਣਮੂਲ ਕਾਂਗਰਸ ਵੱਲੋਂ ਪੱਛਮੀ ਬੰਗਾਲ ਤੋਂ ਬਾਹਰ ਵੀ ਪੈਰ ਪਸਾਰਨ ਦੇ ਕੀਤੇ ਗਏ ਐਲਾਨ ਤੋਂ ਕੁਝ ਦਿਨਾਂ ਬਾਅਦ ਮਮਤਾ ਬੈਨਰਜੀ ਵੱਲੋਂ ਉੱਤਰ ਭਾਰਤ ਦੀਆਂ ਕਿਸਾਨ ਯੂਨੀਅਨਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ। ਰਾਕੇਸ਼ ਟਿਕੈਤ ਤੇ ਯੁਧਵੀਰ ਸਿੰਘ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ ਵੱਲੋਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਭਾਜਪਾ ਨੂੰ ਵੋਟ ਨਾ ਦਿਓ` ਮੁਹਿੰਮ ਦਾ ਸਮਰਥਨ ਕੀਤਾ ਗਿਆ ਸੀ ਅਤੇ ਅੱਗੇ ਹੋਰ ਰਾਜਾਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਇਹ ਮੁਹਿੰਮ ਚਲਾਉਣ ਦੀ ਯੋਜਨਾ ਹੈ।
ਮਮਤਾ ਬੈਨਰਜੀ ਨੇ ਐਲਾਨ ਕੀਤਾ ਕਿ ਕਿਸਾਨ ਅੰਦੋਲਨ ਨੂੰ ਪੂਰਾ ਸਮਰਥਨ ਦਿੱਤਾ ਜਾਵੇਗਾ। ਇਸ ਦੌਰਾਨ ਕੇਂਦਰ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ, ”ਭਾਰਤ ਅਜਿਹੀਆਂ ਨੀਤੀਆਂ ਦੀ ਉਡੀਕ ਕਰ ਰਿਹਾ ਹੈ ਜੋ ਕੋਵਿਡ-19 ਖਿਲਾਫ ਲੜਾਈ ‘ਚ ਮਦਦਗਾਰ ਸਾਬਤ ਹੋਣ ਅਤੇ ਕਿਸਾਨਾਂ ਤੇ ਸਨਅਤ ਲਈ ਵੀ ਸਹਾਈ ਹੋਣ।“ ਮੁੱਖ ਮੰਤਰੀ ਨੇ ਪੁੱਛਿਆ, ”ਕਿਸਾਨਾਂ ਨਾਲ ਗੱਲ ਕਰਨਾ ਐਨਾ ਮੁਸ਼ਕਿਲ ਕਿਉਂ ਹੈ?“ ਮਮਤਾ ਬੈਨਰਜੀ ਨੇ ਕਿਹਾ, ”ਭਾਜਪਾ ਦਾ ਰਾਜ ਸਿਹਤ ਸੰਭਾਲ ਤੋਂ ਲੈ ਕੇ ਕਿਸਾਨਾਂ ਤੇ ਸਨਅਤ ਤੱਕ ਹਰੇਕ ਖੇਤਰ ਲਈ ਤਬਾਹਕੁਨ ਸਾਬਤ ਹੋਇਆ ਹੈ। ਭਾਰਤ ਭੁਗਤ ਰਿਹਾ ਹੈ…ਅਸੀਂ ਕੁਦਰਤੀ ਤੇ ਸਿਆਸੀ ਦੋਵੇਂ ਤਰ੍ਹਾਂ ਦੀਆਂ ਆਫਤਾਂ ਦਾ ਸਾਹਮਣਾ ਕਰ ਰਹੇ ਹਾਂ।”