ਓਭੜ ਲੋਕ

ਪੰਜਾਬੀ ਕਹਾਣੀ ਦੇ ਧੰਨਭਾਗ ਉਘੇ ਲਿਖਾਰੀ ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਬੰਦੇ ਦੇ ਧੁਰ ਅੰਦਰ ਤੱਕ ਮਾਰ ਕਰਨ ਵਾਲੀਆਂ ਹਨ। ਉਹ ਬਹੁਤ ਥੋੜ੍ਹੇ ਸ਼ਬਦਾਂ ਵਿਚ ਵੱਡੀਆਂ ਗੱਲਾਂ ਕਰਨ ਵਾਲਾ ਲੇਖਕ ਸੀ। 2021 ਉਨ੍ਹਾਂ ਦਾ ਜਨਮ ਸ਼ਤਾਬਦੀ ਵਰ੍ਹਾ ਹੈ। ਉਨ੍ਹਾਂ ਦਾ ਜਨਮ 20 ਮਈ 1921 ਨੂੰ ਹੋਇਆ ਸੀ। ਅੱਜ ਤੋਂ ਕਈ ਦਹਾਕੇ ਪਹਿਲਾਂ ਉਨ੍ਹਾਂ ਇਕੱਲਤਾ ਬਾਰੇ ਉਮਦਾ ਲੇਖ ‘ਓਭੜ ਲੋਕ’ ਲਿਖਿਆ ਸੀ। ਇਸ ਲੇਖ ਵਿਚ ਸਮਾਜ ਵਿਚ ਆ ਰਹੀਆਂ ਤਬਦੀਲੀ ਦੀਆਂ ਕਨਸੋਆਂ ਹਨ ਅਤੇ ਇਸ ਵਿਚ ਸਮਾਜਿਕ ਪ੍ਰਸੰਗ ਫਰੋਲੇ ਗਏ ਹਨ।

ਕੁਲਵੰਤ ਸਿੰਘ ਵਿਰਕ
ਅੱਜ ਕਲ ਇਹ ਖਿਆਲ ਪਸਰਿਆ ਹੋਇਆ ਹੈ ਕਿ ਮਨੁੱਖ ਇਕੱਲਾ ਰਹਿ ਗਿਆ ਹੈ। ਇਸ ਦੁਨੀਆ ਵਿਚ ਉਹ ਓਭੜਾਂ (ਅਜਨਬੀ, ਨਾਵਾਕਫ) ਵਾਂਗ ਫਿਰ ਰਿਹਾ ਹੈ। ਨਾ ਕੋਈ ਕੰਮ ਅਤੇ ਨਾ ਕੋਈ ਮਨੁੱਖ ਉਸ ਨੂੰ ਚੰਗੀ ਤਰ੍ਹਾਂ ਟੁੰਬਦਾ ਹੈ ਅਤੇ ਉਸ ਨੂੰ ਇਹ ਪਤਾ ਨਹੀਂ ਲਗਦਾ ਕਿ ਉਹ ਕੀ ਕਰੇ ਅਤੇ ਕਿੱਧਰ ਜਾਵੇ। ਜੇ ਉਹ ਸੋਚਵਾਨ ਕਿਸਮ ਦਾ ਹੋਵੇ ਤਾਂ ਹੋਰ ਵੀ ਪੂਰੀ ਤਰ੍ਹਾਂ ਕੱਟਿਆ ਜਾਂਦਾ ਹੈ। ਸਾਹਿਤ ਆਕਦਮੀ ਦੇ ਅੰਗਰੇਜ਼ੀ ਪਰਚੇ ‘ਇੰਡੀਅਨ ਲਿਟਰੇਚਰ’ ਦੇ ਸੱਜਰੇ ਅੰਕ ਵਿਚ ਇਕ ਲੇਖ ਛਪਿਆ ਹੈ ਜਿਸ ਵਿਚ ਮੁਖ ਹਿੰਦੀ ਕਹਾਣੀ ਲੇਖਕਾਂ ਦੀ ਅਜਿਹੇ ਆਦਮੀ ਨੂੰ ਸਫਲਤਾ ਨਾਲ ਚਿਤਰਨ ਲਈ ਉਸਤਤ ਕੀਤੀ ਗਈ ਹੈ। ਕਿਹਾ ਜਾਂਦਾ ਹੈ ਕਿ ਸਾਰੇ ਮਨੁੱਖ ਚਾਬੀ ਵਾਲੇ ਬਾਵਿਆਂ ਵਾਂਗ ਫਿਰ ਰਹੇ ਹਨ। ਭਾਵੇਂ ਉਨ੍ਹਾਂ ਦੀ ਬਣਤਰ ਇਕੋ ਜਿਹੀ ਹੈ ਪਰ ਉਨ੍ਹਾਂ ਦੀ ਆਪੋ ਵਿਚ ਕੋਈ ਸਾਂਝ ਨਹੀਂ ਹੈ। ਕਹਿੰਦੇ ਹਨ ਕਿ ਇਹ ਹਾਲਤ ਉਦਯੋਗਕ ਧੰਦਿਆਂ ਦੇ ਵਧਣ ਕਰਕੇ ਅਤੇ ਬਹੁਤੇ ਲੋਕਾਂ ਦੇ ਸ਼ਹਿਰਾਂ ਵਿਚ ਆ ਵਸਣ ਕਰਕੇ ਹੋਈ ਹੈ, ਜਿੱਥੇ ਗਵਾਂਢੀ ਗਵਾਂਢੀ ਦਾ ਨਾਂ ਨਹੀਂ ਜਾਣਦਾ।
ਮੈਨੂੰ ਕਈ ਸਾਲ ਦਿੱਲੀ ਦੇ ਵੱਡੇ ਸ਼ਹਿਰ ਵਿਚ ਰਹਿੰਦਿਆਂ ਹੋ ਗਏ ਹਨ। ਮੈਂ ਆਪ ਉਨ੍ਹਾਂ ਲੋਕਾਂ ਵਿਚੋਂ ਹਾਂ ਜਿਹੜੇ ਗਵਾਂਢੀਆਂ ਦਾ ਨਾਂ ਨਹੀਂ ਜਾਣਦੇ ਅਤੇ ਜਿਨ੍ਹਾਂ ਦਾ ਨਾਂ ਗਵਾਂਢੀ ਬਿਲਕੁਲ ਹੀ ਨਹੀਂ ਜਾਣਦੇ। ਜੇ ਕੋਈ ਮੈਨੂੰ ਮੇਰੇ ਗਵਾਂਢੀ ਦਾ ਪਤਾ ਪੁੱਛੇ ਤਾਂ ਮੈਨੂੰ ਵਖਤ ਪੈ ਜਾਂਦਾ ਹੈ ਅਤੇ ਜੇ ਕੋਈ ਮੇਰੇ ਕਿਸੇ ਗਵਾਂਢੀ ਤੋਂ ਮੇਰਾ ਪਤਾ ਪੁੱਛੇ ਤਾਂ ਉਸ ਨੂੰ ਵਖਤ ਪੈ ਜਾਂਦਾ ਹੈ। ਪਰ ਮੈਂ ਇਸ ਹਾਲਤ ਤੋਂ ਅਸੰਤੁਸ਼ਟ ਨਹੀਂ। ਸ਼ਹਿਰ ਵਿਚ ਸਾਡਾ ਮਕਾਨ ਕਿਸ ਥਾਂ ਹੈ, ਇਹ ਇਤਫਾਕ ਦੀ ਗੱਲ ਹੈ। ਜਿੱਥੇ ਕਿਧਰੇ ਉਨੇ ਕੁ ਕਿਰਾਏ ਵਿਚ ਮਕਾਨ ਮਿਲ਼ਿਆ, ਲੈ ਲਿਆ। ਖਰੀਦਿਆ ਹੋਇਆ ਜਾਂ ਬਣਾਇਆ ਹੋਇਆ ਮਕਾਨ ਵੀ ਇਸੇ ਤਰ੍ਹਾਂ ਇਤਫਾਕ ਦੀ ਗੱਲ ਹੈ। ਜਿੱਥੇ ਢੋਅ ਢੁਕ ਗਿਆ। ਇਸ ਵਿਚ ਗਵਾਂਢ ਦਾ ਕੋਈ ਹਿੱਸਾ ਜਾਂ ਹੱਥ ਨਹੀਂ, ਨਾ ਹੀ ਉਸ ਵਿਚ ਪੁੱਛਣਾ ਜ਼ਰੂਰੀ ਹੈ। ਇਸ ਲਈ ਜੇ ਉਨ੍ਹਾਂ ਨਾਲ ਵਾਕਫੀ ਨਹੀਂ ਤਾਂ ਕੋਈ ਫਿਕਰ ਦੀ ਗੱਲ ਨਹੀਂ। ਕੋਈ ਗਵਾਂਢ ਬਹੁਤ ਪਸੰਦ ਵੀ ਆ ਸਕਦਾ ਹੈ। ਉਸ ਨਾਲ ਗੂੜ੍ਹ ਵੀ ਹੋ ਸਕਦਾ ਹੈ। ਕੋਈ ਰੁਕਾਵਟ ਵੀ ਨਹੀਂ।
ਕੀ ਆਂਢ ਗਵਾਂਢ ਵਿਚ ਦੋਸਤੀ ਜਾਂ ਜਾਣ ਪਹਿਚਾਣ ਨਾ ਹੋਣ ਕਰਕੇ ਮਨੁੱਖ ਔਖਾ ਨਹੀਂ ਹੋ ਜਾਂਦਾ? ਮੱਝਾਂ ਗਾਵਾਂ ਵੀ ਆਪਣੀਆਂ ਸਹੇਲੀਆਂ ਦੀ ਸੰਗਤ ਪਸੰਦ ਕਰਦੀਆਂ ਹਨ ਅਤੇ ਨਿੱਖੜ ਕੇ ਦੁਖੀ ਹੁੰਦੀਆਂ ਹਨ, ਅਜੇ ਉਨ੍ਹਾਂ ਲਈ ਆਪੋ ਵਿਚ ਕਹਿਣ ਸੁਣਨ ਲਈ ਕੁਝ ਨਹੀਂ ਹੁੰਦਾ। ਪਰ ਇਹ ਜਾਣ ਪਹਿਚਾਣ ਜਾਂ ਦੋਸਤੀ ਮਨੁੱਖ ਦੇ ਆਪਣੇ ਕਿੱਤੇ ਵਿਚ ਹੋ ਸਕਦੀ ਹੈ। ਪੰਜਾਬੀ ਵਿਚ ਲਿਖਦਾ ਹੋਣ ਕਰਕੇ ਮੇਰੀ ਬਹੁਤ ਸਾਰੇ ਪੰਜਾਬੀ ਲੇਖਕਾਂ ਨਾਲ ਦੋਸਤੀ ਹੈ। ਪਿੱਛੇ ਜਿਹੇ ਮੈਂ ਅਮਰੀਕੀ ਨਾਟਕ ‘ਏ ਸਟ੍ਰੀਟਕਾਰ ਨੇਮਡ ਡਿਜ਼ਾਇਰ’ ਪੜ੍ਹਿਆ। ਫਾਰਮ ਵਿਚ ਕੰਮ ਕਰਦੇ ਕੁਝ ਆਦਮੀ ਸਾਡੇ ਜੱਟਾਂ ਵਾਂਗ ਇਕੱਲੇ ਸ਼ਰਾਬ ਪੀਂਦੇ ਹਨ, ਤਾਸ਼ ਖੇਡਦੇ ਹਨ, ਆਪਣੀਆਂ ਵਹੁਟੀਆਂ ਨੂੰ ਕੁੱਟਦੇ, ਨਾਲੇ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ। ਜਦੋਂ ਇਕ ਆਦਮੀ ਨੂੰ ਪਤਾ ਲਗਦਾ ਹੈ ਕਿ ਉਸ ਦੀ ਸਾਲ਼ੀ ਮਾੜੇ ਚਾਲ ਚਲਣ ਦੀ ਹੈ ਤਾਂ ਉਹ ਇਹ ਗੱਲ ਅਗਾਂਹ ਦੱਸ ਕੇ ਉਸ ਦੀ ਆਪਣੇ ਬੇਲੀ ਨਾਲ ਮੰਗਣੀ ਹੋਣੋਂ ਰੋਕ ਦੇਂਦਾ ਹੈ। ਇਸ ਕੰਮ ਵਿਚ ਉਸ ਦੀ ਕੋਈ ਜ਼ਿੰਮੇਵਾਰੀ ਨਹੀਂ ਸੀ ਕਿਉਂਕਿ ਉਹ ਆਪ ਤਾਂ ਇਹ ਸਾਕ ਨਹੀਂ ਸੀ ਕਰਵਾ ਰਿਹਾ। ਪਰ ਉਹ ਕਹਿੰਦਾ ਹੈ ਕਿ ਹੁਣ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗ ਗਿਆ ਹੈ ਤਾਂ ਜੇ ਮੈਂ ਉਸ ਨੂੰ ਨਾ ਦੱਸਾਂ ਤਾਂ ਮੈਂ ਸਾਰੀ ਉਮਰ ਉਸ ਦੇ ਸਾਹਮਣੇ ਸੱਚਾ ਨਹੀਂ ਹੋ ਸਕਦਾ। ਆਖਰ ਅਸੀਂ ਦੋਵੇਂ ਇਕੋ ਥਾਂ ਕੰਮ ਕਰਦੇ ਹਾਂ। ਕਿੱਤੇ ਤੋਂ ਬਿਨਾਂ ਖਿਆਲਾਂ ਦੀ ਸਾਂਝ ਵੀ ਇਕ ਤਗੜੀ ਸਾਂਝ ਹੈ। ਭਾਰਤ ਵਿਚ ਅਤੇ ਬਾਹਰ ਵੱਡੀਆਂ-ਵੱਡੀਆਂ ਹੜਤਾਲਾਂ ਜਾਂ ਹੜਤਾਲਾਂ ਦੀਆਂ ਗੱਲਾਂ ਹੁੰਦੀਆਂ ਹਨ। ਕਈ ਲੋਕਾਂ ਦਾ ਖਿਆਲ ਹੈ ਕਿ 1956 ਵਿਚ ਜਿਹੜਾ ਪੰਜਾਬੀ ਸੂਬੇ ਲਈ ਸਿੱਖਾਂ ਦਾ ਜਲੂਸ ਨਿਕਲ਼ਿਆ, ਓਡਾ ਜਲੂਸ ਭਾਰਤ ਦੇ ਇਤਿਹਾਸ ਵਿਚ ਪਹਿਲਾਂ ਕਦੀ ਨਹੀਂ ਨਿਕਲ਼ਿਆ ਹੋਣਾ। ਕੀ ਇਹ ਸਾਰੇ ਓਭੜ ਲੋਕਾਂ ਦੇ ਕੰਮ ਹਨ?
ਪਿੰਡਾਂ ਦਾ ਜੀਵਨ ਜਾਂ ਪਹਿਲੇ ਸਮੇਂ ਦਾ ਜੀਵਨ ਮੱਥੇ ਲਗਦੇ ਸਮਾਜ ਦਾ ਜੀਵਨ ਹੈ। ਤੁਸੀਂ ਕਿਸੇ ਕੋਲੋਂ ਬਿਨਾਂ ਉਸ ਨੂੰ ਪਹਿਚਾਣੇ ਜਾਂ ਗੱਲ ਕੀਤੇ ਨਹੀਂ ਲੰਘ ਸਕਦੇ। ਕੋਈ ਆਪਣੀ ਚਿੱਠੀ ਪੜ੍ਹ ਰਿਹਾ ਹੈ ਤਾਂ ਵੀ ਤੁਹਾਡਾ ਖਲੋ ਕੇ ਉਹ ਚਿੱਠੀ ਸੁਣਨੀ ਵਾਜਬ ਹੈ। ਸ਼ਹਿਰ ਵਿਚ ਇਹ ਬਹੁਤ ਵੱਡਾ ਐਬ ਸਮਝਿਆ ਜਾਵੇਗਾ ਪਰ ਇਸ ਦਾ ਇਹ ਅਰਥ ਨਹੀਂ ਕਿ ਉਹ ਪਹਿਲਾ ਸਮਾਜ ਬਹੁਤ ਪਿਆਰ ਵਾਲਾ ਜਾਂ ਆਮ ਲੋਕਾਂ ਵਿਚ ਬਹੁਤੀ ਦਿਲਚਸਪੀ ਵਾਲਾ ਸਮਾਜ ਸੀ। ਓਥੇ ਵੀ ਕਦੀ ਕਦੀ ਆਪਣੇ ਗਵਾਂਢੀਆਂ ਜਾਂ ਸਕਿਆਂ ਨੂੰ ਵੱਢ ਦੇਣ ਨੂੰ ਜੀਅ ਕਰਦਾ ਹੈ ਅਤੇ ਕਦੀ ਉਨ੍ਹਾਂ ਦੀ ਖਾਤਰ ਵੱਢੇ ਜਾਣ ਨੂੰ। ਇਹ ਦੋਵੇਂ ਜਜ਼ਬੇ ਨਾਲ ਨਾਲ ਹੀ ਪਲ਼ ਰਹੇ ਹੁੰਦੇ ਹਨ। ਇਹ ਖਿਆਲ ਗ਼ਲਤ ਤੌਰ ‘ਤੇ ਪ੍ਰਚੱਲਤ ਹੋਇਆ ਹੈ ਕਿ ਉੱਥੇ ਪਿਆਰ ਦੇ ਦਰਿਆ ਭਰ ਭਰ ਕੇ ਕੰਢਿਆਂ ਤੋਂ ਉਛਲ਼ਦੇ ਰਹਿੰਦੇ ਸਨ।
ਪੇਂਡੂ ਲੋਕ ਵੀ ਬਿਨਾਂ ਮਤਲਬ ਤੋਂ ਕਿਧਰੇ ਸੰਬੰਧ ਪੈਦਾ ਨਹੀਂ ਕਰਨਾ ਚਾਹੁੰਦੇ। ਜਿਸ ਚੌਗਿਰਦੇ ਨਾਲ ਉਹਨਾਂ ਦਾ ਸਿੱਧਾ ਵਾਸਤਾ ਨਾ ਹੋਵੇ, ਉੱਥੇ ਉਹ ਵੀ ਓਭੜ (ਨਾਵਾਕਫ, ਅਜਨਬੀ) ਬਣ ਜਾਂਦੇ ਹਨ। ਜਿਵੇਂ ਗੱਡੀ ਜਾਂ ਬੱਸ ਵਿਚ ਬੈਠੇ ਜਾਂ ਓਪਰੇ ਸ਼ਹਿਰ ਵਿਚ ਫਿਰਦੇ। ਕਹਿੰਦੇ ਹਨ ‘ਦੋ ਘੜੀ ਵੇਲ਼ਾ ਟਪਾਣਾ ਹੈ, ਕਿਹੜਾ ਬਹਿ ਰਹਿਣਾ ਹੈ। ਝੱਟ ਕੁ ਔਖ ਸੌਖ ਕੱਟ ਲਵੋ। ਕਿਸੇ ਨਾਲ ਕਿਉਂ ਝਗੜਾ ਕਰਨਾ ਹੈ। ਕਿਸੇ ਗੱਲ ਵਿਚ ਕਿਉਂ ਆਉਣਾ ਹੈ`। ਹਰ ਗੱਲ ਵਿਚ ਨੀਵੀਂ ਖਿੱਚਣ ਲਈ ਤਿਆਰ ਹੁੰਦੇ ਹਨ ਪਰ ਕਿਸੇ ਨਾਲ ਮੇਲ਼ ਵਧਾਣ ਨੂੰ ਕਾਹਲ਼ੇ ਨਹੀਂ ਹੁੰਦੇ। ਆਪਣੀ ਜੂਹ ਜਾਂ ਵਾਕਫੀ ਦੇ ਘੇਰੇ ਵਿਚ ਅੱਪੜ ਕੇ ਉਹ ਆਦਮੀ ਹੋਰ ਦਾ ਹੋਰ ਹੋ ਜਾਂਦਾ ਹੈ।
ਦੂਜੇ ਪਾਸੇ ਸ਼ਹਿਰੀ ਵੀ ਦੂਜੇ ਲੋਕਾਂ ਦੇ ਸੁਖ ਤੋਂ ਅਵੇਸਲਾ ਨਹੀਂ ਹੁੰਦਾ। ਜਿਹੜੇ ਲੋਕ ਸ਼ਹਿਰ ਦੇ ਅੰਦਰ ਚੱਲਣ ਵਾਲੀਆਂ ਬੱਸਾਂ ਵਿਚ ਚੜ੍ਹੇ ਹਨ, ਉਹ ਜਾਣਦੇ ਹਨ ਕਿ ਗਰਮੀਆਂ ਵਿਚ ਉਨ੍ਹਾਂ ਵਿਚ ਖਲੋ ਕੇ ਸਫਰ ਕਰਨਾ ਕਿੰਨਾ ਔਖਾ ਹੈ। ਹਵਾ ਨਹੀਂ ਲੱਗਦੀ ਅਤੇ ਭੀੜ ਹੋਣ ਕਰਕੇ ਮੁੜ੍ਹਕੇ ਭਿੱਜੇ ਪਿੰਡੇ ਨਾਲ ਘਸਰਦੇ ਹਨ। ਫਿਰ ਵੀ ਜਦੋਂ ਕਿਧਰੇ ਬੱਸ ਰੁਕਦੀ ਹੈ ਤਾਂ ਇਹ ਮੁੜ੍ਹਕੇ ਭਿੱਜੇ ਖੜ੍ਹੇ ਲੋਕ ਕਹਿੰਦੇ ਹਨ, ‘ਨਾਲ ਨਾਲ ਹੋ ਜਾਵੋ, ਦੋ ਚਾਰ ਬੰਦੇ ਹੋਰ ਚੜ੍ਹ ਆਉਣਗੇ`। ਉਤੇ ਖੜ੍ਹਿਆਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਹੇਠਾਂ ਚੜ੍ਹਨ ਵਾਲੇ ਕੌਣ ਹਨ ਅਤੇ ਨਾ ਹੀ ਹੇਠਲਿਆਂ ਨੂੰ ਪਤਾ ਹੁੰਦਾ ਹੈ ਕਿ ਉਤੇ ਉਨ੍ਹਾਂ ਲਈ ਥਾਂ ਬਨਾਣ ਵਾਸਤੇ ਕੌਣ ਪਰਚਾਰ ਕਰ ਰਿਹਾ ਹੈ।
ਪੇਂਡੂ ਜੀਵਨ ਵਿਚ ਸਰੀਰਕ ਇਕੱਲ ਦੀ ਘਾਟ ਨਹੀਂ ਸੀ। ਪੁਰਾਣਾ ਜੀਵਨ ਕੇਵਲ ਇਕ ਛਿੰਝਾਂ ਮੇਲਿਆ ਦਾ ਹੀ ਜੀਵਨ ਨਹੀਂ ਸੀ। ਬਹੁਤੇ ਘਰਾਂ ਦਾ ਇਕੋ ਇਕ ਹਲ਼ ਹੁੰਦਾ ਹੈ। ਹਲ਼ਾਂ ਦੇ ਮੌਸਮ (ਹਾੜ੍ਹ, ਸਾਉਣ, ਭਾਦੋਂ, ਅੱਸੂ ਆਦਿ) ਵਿਚ ਹਾਲ਼ੀ ਇਕੱਲਾ ਸਵੇਰੇ ਤਿੰਨ ਚਾਰ ਵਜੇ ਤੋਂ ਲੈ ਕੈ ਗਿਆਰਾਂ ਬਾਰਾਂ ਵਜੇ ਤਕ ਹਲ਼ ਵਾਹੁੰਦਾ ਰਹਿੰਦਾ ਸੀ। ਇਸ ਸਮੇਂ ਵਿਚ ਸਿਵਾਏ ਰੋਟੀ ਲੈ ਕੇ ਆਈ ਵਹੁਟੀ ਜਾਂ ਕਿਸੇ ਹੋਰ ਬੱਚੇ ਤੋਂ, ਉਹ ਕਿਸੇ ਮਨੁੱਖ ਨਾਲ ਕੋਈ ਗੱਲ ਨਹੀਂ ਕਰਦਾ। ਉਸ ਤੋਂ ਪਿੱਛੋਂ ਵੀ ਬਹੁਤਾ ਕੰਮ ਉਸ ਇਕੱਲੇ ਦਾ ਹੀ ਹੈ, ਇਹ ਵੱਖਰੀ ਗੱਲ ਹੈ ਕਿ ਉਸ ਦਾ ਆਪਣੇ ਕੰਮ ਵਿਚ ਜਾਂ ਆਲ਼ੇ ਦੁਆਲ਼ੇ ਵਿਚ ਜੀਅ ਬਹੁਤ ਲਗਦਾ ਹੋਵੇ। ਜਿਹੜੇ ਲੋਕ ਪਿੰਡ ਦੀ ਆਰਥਿਕਤਾ ਜਾਂ ਰਾਜਨੀਤੀ ਵਿਚ ਬਹੁਤਾ ਹਿੱਸਾ ਨਾ ਪਾ ਸਕਦੇ ਹੋਣ (ਜਿਵੇਂ ਅਣ-ਵਿਆਹੇ ਜਾਂ ਰੋਗੀ ਬੰਦੇ ਜਾਂ ਬੁੱਢੇ ਜਿਨ੍ਹਾਂ ਦੇ ਪੁੱਤਰਾਂ ਨੇ ਆਕੀ ਹੋ ਕੇ ਆਪ ਕੰਮ ਸੰਭਾਲ਼ ਲਿਆ ਹੋਵੇ), ਉਹ ਵੀ ਉਸ ਇਕੱਲ ਦੀ ਮਾਰ ਹੇਠ ਆਏ ਹੁੰਦੇ ਸਨ। ਦੂਜੇ ਪਾਸੇ ਕਨਿੰਘਮ ਨੇ ਆਪਣੀ ‘ਸਿੱਖਾਂ ਦਾ ਇਤਿਹਾਸ` ਪੁਸਤਕ ਵਿਚ ਇਕ ਸਿੰਘ ਨਾਲ ਮੇਲ ਦਾ ਜ਼ਿਕਰ ਕੀਤਾ ਹੈ ਜਿਹੜਾ ਕਈ ਮਹੀਨਿਆਂ ਤੋਂ ਬਿਲਕੁਲ ਇਕੱਲਾ ਹੀ ਪਹਾੜ ਵਿਚ ਲੋਕਾਂ ਦੇ ਲੰਘਣ ਲਈ ਇਕ ਸੜਕ ਬਣਾ ਰਿਹਾ ਸੀ। ਉਸ ਨੂੰ ਇਕੱਲ ਨਹੀਂ ਸੀ ਲਗਦਾ।
ਜਦੋਂ ਪਾਕਿਸਤਾਨੋਂ ਉਖੜ ਕੇ ਸਾਡੇ ਪਿੰਡਾਂ ਦੇ ਲੋਕ ਅੰਮ੍ਰਿਤਸਰ ਆਏ ਤਾਂ ਮੇਰਾ ਇਹ ਖਿਆਲ ਸੀ ਕਿ ਜਿਹੜਾ ਹੁਣ ਆਪਣੇ ਪਿੰਡ ਜਾਂ ਢਾਣੀ ਨਾਲੋਂ ਨਿੱਖੜ ਗਿਆ, ਉਹ ਫਿਰ ਕਦੀ ਵੀ ਉਸ ਨੂੰ ਲੱਭ ਨਹੀਂ ਸਕੇਗਾ। ਜਿਹੜਾ ਇਕ ਵਾਰ ਕਿਸੇ ਹੋਰ ਜ਼ਿਲ੍ਹੇ ਦੇ ਪਿੰਡ ਵਿਚ ਬੈਠ ਗਿਆ, ਮੈਂ ਸੋਚਦਾ, ਉਸ ਦੀ ਕੋਈ ਉਘ ਸੁੱਘ ਕਿਸ ਤਰ੍ਹਾਂ ਨਿਕਲ ਸਕਦੀ ਹੈ। ਉਸ ਨੂੰ ਕਿਵੇਂ ਪਤਾ ਲੱਗੇਗਾ ਕਿ ਇਸ ਓਪਰੇ ਦੇਸ ਵਿਚ ਦੂਸਰੇ ਲੋਕ ਕਿੱਥੇ ਬੈਠੇ ਹੋਏ ਹਨ ਪਰ ਚਾਰ ਪੰਜ ਮਹੀਨੇ ਪਿੱਛੋਂ ਜਦੋਂ ਮੈਂ ਆ ਕੇ ਆਪਣੇ ਪਿੰਡ ਦੇ ਲੋਕਾਂ ਨੂੰ ਮਿਲਿਆ ਤਾਂ ਮੈਂ ਇਹ ਵੇਖ ਕੇ ਹੈਰਾਨ ਰਹਿ ਗਿਆ ਕਿ ਹਰ ਇਕ ਨੂੰ ਆਪਣੇ ਪਿੰਡ ਦੇ ਲੋਕਾਂ ਦਾ ਤਾਂ ਕੀ, ਹੋਰ ਪਿੰਡਾਂ ਦੇ ਲੋਕਾਂ ਬਾਰੇ ਵੀ ਸਾਰਾ ਪਤਾ ਸੀ ਕਿ ਕਿਹੜਾ ਕਿਸ ਜ਼ਿਲ੍ਹੇ ਦੇ ਕਿਸ ਪਿੰਡ ਵਿਚ ਬੈਠਾ ਹੈ ਅਤੇ ਗੱਡੀ ਦਾ ਕਿਹੜਾ ਸਟੇਸ਼ਨ ਜਾਂ ਬੱਸ ਦਾ ਕਿਹੜਾ ਅੱਡਾ ਓਥੇ ਲਗਦਾ ਹੈ। ਜਿਨ੍ਹਾਂ ਜਾ ਕੇ ਉਹ ਥਾਂ ਨਹੀਂ ਵੇਖੇ ਸਨ, ਉਨ੍ਹਾਂ ਵੀ ਬੜੇ ਧਿਆਨ ਨਾਲ ਉਸ ਬਾਰੇ ਸਾਰਾ ਕੁਝ ਸੁਣ ਕੇ ਗ੍ਰਹਿਣ ਕੀਤਾ ਹੋਇਆ ਸੀ। ਉਨ੍ਹਾਂ ਇਸ ਸਾਰੇ ਨਵੇਂ ‘ਮਿਲ਼ੇ` ਇਲਾਕੇ ਨੂੰ ਬੱਚਿਆਂ ਵਰਗੀ ਦਿਲਚਸਪੀ ਨਾਲ ਜਾਣਿਆਂ ਅਤੇ ਘੋਖਿਆ ਸੀ ਅਤੇ ਇਸ ਦੀ ਕੋਈ ਗੁੱਠ ਉਨ੍ਹਾਂ ਤੋਂ ਛੁਪੀ ਹੋਈ ਨਹੀਂ ਸੀ। ਇਸ ਨਵੇਂ ਪੰਜਾਬ ਅਤੇ ਇਸ ਦੀਆਂ ਰਿਆਸਤਾਂ ਵਿਚ ਉਹ ਓਭੜ ਬਣ ਕੇ ਨਹੀਂ ਰਹਿਣਾ ਚਾਹੁੰਦੇ ਸਨ।
ਅਸਲ ਮਸਲਾ ਦੁਨੀਆ ਅਤੇ ਦੁਨੀਆ ਦੇ ਲੋਕਾਂ ਵਿਚ ਦਿਲਚਸਪੀ ਲੈਣ ਦਾ ਹੈ। ਜਿਸ ਦੇ ਮਨ ਵਿਚ ਬਹੁਤ ਸਾਰੇ ਖਿਆਲ ਹੋਣ ਅਤੇ ਉਹਨਾਂ ਖਿਆਲਾਂ ਨੂੰ ਜਾਂ ਦੁਨੀਆ ਨੂੰ ਮਨ-ਚਾਹਤ ਸ਼ਕਲ ਦੇਣ ਦੀ ਇੱਛਾ ਹੋਵੇ, ਉਹ ਕਦੀ ਵੀ ਓਭੜ ਜਾਂ ਇਕੱਲਾ ਅਨੁਭਵ ਨਹੀਂ ਕਰਦਾ। ਪਹਿਲਾਂ ਪਹਿਲਾਂ ਮੈਂ ਇਹ ਵੇਖ ਕੇ ਬਹੁਤ ਹੈਰਾਨ ਹੁੰਦਾ ਕਿ ਪ੍ਰੋਫੈਸਰ ਸੇਖੋਂ (ਸੰਤ ਸਿੰਘ) ਦੀ ਵੱਖ ਵੱਖ ਦੇਸਾਂ ਦੀ ਰਾਜਨੀਤੀ ਵਿਚ ਦਿਲਚਸਪੀ ਅਤੇ ਜਾਣਕਾਰੀ ਕਿੰਨੀ ਜ਼ਿਆਦਾ ਹੈ। ਫਿਰ ਮੈਨੂੰ ਖਿਆਲ ਆਇਆ ਕਿ ਇਹ ਉਨ੍ਹਾਂ ਦੀ ਕਮਿਊਨਿਸਟ ਪਾਰਟੀ ਨਾਲ ਸਾਂਝ ਕਰਕੇ ਹੈ। ਇਸ ਦਾ ਅਰਥ ਇਹ ਨਹੀਂ ਕਿ ਕਮਿਊਨਿਸਟ ਪਾਰਟੀ ਨਾਲ ਸਾਂਝ ਬਨਾਣਾ ਦੁਨੀਆ ਵਿਚ ਦਿਲਚਸਪੀ ਲੈਣ ਦਾ ਇਕੋ ਇਕ ਸਾਧਨ ਹੈ। ਅੰਗਰੇਜ਼ ਲਿਖਾਰੀ ਹੈਜ਼ਲਿਟ ਨੇ ਲਿਖਿਆ ਹੈ ਕਿ ‘ਸਭ ਤੋਂ ਘੱਟ ਇਕੱਲ ਮੈਂ ਉਸ ਵੇਲ਼ੇ ਅਨੁਭਵ ਕਰਦਾ ਹਾਂ ਜਦੋਂ ਮੈਂ ਇਕੱਲਾ ਹੋਵਾਂ।` ਉਸ ਵੇਲ਼ੇ ਉਸ ਨੂੰ ਆਪਣੇ ਖਿਆਲਾਂ ਨਾਲ ਜੂਝਣ ਦਾ ਮੌਕਾ ਮਿਲਦਾ ਸੀ।
ਸਾਹਿਤਕਾਰਾਂ ਦੀ ਇਕੱਲਤਾ ਉਨ੍ਹਾਂ ਦੀ ਅੰਦਰਲੀ ਹਉਮੈ ਕਰਕੇ ਹੈ। ਉਹ ਸਮਝਦੇ ਹਨ ਕਿ ਉਹ ਵੱਖਰੀ ਤਰ੍ਹਾਂ ਦੇ ਆਦਮੀ ਹਨ ਅਤੇ ਹੋਰ ਕੋਈ ਉਨ੍ਹਾਂ ਨੂੰ ਠੀਕ ਤਰ੍ਹਾਂ ਸਮਝ ਨਹੀਂ ਸਕਦਾ। ਉਨ੍ਹਾਂ ਨਾਲ ਕੋਈ ਗੱਲ ਕਰੇ ਵੀ ਤਾਂ ਲਤੀਫੇਬਾਜ਼ੀ ਦੀ ਪੱਧਰ ਉੱਤੇ ਰਹਿੰਦੀ ਹੈ। ਉਹ ਆਪਣੇ ਦਿਲ ਦੀ, ਆਪਣੇ ਕਿੱਤੇ ਦੀ, ਆਪਣੇ ਘਰ ਦੀ, ਆਪਣੇ ਪਾਲਣ ਪੋਸਣ ਦੀ ਗੱਲ ਘੱਟ ਕਰਦੇ ਹਨ। ਅਗਲੇ ਦਿਨ ਇਕ ਬੰਗਾਲੀ ਮੁੰਡਾ ਮੈਨੂੰ ਮਿਲਣ ਆਇਆ। ਇਕ ਦੋ ਗੱਲਾਂ ਪਿੱਛੋਂ ਮੈਂ ਇਕ ਦਮ ਕਿਹਾ, ‘ਤੂੰ ਆਪਣੇ ਘਰ ਦੀਆਂ ਗੱਲਾਂ ਦੱਸ ਮੈਨੂੰ।` ਕਹਿਣ ਸਾਰ ਹੀ ਮੈਨੂੰ ਲੱਗਾ ਕਿ ਇਹ ਬੜੀ ਮੂਰਖਤਾ ਹੋਈ ਪਰ ਉਸ ਤੋਂ ਪਿੱਛੋਂ ਗੱਲਬਾਤ ਬਹੁਤ ਗੂੜ੍ਹੀ ਹੋ ਗਈ ਅਤੇ ਲਾਹੇਵੰਦ ਵੀ। ਕਈ ਸਾਲ ਪਹਿਲਾਂ ਇਕ ਪੰਜਾਬੀ ਲੇਖਕ, ਜਿਹੜਾ ਅਧਿਆਪਕ ਵੀ ਸੀ, ਮੈਨੂੰ ਮਿਲਿਆ। ਮੈਨੂੰ ਹਿੰਦੀ ਪੰਜਾਬੀ ਵਿਚ ਚੱਲੀ ਨਵੀਂ ਪੜ੍ਹਾਈ ਵਿਚ ਬੜੀ ਦਿਲਚਸਪੀ ਸੀ। ਇਸ ਬਾਰੇ ਮੈਂ ਉਸ ਤੋਂ ਬਹੁਤ ਸਾਰੀਆਂ ਗੱਲਾਂ ਪੁੱਛੀਆਂ। ਅਖੀਰ ਉਹ ਅੱਕ ਗਿਆ ਤੇ ਕਹਿਣ ਲੱਗਾ, ‘ਕੋਈ ਸਾਹਿਤ ਬਾਰੇ ਗੱਲ ਕਰ। ਇਹ ਕੀ ਲੈ ਬੈਠਾ ਹੈਂ?` ਸਾਹਿਤ ਬਾਰੇ ਮੈਨੂੰ ਕੋਈ ਗੱਲ ਕਰਨੀ ਨਹੀਂ ਆਉਂਦੀ ਸੀ। ਗੱਲਬਾਤ ਖਤਮ ਹੋ ਗਈ।
ਇਕ ਪਾਸੇ ਤਾਂ ਸਾਹਿਤਕਾਰ ਸਮਾਜ ਨਾਲ ਡਾਂਗੋ ਡਾਂਗੀ ਹੋਣ ਦਾ ਭੇਖ ਕਰ ਰਿਹਾ ਹੈ ਅਤੇ ਦੂਜੇ ਪਾਸੇ ਉਸ ਬਾਰੇ ਕੁਝ ਜਾਨਣਾ ਜਾਂ ਸੁਣਨਾ ਨਹੀਂ ਚਾਹੁੰਦਾ। ਆਪਣੀ ਬਾਹਰਲੀ ਸ਼ਕਲ ਵਿਚ, ਆਦਤਾਂ ਵਿਚ ਅਤੇ ਗੱਲਬਾਤ ਵਿਚ ਉਹ ਆਪਣੇ ਆਪ ਨੂੰ ਸਮਾਜ ਤੋਂ ਵੱਖ ਅਤੇ ਉਸ ਹੱਥੋਂ ਦੁਖਿਆ ਹੋਇਆ ਪ੍ਰਗਟ ਕਰਦਾ ਹੈ ਪਰ ਜਿੱਥੇ ਹੋਰ ਲੋਕ ਅਤੇ ਜਥੇਬੰਦੀਆਂ ਆਪਣੇ ਦੁਸ਼ਮਣ ਬਾਰੇ ਜਾਨਣ ਲਈ ਬੇਸ਼ੁਮਾਰ ਰੁਪਈਆ ਖਰਚ ਕਰਨ ਨੂੰ ਤਿਆਰ ਹਨ, ਉਥੇ ਇਹ ਉਸ ਵੱਲ ਅੱਖ ਭਰ ਕੇ ਵੇਖਣਾ ਵੀ ਨਹੀਂ ਚਾਹੁੰਦਾ। ਵਧ ਰਹੀ ਸਾਇੰਸ ਦੀ ਸਹਾਇਤਾ ਨਾਲ ਦਿਨੋ-ਦਿਨ ਬਦਲਦੇ ਸਮਾਜ ਨੂੰ ਬੁੱਝ ਸਕਣਾ ਸੌਖਾ ਨਹੀਂ। ਪੀਅਰਜ਼ ਇਨਸਾਈਕਲੋਪੀਡੀਆ ਦੀ ਸੱਜਰੀ ਐਡੀਸ਼ਨ ਦੇ ਮੁਖਬੰਦ ਵਿਚ ਲਿਖਿਆ ਹੈ ਕਿ ਇਹ ਕੋਈ ਨਹੀਂ ਦੱਸ ਸਕਦਾ ਕਿ ਪਿਛਲੇ ਪੰਦਰਾਂ ਸਾਲਾਂ ਵਿਚ ਪੱਛਮੀ ਦੇਸ ਐਨੇ ਅਮੀਰ ਕਿਸ ਤਰ੍ਹਾਂ ਹੋ ਗਏ ਹਨ ਪਰ ਇਸ ਦਾ ਮਤਲਬ ਇਹ ਹੈ ਕਿ ਅਸੀਂ ਇਸ ਕੰਮ ਵਿਚ ਹੋਰ ਵਧੇਰੀ ਦਿਲਚਸਪੀ ਲਈਏ ਅਤੇ ਮਿਹਨਤ ਕਰੀਏ ਨਾ ਕਿ ਇਹ ਕਿ ਲੁਕ ਕੇ ਇਸ ਨੂੰ ਗਾਲ੍ਹਾਂ ਕੱਢਣ ਉੱਤੇ ਹੀ ਸਬਰ ਕਰ ਛੱਡੀਏ ਅਤੇ ਫਿਰ ਇਹ ਸ਼ਿਕਾਇਤ ਕਰੀਏ ਕਿ ਸਾਡਾ ਜੀਅ ਨਹੀਂ ਲਗਦਾ।