ਰੂਹ ‘ਚ ਵੱਸਦਾ ਬਾਪ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜਿ਼ੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਹਥਲੇ ਲੇਖ ਵਿਚ ਡਾ. ਭੰਡਾਲ ਨੇ ‘ਰੂਹ `ਚ ਵੱਸਦੇ ਬਾਪ’ ਨੂੰ ਫਾਦਰ`ਜ਼ ਡੇਅ ਮੌਕੇ ਸ਼ਰਧਾਂਜਲੀ ਅਰਪਿਤ ਕੀਤੀ ਹੈ। ਉਨ੍ਹਾਂ ਦੇ ਇਨ੍ਹਾਂ ਬੋਲਾਂ ਵਿਚ ਕਿੰਨਾ ਵੱਡਾ ਸੱਚ ਛੁਪਿਆ ਹੈ ਕਿ ਬਾਪ ਮਰ ਕੇ ਕਦੇ ਵੀ ਨਹੀਂ ਮਰਦਾ। ਉਹ ਤਾਂ ਆਪਣੀ ਔਲਾਦ ਵਿਚ ਸਦਾ ਜਿਉਂਦਾ ਰਹਿੰਦਾ।…ਉਸ ਦੀਆਂ ਯਾਦਾਂ ਦਾ ਕਾਫਲਾ ਹਰ ਦਮ ਨਾਲ ਰਹਿੰਦਾ। ਲੇਖ ਵਿਚ ਡਾ. ਭੰਡਾਲ ਨੇ ਆਪਣੇ ਪਿਤਾ ਦੇ ਵਿਹਾਰਕ ਸੁਭਾਅ ਅਤੇ ਮਿਹਨਤੀ ਸੁਭਾਅ ਦਾ ਕਿੱਸਾ ਛੋਹਣ ਦੇ ਨਾਲ ਨਾਲ ਉਨ੍ਹਾਂ ਤੋਂ ਪ੍ਰਾਪਤ ਕੀਤੇ ਗੁਣਾਂ ਨੂੰ ਵੀ ਚਿਤਾਰਿਆ ਹੈ।

ਡਾ. ਗੁਰਬਖਸ਼ ਸਿੰਘ ਭੰਡਾਲ

ਬਾਪ ਨੂੰ ਪੂਰੇ ਹੋਇਆਂ ਦੋ ਸਾਲ ਹੋ ਚੁਕੇ ਨੇ, ਪਰ ਜਾਪਦਾ ਏ ਜਿਵੇਂ ਅਜੇ ਕੱਲ੍ਹ ਦੀ ਗੱਲ ਹੋਵੇ। ਮਨ ਸੀ ਕਿ ਮੌਤ ਤੋਂ ਸਾਲ ਬਾਅਦ ਫਿਰ ਪਿੰਡ ਜਾਵਾਂਗਾ ਅਤੇ ਪਿਤਾ ਦੀ ਯਾਦ ਨੂੰ ਨਤਸਮਤਕ ਹੋਵਾਂਗਾ, ਪਰ ਕਰੋਨਾ ਮਹਾਮਾਰੀ ਕਾਰਨ ਵਤਨ ਜਾ ਕੇ ਆਪਣੇ ਦਰਾਂ, ਘਰਾਂ ਅਤੇ ਗਰਾਂ ਨੂੰ ਨਤਮਸਤਕ ਹੋਣਾ ਮੁਹਾਲ ਹੋ ਗਿਆ। ਬਾਪ ਦੀ ਰੁਖਸਤਗੀ ਬਹੁਤ ਅੱਖਰਦੀ ਹੈ ਅਤੇ ਇਸ ਨੂੰ ਘੱਟ ਕਰਨ ਲਈ ਅਕਸਰ ਹੀ ਮੈਂ ਹਰਫਾਂ ਦੀ ਪਨਾਹ ਵਿਚ ਜਾਂਦਾ ਹਾਂ। ਆਪਣੀ ਚੀਸ ਨੂੰ ਵਰਕੇ `ਤੇ ਉਤਾਰ ਕੁਝ ਰਾਹਤ ਮਹਿਸੂਸਦਾ ਹਾਂ।
ਦਰਸਅਸਲ ਬਾਪ ਦਾ ਤੁਹਾਡੀ ਜਿ਼ੰਦਗੀ ਨੂੰ ਸੇਧ ਦੇਣ, ਵਿਅਕਤੀਤਵ ਉਸਾਰੀ ਅਤੇ ਤੁਹਾਡੀਆਂ ਤਰਜ਼ੀਹਾਂ ਤੇ ਤਕਦੀਰਾਂ ਸਿਰਜਣ ਵਾਸਤੇ ਤਦਬੀਰਾਂ ਘੜਨ ਵਿਚ ਬਹੁਤ ਅਹਿਮ ਰੋਲ ਹੁੰਦਾ ਹੈ। ਬੱਚੇ ਦੇ ਸਮੁੱਚ ਵਿਚੋਂ ਉਸ ਦੇ ਬਾਪ ਨੂੰ ਪ੍ਰਤੱਖ ਤੇ ਅਪ੍ਰਤੱਖ ਰੂਪ ਵਿਚ ਕਦਮ ਕਦਮ `ਤੇ ਦੇਖਿਆ ਅਤੇ ਸਮਝਿਆ ਜਾ ਸਕਦੈ। ਜੀਵਨ ਦੀ ਸਾਰਥਿਕਤਾ ਵਿਚ ਰਚ-ਮਿਚ ਚੁਕੇ ਬਾਪ ਨੂੰ ਕਿਵੇਂ ਭੁਲਾਇਆ ਜਾ ਸਕਦੈ? ਉਸ ਦੀਆਂ ਰਹਿਮਤਾਂ ਅਤੇ ਬਖਸਿ਼ਸ਼ਾਂ ਨੂੰ ਵਾਰ ਵਾਰ ਚਿਤਾਰਨ ਅਤੇ ਸ਼ੁਕਰੀਆ ਕਰਨ ਨੂੰ ਜੀਅ ਕਰਦੈ। ਬਹੁਤ ਅਕ੍ਰਿਤਘਣ ਹੁੰਦੇ ਨੇ ਉਹ ਲੋਕ, ਜੋ ਬਾਪ ਨੂੰ ਸਿਰਫ ਜਾਇਦਾਦ ਖਾਤਰ ਹੀ ਯਾਦ ਕਰਦੇ ਅਤੇ ਉਨ੍ਹਾਂ ਦੇ ਜਾਣ ਤੋਂ ਬਾਅਦ, ਬਾਪ ਦੀ ਯਾਦ ਨੂੰ, ਬਾਪ ਸਮੇਤ ਕਬਰਾਂ ਵਿਚ ਦਫਨਾ ਕੇ ਘਰਾਂ ਨੂੰ ਪਰਤਦੇ।
ਜੀਵਨ ‘ਤੇ ਪਿੱਛਲਝਾਤੀ ਮਾਰਦਾ ਹਾਂ ਤਾਂ ਬਾਪ ਦੀ ਹਰ ਮੋੜ `ਤੇ ਹੋਂਦ ਅਤੇ ਸੰਗਤਾ ਵਿਚੋਂ ਪ੍ਰਾਪਤ ਕੀਤੇ ਹਾਸਲ ਨੂੰ ਅਣਮੁੱਲੀ ਅਮਾਨਤ ਸਮਝਦਾ ਹਾਂ। ਕਿਵੇਂ ਉਨ੍ਹਾਂ ਨੇ ਇਕ ਬੱਚੇ ਨੂੰ ਜਿੰ਼ਮੇਵਾਰ ਵਿਅਕਤੀ ਵਜੋਂ ਤਰਾਸਿ਼ਆ? ਉਸ ਦੇ ਸੁਪਨਿਆਂ ਦੀ ਪੂਰਤੀ ਲਈ ਮੁੜਕਾ ਵਹਾਇਆ, ਬੇਆਈਆਂ ਤੇ ਰੱਟਨਾਂ ਵਿਚੋਂ ਉਜਵਲ ਭਵਿੱਖ ਨੂੰ ਕਿਆਸਿਆ ਅਤੇ ਫਖਰਮਈ ਕਰਤੱਵ ਸਮਝ ਕੇ ਪੂਰਾ ਕੀਤਾ?
ਚੇਤੇ ਆਉਂਦਾ ਏ ਬਾਪ ਦਾ ਨਵੇਂ ਮੌਜੇ ਪੈਰਾਂ ‘ਚ ਪਵਾਉਣਾ, ਅੱਡੀਆਂ ਪਿੱਛੇ ਰੂੰ ਰੱਖਣਾ, ਪਹਿਲੀ ਵਾਰ ਅੱਡੀਆਂ `ਤੇ ਪਏ ਛਾਲਿਆਂ ਨੂੰ ਸਹਿਲਾਉਣਾ, ਸਰੋਂ ਦਾ ਤੇਲ ਲਾਉਣਾ ਅਤੇ ਇਨ੍ਹਾਂ ਨੂੰ ਹਰ ਰੋਜ਼ ਪਾਉਣ ਦੀ ਤਾਕੀਦ ਕਰਨਾ। ਵੈਸੇ ਘਰ ਤੋਂ ਹਵੇਲੀ ਜਾਂ ਖੂਹ `ਤੇ ਜਾਣਾ ਅਤੇ ਖੇਡਣ ਵੇਲੇ ਕੌਣ ਜੁੱਤੀ ਪਾਉਂਦਾ ਸੀ? ਸਿਰਫ ਸਕੂਲ ਜਾਣ ਵੇਲੇ ਜਰੂਰ ਜੁੱਤੀ ਪਾਈਦੀ ਸੀ ਅਤੇ ਉਹ ਵੀ ਪਿੰਡ ਦੇ ਧੰਨੂ ਮੋਚੀ ਦੇ ਤਿਆਰ ਕੀਏ ਮੌਜੇ। ਪਸ਼ੂ ਚਾਰਨ ਜਾਂਦਿਆਂ ਪੈਰਾਂ ਨੂੰ ਤੱਤੀ ਧੁੱਧਲ ਤੋਂ ਬਚਾਉਣ ਲਈ ਘਾਹ `ਤੇ ਤੁੱਰ ਲਈਦਾ ਸੀ। ਨੰਗੇ ਰਹਿ ਕੇ ਪੈਰ ਇੰਨੇ ਸਖਤ ਹੋ ਗਏ ਸਨ ਕਿ ਗਰਮੀ/ਸਰਦੀ ਦੀ ਘੱਟ ਹੀ ਪ੍ਰਵਾਹ ਕਰੀਦੀ ਸੀ।
ਬਾਪ ਤਾਂ ਬਹੁਤ ਘੱਟ ਪੈਰੀਂ ਜੁੱਤੀ ਪਾਉਂਦਾ ਸੀ। ਉਹ ਤਾਂ ਉਮਰ ਦੇ ਆਖਰੀ ਪੜਾਅ ਵਿਚ ਵੀ ਤਾਕੀਦ ਕਰਨ `ਤੇ ਹੀ ਜੁੱਤੀ ਪਾਉਂਦੇ ਸਨ, ਵਰਨਾ ਉਨ੍ਹਾਂ ਨੂੰ ਨੰਗੇ ਪੈਰੀਂ ਖੂਹ `ਤੇ ਜਾਣਾ ਜਾਂ ਹਵੇਲੀ ਵਿਚ ਲਵੇਰੀਆਂ ਨੂੰ ਪੱਠੇ ਪਾਉਣੇ ਚੰਗੇ ਲੱਗਦੇ ਸਨ। ਉਹ ਧਰਤੀ ਨਾਲ ਜੁੜਿਆ, ਇਸ ਦੀ ਮਹਿਕ ਨੂੰ ਆਪਣੇ ਤਨ-ਮਨ ਵਿਚ ਰਚਾਉਂਦਾ, ਧਰਤੀ ਮਾਂ ਦੀ ਕੁੱਖ ਵਿਚੋਂ ਖੁਸ਼ਹਾਲੀ ਤੇ ਖੁਆਬ ਉਣਦਾ ਰਿਹਾ। ਸਿਹਤਮੰਦ ਜੀਵਨ ਅਤੇ ਲੰਮੀ ਉਮਰ ਦੀ ਦਾਤ ਨਾਲ ਵਰਸੋਇਆ ਰਿਹਾ। ਯਾਦ ਹੈ, ‘ਕੇਰਾਂ ਉਨ੍ਹਾਂ ਦੇ ਪੈਰ ਦੇ ਉਪਰਲੇ ਪਾਸੇ ਅਜਿਹਾ ਜਖਮ ਹੋਇਆ ਕਿ ਠੀਕ ਹੋਣ ਬਾਅਦ ਫਿਰ ਹਰਾ ਹੋ ਜਾਂਦਾ ਸੀ। ਮੈਂ ਆਪਣੇ ਮਿੱਤਰ ਡਾਕਟਰ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਹ ਵੀ ਹੈਰਾਨ। ਫਿਰ ਕੁਝ ਸੋਚ ਕੇ ਉਸ ਨੇ ਜਖਮ ਨੂੰ ਫਰੋਲਿਆ ਤਾਂ ਦੇਖਿਆ ਕਿ ਲੱਕੜ ਦੀ ਵੱਡੀ ਸਾਰੀ ਛਿੱਲਤ ਜਖਮ ਵਿਚ ਸੀ ਅਤੇ ਇਸ ਛਿੱਲਤ ਕਾਰਨ ਹੀ ਜਖਮ ਠੀਕ ਨਹੀਂ ਸੀ ਹੋ ਰਿਹਾ। ਇਸ ਨੂੰ ਬਾਹਰ ਕੱਢਣ ਤੋਂ ਬਾਅਦ ਜਖ਼ਮ ਬਹੁਤ ਜਲਦੀ ਠੀਕ ਹੋ ਗਿਆ। ਕੇਹੀ ਸੀ ਬੇਫਿਕਰੀ ਬਾਪ ਦੀ ਕਿ ਉਸ ਨੂੰ ਪੈਰ ਵਿਚ ਵੱਜੀ ਹੋਈ ਛਿੱਲਤ ਦਾ ਕੋਈ ਪਤਾ ਹੀ ਨਹੀਂ ਸੀ ਅਤੇ ਦੋ ਮਹੀਨੇ ਤੀਕ ਪੀੜ ਦੀ ਵੀ ਕੋਈ ਪ੍ਰਵਾਹ ਨਹੀਂ ਕੀਤੀ।
ਬਹੁਤ ਯਾਦ ਏ ਉਹ ਵਕਤ ਜਦ ਬਾਪ ਨੇ ਹਲ ਦਾ ਮੁੰਨਾ ਫੜਾਉਂਦਿਆ ਸਮਝਾਇਆ ਕਿ ਕਿਵੇਂ ਹਲ ਨੂੰ ਸਿੱਧਾ ਰੱਖਣਾ ਤਾਂ ਕਿ ਚੌਅ ਬਲਦਾਂ ਦੇ ਪੈਰ ਵਿਚ ਨਾ ਵੱਜੇ? ਕਿਵੇਂ ਰੈਅਲ ਸਿੱਧੀ ਲੈਣੀ ਅਤੇ ਸਿਆੜ ਵੀ ਸਿੱਧੇ ਹੋਣੇ ਚਾਹੀਦੇ ਤਾਂ ਕਿ ਪੈਲੀ ਵਾਹੁੰਦਿਆਂ ਕੋਈ ਪਾੜਾ ਨਾ ਰਹਿ ਜਾਵੇ? ਹੱਲ ਜਿ਼ਆਦਾ ਡੂੰਘਾ ਵੀ ਨਹੀਂ ਹੋਣਾ ਚਾਹੀਦਾ, ਨਹੀਂ ਤਾਂ ਬਲਦਾਂ ਦੇ ਮਤਾੜੇ ਜਾਣ ਦਾ ਡਰ ਰਹਿੰਦਾ। ਸੂਖਮ ਅਤੇ ਸਮਝ ਵਾਲੀਆਂ ਗੱਲਾਂ ਉਹ ਬਹੁਤ ਹੀ ਸਧਾਰਨ ਅਤੇ ਸੌਖੇ ਤਰੀਕੇ ਨਾਲ ਸਮਝਾ, ਪੁੱਤ ਨੂੰ ਕਿਸਾਨੀ ਦੇ ਧੰਦੇ ਅਤੇ ਇਸ ਨਾਲ ਜੁੱੜੀਆਂ ਬਾਰੀਕੀਆਂ ਦੀ ਜਾਣਕਾਰੀ ਦੇਣਾ, ਆਪਣਾ ਸੁਭਾਗ ਸਮਝਦਾ ਸੀ। ਉਨ੍ਹਾਂ ਦੀ ਧਾਰਨਾ ਸੀ ਕਿ ਜੱਟ ਦੇ ਪੁੱਤ ਨੂੰ ਹਲ ਤਾਂ ਜਰੂਰ ਵਾਹੁਣਾ ਆਉਣਾ ਚਾਹੀਦੈ। ਪੋਰ ਕਿਵੇਂ ਬੰਨਣੀ? ਪੋਰ ਰਾਹੀ ਬੀਜ ਕਿਵੇਂ ਕੇਰਨਾ? ਇਕ ਹੱਥ ਪੋਰ `ਤੇ ਰੱਖ, ਬੀਜ ਵੀ ਕੇਰਨਾ ਅਤੇ ਹੱਲ ਨੂੰ ਸਿੱਧਾ ਰੱਖਣਾ, ਬਹੁਤ ਹੀ ਸਿਆਣਪ ਭਰਿਆ ਕਾਰਜ ਹੁੰਦਾ ਸੀ, ਜਿਸ ਨੂੰ ਸੁਖੈਨ ਬਣਾਉਣ ਲਈ ਜੁਗਤ ਸਮਝਾਉਣੀ। ਦਰਅਸਲ ਸਾਰੇ ਭੈਣ-ਭਰਾ ਪੜ੍ਹਦੇ ਹੋਣ ਕਾਰਨ, ਬਾਪ ਨੂੰ ਖੁਦ ਹੀ ਪੋਰ ਰਾਹੀਂ ਕਣਕ ਜਾਂ ਮੱਕਈ ਨੂੰ ਕੇਰਨਾ ਪੈਂਦਾ। ਕਿਆਰੇ `ਤੇ ਵੱਟਾਂ ਪਾਉਣੀਆਂ ਅਤੇ ਆੜ੍ਹ ਖੋਦਣਾ ਤਾਂ ਅਸਾਨ ਜਿਹੇ ਕੰਮ ਸਨ, ਜਿਨ੍ਹਾਂ ਨੂੰ ਦੇਖ ਕੇ ਹੀ ਸਮਝ ਲਿਆ ਸੀ।
ਬਾਪ ਬਹੁਤ ਕਿਰਸੀ, ਮਿਹਨਤੀ ਅਤੇ ਬੇਆਰਾਮ ਸੀ। ਯਾਦ ਏ ਕਿ ਇਕ ਦਿਨ ਅੱਸੂ ਮਹੀਨੇ ਕਹਿਣ ਲੱਗਾ ਕਿ ਆਪਾਂ ਤੂਤ ਨੂੰ ਛਾਂਗਣਾ ਅਤੇ ਇਨ੍ਹਾਂ ਦੀਆਂ ਛਿੱਟੀਆਂ ਦੇ ਟੋਕਰੇ ਬਣਾਉਣੇ ਆ। ਬਹੁਤ ਕਾਰੀਗਰੀ ਦਾ ਕੰਮ ਹੁੰਦਾ ਏ ਤੂਤ ਨੂੰ ਛਾਂਗਣਾ, ਸਿੱਧੀਆਂ ਤੇ ਲੈਰੀਆਂ ਛਿੱਟੀਆਂ ਨੂੰ ਵੱਖਰਾ ਰੱਖਣਾ ਅਤੇ ਫਿਰ ਇਨ੍ਹਾਂ ਦੇ ਵੱਖੋ-ਵੱਖ ਅਕਾਰਾਂ ਦੇ ਲੋੜ ਅਨੁਸਾਰ ਟੋਕਰੇ ਜਾਂ ਲੋੜੀਂਦੀਆਂ ਵਸਤਾਂ ਬਣਾਉਣਾ। ਖਦੇ=ਕਦਾਈਂ ਜਦ ਉਨ੍ਹਾਂ ਨੇ ਖੇਤੀ ਦੇ ਕੰਮਾਂ ਵਿਚ ਜਿ਼ਆਦਾ ਰੁੱਝੇ ਹੋਣਾ ਤਾਂ ਟਾਹਲੀਆਂ ਨੂੰ ਛਾਂਗਣ ਦਾ ਜਿੰਮਾ ਵੀ ਮੇਰਾ ਹੀ ਹੁੰਦਾ। ਬੜੀ ਤਕੜਾਈ ਅਤੇ ਤਕਨੀਕ ਦਾ ਕੰਮ ਹੁੰਦਾ ਏ ਟਾਹਲੀ ਦੇ ਸਿਰੇ ‘ਤੇ ਚੜ੍ਹ ਛੰਗਾਈ ਸ਼ੁਰੂ ਕਰਨਾ, ਹੌਲੀ ਹੌਲੀ ਹੇਠਾਂ ਆਈ ਜਾਣਾ ਅਤੇ ਫਿਰ ਛਾਪਿਆਂ ਦੀ ਢੇਰੀ ਲਾ ਕੇ ਸੁਕਾਉਣ ਲਈ ਛੱਡ ਆਉਣਾ। ਬੇੜ, ਰੱਸੇ ਜਾਂ ਰੱਸੀ ਵੱਟਣਾ ਆਦਿ ਇਹ ਸਾਰੇ ਕੰਮ ਬਾਪ ਦੀ ਦਿੱਤੀ ਹੋਈ ਸੁਮੱਤ ਸਦਕਾ ਬਹੁਤ ਆਸਾਨ ਲੱਗਦੇ ਸੀ।
ਬਾਪ ਨਾਲ ਬਹੁਤ ਸਾਰੀਆਂ ਯਾਦਾਂ ਅਜਿਹੀਆਂ ਨੇ, ਜਿਨ੍ਹਾਂ ਨੇ ਮਨੁੱਖੀ ਗੁਣਾਂ ਸਰਬਗੁਣੀ ਦੀ ਪ੍ਰਫੁੱਲਤਾ ਹੋਣ ਅਤੇ ਇਨ੍ਹਾਂ ਨੂੰ ਸਮਝਾਉਣ ਵਿਚ ਅਹਿਮ ਭੂਮਿਕਾ ਨਿਭਾਈ। ਮਨੁੱਖ ਲਈ ਸਿਰ ਦੀ ਛੱਤ ਹੀ ਸਭ ਤੋਂ ਪਹਿਲੀ ਲੋੜ ਅਤੇ ਖੇਤ ਵਿਚ ਛੰਨ ਬਹੁਤ ਜਰੂਰੀ ਹੁੰਦੀ ਸੀ। ਛੰਨ ਪਾਉਣ ਲਈ ਪਹਿਲਾਂ ਮੰਡ ਵਿਚ ਘਾਹ ਵੱਢਣਾ। ਗੱਡੇ `ਤੇ ਲੱਦ ਕੇ ਲਿਆਣਾ। ‘ਕੇਰਾਂ ਮੈਂ ਆਪਣੇ ਬਾਪ ਨਾਲ ਘਾਹ ਵੱਢ ਰਿਹਾ ਸਾਂ ਤਾਂ ਭਲੋਜਲੇ ਦੇ ਕੁਝ ਵਿਅਕਤੀ ਆ ਗਏ ਕਿ ਘਾਹ ਫਿਰ ਵੱਢਣਾ, ਪਹਿਲਾਂ ਇਕ ਗੱਡੇ ਦੇ 20 ਰੁਪਏ ਦਿਓ। ਬਾਪ ਗੁੱਸੇਖੋਰ ਬਹੁਤ ਸੀ। ਉਸ ਨੇ ਗੱਡੇ ‘ਚ ਲਕੋਇਆ ਦਾਤਰ ਕੱਢਿਆ ਅਤੇ ਕਿਹਾ ਕਿ ਇਹ ਮੰਡ ਤੁਹਾਡਾ ਨਹੀਂ। ਚੰਗਾ ਹੈ ਤਾਂ ਚੱਲੇ ਜਾਓ। ਵਰਨਾ ਹੁਣੇ ਹੀ ਕੁਝ ਹੋ ਜਾਵੇਗਾ। ਉਹ ਕੰਨ ਵਲੇਟ ਕੇ ਤੁਰਦੇ ਬਣੇ। ਇਹ ਮੇਰੇ ਲਈ ਇਕ ਅਚੇਤ ਸੁਨੇਹਾ ਸੀ ਕਿ ਆਪਣੇ ਹੱਕ ਲਈ ਡਟਣਾ ਅਤੇ ਸੱਚ `ਤੇ ਪਹਿਰਾ ਦੇਣਾ ਸਹੀ ਹੁੰਦਾ। ਬੇਇਨਸਾਫੀ ਵਿਰੁੱਧ ਡੱਟ ਜਾਵੋ, ਕਿਉਂਕਿ ਡਰਦੇ ਹੋਏ ਨੂੰ ਲੋਕ ਜਿ਼ਆਦਾ ਡਰਾਉਂਦੇ ਆ। ਵੈਸੇ ਬਾਪ ਦਾ ਸਿਧਾਂਤ ਸੀ ਕਿ ਚੋਰੀ ਕਿਸੇ ਦੇ ਪੱਠੇ ਨਾ ਵੱਢੋ, ਇਹ ਹੀ ਸਭ ਤੋਂ ਵੱਡਾ ਧਰਮ ਏ। ਇਸ ਨਾਲ ਹਵੇਲੀ, ਖੁਰਲੀ ਅਤੇ ਡੰਗਰਾਂ ਦੀਆਂ ਬਰਕਤਾਂ ਕਾਇਮ ਰਹਿਣਗੀਆਂ।
ਬਾਪ ਆਪ ਸਕੂਲੇ ਨਹੀਂ ਸੀ ਗਿਆ ਅਤੇ ਉਸ ਨੂੰ ਬੜਾ ਚਾਅ ਸੀ ਕਿ ਉਸ ਦੇ ਬੱਚੇ ਪੜ੍ਹਨ ਅਤੇ ਉਨ੍ਹਾਂ ਅੱਖਰਾਂ ਦੀ ਜੋਤ ਆਪਣੇ ਦੀਦਿਆਂ ਵਿਚ ਜਗਾਉਣ, ਜਿਸ ਤੋਂ ਉਹ ਮਹਿਰੂਮ ਰਿਹਾ ਸੀ। ਉਸ ਨੇ ਸਾਨੂੰ ਸਾਰੇ ਭੈਣ-ਭਰਾਵਾਂ ਨੂੰ ਸਕੂਲ ਭੇਜਿਆ। ਯਾਦ ਏ ਉਸ ਦਾ ਆਪਣੇ ਬੱਚਿਆਂ ਨੂੰ ਪੜ੍ਹਦਿਆਂ ਨਿਹਾਰਨਾ ਅਤੇ ਇਕ ਮਾਣਮੱਤਾ ਅਹਿਸਾਸ ਆਪਣੇ ਮਨ ਵਿਚ ਪੈਦਾ ਕਰਨਾ। ਕਾਲਜ ਵਿਚ ਪੜ੍ਹਦਿਆਂ ਬਾਪ ਗੱਡਾ ਵਾਹੁਣ ਕਾਰਨ ਬਹੁਤ ਸੁਵਖਤੇ ਹੀ ਸ਼ਹਿਰ ਨੂੰ ਤੁਰ ਪੈਂਦਾ ਸੀ। ਮੈਂ ਕਾਲਜ ਜਾਣ ਵੇਲੇ ਉਨ੍ਹਾਂ ਲਈ ਰੋਟੀ ਲੈ ਕੇ ਜਾਣਾ ਅਤੇ ਮੰਡੀ ਵਿਚ ਰੋਟੀ ਦੇ ਕੇ ਵਾਪਸ ਕਾਲਜ ਆਉਣਾ। ਉਨ੍ਹਾਂ ਦੀ ਤਾਕੀਦ ਹੁੰਦੀ ਸੀ ਕਿ ਜਲਦੀ ਵਾਪਸ ਜਾ ਤਾਂ ਕਿ ਕਾਲਜ ਤੋਂ ਲੇਟ ਨਾ ਹੋ ਜਾਵੀਂ। ਫਿਰ ਸਮਝਾਉਣਾ ਕਿ ਕਾਲਜ ਤੋਂ ਬਾਅਦ ਘਰ ਜਾ ਕੇ ਪੱਠੇ ਵੱਢ ਲੈਣਾ, ਕਿਉਂਕਿ ਮੈਂ ਲੇਟ ਹੋ ਜਾਵਾਂਗਾ। ਸਮੇਂ ਦੀ ਸਹੀ ਅਤੇ ਸੁਲੱਗ ਵਰਤੋਂ ਅਤੇ ਇਸ ਨੂੰ ਸੁੱਚੀ ਕਿਰਤ ਦੇ ਲੇਖੇ ਲਾਉਣ ਦਾ ਗੁਰ, ਅਚੇਤ ਰੂਪ ਵਿਚ ਪਿਤਾ ਵਲੋਂ ਹੀ ਮਿਲਿਆ ਏ।
ਅੱਜ ਕੱਲ੍ਹ ਕਾਰ `ਤੇ ਸਫਰ ਕਰਦਿਆਂ ਬਹੁਤ ਯਾਦ ਆਉਂਦਾ ਏ ਉਹ ਵਕਤ, ਜਦ ਮੈਂ ਨੌਵੀਂ ਕਲਾਸ ਵਿਚ ਧਾਲੀਵਾਲ ਬੇਟ ਸਕੂਲ ਵਿਚ ਦਾਖਲਾ ਹੋਇਆ ਜੋ ਮੇਰੇ ਪਿੰਡ ਤੋਂ 3 ਮੀਲ ਦੂਰ ਸੀ। ਕੁਝ ਦਿਨ ਤਾਂ ਤੁਰ ਕੇ ਗਿਆ। ਫਿਰ ਪਤਾ ਨਹੀਂ ਬਾਪ ਦੇ ਮਨ ਵਿਚ ਕੀ ਆਇਆ ਕਿ ਉਸ ਨੇ ਮੇਰੇ ਲਈ ਪੁਰਾਣੇ ਸਾਈਕਲ ਦਾ ਜੁਗਾੜ ਬਣਾਇਆ। ਅਸਲ ‘ਚ ਬਾਪ ਨੂੰ ਮੱਝਾਂ ਦੇ ਸੌਦੇ ਕਰਨ ਦਾ ਸ਼ੌਕ ਸੀ। ਇਕ ਸੌਦੇ ਵਿਚ ਉਨ੍ਹਾਂ ਨੇ ਮੱਝ ਸਮੇਤ ਇਕ ਪੁਰਾਣਾ ਰੇਡੀਓ ਵੀ ਲੈ ਲਿਆ ਸੀ। ਇਸ ਮੌਕੇ ਬਾਪ ਨੇ ਉਹ ਪੁਰਾਣਾ ਰੇਡੀਓ ਵੇਚ ਕੇ ਮੇਰੇ ਲਈ ਇਕ ਪੁਰਾਣਾ ਸਾਈਕਲ ਲੈ ਲਿਆ, ਜਿਸ ਨਾਲ ਮੈਨੂੰ ਸਕੂਲ ਜਾਣਾ ਸੌਖਾ ਹੋ ਗਿਆ। ਬਾਪ ਦੀ ਸੋਚ ਨੂੰ ਸਿੱਜਦਾ ਕਿ ਉਸ ਲਈ ਬਾਕੀ ਗੱਲਾਂ ਨਾਲੋਂ ਬੱਚੇ ਦੀ ਪੜ੍ਹਾਈ ਜਿ਼ਆਦਾ ਪ੍ਰਮੁੱਖ ਸੀ। ਜਦ ਮੈਂ ਕਪੂਰਥਲੇ ਕਾਲਜ ਵਿਚ ਦਾਖਲ ਹੋਇਆ ਤਾਂ ਉਨ੍ਹਾਂ ਵਲੋਂ ਦਿੱਤੇ ਨਵੇਂ ਐਟਲਸ ਸਾਈਕਲ ਦੇ ਸਾਥ ਨੇ ਜਿਥੇ ਮੈਨੂੰ ਆਪਣੀ ਔਕਾਤ ਨਾਲ ਜੋੜੀ ਰੱਖਿਆ, ਉਥੇ ਮੈਂ ਅਜਿਹੇ ਸਾਥੀਆਂ ਦੇ ਸਾਥ ਤੋਂ ਵੀ ਬਚਿਆ ਰਿਹਾ, ਜਿਨ੍ਹਾਂ ਲਈ ਕਾਲਜ ਪੜ੍ਹਨਾ, ਇਕ ਸ਼ੁਗਲ ਦੀ ਜਗ੍ਹਾ ਸੀ। ਬਿਨਾ ਕੈਰੀਅਰ ਤੋਂ ਟੋਕਰੀ ਵਾਲੇ ਸਾਈਕਲ ਨੇ ਮੇਰੇ ਸੁਪਨਿਆਂ ਦੀ ਪੂਰਤੀ ਵਿਚ ਅਹਿਮ ਰੋਲ ਨਿਭਾਇਆ, ਜਿਸ ਲਈ ਪਹਿਲਕਦਮੀ ਮੇਰੇ ਬਾਪ ਦੀ ਹੀ ਸੀ। ਸਿਰਫ ਇਕ ਹੀ ਲਿਲਕ ਸੀ ਪੜ੍ਹਨਾ ਅਤੇ ਘਰ ਦੇ ਕੰਮਾਂ ਵਿਚ ਬਾਪ ਦਾ ਹੱਥ ਵਟਾਉਣਾ।
ਕਈ ਵਾਰ ਜਿੰ਼ਦਗੀ ਇਕ ਅਜਿਹੇ ਚੌਰਾਹੇ `ਤੇ ਲਿਆ ਪਟਕਾਉਂਦੀ, ਜਿਥੇ ਭਟਕਣ ਦੇ ਬਹੁਤ ਜਿ਼ਆਦਾ ਮੌਕੇ ਹੁੰਦੇ। ਇਨ੍ਹਾਂ ਮੌਕਿਆਂ `ਤੇ ਸੰਭਲਣਾ ਅਤੇ ਆਪਣੇ ਟੀਚੇ ਦੀ ਪ੍ਰਮੁੱਖਤਾ ਨੂੰ ਬਣਾਈ ਰੱਖਣ ਲਈ ਬਾਪ ਦੀ ਸੇਧ ਅਤੇ ਉਸ ਦਾ ਸਹਿਯੋਗ ਬਹੁਤ ਜਰੂਰੀ ਹੁੰਦਾ। ਬਾਪ ਹੀ ਹੁੰਦਾ, ਜੋ ਤੁਹਾਡੀ ਅਛਿਆਈ, ਚੰਗਿਆਈ, ਭਲਾ ਚਾਹੁੰਦਾ। ਅਜਿਹੇ ਮੋੜ ‘ਤੇ ਉਸ ਦੀ ਸੋਚ ਨੂੰ ਸਲਾਮ ਕਰਨਾ ਬਣਦਾ। ਉਹ ਪਲ ਅੱਜ ਵੀ ਮੇਰੇ ਚੇਤਿਆਂ ਵਿਚ ਆ ਕੇ ਅੱਖਾਂ ਨਮ ਕਰ ਜਾਂਦਾ, ਜਦ ਜੇਠ ਦੀ ਤਿੱਖੜ ਦੁਪਹਿਰੇ ਮੈਂ ਆਪਣੇ ਬਾਪ ਨਾਲ ਰੂੜੀ ਦਾ ਗੱਡਾ ਲਦਵਾ ਰਿਹਾ ਸਾਂ। ਮੇਰੇ ਦੋਸਤ ਨੇ ਦੱਸਿਆ ਕਿ ਤੂੰ ਗਿਆਰਵੀਂ ਵਿਚੋਂ ਫੇਲ੍ਹ ਹੋ ਗਿਆ ਏਂ। ਨਮੋਸ਼ੀ ਅਤੇ ਉਦਾਸੀ ਵਿਚ ਡੁੱਬਿਆ, ਮੈਂ ਬਾਪ ਸਾਹਵੇਂ ਅੱਖਾਂ ਉਤਾਂਹ ਕਰਕੇ ਵੀ ਨਹੀਂ ਸਾਂ ਦੇਖ ਸਕਦਾ; ਪਰ ਬਾਪ ਨੇ ਮੋਢਾ ਪਲੋਸਦਿਆਂ, ਹੱਲਾਸ਼ੇਰੀ ਦਿੰਦਿਆਂ ਤੇ ਹਮਦਰਦੀ ਨਾਲ ਮੈਨੂੰ ਕਿਹਾ ਕਿ ਤੂੰ ਕਿਹੜਾ ਬੁੱਢਾ ਹੋ ਗਿਆਂ? ਕੋਈ ਨਾ ਫਿਰ ਦਾਖਲ ਹੋ ਅਤੇ ਹੋਰ ਜੋਰ ਨਾਲ ਪੜ੍ਹਾਈ ਕਰੀਂ। ਅਗਲੇ ਸਾਲ ਪਾਸ ਹੋ ਜਾਵੇਂਗਾ। ਉਸ ਵਕਤ ਬਾਪ ਦੀਆਂ ਅੱਖਾਂ ਵਿਚ ਉਤਰੀ ਨਮੀ ਨੂੰ ਯਾਦ ਕਰਕੇ ਹੁਣ ਵੀ ਮਨ ਰੁਆਂਸਿਆ ਜਾਂਦੈ। ਇਸ ਨਮੀ ਦੀ ਹੀ ਕਸਮ ਸੀ ਕਿ ਮੇਰੇ ਸਿੱਲੇ ਹੋਏ ਸੁਪਨੇ ਅਤੇ ਤਿੜਕੀਆਂ ਤਮੰਨਾਵਾਂ ਨੇ ਫਿਰ ਤੋਂ ਪਰਵਾਜ਼ ਭਰਨ ਦਾ ਹੁੱਨਰ ਅਤੇ ਹਾਸਲ ਪ੍ਰਾਪਤ ਕੀਤਾ। ਉਸ ਮੋੜ `ਤੇ ਮਿਲੀ ਹੋਈ ਰਹਿਨੁਮਾਈ ਨੇ ਮੇਰੇ ਲਈ ਜਿ਼ੰਦਗੀ ਦੇ ਅਰਥ ਹੀ ਬਦਲ ਦਿੱਤੇ। ਇਨ੍ਹਾਂ ਬਦਲੇ ਹੋਏ ਅਰਥਾਂ ਵਿਚਲੇ ਮਘਦੇ ਸੂਰਜਾਂ ਵਿਚ ਸਭ ਤੋਂ ਪ੍ਰਕਾਸ਼ਮਈ ਹੈ ਬਾਪ-ਰੂਪੀ ਸੂਰਜ, ਜਿਸ ਦੇ ਚਾਨਣ ਵਿਚ ਰਾਹਾਂ ਨੂੰ ਰੌਸ਼ਨੀ ਅਤੇ ਥੰਮੇ ਹੋਏ ਪੈਰਾਂ ਨੂੰ ਪੈੜ ਤੇ ਸਫਰ ਨਸੀਬ ਹੋਇਆ।
ਬਾਪ ਅਨਪੜ੍ਹ ਹੋਣ ਦੇ ਬਾਵਜੂਦ ਆਪਣੇ ਬੱਚਿਆਂ ਦੇ ਚੰਗੇਰੇ ਭਵਿੱਖ ਅਤੇ ਉਤਮ ਵਿਚਾਰ, ਵਿਹਾਰ ਅਤੇ ਅਚਾਰ ਦੀ ਤਵੱਕੋ ਰੱਖਦਾ ਸੀ। ਹੁਣ ਵੀ ਚੇਤਿਆਂ ਵਿਚ ਸੁਖਨ ਅਤੇ ਖਲਲ ਪਾ ਜਾਂਦੀ ਏ ਉਸ ਦੀ ਸਾਫਗੋਈ ਤੇ ਸਿਆਣਪ ਦਾ ਜੀਵਨ-ਕਰਮਸ਼ੈਲੀ ਵਿਚ ਉਗਮਣਾ। ‘ਕੇਰਾਂ ਮੇਰੇ ਕੋਲ ਰਾਤ ਠਹਿਰਿਆ ਅਤੇ ਸਵੇਰੇ ਉਠ ਕੇ ਕਹਿਣ ਲੱਗਾ ਕਿ ਤਿਆਰ ਹੋ, ਤਹਿਸੀਲੇ ਜਾਣਾ ਹੈ। ਕੰਮ ਬਾਰੇ ਕੁਝ ਨਾ ਦੱਸੇ। ਜਦ ਮੈਂ ਜੋਰ ਪਾਇਆ ਤਾਂ ਕਹਿਣ ਲੱਗਾ ਕਿ ਇਨ੍ਹਾਂ ਸਾਹਾਂ ਦਾ ਕੀ ਭਰੋਸਾ ਹੈ। ਮੈਂ ਆਪਣੇ ਵਲੋਂ ਤੁਹਾਡੇ ਲਈ ਵਸੀਹਤ ਕਰਨਾ ਚਾਹੁੰਦਾ ਹਾਂ ਤਾਂ ਕਿ ਭਵਿੱਖ ਵਿਚ ਕੋਈ ਬਖੇੜਾ ਨਾ ਖੜ੍ਹਾ ਹੋਵੇ। ਉਸ ਦੀ ਸੋਚ ਨੂੰ ਸਲਾਮ ਕੀਤਾ। ਮੈਂ ਸਮਝਾਇਆ ਕਿ ਤੁਸੀਂ ਬਹੁਤ ਤੰਦਰੁਸਤ ਹੋ। ਕੁਝ ਨਹੀਂ ਹੁੰਦਾ। ਆਪਾਂ ਫਿਰ ਬਣਵਾ ਲਵਾਂਗੇ ਵਸੀਅਤ, ਐਵੇਂ ਫਿਕਰ ਨਾ ਕਰੋ। ਵਸੀਅਤ ਦੀ ਲੋੜ ਨਹੀਂ, ਸਾਨੂੰ ਤਾਂ ਤੁਹਾਡੀ ਅਸ਼ੀਰਵਾਦ ਅਤੇ ਸੰਗਤ ਚਾਹੀਦੀ ਹੈ। ਹੁਣ ਸੋਚਦਾ ਹਾਂ ਕਿ ਬਾਪ ਕਿੰਨਾ ਸਿਆਣਾ ਸੀ ਕਿ ਭਰਾਵਾਂ ਵਿਚ ਕੋਈ ਬਦਮਗਜੀ ਨਾ ਪੈਦਾ ਹੋਵੇ, ਤਾਂ ਹੀ ਉਸ ਨੇ ਆਪਣੇ ਜਿਉਂਦੇ ਜੀਅ ਵਸੀਅਤ ਕਰਵਾਉਣ ਦੀ ਗੱਲ ਆਖੀ ਸੀ।
ਬਾਪ ਤਾਂ ਤੁਰ ਗਿਆ, ਜਿ਼ੰਦਗੀ ਦਾ ਸੁੱਚਮ, ਸਾਦਗੀ, ਸੰਤੋਖ, ਸਾਧਨਾ ਤੇ ਸੁਖਨਤਾ ਕਮਾ ਅਤੇ ਬੱਚਿਆਂ ਨੂੰ ਜੀਵਨ ਦੀਆਂ ਸਾਰੀਆਂ ਨਿਆਮਤਾਂ ਬਖਸ਼; ਪਰ ਉਸ ਦੀ ਆਤਮਾ ਜਰੂਰ ਕੁਰਲਾਉਂਦੀ ਹੋਵੇਗੀ, ਜਦ ਆਪਣਿਆਂ ਦੇ ਮਨਾਂ ਵਿਚ ਪੈਦਾ ਹੋਈ ਖੁਦਗਰਜੀ ਨੇ ਭਰਾਵਾਂ ਜਿਹੇ ਰਿਸ਼ਤੇ ਵੀ ਹਜ਼ਮ ਕਰ ਲਏ। ਬਾਪ ਦੀ ਬੇਖੁਦੀ, ਬੰਦਿਆਈ ਅਤੇ ਬੰਦਗੀ `ਤੇ ਸਦਾ ਨਾਜ਼ ਰਹੇਗਾ ਅਤੇ ਯਾਦ ਰਹੇਗਾ ਉਹ ਪਲ, ਜਦ ਉਸ ਨੇ ਆਪਣੇ ਆਖਰੀ ਫਰਜ਼ ਨੂੰ ਸੱਚਾਈ ਅਤੇ ਸੰਤੁਲਤਾ ਨਾਲ ਨਿਭਾਉਣ ਲਈ ਖੁਦ ਹੀ ਹਾਮੀ ਭਰੀ ਸੀ।
ਬਾਪ ਦੇ ਉਨ੍ਹਾਂ ਬੋਲਾਂ ਨੂੰ ਕਿਵੇਂ ਭੁਲਾਇਆ ਜਾ ਸਕਦੈ, ਜਦ ਸ਼੍ਰੋਮਣੀ ਸਾਹਿਤਕਾਰ ਮਿਲਣ `ਤੇ ਬਾਪ ਨੂੰ ਦੱਸਿਆ। ਬਾਪ ਬਹੁਤ ਖੁਸ਼ ਹੋਇਆ ਕਿ ਉਸ ਦੇ ਜਾਏ ਨੂੰ ਸਰਕਾਰ ਵਲੋਂ ਕੋਈ ਇਨਾਮ ਮਿਲੇਗਾ, ਪਰ ਉਸ ਦਾ ਮੋੜਵਾਂ ਪ੍ਰਸ਼ਨ ਸੀ ਕਿ ਹੁਣ ਤੂੰ ਇਹ ਇਨਾਮ ਲੈਣ ਲਈ ਕਦੋਂ ਪੰਜਾਬ ਆ ਰਿਹੈਂ? ਉਸ ਨੂੰ ਇਨਾਮ ਮਿਲਣ ਨਾਲੋਂ ਉਹ ਪਲ ਜਿ਼ਆਦਾ ਕੀਮਤੀ ਲੱਗਦੇ ਸਨ, ਜਦ ਉਸ ਦਾ ਪੁੱਤ ਸੱਤ ਸਮੁੰਦਰੋਂ ਪਾਰ ਇਹ ਇਨਾਮ ਲੈਣ ਦੇ ਬਹਾਨੇ ਘਰ ਪਰਤੇਗਾ ਅਤੇ ਬਾਪ ਦੇ ਸੀਨੇ ਵਿਚ ਠੰਢ ਪਾਵੇਗਾ। ਇਹੋ ਜਿਹੀ ਪਾਕੀਜ਼ਗੀ, ਨਿਰਛੱਲਤਾ ਅਤੇ ਆਪਣੇਪਣ ਨੂੰ ਸੀਮਤ ਜਿਹੇ ਸ਼ਬਦਾਂ ਤੇ ਬੋਲਾਂ ਵਿਚ ਤੁਸੀਂ ਕਿਵੇਂ ਉਲਥਾ ਸਕਦੇ ਹੋ? ਇਸ ਦੀ ਅਮੁੱਲਤਾ ਨੂੰ ਸਿਰਫ ਉਹੀ ਕਿਆਸਦੈ, ਜਿਸ ਨੇ ਇਨ੍ਹਾਂ ਪਲਾਂ ਨੂੰ ਜੀਵਿਆ ਹੋਵੇ ਅਤੇ ਇਸ ਦੀ ਜੀਵੰਤਤਾ ਨੂੰ ਜੀਵਨ ਦਾ ਹਿੱਸਾ ਬਣਾਇਆ ਹੋਵੇ।
ਬਾਪ ਦੇ ਆਖਰੀ ਬੋਲ, ਹੁਣ ਵੀ ਮੇਰੀ ਰੂਹ ਵਿਚ ਝਰਨਾਹਟ ਛੇੜਦੇ, ਕੰਬਣੀ ਲਿਆ ਦਿੰਦੇ ਨੇ। ਉਨ੍ਹਾਂ ਦੇ ਦਿਮਾਗ ਦੀ ਨਾੜੀ ਫਟਣ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਨਾਲ ਬਹੁਤ ਸਾਰੀਆਂ ਗੱਲਾਂ ਕੀਤੀਆਂ। ਉਹ ਮੇਰੇ ਛੋਟੇ ਭਰਾ ਦੇ ਵਿਦੇਸ਼ ਜਾਣ ਅਤੇ ਵਾਅਦੇ ਮੁਤਾਬਕ ਜਲਦੀ ਵਾਪਸ ਨਾ ਪਰਤਣ ਤੋਂ ਬਹੁਤ ਖਫਾ ਤੇ ਉਦਾਸ ਸਨ ਅਤੇ ਉਸ ਨੂੰ ਅਵਾ-ਤਵਾ ਵੀ ਬੋਲ ਰਹੇ ਸਨ। ਜਦ ਮੈਂ ਕਿਹਾ ਕਿ ਮੈਂ ਆ ਜਾਂਦਾ ਹਾਂ ਤਾਂ ਉਸ ਨੇ ਕਿਹਾ ਤੂੰ ਉਸ ਨੂੰ ਕਿਵੇਂ ਨਾ ਕਿਵੇਂ ਜਲਦੀ ਭੇਜ। ਤੇਰੇ ਆਉਣ ਦੀ ਲੋੜ ਨਹੀਂ। ਮੈਂ ਦੱਸਿਆ ਕਿ ਮੈਂ ਗਰਮੀਆਂ ਦੀਆਂ ਛੁੱਟੀਆਂ ਵਿਚ ਡੇਢ ਕੁ ਮਹੀਨੇ ਤੀਕ ਆਵਾਂਗਾ ਅਤੇ ਦੋ-ਢਾਈ ਮਹੀਨੇ ਰਹਾਂਗਾ। ਉਹ ਬਹੁਤ ਖੁਸ਼ ਹੋਇਆ ਅਤੇ ਕਹਿਣ ਲੱਗਾ ਕਿ ਫਿਰ ਤਾਂ ਸਿਰਫ ਡੇਢ ਕੁ ਮਹੀਨਾ ਹੀ ਰਹਿ ਗਿਆ ਤੇਰੇ ਆਉਣ ਵਿਚ। ਉਸ ਨੇ ਖੁਸ਼ੀ ਖੁਸ਼ੀ ਆਪਣੀਆਂ ਪੋਤਰੀਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਅਸੀਸਾਂ ਦਿੰਦਿਆਂ ਫੋਨ ਬੰਦ ਕੀਤਾ।
ਅਗਲੇ ਦਿਨ ਹੀ ਇਹ ਆਖਰੀ ਬੋਲ ਸਦਾ ਲਈ ਚੁੱਪ ਹੋ ਗਏ। ਖਾਮੋਸ਼ੀ ਵਿਚ ਡੁੱਬ ਗਈ ਬਾਪ ਦੇ ਸਾਹਾਂ ਦੀ ਬਰਕਤ, ਉਸ ਦੀ ਹੋਂਦ ਦਾ ਹਾਸਲ ਅਤੇ ਉਸ ਦੀਆਂ ਦੁਆਵਾਂ ਤੇ ਰਹਿਮਤਾਂ ਦੀ ਰੂਹ-ਰੰਗਤਾ। ਉਸ ਦੀਆਂ ਬੋਲਾਂ ਵਿਚਲਾ ਠਰੰਮਾ ਅਤੇ ਔਲਾਦ ਨੂੰ ਉਚਤਮ ਤਰਜ਼ੀਹਾਂ ਦੇਣ ਦੀ ਤਮੰਨਾ। ਬਾਪ ਤਾਂ ਚਲੇ ਗਿਆ ਦੂਰ ਦੇ ਸਫਰ ‘ਤੇ, ਜਿਥੋਂ ਕੋਈ ਨਹੀਂ ਪਰਤਦਾ, ਪਰ ਉਸ ਦੀਆਂ ਯਾਦਾਂ ਦਾ ਕਾਫਲਾ ਹਰ ਦਮ ਨਾਲ ਰਹਿੰਦਾ। ਉਨ੍ਹਾਂ ਪਲਾਂ ਦੀ ਅਸੀਮਤਾ ਮੇਰੀ ਝੋਲੀ ਪਾਉਂਦਾ ਅਤੇ ਜਿ਼ੰਦਗੀ ਦੇ ਸੁੱਚਮ ਤੇ ਉਤਮਤਾ ਨੂੰ ਹਰ ਸਾਕ ਦੇ ਨਾਮ ਲਾਉਣ ਦਾ ਸੰਦੇਸ਼ ਦਿੰਦਾ, ਮੇਰੇ ਸਦਾ ਹੀ ਅੰਗ-ਸੰਗ ਰਹਿੰਦਾ ਹੈ। ਬਾਪ ਜਾ ਕੇ ਵੀ ਕਿਧਰੇ ਨਹੀਂ ਗਿਆ। ਸਗੋਂ ਸਦਾ ਹੀ ਮੇਰੀ ਸੋਚ, ਸਾਧਨਾ ਤੇ ਸਿਰੜ ਵਿਚ ਸਮਾਇਆ, ਮੇਰੇ ਸੁਪਨਿਆਂ ਦੀ ਤਕਦੀਰ ਤੇ ਤਸਵੀਰ ਹੈ।
ਬਾਪ ਮਰ ਕੇ ਕਦੇ ਵੀ ਨਹੀਂ ਮਰਦਾ। ਉਹ ਤਾਂ ਆਪਣੀ ਔਲਾਦ ਵਿਚ ਸਦਾ ਜਿਉਂਦਾ ਰਹਿੰਦਾ।