ਅੰਬੇਡਕਰ, ਭਗਤ ਸਿੰਘ, ਮਾਰਕਸ ਅਤੇ ਦਲਿਤ ਅੰਦੋਲਨ

ਅੱਜ ਭਾਰਤ ਫਾਸ਼ੀਵਾਦ ਵੱਲ ਵਧ ਰਿਹਾ ਹੈ ਅਤੇ ਸੱਤਾ ਉਤੇ ਕਾਬਜ਼ ਧਿਰ ਮੁਲਕ ਨੂੰ ਮਨੂੰ ਸਿਮ੍ਰਤੀ ਵਾਲੇ ਵੇਲਿਆਂ ਵੱਲ ਲਗਾਤਾਰ ਧੱਕ ਰਹੀ ਹੈ। ਡਾ. ਕਰਮਜੀਤ ਸਿੰਘ ਨੇ ਇਸ ਲੇਖ ਵਿਚ ਇਨ੍ਹਾਂ ਹਾਲਾਤ ਦੀ ਚੀਰ-ਫਾੜ ਕਰਦਿਆਂ ਪ੍ਰਗਤੀਵਾਦੀ ਧਿਰਾਂ ਨੂੰ ਇਕ ਮੰਚ ਉਤੇ ਆਉਣ ਦਾ ਹੋਕਾ ਦਿੱਤਾ ਹੈ ਜਿਹੜੀਆਂ ਦਲਿਤਾਂ, ਔਰਤਾਂ ਅਤੇ ਸਮਾਜ ਦੇ ਹੋਰ ਨਪੀੜੇ ਵਰਗਾਂ ਨੂੰ ਨਾਲ ਲੈ ਕੇ ਚੱਲਣ, ਤੇ ਵੱਡਾ ਕਾਫਲਾ ਬਣਾਉਣ।

ਡਾ. ਕਰਮਜੀਤ ਸਿੰਘ
ਫੋਨ: +91-98763-23862
ਅੱਜ ਦੇ ਦੌਰ ਅੰਦਰ ਗਾਹੇ-ਬਗਾਹੇ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਤਾਂ ਉਸਾਰੇ ਜਾ ਰਹੇ ਹਨ ਪਰ ਉਨ੍ਹਾਂ ਦੀ ਜਾਤ-ਪਾਤ ਵਿਰੋਧੀ ਵਿਚਾਰਧਾਰਾ ਨੂੰ ਮਲੀਆਮੇਟ ਕੀਤਾ ਜਾ ਰਿਹਾ ਹੈ। ਅਜੋਕੀ ਰਾਜਸੱਤਾ ਜੋ ਵਿਚਾਰਧਾਰਾ ਲੈ ਕੇ ਆ ਰਹੀ ਹੈ, ਉਹ ਮੂਲੋਂ ਹੀ ਦਲਿਤ ਵਿਰੋਧੀ ਹੈ। ਇਹ ਭਾਵੇਂ ਗਊ ਮਾਸ ਦਾ ਸਵਾਲ ਹੋਵੇ ਜਾਂ ਘੱਟ ਗਿਣਤੀਆਂ ਦਾ; ਯੂਨੀਵਰਸਿਟੀਆਂ ਵਿਚ ਮਹਿੰਗੀ ਵਿਦਿਆ ਦਾ ਸਵਾਲ ਹੋਵੇ ਜਾਂ ਪਬਲਿਕ ਸੈਕਟਰ ਦੀ ਥਾਂ ਕਾਰਪੋਰੇਟ ਸੈਕਟਰ ਨੂੰ ਵਿਕਸਿਤ ਕਰਨ ਦਾ; ਇਨ੍ਹਾਂ ਦੇ ਕੇਂਦਰ ਵਿਚ ਦਲਿਤਾਂ ਨੂੰ ਪੈ ਰਹੀ ਮਾਰ ਮੁੱਖ ਮੁੱਦਾ ਬਣ ਕੇ ਉਭਰਦੀ ਹੈ। ਇਸ ਮਾਰ ਤੋਂ ਧਿਆਨ ਹਟਾਉਣ ਲਈ ਹੀ ਡਾ. ਅੰਬੇਡਕਰ ਦੇ ਪ੍ਰਤੀਕ ਨੂੰ ਵਰਤ ਕੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਦਰਕਿਨਾਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਡਾ. ਅੰਬੇਡਕਰ ਸਾਰੀ ਉਮਰ ਉਸ ਬ੍ਰਾਹਮਣਵਾਦੀ ਸੋਚ ਦੇ ਖਿਲਾਫ ਲੜੇ ਜੋ ਦਲਿਤ ਅਤੇ ਅਤਿ-ਦਲਿਤ ਮਨੁੱਖ ਨੂੰ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਤੋਂ ਵਿਰਵੇ ਰੱਖਦੀ ਹੈ।
ਰਿਗਵੇਦ ਦੇ ਪੁਰਸ਼ ਸੂਤਰ ਨੂੰ ਆਧਾਰ ਬਣਾ ਕੇ ਮਨੂੰ ਸਿਮ੍ਰਤੀ ਚਾਰੇ ਵਰਣਾਂ ਲਈ ਕੰਮ ਅਤੇ ਦੰਡ ਤੈਅ ਕਰਦੀ ਹੋਈ ਸ਼ੂਦਰਾਂ ਨੂੰ ਚੌਥੇ ਦਰਜੇ ਦੇ ਸ਼ਹਿਰੀ ਬਣਾ ਦਿੰਦੀ ਹੈ। ਮਨੂੰ ਅਨੁਸਾਰ: “‘ਅਨਾਦੀ ਬ੍ਰਹਮ ਨੇ ਲੋਕ ਕਲਿਆਣ ਦੀ ਭਾਵਨਾ ਨਾਲ ਆਪਣੇ ਮੂੰਹ, ਭੁਜਾਵਾਂ, ਜੰਘਾਂ ਅਤੇ ਪੈਰਾਂ ਤੋਂ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਪੈਦਾ ਕੀਤੇ।” ‘ਲੋਕ ਕਲਿਆਣ ਦੀ ਭਾਵਨਾ’ ਨੇ ਬ੍ਰਾਹਮਣ ਨੂੰ ਪੜ੍ਹਨ-ਪੜ੍ਹਾਉਣ, ਯੱਗ ਕਰਨ-ਕਰਾਉਣ ਅਤੇ ਦਾਨ ਲੈਣ ਤੇ ਕਰਨ ਦੀ ਜ਼ਿੰਮੇਵਾਰੀ ਦਿੱਤੀ। ਖੱਤਰੀਆਂ ਨੂੰ ਲੜਨ ਅਤੇ ਵੈਸ਼ ਨੂੰ ਵਪਾਰਕ ਸਰਗਰਮੀਆਂ ਲਈ ਨਾਮਜ਼ਦ ਕੀਤਾ। ਸਾਨੂੰ ‘ਲੋਕ ਕਲਿਆਣ ਦੀ ਭਾਵਨਾ’ ਉਪਰਲੇ ਤਿੰਨਾਂ ਵਰਣਾਂ ਦੀ ਸੇਵਾ ਕਰਨ ਦਾ ਹੁਕਮ ਦਿੰਦੀ ਹੈ। ਇਹ ਸੇਵਾ ਬਿਨਾਂ ਕਿਸੇ ਮਲਾਲ ਦੇ ‘ਨਿਰਵਿਕਾਰ ਭਾਵ’ ਨਾਲ ਕੀਤੀ ਜਾਣੀ ਚਾਹੀਦੀ ਹੈ। ਇਥੇ ਸਪਸ਼ਟ ਹੋਣਾ ਜ਼ਰੂਰੀ ਹੈ ਕਿ ਹੱਥੀਂ ਕੰਮ ਕਰਨ ਵਾਲ਼ਾ ਹਰ ਸਮੂਹ, ਕਿਸਾਨੀ ਸਮੇਤ, ਸ਼ੂਦਰ ਸ਼੍ਰੇਣੀ ਵਿਚ ਆਉਂਦਾ ਹੈ। ਸ਼ੂਦਰਾਂ ਦਾ ਹੱਕ ਬਸ ਇਹੀ ਹੈ ਪਰ ਉਸ ਨੂੰ ਦੰਡ ਬਾਕੀ ਵਰਣਾਂ ਦੇ ਮੁਕਾਬਲੇ ਸਭ ਤੋਂ ਵਧੇਰੇ ਤੇ ਅਣਮਨੁੱਖੀ ਹਨ।
ਨਾਮਕਰਨ ਸੰਸਕਾਰ ਕਰਦੇ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਕਿ ਬ੍ਰਾਹਮਣ ਦਾ ਨਾਂ ਮੰਗਲ ਸੂਚਕ, ਖੱਤਰੀ ਦਾ ਸ਼ਕਤੀ ਸੂਚਕ ਤੇ ਵੈਸ਼ ਦਾ ਵੈਭਵ ਸੂਚਕ ਹੋਵੇ ਅਤੇ ਸ਼ੂਦਰ ਦਾ ਨਾਂ ਸੇਵਾ ਵ੍ਰਿਤੀ ਸੂਚਕ ਹੋਣਾ ਚਾਹੀਦਾ ਹੈ। ਮਨੂੰ ਸਿਮ੍ਰਤੀ ਦੇ ਇਸ ਆਦੇਸ਼ ਤੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਕਾਮਿਆਂ/ਸ਼ੂਦਰਾਂ ਦੇ ਨਾਂ ਅੱਧੇ ਭਾਵ ਕੂੜਾ, ਬੂੜਾ, ਬੁੱਧੂ ਆਦਿ ਕਿਉਂ ਰੱਖੇ ਜਾਂਦੇ ਰਹੇ ਹਨ। ਮਨੂੰ ਦੀ ਇਹ ਵਿਵਸਥਾ ਹੈ ਕਿ ਸ਼ੂਦਰ ਜਿਸ ਕਿਸੇ ਅੰਗ (ਹੱਥ ਪੈਰ ਆਦਿ) ਨਾਲ ਉਪਰਲੀਆਂ ਤਿੰਨਾਂ ਜਾਤੀਆਂ ‘ਤੇ ਹਮਲਾ ਕਰੇ, ਉਸ ਦਾ ਉਹ ਅੰਗ ਕੱਟ ਦੇਣਾ ਚਾਹੀਦਾ ਹੈ। ਜੇ ਸ਼ੂਦਰ ਇਨ੍ਹਾਂ ਜਾਤੀਆਂ ਦੇ ਕਿਸੇ ਸ਼ਖਸ ਉਪਰ ਹੱਥ ਚੁੱਕਦਾ ਹੈ, ਜਾਂ ਲਾਠੀ ਨਾਲ ਹਮਲਾ ਕਰਦਾ ਹੈ ਤਾਂ ਉਸ ਦਾ ਹੱਥ ਕੱਟ ਦੇਣਾ ਚਾਹੀਦਾ ਹੈ ਅਤੇ ਜੇ ਗੁੱਸੇ ਵਿਚ ਆ ਕੇ ਪੈਰ ਨਾਲ ਮਾਰ ਕਰਦਾ ਹੈ ਤਾਂ ਉਸ ਦਾ ਪੈਰ ਕੱਟ ਦੇਣਾ ਚਾਹੀਦਾ ਹੈ। ਜੇ ਕੋਈ ਸ਼ੂਦਰ ਉਚੇ ਵਰਣਾਂ ਦੇ ਲੋਕਾਂ ਨਾਲ ਇਕੋ ਆਸਣ ‘ਤੇ ਬੈਠਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੀ ਕਮਰ ਨੂੰ ਦਾਗ ਕੇ ਉਸ ਨੂੰ ਉਥੋਂ ਕੱਢ ਦੇਣਾ ਚਾਹੀਦਾ ਹੈ। ਇਸ ਨਿਯਮ ਅਨੁਸਾਰ ਹੀ ਸ਼ੂਦਰ ਉਪਰਲੀਆਂ ਜਾਤਾਂ ਸਾਹਮਣੇ ਹਮੇਸ਼ਾ ਜ਼ਮੀਨ ‘ਤੇ ਬੈਠਦਾ ਰਿਹਾ ਹੈ। ਅੱਜ ਵੀ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਕਿ ਉਹ ਵਿਆਹ ਸਮੇਂ ਘੋੜੀ ‘ਤੇ ਨਹੀਂ ਚੜ੍ਹ ਸਕਦਾ, ਬੈਂਡ ਬਾਜਾ ਨਹੀਂ ਬਜਾ ਸਕਦਾ। ਅਜਿਹੀਆਂ ਘਟਨਾਵਾਂ ਪਿੱਛੇ ਹਜ਼ਾਰਾਂ ਸਾਲ ਪੁਰਾਣੀ ਮਨੂੰ ਸਿਮ੍ਰਤੀ ਦੀ ਗੂੰਜ ਸੁਣਾਈ ਦਿੰਦੀ ਹੈ। ਮਨੂੰ ਅਨੁਸਾਰ ਜੇਕਰ ਹੰਕਾਰ ਵਿਚ ਆ ਕੇ ਸ਼ੂਦਰ ਉਚੀ ਜਾਤ ਦੇ ਸ਼ਖਸ ਉਪਰ ਥੁੱਕਦਾ ਹੈ ਤਾਂ ਉਸ ਦੇ ਦੋਨੋਂ ਬੁੱਲ੍ਹ, ਪੇਸ਼ਾਬ ਕਰਦਾ ਹੈ ਤਾਂ ਉਸ ਦਾ ਲਿੰਗ ਅਤੇ ਪੱਦ ਮਾਰਨ ਤੇ ਉਸ ਦੀ ਗੁਦਾ ਨੂੰ ਕਟਵਾ ਦੇਣਾ ਚਾਹੀਦਾ ਹੈ। ਅਜਿਹੇ ਅਣਮਨੁੱਖੀ ਆਦੇਸ਼ਾਂ ਲਈ ਮੂਲ ਮਨੂੰ ਸਿਮ੍ਰਤੀ ਪੜ੍ਹੀ ਜਾ ਸਕਦੀ ਹੈ, ਜਾਂ ਫਿਰ ਸ਼ਮਸ-ਉਲ-ਇਸਲਾਮ ਦੀ ਛੋਟੀ ਜਿਹੀ ਪੁਸਤਕ ‘ਮਨੂ ਕੇ ਭਾਰਤ ਮੇਂ ਸ਼ੁਦਰ’ ਦੇਖੀ ਜਾ ਸਕਦੀ ਹੈ। ਡਾ. ਅੰਬੇਡਕਰ ਨੇ ਇਸ ਗ੍ਰੰਥ ਨੂੰ ਮਾਨਵਤਾ, ਸਮਾਨਤਾ ਤੇ ਨਿਆਂ ਦਾ ਘੋਰ ਤ੍ਰਿਸਕਾਰ ਅਤੇ ਅਪਮਾਨ ਮੰਨਦੇ ਹੋਏ 1928 ਨੂੰ ਨਰਮਦਾ ਨਦੀ ਦੇ ਕੰਢੇ ਤੇ ਸਾਮੂਹਿਕ ਤੌਰ ‘ਤੇ ਇਸ ਦੀ ਹੋਲੀ ਜਲਾਈ ਸੀ।
ਇਸ ਅਨਿਆਂ, ਅਮਾਨਵੀ ਵਿਹਾਰ ਅਤੇ ਅਸਮਾਨਤਾ ਖਿਲਾਫ ਬੁੱਧ ਤੇ ਜੈਨ ਧਰਮ ਨੇ ਆਵਾਜ਼ ਉਠਾਈ ਪਰ ਇਨ੍ਹਾਂ ਨੂੰ ਬ੍ਰਾਹਮਣਵਾਦੀ ਵਿਚਾਰਾਂ ਨੇ ਮਾਤ ਦੇ ਦਿੱਤੀ ਅਤੇ ਇਹ ਇਕ ਸੀਮਾ ਤੋਂ ਅਗਾਂਹ ਅਸਰਦਾਰ ਨਹੀਂ ਹੋ ਸਕੇ। ਵਿਦਵਾਨਾਂ ਅਨੁਸਾਰ ਭਗਤੀ ਅੰਦੋਲਨ ਬੁੱਧ ਧਰਮ ਦਾ ਹੀ ਵਿਕਸਿਤ ਰੂਪ ਸੀ, ਕਿਉਂਕਿ ਇਹ ਬਰਾਬਰੀ ਦੇ ਸਮਾਜ ਦੇ ਹੱਕ ਵਿਚ ਸੀ, ਜਾਤ-ਪਾਤ ਦੇ ਖਿਲਾਫ ਵੀ ਸੀ, ਏਕ ਈਸ਼ਵਰਵਾਦੀ ਤੇ ਨਿਰਵਾਣ ਨੂੰ ਪ੍ਰਮੁੱਖਤਾ ਦਿੰਦਾ ਸੀ, ਬ੍ਰਾਹਮਣ ਦੀ ਥਾਂ ਗੁਰੂ ਨੂੰ ਮਾਨਤਾ ਦਿੰਦਾ ਸੀ ਅਤੇ ਇਸ ਨੇ ਲੋਕ ਭਾਸ਼ਾ ਨੂੰ ਪ੍ਰਚਾਰ ਦਾ ਮਾਧਿਅਮ ਬਣਾਇਆ ਪਰ ਇਕ ਗੱਲ ਜਿਸ ਉਪਰ ਖਾਸ ਜ਼ੋਰ ਦੇਣਾ ਚਾਹੀਦਾ ਹੈ, ਉਹ ਇਹ ਹੈ ਕਿ ਭਗਤੀ ਲਹਿਰ ਹੇਠਲੀਆਂ ਜਾਤਾਂ/ਜਮਾਤਾਂ ਦੀ ਲਹਿਰ ਸੀ ਅਤੇ ਲਹਿਰ ਵਿਦੇਸ਼ੀਆਂ ਦੇ ਆਉਣ ਨਾਲ ਉਵੇਂ ਹੀ ਵਿਕਸਿਤ ਹੁੰਦੀ ਹੈ ਜਿਵੇਂ ਬੁੱਧ/ਜੈਨ ਮੱਤ। ਡਾ. ਸੇਵਾ ਸਿੰਘ ਨੇ ਇਸ ਦ੍ਰਿਸ਼ਟੀ ਤੋਂ ਪਹਿਲੀ ਵਾਰ ਸੋਚਿਆ ਕਿ “ਯੱਗ ਪੁਰਾਣ ਦੇ ਵਰਣਨਾਂ ਵਿਚ ਬ੍ਰਾਹਮਣਾਂ ਦੀ ਉਸ ਤਰਸਯੋਗ ਹਾਲਤ ਬਾਰੇ ਇਸ਼ਾਰਾ ਮਿਲਦਾ ਹੈ ਜੋ ਯੂਨਾਨੀਆਂ, ਸ਼ੱਕਾਂ ਅਤੇ ਕੁਸ਼ਾਣਾਂ ਦੀਆਂ ਸਰਗਰਮੀਆਂ ਦਾ ਸਿੱਟਾ ਸੀ। ਸੰਭਵ ਹੈ, ਉਨ੍ਹਾਂ ਹਮਲਿਆਂ ਕਾਰਨ ਸ਼ੂਦਰਾਂ ਦੀ ਹਾਲਤ ਵਿਚ ਤਬਦੀਲੀ ਆਈ ਹੋਵੇ ਤੇ ਉਹ ਉਠ ਖੜ੍ਹੇ ਹੋਏ ਹੋਣ।… ਦਾਸ ਅਤੇ ਭਾੜੇ ਦੇ ਮਜ਼ਦੂਰਾਂ ਦੇ ਰੂਪ ਵਿਚ ਸ਼ੂਦਰਾਂ ਦੀ ਗੁਲਾਮੀ ਘਟੀ ਹੋਈ ਹੋਵੇਗੀ ਕਿਉਂਕਿ ਹੁਣ ਉਹ ਵਰਣ ਵੰਡ ਵਾਲੇ ਸਮਾਜ ਦਾ ਆਦਰਸ਼ ਨਿਭਾਉਣ ਲਈ ਮਜਬੂਰ ਨਹੀਂ।” (ਭਗਤੀ ਅਤੇ ਸ਼ੂਦਰ, ਪੰਨਾ 208)। ਭਗਤੀ ਲਹਿਰ ਬਾਰੇ ਇਹ ਸੰਭਾਵਨਾ ਹਕੀਕਤ ਬਣ ਜਾਂਦੀ ਹੈ, ਕਿਉਂਕਿ ਇਹ ਤੱਥ ਹੈ ਕਿ ਸ਼ੂਦਰ ਵਿਦੇਸ਼ੀਆਂ ਦੇ ਰਾਜ ਵਿਚ ਕੁਝ ਸੁੱਖ ਦਾ ਸਾਹ ਲੈਣ ਲੱਗੇ ਸਨ ਅਤੇ ਉਹ ਧਰਮ ਪਰਿਵਰਤਨ ਵੀ ਕਰ ਰਹੇ ਸਨ।
ਆਚਾਰੀਆ ਰਾਮ ਚੰਦਰ ਸ਼ੁਕਲ ਭਗਤੀ ਲਹਿਰ ਨੂੰ ‘ਨਿਰਾਸ਼ ਹੋ ਚੁੱਕੀ ਕੌਮ ਅਤੇ ਹਿੰਦੂ ਜਨਤਾ ਦੀ ਉਦਾਸੀ’ ਨਾਲ ਜੋੜਦਾ ਹੈ। ਸ਼ੁਕਲ ਦੇ ਵਿਚਾਰਾਂ ਦਾ ਵਿਸ਼ਲੇਸ਼ਣ ਕਰੀਏ ਤਾਂ ਇਸ ਦੀਆਂ ਸੀਮਾਵਾਂ ਉੱਘੜ ਪੈਂਦੀਆਂ ਹਨ। ਉਸ ਅਨੁਸਾਰ, ਦੇਸ਼ ਵਿਚ ਮੁਸਲਮਾਨਾਂ ਦਾ ਰਾਜ ਕਾਇਮ ਹੋ ਜਾਣ ਤੇ ਹਿੰਦੂ ਜਨਤਾ ਦੇ ਦਿਲ ਵਿਚ ਗੌਰਵ, ਗਰਵ ਅਤੇ ਉਤਸ਼ਾਹ ਲਈ ਉਹ ਥਾਂ ਨਾ ਰਿਹਾ। ਉਸ ਦੇ ਸਾਹਮਣੇ ਹੀ ਉਸ ਦੇ ਦੇਵ ਮੰਦਰ ਢਹਿ ਢੇਰੀ ਕੀਤੇ ਜਾਂਦੇ ਸਨ, ਦੇਵ ਮੂਰਤੀਆਂ ਤੋੜੀਆਂ ਜਾਂਦੀਆਂ ਸਨ ਅਤੇ ਪੂਜ-ਪੁਰਸ਼ਾਂ ਦਾ ਅਪਮਾਨ ਹੁੰਦਾ ਸੀ, ਤੇ ਉਹ ਕੁਝ ਵੀ ਨਹੀਂ ਕਰ ਸਕਦੇ ਸੀ, ਨਾ ਹੀ ਬਿਨਾਂ ਸ਼ਰਮਸਾਰ ਹੋਏ ਸੁਣ ਸਕਦੇ ਸੀ। ਅੱਗੇ ਚਲ ਕੇ ਜਦ ਮੁਸਲਿਮ ਸਾਮਰਾਜ ਦੂਰ ਦੂਰ ਤਕ ਕਾਇਮ ਹੋ ਗਿਆ ਤਾਂ ਪਰਸਪਰ ਲੜਨ ਵਾਲੇ ਸੁਤੰਤਰ ਰਾਜ ਵੀ ਨਾ ਰਹੇ। ਏਡੇ ਭਾਰੇ ਸਿਆਸੀ ਉਲਟ ਫੇਰ ਪਿੱਛੋਂ ਆਮ ਹਿੰਦੂ ਜਨਤਾ ਉੱਤੇ ਬਹੁਤ ਦਿਨਾਂ ਤਕ ਉਦਾਸੀ ਛਾਈ ਰਹੀ। ਆਪਣੀ ਸੂਰਬੀਰਤਾ ਨਿਰਾਸ਼ ਹੋ ਚੁੱਕੀ ਕੌਮ ਲਈ ਭਗਵਾਨ ਦੀ ਸ਼ਕਤੀ ਅਤੇ ਕਰੁਣਾ ਵਲ ਧਿਆਨ ਲੈ ਜਾਣ ਤੋਂ ਛੁੱਟ ਦੂਜਾ ਰਸਤਾ ਹੀ ਕਿਹੜਾ ਸੀ? (ਡਾ. ਧਰਮ ਪਾਲ ਸੰਗਲ, ਪੰਜਾਬੀ ਸਾਹਿਤ ਦਾ ਇਤਿਹਾਸ, ਪੰਨਾ 61)। ਇਸੇ ਆਧਾਰ ‘ਤੇ ਧਰਮ ਪਾਲ ਸਿੰਗਲ ਨੇ ਭਗਤੀ ਲਹਿਰ ਨੂੰ ‘ਹਿੰਦੂ ਸਮਾਜ ਵਿਚ ਆਤਮ ਵਿਸ਼ਵਾਸ’ ਪੈਦਾ ਕਰਨ ਲਈ ਪੈਦਾ ਹੋਈ ਲਹਿਰ ਮੰਨਿਆ ਪਰ ਸ਼ੁਕਲ ਅਤੇ ਸਿੰਗਲ ਇਹ ਗੱਲ ਭੁੱਲ ਗਏ ਕਿ ਜਿਸ ਹਿੰਦੂ ਸਮਾਜ ਦੀ ਗੱਲ ਉਹ ਕਰ ਰਹੇ ਹਨ, ਉਸ ਦੇ ਵੱਡੇ ਹਿੱਸੇ ਸ਼ੂਦਰਾਂ ਨੂੰ ਤਾਂ ਮੰਦਰਾਂ ਵਿਚ ਜਾਣ ਦਾ ਅਧਿਕਾਰ ਹੀ ਨਹੀਂ ਸੀ। ਦੇਵ ਮੂਰਤੀਆਂ ਦੇ ਉਹ ਦਰਸ਼ਨ ਨਹੀਂ ਸਨ ਕਰ ਸਕਦੇ। ‘ਪੂਜ-ਪੁਰਸ਼’ ਬ੍ਰਾਹਮਣਾਂ ਦੇ ਅਪਮਾਨਿਤ ਹੋਣ ਨਾਲ ਉਹ ਕਿਵੇਂ ਅਪਮਾਨਿਤ ਮਹਿਸੂਸ ਕਰ ਸਕਦੇ ਸਨ? ਇਸ ਲਈ ਇਹ ਵਿਚਾਰ ਮੂਲੋਂ ਹੀ ਨਿਰਮੂਲ ਹੈ ਤੇ ਇਸ ਤੱਥ ਨੂੰ ਅੱਖੋਂ ਪਰੋਖੇ ਕਰਦਾ ਹੈ ਕਿ ਭਗਤੀ ਲਹਿਰ ਸ਼ੂਦਰਾਂ ਦੀ ਲਹਿਰ ਸੀ। ਪੰਜਾਬ ਵਿਚ ਛੋਟੀ ਵਪਾਰੀ ਜਮਾਤ ਦੀ ਅਗਵਾਈ ਵਿਚ ਸਾਰੇ ਸ਼ੂਦਰਾਂ ਨੂੰ ਸ਼ਾਮਿਲ ਕਰ ਕੇ ਅਗਾਂਹ ਵਧਦੀ ਲਹਿਰ ਸੀ। ਮੁਸਲਮਾਨੀ ਰਾਜ ਵਿਚ ਭਗਤਾਂ ਉਪਰ ਜਿਹੜੇ ਜ਼ੁਲਮਾਂ ਦਾ ਹਵਾਲਾ ਦਿੱਤਾ ਜਾਂਦਾ ਹੈ, ਉਸ ਵਿਚ ਵੀ ਇਹ ਤੱਥ ਲੁਕੋ ਲਿਆ ਜਾਂਦਾ ਹੈ ਕਿ ਭਗਤਾਂ ਖਿਲਾਫ ਸਾਰੀਆਂ ਸ਼ਿਕਾਇਤਾਂ ਬ੍ਰਾਹਮਣਾਂ ਨੇ ਹੀ ਕੀਤੀਆਂ। ਸਿੰਗਲ ਦਾ ਇਹ ਕਥਨ ਸਹੀ ਹੈ ਕਿ ‘ਭਗਤੀ ਲਹਿਰ ਦੀ ਸਭ ਤੋਂ ਵੱਡੀ ਦੇਣ ਇਹ ਹੈ ਕਿ ਇਸ ਨਾਲ ਭਗਤੀ ਦੀ ਵਾਗਡੋਰ ਪੰਡਾ-ਪੁਰੋਹਿਤਵਾਦ ਹੱਥੋਂ ਨਿਕਲ ਕੇ ਆਮ ਜਨਤਾ (ਸ਼ੂਦਰਾਂ) ਅਤੇ ਇਸ ਵਿਚੋਂ ਪੈਦਾ ਹੋਣ ਵਾਲੇ ਹਰ ਸੂਬੇ, ਜਾਤ ਦੇ ਸੰਤਾਂ ਭਗਤਾਂ ਹੱਥ ਆ ਗਈ ਅਤੇ ਨੀਚ ਜਾਤ ਦੇ ਬੰਦਿਆਂ ਅਤੇ ਇਸਤਰੀ ਜਾਤੀ ਨੂੰ ਵੀ ਭਗਤੀ ਦਾ ਪੂਰਾ ਪੂਰਾ ਅਧਿਕਾਰ ਪਹਿਲੀ ਬਾਰ ਇੱਥੇ ਹੀ ਮਿਲਿਆ ਸੀ।” (ਸਿੰਗਲ, ਪੰਨਾ 65)
ਕਬੀਰ, ਨਾਮਦੇਵ, ਰਵਿਦਾਸ, ਤ੍ਰਿਲੋਚਨ, ਧੰਨਾ, ਸੈਣ, ਸਧਨਾ ਆਦਿ ਸਾਰੇ ਦਲਿਤ (ਸ਼ੂਦਰ) ਜਾਤੀਆਂ ਵਿਚੋਂ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਗਤਾਂ ਵਿਚੋਂ ਸਭ ਤੋਂ ਵੱਧ ਬਾਣੀ ਕਬੀਰ ਦੀ ਹੈ। ਉਸ ਤੋਂ ਬਾਅਦ ਨਾਮਦੇਵ ਅਤੇ ਭਗਤ ਰਵਿਦਾਸ ਦੀ। ਇਨ੍ਹਾਂ ਤਿੰਨਾਂ ਨੇ ਭਾਰਤੀ ਸਮਾਜ ਉਪਰ ਆਪਣਾ ਪ੍ਰਭਾਵ ਪਾਇਆ ਅਤੇ ਉਨ੍ਹਾਂ ਦੀ ਬਾਣੀ ਸਮਕਾਲ ਵਿਚ ਵੀ ਆਪਣੇ ਵਿਚਾਰਾਂ ਕਰ ਕੇ ਪ੍ਰਭਾਵਸ਼ਾਲੀ ਹੈ। ਇਨ੍ਹਾਂ ਨੇ ਸਭ ਤੋਂ ਪਹਿਲਾਂ ਬ੍ਰਾਹਮਣ ਨਾਲ ਵਿਚਾਰਧਾਰਕ ਟੱਕਰ ਲਈ ਅਤੇ ਆਪਣੀ ਵੱਖਰੀ ਪਛਾਣ ਬਣਾਈ। ਭਗਤ ਕਬੀਰ ਨੇ ਬ੍ਰਾਹਮਣ ਨਾਲੋਂ ਆਪਣੀ ਵੱਖਰੀ ਪਛਾਣ ਦੱਸੀ:
ਹਮ ਘਰਿ ਸੂਤੁ ਤਨਹਿ ਨਿਤ ਤਾਨਾ ਕੰਠਿ ਜਨੇਊ ਤੁਮ੍ਹਾਰੇ॥
ਤੁਮ ਤਉ ਬੇਦ ਪੜਹੁ ਗਾਇਤ੍ਰੀ ਗੋਬਿੰਦ ਰਿਦੈ ਹਮਾਰੇ॥
ਮੇਰੀ ਜਿਹਬਾ ਬਿਸਨੁ ਨੈਨ ਨਾਰਾਇਨ ਹਿਰਦੈ ਬਸਹਿ ਗੋਬਿੰਦਾ॥
ਜਮ ਦੁਆਰ ਜਬ ਪੂਛਸਿ ਬਵਰੇ ਤਬ ਕਿਆ ਕਹਿਸ ਮੁਕੰਦਾ॥ ਰਹਾਉ॥
ਹਮ ਗੋਰੂ ਤੁਮ ਗੁਆਰ ਗੋਸਾਈ ਜਨਮ ਜਨਮ ਰਖਵਾਰੇ॥
ਕਬਹੂੰ ਨ ਪਾਰ ਉਤਾਰਿ ਚਰਾਇਹੁ ਕੈਸੇ ਖਸਮ ਹਮਾਰੇ॥
ਤੂੰ ਬਾਮਨੁ ਮੈ ਕਾਸੀਕ ਜੁਲਹਾ ਬੂਝਹੁ ਮੋਰ ਗਿਆਨਾ॥
ਤੁਮ ਤਉ ਜਾਚੇ ਭੂਪਤਿ ਰਾਜੇ ਹਰ ਸਉ ਮੋਰ ਧਿਆਨਾ॥ (ਆਸਾ ਕਬੀਰ)
ਕਬੀਰ-ਬ੍ਰਾਹਮਣ ਸੰਵਾਦ ਬੜਾ ਤਿੱਖਾ ਹੈ। ਜੁਲਾਹਾ ਤਾਣਾ ਤਣਦਾ ਹੈ ਪਰ ਬ੍ਰਾਹਮਣ ਜਨੇਊ ਪਾ ਕੇ ਉਚਾ ਬਣਦਾ ਹੈ। ਇਕ ਵਿਹਲਾ ਦੂਜਾ ਕਾਮਾ। ਇਕ ਬਾਹਰੀ ਗਾਇਤ੍ਰੀ ਮੰਤਰ ਉਚਾਰਦਾ ਹੈ, ਦੂਜੇ ਦੇ ਹਿਰਦੇ ਵਿਚ ਗੋਬਿੰਦ ਹੈ। ਜਮ ਦੇ ਦੁਆਰ ਜਾ ਕੇ ਬ੍ਰਾਹਮਣ ਨੂੰ ਕਹਿਣ ਨੂੰ ਕੁਝ ਨਹੀਂ। ਬ੍ਰਾਹਮਣ ਰਾਜਿਆਂ ਅੱਗੇ ਜਾਚਕ ਬਣਦਾ ਹੈ ਪਰ ਕਾਮਾ ਕਬੀਰ ਹਰਿ ਵਲ ਧਿਆਨ ਲਗਾ ਰਿਹਾ ਹੈ। ਕਬੀਰ ਦੀ ਬ੍ਰਾਹਮਣ ਨਾਲ ਤਕਰਾਰ ਇਸ ਤੋਂ ਵੀ ਤਿੱਖੀ ਹੁੰਦੀ ਦਿਖਾਈ ਦਿੰਦੀ ਹੈ:
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ॥ ਤਉ ਆਨ ਬਾਟ ਕਾਹੇ ਨਹੀ ਆਇਆ॥
ਤੁਮ ਕਤ ਬ੍ਰਾਹਮਣ ਹਮ ਕਤ ਸੂਦ॥ ਹਮ ਕਤ ਲੋਹੂ ਤੁਮ ਕਤ ਦੂਧ॥
ਜਦੋਂ ਕਬੀਰ ਆਪਣੀ ਥਾਂ ਤੋਂ ਕਹਿੰਦਾ ਹੈ ਕਿ ‘ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥’ ਤਾਂ ਉਹ ਸੱਚਮੁੱਚ ਬਰਾਬਰੀ ਦੀ ਗੱਲ ਕਰ ਰਿਹਾ ਹੈ। ਬ੍ਰਾਹਮਣ ਗ੍ਰੰਥਾਂ ਵਿਚ ਸ਼ੂਦਰ ਕਿਤੇ ਬਰਾਬਰ ਨਹੀਂ ਹੈ। ਕਬੀਰ ਬਰਾਬਰੀ ਦਾ ਸੰਕਲਪ ਦੇ ਰਿਹਾ ਹੈ। ਸ਼ਬਦਾਵਲੀ ਸਾਮੀ ਸਭਿਆਚਾਰ ਦਾ ਪ੍ਰਭਾਵ ਵੀ ਲੈ ਕੇ ਆ ਰਹੀ ਹੈ।
ਭਗਤ ਰਵਿਦਾਸ ਜਦੋਂ ਆਪਣੇ ਆਪ ਨੂੰ ‘ਕਹਿ ਰਵਿਦਾਸ ਚਮਾਰਾ’ ਕਹਿੰਦਾ ਹੈ ਤਾਂ ਉਹ ਬ੍ਰਾਹਮਣ ਨੂੰ ਆਪਣੇ ਕਾਮੇ ਹੋਣ ਦਾ ਉਸੇ ਤਰ੍ਹਾਂ ਸ਼ੀਸ਼ਾ ਦਿਖਾਉਂਦਾ ਹੈ, ਜਿਵੇਂ ਕਬੀਰ ਨੇ ਦਿਖਾਇਆ ਹੈ। ਇਥੇ ਇਹ ਭਗਤ ਇਕ ਪਾਸੇ ਬ੍ਰਾਹਮਣਵਾਦੀ ਸੋਚ ਨੂੰ ਨਕਾਰ ਰਹੇ ਹਨ, ਦੂਜੇ ਪਾਸੇ ਵਿਦੇਸ਼ੀ ਸੱਤਾ-ਸਭਿਆਚਾਰ ਨੂੰ ਵੀ ਪ੍ਰਵਾਨ ਨਹੀਂ ਕਰਦੇ। ਇਸ ਦੁਵੱਲੇ ਵਿਰੋਧ ਵਿਚੋਂ ਭਗਤ ਰਵਿਦਾਸ ਦਾ ‘ਬੇਗਮਪੁਰੇ’ ਦਾ ਸੰਕਲਪ ਉਜਾਗਰ ਹੁੰਦਾ ਹੈ। ਇਥੇ ਗੁਲਾਮੀ ਨਹੀਂ, ਦੁੱਖ ਦਰਦ ਨਹੀਂ; ਉਥੇ ਹਮੇਸ਼ਾ ਖੈਰ-ਸੁੱਖ ਹੈ। ਉਥੇ ਕੋਈ ਦੋਮ (ਹੇਠਲੀ ਜਾਤੀ) ਸੇਮ (ਅਤਿ ਸ਼ੂਦਰ) ਨਹੀਂ। ਅਜਿਹੇ ਵਿਚਾਰ ਰੱਖਣ ਵਾਲਾ ਸ਼ਖਸ ਭਗਤ ਰਵਿਦਾਸ ਦਾ ‘ਹਮ ਸ਼ਹਿਰੀ’ ਹੈ। ਇਹੋ ਜਿਹੇ ਸ਼ਹਿਰੀ ਭਗਤ ਕਵੀ ਹੀ ਸਨ। ਇਨ੍ਹਾਂ ਦੀ ਲਹਿਰ ਇਵੇਂ ਵੱਖਰੇ ਬ੍ਰਾਹਮਣਵਾਦ ਵਿਰੋਧੀ (ਜਾਤ-ਪਾਤ ਵਿਰੋਧੀ) ਲਹਿਰ ਬਣਦੀ ਹੈ:
ਬੇਗਮ ਪੁਰਾ ਸਹਰ ਕੋ ਨਾਉ॥
ਦੂਖੁ ਅੰਦੋਹੁ ਨਹੀ ਤਿਹਿ ਠਾਉ॥
ਨਾਂ ਤਸਵੀਸ ਖਿਰਾਜੁ ਨ ਮਾਲੁ॥
ਖਉਫੁ ਨ ਖਤਾ ਨ ਤਰਸੁ ਜਵਾਲੁ॥
ਅਬ ਮੋਹਿ ਖੂਬ ਵਤਨ ਗਹ ਪਾਈ॥
ਊਹਾਂ ਖੈਰਿ ਸਦਾ ਮੇਰੇ ਭਾਈ॥ ਰਹਾਉ॥
ਕਾਇਮੁ ਦਾਇਮੁ ਸਦਾ ਪਾਤਸਾਹੀ॥
ਦੋਮ ਨ ਸੇਮ ਏਕ ਸੋ ਆਹੀ॥
ਆਬਾਦਾਨੁ ਸਦਾ ਮਸਹੂਰ॥
ਊਹਾਂ ਗਨੀ ਬਸਹਿ ਮਾਮੂਰ॥
ਤਿਉ ਤਿਉ ਸੈਲ ਕਰਹਿ ਜਿਉ ਭਾਵੈ॥
ਮਹਰਮ ਮਹਲ ਨ ਕੋ ਅਟਕਾਵੈ॥
ਕਹਿ ਰਵਿਦਾਸ ਖਲਾਸ ਚਮਾਰਾ॥
ਜੋ ਹਮ ਸਹਰੀ ਸੁ ਮੀਤੁ ਹਮਾਰਾ॥
ਬ੍ਰਹਮਨ ਬੈਸ ਸੂਦ ਅਰੁ ਖਤ੍ਰੀ
ਡੋਮ ਚੰਡਾਰ ਮਲੇਛ ਮਨ ਸੋਇ॥
ਹੋਇ ਪੁਨੀਤ ਭਗਵੰਤ ਭਜਨ ਤੇ
ਆਪੁ ਤਾਰਿ ਤਾਰੇ ਕੁਲ ਦੋਇ॥ (ਬਿਲਾਵਲੁ ਰਵਿਦਾਸ)
ਭਗਤ ਕਵੀਆਂ ਦੀ ਸਾਂਝੀ ਸੋਚ ਇਹ ਹੈ ਕਿ ਇਹ ਨਾ ਤਾਂ ਇਸ ਸੰਸਾਰ ਤੋਂ ਪਾਰ ਜਾਂਦੇ ਹਨ ਤੇ ਨਾ ਹੀ ਪਦਾਰਥਕ ਲੋੜਾਂ ਤੋਂ ਇਨਕਾਰੀ ਹਨ। ਉਨ੍ਹਾਂ ਲਈ ਪਦਾਰਥਕ ਲੋੜਾਂ ਪਹਿਲਾਂ ਹਨ, ਰਹੱਸਵਾਦੀ ਦੁਨੀਆ ਬਾਅਦ ਵਿਚ। ਇਹ ਇਸ ਕਰ ਕੇ ਹੈ ਕਿ ਇਹ ਸਾਰੇ ਕਾਮਾ ਸ਼੍ਰੇਣੀ ਵਿਚੋਂ ਸਨ; ਖੇਤੀਬਾੜੀ, ਜੁਲਾਹਾ, ਚਮੜੇ ਦਾ ਕੰਮ, ਕਸਾਈ, ਝਿਊਰ, ਦਰਜੀ ਆਦਿ ਕਿੱਤਿਆਂ ਨਾਲ ਜੁੜੇ ਹੋਏ ਸਨ। ਕਬੀਰ ਦੀ ਇਹ ਉਕਤੀ ਹਰ ਜ਼ਬਾਨ ‘ਤੇ ਹੈ ਕਿ ‘ਭੂਖੇ ਭਗਤਿ ਨਾ ਕੀਜੈ॥ ਯਹ ਮਾਲਾ ਆਪਨੀ ਲੀਜੈ॥’ ਇਸੇ ਵਿਚਾਰ ਨਾਲ ਸਹਿਮਤੀ ਧੰਨਾ ਭਗਤ ਦੀ ਹੈ ਜੋ ਗੋਪਾਲ ਤੋਂ ਦਾਲ, ਆਟਾ, ਘਿਉ, ਜੁੱਤੀ, ਅਨਾਜ, ਲਵੇਰੀ ਗਾਂ-ਮੱਝ, ਘੋੜੀ ਤੇ ਘਰਵਾਲੀ ਦੀ ਮੰਗ ਕਰਦਾ ਹੈ:
ਗੋਪਾਲ ਤੇਰਾ ਆਰਤਾ॥
ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ॥
ਦਾਲਿ ਸੀਧਾ ਮਾਗਉ ਘੀਉ ਹਮਰਾ ਖੁਸੀ ਕਰੈ ਨਿਤ ਜੀਉ॥
ਪਨੀਆ ਛਾਦਨੁ ਨੀਕਾ॥ ਅਨਾਜੁ ਮਗਉ ਸਤ ਸੀਕਾ।
ਗਊ ਭੈਸ ਮਗਉ ਲਾਵੇਰੀ॥ ਇਕ ਤਾਜਨਿ ਤੁਰੀ ਚੰਗੇਰੀ॥
ਘਰ ਕੀ ਗੀਹਨਿ ਚੰਗੀ॥ ਜਨੁ ਧੰਨਾ ਲੇਵੈ ਮੰਗੀ॥
‘ਪੰਜਾਬ ਵਿਚ ਗੁਰੂ ਖਤਰੀ ਹਨ ਪਰ ਉਹ ਨੀਚਾਂ’ ਦੇ ‘ਸੰਗਿ ਸਾਥ’ ਹਨ। ਉਹ ਭਗਤ ਕਵੀਆਂ ਨੂੰ ਆਪਣੇ ਨਾਲ ਰਲ਼ਾ ਕੇ ਬ੍ਰਾਹਮਣਵਾਦ ਖਿਲ਼ਾਫ ਵੱਡੀ ਮੁਹਿੰਮ ਦਾ ਆਗਾਜ਼ ਕਰਦੇ ਹਨ। ਉਹ ਬ੍ਰਾਹਮਣ ਦੇ ਨਾਲ ਨਾਲ ਜੋਗੀ ਅਤੇ ਮੁੱਲਾਂ ਨੂੰ ਵੀ ਨਿਸ਼ਾਨੇ ‘ਤੇ ਲਿਆਉਂਦੇ ਹਨ।
ਭਾਰਤ ਵਿਚ ਅੰਗਰੇਜ਼ੀ ਰਾਜ ਕਾਇਮ ਹੋਣ ਨਾਲ ਜਾਤ-ਪਾਤ ਵਿਰੁੱਧ ਨਵੇਂ ਸਿਰਿਉਂ ਅੰਦੋਲਨ ਉਠਣੇ ਸ਼ੁਰੂ ਹੋਏ। ਇਸ ਦੇ ਸੂਤਰਧਾਰ ਜਯੋਤੀਬਾ ਫੂਲੇ (1827-1890) ਅਤੇ ਡਾ. ਅੰਬੇਡਕਰ (1891-1956) ਬਣੇ। ਮਹਾਤਮਾ ਫੂਲੇ ਸਿਰਜਣਾਤਮਕ ਸਾਹਿਤਕਾਰ ਸਨ ਜਿਸ ਨੇ ਸ਼ਿਵਜੀ ਉਪਰ ਨਾਟਕ ਵੀ ਲਿਖਿਆ। ਫੂਲੇ ਨੇ ਇਹ ਪਛਾਣ ਕੀਤੀ ਕਿ ਬ੍ਰਾਹਮਣਾਂ ਦੁਆਰਾ ਲਿਖੇ ਗ੍ਰੰਥ ਬ੍ਰਾਹਮਣਾਂ ਨੂੰ ਹੀ ਸਥਾਪਿਤ ਕਰਦੇ ਹਨ। ਫੂਲੇ ਨੇ ਇਨ੍ਹਾਂ ਨੂੰ ਸ਼ਾਤਰ, ਹੰਕਾਰੀ, ਕੱਟੜ, ਸਵੈ-ਪ੍ਰਸ਼ੰਸਕ ਆਦਿ ਕਿਹਾ ਹੈ ਜਿਨ੍ਹਾਂ ਨੇ ਵਿਰੋਧੀਆਂ ਨੂੰ ਸ਼ੂਦਰ, ਮਹਾਰੀ (ਵੱਡਾ ਦੁਸ਼ਮਣ), ਅੰਤਿਅਜ, ਚਾਂਡਾਲ ਅਤੇ ਰਾਕਸ਼ਸ਼ ਨਾਮ ਨਾਲ ਸੰਬੋਧਿਤ ਕੀਤਾ। ਫੂਲੇ ਅਤੇ ਡਾ. ਅੰਬੇਡਕਰ ਸ਼ੂਦਰਾਂ ਨੂੰ ਮੂਲ਼ ਰੂਪ ਵਿਚ ਖੱਤਰੀ ਮੰਨਦੇ ਹਨ ਜਿਨ੍ਹਾਂ ਨੂੰ ਪਰਸੂ ਰਾਮ ਵਰਗੇ ਬ੍ਰਾਹਮਣਾਂ ਨੇ ਤਬਾਹ ਕਰ ਕੇ ਅਛੂਤ ਬਣਾ ਦਿੱਤਾ।
ਇਸ ਧਾਰਨਾ ਨਾਲ ਸਹਿਮਤ ਨਾ ਹੋਣ ਦੇ ਕਈ ਕਾਰਨ ਹਨ ਪਰ ਇਥੇ ਸੰਕੇਤ ਮਾਤਰ ਹੀ ਕਾਫੀ ਹੈ। ਫੂਲੇ ਅਨੁਸਾਰ ਬ੍ਰਾਹਮਣਾਂ ਨੇ ਸ਼ੂਦਰ ਨੂੰ ‘ਆਮ ਮਾਨਵੀ ਅਧਿਕਾਰਾਂ ਤੋਂ ਵੀ ਵਾਂਝੇ ਰੱਖਿਆ’ ਅਤੇ ਇਨ੍ਹਾਂ ਦਾ ‘ਮੁੱਖ ਮਕਸਦ ਝੂਠੀਆਂ ਸੱਚੀਆਂ ਕਹਾਣੀਆਂ ਰਾਹੀਂ ਅਣਜਾਣ ਲੋਕਾਂ ਨੂੰ ਧੋਖਾ ਦੇ ਕੇ ਉਨ੍ਹਾਂ ਨੂੰ ਗੁਲਾਮ ਬਣਾਉਣਾ ਸੀ।’ ਫੂਲੇ ਦੀ ਪੁਸਤਕ ‘ਗੁਲਾਮਗਿਰੀ’ ਇਨ੍ਹਾਂ ਵਿਚਾਰਾਂ ਦਾ ਹੀ ਵਿਸਤਾਰ ਹੈ। ਕਈ ਲੋਕ ਅੰਗਰੇਜ਼ਾਂ ਦੀਆਂ ਸਿਫਤਾਂ ਕਰਦੇ ਸਨ ਪਰ ਫੂਲੇ ਨੇ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਨੇ ਆਮ ਲੋਕਾਂ ਨੂੰ ਅਣਗੌਲਿਆਂ ਕੀਤਾ ਅਤੇ ਕੇਵਲ ਉਪਰਲਿਆਂ ਉਪਰ ਹੀ ਪੈਸਾ ਖਰਚ ਕੀਤਾ। ਇਸ ਲਈ ਫੂਲੇ ਅਤੇ ਉਸ ਦੀ ਪਤਨੀ ਨੇ ਸਾਰਾ ਜੀਵਨ ਸ਼ੂਦਰਾਂ ਨੂੰ ਸਿਖਿਆ ਦੇਣ ਵਿਚ ਲਾਇਆ। ਦੋਨਾਂ ਨੇ ਸਭ ਤੋਂ ਪਹਿਲਾਂ ਸ਼ੂਦਰ ਕੁੜੀਆਂ ਲਈ ਸਕੂਲ ਖੋਲ੍ਹਿਆ। ਕਾਮਿਆਂ ਲਈ ਰਾਤ ਦਾ ਸਕੂਲ ਚਲਾਇਆ। ਬਿਨ ਪਿਉ ਬੱਚਿਆਂ ਤੇ ਉਨ੍ਹਾਂ ਦੀਆਂ ਮਾਵਾਂ ਲਈ ਘਰ ਬਣਵਾਇਆ, ਅਛੂਤਾਂ ਲਈ ਪਾਣੀ ਦਾ ਤਲਾਅ ਬਣਾਇਆ ਅਤੇ ‘ਸਤਯਸ਼ੋਧਕ’ ਸਮਾਜ ਦੀ ਸਥਾਪਨਾ ਕੀਤੀ।
ਬੀ.ਟੀ. ਰਣਦੀਵੇ ਨੇ ਆਪਣੇ ਕਿਤਾਬਚੇ ‘ਜਾਤ ਵਰਗ ਅਤੇ ਜਾਇਦਾਦ ਦੇ ਸਬੰਧ’ ਵਿਚ ਜਯੋਤੀਬਾ ਫੂਲੇ, ਪੇਰੀਆਰ ਅਤੇ ਡਾ. ਅੰਬੇਡਕਰ ਦਾ ਸੰਖੇਪ ਪਰ ਡੂੰਘਾ ਵਿਸ਼ਲੇਸ਼ਣ ਕੀਤਾ ਹੈ। ਰਣਦੀਵੇ ਨੇ ਫੂਲੇ ਦੀ ਗੈਰ-ਸਮਝੌਤਾਵਾਦੀ ਨੀਤੀ ਦੀ ਬਣਦੀ ਪ੍ਰਸ਼ੰਸਾ ਕੀਤੀ ਹੈ। ਰਣਦੀਵੇ ਨੇ ਸਤਯਸ਼ੋਧਕ ਅੰਦੋਲਨ ਬਾਰੇ ਲਿਖਿਆ ਹੈ: “ਇਹ ਅੰਦੋਲਨ ਬ੍ਰਾਹਮਣਾਂ ਦੀ ਸਰਵ-ਉਚਤਾ ‘ਤੇ ਆਧਾਰਿਤ ਹਿੰਦੂ ਸਮਾਜ ਵਿਵਸਥਾ ਦੇ ਝੂਠ ਅਨਿਆਂ ਅਤੇ ਦੋਗਲੇਪਨ ਦਾ ਵਿਰੋਧ ਕਰਨ ਵਾਲਾ ਸੀ। ਉਨ੍ਹਾਂ ਨੇ ਬ੍ਰਾਹਮਣਾਂ ਅਤੇ ਉਨ੍ਹਾਂ ਦੀ ਵਿਚਾਰਧਾਰਾ ਖਿਲਾਫ ਆਪਣਾ ਧਰਮ ਯੁੱਧ ਛੇੜ ਦਿੱਤਾ ਸੀ, ਜਾਤੀਆਂ ਦੀ ਉਤਪਤੀ ਅਤੇ ਧਾਰਨਾ ਦਾ ਪਰਦਾਫਾਸ਼ ਕੀਤਾ। ਉਨ੍ਹਾਂ ਸਭ ਲਈ ਪੂਰਨ ਸਮਾਨਤਾ ਦੀ ਮੰਗ ਕੀਤੀ। ਮੁਸਲਮਾਨਾਂ ਅਤੇ ਇਸਾਈਆਂ ਨਾਲ ਸਮਾਨਤਾ ਦਾ ਵਿਹਾਰ ਕਰਨ ਦੀ ਮੰਗ ਕੀਤੀ। ਹੇਠਲੇ ਤੋਂ ਹੇਠਲੇ ਤਬਕੇ ਲਈ ਸਿਖਿਆ ਦੀ ਮੰਗ ਕੀਤੀ ਅਤੇ ਮਰਦ ਔਰਤ ਦੀ ਬਰਾਬਰੀ `ਤੇ ਜ਼ੋਰ ਦਿੱਤਾ। ਕੁੱਲ ਮਿਲਾ ਕੇ ਉਨ੍ਹਾਂ ਨੇ ਅਸਮਾਨਤਾ `ਤੇ ਆਧਾਰਿਤ ਪੁਰਾਣੀ ਵਿਵਸਥਾ ਦੇ ਖਿਲਾਫ ਖੁੱਲ੍ਹੀ ਜੰਗ ਦਾ ਐਲਾਨ ਕੀਤਾ।”
ਵਿਲਾਸ ਸੋਨਵਣੇ ਨੇ ਸਾਡਾ ਧਿਆਨ ਇਸ ਤੱਥ ਵਲ ਦਿਵਾਇਆ ਹੈ ਕਿ 1876 ਦੀ ਸ਼ਾਹੂਕਾਰਾਂ ਖਿਲਾਫ ਲੜਾਈ ਜਿਸ ਨੂੰ ‘ਡਕਨਰਾਇਟਸ’ ਕਿਹਾ ਜਾਂਦਾ ਹੈ, ਦੀ ਅਗਵਾਈ ਜਯੋਤੀਬਾ ਫੂਲੇ ਨੇ ਕੀਤੀ। ਸੋਨਵਣੇ ਅਨੁਸਾਰ, “ਫੂਲੇ ਜਾਤੀ ਪ੍ਰਥਾ ਦੇ ਖਿਲਾਫ ਜ਼ਰੂਰ ਸਨ ਪਰ ਭਾਰਤ ਵਿਚ ਜੋ ਵਰਗ ਬਣੇ, ਉਨ੍ਹਾਂ ਵਿਚ ਵਰਗ ਸੰਘਰਸ਼ ਦਾ ਪਹਿਲਾ ਲੀਡਰ ਉਹੀ ਸੀ।” (ਨਯਾਪਥ, ਅਕਤੂਬਰ 2015-ਜੂਨ 2016, ਪੰਨਾ 226)।
ਇਸੇ ਸਮੇਂ ਈ.ਵੀ.ਐਮ. ਪੇਰੀਆਰ ਨੇ ਵੀ ਜਾਤੀ ਪ੍ਰਥਾ ਖਿਲਾਫ ਆਪਣੇ ਢੰਗ ਨਾਲ ਥੋੜ੍ਹ ਚਿਰੀ ਲੜਾਈ ਲੜੀ। ਮਾਰਗ੍ਰੇਟ ਰੌਸਬਰਨਟ ਅਨੁਸਾਰ, “ਉਸ ਨੇ ਕਾਂਗਰਸ ਦੇ ਉਚ ਜਾਤੀ ਰਵੱਈਏ ਅਤੇ ਸਮਾਜਕ ਰੂੜ੍ਹੀਵਾਦ ਖਿਲਾਫ ਸਮਾਜ ਸੁਧਾਰ ਦਾ ਝੰਡਾ ਬੁਲੰਦ ਕੀਤਾ। ਉਸ ਨੇ ਸੋਵੀਅਤ ਸੰਘ ਦੀ ਯਾਤਰਾ ਤੋਂ ਬਾਅਦ ਥੋੜ੍ਹੇ ਜਿਹੇ ਸਮੇਂ ਤਕ ਹੀ ਸਹੀ, ਕਮਿਊਨਿਜ਼ਮ ਦੀ ਮੁਹਿੰਮ ਵੀ ਚਲਾਈ ਅਤੇ ਜਿ਼ਮੀਦਾਰੀ ਪ੍ਰਥਾ ਵਿਰੁਧ ਸੰਮੇਲਨ ਵੀ ਕੀਤਾ।”
ਡਾ. ਅੰਬੇਡਕਰ ਜਾਤ-ਪਾਤ ਦਾ ਵਿਰੋਧ ਕਰਨ ਵਾਲਿਆਂ ਵਿਚੋਂ ਸਭ ਤੋਂ ਵੱਧ ਪੜ੍ਹੇ ਲਿਖੇ ਅਤੇ ਮੋਹਰੀ ਸਨ। ਉਹ ਕਾਨੂੰਨ ਮੰਤਰੀ, ਸੰਵਿਧਾਨ ਖਰੜਾ ਕਮੇਟੀ ਦੇ ਚੇਅਰਮੈਨ ਤੇ ਕਿਰਤ ਮੰਤਰੀ ਵੀ ਰਹੇ। ਉਨ੍ਹਾਂ ਨੇ ਸਮਤਾ ਸੈਨਿਕ ਦਲ, ਇੰਡੀਪੈਂਡੈਂਟ ਲੇਬਰ ਪਾਰਟੀ ਅਤੇ ਸ਼ਡਿਊਲਡ ਕਾਸਟ ਫੈਡਰੇਸ਼ਨ ਕਾਇਮ ਕੀਤੇ। ਉੁਨ੍ਹਾਂ ਔਰਤਾਂ ਤੇ ਮਜ਼ਦੂਰਾਂ ਦੇ ਹੱਕਾਂ ਲਈ ਖੜ੍ਹਾ ਹੋਣ ਵਾਲੇ ਨਿਆਂ ਸ਼ਾਸਤਰੀ, ਰਾਜਨੀਤੀ ਵੇਤਾ ਅਤੇ ਸਮਾਜ ਸੁਧਾਰਕ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਜਾਤ-ਪਾਤ ਦੇ ਵਿਰੋਧੀ ਹੋਣ ਪਿੱਛੇ ਉਨ੍ਹਾਂ ਦਾ ਸਦੀਆਂ ਤੋਂ ਸ਼ੂਦਰਾਂ ਨਾਲ ਹੋਈ ਬੇਇਨਸਾਫੀ ਦੇ ਅਹਿਸਾਸ ਅਤੇ ਸਮਝ ਤੋਂ ਇਲਾਵਾ ਕੌੜਾ ਨਿੱਜੀ ਅਨੁਭਵ ਵੀ ਸਨ। ਸਕੂਲ ਕਾਲ ਸਮੇਂ ਉਸ ਦੀ ਹਜਾਮਤ ਕਰਨ ਲਈ ਕੋਈ ਨਾਈ ਤਿਆਰ ਨਹੀਂ ਸੀ ਹੁੰਦਾ, ਇਹ ਹਜਾਮਤ ਉਸ ਦੀਆਂ ਭੈਣਾਂ ਕਰਦੀਆਂ। ਜਮਾਤ ਵਿਚ ਵਿਦਿਆਰਥੀਆਂ ਤੋਂ ਵੱਖ ਬੈਠਣਾ ਪੈਂਦਾ। ਉਸ ਨੂੰ ਉਚ ਜਾਤੀ ਦਾ ਕੋਈ ਵਿਦਿਆਰਥੀ ਦੂਰੋਂ ਖੜ੍ਹ ਕੇ ਪਾਣੀ ਪਿਲਾਉਂਦਾ। ਕ੍ਰਿਕਟ ਖੇਡਣ ਦੀ ਉਸ ਲਈ ਮਨਾਹੀ ਸੀ। ਇਸ ਸਭ ਨੇ ਡਾ. ਅੰਬੇਡਕਰ ਨੂੰ ਜਾਤ-ਪਾਤ ਦੇ ਕੋਹੜ ਨਾਲ ਲੜਾਈ ਲੜਨ ਲਈ ਤਿਆਰ ਕੀਤਾ।
ਜਾਤ-ਪਾਤ ਖਿਲਾਫ ਮੁਕਤੀ ਅੰਦੋਲਨ ਸਮੁੱਚੇ ਭਾਰਤੀ ਸਮਾਜ ਲਈ ਮਹੱਤਵਪੂਰਨ ਹੈ। ਮਨੂੰ ਸਿਮ੍ਰਤੀ ਦੇ ਯੁੱਗ ਦੇ ਕਾਲੇ ਕਾਨੂੰਨਾਂ ਨੂੰ ਡਾ. ਅੰਬੇਡਕਰ ‘ਅੰਧਕਾਰਮਈ ਅਤੇ ਅਗਿਆਨੀ ਯੁੱਗਾਂ ਵਿਚ ਤਿਆਰ ਕੀਤੇ ਗਏ ਕਾਨੂੰਨ’ ਮੰਨਦੇ ਸਨ। ਉਨ੍ਹਾਂ ਦੇ ਆਪਣੇ ਚਲਾਏ ਅੰਦੋਲਨ ਬਾਰੇ ਵਿਚਾਰ ਸਨ: “ਇਹ ਅੰਦੋਲਨ ਆਪਣੇ ਖਿਲਾਫ ਹੋ ਰਹੇ ਭੇਦ-ਭਾਵ ਨੂੰ ਖਤਮ ਕਰਨ ਲਈ ਹੀ ਨਹੀਂ, ਇਹ ਸਮਾਜਕ ਕ੍ਰਾਂਤੀ ਲਿਆਉਣ ਲਈ ਵੀ ਹੈ। ਇਹ ਕ੍ਰਾਂਤੀ ਇਨਸਾਨ ਦੁਆਰਾ ਜਾਤ-ਪਾਤ ਦੇ ਬੰਧਨਾਂ ਨੂੰ ਖਤਮ ਕਰਨ ਲਈ ਵੀ ਹੈ। ਇਹ ਕ੍ਰਾਂਤੀ ਸਭ ਨੂੰ ਬਰਾਬਰ ਮੌਕੇ ਮੁਹੱਈਆ ਕਰਨ ਲਈ ਵੀ ਹੈ। ਵਰਤਮਾਨ ਜਾਤ-ਪਾਤ ਵਿਵਸਥਾ ਸਾਡੇ ਰਾਸ਼ਟਰ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ। ਸਾਡਾ ਅੰਦੋਲਨ ਸ਼ਕਤੀ ਅਤੇ ਭਾਈਚਾਰੇ ਲਈ ਹੈ। ਅਸੀਂ ਉਨ੍ਹਾਂ ਸ਼ਾਸਤਰਾਂ ਤੇ ਸਿਮ੍ਰਤੀਆਂ ਦੁਆਰਾ ਕੰਟਰੋਲ ਹੋਣ ਅਤੇ ਬੰਨ੍ਹੇ ਜਾਣ ਤੋਂ ਇਨਕਾਰ ਕਰਦੇ ਹਾਂ ਜੋ ਕਾਲੇ ਕਾਨੂੰਨ ਅੰਧਕਾਰਮਈ ਅਤੇ ਅਗਿਆਨੀ ਯੁੱਗਾਂ ਵਿਚ ਤਿਆਰ ਕੀਤੇ ਗਏ ਸਨ। ਸਾਡੀ ਸਫਲਤਾ ਦੇਸ਼ ਦੀ ਮਹਾਨ ਸੇਵਾ ਹੋਵੇਗੀ।” (ਰੌਣਕੀ ਰਾਮ, ਦਲਿਤ ਪਛਾਣ ਮੁਕਤੀ ਅਤੇ ਸ਼ਕਤੀਕਰਨ, ਪੰਨਾ 117)
ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਅੰਬੇਡਕਰ ਆਪਣੀਆਂ ਮੁਹਿੰਮਾਂ ਦੀਆਂ ਸੀਮਾਵਾਂ ਵੀ ਜਾਣਦੇ ਸਨ। ਜੇ ਉਹ ਸ਼ੂਦਰਾਂ ਨੂੰ ਮੰਦਰਾਂ ਵਿਚ ਦਾਖਲ ਕਰਵਾਉਣਾ ਚਾਹੁੰਦੇ ਸਨ ਤਾਂ ਉਹ ਇਸ ਪੱਖੋਂ ਵੀ ਸੁਚੇਤ ਕਰਦੇ ਹਨ ਕਿ “ਮੰਦਰਾਂ ਵਿਚ ਪ੍ਰਵੇਸ਼ ਨਾਲ ਤੁਹਾਡੀਆਂ ਸਮੱਸਿਆਵਾਂ ਖਤਮ ਨਹੀਂ ਹੋਣਗੀਆਂ। ਸਿਆਸਤ, ਅਰਥ ਸ਼ਾਸਤਰ, ਵਿਦਿਆ ਅਤੇ ਧਰਮ ਸਭ ਸਮੱਸਿਆ ਦਾ ਹਿੱਸਾ ਹਨ। ਸਾਨੂੰ ਪਤਾ ਹੈ ਕਿ ਮੰਦਰ ਵਿਚਲਾ ਭਗਵਾਨ ਪੱਥਰ ਦਾ ਹੈ। ਦਰਸ਼ਨ ਅਤੇ ਪੂਜਾ ਸਾਡੀਆਂ ਸਮੱਸਿਆਵਾਂ ਨੂੰ ਹੱਲ ਨਹੀਂ ਕਰ ਸਕਦੇ।”
ਵਿਲਾਸ ਸੋਨਵਣੇ ਨੇ ਡਾ. ਅੰਬੇਡਕਰ ਵਲੋਂ ਇੰਡੀਪੈਂਡੈਂਟ ਲੇਬਰ ਪਾਰਟੀ ਬਣਾਉਣ ਦੇ ਮਹੱਤਵ ਬਾਰੇ ਲਿਖਿਆ ਹੈ ਕਿ ਅੰਬਡੇਕਰ ਨੇ ਜਦੋਂ 1936 ਵਿਚ ਇੰਡੀਪੈਂਡੈਂਟ ਲੇਬਰ ਪਾਰਟੀ ਬਣਾਈ ਤਾਂ ਉਥੇ (ਕੋਂਕਣ) ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿਚ ਰਤਨਾਗਿਰੀ ਜ਼ਿਲ੍ਹੇ ਵਿਚ 18 ਵਿਚੋਂ 14 ਸੀਟਾਂ ਲੇਬਰ ਪਾਰਟੀ ਨੂੰ ਮਿਲੀਆਂ ਪਰ ਬਾਅਦ ਵਿਚ ਜਦੋਂ ਕਮਿਊਨਲ ਐਵਾਰਡ ਮਿਲਣ ਲੱਗਾ ਤਾਂ ਸ਼ੂਦਰਾਂ ਦੇ ਪ੍ਰਤਿਨਿਧ ਵਜੋਂ ਉਸ ਸਾਹਮਣੇ ਪੇਸ਼ ਹੋਣ ਲਈ ਸ਼ਡਿਊਲਡ ਕਾਸਟ ਫੈਡਰੇਸ਼ਨ ਬਣਾ ਲਈ। ਸੋਨਵਣੇ ਨੇ ਇਹ ਤੱਥ ਉਭਾਰ ਕੇ ਪੇਸ਼ ਕੀਤਾ ਹੈ ਕਿ 1929 ਤੋਂ ਲੈ ਕੇ 1936 ਤਕ ਭਾਰਤ ਵਿਚ ਕਿਸਾਨਾਂ ਦੀ ਪਹਿਲੀ ਹੜਤਾਲ ਮਹਾਰਾਸ਼ਟਰ ਦੇ ਕੋਲਾਬਾ ਜ਼ਿਲ੍ਹੇ ਵਿਚ ਹੋਈ ਜਿਸ ਦੇ ਚਾਰ ਨੇਤਾ ਸਨ- ਡਾ. ਅੰਬੇਡਕਰ, ਸ਼ਿਆਮਾਰਾਉ ਪਰੂਲੇਕਰ, ਨਾਰਾਇਣ ਨਾਗੋਪਾਟਿਲ ਅਤੇ ਆਰਬੀ ਮੋਰੇ। ਇਹ ਹੜਤਾਲ ਜ਼ਿਮੀਦਾਰੀ ਖਿਲਾਫ ਸੀ। ਇਸ ਇਲਾਕੇ ਵਿਚ ਮਨੂੰ ਸਿਮ੍ਰਤੀ ਜਲਾਈ ਜਾਂਦੀ ਹੈ। ਇਸ ਲੜਾਈ ਦਾ ਨਤੀਜਾ ਬੜਾ ਮਹੱਤਵਪੂਰਨ ਰਿਹਾ, “ਕੋਂਕਣ ਵਿਚ ਜਾਵੋਗੇ ਤਾਂ ਜ਼ਿਮੀਦਾਰ ਖਿਲਾਫ ਜਿਨ੍ਹਾਂ ਨੇ ਵੀ ਲੜਾਈਆਂ ਲੜੀਆਂ, ਉਨ੍ਹਾਂ ਸਾਰਿਆਂ ਦੇ ਘਰਾਂ ਵਿਚ ਅੰਬੇਡਕਰ ਦੀ ਤਸਵੀਰ ਮਿਲ ਜਾਵੇਗੀ।”
ਬੀ.ਟੀ. ਰਣਦੀਵੇ ਨੇ ਡਾ. ਅੰਬੇਡਕਰ ਵਲੋਂ ਕਾਂਗਰਸੀ ਪਖੰਡਾਂ ਖਿਲਾਫ ਤਿੱਖੇ ਹਮਲਿਆਂ ਦਾ ਜ਼ਿਕਰ ਕਰਦਿਆਂ ਸੰਵਿਧਾਨ ਨਿਰਮਾਤਾ ਦੇ ਤੌਰ ‘ਤੇ ਉਨ੍ਹਾਂ ਦੀ ਤਾਰੀਫ ਵੀ ਕੀਤੀ ਪਰ ਨਾਲ ਹੀ ਸੀਮਾ ਵੀ ਦਰਜ ਕੀਤੀ ਜਿਸ ਕਰ ਕੇ ਡਾ. ਅੰਬੇਡਕਰ ਦਾ ਮੋਹ ਭੰਗ ਹੋਇਆ। ਉਹ ਲਿਖਦੇ ਹਨ, “ਕਾਂਗਰਸੀ ਨੇਤਾਵਾਂ ਅਤੇ ਉਨ੍ਹਾਂ ਦੇ ਪਾਖੰਡਾਂ ਖਿਲਾਫ ਅੰਬੇਡਕਰ ਵਰਗਾ ਤਿੱਖਾ ਤੇ ਲਗਾਤਾਰ ਹਮਲਾ ਹੋਰ ਕਿਸੇ ਨੇ ਸ਼ਾਇਦ ਹੀ ਕੀਤਾ ਹੋਏ। ਇਸ ਦੇ ਬਾਵਜੂਦ ਉਹ ਸਾਡੇ ਸੰਵਿਧਾਨ ਦੇ ਮੁੱਖ ਨਿਰਮਾਤਾਵਾਂ ਵਿਚੋਂ ਇਕ ਸਨ। ਇਹ ਉਹੀ ਸੰਵਿਧਾਨ ਹੈ ਜਿਸ ਨੂੰ ਹੁਣ ਤਕ ਕਾਂਗਰਸ ਲੋਕਤੰਤਰ ਦਾ ਬੇਮਿਸਾਲ ਨਮੂਨਾ ਕਹਿ ਕੇ ਤਾਰੀਫ ਕਰਦੀ ਨਹੀਂ ਥੱਕਦੀ। ਇਹ ਉਹੀ ਸੰਵਿਧਾਨ ਹੈ ਜਿਸ ਅਧੀਨ ਅਛੂਤਾਂ ਦੇ ਘਰ ਜਲਾਏ ਜਾਂਦੇ ਹਨ, ਘਰ ਲੁੱਟੇ ਜਾਂਦੇ ਹਨ, ਔਰਤਾਂ ਨਾਲ ਬਲਾਤਕਾਰ ਕੀਤਾ ਜਾਂਦਾ ਹੈ, ਹੱਤਿਆਵਾਂ ਹੁੰਦੀਆਂ ਹਨ। ਹੈਰਾਨੀ ਦੀ ਗੱਲ ਨਹੀਂ ਹੈ, ਜੇਕਰ ਅੰਬੇਡਕਰ ਨੂੰ ਮਹਿਸੂਸ ਹੋਇਆ ਹੋਵੇ ਕਿ ਉਨ੍ਹਾਂ ਨਾਲ ਧੋਖਾ ਕੀਤਾ ਗਿਆ ਹੈ।” ਇਸ ਵਿਚ ਜੇਕਰ ਬੀ.ਜੇ.ਪੀ. ਦੇ ਸੱਤਾ ਵਿਚ ਆਉਣ ਤੋਂ ਬਾਅਦ ਦਲਿਤਾਂ ਨਾਲ ਕੀ ਹੋਇਆ, ਉਹ ਵੀ ਜੋੜ ਦਿੱਤਾ ਜਾਵੇ ਤਾਂ ਸੰਵਿਧਾਨ ਦੀਆਂ ਸੀਮਾਵਾਂ ਹੋਰ ਵੀ ਸਪਸ਼ਟ ਰੂਪ ਵਿਚ ਸਾਹਮਣੇ ਆ ਜਾਂਦੀਆਂ ਹਨ।
ਪੰਜਾਬ ਵਿਚ ਡਾ. ਅੰਬੇਡਕਰ ਦੇ ਸਮਕਾਲੀ ਬਾਬੂ ਮੰਗੂ ਰਾਮ ਮੁੱਗੋਵਾਲੀਆ ਵੀ ਦਲਿਤ ਉਥਾਨ ਲਈ ਕਾਰਜਸ਼ੀਲ ਸਨ। ਉਨ੍ਹਾਂ ਦਾ ਪ੍ਰੇਰਨਾ ਸਰੋਤ ਗਦਰ ਪਾਰਟੀ ਦਾ ਆਜ਼ਾਦ ਭਾਰਤ ਵਿਚ ਬਰਾਬਰੀ ਦਾ ਸੰਕਲਪ ਸੀ। ਗਦਰੀ ਲਹਿਰ ਦੇ ਕੇਂਦਰ ਵਿਚ ਰਹਿ ਕੇ ਉਨ੍ਹਾਂ ਇਹੋ ਮਹਿਸੂਸ ਕੀਤਾ। ਗਦਰੀ ਪਾਰਟੀ ਦੇ ਵਫਾਦਾਰ ਯੋਧੇ ਹੋਣ ਕਰ ਕੇ ਹੀ ਉਨ੍ਹਾਂ ਨੂੰ ਚਾਰ ਹੋਰ ਸਾਥੀਆਂ ਸਮੇਤ ਹਥਿਆਰ ਲੈ ਕੇ ਹਿੰਦੁਸਤਾਨ ਭੇਜਿਆ ਗਿਆ। ਗਦਰ ਲਹਿਰ ਦੀ ਨਾਕਾਮਯਾਬੀ ਸਦਕਾ ਇਸ ਦੇ ਮੈਂਬਰ ਵੱਖ ਵੱਖ ਖੇਤਰਾਂ ਵਿਚ ਚਲੇ ਗਏ ਜਿਵੇਂ ਬੱਬਰ ਅਕਾਲੀ, ਕਿਰਤੀ ਲਹਿਰ, ਕਮਿਊਨਿਸਟ ਲਹਿਰ ਆਦਿ ਪਰ ਬਾਬੂ ਮੰਗੂ ਰਾਮ ਨੇ 1925 ਵਿਚ ਵਾਪਸੀ ਤੋਂ ਬਾਅਦ ਆਦਿ ਧਰਮ ਲਹਿਰ ਦੀ ਸ਼ੁਰੂਆਤ ਕੀਤੀ। ਡਾ. ਅੰਬੇਡਕਰ ਵਾਂਗ ਨਿੱਜੀ ਅਨੁਭਵਾਂ ਦੇ ਆਧਾਰ ‘ਤੇ ਉਹ ਦਲਿਤਾਂ ਦੇ ਹਾਲਾਤ ਤੋਂ ਵਾਕਿਫ ਸਨ। ਇਸ ਲਈ ਉਨ੍ਹਾਂ ਸ਼ੂਦਰਾਂ ਨੂੰ ਹਿੰਦੂ ਧਰਮ ਤੋਂ ਵੱਖ ਆਦਿ ਧਰਮੀ ਕਿਹਾ ਅਤੇ ਸਰਕਾਰ ਤੋਂ ਇਹ ਤੱਥ ਮੰਨਵਾ ਵੀ ਲਿਆ। ਉਨ੍ਹਾਂ ਦੀਆਂ ਮੰਗਾਂ ਵਿਚ ਪੰਜਾਬ ਭੂਮੀ ਇੰਤਕਾਲ ਐਕਟ-1900 ਵਿਚ ਆਦਿ ਧਰਮੀਆਂ ਨੂੰ ਸਹੂਲਤਾਂ ਦੇਣ ਸਬੰਧੀ ਸੋਧ ਕਰਨਾ, ਹੋਰਨਾਂ ਵਾਂਗ ਜਾਇਦਾਦ ਦਾ ਅਧਿਕਾਰ ਦਿਵਾਉਣਾ, ਆਦਿ ਧਰਮੀਆਂ ਨੂੰ ਆਦਿ ਧਰਮੀਆਂ ਦੀ ਜ਼ਾਮਨੀ ਦਾ ਅਧਿਕਾਰ ਦੇਣਾ, ਇਨ੍ਹਾਂ ਉਪਰ ਜਰਾਇਮ-ਪੇਸ਼ਾ ਹੋਣ ਦਾ ਧੱਬਾ ਧੋਣਾ, ਆਦਿ ਧਰਮੀਆਂ ਨੂੰ ਵੀ ਬੈਂਕਾਂ ਵਲੋਂ ਕਰਜ਼ੇ ਦੇਣ ਦਾ ਪ੍ਰਬੰਧ ਕਰਵਾਉਣਾ ਆਦਿ ਸ਼ਾਮਲ ਸੀ।
ਡਾ. ਅੰਬੇਡਕਰ ਅਤੇ ਬਾਬੂ ਮੰਗੂ ਰਾਮ ਇਕ ਦੂਜੇ ਤੋਂ ਵੱਖ ਹਾਲਾਤ ਵਿਚ ਕੰਮ ਕਰ ਰਹੇ ਸਨ, ਇਸ ਲਈ ਉਨ੍ਹਾਂ ਦੇ ਵਿਚਾਰਾਂ ਵਿਚ ਕੁਝ ਅੰਤਰ ਵੀ ਹੋ ਸਕਦਾ ਹੈ ਪਰ ਦੋਵੇਂ ਸ਼ੂਦਰ ਜਾਤੀਆਂ ਦੇ ਨਿੱਜੀ ਅਨੁਭਵ ਲੈ ਕੇ ਵੱਖਰੇ ਪ੍ਰੇਰਨਾ ਸਰੋਤਾਂ ਅਧੀਨ ਇਨ੍ਹਾਂ ਦੇ ਉਥਾਨ ਵਲ ਪੂਰੀ ਪ੍ਰਤਿਬੱਧਤਾ ਨਾਲ ਲੱਗੇ ਹੋਏ ਸਨ। ਇਸ ਲਈ ਇਨ੍ਹਾਂ ਦਰਮਿਆਨ ਸਾਂਝਾਂ ਵਧੇਰੇ ਹਨ। ਡਾ. ਅੰਬੇਡਕਰ ਨੇ ਸਿਖਿਆ ਨੂੰ ਸਮੁੱਚੀ ਤਰੱਕੀ ਦੀ ਚਾਬੀ ਵਜੋਂ ਵਿਚਾਰਿਆ ਜਦਕਿ ਮੰਗੂ ਰਾਮ ਦਾ ਕਹਿਣਾ ਸੀ ਕਿ ਸਿੱਖਿਆ ਸਾਨੂੰ ਸੱਚਖੰਡ (ਸਚਾਈ ਦਾ ਮੰਡਲ) ਵਲ ਲਿਜਾਂਦੀ ਹੈ। ਡਾ. ਅੰਬੇਡਕਰ ਨੇ ਹੋਰ ਅੱਗੇ ‘ਸਿਖਿਆ, ਸੰਘਰਸ਼ ਅਤੇ ਸੰਗਠਨ’ ਦੀਆਂ ਤਿੰਨ ਮੁੱਖ ਗੱਲਾਂ ਲੋਕਾਂ ਨੂੰ ਮੰਨਣ ਲਈ ਆਖਿਆ ਜਦ ਕਿ ਬਾਬੂ ਮੰਗੂ ਰਾਮ ਅਨੁਸਾਰ ਗਰੀਬਾਂ ਕੋਲ ਤਿੰਨ ਕਿਸਮ ਦੀਆਂ ਤਾਕਤਾਂ ਹਨ, ਕੌਮੀਅਤ (ਸਮੂਹਿਕ ਇਕਮੁੱਠਤਾ), ਮਜ਼੍ਹਬ (ਅਧਿਆਤਮਕਤਾ) ਅਤੇ ਮਜਲਿਸ (ਸੰਗਠਨ)। ਇਨ੍ਹਾਂ ਵਿਚਾਰਕਾਂ ਦਾ ਪ੍ਰਭਾਵ ਹੀ ਹੈ ਕਿ ਅਜੋਕਾ ਦਲਿਤ ਵਰਗ ਆਪਣੀ ਵੱਖਰੀ ਪਛਾਣ ਲਈ ਲੜ ਰਿਹਾ ਹੈ। ਇਸ ਲਈ ਖੂਨੀ ਟਕਰਾਅ ਵੀ ਹੋ ਰਹੇ ਹਨ।
ਇਕ ਸਮਾਂ ਆਉਂਦਾ ਹੈ ਕਿ ਦਲਿਤ ਲਹਿਰਾਂ ਦੇ ਮੁੱਖ ਆਗੂ ਕਾਂਗਰਸ ਵਿਚ ਜਾ ਸਮਾਉਂਦੇ ਹਨ। ਇਨ੍ਹਾਂ ਲਹਿਰਾਂ ਦੇ ਇਤਿਹਾਸਕਾਰ ਇਹ ਹਿੱਸਾ ਜਾਂ ਤਾਂ ਛੱਡ ਜਾਂਦੇ ਹਨ ਜਾਂ ਫਿਰ ਸੀਮਤ ਸੂਚਨਾ ਦੇ ਕੇ ਸਾਰੀ ਗੱਲ ਸਮੇਟ ਦਿੰਦੇ ਹਨ ਪਰ ਪ੍ਰਗਤੀਵਾਦੀ ਮਾਰਕਸਵਾਦੀ ਇਸ ਸਵਾਲ ਨਾਲ ਟਕਰਾਉਂਦੇ ਹਨ। ਬੀ.ਟੀ. ਰਣਦੀਵੇ ਨੇ ਇਸ ਦੇ ਦੋ ਕਾਰਨ ਦੱਸੇ ਹਨ। ਪਹਿਲਾ, ਉਸ ਸਮੇਂ ਉਠੀ ਸਾਮਰਾਜ ਵਿਰੋਧੀ ਲਹਿਰ ਅਤੇ ਦੂਸਰਾ, ਇਨ੍ਹਾਂ ਨੇਤਾਵਾਂ ਦੀ ਪੂਰਵ-ਪੂੰਜੀਵਾਦੀ ਭੂਮੀ ਸਬੰਧਾਂ ਦੀਆਂ ਜੜ੍ਹਾਂ ਉਪਰ ਵਾਰ ਕਰਨ ਦੀ ਅਸਮਰੱਥਾ।
ਪੰਜਾਬ ਦੇ ਪ੍ਰਸੰਗ ਵਿਚ 18ਵੀਂ-19ਵੀਂ ਸਦੀ ਦਾ ਕਾਲ ਪੁਨਰ ਜਾਗ੍ਰਤੀ ਦਾ ਕਾਲ ਹੈ ਜਿਸ ਦੀ ਸ਼ਕਤੀ ਸਾਮਰਾਜ ਵਿਰੋਧ ਵਿਚੋਂ ਪੈਦਾ ਹੁੰਦੀ ਹੈ ਅਤੇ ਇਸੇ ਸਮੇਂ ਦੌਰਾਨ ਬਰਾਬਰੀ, ਭਾਈਚਾਰਾ, ਆਜ਼ਾਦੀ ਆਦਿ ਸੰਕਲਪ ਜੜ੍ਹਾਂ ਫੜਦੇ ਹਨ। ਇਨ੍ਹਾਂ ਨੂੰ ਮੰਨਣ ਵਾਲੇ ਧਰਮ ਨੂੰ ਹੀ ਡਾ. ਅੰਬੇਡਕਰ ਨੇ ਅਸਲੀ ਧਰਮ ਮੰਨਿਆ ਪਰ ਇਸੇ ਸਮੇਂ ਧਾਰਮਿਕ ਪੁਨਰ ਉਥਾਨਵਾਦ ਵੀ ਜ਼ੋਰਾਂ ‘ਤੇ ਸੀ। ਪੰਜਾਬ ਵਿਚ ਸਿੰਘ ਸਭਾ, ਆਰੀਆ ਸਮਾਜ ਤੇ ਮੁਸਲਿਮ ਸੰਗਠਨ ਬਰਾਬਰੀ ਦੇ ਨਾਂ ‘ਤੇ ਦਲਿਤਾਂ/ਸ਼ੂਦਰਾਂ ਨੂੰ ਆਪਣੇ ਅੰਦਰ ਸ਼ਾਮਿਲ ਕਰਨ ਲਈ ਮੁਹਿੰਮਾਂ ਚਲਾ ਰਹੇ ਸਨ। ਉਪਰਲੇ ਆਗੂਆਂ ਦੇ ਸਮਾਨੰਤਰ ਹੀ ਭਗਤ ਸਿੰਘ ਤੇ ਉਸ ਵਲੋਂ ਚਲਾਈ ਲਹਿਰ ਜ਼ੋਰ ਫੜ ਰਹੀ ਹੈ। ਭਗਤ ਸਿੰਘ ਅਛੂਤ ਦੇ ਸਵਾਲ ਨੂੰ ਸਿੱਧਾ ਮਾਨਵਵਾਦੀ/ਪ੍ਰਗਤੀਵਾਦੀ ਦ੍ਰਿਸ਼ਟੀ ਤੋਂ ਸੰਬੋਧਿਤ ਹੁੰਦਾ ਹੈ। ਉਸ ਦਾ ਲੇਖ ‘ਅਛੂਤ ਦਾ ਸਵਾਲ’ ਡੂੰਘੇ ਅਧਿਐਨ ਦੀ ਮੰਗ ਕਰਦਾ ਹੈ। ਭਗਤ ਸਿੰਘ ਅਨੁਸਾਰ ਸਾਰੇ ਇਨਸਾਨ ਇਕੋ ਜਿਹੇ ਹਨ, ਕੰਮ ਕਾਜ ਨਾਲ ਭਿੰਨ ਭੇਦ, ਜਨਮ ਨਾਲ ਨਹੀਂ। ਭਗਤ ਸਿੰਘ ਪੁਨਰ-ਜਨਮ ਦਾ ਵਿਸ਼ਲੇਸ਼ਣ ਕਰਦਿਆਂ ਕਹਿੰਦਾ ਹੈ ਕਿ ਇਸ ਵਿਸ਼ਵਾਸ ਨੇ ਭਾਰਤੀਆਂ `ਚ ਆਤਮ-ਵਿਸ਼ਵਾਸ, ਇਨਸਾਨੀਅਤ ਅਤੇ ਆਤਮ-ਨਿਰਭਰਤਾ ਨੂੰ ਹੀ ਤਬਾਹ ਨਹੀਂ ਕੀਤਾ ਸਗੋਂ ਇਸ ਨੇ ਜ਼ਰੂਰੀ ਕੰਮਾਂ ਲਈ ਘ੍ਰਿਣਾ ਵੀ ਪੈਦਾ ਕੀਤੀ ਹੈ। ਇਹ ਘ੍ਰਿਣਾ ਇਥੋਂ ਤਕ ਜਾਂਦੀ ਹੈ ਕਿ ‘ਕੁੱਤਾ ਸਾਡੀ ਗੋਦੀ ਵਿਚ ਬੈਠ ਸਕਦਾ ਹੈ, ਸਾਡੇ ਚੌਕੇ ਵਿਚ ਨਿਸ਼ੰਗ ਫਿਰਦਾ ਹੈ ਪਰ ਇਕ ਆਦਮੀ (ਸ਼ੂਦਰ) ਸਾਡੇ ਨਾਲ ਛੂਹ ਜਾਵੇ ਤਾਂ ਬਸ ਧਰਮ ਖਰਾਬ ਹੋ ਜਾਂਦਾ ਹੈ… ਜਾਨਵਰਾਂ ਦੀ ਪੂਜਾ ਕਰ ਸਕਦੇ ਹਾਂ ਪਰ ਇਨਸਾਨ ਨੂੰ ਕੋਲ ਨਹੀਂ ਬਿਠਾ ਸਕਦੇ।” ਅੱਜ ਦੇ ਪ੍ਰਸੰਗ ਵਿਚ ਇਸ ਨੂੰ ਗਾਂ ਦੇ ਸਵਾਲ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ।
ਭਗਤ ਸਿੰਘ ਅਛੂਤਾਂ/ਸ਼ੂਦਰਾਂ ਦੇ ਧਰਮ ਪਰਿਵਰਤਨ ਦੇ ਖਿਲਾਫ ਹੈ। ਉਹ ਇਨ੍ਹਾਂ ਨੂੰ ਇਨਸਾਨ ਮੰਨ ਕੇ ਇਨ੍ਹਾਂ ਨਾਲ ਮੇਲ ਜੋਲ ਬਣਾਉਣਾ ਚਾਹੁੰਦਾ ਹੈ। ਹਿੰਦੂ, ਮੁਸਲਮਾਨ ਅਤੇ ਸਿੱਖਾਂ ਵਿਚ ਚਲਾਈ ਜਾ ਰਹੀ ਧਰਮ ਪਰਿਵਰਤਨ ਦੀ ਲਹਿਰ ਦੀ ਥਾਂ ਭਗਤ ਸਿੰਘ ਕਿੰਨਾ ਸਪਸ਼ਟ ਹੈ, ਇਹ ਉਸ ਦੇ ਇਨ੍ਹਾਂ ਸ਼ਬਦਾਂ ਤੋਂ ਦੇਖਿਆ ਜਾ ਸਕਦਾ ਹੈ, “ਜਿਨ੍ਹਾਂ ਭਰਾਵਾਂ ਨੂੰ ਅੱਜ ਤੱਕ ਅਛੂਤ ਅਛੂਤ ਕਿਹਾ ਕਰਦੇ ਸਾਂ, ਉਨ੍ਹਾਂ ਕੋਲੋਂ ਆਪਣੇ ਇਸ ਪਾਪ ਵਾਸਤੇ ਖਿਮਾ ਮੰਗਣੀ ਅਤੇ ਉਨ੍ਹਾਂ ਨੂੰ ਆਪਣੇ ਵਰਗਾ ਆਦਮੀ ਸਮਝਣਾ, ਬਿਨਾਂ ਅੰਮ੍ਰਿਤ ਛਕਾਇਆਂ, ਕਲਮਾ ਪੜ੍ਹਾਇਆਂ ਜਾਂ ਸ਼ੁੱਧੀਕਰਨ ਕੀਤਿਆਂ ਹੀ ਉਸ ਨੂੰ ਆਪਣੇ ਵਿਚ ਰਲਾ ਲੈਣਾ, ਉਸ ਦੇ ਹੱਥ ਦਾ ਪਾਣੀ ਪੀਣਾ, ਇਹੋ ਠੀਕ ਤਰੀਕਾ ਹੈ।” ਭਗਤ ਸਿੰਘ ਇਤਿਹਾਸਕ ਦ੍ਰਿਸ਼ਟੀ ਤੋਂ ਦੇਖ ਸਕਦਾ ਹੈ ਕਿ ਗੁਰੂ ਗੋਬਿੰਦ ਸਿੰਘ ਦੀ ਸੈਨਿਕ ਸ਼ਕਤੀ ਇਹੀ ਲੋਕ ਸਨ (ਇਨ੍ਹਾਂ ਲਈ ਹੀ ਗੁਰੂ ਸਾਹਿਬ ਕਹਿੰਦੇ ਹਨ- ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ, ਨਹੀਂ ਮੋ ਸੋ ਗਰੀਬ ਕਰੋਰ ਪਰੇ)। ਇਨ੍ਹਾਂ ਦੇ ਦਮ ‘ਤੇ ਹੀ ਸ਼ਿਵਾਜ਼ੀ ਨੇ ਰਾਜ ਸਥਾਪਿਤ ਕੀਤਾ। ‘ਦੁਨੀਆ ਭਰ ਦੇ ਮਜ਼ਦੂਰੋ, ਇਕ ਹੋ ਜਾਉ’ ਦੀ ਤਰਜ਼ ਤੇ ਭਗਤ ਸਿੰਘ ਨਾਅਰਾ ਦਿੰਦਾ ਹੈ, ‘ਕਿਰਤੀਉ ਜਥੇਬੰਦ ਹੋ ਜਾਉ’, ‘ਤੁਸੀਂ ਅਸਲੀ ਕਿਰਤੀ ਹੋ, ਕਿਰਤੀਉ ਜਥੇਬੰਦ ਹੋ ਜਾਉ। ਤੁਹਾਡਾ ਨੁਕਸਾਨ ਨਹੀਂ ਹੋਵੇਗਾ, ਕੇਵਲ ਗੁਲਾਮੀ ਦੀਆਂ ਜ਼ੰਜੀਰਾਂ ਕੱਟੀਆਂ ਜਾਣਗੀਆਂ’। ਭਗਤ ਸਿੰਘ ਦੇ ਇਨ੍ਹਾਂ ਵਿਚਾਰਾਂ ਨੂੰ ਬਹੁਤ ਚਿਰ ਪਹਿਲਾਂ ਆਤਮਸਾਤ ਕੀਤਾ ਜਾਣਾ ਚਾਹੀਦਾ ਸੀ ਪਰ ਅੱਜ ਇਨ੍ਹਾਂ ਨੂੰ ਆਤਮਸਾਤ ਕਰਨ ਦੀ ਪਹਿਲਾਂ ਨਾਲੋਂ ਵੀ ਵਧੇਰੇ ਲੋੜ ਹੈ।
ਦਲਿਤ ਲਹਿਰ ਦੇ ਸਬਕਾਂ ਨੂੰ ਆਤਮਸਾਤ ਕਰਦਿਆਂ ਸਾਨੂੰ ਦਲਿਤ ਨਾਰੀਵਾਦੀ ਚਿੰਤਨ ਨਾਲ ਵੀ ਭਾਈਵਾਲੀ ਪਾਉਣੀ ਪਵੇਗੀ, ਕਿਉਂਕਿ ਅਖੌਤੀ ਉਚ ਜਾਤੀਵਾਦੀ ਪ੍ਰਬੰਧ ਵਿਚ ਨਾਰੀ ਨੂੰ ਅਤਿ ਸ਼ੂਦਰ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਅਨੀਤਾ ਭਾਰਤੀ ਨੇ ਸਾਨੂੰ ਇਸ ਤੱਥ ਤੋਂ ਜਾਣੂ ਕਰਵਾਇਆ ਹੈ ਕਿ 2500 ਸਾਲ ਪਹਿਲਾਂ 73 ਔਰਤਾਂ ਬੁੱਧ ਧਰਮ ਵਿਚ ਭਿਖਸ਼ੂ ਬਣੀਆਂ ਜਿਨ੍ਹਾਂ ਨੇ ਕਵਿਤਾਵਾਂ ਵਿਚ ਸਵੈ-ਜੀਵਨੀਆਂ ਲਿਖੀਆਂ। ਇਨ੍ਹਾਂ ਵਿਚ ਨਗਰਵਧੂਆਂ, ਦਲਿਤ ਤੇ ਗਰੀਬ ਭਿਕਸ਼ੂ ਸਨ। ਕਸ਼ਮੀਰ ਦੀ ਲਲ ਦੇਈ ਮਿਹਤਰ ਸੀ, ਰਾਮੀ ਚੰਡੀਦਾਸ ਧੋਬੀਆਂ ਵਿਚੋਂ ਸੀ। ਸਾਵਿਤ੍ਰੀ ਬਾਈ ਫੂਲੇ ਜੋ ਆਪ ਕਵਿਤਰੀ ਵੀ ਸੀ, ਉਸ ਦੇ ਸਮਾਜਕ ਕਾਰਜਾਂ ਦਾ ਜ਼ਿਕਰ ਉਪਰ ਆ ਚੁੱਕਾ ਹੈ। ਰਮਾ ਬਾਈ ਨੇ ਭਰੂਣ ਹੱਤਿਆ ਦਾ ਮੁੱਦਾ ਉਠਾਇਆ। ਉਸ ਨੇ ਪੰਜਾਬ ਹਰਿਆਣਾ ਵਿਚ ਆਪਣੇ ਸਮੇਂ ਹੋ ਰਹੀ ਭਰੂਣ ਹੱਤਿਆ ਤੋਂ ਬਾਅਦ ਇਨ੍ਹਾਂ ਬਹਾਨਿਆਂ ਦਾ ਮਜ਼ਾਕ ਉਡਾਇਆ ਕਿ ਕੁੜੀ ਨੂੰ ਜੰਮਦਿਆਂ ਜੰਗਲੀ ਜਾਨਵਰ ਲੈ ਗਿਆ; ਜਿਵੇਂ ਜਾਨਵਰ ਨੂੰ ਇਹ ਪਤਾ ਹੋਵੇ ਕਿ ਕਿਸ ਘਰ ਕੁੜੀ ਪੈਦਾ ਹੋਈ ਹੈ! ਅਨੀਤਾ ਭਾਰਤੀ ਨੇ ਸਮੂਹਿਕ ਲੜਾਈ ਉਪਰ ਜ਼ੋਰ ਦਿੱਤਾ ਹੈ ਤਾਂ ਹੀ ਉਸ ਦਾ ਸੂਤਰਵਾਕ ਹੈ ਕਿ ‘ਮੁਕਤੀ ਦੇ ਰਸਤੇ ਇਕੱਲਿਆਂ ਨਹੀਂ ਮਿਲਦੇ।’
ਦਿਲੀਪ ਚਵਾਹਣ ਨੇ ਹੇਠਲੀਆਂ ਜਾਤੀਆਂ ਦੀਆਂ ਔਰਤਾਂ ਦੀ ਮਿਹਨਤ ਉਪਰ ਆਪਣਾ ਧਿਆਨ ਕੇਂਦਰਿਤ ਕਰਦਿਆਂ ਲਿਖਿਆ ਹੈ ਕਿ “ਮਾਰਕਸਵਾਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਦੁਨੀਆ ਨੂੰ ਬਚਾਉਣ ਵਿਚ ਜਿੰਨੀ ਮਿਹਨਤ ਲੱਗੀ ਹੈ, ਉਸ ਵਿਚ ਹੇਠਲੀਆਂ ਜਾਤੀਆਂ ਦੀਆਂ ਔਰਤਾਂ ਦੀ ਮਿਹਨਤ ਸਭ ਤੋਂ ਜ਼ਿਆਦਾ ਹੈ।” ਉਸ ਅਨੁਸਾਰ, “ਸਾਡੀ ਲੜਾਈ ਇਕੋ ਵੇਲੇ ਸਾਮੰਤਵਾਦ, ਪੂੰਜੀਵਾਦ, ਸਾਮਰਾਜਵਾਦ, ਧਰਮ ਸੱਤਾ, ਪਿੱਤਰ ਸੱਤਾ ਅਤੇ ਜਾਤੀ ਸੱਤਾ ਨਾਲ ਬਣਦੀ ਹੈ ਜੋ ਬੇਹੱਦ ਮੁਸ਼ਕਿਲ ਕੰਮ ਹੈ।” ਰੇਖਾ ਅਵਸਥੀ ਇਸੇ ਰੌਸ਼ਨੀ ਵਿਚ ਕਹਿ ਰਹੀ ਹੈ ਕਿ ਅੱਜ ਸਾਡੀ ਮਨਸ਼ਾ ਇਹ ਹੋਣੀ ਚਾਹੀਦੀ ਹੈ ਕਿ ਦੁਨੀਆ ਵਿਚ ਚਲ ਰਹੇ ਲਿੰਗ ਭੇਦ-ਭਾਵ ਦੇ ਅੰਦੋਲਨ ਨੂੰ ਭਾਰਤ ਵਿਚ ਜਾਤੀਗਤ, ਭੇਦਭਾਵ ਅਤੇ ਸ਼ੋਸ਼ਣ ਦੇ ਖਿਲਾਫ ਚਲ ਰਹੇ ਅੰਦੋਲਨਾਂ ਦੇ ਨਾਲ ਜੋੜ ਕੇ ਵੀ ਅਤੇ ਵੱਖਰੇ ਵੀ ਪੁਖਤਾ ਤੇ ਧਾਰਦਾਰ ਬਣਾਉ। ਜ਼ਾਹਿਰ ਹੈ ਕਿ ਜਦੋਂ ਅਸੀਂ ਆਪਣੇ ਸਮਾਜ ਦਾ ਮੰਥਨ ਕਰ ਰਹੇ ਹਾਂ ਤਾਂ ਸਾਨੂੰ ਮਜ਼ਦੂਰਾਂ ਅਤੇ ਦਲਿਤ ਔਰਤਾਂ ਦੀ ਸਮੱਸਿਆ ਨੂੰ ਮਹੱਤਵ ਦੇਣਾ ਪਵੇਗਾ।
ਡਾ. ਅੰਬੇਡਕਰ ਨੇ ਉਪਰੋਕਤ ਵਿਸ਼ਿਆਂ ਉਪਰ ਡੂੰਘੀ ਵਿਚਾਰ ਕੀਤੀ ਹੈ। ਅਸੀਂ ਅਨੀਤਾ ਭਾਰਤੀ ਨਾਲ ਸਹਿਮਤ ਹਾਂ ਕਿ ਬ੍ਰਾਹਮਣਵਾਦੀ ਲੋਕਾਂ ਨੇ ਉਨ੍ਹਾਂ ਨੂੰ ਦਲਿਤ ਵਿਚਾਰਕ ਦੇ ਰੂਪ ਵਿਚ ਹੀ ਪ੍ਰਚਾਰਿਆ ਹੈ; ਇਥੋਂ ਤਕ ਕਿ ਅੰਬੇਡਕਰ ਦਾ ਨਾਂ ਲੈਣ ਵਾਲੇ ਨੂੰ ਵੀ ਜਾਤੀਵਾਦੀ ਐਲਾਨਿਆ ਜਾਂਦਾ ਹੈ। ਇਹ ਸਭ ਸਮਝਦਿਆਂ ਪ੍ਰਗਤੀਵਾਦੀਆਂ ਨੂੰ ਅੰਬੇਡਕਰ ਦਾ ਪਹਿਲਾਂ ਬਣੀਆਂ ਧਾਰਨਾਵਾਂ ਦੇ ਉਲਟ ਡੂੰਘਾ ਅਧਿਐਨ ਕਰਨ ਦੀ ਲੋੜ ਹੈ।
ਡਾ. ਅੰਬੇਡਕਰ ਇਸ ਪੱਖੋਂ ਸੁਚੇਤ ਸਨ ਕਿ ਬੁੱਧ ਅਤੇ ਕਾਰਲ ਮਾਰਕਸ ਦੀ ਤੁਲਨਾ ਨੂੰ ‘ਹਾਸੋ-ਹੀਣਾ’ ਕਿਹਾ ਜਾ ਸਕਦਾ ਹੈ, ਫਿਰ ਵੀ ਆਪਣੇ ਕਾਰਨਾਂ ਕਰ ਕੇ ਉਨ੍ਹਾਂ ਇਹ ਤੁਲਨਾ ਅੱਗੇ ਵਧਾਈ। ਦੋਨਾਂ ਦੇ ਸਿਧਾਂਤਾਂ ਦੀ ਪੁਣਛਾਣ ਤੋਂ ਬਾਅਦ ਚਾਰ ਨੁਕਤਿਆਂ ‘ਤੇ ਕਾਰਲ ਮਾਰਕਸ ਨਾਲ ਸਹਿਮਤੀ ਪ੍ਰਗਟ ਕੀਤੀ। ਉਹ ਨੁਕਤੇ ਹਨ:
1. ਦਰਸ਼ਨ ਸ਼ਾਸਤਰ ਦਾ ਉਦੇਸ਼ ਸਮਾਜ ਦੀ ਪੁਨਰ ਰਚਨਾ ਕਰਨਾ ਹੈ, ਨਾ ਕਿ ਬ੍ਰਹਿਮੰਡ ਦੀ ਉਤਪਤੀ ਦਾ ਵਰਣਨ ਕਰਨਾ।
2. ਇਕ ਵਰਗ ਦੀ ਦੂਸਰੇ ਨਾਲ ਲੜਾਈ ਆਪਣੇ ਸਵਾਰਥ ਲਈ ਹੈ।
3. ਵਿਅਕਤੀਗਤ ਸੰਪਤੀ ਤੇ ਅਧਿਕਾਰ ਇਕ ਵਰਗ ਨੂੰ ਸ਼ਕਤੀ ਮੁਹੱਈਆ ਕਰਦਾ ਹੈ ਜਦ ਕਿ ਦੂਸਰੇ ਨੂੰ ਸ਼ੋਸ਼ਣ ਰਾਹੀਂ ਦੁੱਖ ਦਿੰਦਾ ਹੈ।
4. ਸਮਾਜ ਹਿਤ ਵਿਚ ਜ਼ਰੂਰੀ ਹੈ ਕਿ ਵਿਅਕਤੀਗਤ ਸੰਪਤੀ ਦਾ ਖਾਤਮਾ ਕਰ ਕੇ ਦੁੱਖ ਦੂਰ ਕੀਤੇ ਜਾਣ (ਡਾ. ਬੀਆਰ ਅੰਬੇਡਕਰ, ਬੁੱਧ ਔਰ ਕਾਰਲ ਮਾਰਕਸ, ਅਨੁਵਾਦ ਸ਼ੀਲ ਪ੍ਰਿਯ ਬੌਧ, ਪੰਨਾ 19)। ਨਿਚੋੜ ਕੱਢਦੇ ਹੋਏ ਡਾ. ਅੰਬੇਡਕਰ ਲਿਖਦੇ ਹਨ, “ਇਹ ਸਪਸ਼ਟ ਹੈ ਕਿ ਬੁੱਧ ਅਤੇ ਕਾਰਲ ਮਾਰਕਸ ਵਿਚ ਕੀ ਸਮਾਨਤਾਵਾਂ ਹਨ ਤੇ ਕੀ ਭਿੰਨਤਾਵਾਂ, ਫਰਕ ਕੇਵਲ ਸਾਧਨਾਂ ਦਾ ਹੈ। ਉਦੇਸ਼ ਦੋਨਾਂ ਦਾ ਇਕ ਹੈ।” (ਉਹੀ ਪੰਨਾ 26)
ਅੱਜ ਭਾਰਤ ਜਿਸ ਫਾਸ਼ੀਵਾਦੀ ਦੌਰ ਵਲ ਵਧ ਰਿਹਾ ਹੈ, ਉਹ ਮੁੜ ਮਨੂੰ ਸਿਮ੍ਰਤੀ ਵਲ ਪਰਤਣ ਲਈ ਤਰਲੋਮੱਛੀ ਹੋ ਰਿਹਾ ਹੈ। ਇਸ ਪ੍ਰਸੰਗ ਵਿਚ ਪ੍ਰਗਤੀਵਾਦੀ/ਮਾਨਵਵਾਦੀ ਸ਼ਕਤੀਆਂ ਦਾ ਸਾਂਝਾ ਮੰਚ ਬਣਾਉਣਾ ਸਮੇਂ ਦੀ ਲੋੜ ਹੈ। ਇਕ ਪਾਸੇ ਅੰਧ-ਰਾਸ਼ਟਰਵਾਦੀ ਫਾਸ਼ੀਵਾਦ ਦਾ ਹਮਲਾ ਅਤੇ ਦੂਜੇ ਪਾਸੇ ਸੰਸਾਰੀਕਰਨ/ਉਤਰ-ਪੂੰਜੀਵਾਦ ਦਾ ਹਮਲਾ ਵੀ ਸਿਰ ‘ਤੇ ਮੰਡਰਾ ਰਿਹਾ ਹੈ। ਨਿੱਜੀਕਰਨ ਨੇ ਪਬਲਿਕ ਸੈਕਟਰ ਨੂੰ ਸੁੰਗੇੜਦਿਆਂ ਦਲਿਤਾਂ ਲਈ ਹੋਰ ਵੱਡੀਆਂ ਮੁਸੀਬਤਾਂ ਲਿਆਂਦੀਆਂ ਹਨ।
ਦੇਵੀ ਚੈਟਰਜੀ ਦਾ ਇਹ ਸੁਝਾਅ ਅਹਿਮ ਹੈ ਕਿ ਘੱਟੋ-ਘੱਟ ਪ੍ਰੋਗਰਾਮ ਦੇ ਆਧਾਰ ‘ਤੇ ਜ਼ਿਆਦਾ ਤੋਂ ਜ਼ਿਆਦਾ ਦੱਬੀਆਂ ਜਾਤੀਆਂ ਨੂੰ ਲੜਾਈ ਵਿਚ ਸ਼ਾਮਿਲ ਕਰਨਾ ਸਮੇਂ ਦੀ ਲੋੜ ਹੈ। ਕੋਈ ਇਕੋ ਪਾਰਟੀ ਅਧੀਨ ਇਹ ਹੋਵੇ, ਜ਼ਰੂਰੀ ਨਹੀਂ। ਦਲਿਤ ਮਿੱਤਰ ਪਾਰਟੀਆਂ ਅਤੇ ਸਮਾਜਕ ਸਮੂਹਾਂ ਦੀ ਕਨਫੈਡਰੇਸ਼ਨ ਕੰਮ ਚਲਾ ਸਕਦੀ ਹੈ। ਜ਼ਰੂਰੀ ਹੈ, ਪ੍ਰਤਿਬੱਧਤਾ ਅਤੇ ਵਿਜ਼ਨ (ਵਾਜਿਬ ਨਜ਼ਰੀਏ) ਦੀ। ਭੂਮੀ ਸੁਧਾਰ, ਸਿਖਿਆ, ਲੋਕਤੰਤਰ ਅਤੇ ਆਧੁਨਿਕ ਮੁੱਦਿਆਂ ਨੂੰ ਆਧਾਰ ਬਣਾ ਕੇ ਅਗਾਂਹ ਵਧਿਆ ਜਾ ਸਕਦਾ ਹੈ। ਡਾ. ਅੰਬੇਡਕਰ ਦੇ ਨਾਅਰੇ ਨੂੰ ਮੋਕਲਾ ਕਰਨ ਦੀ ਲੋੜ ਹੈ: ‘ਪੜ੍ਹੋ, ਜਥੇਬੰਦ ਹੋਵੇ ਅਤੇ ਸੰਘਰਸ਼ ਕਰੋ’ ਅਤੇ ਮਾਰਕਸ/ਭਗਤ ਸਿੰਘ ਦੇ ਨਾਅਰੇ ਨੂੰ ਨਾਲ ਜੋੜਨ ਦੀ ਲੋੜ ਹੈ, ‘ਕਿਰਤੀਉ ਜਥੇਬੰਦ ਹੋ ਜਾਉ।’