ਪ੍ਰਿੰ. ਸਰਵਣ ਸਿੰਘ
ਪੰਜਾਬ ਸਦੀਆਂ ਤੋਂ ਖੇਡਾਂ ਤੇ ਖਿਡਾਰੀਆਂ ਦੀ ਧਰਤੀ ਰਿਹਾ ਹੈ। ਪਹਿਲਵਾਨ, ਡੰਡ-ਬੈਠਕਾਂ ਕੱਢਣ ਵਾਲੇ, ਕਬੱਡੀ ਦੇ ਖਿਡਾਰੀ, ਭਾਰ-ਚੁਕਾਵੇ ਅਤੇ ਅਨੇਕਾਂ ਹੋਰ ਦੇਸੀ ਖੇਡਾਂ ਦੇ ਖਿਡਾਰੀ ਲਗਭਗ ਹਰ ਪਿੰਡ ਵਿਚ ਹੁੰਦੇ ਸਨ। ਲੋਕ ਉਨ੍ਹਾਂ ਦੀ ਵਡਿਆਈ ਕਰਦੇ ਤੇ ਉਨ੍ਹਾਂ ਨੂੰ ਪਿੰਡ ਦਾ ਮਾਣ ਸਮਝਦੇ। ਪਹਿਲਵਾਨਾਂ ਨੂੰ ਤਾਂ ਸਾਧੂਆਂ-ਸੰਤਾਂ ਵਾਂਗ ਭਲੇ ਪੁਰਸ਼ ਸਮਝਿਆ ਜਾਂਦਾ ਸੀ। ਪਿੰਡ ਵਾਲੇ ਉਨ੍ਹਾਂ ਨੂੰ ਘਿਓ, ਜੋ ਉਦੋਂ ਉਨ੍ਹਾਂ ਦੀ ਮੁੱਖ ਖੁਰਾਕ ਹੁੰਦਾ ਸੀ, ਪੀਪੇ ਭਰ-ਭਰ ਭੇਟ ਕਰਦੇ। ਮੈਨੂੰ ਆਪਣੇ ਬਚਪਨ ਦਾ ਚੇਤਾ ਹੈ ਕਿ ਕਿੱਕਰ ਸਿੰਘ, ਕੱਲੂ ਤੇ ਗਾਮੇ ਵਰਗੇ ਪਹਿਲਵਾਨਾਂ ਵਾਸਤੇ ਲੋਕ ਕਿਵੇਂ ਸ਼ਰਧਾ ਰਖਦੇ ਸਨ ਅਤੇ ਉਨ੍ਹਾਂ ਦੀ ਪ੍ਰਸਿੱਧੀ ਕਿਵੇਂ ਦੂਰ-ਦੂਰ ਤਕ ਫੈਲੀ ਹੋਈ ਸੀ।
ਆਧੁਨਿਕ ਸਾਹਿਤ ਦਾ ਜੁੱਗ ਸ਼ੁਰੂ ਹੋਇਆਂ ਮਸਾਂ ਡੇਢ ਕੁ ਸਦੀ ਹੋਈ ਹੈ, ਪਰ ਜਦੋਂ ਸਾਹਿਤ ਹੋਰ ਸਭ ਵਿਧਾਵਾਂ ਵਿਚ ਤੇਜ਼ੀ ਨਾਲ ਪ੍ਰਫੁੱਲਤ ਹੋਣ ਲੱਗਿਆ, ਖੇਡਾਂ-ਖਿਡਾਰੀਆਂ ਬਾਰੇ ਲਿਖਣ ਲਈ ਕੋਈ ਲੇਖਕ ਪ੍ਰੇਰਿਤ ਨਾ ਹੋਇਆ। ਨਾਮੀ ਪਹਿਲਵਾਨਾਂ ਬਾਰੇ ਕਵੀਸ਼ਰਾਂ ਦੇ ਲਿਖੇ ਹੋਏ ਕੁਝ ਛੋਟੇ-ਮੋਟੇ ਕਿੱਸੇ ਜ਼ਰੂਰ ਮਿਲਦੇ ਸਨ। ਫਿਰ ਵਲਾਇਤ-ਵਾਸੀ ਬਲਬੀਰ ਸਿੰਘ ਕੰਵਲ ਨੇ 1964 ਵਿਚ ‘ਭਾਰਤ ਦੇ ਪਹਿਲਵਾਨ’ ਪੁਸਤਕ ਛਪਵਾ ਕੇ ਪੰਜਾਬੀ ਖੇਡ-ਸਾਹਿਤ ਦੀ ਪਗਡੰਡੀ ਪਾਈ। ਇਸ ਪਗਡੰਡੀ ਨੂੰ ਸ਼ਾਹਰਾਹ ਬਣਾਉਣ ਦਾ ਸਿਹਰਾ ਸਰਵਣ ਸਿੰਘ ਦੇ ਸਿਰ ਬਝਦਾ ਹੈ। ਇਹ 1966 ਤੋਂ ਖੇਡਾਂ-ਖਿਡਾਰੀਆਂ ਬਾਰੇ ਲਗਾਤਾਰ ਲਿਖਦਾ ਆ ਰਿਹਾ ਹੈ ਅਤੇ ਇਹਦੀਆਂ ਖੇਡ-ਪੁਸਤਕਾਂ ਦੀ ਗਿਣਤੀ ਵੀਹ ਤੋਂ ਟੱਪ ਚੁਕੀ ਹੈ। ਇਹ ਪੰਜਾਬੀ ਦਾ ਪ੍ਰਮੁੱਖ ਖੇਡ-ਲੇਖਕ ਤਾਂ ਹੈ ਹੀ, ਜੇ ਇਹਨੂੰ ਪੰਜਾਬੀ ਵਿਚ ਖੇਡ-ਸਾਹਿਤ ਦਾ ਮੋਢੀ ਕਹਿ ਲਿਆ ਜਾਵੇ ਤਾਂ ਵੀ ਕੋਈ ਅਤਿਕਥਨੀ ਨਹੀਂ।
ਇਹ ਆਪ ਯੂਨੀਵਰਸਿਟੀ ਪੱਧਰ ਦਾ ਖਿਡਾਰੀ ਰਿਹਾ ਹੋਣ ਕਰਕੇ ਤਨ ਦੀ ਅਰੋਗਤਾ ਦੀ ਮਹੱਤਤਾ ਤੋਂ ਅਤੇ ਇਸ ਅਰੋਗਤਾ ਵਿਚ ਖੇਡਾਂ ਦੀ ਮਹੱਤਤਾ ਤੋਂ ਭਲੀਭਾਂਤ ਜਾਣੂ ਹੈ। ਇਹ ਅਰੋਗ ਤਨ ਵਿਚ ਅਰੋਗ ਮਨ ਹੋਣ ਦੇ ਤੱਥ ਬਾਰੇ ਵੀ ਸੁਚੇਤ ਹੈ। ਇਸੇ ਸਦਕਾ ਇਹ ਲੰਮੇ ਸਮੇਂ ਤੋਂ ਲੰਮੀ ਸੈਰ ਤੇ ਵਰਜਿਸ਼ ਦਾ ਨਿੱਤਨੇਮ ਨਿਭਾਉਂਦਾ ਆ ਰਿਹਾ ਹੈ। ਇਹਦਾ ਕੰਮਕਾਜੀ ਜੀਵਨ ਇਕੱਤੀ ਸਾਲ ਲੈਕਚਰਰ ਵਜੋਂ ਤੇ ਚਾਰ ਸਾਲ ਪ੍ਰਿੰਸੀਪਲ ਵਜੋਂ ਕਾਲਜਾਂ ਵਿਚ ਬੀਤਿਆ। ਇਉਂ ਇਹ ਕਾਲਜ ਪੱਧਰ ਦੀਆਂ ਖੇਡਾਂ ਨਾਲ ਵੀ ਜੁੜਿਆ ਰਿਹਾ। ਕਾਫੀ ਪਹਿਲਾਂ ਇਹਨੇ ਆਖਿਆ ਸੀ, “ਮੇਰੀ ਤਕੜਾ ਖਿਡਾਰੀ ਬਣਨ ਦੀ ਰੀਝ ਸੀ, ਜੋ ਪੂਰੀ ਨਾ ਹੋ ਸਕੀ। ਉਸ ਰੀਝ ਨੂੰ ਪੂਰੀ ਕਰਨ ਲਈ ਮੈਂ ਖੇਡ-ਲੇਖਕ ਬਣਿਆ। ਇਹ ਤਾਂ ਸਮਾਂ ਹੀ ਦੱਸੇਗਾ, ਮੇਰੀ ਸੀਮਾ ਕਿਥੇ ਤਕ ਹੈ!” ਅੱਜ ਇਹਦੀ ਸੀਮਾ ਦੀ ਅਸੀਮਤਾ ਸਾਡੇ ਸਾਹਮਣੇ ਹੈ।
ਇਹ ਪਹਿਲਾ ਪੰਜਾਬੀ ਲੇਖਕ ਹੈ, ਜੀਹਨੇ ਖੇਡਾਂ ਤੇ ਖਿਡਾਰੀਆਂ ਬਾਰੇ ਨਿੱਠ ਕੇ ਲਿਖਣਾ ਸ਼ੁਰੂ ਕੀਤਾ ਅਤੇ ਇਸ ਨੂੰ ਸੌਖਾ ਸ਼ੁਗਲ ਸਮਝਣ ਦੀ ਥਾਂ ਇਕ ਸਮਾਜਿਕ ਜ਼ਿੰਮੇਦਾਰੀ ਤੇ ਸਮੇਂ ਦੀ ਲੋੜ ਵਜੋਂ ਪੂਰੀ ਗੰਭੀਰਤਾ ਨਾਲ ਲਿਆ। ਇਹ ਤੱਥ ਵਰਣਨਯੋਗ ਹੈ ਕਿ ਖੇਡ-ਲੇਖਕ ਬਣਨ ਤੋਂ ਪਹਿਲਾਂ ਇਹਨੇ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ ਹੋਈਆਂ ਸਨ ਅਤੇ ਇਹਦਾ ਸ਼ੁਮਾਰ ਸੰਭਾਵਨਾ-ਭਰਪੂਰ ਕਹਾਣੀਕਾਰਾਂ ਵਿਚ ਹੋਣ ਲੱਗ ਪਿਆ ਸੀ। 1965 ਵਿਚ ਪਹਿਲੀ ਕਹਾਣੀ ‘ਨਚਾਰ’ ਸਿੱਧੀ ‘ਆਰਸੀ’ ਵਿਚ ਛਪੀ ਤਾਂ ਪ੍ਰਤੀਕਰਮ ਸੀ, “ਕਿਸੇ ਨਵੇਂ ਮੁੰਡੇ ਨੇ ਗੱਲ ਸਿਰੇ ਲਾ ਦਿੱਤੀ!” ਇਹਦੀਆਂ ਕਹਾਣੀਆਂ ਏਨੀਆਂ ਚਰਚਿਤ ਹੋਈਆਂ ਸਨ ਕਿ ਜੇ ਉਸੇ ਰਾਹ ਤੁਰਦਾ ਰਹਿੰਦਾ, ਯਕੀਨਨ ਅੱਜ ਇਹਦਾ ਨਾਂ ਪਹਿਲੀ ਕਤਾਰ ਦੇ ਕਹਾਣੀਕਾਰਾਂ ਵਿਚ ਲਿਆ ਜਾਂਦਾ। ਇਸੇ ਲਈ ਮੈਂ ਇਹਨੂੰ ਆਖਦਾ ਹਾਂ, ਇਹਦਾ ਕਹਾਣੀ-ਲੇਖਕ ਤੋਂ ਖੇਡ-ਲੇਖਕ ਬਣਨਾ ਖੇਡ-ਸਾਹਿਤ ਦੀ ਜਿੰਨੀ ਪ੍ਰਾਪਤੀ ਹੈ, ਕਹਾਣੀ-ਸਾਹਿਤ ਲਈ ਓਨੀ ਹੀ ਘਾਟੇਵੰਦੀ ਗੱਲ ਹੈ।
ਇਹਦਾ ਅਸਲ ਕਮਾਲ ਪਰ ਭਾਸ਼ਾਈ ਸੂਝ-ਸਿਆਣਪ ਨਾਲ ਛੇਤੀ ਹੀ ਉਸ ਕਰਤਾਰੀ ਸਮਰੱਥਾ ਤੱਕ ਪਹੁੰਚ ਜਾਣਾ ਸੀ, ਜਿਥੇ ਲੇਖਕ ਵਾਸਤੇ ਭਾਸ਼ਾ ਕਿਸੇ ਇਕ ਵਿਧਾ ਦਾ ਵਸੀਲਾ ਨਹੀਂ ਰਹਿੰਦੀ, ਸਗੋਂ ਵਿਚਾਰ-ਪ੍ਰਗਟਾਵੇ ਦਾ ਸਾਧਨ ਬਣ ਜਾਂਦੀ ਹੈ, ਸਾਕਾਰ ਹੋਣ ਲਈ ਉਹ ਵਿਚਾਰ ਆਪਣੇ ਨਾਲ ਭਾਵੇਂ ਆਪਣੀ ਕੋਈ ਵੀ ਵਿਧਾ ਲੈ ਕੇ ਆਉਣ। ਇਉਂ ਇਹ ਕਹਾਣੀਕਾਰ ਤੋਂ ਵਾਰਤਕਕਾਰ ਬਣ ਗਿਆ, ਜਿਸ ਦੀ ਕਲਮ ਦੇ ਕਲਾਵੇ ਵਿਚ ਮੁੱਖ ਪੱਖ ਖੇਡ-ਸੰਸਾਰ ਦੇ ਨਾਲ-ਨਾਲ ਹੋਰ ਵੀ ਕਈ ਕੁਝ ਆ ਜਾਂਦਾ ਹੈ। ਇਹ ਕਹਿਣਾ ਵਾਜਬ ਹੈ ਕਿ ਇਹਦੇ ਦੋਹਾਂ ਹੱਥਾਂ ਵਿਚ ਕਲਮਾਂ ਹਨ। ਇਕ ਕਲਮ ਤਾਂ ਖੇਡ-ਸਾਹਿਤ ਨੂੰ ਸਮਰਪਿਤ ਹੈ ਹੀ, ਦੂਜੀ ਕਲਮ ਖਿਡਾਰੀਆਂ ਦੇ ਸ਼ਬਦ-ਚਿੱਤਰਾਂ ਤੋਂ ਤੁਰ ਕੇ ਹੋਰ ਕਦਰਯੋਗ ਵਿਅਕਤੀਆਂ ਨੂੰ ਚਿੱਤਰਦਿਆਂ ਨਾਲੋ-ਨਾਲ ਕਦੀ ਆਤਮਕਥਾ ਤੇ ਕਦੀ ਸਫਰਨਾਮਾ, ਕਦੀ ਯਾਦਾਂ ਤੇ ਕਦੀ ਹਾਸ-ਵਿਅੰਗ, ਕਦੀ ਪੇਂਡੂ ਜੀਵਨ ਬਾਰੇ ਲੇਖ ਤੇ ਕਦੀ ਹੋਰ, ਜੋ ਵੀ ਮਨ ਆਵੇ ਸਿਰਜਦੀ ਰਹਿੰਦੀ ਹੈ।
ਮਨੁੱਖੀ ਜੀਵਨ ਵਿਚ ਸਬੱਬ ਕਈ ਵਾਰ ਵੱਡੀ ਭੂਮਿਕਾ ਨਿਭਾਉਂਦਾ ਹੈ। ਸਰਵਣ ਸਿੰਘ ਦਾ ਖੇਡ-ਲੇਖਕ ਬਣਨਾ ਵੀ ਇਕ ਸਬੱਬੀ ਵਰਤਾਰਾ ਕਿਹਾ ਜਾ ਸਕਦਾ ਹੈ। 1966 ਵਿਚ ਇਹ ਖਾਲਸਾ ਕਾਲਜ ਦਿੱਲੀ ਵਿਚ ਪੜ੍ਹਾਉਂਦਾ ਸੀ ਤੇ ਗਰਮੀ ਦੀਆਂ ਛੁੱਟੀਆਂ ਵਿਚ ਪਿੰਡ ਗਿਆ ਹੋਇਆ ਸੀ। ਇਹਨੂੰ ਅਖਬਾਰ ਤੋਂ ਪਤਾ ਲੱਗਿਆ ਕਿ ਕਿੰਗਸਟਨ ਵਿਚ ਹੋਣ ਵਾਲੀਆਂ ਕਾਮਨਵੈਲਥ ਖੇਡਾਂ ਲਈ ਕੌਮੀ ਪੱਧਰ ਦੇ ਅਥਲੀਟਾਂ ਦਾ ਕੋਚਿੰਗ ਕੈਂਪ ਪਟਿਆਲੇ ਲੱਗਿਆ ਹੋਇਆ ਹੈ। ਉਨ੍ਹਾਂ ਵਿਚੋਂ ਕੁਝ ਅਥਲੀਟ ਇਹਦੇ ਚੰਗੇ ਜਾਣੂ ਸਨ। ਉਨ੍ਹਾਂ ਨੂੰ ਮਿਲਣ ਦੀ ਨੀਅਤ ਨਾਲ ਇਹ ਪਟਿਆਲੇ ਜਾ ਪਹੁੰਚਿਆ। ਕੁਝ ਰਾਤਾਂ ਹੋਟਲ ਵਿਚ ਬਿਤਾਉਣ ਮਗਰੋਂ ਇਹਦਾ ਟਿਕਾਣਾ ਮਹਿੰਦਰਾ ਕਾਲਜ ਦੇ ਹੋਸਟਲ ਵਿਚ ਹੋ ਗਿਆ। ਰਾਤ ਇਹ ਉਥੇ ਕੱਟਦਾ ਤੇ ਸਾਰਾ ਦਿਨ ਅਥਲੀਟਾਂ ਦੀ ਸੰਗਤ ਵਿਚ ਬੀਤਦਾ। ਹੋਰ ਨਾ ਕੋਈ ਕੰਮ ਸੀ ਤੇ ਨਾ ਕੋਈ ਜ਼ਿੰਮੇਦਾਰੀ, ਇਕੋ-ਇਕ ਰੁਝੇਵਾਂ ਅਥਲੀਟਾਂ ਨੂੰ ਅਭਿਆਸ ਕਰਦੇ ਦੇਖਦੇ ਰਹਿਣਾ ਜਾਂ ਉਨ੍ਹਾਂ ਨਾਲ ਗੱਲਾਂਬਾਤਾਂ ਕਰਦੇ ਰਹਿਣਾ ਸੀ।
ਅਥਲੀਟ ਆਪਣੀ ਵਰਜਿਸ਼, ਖੇਡ-ਸਿਖਲਾਈ ਤੇ ਆਰਾਮ ਕਰਦਿਆਂ ਸਮਾਂ ਲੰਘਾਉਂਦੇ। ਇਹ ਉਨ੍ਹਾਂ ਨੂੰ ਦੇਖਦਾ ਰਹਿੰਦਾ; ਵਰਜ਼ਿਸ਼ ਤੇ ਖੇਡ ਨਾਲ ਕਮਾਏ ਹੋਏ ਉਨ੍ਹਾਂ ਦੇ ਸਰੀਰ, ਇਕ-ਦੂਜੇ ਨਾਲ ਹੁੰਦਾ ਹਾਸਾ-ਮਖੌਲ, ਉਨ੍ਹਾਂ ਦੀਆਂ ਆਦਤਾਂ, ਉਨ੍ਹਾਂ ਦਾ ਖਾਣ-ਪੀਣ, ਉਨ੍ਹਾਂ ਦੀ ਅਭਿਆਸੀ ਮਿਹਨਤ ਤੇ ਲਗਨ। ਗੱਲ ਕੀ, ਦੋ ਕੁ ਦਿਨਾਂ ਵਿਚ ਹੀ ਇਹਦੇ ਮਨ ਵਿਚ ਹਰ ਅਥਲੀਟ ਦੀ ਵੱਖਰੀ ਸ਼ਖਸੀਅਤ ਉਭਰਨ ਲੱਗੀ। ਉਨ੍ਹੀਂ ਦਿਨੀਂ ਲੇਖਕਾਂ ਦੇ ਸ਼ਬਦ-ਚਿੱਤਰ ਲਿਖ ਕੇ ਚਰਚਿਤ ਹੋਣ ਵਾਲੇ ਬਲਵੰਤ ਗਾਰਗੀ ਦਾ ਸ਼ਬਦ-ਚਿੱਤਰਾਂ ਦਾ ਨਵਾਂ ਸੰਗ੍ਰਹਿ ‘ਨਿੰਮ ਦੇ ਪੱਤੇ’ ਸੱਜਰਾ ਪੜ੍ਹਿਆ ਹੋਣ ਕਰਕੇ ਇਹਦਾ ਵਿਚਾਰ ਬਣਿਆ, ਕਿਉਂ ਨਾ ਏਨੇ ਨੇੜਿਉਂ ਤੱਕੇ ਇਨ੍ਹਾਂ ਕੌਮੀ ਤੇ ਕੌਮਾਂਤਰੀ ਪੱਧਰ ਦੇ ਖਿਡਾਰੀਆਂ ਦੇ ਸ਼ਬਦ-ਚਿੱਤਰ ਲਿਖੇ ਜਾਣ! ਇਹ ਸੀ ਬੀਜ, ਜੋ ਛੇਤੀ ਹੀ ਖੇਡ-ਲੇਖਕ ਦੇ ਰੂਪ ਵਿਚ ਭਰਿਆ-ਪੂਰਾ ਬਿਰਛ ਬਣ ਗਿਆ।
ਇਹ ਸਾਰਾ ਦਿਨ ਕੈਂਪ ਵਿਚ ਸ਼ਾਮਲ ਖਿਡਾਰੀਆਂ ਦਾ ਦੇਖਿਆ-ਨਿਹਾਰਿਆ ਸਭ ਕੁਝ ਰਾਤ ਨੂੰ ਆਪਣੇ ਟਿਕਾਣੇ ਆ ਕੇ ਕਾਗਜ਼ ਉੱਤੇ ਉਤਾਰ ਲੈਂਦਾ। ਨਤੀਜਾ ਇਹ ਹੋਇਆ ਕਿ ਤਿੰਨ ਹਫਤਿਆਂ ਮਗਰੋਂ ਘਰ ਪਰਤਦਿਆਂ ਦੋ ਕੁ ਦਰਜਨ ਖਿਡਾਰੀਆਂ ਬਾਰੇ ਦੋ-ਢਾਈ ਸੌ ਪੰਨਿਆਂ ਦੀ ਕੱਚੀ ਸਮੱਗਰੀ ਇਹਦੇ ਝੋਲੇ ਵਿਚ ਸੀ। ਦਿੱਲੀ ਪਰਤ ਕੇ ਇਹਨੇ ਪਹਿਲਾ ਸ਼ਬਦ-ਚਿੱਤਰ ‘ਮੁੜ੍ਹਕੇ ਦਾ ਮੋਤੀ’ ਡਿਕੈਥਲੋਨ ਦੇ ਏਸ਼ੀਅਨ ਚੈਂਪੀਅਨ ਤੇ ਟੋਕੀਓ ਓਲੰਪਿਕ ਖੇਡਾਂ ਵਿਚ ਪੰਜਵੇਂ ਨੰਬਰ ਦੇ ਹਰਡਲਜ਼-ਦੌੜਾਕ ਗੁਰਬਚਨ ਸਿੰਘ ਬਾਰੇ ਲਿਖਿਆ, ਜੋ ਮਾਸਕ ‘ਆਰਸੀ’ ਨੂੰ ਭੇਜ ਦਿੱਤਾ। ਛਪਿਆ ਤਾਂ ਪਾਠਕਾਂ ਨੇ ਖੂਬ ਸਲਾਹਿਆ। ‘ਆਰਸੀ’ ਵੱਲੋਂ ਮੰਗ ਆਉਂਦੀ ਰਹਿੰਦੀ, ਇਹ ਲਿਖਦਾ ਰਹਿੰਦਾ ਤੇ ਪਾਠਕ ਸਲਾਹੁੰਦੇ ਰਹਿੰਦੇ। ਉਦੋਂ ਲਗਾਤਾਰ ਦਸ-ਬਾਰਾਂ ਸ਼ਬਦ-ਚਿੱਤਰ ‘ਆਰਸੀ’ ਵਿਚ ਛਪੇ। ਫਿਰ ਹੋਰ ਅਖਬਾਰਾਂ-ਰਸਾਲਿਆਂ ਦੀ ਮੰਗ ਵੀ ਆਉਣ ਲੱਗੀ।
ਹੁਣ ਤੱਕ ਜਿਨ੍ਹਾਂ ਖਿਡਾਰੀਆਂ ਨੂੰ ਇਹਨੇ ਆਪਣੇ ਸ਼ਬਦਾਂ ਵਿਚ ਚਿੱਤਰਿਆ ਹੈ, ਉਨ੍ਹਾਂ ਦੀ ਗਿਣਤੀ ਦੋ ਸੌ ਨੂੰ ਪੁੱਜ ਗਈ ਹੈ। ਨਾਲ ਹੀ ਪਾਠਕ ਦੇਸੀ-ਵਿਦੇਸ਼ੀ ਖੇਡਾਂ ਦੀਆਂ ਬਾਰੀਕੀਆਂ ਜਾਣਨ ਦੀ ਉਤਸੁਕਤਾ ਦਿਖਾਉਣ ਲੱਗੇ ਤੇ ਇਹਨੇ ਸੌ ਦੇ ਲਗਭਗ ਖੇਡਾਂ ਦੀ ਜਾਣਕਾਰੀ ਅਖਬਾਰਾਂ-ਰਸਾਲਿਆਂ ਰਾਹੀਂ ਉਨ੍ਹਾਂ ਤੱਕ ਪੁੱਜਦੀ ਕਰ ਦਿੱਤੀ। 1978 ਵਿਚ ਇਹਦੀ ਪਹਿਲੀ ਪੁਸਤਕ ‘ਪੰਜਾਬ ਦੇ ਉੱਘੇ ਖਿਡਾਰੀ’ ਨਵਯੁਗ ਪਬਲਿਸ਼ਰਜ਼ ਨੇ ਪ੍ਰਕਾਸ਼ਿਤ ਕੀਤੀ, ਜਿਸ ਪਿੱਛੋਂ ਹੋਰ ਪੁਸਤਕਾਂ ਦੀ ਚੱਲ ਸੋ ਚੱਲ ਹੋ ਗਈ। ਇਹਦੀਆਂ ਖੇਡ-ਲਿਖਤਾਂ ਅਨੇਕ ਦੇਸਾਂ ਦੇ ਪੰਜਾਬੀ ਅਖਬਾਰਾਂ ਵਿਚ ਛਪ ਕੇ ਬਹੁਤ ਵੱਡੇ ਪਾਠਕ-ਘੇਰੇ ਤੱਕ ਪੁਜਦੀਆਂ ਹਨ।
ਪ੍ਰਸਿੱਧ ਕਵੀ ਜਨਾਬ ਮਜਰੂਹ ਸੁਲਤਾਨਪੁਰੀ ਦਾ ਇਕ ਸ਼ਿਅਰ ਹੈ: “ਮੈਂ ਅਕੇਲਾ ਹੀ ਚਲਾ ਥਾ ਜਾਨਿਬ-ਏ-ਮੰਜ਼ਿਲ ਮਗਰ, ਲੋਗ ਸਾਥ ਆਤੇ ਗਏ ਔਰ ਕਾਰਵਾਂ ਬਨਤਾ ਗਿਆ!” ਖੇਡ-ਲੇਖਨ ਦੇ ਮਾਰਗ ਉੱਤੇ ਤੁਰਿਆ ਤਾਂ ਸਰਵਣ ਸਿੰਘ ਇਕੱਲਾ ਹੀ ਸੀ, ਪਰ ਕੁਝ ਹੀ ਸਾਲਾਂ ਮਗਰੋਂ ਸੱਜੇ-ਖੱਬੇ ਦੇਖਿਆ ਤਾਂ ਇਹਦੇ ਨਾਲ ਪੂਰਾ ਕਾਰਵਾਂ ਜੁੜ ਚੁਕਾ ਸੀ। ਕਈ ਹੋਰ ਲੇਖਕ ਵੀ ਅਖਬਾਰਾਂ-ਰਸਾਲਿਆਂ ਨੂੰ ਖੇਡ-ਲਿਖਤਾਂ ਭੇਜਣ ਲੱਗੇ। ਪੱਤਰ ਪ੍ਰੇਰਕ ਟੂਰਨਾਮੈਂਟਾਂ ਤੇ ਖੇਡ-ਮੇਲਿਆਂ ਦੀਆਂ ਖਬਰਾਂ ਵੱਲ ਧਿਆਨ ਦੇਣ ਲੱਗੇ। ਹੌਲੀ-ਹੌਲੀ ਸਭ ਰੋਜ਼ਾਨਾ ਅਖਬਾਰਾਂ ਨੇ ਇਕ ਪੰਨਾ ਖੇਡਾਂ-ਖਿਡਾਰੀਆਂ ਦੇ ਨਾਂ ਕਰਨਾ ਸ਼ੁਰੂ ਕਰ ਦਿੱਤਾ ਅਤੇ ਮਹੱਤਵਪੂਰਨ ਖੇਡ-ਉਤਸਵਾਂ ਦਾ ਸੱਜਰਾ ਹਾਲ ਆਪਣੇ ਪਾਠਕਾਂ ਤੱਕ ਪੁਜਦਾ ਕਰਨ ਵਾਸਤੇ ਵਿਸ਼ੇਸ਼ ਪ੍ਰਤੀਨਿਧ ਭੇਜਣੇ ਸ਼ੁਰੂ ਕਰ ਦਿੱਤੇ।
ਪੰਜਾਬ ਵਿਚ ਖੇਡ-ਮੇਲੇ ਤਾਂ ਕਈ ਲਗਦੇ ਹਨ, ਪਰ ਕਿਲਾ ਰਾਇਪੁਰ ਦੀਆਂ ਖੇਡਾਂ ਦੀ ਆਪਣੀ ਹੀ ਸ਼ਾਨ ਹੈ। ਉਥੇ ਅਣਗਿਣਤ ਵੰਨ-ਸੁਵੰਨੀਆਂ ਖੇਡਾਂ ਹੁੰਦੀਆਂ ਹੋਣ ਸਦਕਾ ਉਹਦਾ ਨਾਂ ‘ਪੇਂਡੂ ਓਲੰਪਿਕ’ ਪੈ ਗਿਆ ਹੈ। ਉਥੇ ਖੇਡ-ਲੇਖਕਾਂ ਤੇ ਪੱਤਰਕਾਰਾਂ ਦਾ ਵੀ ਮੇਲਾ ਜੁੜ ਜਾਂਦਾ ਹੈ। ਇਸ ਪਨੀਰੀ ਵਿਚੋਂ ਬਹੁਤ ਬੂਟੇ ਵਿਗਸੇ ਹਨ ਤੇ ਬਹੁਤ ਫੁੱਲ ਖਿੜੇ ਹਨ। ਹੁਣ ਪੰਜਾਬੀ ਵਿਚ ਚਾਲੀ ਤੋਂ ਵੱਧ ਖੇਡ-ਲੇਖਕ ਅਜਿਹੇ ਹਨ, ਜਿਨ੍ਹਾਂ ਦੀ ਘੱਟੋ-ਘੱਟ ਇਕ ਪੁਸਤਕ ਤਾਂ ਛਪੀ ਹੀ ਹੈ ਤੇ ਕਈਆਂ ਦੀਆਂ ਇਕ ਤੋਂ ਵੱਧ ਪੁਸਤਕਾਂ ਵੀ ਛਪੀਆਂ ਹਨ। ਸਵਾ ਸੌ ਤੋਂ ਵੱਧ ਖੇਡ-ਪੁਸਤਕਾਂ ਵਿਚ ਇਕੱਲੇ ਸਰਵਣ ਸਿੰਘ ਦਾ ਯੋਗਦਾਨ ਦੋ ਦਰਜਨ ਖੇਡ-ਪੁਸਤਕਾਂ ਨਾਲ ਪੰਜਵਾਂ ਹਿੱਸਾ ਬਣ ਜਾਂਦਾ ਹੈ!
ਏਨੀ ਗਿਣਤੀ ਵਿਚ ਇਹ ਰਚਨਾ ਇਹਨੇ ਆਪਣੇ ਲਿਖਣ-ਮੇਜ਼ ਉੱਤੇ ਬੈਠ ਕੇ ਹੀ ਨਹੀਂ ਕਰ ਦਿੱਤੀ। ਅਜਿਹਾ ਕਰਨਾ ਸੰਭਵ ਵੀ ਨਹੀਂ ਸੀ। ਇਹ ਕੋਈ ਕਾਲਪਨਿਕ ਸਾਹਿਤ ਨਹੀਂ ਸੀ, ਠੋਸ ਤੱਥਾਂ ਅਤੇ ਵੇਰਵਿਆਂ ਦੀ ਅੱਖੀਂ ਦੇਖੀ ਜਾਣਕਾਰੀ ਲੋੜਦਾ ਸੀ। ਪੇਂਡੂ ਟੂਰਨਾਮੈਂਟਾਂ ਤੋਂ ਲੈ ਕੇ ਕੌਮੀ ਖੇਡਾਂ, ਏਸ਼ੀਅਨ ਖੇਡਾਂ, ਕਾਮਨਵੈਲਥ ਖੇਡਾਂ ਤੇ ਵਿਸ਼ਵ ਕੱਪਾਂ ਵਿਚੋਂ ਦੀ ਹੁੰਦਿਆਂ ਓਲੰਪਿਕ ਖੇਡਾਂ ਤੇ ਅੰਤਰਰਾਸ਼ਟਰੀ ਕਬੱਡੀ ਮੇਲੇ, ਜੋ ਇਹਨੇ ਵੇਖੇ ਹੋਏ ਹਨ, ਉਨ੍ਹਾਂ ਦੀ ਗਿਣਤੀ ਸੈਂਕੜਿਆਂ ਵਿਚ ਹੈ। ਇਹਦੀਆਂ ਤਿੰਨ ਪੁਸਤਕਾਂ ਤਾਂ ਅੱਖੀਂ ਡਿੱਠੇ ਖੇਡ-ਮੇਲਿਆਂ ਬਾਰੇ ਹੀ ਛਪ ਚੁੱਕੀਆਂ ਹਨ। ਇਹਨੇ ਸੌ ਤੋਂ ਵੱਧ ਖੇਡ-ਮੇਲਿਆਂ ਵਿਚ ਕਬੱਡੀ ਦੇ ਮੈਚਾਂ ਦੀ ਰਸ-ਭਰੀ ਭਾਸ਼ਾ ਵਿਚ ਕੁਮੈਂਟਰੀ ਕਰ ਕੇ ਦਰਸ਼ਕਾਂ ਦੀ ਵਾਹ-ਵਾਹ ਖੱਟੀ ਹੈ। ਦਿੱਲੀ ਦੇ ਸਪਤਾਹਿਕ ‘ਸਚਿੱਤਰ ਕੌਮੀ ਏਕਤਾ’ ਵਿਚ “ਖੇਡ ਮੈਦਾਨ ’ਚੋਂ” ਨਾਂ ਦਾ ਕਾਲਮ ਪੰਦਰਾਂ ਸਾਲ ਚਲਾਉਣਾ ਇਹਦੀ ਕਲਮੀ ਸਮਰੱਥਾ ਦਾ ਪ੍ਰਮਾਣ ਹੈ।
ਪੁਸਤਕ ‘ਪੰਜਾਬੀਆਂ ਦਾ ਖੇਡ ਸਭਿਆਚਾਰ’ ਵਿਚ ਇਹਨੇ ਪਿੰਡ ਤੋਂ ਲੈ ਕੇ ਓਲੰਪਿਕ ਤੱਕ ਦੀਆਂ ਖੇਡਾਂ ਨਾਲ ਪੰਜਾਬੀਆਂ ਦੇ ਅਟੁੱਟ ਨਾਤੇ ਦੀ ਵਾਰਤਾ ਜਿਸ ਸੁਚੱਜ ਨਾਲ ਪੇਸ਼ ਕੀਤੀ ਹੈ, ਉਹ ਦਿਲਚਸਪ ਵੀ ਹੈ ਤੇ ਜਾਣਕਾਰੀ ਨਾਲ ਭਰਪੂਰ ਵੀ!
ਖੇਡ-ਮੇਲਿਆਂ ਦੀ ਵਿਸ਼ਾਲਤਾ ਇਹਦੀ ਸੋਚ ਅਨੁਸਾਰ ਦੇਖੋ, “ਸ੍ਰਿਸ਼ਟੀ ਇਕ ਮਹਾਂ-ਖੇਡ-ਮੇਲਾ ਹੈ ਤੇ ਬ੍ਰਹਿਮੰਡ ਉਸ ਦਾ ਵਿਸ਼ਾਲ ਖੇਡ-ਮੈਦਾਨ। ਧਰਤੀ, ਸੂਰਜ, ਚੰਦ, ਤਾਰੇ ਤੇ ਉਪਗ੍ਰਹਿ ਉਹਦੇ ਖਿਡਾਰੀ ਹਨ। ਦਿਨ-ਰਾਤ ਤੇ ਰੁੱਤਾਂ ਦੇ ਗੇੜ ਮੈਚਾਂ ਦਾ ਸਮਾਂ ਸਮਝੇ ਜਾ ਸਕਦੇ ਹਨ। ਜੀਵਨ ਇਕ ਖੇਡ ਹੀ ਤਾਂ ਹੈ! ਜੀਵ ਆਉਂਦੇ ਹਨ ਤੇ ਤੁਰਦੇ ਜਾਂਦੇ ਹਨ। ਕੋਈ ਜਿੱਤ ਰਿਹਾ ਹੈ, ਕੋਈ ਹਾਰ ਰਿਹਾ ਹੈ। ਜਿਹੜੇ ਜਿੱਤ ਜਾਂਦੇ ਹਨ, ਉਹ ਬੱਲੇ-ਬੱਲੇ ਕਰਾ ਜਾਂਦੇ ਹਨ ਤੇ ਜਿਹੜੇ ਹਾਰ ਜਾਂਦੇ ਹਨ, ਉਹ ਭੁੱਲ-ਭੁਲਾ ਜਾਂਦੇ ਹਨ। ਕੁਦਰਤ ਦੇ ਕਾਦਰ ਨੇ ਅਲੌਕਿਕ ਮੇਲਾ ਰਚਾ ਰੱਖਿਆ ਹੈ ਤੇ ਬਾਜ਼ੀ ਪਾ ਰੱਖੀ ਹੈ: ਬਾਜੀਗਰ ਬਾਜੀ ਪਾਈ, ਸਭ ਖਲਕ ਤਮਾਸ਼ੇ ਆਈ!”
ਇਹਦਾ ਲਿਖਣ-ਕਾਰਜ ਅੱਖੀਂ ਡਿੱਠੇ ਨੂੰ ਕਾਗਜ਼ ਉੱਤੇ ਸੰਭਾਲ ਲੈਣ ਤੱਕ ਸੀਮਤ ਨਹੀਂ, ਸਗੋਂ ਇਹਨੇ ਖੇਡਾਂ ਦੇ ਸੰਬੰਧ ਵਿਚ ਪੂਰੇ ਸਿਦਕ-ਸਿਰੜ ਨਾਲ ਨਵੀਂ ਖੋਜ ਵੀ ਕੀਤੀ ਹੈ। ਮਿਸਾਲ ਵਜੋਂ ਜਦੋਂ ਇਹ ਪੰਜਾਬੀ ਸਰੋਤਿਆਂ-ਦਰਸ਼ਕਾਂ ਨੂੰ ਦੱਸਦਾ ਹੈ ਕਿ ਪੰਜਾਬ ਦੀਆਂ ਨਿਰੋਲ ਆਪਣੀਆਂ ਦੇਸੀ ਖੇਡਾਂ ਦੀ ਗਿਣਤੀ ਸੌ ਤੋਂ ਵੱਧ ਹੈ, ਉਹ ਹੈਰਾਨ ਹੋਏ ਅਣਮੰਨੇ ਜਿਹੇ ਮਨ ਨਾਲ ਇਕ ਦੂਜੇ ਵੱਲ ਦੇਖਣ ਲਗਦੇ ਹਨ। ਪਰ ਜਦੋਂ ਇਹ ਦੱਸਦਾ ਹੈ ਕਿ ਸਤਾਸੀ ਪੰਜਾਬੀ ਖੇਡਾਂ ਦੀ ਜਾਣਕਾਰੀ ਤਾਂ ਇਹਨੇ ਆਪਣੀ ਪੁਸਤਕ ‘ਪੰਜਾਬ ਦੀਆਂ ਦੇਸੀ ਖੇਡਾਂ’ ਵਿਚ ਸ਼ਾਮਲ ਕੀਤੀ ਹੋਈ ਹੈ, ਉਹੋ ਸਰੋਤੇ ਇਹਦੀ ਕਲਮ ਨੂੰ ਧੰਨ ਆਖਦੇ ਹਨ।
ਇਸੇ ਤਰ੍ਹਾਂ ਦੀ ਖੋਜ ਨਾਲ ਇਹਨੇ ਪੰਜਾਬੀ ਹਾਕੀ-ਖਿਡਾਰੀਆਂ ਦੇ ਕੁਝ ਦਿਲਚਸਪ ਅੰਕੜੇ ਲੱਭੇ ਹਨ। ਜਦੋਂ ਓਲੰਪਿਕ ਖੇਡਾਂ ਵਿਚ ਭਾਰਤੀ ਹਾਕੀ ਦੀ ਝੰਡੀ ਸੀ, ਹਾਕੀ ਨੂੰ ਆਪਣੀ ਖਿੱਦੋ-ਖੂੰਡੀ ਦਾ ਨੇਮਬੱਧ ਰੂਪ ਸਮਝਣ ਵਾਲੇ ਪੰਜਾਬੀ ਖਿਡਾਰੀ ਭਾਰਤੀ ਟੀਮ ਵਿਚ ਮੋਹਰੀ ਭੂਮਿਕਾ ਨਿਭਾਉਂਦੇ ਸਨ। 1928 ਤੋਂ 2012 ਤੱਕ ਦੇ ਓਲੰਪਿਕ ਹਾਕੀ ਮੁਕਾਬਲਿਆਂ ਵਿਚ 137 ਸਿੱਖ ਖਿਡਾਰੀ ਖੇਡੇ ਤੇ ਉਨ੍ਹਾਂ ਨੇ 254 ਗੋਲ ਕੀਤੇ। ਇਹ ਉਨ੍ਹਾਂ ਨੌਂ ਦੇਸਾਂ ਦੀ ਜਾਣਕਾਰੀ ਵੀ ਦਿੰਦਾ ਹੈ, ਜਿਨ੍ਹਾਂ ਦੀਆਂ ਓਲੰਪਿਕ ਹਾਕੀ ਟੀਮਾਂ ਵਿਚ ਸਿੱਖ ਖਿਡਾਰੀ ਸ਼ਾਮਲ ਰਹੇ। 1972 ਦੀਆਂ ਮਿਊਨਿਖ ਓਲੰਪਿਕ ਖੇਡਾਂ ਵਿਚ ਜਦੋਂ ਯੂਗੰਡਾ ਤੇ ਜਰਮਨੀ ਵਿਚਕਾਰ ਹਾਕੀ ਦਾ ਮੁਕਾਬਲਾ ਹੋਇਆ, ਯੂਗੰਡਾ ਦੀ ਟੀਮ ਵਿਚ ਕਪਤਾਨ ਸਮੇਤ ਦਸ ਸਿੱਖ ਖਿਡਾਰੀ ਦੇਖ ਕੇ ਦਰਸ਼ਕ ਸਮਝਦੇ ਰਹੇ ਕਿ ਮੁਕਾਬਲਾ ਭਾਰਤ ਤੇ ਜਰਮਨੀ ਵਿਚਕਾਰ ਹੈ। ਜਦੋਂ ਕੀਨੀਆ ਤੇ ਯੂਗੰਡਾ ਵਿਚਕਾਰ ਮੈਚ ਹੋਇਆ ਤਾਂ ਦੋਵਾਂ ਟੀਮਾਂ ਵਿਚ ਸਿੱਖ ਖਿਡਾਰੀਆਂ ਦੀ ਗਿਣਤੀ ਦੇਖ ਕੇ ਇਉਂ ਲੱਗਿਆ ਜਿਵੇਂ ਮੈਚ ਦੋ ਦੇਸਾਂ ਵਿਚਕਾਰ ਨਹੀਂ, ਦੋ ਖਾਲਸਾ ਕਾਲਜਾਂ ਵਿਚਕਾਰ ਹੋ ਰਿਹਾ ਹੋਵੇ! ਪੰਜਾਬੀ ਖਿਡਾਰੀਆਂ ਨੇ ਕੁਸ਼ਤੀ ਤੇ ਕਬੱਡੀ ਵਰਗੀਆਂ ਦੇਸੀ ਖੇਡਾਂ ਦੇ ਨਾਲ ਪੱਛਮ ਤੋਂ ਆਈਆਂ ਹੋਰ ਖੇਡਾਂ ਵਿਚ ਵੀ ਖੂਬ ਨਾਮਣਾ ਖੱਟਿਆ ਅਤੇ ਉਨ੍ਹਾਂ ਨੂੰ ਪੰਜਾਬ ਦੀ ਧਰਤੀ ਨਾਲ ਲਿਆ ਜੋੜਿਆ। ਇਹਦੀਆਂ ਖੇਡ-ਲਿਖਤਾਂ ਵਿਚ ਅਜਿਹੀਆਂ ਅਨੇਕ ਦਿਲਚਸਪ ਗੱਲਾਂ ਪੜ੍ਹਨ ਨੂੰ ਮਿਲਦੀਆਂ ਹਨ।
ਜਦੋਂ ਇਹਨੇ ਖੇਡਾਂ-ਖਿਡਾਰੀਆਂ ਬਾਰੇ ਲਿਖਣਾ ਸ਼ੁਰੂ ਕੀਤਾ ਸੀ ਤਾਂ ਇਕ ਸਾਹਿਤਕ ਗੋਸ਼ਟੀ ਵਿਚ ਕਿਸੇ ਆਲੋਚਕ ਦਾ ਕਹਿਣਾ ਸੀ ਕਿ ਖੇਡਾਂ ਨਾਲ ਸੰਬੰਧਿਤ ਲਿਖਤਾਂ ਨੂੰ ਸਾਹਿਤ ਨਹੀਂ ਮੰਨਿਆ ਜਾ ਸਕਦਾ। ਅੱਜ ਉਹ ਆਲੋਚਕ ਸ਼ਾਇਦ ਆਪਣੇ ਬੋਲਾਂ ਕਰਕੇ ਮੂੰਹ ਛੁਪਾਉਂਦਾ ਹੋਵੇ। ਹੁਣ ਪੰਜਾਬੀ ਸਾਹਿਤ ਵਿਚ ਖੇਡ-ਲਿਖਤਾਂ ਨੂੰ ਸਿਰਫ ਇਕ ਵਿਧਾ ਹੀ ਨਹੀਂ ਮੰਨਿਆ ਜਾਂਦਾ, ਸਗੋਂ ਹੋਰ ਵਿਧਾਵਾਂ ਵਾਂਗ ਇਸ ਨਾਲ ਸੰਬੰਧਿਤ ਖੋਜ-ਕਾਰਜ ਕਰਦਿਆਂ ਕਈ ਖੋਜਾਰਥੀ ਐਮ. ਫਿਲ. ਤੇ ਪੀਐਚ. ਡੀ. ਕਰ ਚੁਕੇ ਹਨ ਤੇ ਕਈ ਕਰ ਰਹੇ ਹਨ।
ਖਿਡਾਰੀਆਂ ਦੇ ਸ਼ਬਦ-ਚਿੱਤਰ ਲਿਖਦਾ-ਲਿਖਦਾ ਇਹ ਹੋਰ ਜਾਣੇ-ਪਛਾਣੇ, ਮੰਨੇ-ਪ੍ਰਮੰਨੇ ਤੇ ਪ੍ਰਸਿੱਧ ਵਿਅਕਤੀਆਂ ਦੇ ਸ਼ਬਦ-ਚਿੱਤਰ ਲਿਖਣ ਲੱਗ ਪਿਆ। ਅਜਿਹੇ ਬੰਦਿਆਂ ਦੀ ਵੀ ਕੋਈ ਗਿਣਤੀ ਨਾ ਰਹੀ। ਇਹਦੀ ਰਚਨਾ ਦੀ ਗੱਲ ਚੱਲਿਆਂ ਮੇਰੇ ਜ਼ਿਹਨ ਵਿਚ ਉਹ ਕਿਸਾਨ ਉਭਰ ਆਉਂਦਾ ਹੈ, ਜੋ ਮੁੜ੍ਹਕਾ-ਵਹਾਊ ਮਿਹਨਤ ਨਾਲ ਵਾਹੀ, ਬੀਜੀ, ਗੋਡੀ, ਸਿੰਜੀ ਤੇ ਸਮੇਟੀ ਸੁਨਹਿਰੀ ਕਣਕ ਦੇ ਵੱਡੇ, ਉੱਚੇ, ਭਾਰੇ-ਗੌਰੇ ਬੋਹਲ ਕੋਲ ਖੜ੍ਹਾ ਮੁਸਕਰਾ ਕੇ ਕਹਿ ਰਿਹਾ ਹੋਵੇ, “ਲਉ ਬਈ, ਆਪਣੀ ਮਿਹਨਤ ਸੁਹਣੀ ਪੱਲੇ ਪੈ ਗਈ!” ਇਹ ਲੰਮੇ, ਡੂੰਘੇ ਤੇ ਘੋਖਵੇਂ ਅਨੁਭਵ ਵਿਚੋਂ ਕੋਈ ਪੱਖ ਚੁਣਦਾ, ਸਿਮਰਦਾ, ਵਿਉਂਤਦਾ, ਤਰਤੀਬਦਾ ਹੈ ਤੇ ਉਹਨੂੰ ਖੂਬਸੂਰਤ ਵਾਰਤਕ ਵਿਚ ਸਾਕਾਰ ਕਰ ਕੇ ਸੰਤੁਸ਼ਟ ਹੋਇਆ ਮਿੱਤਰ-ਪਿਆਰਿਆਂ ਤੇ ਪਾਠਕਾਂ ਨੂੰ ਆਖਦਾ ਹੈ, “ਲਉ ਬਈ, ਆਪਣੀ ਇਹ ਕਿਤਾਬ ਵੀ ਵਾਹਵਾ ਬਣ ਗਈ! ਪੜ੍ਹ ਕੇ ਦੱਸੋ, ਕਿਵੇਂ ਰਹੀ!” ਕਿਸਾਨ ਦੀ ਕਣਕ ਵਾਂਗ ਇਹਦੀ ਨਵੀਂ ਪੁਸਤਕ ਵੀ ਹੁਣ ਹਰ ਸਾਲ ਆਉਂਦੀ ਹੈ।
ਇਹ ਤੋਰੇ-ਫੇਰੇ ਵਾਲਾ ਲੇਖਕ ਹੈ। ਇਹ ਤੋਰਾ-ਫੇਰਾ ਵਿਧਾਵਾਂ ਤੱਕ ਹੀ ਸੀਮਤ ਨਹੀਂ, ਸਗੋਂ ਇਹਦੀ ਜੀਵਨ-ਜਾਚ ਤੇ ਜੀਵਨ-ਸ਼ੈਲੀ ਹੈ। ਇਹਦਾ ਮੁੱਢ ਇਹਨੇ ਪ੍ਰਾਇਮਰੀ ਤੋਂ ਯੂਨੀਵਰਸਿਟੀ ਤੱਕ ਅੱਧੀ ਦਰਜਨ ਸਕੂਲ-ਕਾਲਜ ਬਦਲ ਕੇ ਬੰਨ੍ਹ ਦਿੱਤਾ ਸੀ। ਇਸ ਉਮਰੇ ਵੀ ਇਹ ਇਕ ਛਿਮਾਹੀ ਭਾਰਤ ਤੇ ਦੂਜੀ ਛਿਮਾਹੀ ਕੈਨੇਡਾ ਵਿਚਰਨ ਦੇ ਮੁੱਖ ਤੋਰੇ-ਫੇਰੇ ਦੇ ਅੰਦਰ ਹੋਰ ਤੋਰੇ-ਫੇਰੇ ਬਣਾਈ ਰੱਖਦਾ ਹੈ। ਦੇਸ ਆਉਂਦਾ ਹੈ ਤਾਂ ਸ਼ਹਿਰਾਂ-ਪਿੰਡਾਂ ਵਿਚ ਹੁੰਦੇ ਸਾਹਿਤਕ, ਸਭਿਆਚਾਰਕ ਤੇ ਖੇਡ ਮੇਲਿਆਂ ਵਿਚ ਹਾਜ਼ਰ-ਨਾਜ਼ਰ ਰਹਿੰਦਾ ਹੈ, ਪਰਦੇਸ ਹੋਵੇ ਤਾਂ ਦੱਸੇਗਾ, ਅਮਰੀਕਾ, ਇੰਗਲੈਂਡ ਜਾਂ ਅਮਕੇ ਦੇਸ ਖੇਡ-ਮੇਲੇ ਵਾਲਿਆਂ ਨੇ ਸੱਦਿਆ ਸੀ, ਉਥੇ ਹਫਤਾ ਲਾ ਕੇ ਆਇਆ ਹਾਂ। ਇਹ ਲਗਾਤਾਰ ਤੋਰਾ-ਫੇਰਾ ਇਹਦੇ ਅਨੁਭਵ ਦਾ ਆਧਾਰ ਹੈ ਤੇ ਇਹ ਅਨੁਭਵ ਵਗਣ ਲਈ ਬੇਚੈਨ ਰਹਿੰਦੀ ਇਹਦੀ ਕਲਮ ਵਾਸਤੇ ਅਮੁੱਕ ਆਧਾਰ-ਸਮਗਰੀ ਬਣਦਾ ਹੈ।
ਇਹਦੀ ਪੱਕੀ-ਰਸੀ ਕਲਮ ਭਾਸ਼ਾਈ ਆਨੰਦ ਤਾਂ ਦਿੰਦੀ ਹੀ ਹੈ, ਇਹਦੀਆਂ ਮਨੁੱਖੀ ਸਾਂਝਾਂ ਦੀ ਥਾਹ ਵੀ ਪੁਆਉਂਦੀ ਹੈ। ਪਾਠਕ ਹੈਰਾਨ ਹੁੰਦਾ ਹੈ ਕਿ ਇਹ ਕਿਹੜੇ-ਕਿਹੜੇ ਖੇਤਰ ਦੇ ਕਿਸ-ਕਿਸ ਮਹਾਂਰਥੀ ਨਾਲ ਜਾ ਸਾਂਝ ਪਾਉਂਦਾ ਹੈ, ਸਾਂਝ ਵੀ ਸਤਹੀ ਜਾਂ ਕੰਮ-ਚਲਾਊ ਨਹੀਂ, ਸਗੋਂ ਏਨੀ ਗੂੜ੍ਹੀ ਕਿ ਸੰਬੰਧਿਤ ਵਿਅਕਤੀ ਦੀ ਤਸਵੀਰ ਪੇਸ਼ ਨਹੀਂ ਕਰਦਾ ਜਿਸ ਵਿਚੋਂ ਉਹਦਾ ਸਿਰਫ ਬਾਹਰਲਾ ਰੂਪ ਦਿਖਾਈ ਦੇਵੇ, ਸਗੋਂ ਚਿਤਰ ਪੇਸ਼ ਕਰਦਾ ਹੈ ਜਿਸ ਦੇ ਹਾਵਭਾਵ ਵਿਚੋਂ ਉਹਦਾ ਅੰਤਰ-ਮਨ ਵੀ ਸਾਫ ਦਿਸਦਾ ਹੋਵੇ। ਇਉਂ ਇਹਦੇ ਪਾਤਰ ਦੀ ਸੰਪੂਰਨ ਹੋਂਦ ਸਾਡੇ ਸਾਹਮਣੇ ਰੂਪਮਾਨ ਹੋ ਜਾਂਦੀ ਹੈ। ਇਸ ਤੋਂ ਵੀ ਅੱਗੇ, ਇਹਦੇ ਪਾਤਰ ਦੇ ਦਰਸ਼ਨਾਂ ਵਿਚੋਂ ਨਾਲੋ-ਨਾਲ ਪੰਜਾਬ, ਪੰਜਾਬੀ ਰਹਿਤਲ, ਪੰਜਾਬੀ ਸੁਭਾਅ ਦੇ ਵੀ ਦਰਸ਼ਨ ਹੁੰਦੇ ਜਾਂਦੇ ਹਨ। ਇਸ ਕਰਕੇ ਇਹ ਰਚਨਾਵਾਂ ਇਕ ਤਰ੍ਹਾਂ ਨਾਲ ਪਿਛਲੇ ਦਹਾਕਿਆਂ ਦੇ, ਪਰ ਹੁਣ ਲੋਪ ਹੋ ਰਹੇ ਪੰਜਾਬ ਦੀਆਂ ਇਤਿਹਾਸਕ ਦਸਤਾਵੇਜ਼ਾਂ ਵੀ ਬਣ ਜਾਂਦੀਆਂ ਹਨ।
ਫਾਰਸੀ ਦੀ ਕਹਾਵਤ ਅਨੁਸਾਰ ਹਮਜਿਨਸ ਪਰਿੰਦੇ ਹੀ ਇਕੱਠੇ ਉਡਦੇ ਹਨ, ਜਿਸ ਕਰਕੇ ਕਬੂਤਰ ਕਬੂਤਰਾਂ ਨਾਲ ਉਡਦੇ ਹਨ ਤੇ ਬਾਜ ਬਾਜਾਂ ਨਾਲ। ਲੇਖਕ ਆਮ ਕਰਕੇ ਲੇਖਕਾਂ ਦੇ ਸ਼ਬਦ-ਚਿੱਤਰ ਲਿਖਦੇ ਹਨ। ਸਰਵਣ ਸਿੰਘ ਨੇ ਖੇਡ-ਲੇਖਕ ਹੋਣ ਸਦਕਾ ਅਨੇਕ ਖਿਡਾਰੀਆਂ ਦੇ ਤੇ ਲੇਖਕ ਹੋਣ ਕਰਕੇ ਕਈ ਲੇਖਕਾਂ ਦੇ ਸ਼ਬਦ-ਚਿੱਤਰ ਲਿਖੇ ਹਨ। ਫਿਰ ਉਹ ਲੇਖਕਾਂ ਤੋਂ ਅੱਗੇ ਲੰਘ ਕੇ ਅਜਿਹੇ ਭਲੇ ਮਨੁੱਖਾਂ ਦੇ ਸ਼ਬਦ-ਚਿੱਤਰ ਲਿਖਣ ਲੱਗ ਪਿਆ, ਜੋ ਖੇਡਾਂ ਤੇ ਸਾਹਿਤ ਤੋਂ ਇਲਾਵਾ ਵੱਖ-ਵੱਖ ਜੀਵਨ-ਖੇਤਰਾਂ ਨਾਲ ਜੁੜੇ ਹੋਏ ਹਨ। ਇਹਦੀ ਅਜਿਹੀ ਇਕ ਪੁਸਤਕ ਪੰਜਾਬ ਦੇ ਕੋਹੇਨੂਰ ਪੜ੍ਹੀ ਤਾਂ ਨੌਂ ਅਜਿਹੀਆਂ ਸ਼ਖਸੀਅਤਾਂ ਦੇ ਦਰਸ਼ਨ ਹੋਏ, ਜਿਹੋ ਜਿਹੀਆਂ ਸਦਕਾ ਕਿਸੇ ਵੀ ਭਾਈਚਾਰੇ ਦਾ ਫਖਰ ਮਹਿਸੂਸ ਕਰਨਾ ਕੁਦਰਤੀ ਹੁੰਦਾ ਹੈ। ਅਜਿਹੇ ਮਨੁੱਖ ਆਪਣੇ ਲੋਕਾਂ ਦਾ ਮਾਣ ਤਾਂ ਹੁੰਦੇ ਹੀ ਹਨ, ਉਨ੍ਹਾਂ ਦੀ ਪਛਾਣ ਵੀ ਹੁੰਦੇ ਹਨ।
ਜ਼ਿੰਦਗੀ ਕਿਸੇ ਨੂੰ ਜਿਸ ਖੇਤਰ ਵਿਚ ਵੀ ਲੈ ਪਹੁੰਚੀ, ਉਹਨੇ ਉਸੇ ਖੇਤਰ ਵਿਚ ਆਪਣੀ ਕਰਨੀ ਤੇ ਕੀਰਤੀ ਦਾ ਝੰਡਾ ਗੱਡ ਦਿੱਤਾ। ਇਸੇ ਆਧਾਰ ਉੱਤੇ ਮੇਰਾ ਇਹ ਕਹਿਣਾ ਵਾਜਬ ਹੈ ਕਿ ਇਸ ਪੁਸਤਕ ਨਾਲ ਸਰਵਣ ਸਿੰਘ ਨੇ ਪੰਜਾਬ ਦੇ ਨੌਂ ਸਰਵਣ ਪੁੱਤਰਾਂ ਬਾਰੇ ਸਾਨੂੰ ਪਹਿਲਾਂ ਤੋਂ ਹਾਸਲ ਨੇੜਲੀ ਪਛਾਣ ਵਿਚ ਹੋਰ ਨਿੱਗਰ ਵਾਧਾ ਕਰ ਦਿੱਤਾ ਹੈ! ਇਹ ਅਜਿਹੇ ਕਰਾਮਾਤੀ ਚਿਰਾਗ ਹਨ ਕਿ ਜਿਸ ਕਿਸੇ ਦਾ ਸਾਹਾਂ ਦਾ ਤੇਲ ਮੁੱਕ ਵੀ ਗਿਆ, ਉਹਦੀ ਤੇਜੱਸਵੀ ਕਰਨੀ-ਕੀਰਤੀ ਦੀ ਬੱਤੀ ਪਹਿਲਾਂ ਵਾਂਗ ਹੀ ਪ੍ਰਕਾਸ਼ਮਾਨ ਰਹੀ। ਜੀਵਨ ਦੇ ਅੰਤ ਦੇ ਬਾਵਜੂਦ ਜਸ ਦੀ ਅਮਰਤਾ ਨਸੀਬ ਵਾਲਿਆਂ ਦੇ ਹਿੱਸੇ ਹੀ ਆਉਂਦੀ ਹੈ! ਲੇਖਕ ਜਦੋਂ ਉਨ੍ਹਾਂ ਨੂੰ ਪੰਜਾਬ ਦੇ ਕੋਹੇਨੂਰ ਆਖਦਾ ਹੈ, ਉਹ ਇਸੇ ਤੇਜੱਸਵੀ ਕਰਨੀ-ਕੀਰਤੀ ਅਤੇ ਅਮਰਤਾ ਵੱਲ ਹੀ ਸੰਕੇਤ ਕਰ ਰਿਹਾ ਹੁੰਦਾ ਹੈ।
ਮੈਨੂੰ ਨਹੀਂ ਪਤਾ, ਸਰਵਣ ਸਿੰਘ ਨੂੰ ਇਸ ਪੁਸਤਕ ਲਈ ਇਨ੍ਹਾਂ ਹਸਤੀਆਂ ਦੀ ਚੋਣ ਕਰਨ ਸਮੇਂ ਇਕ ਸਾਂਝੇ ਗੁਣ ਦਾ ਖਿਆਲ ਆਇਆ ਸੀ ਕਿ ਨਹੀਂ, ਪਰ ਕੁਦਰਤ ਦੀ ਕਰਾਮਾਤ ਦੇਖੋ, ਸਾਰੇ ਦੇ ਸਾਰੇ ਸਾਊ-ਸਨਿਮਰ! ਜਿੰਨੇ ਮੱਤ ਦੇ ਉੱਚੇ, ਓਨੇ ਮਨ ਦੇ ਨੀਵੇਂ! ਸਾਡੇ ਵਿਸ਼ਵੀ ਪੰਜਾਬੀ ਪੁਰਖੇ, ਬਾਬਾ ਨਾਨਕ ਦੇ ਭਾਰੇ-ਗੌਰੇ ਸੱਚੇ ਸਿੱਖ ਜਿਸ ਨੇ ਸਾਡੇ ਵਾਸਤੇ “ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ” ਦੇ ਵਚਨ ਨਾਲ ਚਲਨ-ਚਰਿੱਤਰ ਦੀ ਖਰੀ ਕਸਵੱਟੀ ਮਿਥ ਦਿੱਤੀ ਸੀ। ਕੋਈ ਇਕ ਵੀ ਅਜਿਹਾ ਨਹੀਂ, ਜਿਸ ਕੋਲ ਬੈਠ ਗੱਲਾਂ ਕਰਦਿਆਂ ਉਹਦੀ ਹਉਂ ਦੀ ਹੁਮਕ ਤੁਹਾਨੂੰ ਉਹਤੋਂ ਥੋੜ੍ਹਾ ਜਿਹਾ ਦੂਰ ਸਰਕਣ ਵਾਸਤੇ ਆਖੇ, ਸਗੋਂ ਹਰੇਕ ਦੀ ਤੁਹਾਡੇ ਆਪਣੇ ਵਡੇਰੇ ਵਾਲੀ ਮੇਰ ਦੀ ਮਹਿਕ ਉਹਦੇ ਹੋਰ ਗੋਡੇ-ਮੁੱਢ ਲੱਗ ਕੇ ਬੈਠਣ ਵਾਸਤੇ ਸੈਨਤਾਂ ਕਰਦੀ ਹੈ।
ਇਕ ਗੱਲ ਹੋਰ। ਦੂਜੇ ਦੀ ਨਿਰਮਲਤਾ ਦੇਖਣ ਵਾਸਤੇ ਆਪਣਾ ਮਨ ਵੀ ਨਿਰਮਲ ਚਾਹੀਦਾ ਹੈ। ਅੱਖਾਂ ਵਿਚ ਗਹਿਰ-ਗੰਧਲ ਹੋਵੇ ਤਾਂ ਦਿੱਸਣ ਵਾਲੀ ਉਜਲੀ ਚੀਜ਼ ਵੀ ਗੰਧਲੀ ਲਗਦੀ ਹੈ। ਸਾਹਿਤ ਦਾ ਪਿੜ ਵੀ ਹੁਣ ਖਾਸਾ ਗੰਧਲ ਗਿਆ ਹੈ। ਈਰਖਾ, ਸਾੜਾ, ਕਿੜ, ਖਿਝ ਹੁਣ ਸਾਹਿਤਕ ਖੇਤਰ ਦੇ ਵੀ ਸਾਧਾਰਨ ਵਰਤਾਰੇ ਹਨ। ਆਪਣੀ ਲਕੀਰ ਵੱਡੀ ਸਿੱਧ ਕਰਨ ਵਾਸਤੇ ਦੂਜੇ ਦੀ ਲਕੀਰ ਨੂੰ ਕੱਟਿਆ ਜਾਂਦਾ ਹੈ। ਇਸੇ ਕਰਕੇ ਸਾਹਿਤ ਵਰਗੇ ਕਲਿਆਣਕਾਰੀ ਖੇਤਰ ਦੀ ਹਾਲਤ “ਪੈਰ ਹਲਾਇਨਿ ਫੇਰਨਿ ਸਿਰ, ਉਡਿ ਉਡਿ ਰਾਵਾ ਝਾਟੈ ਪਾਇ” ਵਾਲੀ ਬਣੀ ਹੋਈ ਹੈ ਅਤੇ ਬਹੁਤੇ ਕਲਮਕਾਰ ਮਾਨਤਾ ਤੇ ਇਨਾਮਾਂ-ਸਨਮਾਨਾਂ ਦੀਆਂ “ਰੋਟੀਆ ਕਾਰਣਿ ਪੂਰਹਿ ਤਾਲ!” ਇਸ “ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ ਹਰਿਆ ਬੂਟੁ ਰਹਿਓ ਰੀ” ਵਾਲੀ ਆਪਾ-ਧਾਪੀ ਵਿਚ “ਵਿਰਲੇ ਕੇਈ ਕੇਇ” ਲੇਖਕ ਹੀ ਮੂਲ ਮਾਨਵੀ ਚਰਿਤਰ ਕਾਇਮ ਰੱਖ ਸਕੇ ਹਨ। ਸਰਵਣ ਸਿੰਘ ਉਨ੍ਹਾਂ ਵਿਚੋਂ ਹੈ। ਦਹਾਕਿਆਂ ਲੰਮੇ ਵਾਹ ਵਿਚ ਨਾ ਮੈਂ ਕਦੀ ਇਹਦਾ ਸਿਦਕ-ਸੰਤੁਲਨ ਡੋਲਿਆ ਦੇਖਿਆ ਹੈ ਤੇ ਨਾ ਕਦੀ ਇਹਦਾ ਸਹਿਜ-ਸੰਤੋਖ ਉਖੜਿਆ ਮਹਿਸੂਸ ਕੀਤਾ ਹੈ। ਕਿਸੇ ਦੀ ਨਿੰਦਿਆ-ਚੁਗਲੀ ਇਹਨੂੰ ਕਰਨੀ ਹੀ ਨਹੀਂ ਆਉਂਦੀ!
ਇਸ ਪੁਸਤਕ ਵਿਚ ਸ਼ਾਮਲ ਹਰ ਵਿਅਕਤੀ ਦੀ ਸੰਪੂਰਨ ਸ਼ਖਸੀਅਤ ਵੀ ਇਸੇ ਲਈ ਚਿਤਰ ਸਕਿਆ ਹੈ ਕਿ ਇਹ ਜੇ ਕਿਸੇ ਨਾਲ ਵੀ ਜੋੜਦਾ ਹੈ, ਤਰਦਾ ਤਰਦਾ ਸਤਹੀ ਨਾਤਾ ਨਹੀਂ ਜੋੜਦਾ। ਇਹ ਦੋਸਤੀ ਗੰਢਦਾ ਹੈ ਤਾਂ ਅਗਲੇ ਦੇ ਦਿਲ ਵਿਚ ਆਲ੍ਹਣਾ ਪਾਉਂਦਾ ਹੈ। ਦੋਸਤ ਦਾ ਘਰ ਇਹਦਾ ਆਪਣਾ ਘਰ ਤੇ ਪਰਿਵਾਰ ਆਪਣਾ ਪਰਿਵਾਰ ਹੋ ਜਾਂਦਾ ਹੈ। ਇਹਦਾ ਫੋਨ ਆਉਂਦਾ ਹੈ ਤਾਂ ਮੇਰੇ ਲਿਖਣ-ਪੜ੍ਹਨ ਦੇ ਨਾਲ-ਨਾਲ ਇਕੱਲੇ-ਇਕੱਲੇ ਜੀਅ ਦੀ ਸੁੱਖਸਾਂਦ ਪੁਛਦਾ ਹੈ। ਮੇਰਾ ਯਕੀਨ ਹੈ, ਜੇ ਮੈਂ ਦਿੱਲੀ ਵਿਚ ਮੱਝ ਰੱਖੀ ਹੋਈ ਹੋਵੇ, ਇਹ ਅੱਜ ਵੀ ਕੈਨੇਡਾ ਤੋਂ ਪੁੱਛੇ, “ਆਪਣੀ ਮੱਝ ਭਲਾ ਕਿੰਨ੍ਹਵੇਂ ਸੂਏ ਹੋ ਗਈ? ਦੁੱਧ ਕਿੰਨਾ ਕੁ ਦੇਈ ਜਾਂਦੀ ਐ?” ਤੇ ਫੇਰ ਇਹ ਸਲਾਹ ਦੇਣੀ ਵੀ ਨਾ ਭੁੱਲੇ, “ਓ ਭਾਈ, ਖਲ਼-ਵੜੇਵਿਆਂ ਦਾ ਜ਼ਮਾਨਾ ਤਾਂ ਹੁਣ ਗਿਆ। ਇਹਨੂੰ ਮੰਡੀਉਂ ਲਿਆ ਕੇ ਫੀਡ ਪਾਇਆ ਕਰੋ। ਉਹਦੇ ਨਾਲ ਧਾਰਾਂ ਵਧ ਜਾਣਗੀਆਂ।”
ਜਦੋਂ ਸਾਡੀਆਂ ਪੀੜ੍ਹੀਆਂ ਇਮਤਿਹਾਨ ਦੇਣ ਲਈ ਕਹਾਣੀ ਬਾਰੇ ਪੜ੍ਹਦੀਆਂ ਸਨ, ਉਨ੍ਹਾਂ ਨੂੰ ਆਦਿ, ਮੱਧ ਤੇ ਅੰਤ ਬਾਰੇ ਦਸਦਿਆਂ ਇਹ ਦ੍ਰਿੜ੍ਹ ਕਰਵਾਇਆ ਜਾਂਦਾ ਸੀ, ਕਾਮਯਾਬ ਕਹਾਣੀ ਦੀ ਇਕ ਲਾਜ਼ਮੀ ਸ਼ਰਤ ਇਹ ਹੁੰਦੀ ਹੈ ਕਿ ਉਹਦਾ ਆਦਿ ਪਾਠਕ ਵਾਸਤੇ ਖਿੱਚ-ਭਰਪੂਰ ਹੋਵੇ। ਸਰਵਣ ਸਿੰਘ, ਕਹਾਣੀ ਵਾਲਾ ਇਹ ਗੁਰ ਚੇਤੇ ਰਖਦਿਆਂ, ਆਪਣੇ ਪਾਤਰ ਦੀ ਸ਼ਖਸੀਅਤ ਦੀ ਗੱਲ ਅਜਿਹੇ ਸਾਰ-ਤੱਤ ਨਾਲ ਸ਼ੁਰੂ ਕਰਦਾ ਹੈ ਕਿ ਫਿਰ ਇਹਨੂੰ ਪਾਠਕ ਦਾ ਸਾਥ ਬਣਾਈ ਰੱਖਣ ਦੀ ਚਿੰਤਾ ਨਹੀਂ ਰਹਿ ਜਾਂਦੀ। ਕਲਮ ਢਲਵਾਨੀ ਪਾਣੀ ਵਾਂਗ ਵਹਿੰਦੀ ਜਾਂਦੀ ਹੈ ਤੇ ਪਾਠਕ ਰਚਨਾ ਦੀਆਂ ਖੁਸ਼ੀਆਂ-ਗਮੀਆਂ, ਉਦਾਸੀਆਂ-ਮੁਸਕਰਾਹਟਾਂ ਦਾ ਭਾਈਵਾਲ ਬਣ ਕੇ ਕੀਲਿਆ ਹੋਇਆ ਇਹਦੇ ਨਾਲ-ਨਾਲ, ਪਿੱਛੇ-ਪਿੱਛੇ ਵਗਿਆ ਤੁਰਿਆ ਆਉਂਦਾ ਹੈ।
ਡਾ. ਸਰਦਾਰਾ ਸਿੰਘ ਜੌਹਲ ਮੰਨਿਆ-ਪ੍ਰਮੰਨਿਆ ਅਰਥ-ਸ਼ਾਸਤਰੀ ਹੋਣ ਦੇ ਨਾਲ-ਨਾਲ ਸਾਹਿਤ ਤੇ ਸਭਿਆਚਾਰ ਦਾ ਰਸੀਆ ਵੀ ਹੈ ਤੇ ਸਰਪ੍ਰਸਤ ਵੀ। ਸਮਰੱਥਾ ਏਨੀ ਕਿ ਸਾਡੀ ਕਿਸੇ ਪੰਜਾਬ ਸਰਕਾਰ ਨੇ ਉੁਹਨੂੰ ਪੂਰੀ ਤਰ੍ਹਾਂ ਵਰਤਣ ਦੀ ਸਮਰੱਥਾ ਨਹੀਂ ਦਿਖਾਈ। ਕਾਬਲੀਅਤ ਵੱਡੀ, ਸਰਕਾਰਾਂ ਦੇ ਭਾਂਡੇ ਛੋਟੇ!
ਕਰਨੈਲ ਸਿੰਘ ਪਾਰਸ ਕਵੀਸ਼ਰਾਂ ਦਾ ਕਰਨੈਲ ਤਾਂ ਸੀ ਹੀ, ਅੰਧਵਿਸ਼ਵਾਸ, ਜਹਾਲਤ ਤੇ ਸਮਾਜਕ ਪਿਛਲਖੁਰਤਾ ਦਾ ਕੱਟੜ ਵਿਰੋਧੀ ਜੋ ਸਾਰੀ ਉਮਰ ਭਵਿੱਖਮੁਖੀ, ਲੋਕ-ਹਿਤੈਸ਼ੀ, ਅੱਗੇਵਧੂ ਸੋਚ ਦਾ ਪਾਰਸ ਬਣ ਕੇ ਕਬੀਰ ਜੀ ਦੇ ਵਚਨ “ਪਾਰਸੁ ਪਰਸਿ ਲੋਹਾ ਕੰਚਨੁ ਸੋਈ” ਉੱਤੇ ਪੂਰਾ ਉੱਤਰਦਿਆਂ ਸਰੋਤਿਆਂ ਦੀ ਹਨੇਰੀ ਸੋਚ ਵਿਚ ਦੀਵੇ ਬਾਲ ਕੇ ਕੰਚਨੁ ਬਣਨ ਦੇ ਰਾਹ ਪਾਉਂਦਾ ਰਿਹਾ।
ਜਸਵੰਤ ਸਿੰਘ ਕੰਵਲ ਜੋ ਸਰਵਣ ਸਿੰਘ ਦੀ ਤੇ ਮੇਰੀ ਪੀੜ੍ਹੀ ਦੇ ਸਾਹਿਤਕ ਸੁਰਤ ਸੰਭਾਲਣ ਤੋਂ ਵੀ ਪਹਿਲਾਂ ਤੋਂ ਸ਼ਬਦ-ਸਮਰਾਟ ਬਣਿਆ ਹੋਇਆ ਸੀ। ਅਸੀਂ ਸਾਹਿਤ ਦਾ ੳ-ਅ ਸਿੱਖ ਰਹੇ ਸੀ ਤਾਂ ਉਹਦਾ ਕੰਵਲ-ਫੁੱਲ ਸਾਹਿਤ-ਸਰੋਵਰ ਵਿਚ ਪੂਰਾ ਖਿੜਿਆ ਹੋਇਆ ਸੀ ਤੇ ਉਹਦੀ ਪੂਰਨਮਾਸੀ ਦੀ ਚਾਨਣੀ ਨਾਲ ਪੰਜਾਬੀ ਸਾਹਿਤ ਦਾ ਵਿਹੜਾ ਚਾਂਦੀ-ਰੰਗਾ ਹੋਇਆ ਪਿਆ ਸੀ।
ਜਗਦੇਵ ਸਿੰਘ ਜੱਸੋਵਾਲ ਪੰਜਾਬੀ ਸਾਹਿਤ-ਸਭਿਆਚਾਰ ਦਾ ਬੇਮਿਸਾਲ ਕਦਰਦਾਨ ਤੇ ਰਖਵਾਲਾ ਸੀ, ਸੱਚੇ ਅਰਥਾਂ ਵਿਚ ਜਥੇਦਾਰ। ਸਰਵਣ ਸਿੰਘ ਦਾ ਉਹਦੇ ਲਈ ਵਰਤਿਆ ਕਥਨ “ਸਭਿਆਚਾਰਕ ਮੇਲਿਆਂ ਦਾ ਮੋਹੜੀਗੱਡ” ਉਸ ਬਾਰੇ ਬਹੁਤ ਕੁਝ ਦਸਦਾ ਹੈ। ਮਸਤ-ਮਲੰਗ ਫੱਕਰ ਸੁਭਾਅ! ਦਿਲ ਵੀ ਖੁੱਲ੍ਹਾ, ਜੇਬ ਵੀ ਖੁੱਲ੍ਹੀ! ਲੁਧਿਆਣੇ ਮੈਂ ਇਕ ਸਾਹਿਤਕ ਸਮਾਗਮ ਵਿਚ ਸ਼ਾਮਲ ਹੋਣਾ ਸੀ। ਜੱਸੋਵਾਲ ਨੂੰ ਮੇਰੇ ਆਉਣ ਦਾ ਪਤਾ ਲਗਿਆ ਤਾਂ ਆਬਦੇ ਚੇਲੇ-ਬਾਲਕੇ ਨਿੰਦਰ ਘੁਗਿਆਣਵੀ ਨੂੰ ਕਹਿੰਦਾ, “ਭੁੱਲਰ, ਪਤਾ ਨਹੀਂ ਕਿਵੇਂ, ਹੁਣ ਤੱਕ ਆਪਣੀ ਮਾਰ ਤੋਂ ਪਾਸੇ ਹੀ ਰਹਿ ਗਿਆ। ਬੰਦੇ ਇਕੱਠੇ ਕਰ ਲਈਂ, ਆਪਾਂ ‘ਮੋਹਨ ਸਿੰਘ ਪੁਰਸਕਾਰ’ ਨਾਲ ਉਹਦਾ ਆਦਰ-ਮਾਣ ਜ਼ਰੂਰ ਕਰਨਾ ਹੈ।” ਮੋਹਨ ਸਿੰਘ ਦੀ ਸ਼ੀਸ਼ੇ-ਜੜੀ ਤਸਵੀਰ, ਲੋਈ, ਮਾਣ-ਪੱਤਰ ਤੇ ਇਕਵੰਜਾ ਸੌ ਰੁਪਏ। ਮੈਂ ਅਜੇ ਗਲ਼ ਵਿਚੋਂ ਲਾਹ ਕੇ ਲੋਈ ਤਹਿ ਹੀ ਕਰ ਰਿਹਾ ਸੀ ਕਿ ਬੋਲਿਆ, “ਤੁਸੀਂ ਆਏ ਕਿਵੇਂ ਹੋ?” ਮੇਰੇ ਟੈਕਸੀ ਦੱਸਿਆਂ ਹੱਥ ਫੇਰ ਜਾਗਟ ਦੀ ਅੰਦਰਲੀ ਜੇਬ ਵਿਚ ਪਾ ਲਿਆ, “ਟੈਕਸੀ ਦੇ ਤਾਂ ਦਿੱਲੀਓਂ ਖਾਸੇ ਪੈਸੇ ਲੱਗ ਜਾਂਦੇ ਨੇ!” ਮੈਂ ਬੜੀ ਮੁਸ਼ਕਿਲ ਨਾਲ ਉਹਦਾ ਹੱਥ ਜੇਬ ਵਿਚੋਂ ਕੱਢਿਆ। ਅਜਿਹਾ ਦਿਲਦਾਰ ਬੰਦਾ ਸੀ ਆਪਣਾ ਜੱਸੋਵਾਲ!
ਜਰਨੈਲ ਸਿੰਘ, ਜਿਸ ਦੀ ਫੁੱਟਬਾਲ ਦੀ ਦਹਾਕਾ ਲੰਮੀ ਜਰਨੈਲੀ ਦਾ ਕੋਈ ਜਵਾਬ ਨਹੀਂ। ਹੁਣ ਕਾਂਸੀ ਦਾ ਮੈਡਲ ਮਿਲੇ ਤੋਂ ਧੰਨ-ਧੰਨ ਕਰਨ ਵਾਲੇ ਦੇਸ ਦੀ ਝੋਲੀ ਗੋਲਡ-ਮੈਡਲ ਪਾਉਂਦਾ ਰਿਹਾ। ਆਪਣੇ ਪਿੰਡ ਦੀ ਮਿੱਟੀ ਦਾ ਪੁੱਤਰ ਜੀਹਦੇ ਪੈਰ ਦੇ ਹੁਲਾਰੇ ਨਾਲ ਅੰਬਰ ਵੱਲ ਉੱਡੀ ਬਾਲ ਨੂੰ ਜੱਗ ਹੈਰਾਨ ਹੋ-ਹੋ ਵੇਖਦਾ, ਪਰ ਜੀਹਨੇ ਆਪਣੀ ਹਉਂ ਬਾਲ ਦੇ ਪਿੱਛੇ ਪਿੱਛੇ ਅੰਬਰੀਂ ਚਾੜ੍ਹਨ ਦੀ ਥਾਂ ਨਿਮਰਤਾ ਦਾ ਪੱਲਾ ਘੁੱਟ ਕੇ ਫੜੀ ਰਖਦਿਆਂ ਪੈਰਾਂ ਨੂੰ ਮਜ਼ਬੂਤੀ ਨਾਲ ਧਰਤੀ ਉੱਤੇ ਜਮਾਈ ਰੱਖਿਆ। ਉਲੰਪਿਕ ਜਾਂ ਏਸ਼ੀਆਈ ਮੈਚ ਖੇਡ ਕੇ ਪਿੰਡ ਮੁੜਦਾ ਤਾਂ ਪਿੰਡ ਦੀ ਟੀਮ ਵਿਚ ਜਲ ਵਿਚ ਮੱਛੀ ਵਾਂਗ ਇਉਂ ਰਲ ਜਾਂਦਾ ਜਿਵੇਂ ਕਦੀ ਪਿੰਡੋਂ ਬਾਹਰ ਨਾ ਨਿਕਲਿਆ ਸਾਧਾਰਨ ਖਿਡਾਰੀ ਹੋਵੇ!
ਜੇ ਰੋਮ ਰੋਮ ਪੰਜਾਬੀ ਦੀ ਮਿਸਾਲ ਦੇਣੀ ਹੋਵੇ, ਦਾਰਾ ਸਿੰਘ ਦਾ ਨਾਂ ਲੈ ਦਿਉ। ਇਕ-ਤਿਹਾਈ ਸਦੀ ਤੋਂ ਕੁਝ ਵੱਧ ਸਮੇਂ ਵਿਚ ਪੰਜ ਸੈਂਕੜੇ ਕੁਸ਼ਤੀਆਂ ਲੜ ਕੇ ਉਹ ਮੁਰਾਤਬਾ ਹਾਸਲ ਕੀਤਾ ਕਿ ਆਪਣੀ ਤਾਕਤ ਦੀ ਗੱਲ ਕਰਨ ਵਾਲੇ ਨੂੰ ਲੋਕ ਆਖਦੇ, ਤੂੰ ਕਿਧਰਲਾ ਆ ਗਿਆ ਦਾਰਾ ਪਹਿਲਵਾਨ! ਉਹਦੇ ਨਾਂ ਦਾ ਲਾਹਾ ਲੈਣ ਵਾਸਤੇ ਫਿਲਮਾਂ ਵਾਲਿਆਂ ਨੇ ਪਲੋਸ ਲਿਆ ਤਾਂ ਅੱਧੀ ਸਦੀ ਤੋਂ ਕੁਝ ਵੱਧ ਸਮੇਂ ਵਿਚ ਡੇਢ ਸੌ ਫਿਲਮਾਂ ਕਰ ਲੈਣ ਮਗਰੋਂ ਵੀ ਸੁੰਦਰਤਾ ਦੇ ਛਲਕਦੇ ਸਾਗਰ ਵਿਚਕਾਰ ਉਹੋ ਜਤੀ-ਸਤੀ “ਦਾਰਾ ਜੀ” ਰਿਹਾ। ਰੂਪਨਗਰੀ ਵਿਚ ਸ਼ਰਾਫਤ ਦੀਆਂ ਜੋ ਇਕਾ-ਦੁੱਕਾ ਮਿਸਾਲਾਂ ਸਹੁੰ ਖਾਣ ਲਈ ਕਾਇਮ ਰਹੀਆਂ, ਉਨ੍ਹਾਂ ਦਾ ਮੋਹਰੀ। ਉਹਦੀ ਪੰਜਾਬੀਅਤ ਦਾ ਤਾਂ ਕਹਿਣਾ ਹੀ ਕੀ! ਫਿਲਮਾਂ ਵਾਲਿਆਂ ਨੇ ਬੇਨਤੀਆਂ ਦੇ ਬਾਵਜੂਦ ਪੰਜਾਬੀ ਵਿਚ ਹਿੰਦੀ-ਉਰਦੂ ਬੋਲਦਾ ਦੇਖ ਉਹਨੂੰ ਸ਼ੁੱਧ ਹਿੰਦੀ-ਉਰਦੂ ਸਿਖਾਉਣ ਵਾਸਤੇ ਉਸਤਾਦ ਰੱਖ ਦਿੱਤਾ। ਸਿਖਲਾਈ ਪੂਰੀ ਹੋਈ ਤਾਂ ਦਾਰਾ ਸਿੰਘ ਤਾਂ ਹਿੰਦੀ-ਉਰਦੂ ਪਹਿਲਾਂ ਵਾਂਗ ਹੀ ਪੰਜਾਬੀ ਵਿਚ ਬੋਲ ਰਿਹਾ ਸੀ, ਪਰ ਗ਼ੈਰ-ਪੰਜਾਬੀ ਉਸਤਾਦ ਹਿੰਦੀ-ਉਰਦੂ ਭੁੱਲ ਕੇ ਵਧੀਆ ਪੰਜਾਬੀ ਬੋਲਣ ਲੱਗ ਪਿਆ ਸੀ!
ਫੌਜਾ ਸਿੰਘ ਇਕ ਸਦੀ ਪਹਿਲਾਂ ਦੀ ਪੰਜਾਬੀ ਪੀੜ੍ਹੀ ਦੇ ਦਰਸ਼ਨ ਕਰਵਾਉਣ ਵਾਲਾ ਭੋਲਾ-ਭਾਲਾ, ਜਜ਼ਬਾਤੀ, ਵਲ-ਛਲ ਤੋਂ ਮੁਕਤ, ਫੱਕਰ-ਫਕੀਰ ਬਜ਼ੁਰਗ ਹੈ, ਜੋ ਬਜ਼ੁਰਗ ਬਣਨੋਂ ਇਨਕਾਰੀ ਹੈ। ਪੂਰੀ ਸਦੀ ਤੇ ਇਕ ਦਹਾਕੇ ਨੂੰ ਪਿੱਛੇ ਛੱਡ ਕੇ ਜੋ ਮੈਰਾਥਨੀ ਦੌੜਾਕ ਹੋਵੇ ਤੇ ਰੋਜ਼ ਸੱਤ-ਅੱਠ ਮੀਲ ਤੁਰਦਾ ਹੋਵੇ, ਉਹਨੂੰ ਬਜ਼ੁਰਗ ਕਹਿਣ ਦਾ ਜੇਰਾ ਕੌਣ ਕਰੇ! ਉਸ ਦੀ ਕਰਾਮਾਤੀ ਕਰਨੀ ਉਹਤੋਂ ਅੱਧੀ ਉਮਰ ਦੇ ਦਲਿੱਦਰੀਆਂ ਨੂੰ ਕੁਝ ਕਰਨ ਲਈ ਪ੍ਰੇਰਦੀ ਹੈ।
ਹਾਕੀ ਦਾ ਕਰਾਮਾਤੀ ਬਲਬੀਰ ਸਿੰਘ ਲੋਕਾਂ ਦੇ ਦਿਲਾਂ ਦਾ ਭਾਰਤ ਰਤਨ ਸੀ। ਕੁਝ ਸਮਾਂ ਪਹਿਲਾਂ ਜਦੋਂ ਇਕ ਕ੍ਰਿਕਟੀਏ ਖਿਡਾਰੀ ਨੂੰ ਸਰਕਾਰ ਨੇ ‘ਭਾਰਤ ਰਤਨ’ ਦਿੱਤਾ, ਉਹਤੋਂ ਪਹਿਲਾਂ ਇਸ ਸਨਮਾਨ ਦੇ ਹੱਕੀ ਵਜੋਂ ਆਮ ਲੋਕਾਂ ਦੀ ਜ਼ਬਾਨ ਉੱਤੇ ਜੇ ਕਿਸੇ ਦਾ ਨਾਂ ਸੀ, ਉਹ ਸੀ ਬਲਬੀਰ ਸਿੰਘ। ਹੁਣ ਟੀਮਾਂ ਇਕ ਗੋਲ ਮਾਰ ਲੈਣ ਨੂੰ ਪ੍ਰਾਪਤੀ ਸਮਝਦੀਆਂ ਹਨ। 1952 ਦੀਆਂ ਉਲੰਪਿਕ ਖੇਡਾਂ ਦੇ ਸੈਮੀਫਾਈਨਲ ਤੇ ਫਾਈਨਲ ਦੇ 9 ਵਿਚੋਂ 8 ਅਤੇ ਫਾਈਨਲ ਦੇ 6 ਵਿਚੋਂ 5 ਗੋਲ ਜਿਸ ਇਕੱਲੇ ਦੀ ਹਾਕੀ ਨਾਲ ਹੋਏ, ਉਹ ਸੀ ਮਾਣਮੱਤਾ ਪੰਜਾਬੀ ਬਲਬੀਰ ਸਿੰਘ।
ਮਿਲਖਾ ਸਿੰਘ ਜ਼ੀਰੋ ਤੋਂ ਹੀਰੋ ਤੱਕ ਦੀ ਯਾਤਰਾ ਦੀ ਗੌਰਵ-ਗਾਥਾ ਹੈ। ਉਹਦੇ ਨਾਂ ਨਾਲ ਜੁੜੇ ਅਨੇਕ ਕਿੱਸੇ ਤੇ ਟੋਟਕੇ ਉਹਦੀ ਸਾਦਗੀ ਦੇ ਵੀ ਗਵਾਹ ਹਨ ਅਤੇ ਉਹਦੀ ਘਾਲਣਾ ਤੇ ਪ੍ਰਾਪਤੀ ਦੇ ਵੀ। ਅਖੇ, ਕਿਸੇ ਨੇ ਲਾਲ ਬੱਤੀ ਦਿਖਾ ਕੇ ਕਿਹਾ, ਮਿਲਖਿਆ, ਜੇ ਔਹ ਬੱਤੀ ਨੂੰ ਹੱਥ ਲਾ ਕੇ ਛੇਤੀ ਮੁੜ ਆਵੇਂ, ਸੇਰ ਦੁੱਧ ਇਨਾਮ। ਬੱਤੀ ਟਰੱਕ ਦੀ ਸੀ। ਜਿਥੇ ਕਿਤੇ ਡਰਾਈਵਰ ਰੁਕਿਆ, ਬੱਤੀ ਨੂੰ ਹੱਥ ਲਾ ਕੇ ਮਿਲਖਾ ਕਈ ਘੰਟਿਆਂ ਮਗਰੋਂ ਮੁੜਿਆ ਤੇ ਭੋਲੇ-ਭਾਅ ਬੋਲਿਆ, ਲਿਆ ਮੇਰੀ ਸ਼ਰਤ! ਫਿਲਮ ‘ਭਾਗ ਮਿਲਖਾ ਭਾਗ’ ਦੇ ਨਾਂ ਵਾਂਗ ਉਹਦਾ ਜੀਵਨ ਲਗਾਤਾਰ ਅੱਗੇ ਹੀ ਅੱਗੇ ਵਧਦੇ ਜਾਣ ਦੀ ਕਹਾਣੀ ਹੈ ਤੇ ਦਰਸ਼ਕਾਂ ਵਿਚ ਉਹਦੀ ਹਰਮਨਪਿਆਰਤਾ ਮਿਲਖੇ ਦੀ ਸਫਲਤਾ ਦੀ ਸ਼ਾਹਦੀ ਭਰਦੀ ਹੈ।
ਪੰਜਾਬ ਦੇ ਇਨ੍ਹਾਂ ਨੌਂ ਕੋਹੇਨੂਰ ਹੀਰਿਆਂ ਵਿਚੋਂ ਕੋਈ ਵੀ ਅਜਿਹਾ ਨਹੀਂ, ਜੋ ਪਾਠਕਾਂ ਵਾਸਤੇ ਓਪਰਾ ਹੋਵੇ। ਤਾਂ ਵੀ ਇਹ ਪੁਸਤਕ ਇਨ੍ਹਾਂ ਆਪਣਿਆਂ ਨਾਲ ਉਨ੍ਹਾਂ ਦੀ ਅਪਣੱਤ ਨੂੰ ਯਕੀਨਨ ਹੋਰ ਗੂੜ੍ਹੀ ਕਰਦੀ ਹੈ।
