ਸਾਕਾ ਨੀਲਾ ਤਾਰਾ: ਡੀ.ਸੀ. ਅੰਮ੍ਰਿਤਸਰ ਦੀ ਨਿਯੁਕਤੀ

ਆਈ.ਏ.ਐਸ. ਅਫਸਰ ਨ੍ਰਿਪਇੰਦਰ ਰਤਨ ਦੀ ਹੁਣੇ-ਹੁਣੇ ਕਿਤਾਬ ਛਪੀ ਹੈ: ‘ਉਪਰੇਸ਼ਨ ਬਲਿਊ ਸਟਾਰ 84’। ਉਸ ਵਕਤ ਉਨ੍ਹਾਂ ਨੂੰ ਜਲੰਧਰ ਡਿਵੀਜ਼ਨ ਦਾ ਕਮਿਸ਼ਨਰ ਲਾਇਆ ਗਿਆ ਸੀ। ਇਸ ਲੇਖ ਵਿਚ 5 ਤੋਂ 7 ਜੂਨ ਤੱਕ ਦੀਆਂ ਅਹਿਮ ਸਰਗਰਮੀਆਂ ਦਾ ਜ਼ਿਕਰ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਫੌਜ ਨੇ ਸਿਵਲ ਪ੍ਰਸ਼ਾਸਨ ਨੂੰ ਲਾਂਭੇ ਕਰ ਕੇ ਕੰਟਰੋਲ ਆਪਣੇ ਹੱਥ ਲੈ ਲਿਆ ਸੀ।

ਨ੍ਰਿਪਇੰਦਰ ਰਤਨ
ਡੀ.ਸੀ. ਅੰਮ੍ਰਿਤਸਰ, ਰਮੇਸ਼ਇੰਦਰ ਸਿੰਘ ਦੀ ਨਿਯੁਕਤੀ ਦੀ ਕਹਾਣੀ ਵੀ ਬੜੀ ਅਜੀਬ ਹੈ। ਉਹ ਪੱਛਮੀ ਬੰਗਾਲ ਕੇਡਰ ਤੋਂ ਪੰਜਾਬ ਵਿਚ ਡੈਪੂਟੇਸ਼ਨ ਉਤੇ ਆਇਆ ਹੋਇਆ ਸੀ ਅਤੇ ਜੁਲਾਈ 1984 ਵਿਚ ਉਸ ਦੀ ਵਾਪਸੀ ਹੋਣੀ ਸੀ। ਉਧਰ, ਅੰਮ੍ਰਿਤਸਰ ਦੇ ਡੀ.ਸੀ. ਗੁਰਦੇਵ ਸਿੰਘ ਬਰਾੜ ਦੀ ਸੀ.ਆਰ.ਪੀ.ਐਫ. ਅਤੇ ਆਈ.ਜੀ. ਭਿੰਡਰ ਨਾਲ ਕਈ ਕਾਰਨਾਂ ਕਰ ਕੇ ਖਿੱਚੋਤਾਣ ਸੀ। ਬਰਾੜ ਨੇ ਛੁੱਟੀ ਮੰਗ ਲਈ ਸੀ ਅਮਰੀਕਾ ਜਾਣ ਵਾਸਤੇ। ਰਮੇਸ਼ਇੰਦਰ ਮੇਰੇ ਕੋਲ 28 ਜਾਂ 29 ਮਈ ਦੁਪਹਿਰ ਮਾਡਲ ਟਾਊਨ ਆਇਆ ਸੀ। ਉਹ ਅੰਮ੍ਰਿਤਸਰ ਤੋਂ ਵਾਪਸ ਆ ਰਿਹਾ ਸੀ ਜਿਥੇ ਉਸ ਨੂੰ ਡੀ.ਸੀ. ਦੇ ‘ਸ਼ਗਿਰਦ’ ਵਾਂਗ 8 ਕੁ ਦਿਨ ਕੱਟਣੇ ਪਏ ਸਨ ਕਿਉਂਕਿ ਉਸ ਨੂੰ ਡੀ.ਸੀ. ਅੰਮ੍ਰਿਤਸਰ ਨਾਮਜ਼ਦ ਕੀਤਾ ਗਿਆ ਸੀ (ਮੁਕਲ ਜੋਸ਼ੀ ਨੇ ਅੱਧ ਅਪਰੈਲ ਵਿਚ ਮੈਨੂੰ ਦੱਸਿਆ ਸੀ ਕਿ ਡੀ.ਸੀ. ਅੰਮ੍ਰਿਤਸਰ ਦੀ ਸ਼ਾਇਦ ਬਦਲੀ ਹੋ ਜਾਵੇ ਕਿਉਂ ਜੋ ਦਿਨੇਸ਼ ਚੰਦਰ ਖੁਸ਼ ਨਹੀਂ ਸੀ)। ਸ਼ੁਰੂ ਮਈ ਵਿਚ ਦਿਨੇਸ਼ ਨੇ ਆਪ ਮੇਰੇ ਨਾਲ ਗੱਲ ਕੀਤੀ। ਮੈਂ ਕਿਹਾ ਕਿ ਜੇ ਅਕਾਲੀਆਂ ਨਾਲ ਸੰਪਰਕ ਬਣਾਉਣ ਵਾਸਤੇ ਬਦਲੀ ਕਰਨੀ ਹੈ ਤਾਂ ਬੀ.ਜੇ. ਸਿੰਘ ਸਭ ਤੋਂ ਉਤਮ ਚੋਣ ਹੈ, ਉਸ ਤੋਂ ਬਾਅਦ ਜੈ ਸਿੰਘ ਗਿੱਲ। ਰਮੇਸ਼ਇੰਦਰ ਸਿੰਘ ਨੂੰ ਕਿਹਾ ਸੀ ਕਿ ਉਹ 5 ਜੂਨ ਸ਼ਾਮ ਨੂੰ ਚਾਰਜ ਸੰਭਾਲ ਲਵੇ। ਉਸ ਦੱਸਿਆ ਕਿ ਉਹ ਚੰਡੀਗੜ੍ਹ ਵਾਪਸ ਜਾ ਰਿਹਾ ਸੀ ਪੈਕਿੰਗ ਵਗੈਰਾ ਕਰਨ। ਮੈਂ ਉਸ ਨੂੰ ਸਲਾਹ ਦਿੱਤੀ ਕਿ ਉਹ ਕੰਮ ਚਲਾਊ ਦੇ ਤੌਰ ਉਤੇ ਲੱਗਣ ਤੋਂ ਇਨਕਾਰ ਕਰ ਦੇਵੇ। ‘ਨਾ ਤਾਂ ਤਿੰਨ ਮਹੀਨਿਆਂ ਵਾਸਤੇ ਅਤੇ ਨਾ ਹੀ ਉਦੋਂ ਤੱਕ ਜਦ ਤਕ ਬਰਾੜ ਵਾਪਸ ਆ ਕੇ ਹਾਜ਼ਰੀ ਨਹੀਂ ਦਿੰਦਾ; ਕਿਉਂਕਿ ਅਸਥਾਈ ਪੋਸਟਿੰਗ ਵਿਚ ਨਾ ਉਹ ਮਨ ਲਗਾ ਸਕੇਗਾ, ਨਾ ਤਾਂ ਸਥਾਨਕ ਅਫਸਰਾਂ ਨੇ ਅਤੇ ਨਾ ਹੀ ਅਧਿਕਾਰੀਆਂ ਅਤੇ ਲੋਕਾਂ ਨੇ ਉਸ ਦੀ ਪਰਵਾਹ ਕਰਨੀ ਹੈ।’ ਰਮੇਸ਼ ਪੂਰੀ ਤਰ੍ਹਾਂ ਸਹਿਮਤ ਸੀ। ਉਹ ਤਾਂ ਪਿੱਛੋਂ ਪਤਾ ਲੱਗਾ ਕਿ ਉਸ ਨੂੰ ਤੁਰਤ ਫੁਰਤ ਅੰਮ੍ਰਿਤਸਰ ਦੌੜਾਇਆ ਗਿਆ ਅਤੇ ਉਸ ਨੇ 4 ਜੂਨ ਸਵੇਰੇ ਚਾਰਜ ਲੈ ਲਿਆ ਸੀ।
5 ਜੂਨ ਸਵੇਰੇ ਕਰੀਬ 8 ਵਜੇ ਕਮਿਸ਼ਨਰ ਵਾਲੀ ਕਾਰ ਅਤੇ ਗੰਨਮੈਨ, ਸਟੈਨੋ ਘਰ ਆ ਗਏ। ਮੈਂ ਉਨ੍ਹਾਂ ਨੂੰ ਕਰੀਬ 10 ਵਜੇ ਆਉਣ ਵਾਸਤੇ ਕਿਹਾ। ਫਿਰ 10 ਵਜੇ ਮੈਂ ਦਫਤਰ ਆਇਆ ਅਤੇ ਕਰੀਬ ਡੇਢ ਘੰਟਾ ਦਫਤਰ ਬੈਠਾ। ਆਵਾਜਾਈ ਦੇ ਸਭ ਸਾਧਨ ਬੰਦ ਹੋਣ ਕਰ ਕੇ ਕੋਈ ਵੀ ਦਫਤਰ ਨਹੀਂ ਸੀ ਆਇਆ। ਉਸੇ ਸ਼ਾਮ ਸਰਕਾਰ ਵੱਲੋਂ ਮੇਰੀ ਨਿਯੁਕਤੀ ਦਾ ਟੀ.ਪੀ.ਐਮ. ਮਿਲ ਗਿਆ। ਉਸ ਦੇ ਨਾਲ ਹੀ ਅੰਮ੍ਰਿਤਸਰ ਵਿਚ ਸ਼ਾਮ ਨੂੰ ਲੋਕ ਸੰਪਰਕ ਦੇ ਐਲਾਨ ਦੀ ਕਾਪੀ ਵੀ ਮਿਲ ਗਈ ਸੀ। ਸ਼ਾਮ ਨੂੰ 6 ਵਜੇ ਕੋਰ ਹੈੱਡ ਕੁਆਰਟਰ ਉਤੇ ਹੋਣ ਵਾਲੀ ਮੀਟਿੰਗ ਵਾਸਤੇ ਗਿਆ। ਉਥੇ ਇਹ ਦੱਸਿਆ ਗਿਆ ਕਿ ਪਿਛਲੇ ਦਿਨ 4 ਜੂਨ ਸਵੇਰੇ ਅੰਮ੍ਰਿਤਸਰ ਸੁਲਤਾਨਵਿੰਡ ਦਰਵਾਜ਼ੇ ਵੱਲ ਕੁਝ ਲੋਕਾਂ ਨੇ ਬਾਹਰ ਆ ਕੇ ਮਕਾਨਾਂ/ਦੁਕਾਨਾਂ, ਫੈਕਟਰੀਆਂ ਨੂੰ ਅੱਗਾਂ ਲਗਾ ਦਿੱਤੀਆਂ, ਹਮਲੇ ਵੀ ਕੀਤੇ। ਇਹ ਕੁਝ ਕਰਨ ਵਾਲੇ ਸਿੱਖ ਮੁੰਡੇ ਸਨ। ਮੈਂ ਜੀ.ਓ.ਸੀ. (ਜਨਰਲ ਕਮਾਂਡਿੰਗ ਆਫੀਸਰ) ਨੂੰ ਡੀ.ਸੀ. ਅੰਮ੍ਰਿਤਸਰ ਦੇ ਟੈਲੀਫੋਨਾਂ ਬਾਰੇ ਗੱਲ ਕੀਤੀ (ਫੌਜ ਦੇ ਹੁਕਮ ਕਰਕੇ ਡੀ.ਸੀ., ਏ.ਡੀ.ਸੀ., ਐਸ.ਡੀ.ਐਮ., ਜੀ.ਏ. ਅਤੇ ਹੋਰ ਸਾਰੇ ਜ਼ਿਲ੍ਹਾ ਅਫਸਰਾਂ ਦੇ ਫੋਨ ਕੱਟ ਦਿੱਤੇ ਸਨ)। ਉਸ ਇੰਜ ਦਿਖਾਵਾ ਕੀਤਾ, ਜਿਵੇਂ ਉਸ ਨੂੰ ਕੁਝ ਪਤਾ ਹੀ ਨਾ ਹੋਵੇ: ‘ਇਹ ਕਿਵੇਂ ਹੋ ਸਕਦਾ ਹੈ? ਇਹ ਕਿਵੇਂ ਸੰਭਵ ਹੈ? ਹੋ ਸਕਦਾ ਹੈ ਕਿ ਐਕਸਚੇਂਜ ਵਿਚ ਕੋਈ ਨੁਕਸ ਪੈ ਗਿਆ ਹੋਵੇ।’ ਮੈਂ ਕਿਹਾ ਕਿ ਬਹੁਤ ਗੰਭੀਰ ਨੁਕਸ ਵੀ 6 ਘੰਟੇ ਦੇ ਵਿਚ ਵਿਚ ਠੀਕ ਕਰਨਾ ਹੁੰਦਾ ਹੈ ਅਤੇ ਨਾਲੇ ਸਾਰੇ ਹੀ ਫੋਨ ਇੱਕੋ ਵਕਤ ਨਹੀਂ ਵਿਗੜ ਸਕਦੇ। ਉਸ ਨੇ ਇੰਜ ਹੀ ਦਿਖਾਵਾ ਕੀਤਾ ਜਿਵੇਂ ਬਿਲਕੁਲ ਅਨਜਾਣ ਹੋਵੇ, ਕਹਿੰਦਾ ਕਿ ਉਹ ਤੁਰੰਤ ਠੀਕ ਕਰਨ ਵਾਸਤੇ ਕਹੇਗਾ। ਉਸ ਕਿਹਾ, ‘ਕਿਸੇ ਵੀ ਸੂਰਤ ਵਿਚ ਫੌਜੀ ਲਾਇਨਾਂ ਡੀ.ਸੀ. ਵਾਸਤੇ ਹਾਜ਼ਰ ਹਨ। ਉਹ ਫੌਜੀ ਐਕਸਚੇਂਜ ਦੀ ਵਰਤੋਂ ਕਰ ਸਕਦਾ ਹੈ’। ਮੀਟਿੰਗ ਵਿਚ ਇਹ ਪ੍ਰਸ਼ਨ ਉਠਿਆ ਕਿ ਆਮ ਜਨਤਾ ਵਾਸਤੇ, ਕਰਫਿਊ ਲਗਾਉਣ, ਢਿੱਲ ਦੇਣ ਵਾਸਤੇ ਕਿਸ ਦੇ ਹੁਕਮ ਮੰਨੇ ਜਾਣਗੇ? ਜ਼ਿਲ੍ਹਾ ਮੈਜਿਸਟਰੇਟਾਂ ਦੇ ਜਾਂ ਫੌਜ ਦੇ। ਜੀ.ਓ.ਸੀ. ਨੂੰ ਮੈਂ ਕਿਹਾ ਕਿ ਕਾਨੂੰਨੀ ਪੱਖ ਤੋਂ ਕਰਫਿਊ ਪ੍ਰਬੰਧਨ ਡੀ.ਐਮ. ਦੀ ਜ਼ਿੰਮੇਵਾਰੀ ਹੈ ਅਤੇ ਫੌਜ ਸਿਵਲ ਪ੍ਰਸ਼ਾਸਨ ਦੀ ਸਹਾਇਤਾ ਵਾਸਤੇ ਹੈ ਪਰ ਜੇ ਕਰ ਫੌਜ ਆਪਣੇ ਅਨੁਸਾਰ ਪ੍ਰਬੰਧ ਕਰਨਾ ਚਾਹੁੰਦੀ ਹੈ ਤਾਂ ਸਰਕਾਰ ਕੋਲੋਂ ਡੀ.ਐਮਾਂ. ਨੂੰ ਹਦਾਇਤਾਂ ਜਾਰੀ ਕਰਵਾਈਆਂ ਜਾਣ।
ਟੈਲੀਫੋਨਾਂ ਦੇ ਆਉਣ ਕਰ ਕੇ, ਫੋਨ ਆਪ ਕਰਨ ਕਰ ਕੇ, ਸਰਕਾਰੀ ਪੱਧਰ ਦੀਆਂ ਗੱਲਾਂ ਗੁਪਤ ਰੱਖਣ ਕਰ ਕੇ ਇਹ ਜ਼ਰੂਰੀ ਸੀ ਕਿ ਵੱਖਰੇ ਫੋਨ ਦੀ ਵਰਤੋਂ ਕਰਾਂ। ਘਰ ਪਰਾਸ਼ਰ (ਘਰ ਦਾ ਮਾਲਕ) ਹੁਰਾਂ ਦਾ ਫੋਨ ਨਾ ਮੈਂ ਵਰਤ ਸਕਦਾ ਸਾਂ, ਨਾ ਗੱਲਾਂ ਕਰ ਸਕਦਾ ਸਾਂ (ਹਾਲਾਂਕਿ ਉਨ੍ਹਾਂ ਪੂਰਾ ਫੋਨ ਮੇਰੇ ਵਾਸਤੇ ਰੱਖ ਦਿੱਤਾ ਸੀ) ਕਮਿਸ਼ਨਰ ਵਾਲਾ ਘਰ ਪਹਿਲੇ ਕਮਿਸ਼ਨਰ (ਏ.ਸੀ. ਸੇਨ) ਨੇ ਖਾਲੀ ਨਹੀਂ ਸੀ ਕੀਤਾ, ਦਿਨੇਸ਼ ਚੰਦਰ (ਜਲੰਧਰ ਡਿਵੀਜ਼ਨ ਦਾ ਕਮਿਸ਼ਨਰ) ਆਪਣਾ ਘਰ ਬੰਦ ਕਰ ਗਿਆ ਸੀ। ਇਸ ਲਈ ਮੈਂ ਇਹ ਫੈਸਲਾ ਕੀਤਾ ਕਿ ਰਾਤ ਨੂੰ ਸਰਕਟ ਹਾਊਸ ਵਿਚ ਹੈੱਡ ਕੁਆਰਟਰ ਬਣਾਇਆ ਜਾਵੇ। ਇਸ ਲਈ ਰਾਤ 7.45 ਵਜੇ ਮੈਂ ਸਰਕਟ ਹਾਊਸ ਆ ਗਿਆ ਅਤੇ ਉਥੇ ਹੈੱਡ ਕੁਆਰਟਰ ਬਣਾ ਲਿਆ। ਸਾਰੇ ਡੀਸੀਆਂ ਨੂੰ, ਅਤੇ ਸਥਾਨਕ ਪੁਲਿਸ ਕੰਟਰੋਲ, ਆਰਮੀ ਕੰਟਰੋਲ ਨੂੰ ਵੀ, ਖਬਰ ਕਰ ਦਿੱਤੀ ਕਿ ਹਰ ਰੋਜ਼ ਰਾਤ 8 ਤੋਂ ਸਵੇਰੇ 8 ਤੱਕ ਮੇਰਾ ਹੈੱਡ ਕੁਆਰਟਰ ਸਰਕਟ ਹਾਊਸ ਹੀ ਹੋਵੇਗਾ।
ਉਥੋਂ ਹੀ ਰਾਤ 8 ਵਜੇ ਮੈਂ ਡਿਵੀਜ਼ਨ ਦੇ ਸਾਰੇ ਡੀਸੀਆਂ ਨੂੰ ਨਿਰਦੇਸ਼ ਭੇਜਿਆ ਕਿ ਉਹ ਹਰ ਰੋਜ਼ ਸਾਰੇ ਦਿਨ ਦੀ ਕਾਨੂੰਨ ਅਤੇ ਵਿਵਸਥਾ ਦੀ ਹਾਲਤ 20.30 ਵਜੇ ਤੱਕ ਮੈਨੂੰ ਵਾਇਰਲੈਸ ਉਤੇ ਭੇਜਣ। ਰਾਤ 9 ਵਜੇ ਜਨਰਲ ਸਟਾਫ ਦੇ ਚੀਫ (ਸੀ.ਓ.ਐਸ.) ਮੇਜਰ ਜਨਰਲ ਰਾਜਿੰਦ੍ਰ ਸਿੰਘ ਦਾ ਕੋਰ ਹੈੱਡ ਕੁਆਰਟਰ ਤੋਂ ਫੋਨ ਆਇਆ ਅਤੇ ਉਸ ਕਿਹਾ ਕਿ ਮੈਂ ਸਾਰੇ ਡੀਸੀਆਂ ਨੂੰ ਇਹ ਹਦਾਇਤਾਂ ਜਾਰੀ ਕਰ ਦੇਵਾਂ ਕਿ ਉਹ ਆਪੋ-ਆਪਣੇ ਜ਼ਿਲ੍ਹੇ ਦੇ ਸਬੰਧਤ ਬ੍ਰਿਗੇਡ ਕਮਾਂਡਰਾਂ ਨਾਲ ਸਲਾਹ ਕਰ ਕੇ ਅਤੇ ਉਨ੍ਹਾਂ ਦੀ ਸਲਾਹ ਅਨੁਸਾਰ ਕਰਫਿਊ ਵਿਚ ਢਿੱਲ ਦੇਣ ਲਈ ਯੋਜਨਾਵਾਂ ਬਣਾਉਣ ਪਰ ਰੇਡੀਓ ਜਾਂ ਟੀ.ਵੀ. ਉਤੇ ਛੋਟਾਂ ਦਾ ਪ੍ਰਸਾਰਨ ਨਹੀਂ ਕਰਨਾ। ਮੈਂ ਕਿਹਾ ਕਿ ਸਰਕਾਰ ਕੋਲੋਂ ਇਹ ਹੁਕਮ ਜਾਰੀ ਹੋ ਗਿਆ ਹੈ ਕਿ ਡੀਸੀਆਂ ਨੇ, ਬ੍ਰਿਗੇਡ ਕਮਾਂਡਰਾਂ ਦੀ ਸਲਾਹ ਅਤੇ ਉਨ੍ਹਾਂ ਨਾਲ ਵਿਚਾਰ ਵਟਾਂਦਰੇ ਪਿੱਛੋਂ ਇਹ ਸਭ ਕਰਨਾ ਹੈ? ਉਸ ਕਿਹਾ ਕਿ ਉਸ ਨੂੰ ਇਸ ਬਾਰੇ ਪਤਾ ਨਹੀਂ ਪਰ ਸ਼ਾਇਦ ਤੁਰੰਤ ਹੀ ਐਸੇ ਹੁਕਮ ਜਾਰੀ ਹੋ ਜਾਣਗੇ। ਮੈਂ ਤੁਰੰਤ ਹੀ ਗ੍ਰਹਿ ਸਕੱਤਰ ਨਾਲ ਫੋਨ ਬੁੱਕ ਕੀਤਾ ਗੱਲ ਕਰਨ ਲਈ। ਇਸ ਦੌਰਾਨ ਰਾਤ 9.15 ਵਜੇ ਡੀਸੀ ਹੁਸ਼ਿਆਰਪੁਰ, ਬੰਗੜ ਦਾ ਫੋਨ ਆ ਗਿਆ ਅਤੇ ਉਸ ਦੱਸਿਆ ਕਿ ਹਾਲਾਤ ਠੀਕ ਸਨ ਪਰ ਉਸ ਦਾ ਐਸ.ਡੀ.ਐਮ. ਬਲਾਚੌਰ ਗੁੰਮ ਸੀ ਦੋ ਦਿਨ ਦਾ। ਉਹ ਇਸ ਬਾਰੇ ਸਰਕਾਰ ਨੂੰ ਰਿਪੋਰਟ ਭੇਜ ਰਿਹਾ ਸੀ।
ਰਾਤ 10 ਵਜੇ ਗ੍ਰਹਿ ਸਕੱਤਰ (ਅਮਰੀਕ ਸਿੰਘ ਪੂਨੀ) ਨਾਲ ਫੋਨ ਮਿਲਿਆ। ਮੈਂ ਉਸ ਨੂੰ ਸੀ.ਓ.ਐਸ. ਤੋਂ ਮਿਲੇ ਸੁਨੇਹੇ ਬਾਰੇ ਦੱਸਿਆ ਅਤੇ ਪੁੱਛਿਆ ਕਿ ਸਰਕਾਰ ਵੱਲੋਂ ਕੋਈ ਹੁਕਮ ਹੋਏ ਹਨ? ਪੂਨੀ ਨੇ ਦੱਸਿਆ ਕਿ ਉਸ ਨੂੰ ਇਸ ਬਾਰੇ ਜਾਂ ਕਿਸੇ ਵੀ ਹੋਰ ਚੀਜ਼ ਬਾਰੇ ਕੋਈ ਖਬਰ ਨਹੀਂ ਸੀ, ਕੋਈ ਇਤਲਾਹ ਨਹੀਂ ਸੀ। ਪੂਨੀ ਨੇ ਕਿਹਾ, ‘ਰਤਨ, ਸਿਵਲ ਪ੍ਰਸ਼ਾਸਨ ਬੇਲੋੜਾ ਹੋ ਗਿਆ ਹੈ। ਸਾਰੇ ਫੈਸਲੇ ਲਾਟ ਸਾਬ ਅਤੇ ਉਸ ਦੇ ਸਲਾਹਕਾਰ ਕਰ ਰਹੇ ਹਨ… ਇਸ ਲਈ ਮੈਂ ਤੈਨੂੰ ਸਲਾਹ ਦਿੰਦਾਂ ਕਿ ਤੂੰ ਆਪਣੇ ਸਾਰੇ ਡੀਸੀਆਂ ਨੂੰ ਕਹਿ ਦੇ ਕਿ ਉਂਜ ਹੀ ਕਰਨ ਜਿਵੇਂ ਫੌਜੀ ਅਧਿਕਾਰੀ ਕਹਿਣ। ਮੈਂ ਸੁਣਿਆ ਹੈ ਕਿ ਗਵਰਨਰ ਨੇ ਇਹ ਸੁਝਾਅ ਮੰਨ ਲਿਆ ਹੈ ਕਿ ਫੌਜ ਵੱਲੋਂ ਦਿੱਤੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।’ ਮੈਂ ਕਿਹਾ ਕਿ ‘ਸਰ! ਜੇ ਇਹ ਗੱਲ ਹੈ ਤਾਂ ਫਿਰ ਡੀਸੀਆਂ ਨੂੰ ਕਿਉਂ ਨਾ ਬਹੁਤ ਸਪਸ਼ਟ ਹਦਾਇਤਾਂ ਜਾਰੀ ਕੀਤੀਆਂ ਜਾਣ। ਉਨ੍ਹਾਂ ਨੂੰ ਕਿਹਾ ਜਾਵੇ ਕਿ ਉਨ੍ਹਾਂ ਨੇ ਫੌਜ ਦੀ ਮਦਦ ਕਰਨੀ ਹੈ ਅਤੇ ਉਸ ਦੇ ਹੁਕਮ ਮੰਨਣੇ ਹਨ। ਇਹ ਜਵਾਨ ਮੰਡੇ ਐਵੇਂ ਕਦਮ ਕਦਮ ਉਤੇ ਫੇਰ ਪੰਗੇ ਲਈ ਜਾਂਦੇ ਹਨ ਫੌਜੀਆਂ ਨਾਲ। ਫੈਸਲਾ ਲੈਣ ਵਾਲੀਆਂ ਸ਼ਕਤੀਆਂ ਦੇ ਮਾਮਲਿਆਂ ਬਾਰੇ ਉਨ੍ਹਾਂ ਨੂੰ ਸਪਸ਼ਟ ਦੱਸ ਦੇਈਏ ਕਿ ਜਿਵੇਂ ਫੌਜੀ ਕਹਿਣ, ਉਂਜ ਹੀ ਉਹ ਕਰੀ ਜਾਣ।’ ਪੂਨੀ ਕਹਿੰਦਾ ਕਿ ‘ਹਾਲਾਤ ਤਾਂ ਇਹੋ ਜਿਹੇ ਹੀ ਹਨ।’ ਜਦੋਂ ਮੈਂ ਪੁੱਛਿਆ ਕਿ ‘ਹੋਰ ਕੀ ਖਬਰ ਹੈ?’ ਤਾਂ ਪੂਨੀ ਕਹਿੰਦਾ ਕਿ ‘ਮੇਰੇ ਪਾਸ ਇਹ ਖਬਰ ਹੈ ਕਿ ਸ਼ਾਮ 7 ਵਜੇ ਤੋਂ ਅੱਜ ਸੈਨਾ ਨੇ ਸ੍ਰੀ ਹਰਿਮੰਦਰ ਸਾਹਿਬ ਉਤੇ ਟੈਂਕਾਂ ਰਾਹੀਂ ਹਮਲਾ ਕੀਤਾ ਅਤੇ ਇਹ ਅਜੇ ਤੱਕ ਵੀ ਜਾਰੀ ਹੈ। ਕੀ ਰਿਹਾ, ਕੀ ਤਬਾਹ ਹੋਇਆ, ਕੁਝ ਪਤਾ ਨਹੀਂ।
ਇਸ ਤੋਂ ਪਿੱਛੋਂ ਮੈਂ ਫਿਰ ਰਾਤ 10.05 ਉਤੇ ਸਾਰੇ ਡੀਸੀਆਂ ਨੂੰ ਵਾਇਰਲੈਸ ਸੰਦੇਸ਼ ਭੇਜ ਦਿੱਤੇ ਕਰਫਿਊ ਪ੍ਰਸ਼ਾਸਨ ਅਤੇ ਢਿੱਲ ਦੇਣ ਬਾਰੇ ਅਤੇ ਰਾਤ 10.15 ਵਜੇ ਮੁਕਲ ਜੋਸ਼ੀ (ਡੀ.ਸੀ. ਜਲੰਧਰ) ਨੂੰ ਫੋਨ ਉਤੇ ਦੱਸ ਦਿੱਤਾ। ਰਾਤ 10.45 ਵਜੇ ਡੀਸੀ ਗੁਰਦਾਸਪੁਰ ਤੋਂ ‘ਸਭ ਅੱਛਾ’ ਰਿਪੋਰਟ ਆ ਗਈ।
6 ਜੂਨ ਸਵੇਰੇ 07.15 ਵਜੇ ਡੀ.ਸੀ. ਕਪੂਰਥਲਾ ਨਾਲ ਫੋਨ ਉਤੇ ਗੱਲ ਕੀਤੀ ਅਤੇ ਉਸ ਨੂੰ ਕਰਫਿਊ ਪ੍ਰਸ਼ਾਸਨ ਅਤੇ ਫੌਜੀਆਂ ਦੀ ਸਲਾਹ ਅਨੁਸਾਰ ਕੰਮ ਕਰਨ ਨੂੰ ਕਿਹਾ। ਉਸ ਨੇ ਵਿਰੋਧ ਕੀਤਾ ਕਿ ਕੀ ਇਹ ਫੌਜ ਵੱਲੋਂ ਪ੍ਰਸ਼ਾਸਨ ਸੰਭਾਲ ਲਿਆ, ਕਿ ਡੀ.ਐਮ. ਜ਼ਿੰਮੇਵਾਰ ਹੈ ਕਰਫਿਊ ਬਾਰੇ, ਕਿ ‘ਐਥੇ ਅਸੀਂ ਫੌਜੀਆਂ ਨੂੰ ਐਨ ਟਿਕਾਣੇ ਲਗਾ ਕੇ ਰੱਖਿਆ ਹੋਇਆ ਹੈ’ ਪਰ ਮੈਂ ਸਮਝਾਇਆ ਕਿ ਸਰਕਾਰੀ ਹਦਾਇਤਾਂ ਇਹੋ ਹਨ ਅਤੇ ਉਨ੍ਹਾਂ ਅਨੁਸਾਰ ਹੀ ਕੰਮ ਕੀਤਾ ਜਾਵੇ।
ਸਵੇਰੇ 10 ਵਜੇ ਕੋਰ ਹੈੱਡ ਕੁਆਰਟਰ ਗਏ ਮੀਟਿੰਗ ਵਾਸਤੇ। ਉਥੇ ਸੀ.ਓ.ਐਸ. ਦੇ ਕਮਰੇ ਵਿਚ ਬੈਠੇ ਸਾਂ ਜਦੋਂ ਬੀ.ਐਸ.ਐਫ. ਦਾ ਕਮਾਂਡੈਂਟ (ਸ਼ਾਇਦ ਐਮ.ਐਸ. ਬੋਪਾਰਾਏ ਨਾਂ ਸੀ, ਸੀਨੀਅਰ ਸੁਪਰਡੈਂਟ ਰੈਂਕ) ਮੇਰੇ ਕੋਲ ਆ ਬੈਠਾ। ਮੈਂ ਸਰਸਰੀ ਤੌਰ ਉਤੇ ਪੁੱਛਿਆ, ‘ਸੁਣਾਓ, ਕੀ ਖਬਰਾਂ ਹਨ ਅੰਮ੍ਰਿਤਸਰ ਦੀਆਂ?’ ਉਹ ਬਹੁਤ ਅਸ਼ਾਂਤ ਹੋ ਗਿਆ, ਉਸ ਦੀਆਂ ਅੱਖਾਂ ਭਰ ਆਈਆਂ, ਆਵਾਜ਼ ਬੰਦ ਹੋਣ ਵਾਲੀ ਹੋ ਗਈ ਅਤੇ ਫੁਸਫੁਸਾ ਕੇ ਮੈਨੂੰ ਕਹਿੰਦਾ, ‘ਸਰ! ਖਬਰਾਂ ਚੰਗੀਆਂ ਨਹੀਂ ਹਨ। ਹਰਿਮੰਦਰ ਸਾਹਿਬ ਦਾ ਉਪਰਲਾ ਗੁੰਬਦ ਢਹਿ ਗਿਆ ਹੈ। ਦਰਸ਼ਨੀ ਡਿਓਢੀ ਅਤੇ ਅਕਾਲ ਤਖਤ ਸਾਰਾ ਖਤਮ ਹੋ ਗਿਆ ਹੈ। ਇੱਕ ਡੀ.ਆਈ.ਜੀ./ਬੀ.ਐਸ.ਐਫ. ਅਤੇ 3-4 ਹੋਰ ਸਿੱਖ ਅਫਸਰਾਂ ਨੇ ਅਸਤੀਫੇ ਦੇ ਦਿੱਤੇ ਹਨ। ਸ਼ਾਇਦ ਉਹ ਗ੍ਰਿਫਤਾਰੀ ਅਧੀਨ ਹਨ। ਹਜ਼ਾਰਾਂ ਯਾਤਰੂ ਮਾਰੇ ਗਏ ਹਨ।’
ਬੜੀਆਂ ਹੀ ਚਿੰਤਾਜਨਕ ਖਬਰਾਂ ਸਨ। ਮੈਂ ਪੁੱਛਿਆ, ‘ਤੁਹਾਨੂੰ ਕਿਵੇਂ ਪਤਾ ਲੱਗਾ? ਕੋਈ ਵਾਇਰਲੈਸ ਸੰਦੇਸ਼ ਹਨ?’ ਉਹ ਕਹਿੰਦਾ, ‘ਨਹੀਂ ਸੰਦੇਸ਼ ਨਹੀਂ, ਦੋ-ਚਾਰ ਜਵਾਨ ਬੀ.ਐਸ.ਐਫ. ਦੇ ਆਏ ਹਨ ਅੰਮ੍ਰਿਤਸਰ ਤੋਂ।’ ਮੈਂ ਪੁੱਛਿਆ, ‘ਉਹ ਕਿਵੇਂ ਆ ਗਏ? ਟ੍ਰੈਫਿਕ ਤਾਂ ਬੰਦ ਹੈ?’ ਉਸ ਦੇ ਜਵਾਬ ਦੇਣ ਤੋਂ ਪਹਿਲਾਂ ਹੀ ਮੀਟਿੰਗ ਲਈ ਜੀ.ਓ.ਸੀ. ਦੇ ਕਮਰੇ ਵੱਲ ਜਾਣ ਲਈ ਉਠ ਪਏ। ਅੰਦਰ ਜਾ ਕੇ ਸੁਰਜੀਤ ਸਿੰਘ ਡੀ.ਆਈ.ਜੀ. ਰੇਂਜ ਕੋਲੋਂ ਪੁੱਛਿਆ। ਉਹ ਵੀ ਕਹਿੰਦਾ, ‘ਖਬਰਾਂ ਮਾੜੀਆਂ ਨੇ। ਬਹੁਤ ਨੁਕਸਾਨ ਹੋ ਗਿਆ ਹੈ ਹਰਿਮੰਦਰ ਸਾਹਿਬ ਦਾ।’
ਮੀਟਿੰਗ ਵਿਚ ਬ੍ਰਿਗੇਡੀਅਰ ਦਿਓਲ (ਜਲੰਧਰ) ਅਤੇ ਬ੍ਰਿਗੇਡੀਅਰ ਇੰਚਾਰਜ ਲੁਧਿਆਣਾ ਨੇ ਕਰਫਿਊ ਵਿਚ ਛੋਟ ਦੇਣ ਵਾਸਤੇ ਬਹੁਤ ਜ਼ੋਰਦਾਰ ਢੰਗ ਨਾਲ ਬੇਨਤੀ ਕੀਤੀ। ਬ੍ਰਿਗੇਡੀਅਰ ਗਿੱਲ/ਲੁਧਿਆਣਾ (ਸ਼ਾਇਦ ਗਿੱਲ ਹੀ ਸੀ) ਨੇ ਇੱਥੋਂ ਤੱਕ ਕਹਿ ਦਿੱਤਾ, ‘ਸਰ! ਕਰਫਿਊ ਹੋਰ ਜਾਰੀ ਰੱਖਣਾ ਸੰਭਵ ਨਹੀਂ। ਸਾਨੂੰ ਛੋਟਾਂ ਦੇਣੀਆਂ ਹੀ ਪੈਣੀਆਂ ਹਨ। ਸਾਨੂੰ ਲੋਕਾਂ ਨੂੰ ਰਾਹਤ ਦੇਣੀ ਹੀ ਪੈਣੀ ਹੈ। ਪਸ਼ੂ ਮਰਨੇ ਸ਼ੁਰੂ ਹੋ ਗਏ ਹਨ, ਬੱਚੇ ਭੁੱਖ ਨਾਲ ਵਿਲਕਣ ਲੱਗ ਪਏ ਹਨ। ਲੋਕਾਂ ਨੂੰ ਘਰਾਂ ਵਿਚ ਡੱਕੀ ਰੱਖਣਾ ਹੋਰ ਸੰਭਵ ਨਹੀਂ।’ ਬ੍ਰਿਗੇਡੀਅਰ ਦਿਓਲ ਨੇ ਵੀ ਜ਼ੋਰਦਾਰ ਤਰੀਕੇ ਨਾਲ ਗੱਲ ਕੀਤੀ। ਡੀ.ਸੀ. ਦੇ ਬੋਲਣ ਦੀ ਬਜਾਇ ਉਸ ਨੇ ਹੀ ਸਾਰੇ ਕੇਸ ਦੀ ਪੈਰਵੀ ਕੀਤੀ।
ਜੀ.ਓ.ਸੀ. ਨੇ ਅਫਵਾਹਾਂ ਬਾਰੇ ਗੱਲ ਕੀਤੀ। ਕਹਿੰਦਾ ਕਿ ਅਫਵਾਹ ਇਹ ਹੈ ਕਿ ਜਨਰਲ ਤਰਲੋਕ ਸਿੰਘ ਅਤੇ 5 ਸਿੱਖ ਬ੍ਰਿਗੇਡੀਅਰਾਂ ਨੇ ਅਸਤੀਫੇ ਦੇ ਦਿੱਤੇ ਹਨ। ‘ਕਿਉਂ ਬਈ, ਤੁਸੀਂ ਅਸਤੀਫੇ ਦੇ ਦਿੱਤੇ ਹਨ?’ ਜਨਰਲ ਤਰਲੋਕ ਸਿੰਘ, ਬ੍ਰਿਗੇਡੀਅਰ ਗਿੱਲ, ਦਿਓਲ ਅਤੇ ਢਿੱਲੋਂ ਵੀ ਉਥੇ ਬੈਠੇ ਸਨ। ਉਸ ਨੇ ਦੱਸਿਆ ਕਿ ਸਵੇਰੇ ਚੰਡੀਗੜ੍ਹ ਤੋਂ ਇਹ ਅਫਵਾਹ ਆਈ ਕਿ ਰਾਸ਼ਟਰਪਤੀ ਨੇ ਅਸਤੀਫਾ ਦੇ ਦਿੱਤਾ ਹੈ ਅਤੇ ਉਹ ਗ੍ਰਿਫਤਾਰ ਕਰ ਲਿਆ ਹੈ!! ਉਸ ਨੇ ਇਸ ਅਫਵਾਹ ਨੂੰ ਵੀ ਗਲਤ ਦੱਸਿਆ ਕਿ ਹਰਿਮੰਦਰ ਨੂੰ ਕੋਈ ਨੁਕਸਾਨ ਹੋਇਆ ਹੈ ਜਾਂ ਕਿਸੇ ਡੀ.ਆਈ.ਜੀ. ਜਾਂ ਹੋਰ ਪੁਲਿਸ ਅਫਸਰਾਂ ਨੇ ਅਸਤੀਫੇ ਦਿੱਤੇ ਹਨ।
ਮੀਟਿੰਗ ਖਤਮ ਹੋਣ ਪਿੱਛੋਂ ਮੈਂ ਸੁਰਜੀਤ ਸਿੰਘ ਡੀ.ਆਈ.ਜੀ. ਨਾਲ ਉਸ ਦੇ ਦਫਤਰ ਚਲਾ ਗਿਆ ਅਤੇ ਉਥੋਂ ਦੁਪਹਿਰੇ 12 ਵਜੇ ਅਸੀਂ ਹੈੱਡ ਕੁਆਰਟਰ 36 ਡਿਵੀਜ਼ਨ ਗਏ ਜਿੱਥੇ ਜਨਰਲ ਤਰਲੋਕ ਸਿੰਘ ਅਤੇ ਉਸ ਦੇ ਬ੍ਰਿਗੇਡ ਕਮਾਂਡਰਾਂ ਨਾਲ ਮੀਟਿੰਗ ਹੋਈ। 36 ਡਿਵੀਜ਼ਨ ਅੰਦਰੂਨੀ ਸੁਰੱਖਿਆ ਦਾ ਜ਼ਿੰਮੇਵਾਰ ਸੀ, ਜਲੰਧਰ-ਹੁਸ਼ਿਆਰਪੁਰ-ਕਪੂਰਥਲਾ, ਬਿਆਸ ਦਰਿਆ ਦੇ ਇਸ ਪਾਸੇ ਤੱਕ।
ਉਸ ਦਿਨ ਸ਼ਾਮ 4.45 ਵਜੇ ਮੁੱਖ ਸਕੱਤਰ ਦਾ ਫੋਨ ਘਰੇ ਮਾਡਲ ਟਾਊਨ ਆਇਆ। ਲਾਇਨ ਵਿਚ ਬਹੁਤ ਗੜਬੜੀ ਸੀ ਪਰ ਮੈਂ ਐਨਾ ਕੁ ਸਮਝਿਆ ਕਿ ਉਸ ਨੇ ਕਿਹਾ ਕਿ ਸਾਰੇ ਡੀਸੀਆਂ ਨੂੰ ਹਦਾਇਤ ਕਰਾਂ ਕਿ ਉਹ ਡਾਕਟਰੀ ਟੀਮਾਂ, ਸਕੂਲੀ ਇਮਾਰਤਾਂ ਨੂੰ ਕੈਂਪ ਲਗਾਉਣ ਦੀਆਂ ਥਾਵਾਂ, ਉਨ੍ਹਾਂ ਦੇ ਜ਼ਿਲ੍ਹਿਆਂ ਵਿਚ ਅੰਮ੍ਰਿਤਸਰ ਤੋਂ ਆਣ ਵਾਲੀਆਂ ਲਾਸ਼ਾਂ ਦਾ ਸਸਕਾਰ ਕਰਨ ਵਾਸਤੇ ਕਨਟੈਨਜੈਂਸੀ ਸਕੀਮਾਂ ਤਿਆਰ ਰੱਖਣ। ਉਸ ਕਿਹਾ ਕਿ ਮੈਂ ਡੀਸੀਆਂ ਨਾਲ ਜ਼ਬਾਨੀ ਗੱਲ ਕਰਾਂ। ਇਸ ਅਨੁਸਾਰ ਮੈਂ ਉਸ ਰਾਤ 9.20 ਵਜੇ ਡੀ.ਸੀ. ਹੁਸ਼ਿਆਰਪੁਰ, 9.25 ਵਜੇ ਡੀ.ਸੀ. ਕਪੂਰਥਲਾ, 9.30 ਵਜੇ ਡੀ.ਸੀ. ਗੁਰਦਾਸਪੁਰ ਅਤੇ 9.40 ਵਜੇ ਡੀ.ਸੀ. ਜਲੰਧਰ ਨਾਲ ਗੱਲ ਕੀਤੀ ਅਤੇ ਇਨ੍ਹਾਂ ਮੁੱਦਿਆਂ ਬਾਰੇ ਹਦਾਇਤਾਂ ਕੀਤੀਆਂ। ਫਿਰ ਰਾਤ 10.00 ਵਜੇ ਗ੍ਰਹਿ ਸਕੱਤਰ ਨੂੰ ਦੱਸ ਦਿੱਤਾ ਕਿਉਂ ਜੋ ਮੁੱਖ ਸਕੱਤਰ ਦਾ ਨੰਬਰ ਨਹੀਂ ਮਿਲ ਰਿਹਾ ਸੀ। ਅਖੀਰ ਰਾਤ 10.45 ਵਜੇ ਡੀ.ਐਮ./ਅੰਮ੍ਰਿਤਸਰ ਵਲੋਂ ਰੇਡੀਓ ਸੁਨੇਹਾ ਆਇਆ ਜਿਸ ਵਿਚ ਉਸ ਦੱਸਿਆ ਕਿ ਸੁਰੱਖਿਆ ਦਸਤੇ ਮੁੱਖ ਗੋਲਡਨ ਟੈਂਪਲ ਵਿਚ ਦਾਖਲ ਹੋ ਚੁੱਕੇ ਹਨ। ਸਾਰੇ ਇਮਾਰਤੀ ਸਮੂਹ ਵਿਚੋਂ ਅਤਿਵਾਦੀਆਂ ਨੂੰ ਕੱਢਣ ਵਾਸਤੇ ਫੌਜ ਦੀ ਕਾਰਵਾਈ ਜਾਰੀ ਹੈ।
7 ਜੂਨ ਸਵੇਰੇ 08.40 ਵਜੇ ਡੀ.ਐਮ. ਅੰਮ੍ਰਿਤਸਰ ਵੱਲੋਂ ਵਾਇਰਲੈਸ ਸੁਨੇਹਾ ਆਇਆ ਜਿਸ ਵਿਚ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਲਾਸ਼ ਮਿਲਣ ਬਾਰੇ ਖਬਰ ਸੀ ਅਤੇ ਇਹ ਵੀ ਕਿ ਅਮਰੀਕ ਸਿੰਘ ਬਾਰੇ ਕੋਈ ਖਬਰ ਨਹੀਂ ਸੀ। ਫਿਰ 9.30 ਵਜੇ ਡੀ.ਸੀ. ਗੁਰਦਾਸਪੁਰ ਵੱਲੋਂ ਫੋਨ ਆਇਆ। ਉਸ ਦੱਸਿਆ ਕਿ ਉਹ ਸਾਰੀਆਂ ਐਂਬੂਲੈਂਸਾਂ ਭੇਜ ਰਿਹਾ ਹੈ ਪਰ ਇਕ ਉਸ ਹੈੱਡ ਕੁਆਰਟਰ ਉਤੇ ਰੱਖਣ ਦੀ ਇਜਾਜ਼ਤ ਮੰਗੀ, ਉਹ ਮੈਂ ਦੇ ਦਿੱਤੀ। ਨਾਲ ਹੀ 9.45 ਵਜੇ ਡੀ.ਸੀ. ਜਲੰਧਰ ਨੇ ਫੋਨ ਉਤੇ ਦੱਸਿਆ ਕਿ ਸ਼ਹਿਰ ਵਿਚ ਤਣਾਅ ਬਣ ਰਿਹਾ ਸੀ। ਇਹ ਵੀ ਖਬਰ ਸੀ ਕਿ ਕੁਝ ਇਲਾਕਿਆਂ ਵਿਚ ਹਿੰਦੂਆਂ ਵੱਲੋਂ ਮਠਿਆਈ ਵੀ ਵੰਡੀ ਗਈ। ਉਸ ਨੂੰ ਕਿਹਾ ਕਿ ਐਸੀ ਕਾਰਵਾਈ ਨੂੰ ਸਖਤੀ ਨਾਲ ਦਬਾ ਦਿੱਤਾ ਜਾਵੇ। ਉਸ ਨੇ ਇੰਤਜਾਮ ਕਰਨ ਖਾਤਰ ਕੋਰ ਹੈੱਡ ਕੁਆਰਟਰ ਦੀ ਮੀਟਿੰਗ ਵਿਚੋਂ ਛੁੱਟੀ ਮੰਗੀ, ਉਹ ਮੈਂ ਪ੍ਰਵਾਨ ਕਰ ਲਈ। ਸਵੇਰੇ 10 ਵਜੇ ਕੋਰ ਹੈੱਡ ਕੁਆਰਟਰ ਉਤੇ ਮੀਟਿੰਗ ਹੋਈ ਜਿਸ ਵਿਚ ‘ਗ੍ਰਿਫਤਾਰ ਕੀਤੇ ਆਦਮੀ ਸਿਵਲ ਪੁਲਿਸ ਦੇ ਹਵਾਲੇ ਕਿਸ ਤਰ੍ਹਾਂ ਕੀਤੇ ਜਾਣ’ ਦੀ ਰਸਮੀ ਕਾਰਵਾਈ, ਢੰਗ-ਤਰੀਕਿਆਂ ਬਾਰੇ ਚਰਚਾ ਹੋਈ। ‘ਐਸੇ ਬੰਦੇ ਕਿਥੇ ਰੱਖੇ ਜਾਣ’, ‘ਜ਼ਰੂਰੀ ਵਸਤਾਂ ਲੈ ਕੇ ਜਾ ਰਹੀਆਂ ਅੰਤਰ-ਜ਼ਿਲ੍ਹਾ ਗੱਡੀਆਂ ਦਾ ਕਿਵੇਂ ਪ੍ਰਬੰਧ ਕੀਤਾ ਜਾਵੇ’ ਬਾਰੇ ਵਿਚਾਰ ਕੀਤੇ ਗਏ। ਉਸ ਤੋਂ ਪਿੱਛੋਂ 11.50 ਵਜੇ ਡੀ.ਸੀ. ਕਪੂਰਕਲਾ ਦਾ ਫੋਨ ਆਇਆ। ਉਸ ਦੱਸਿਆ ਕਿ ਜ਼ਿਲ੍ਹੇ ਵਿਚ ਤਿੰਨ ਕਤਲ ਹੋਏ ਹਨ ਹਿੰਦੂਆਂ ਦੇ। ਉਸ ਇਹ ਵੀ ਦੱਸਿਆ ਕਿ ਸਰਦਾਰ ਆਤਮਾ ਸਿੰਘ ਐਮ.ਐਲ.ਏ. ਦੋ ਚਿੱਠੀਆਂ ਭੇਜਣੀਆਂ ਚਾਹੁੰਦਾ ਹੈ- ਰਾਜਪਾਲ ਤੇ ਰਾਸ਼ਟਰਪਤੀ ਨੂੰ, ਤੇ ਡੀ.ਸੀ. ਨੇ ਐਸਕਾਰਟ ਦੇ ਕੇ ਇੱਕ ਅਫਸਰ ਤੋਰਿਆ ਹੈ। ਆਤਮਾ ਸਿੰਘ ਅੰਮ੍ਰਿਤਸਰ ਜਾਣਾ ਚਾਹੁੰਦਾ ਹੈ ਪਰ ਉਹ ਰੋਕ ਦਿੱਤਾ ਗਿਆ। ਡੀ.ਸੀ. ਨੇ ਦੱਸਿਆ ਕਿ ਫਗਵਾੜਾ ਤੋਂ ਐਂਬੂਲੈਂਸ ਗੱਡੀਆਂ ਤੋਰ ਦਿੱਤੀਆਂ ਸਨ।
ਮੈਂ 12.50 ਵਜੇ ਸਿਹਤ ਸਕੱਤਰ ਰੱਤੜਾ ਨਾਲ ਗੱਲ ਕੀਤੀ। ਉਸ ਕਿਹਾ ਕਿ ਪ੍ਰਾਈਵੇਟ ਐਂਬੂਲੈਂਸ ਵੈਨਾਂ ਵੀ ਰੈਕੂਈਜ਼ੀਸ਼ਨ ਕਰ ਕੇ ਭੇਜ ਦਿੱਤੀਆਂ ਜਾਣ। ਉਸ ਇਹ ਵੀ ਕਿਹਾ ਕਿ ਡਾਇਰੈਕਟਰ ਸਿਹਤ ਸੇਵਾਵਾਂ ਗੁਰਦਾਸਪੁਰ ਫਸਿਆ ਪਿਆ ਸੀ। ਉਸ ਨੂੰ ਅੰਮ੍ਰਿਤਸਰ ਭੇਜਣ ਦੇ ਪ੍ਰਬੰਧ ਕੀਤੇ ਜਾਣ। ਮੈਂ 12.55 ਉਤੇ ਡੀ.ਸੀ. ਕਪੂਰਥਲਾ-ਹੁਸ਼ਿਆਰਪੁਰ-ਗੁਰਦਾਸਪੁਰ ਨੂੰ ਵਾਇਰਲੈਸ ਸੰਦੇਸ਼ ਭੇਜੇ ਅਤੇ ਡੀ.ਸੀ. ਗੁਰਦਾਸਪੁਰ ਨਾਲ ਫੋਨ ਉਤੇ ਗੱਲ ਹੋਈ। ਉਸ ਦੱਸਿਆ ਕਿ ਡਾਇਰੈਕਟਰ ਸਿਹਤ ਸੇਵਾਵਾਂ (ਡੀ.ਐਚ.ਐਸ.) ਨੂੰ ਅੰਮ੍ਰਿਤਸਰ ਭੇਜ ਦਿੱਤਾ ਸੀ। ਇਸ ਬਾਰੇ 1.30 ਉਤੇ ਮੈਂ ਸਿਹਤ ਸਕੱਤਰ ਨੂੰ ਖਬਰ ਦੇ ਦਿੱਤੀ।
ਸ਼ਾਮ 6.35 ਉਤੇ ਕੰਟਰੋਲ ਰੂਮ ਤੋਂ ਮਾਡਲ ਟਾਊਨ ਸੁਨੇਹਾ ਆਇਆ ਕਿ ਮੁੱਖ ਸਕੱਤਰ ਗੱਲ ਕਰਨਾ ਚਾਹੁੰਦੇ ਸਨ। ਮੈਂ ਸਰਕਟ ਹਾਊਸ ਆ ਕੇ 7.15 ਉਤੇ ਮੁੱਖ ਸਕੱਤਰ ਵਾਸਤੇ ਕਾਲ ਬੁੱਕ ਕਰਵਾਈ ਪਰ ਐਕਸਚੇਂਜ ਕਹਿੰਦਾ ਕਿ ਲਾਈਨਾਂ ਬੰਦ ਸਨ। ਮੈਂ ਕੰਟਰੋਲ ਰੂਮ ਨੂੰ ਕਿਹਾ ਕਿ ਮੁੱਖ ਸਕੱਤਰ ਨੂੰ ਵਾਇਰਲੈਸ ਉਤੇ ਇਸ ਬਾਰੇ ਖਬਰ ਕਰ ਦੇਣ। ਤਦ ਹੀ 7.19 ਵਜੇ ਡੀ.ਸੀ. ਹੁਸ਼ਿਆਰਪੁਰ ਵਲੋਂ ਫੋਨ ਆ ਗਿਆ। ਉਸ ਦੱਸਿਆ ਕਿ ਨੈਨੋਵਾਲ ਵਿਚ ਤਿੰਨ ਕਤਲ ਹੋ ਗਏ ਸਨ ਅਤੇ ਹੋਰ ਵੀ ਘਟਨਾਵਾਂ ਹੋਈਆਂ। ਫਿਰ 7.40 ਵਜੇ ਮੁੱਖ ਸਕੱਤਰ ਵਲੋਂ ਫੋਨ ਆ ਗਿਆ। ਮੁੱਖ ਸਕੱਤਰ ਪੁੱਛਦੇ, ‘ਰਤਨ, ਤੁਸੀਂ ਅੰਮ੍ਰਿਤਸਰ ਲਈ ਕਦ ਰਵਾਨਾ ਹੋ ਸਕਦੇ ਹੋ?’ ਮੈਂ ਕਿਹਾ, ‘ਕੋਈ ਸਮੱਸਿਆ ਨਹੀਂ ਸਰ। ਮੈਂ ਪੰਜ ਮਿੰਟ ਵਿਚ ਨਿਕਲ ਸਕਦਾ ਹਾਂ’। ਮੁੱਖ ਸਕੱਤਰ ਕਹਿੰਦੇ, ‘ਫੇਰ ਤੁਸੀਂ ਅੰਮ੍ਰਿਤਸਰ ਲਈ ਤੁਰੰਤ ਰਵਾਨਾ ਹੋਵੋ ਅਤੇ ਡੀ.ਸੀ. ਨੂੰ ਗਾਇਡ ਕਰੋ।’ ਮੈਂ ਕਿਹਾ ਕਿ ਫੌਜ ਨੇ ਸਾਰੇ ਰਸਤੇ ਬੰਦ ਕੀਤੇ ਹੋਏ ਹਨ। ਮੈਂ ਕੋਰ ਹੈੱਡ ਕੁਆਰਟਰ ਤੋਂ ਰਾਹਦਾਰੀ, ਐਸਕਾਰਟ ਵਗੈਰਾ ਲੈ ਲਵਾਂ। ਇਸ ਲਈ ਦੂਜੇ ਦਿਨ ਸਵੇਰੇ 6 ਵਜੇ ਤੋਂ ਪਹਿਲਾਂ ਨਿਕਲ ਜਾਵਾਂਗਾ।’
ਮੁੱਖ ਸਕੱਤਰ ਮੇਰੇ ਨਾਲ ਸਹਿਮਤ ਹੋ ਗਿਆ। ਫਿਰ 9.57 ਉਤੇ ਡੀਸੀ ਜਲੰਧਰ ਦਾ ਫੋਨ ਆ ਗਿਆ। ਉਸ ਸਾਰੇ ਦਿਨ ਬਾਰੇ ਰਿਪੋਰਟ ਕੀਤੀ। ਮੈਂ ਉਸ ਨੂੰ ਆਪਣੇ ਅੰਮ੍ਰਿਤਸਰ ਜਾਣ ਵਾਸਤੇ ਦੱਸਿਆ ਅਤੇ ਕਿਹਾ ਕਿ ਉਹ ਕੋਰ ਹੈੱਡ ਕੁਆਰਟਰ ਤੋਂ ਦੂਜੇ ਦਿਨ ਸਵੇਰੇ 6.00 ਵਜੇ ਰਵਾਨਗੀ ਵਾਸਤੇ ਐਸਕਾਰਟ ਦਾ ਪ੍ਰਬੰਧ ਕਰਵਾ ਦੇਵੇ। ਰਾਤ 10 ਵਜੇ ਡੀ.ਸੀ. ਨੇ ਪੁਸ਼ਟੀ ਕਰ ਦਿੱਤੀ ਕਿ ਸਵੇਰੇ 6.00 ਵਜੇ ਐਸਕਾਰਟ ਸਰਕਟ ਹਾਊਸ ਪੁੱਜ ਜਾਵੇਗੀ। ਮੈਂ ਉਸ ਰਾਤ ਤੱਕ ਦਾ ਸਰਕਟ ਹਾਊਸ ਦਾ ਬਿਲ ਭੁਗਤਾਨ ਕੀਤਾ ਅਤੇ ਮਾਡਲ ਟਾਊਨ ਜਾ ਕੇ ਸੁੱਤਾ।