ਗਰਮ ਪਾਣੀ

ਕੈਨੇਡਾ ਵੱਸਦੀ ਲੇਖਿਕਾ ਸੁਰਿੰਦਰ ਗੀਤ ਕਵਿੱਤਰੀ ਵੀ ਹੈ ਅਤੇ ਕਹਾਣੀਕਾਰਾ ਵੀ। ਉਸ ਦੀਆਂ ਕਵਿਤਾਵਾਂ ਵਿਚ ਲੋਕ-ਦਰਦ, ਲੋਕ-ਸੁਨੇਹੇ, ਕੁਦਰਤ ਨਾਲ ਗੱਲਾਂ, ਰਿਸ਼ਤਿਆਂ ਦੀ ਗੱਲ ਅਤੇ ਹਾਲ-ਏ-ਦਿਲ ਬਾਖੂਬੀ ਬਿਆਨ ਕੀਤਾ ਹੁੰਦਾ ਹੈ। ਜਿਸ ਤਰ੍ਹਾਂ ਹਰ ਪਰਦੇਸੀ ਜਿਊੜੇ ਦੇ ਮਨ ਅੰਦਰ ਆਪਣਾ ਪਿਛਲਾ ਪਿੰਡ-ਨਗਰ ਖੇੜਾ ਵੱਸਦਾ ਰਹਿੰਦਾ ਹੈ, ਉਸੇ ਤਰ੍ਹਾਂ ਸੁਰਿੰਦਰ ਗੀਤ ਦੀਆਂ ਲਿਖਤਾਂ ਵਿਚ ਵੀ ਦੇਸ-ਪਰਦੇਸ ਦਾ ਪਿਆਰ ਤੇ ਦਰਦ ਝਲਕਾਂ ਮਾਰਦਾ ਦਿਸਦਾ ਹੈ।

ਹਥਲੀ ਕਹਾਣੀ ‘ਗਰਮ ਪਾਣੀ’ ਲਿਖੀ ਭਾਵੇਂ ਵਿਦੇਸ਼ ਨੂੰ ਧਰਾਤਲ ਬਣਾ ਕੇ ਗਈ ਹੈ, ਪਰ ਇਸ ਵਿਚਲੀ ਯਾਦਾਂ ਦੀ ਗੁੱਡੀ ‘ਆਪਣੇ ਦੇਸ’ ਦੇ ਆਸਮਾਨ ਵਿਚ ਉਡੀ ਦਿਸਦੀ ਹੈ। ਮੋਹ ਦੀਆਂ ਤੰਦਾਂ ਦਾ ਵਿਖਿਆਨ ਕਰਦੀ ਇਹ ਭਾਵੁਕ ਕਰ ਦੇਣ ਵਾਲੀ ਕਹਾਣੀ ਹੈ।

ਸੁਰਿੰਦਰ ਗੀਤ
ਕੈਲਗਰੀ, ਕੈਨੇਡਾ

ਮੈਂ ਜਦੋਂ ਵੀ ਜਿਮ ਜਾਂਦੀ, ਮੇਰੀਆਂ ਅੱਖਾਂ ਉਸ ਨੂੰ ਲਭਦੀਆਂ ਰਹਿੰਦੀਆਂ। ਕਈ ਵਾਰ ਤਾਂ ਉਹ ਮੇਰੇ ਤੋਂ ਪਹਿਲਾਂ ਹੀ ਕਸਰਤ ਕਰਕੇ ਚਲੀ ਜਾਂਦੀ ਅਤੇ ਕਈ ਵਾਰ ਉਹ ਦੌੜਨ ਵਾਲੀ ਮਸ਼ੀਨ `ਤੇ ਮੱਧਮ ਜਿਹੀ ਚਾਲ ਤੁਰ ਰਹੀ ਹੁੰਦੀ। ਕਈ ਵਾਰ ਉਹ ਮੇਰੇ ਤੋਂ ਪਹਿਲਾਂ ਹੀ ਆਪਣਾ ਕੰਮ ਮੁਕਾ ਕੇ ਜਾ ਚੁਕੀ ਹੁੰਦੀ ਅਤੇ ਕਈ ਵਾਰੀ ਉਹ ਮੇਰੇ ਤੋਂ ਪਿੱਛੋਂ ਆਉਂਦੀ; ਪਰ ਮੈਂ ਜਦੋਂ ਵੀ ਜਾਂਦੀ, ਉਸ ਨੂੰ ਜ਼ਰੂਰ ਦੇਖਣਾ ਚਾਹੁੰਦੀ। ਉਸ ਦੇ ਬਹੁਤ ਹੀ ਮਹਿੰਗੇ ਬਰੈਂਡ ਦੇ ਕਸਰਤ ਵਾਲੇ ਕੱਪੜੇ ਅਤੇ ਬਹੁਤ ਹੀ ਵਧੀਆ ਬੂਟ ਪਾਏ ਹੁੰਦੇ। ਉਸ ਆਮ ਜਿਹੀ ਔਰਤ ਦਾ ਝੁਰੜੀਆਂ ਨਾਲ ਭਰਿਆ ਚਿਹਰਾ ਦੇਖ ਕੇ ਮਹਿਸੂਸ ਹੁੰਦਾ ਸੀ ਕਿ ਉਸ ਨੇ ਜ਼ਿੰਦਗੀ ਦੀਆਂ ਬਹੁਤ ਤਲਖ ਹਕੀਕਤਾਂ ਨੂੰ ਹੰਢਾਇਆ ਹੋਵੇਗਾ। ਪੜ੍ਹੀ-ਲਿਖੀ ਨਹੀਂ ਸੀ ਲੱਗਦੀ, ਪਰ ਲੀੜੇ-ਲੱਤਿਆਂ ਤੋਂ ਕਿਸੇ ਚੰਗੇ ਅਮੀਰ ਘਰ ਦੀ ਬਜ਼ੁਰਗ ਹੋਣ ਦਾ ਸੰਕੇਤ ਜ਼ਰੂਰ ਕਰਦੀ ਸੀ। ਉਹ ਘੱਟ ਹੀ ਕਿਸੇ ਨਾਲ ਬੋਲਦੀ। ਉਸ ਦੀ ਬੋਲ-ਚਾਲ ਤੋਂ ਪਤਾ ਲੱਗਦਾ ਸੀ ਕਿ ਉਸ ਨੂੰ ਅੰਗਰੇਜ਼ੀ ਬੋਲਣੀ ਵੀ ਨਹੀਂ ਆਉਂਦੀ। ਮਾੜਾ-ਮੋਟਾ ਸਮਝ ਲੈਂਦੀ ਸੀ, ਉਹ ਵੀ ਨਾਂ-ਮਾਤਰ ਜਿਹਾ। ਉਸ ਦੀ ਤੋਰ ਤੋਂ ਪਤਾ ਲੱਗਦਾ ਸੀ ਕਿ ਗੋਡਿਆਂ ਦੀ ਤਕਲੀਫ ਸੀ। ਸ਼ਾਇਦ ਇਸੇ ਕਰਕੇ ਉਹ ਇਥੇ ਜਿਮ ਆਉਂਦੀ ਸੀ। ਉਸ ਨੂੰ ਹੋਰ ਕੋਈ ਤਕਲੀਫ ਨਹੀਂ ਸੀ ਦਿਸਦੀ। ਉਸ ਦੇ ਮਹਿੰਗੇ ਭਾਅ ਦੇ ਜਿਮ ‘ਚ ਪਾਉਣ ਵਾਲੇ ਕੱਪੜੇ ਮੈਨੂੰ ਉਸ ਵੱਲ ਨੂੰ ਖਿੱਚ ਰਹੇ ਸਨ, ਪਰ ਮੇਰਾ ਉਸ ਨਾਲ ਗੱਲਾਂ ਕਰਨ ਨੂੰ ਜੀਅ ਵੀ ਕਰਦਾ ਰਹਿੰਦਾ। ਮੈਂ ਜਦੋਂ ਵੀ ਉਸ ਨੂੰ ਦੇਖਦੀ, ਸਿਰ ਹਿਲਾ ਕੇ ਸਤਿ ਸ੍ਰੀ ਆਕਾਲ ਆਖ ਦਿੰਦੀ ਅਤੇ ਉਹ ਵੀ ਅੱਗੋਂ ਸਿਰ ਹਿਲਾ ਕੇ ਮੇਰੀ ਸਤਿ ਸ੍ਰੀ ਆਕਾਲ ਦਾ ਜਵਾਬ ਦੇ ਦਿੰਦੀ। ਉਹ ਮੈਨੂੰ ਜਾਣੀ-ਪਛਾਣੀ ਜਿਹੀ ਲੱਗਦੀ। ਇਹੀ ਨਹੀਂ, ਉਹ ਮੈਨੂੰ ਆਪਣੇ ਦਿਲ ਦੇ ਬਹੁਤ ਨਜ਼ਦੀਕ ਜਾਪਦੀ। ਕੁਝ ਆਪਣੀ ਆਪਣੀ ਜਿਹੀ!
ਇਕ ਦਿਨ ਜਦੋਂ ਉਹ ਕਸਰਤ ਖਤਮ ਕਰਕੇ ਗਰਮ ਪਾਣੀ ਵਾਲੇ ਟੱਬ ‘ਚ ਬੈਠਣ ਜਾ ਰਹੀ ਸੀ ਤਾਂ ਮੈਂ ਚੇਂਜ ਰੂਮ ‘ਚ ਕੱਪੜੇ ਬਦਲਣ ਲਈ ਜਾ ਰਹੀ ਸਾਂ। ਸੋਚਿਆ ਕਿ ਅੱਜ ਮੈਂ ਬਿਨਾ ਐਕਸਰਸਾਈਜ਼ ਕੀਤੇ ਸਿੱਧਾ ਹਾਟ ਟੱਬ ‘ਚ ਜਾਨੀ ਆਂ। ਇਹੀ ਇਕੋ ਇਕ ਤਰੀਕਾ ਹੈ, ਇਸ ਨਾਲ ਗੱਲਬਾਤ ਕਰਨ ਦਾ।
ਮੈਂ ਹਾਟ ਟੱਬ ‘ਚ ਬਿਲਕੁਲ ਉਸ ਦੇ ਨਾਲ ਹੋ ਬੈਠ ਗਈ। ਰਸਮੀ ਸਤਿ ਸ੍ਰੀ ਅਕਾਲ ਪਿਛੋਂ ਮੈਂ ਗੱਲ ਤੋਰੀ, ‘ਤੁਸੀਂ ਰੋਜ਼ ਹੀ ਆਉਂਦੇ ਹੋ?’
‘ਹਾਂ, ਰੋਜ਼ ਹੀ ਆਉਂਦੀ ਹਾਂ। ਮੇਰਾ ਮੁੰਡਾ ਗੁੱਸੇ ਹੋਣ ਲੱਗਦਾ ਹੈ, ਜੇ ਮੈਂ ਨਾ ਆਵਾਂ।’ ਉਸ ਨੇ ਮੁਸਕਰਾ ਕੇ ਕਿਹਾ।
ਇਕ ਗੱਲ ਤਾਂ ਮੈਂ ਸਮਝ ਗਈ ਕਿ ਇਸ ਦਾ ਬੇਟਾ ਇਸ ਦਾ ਕਾਫੀ ਖਿਆਲ ਰੱਖਦਾ ਹੈ।
ਮੈਂ ਗੱਲ ਅੱਗੇ ਤੋਰਨ ਲਈ ਕਿਹਾ, ‘ਕਦੋਂ ਕੁ ਆਏ ਹੋ ਕੈਨੇਡਾ?’
‘ਮੇਰੇ ਪੁੱਤ ਨੂੰ ਆਏ ਤਾਂ ਦਸ ਕੁ ਸਾਲ ਹੋਏ ਆ ਅਜੇ। ਉਹ ਨੰਬਰ ਬਣਾ ਕੇ ਆਇਆ ਸੀ। ਸੁੱਖ ਨਾਲ ‘ਇੰਜੀਨਰ’ ਆ। ਇਥੋਂ ਵਾਲਿਆਂ ਦੀ ਓਥੇ ਵੀ ਕੰਪਨੀ ਸੀ। ਸਿੱਧਾ ਹੀ ਉਨ੍ਹਾਂ ਨੇ ਲੈ ਲਿਆ। ਸੁੱਖ ਨਾਲ ਪਿਛਲੇ ਸਾਲ ਵਿਆਹ ਕਰਵਾ ਆਇਆ। ਵਹੁਟੀ ਵੀ ਬਾਹਲਾ ਹੀ ਪੜ੍ਹੀ-ਲਿਖੀ ਹੈ। ਮੈਨੂੰ ਉਥੇ ਆਪਣੀ ਧੀ ਕਰਕੇ ਰਹਿਣਾ ਪਿਆ। ਹੁਣ ਵਿਆਹੀ ਗਈ ਹੈ ਚੰਗੇ ਘਰ। ਕੋਈ ਕਸਰ ਨ੍ਹੀਂ ਛੱਡੀ ਮੁੰਡੇ ਨੇ ਭੈਣ ਨੂੰ ਦਾਜ ਦੇਣ ਵਿਚ। ਇਹੋ ਜਿਹਾ ਪੁੱਤ ਰੱਬ ਸਭ ਨੂੰ ਦੇਵੇ!’ ਉਸ ਨੇ ਬੜੇ ਹੀ ਮਾਣ ਨਾਲ ਕਿਹਾ।
ਮੈਂ ਉਸ ਦੀ ਨਾਈਕੀ ਬਰੈਂਡ ਦੀ ਪਾਣੀ ਵਿਚ ਪਹਿਨਣ ਵਾਲੀ ਅਧੀਆਂ ਬਾਹਵਾਂ ਵਾਲੀ ਸ਼ਰਟ ਅਤੇ ਗੋਡਿਆਂ ਤੱਕ ਪੈਂਟ `ਤੇ ਨਿਗਾਹ ਮਾਰੀ। ਮੈਥੋਂ ਰਹਿ ਹੀ ਨਾ ਹੋਇਆ ਤੇ ਆਖ ਹੀ ਦਿੱਤਾ, ‘ਆਹ ਤੁਹਾਡਾ ਸੂਟ ਬਹੁਤ ਸੋਹਣਾ ਹੈ!’
‘ਆਹੋ! ਨੂੰਹ-ਪੁੱਤ ਨੇ ਲਿਆ`ਤਾ। ਮੈਨੂੰ ਤਾਂ ਸੰਗ ਆਉਂਦੀ ਸੀ, ਪਰ ਉਨ੍ਹਾਂ ਨੇ ਪਵਾ`ਤਾ। ਅਖੇ ਬਥੇਰੀ ਗਰੀਬੀ ਕੱਟੀ ਆ ਦੇਸ਼। ਹੁਣ ਮਾਂ ਤੂੰ ਮੌਜ ਕਰ।’ ਉਸ ਨੇ ਮੁਸਕਰਾਉਂਦਿਆਂ ਕਿਹਾ।
ਮੈਂ ਪਾਸਾ ਜਿਹਾ ਲੈ ਕੇ ਉਸ ਦੇ ਕੋਲ ਨੂੰ ਹੋਰ ਖਿਸਕ ਗਈ। ਅਨਪੜ੍ਹ ਜਿਹੀ ਔਰਤ ਅਤੇ ਨੂੰਹ-ਪੁੱਤ ਏਨੇ ਚੰਗੇ! ਚੰਗਾ ਕਮਾਉਂਦੇ ਹੋਣਗੇ, ਤਾਂ ਹੀ ਤਾਂ ਏਨੇ ਮਹਿੰਗੇ ਲੀੜੇ ਪਾਈ ਬੈਠੀ ਹੈ। ਇਸ ਨੂੰ ਆਈ ਨੂੰ ਪਤਾ ਨਹੀਂ ਕਿੰਨਾ ਚਿਰ ਹੋਇਆ? ਅਜੇ ਤੱਕ ਉਸ ਨੇ ਮੈਨੂੰ ਇਹ ਨਹੀਂ ਸੀ ਦੱਸਿਆ। ਜਦੋਂ ਪੁੱਛਿਆ ਤਾਂ ਆਪਣੇ ਪੁੱਤ ਦੀਆਂ ਸਿਫਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
‘ਚੱਲ ਫਿਰ ਪੁੱਛਦੀ ਹਾਂ।’ ਮੈਂ ਆਪਣੇ ਆਪ ਨੂੰ ਕਿਹਾ।
‘ਭੈਣ ਜੀ! ਤੁਹਾਨੂੰ ਕਿੰਨਾ ਕੁ ਚਿਰ ਹੋਇਆ ਆਇਆਂ ਨੂੰ?’ ਮੈਂ ਅਪਣੱਤ ਨਾਲ ਜਾਂ ਦੇਸੀ ਰਿਵਾਜ ਅਨੁਸਾਰ ਨਾਲ ਭੈਣ ਜੀ ਕਿਹਾ।
‘ਮੈਨੂੰ ਆਈ ਨੂੰ ਤਾਂ ਛੇ ਕੁ ਮਹੀਨੇ ਹੋਏ ਆ। ਜਿਹੜਾ ਨਵਾਂ ਚੱਲਿਆ ਸੁਪਰ ਬੀਜਾ, ਉਹਦੇ `ਤੇ, ਪੁੱਤ ਨੇ ਸੱਦਿਆ ਹੈ। ਦਿਨੇ ਘਰੇ ਬੈਠੀ ਰਹਿੰਦੀ ਸਾਂ, ਨਾਲੇ ਆਹ ਸੱਜਾ ਗੋਡਾ ਦੁਖਦਾ ਸੀ, ਮੁੰਡੇ ਨੇ ਇਥੇ ਆਉਣ ਦੇ ਪੈਸੇ ਭਰ`ਤੇ। ਭੈਣੇ ਮੈਨੂੰ ਤਾਂ ਬਾਹਲਾ ਹੀ ਚੰਗਾ ਲਗਦਾ ਆਹ ਤੱਤਾ ਪਾਣੀ। ਸਰੀਰ ਖੁੱਲ੍ਹ ਜਾਂਦੈ। ਪਿਛਲੇ ਦੁੱਖ ਦਰਦ ਭੁੱਲ ਜਾਂਦੇ ਆ, ਏਸ ਦੇਸ਼ ਚ ਆ ਕੇ। ਉਥੇ ਤਾਂ ਨਹੌਣ ਨੂੰ ਤੱਤਾ ਪਾਣੀ ਨਹੀਂ ਸੀ ਜੁੜਦਾ। ਬਾਲਣ ਦੀ ਕਿੱਲਤ ਰਹਿੰਦੀ ਸੀ। ਸਾਡੇ ਤਾਂ ਪਾਥੀਆਂ ਰੱਖਣ ਨੂੰ ਥਾਂ ਨ੍ਹੀਂ ਸੀ। ਬਾਹਲਾ ਹੀ ਔਖਾ ਸੀ ਭੈਣੇ ਮੀਂਹ ਕਣੀ ਦੀ ਰੁੱਤ ਚ। ਸਾਰਾ ਬਾਲਣ ਭਿੱਜ ਜਾਂਦਾ ਸੀ। ਬੁਰੇ ਹਾਲ ਤੇ ਬੌਂਕੇ ਦਿਹਾੜੇ!’ ਉਸ ਦੇ ਅੰਦਰਲੀ ਪੀੜ ਝਲਕ ਪਈ।
ਉਸ ਨੇ ਕੰਧ `ਤੇ ਟੰਗੀ ਘੜੀ ਵੱਲ ਵੇਖਿਆ। ਉਸ ਦੇ ਜਾਣ ਦਾ ਸਮਾਂ ਹੋ ਚੁਕਾ ਸੀ। ਉਸ ਦੀ ਨੂੰਹ ਨੇ ਉਸ ਨੂੰ ਲੈਣ ਆਉਣਾ ਸੀ। ਉਸ ਦੇ ਕਹਿਣ ਤੋਂ ਬਿਨਾ ਹੀ ਮੈਂ ਸਮਝ ਗਈ ਕਿ ਹੁਣ ਉਹ ਜਾਣਾ ਚਾਹੁੰਦੀ ਹੈ। ਅਸੀਂ ਦੋਨੋਂ ਹੀ ਪਾਣੀ ਤੋਂ ਬਾਹਰ ਆ ਗਈਆਂ। ਕੱਪੜੇ ਬਦਲੇ ਅਤੇ ਇਕੱਠੀਆਂ ਹੀ ਪਾਰਕਿੰਗ ਲਾਟ ਵੱਲ ਹੋ ਤੁਰੀਆਂ।
ਉਸ ਦੀ ਨੂੰਹ ਉਸ ਨੂੰ ਲੈਣ ਆਈ ਹੋਈ ਸੀ ਅਤੇ ਮੈਂ ਆਪਣੀ ਕਾਰ ਵੱਲ ਨੂੰ ਹੋ ਤੁਰੀ।
ਦੋ-ਤਿੰਨਾਂ ਦਿਨਾਂ ਬਾਅਦ ਉਹ ਮੈਨੂੰ ਫਿਰ ਹਾਟ ਟੱਬ ਵਿਚ ਮਿਲ ਗਈ। ਮੈਂ ਕਸਰਤ ਕਰਕੇ ਹਾਟ ਟੱਬ ‘ਚ ਗਈ ਸਾਂ ਅਤੇ ਉਹ ਸਿੱਧੀ ਬਿਨਾ ਕਸਰਤ ਕੀਤੇ, ਓਥੇ ਚਲੀ ਗਈ ਸੀ। ਮੈਂ ਫਿਰ ਉਸ ਕੋਲ ਜਾ ਬੈਠੀ। ਰਵਾਇਤੀ ਹਾਲ ਚਾਲ ਪੁੱਛਣ ਪਿਛੋਂ ਮੈਂ ਸੋਚਿਆ ਕਿ ਹੁਣ ਇਸ ਦਾ ਪਿੰਡ ਟਿਕਾਣਾ ਪੁੱਛ ਹੀ ਲਵਾਂ। ਮੌਕਾ ਸੋਹਣਾ ਹੈ!
‘ਭੈਣ ਜੀ ਤੁਹਾਡਾ ਪੰਜਾਬ ਚ ਪਿੰਡ ਕਿਹੜਾ ਹੈ?’ ਮੈਂ ਕਿਹਾ।
‘ਅਸੀਂ ਖਾਸ ਲੁਧਿਆਣੇ ਰਹਿੰਦੇ ਸਾਂ, ਸਰਾਭਾ ਨਗਰ। ਊਂ ਸਾਡਾ ਪਿੰਡ ਜਗਰਾਵਾਂ ਦੇ ਕੋਲ ਹੈ। ਪਿੰਡ ਦੀ ਗਰੀਬੀ ਤੋਂ ਤੰਗ ਆ ਕੇ ਸ਼ਹਿਰ ਰਹਿਣ ਲੱਗ ਪਏ ਸਾਂ।’
‘ਮੇਰਾ ਨਾਮ ਸੁਰਿੰਦਰ ਹੈ।’ ਮੈਂ ਆਪੇ ਹੀ ਆਪਣਾ ਨਾਮ ਦੱਸ ਦਿੱਤਾ।
ਉਹ ਕੁਝ ਚਿਰ ਰੁਕ ਕੇ ਬੋਲੀ, ‘ਮੈਨੂੰ ਲੱਗਦਾ ਮੈਂ ਤੁਹਾਡੀ ਫੋਟੋ ਅਖਬਾਰ ਚ ਦੇਖੀ ਹੈ। ਤੁਸੀਂ ਕੁਝ ਲਿਖਿਆ ਸੀ ਅਖਬਾਰ ਵਿਚ?’
‘ਹਾਂ, ਜ਼ਰੂਰ ਦੇਖੀ ਹੋਣੀ ਹੈ।’
ਹੁਣ ਮੈਂ, ਉਸ ਦਾ ਨਾਮ ਜਾਣਨਾ ਚਾਹੁੰਦੀ ਸਾਂ। ਸੋਚਿਆ ਸੀ ਉਹ ਆਪਣੇ ਆਪ ਹੀ ਦੱਸੇਗੀ, ਪਰ ਨਹੀਂ। ਚਲੋ ਮੈਂ ਹੀ ਪੁੱਛ ਲੈਦੀ ਹਾਂ।
‘ਭੈਣ ਜੀ ਤੁਹਾਡਾ ਨਾਮ ਕੀ ਹੈ?’
ਉਹ ਕੁਝ ਮੁਸਕਰਾਈ ਤੇ ਕਹਿਣ ਲੱਗੀ, ‘ਮੇਰੇ ਪਾਸਪੋਰਟ `ਤੇ ਮੇਰਾ ਨਾਮ ਸਤਵੰਤ ਕੁਰ ਹੈ, ਪਰ ਸਹੁਰੀ ਤੇ ਪੇਕੀਂ ਮੈਨੂੰ ਸਾਰੇ ਸਿੱਟੋ ਹੀ ਆਖਦੇ ਹਨ। ਹੁਣ ਮੇਰਾ ਪੁੱਤ ਬਹੁਤ ਗੁੱਸੇ ਹੁੰਦਾ ਹੈ, ਜਦੋਂ ਕੋਈ ਮੈਨੂੰ ਸਿੱਟੋ ਆਖਦਾ ਹੈ।’
ਦਸ ਕੁ ਮਿੰਟ ਮੇਰੇ ਅਤੇ ਉਸ ਦਰਮਿਆਨ ਚੁੱਪ ਛਾਈ ਰਹੀ। ਸ਼ਾਇਦ ਨਾਲ ਬੈਠੇ ਗੋਰੇ-ਗੋਰੀਆਂ ਕਰਕੇ ਅਸੀਂ ਚੁੱਪ ਰਹਿਣਾ ਹੀ ਠੀਕ ਸਮਝਿਆ। ਉਸ ਨੂੰ ਉੱਚੀ ਬੋਲਣ ਦੀ ਆਦਤ ਸੀ।
‘ਅੱਜ ਮੈਂ ਛੇਤੀ ਜਾਣਾ ਹੈ। ਕਿਤੇ ਬਾਹਰ ਜਾਣਾ ਹੈ ਸਾਰਿਆਂ ਨੇ। ਮੇਰੀ ਨੂੰਹ ਆ ਗਈ ਹੋਣੀ ਹੈ ਬਾਹਰ, ਮੈਨੂੰ ਲੈਣ ਵਾਸਤੇ। ਚੱਲ ਏਨੇ ਨਾਲ ਸਰੀਰ ਰਾਮ ਚ ਰਹੂ।’ ਆਖਦੀ ਹੋਈ ਉਹ ਪਾਣੀ `ਚੋਂ ਬਾਹਰ ਆ ਗਈ।
ਮੇਰੇ ਅੰਦਰ ਸੋਚਾਂ ਨੇ ਘੇਰਾ ਪਾ ਲਿਆ। ਮੈਂ ਬਚਪਨ ‘ਚ ਚਲੀ ਗਈ। ਮੈਨੂੰ ਮੇਰੇ ਨਾਲ ਪਿੰਡ ਦੇ ਸਕੂਲ ਚ ਪੜ੍ਹਦੀ ਸਿੱਟੋ ਯਾਦ ਆ ਗਈ।
ਬਹੁਤ ਚੰਗੀ ਸੀ ਸਿੱਟੋ, ਮੇਰੀ ਜਮਾਤਣ ਤੇ ਪਿਆਰੀ ਸਹੇਲੀ। ਚੰਗਾ ਜ਼ਮਾਨਾ ਸੀ ਉਦੋਂ। ਅਸੀਂ ਕੁੜੀਆਂ-ਮੁੰਡੇ ਤੁਰ ਕੇ ਹੀ ਸਕੂਲ ਜਾਇਆ ਕਰਦੇ ਸਾਂ। ਇਕ ਦੂਸਰੇ ਨੂੰ ਘਰੋਂ ਸੱਦਦੇ ਸਾਂ। ਮੈਂ ਆਪਣੀ ਸਹੇਲੀ ਜੱਸ ਨਾਲ ਸਕੂਲ ਜਾਇਆ ਕਰਦੀ ਸਾਂ। ਜੱਸ ਦਾ ਘਰ ਕੁਝ ਦੂਰ ਸੀ। ਉਹ ਮੈਨੂੰ ਆਵਾਜ਼ ਮਾਰਦੀ। ਅਸੀਂ ਦੋਨੋਂ ਸਿੱਟੋ ਦੇ ਘਰ ਦੇ ਦਰਵਾਜ਼ੇ ਮੂਹਰੇ ਖੜ੍ਹ ਕੇ ਸਿੱਟੋ ਨੂੰ ਆਵਾਜ਼ ਮਾਰਦੀਆਂ। ਫਿਰ ਤਿੰਨੇ ਜਾਣੀਆਂ ਗੱਲਾਂ ਕਰਦੀਆਂ ਕਰਦੀਆਂ ਸਕੂਲ ਪੁੱਜ ਜਾਂਦੀਆਂ।
ਸਿੱਟੋ ਅਕਸਰ ਹੀ ਸਾਡੇ ਘਰ ਆਪਣੀ ਮਾਂ ਨਾਲ ਆਇਆ ਕਰਦੀ ਸੀ। ਮੇਰੀਆਂ ਅੱਖਾਂ ਮੂਹਰੇ ਸਾਰਾ ਸੀਨ ਆ ਗਿਆ ਕਿ ਕਿਵੇਂ ਮੇਰੀ ਦਾਦੀ ਅਤੇ ਮਾਂ ਸਿੱਟੋ ਦੀ ਮਾਂ ਨੂੰ ਝਿੜਕਦੀਆਂ ਸਨ ਕਿ ਉਸ ਨੇ ਖੇਸ ਚੰਗੇ ਨਹੀਂ ਬੁਣੇ। ਪੇਟਾ ਬਹੁਤ ਮੋਟਾ ਪਾਇਆ ਹੈ ਅਤੇ ਹੋਰ ਕਈ ਗੱਲਾਂ। ਮੈਨੂੰ ਕਦੇ ਵੀ ਚੰਗਾ ਨਹੀਂ ਸੀ ਲੱਗਦਾ ਕਿ ਮੇਰੀ ਦਾਦੀ ਅਤੇ ਮਾਂ ਸਿੱਟੋ ਦੀ ਮਾਂ ਨੂੰ ਇਸ ਤਰ੍ਹਾਂ ਬੋਲਣ, ਪਰ ਮੈਂ ਉਨ੍ਹਾਂ ਨੂੰ ਕੁਝ ਨਾ ਕਹਿ ਸਕਦੀ। ਸਿੱਟੋ ਨੇ ਕਦੇ ਵੀ ਇਸ ਗੱਲ ਦਾ ਗੁੱਸਾ ਨਹੀਂ ਸੀ ਕੀਤਾ। ਉਹ ਚੁੱਪ-ਚਾਪ ਸੁਣਦੀ ਰਹਿੰਦੀ।
ਸਿੱਟੋ ਜੁਲਾਹਿਆਂ ਦੀ ਕੁੜੀ ਸੀ। ਉਸ ਸਮੇਂ ਮੈਨੂੰ ਜਾਤਾਂ-ਪਾਤਾਂ ਦਾ ਬਹੁਤਾ ਗਿਆਨ ਨਹੀਂ ਸੀ। ਸਿਰਫ ਏਨਾ ਪਤਾ ਸੀ ਕਿ ਉਨ੍ਹਾਂ ਦਾ ਘਰ ਜੁਲਾਹਿਆਂ ਦਾ ਘਰ ਵੱਜਦਾ ਸੀ।
ਦਾਦੀ ਦੀਆਂ ਝਿੜਕਾਂ ਦੇ ਬਾਵਜੂਦ ਮੈਂ ਸਿੱਟੋ ਦੇ ਘਰ ਖੇਡਣ ਚਲੀ ਜਾਂਦੀ। ਉਨ੍ਹਾਂ ਦੇ ਘਰ ਪਏ ਧਾਗਿਆਂ ਅਤੇ ਧਾਰੀਆਂ ਪਾ ਪਾ ਬੁਣੇ ਖੇਸਾਂ ਨੂੰ ਨਿਹਾਰਦੀ ਰਹਿੰਦੀ। ਸਿੱਟੋ ਦੀ ਮਾਂ ਜਦੋਂ ਧਾਗੇ ਰੰਗਦੀ ਜਾਂ ਤਾਣਾ ਤਣ ਰਹੀ ਹੁੰਦੀ ਤਾਂ ਮੈਨੂੰ ਬਹੁਤ ਚੰਗੀ ਲੱਗਦੀ। ਇਕ ਦਿਨ ਮੇਰੀ ਦਾਦੀ ਨੇ ਮੈਨੂੰ ਸਿੱਟੋ ਦੇ ਘਰ ਉਸ ਦੀ ਮਾਂ ਅਤੇ ਸਿੱਟੋ ਦੇ ਨਾਲ ਧਾਗਿਆਂ ਨੂੰ ਸੰਭਾਲਦੀ ਹੋਈ ਨੂੰ ਦੇਖ ਲਿਆ। ਦਾਦੀ ਦਾ ਗੁੱਸਾ ਸੱਤਵੇਂ ਅਸਮਾਨ ਚੜ੍ਹ ਗਿਆ। ਦਾਦੀ ਮੈਨੂੰ ਧੂਹ ਕੇ ਘਰ ਲੈ ਆਈ। ਮੈਂ ਰੋਂਦੀ ਰੋਂਦੀ ਦਾਦੀ ਨਾਲ ਘਰ ਆ ਗਈ।
ਇਕ ਦਿਨ ਸਕੂਲ ਜਾਣ ਸਮੇਂ ਮੈਂ ਤੇ ਜੱਸ ਨੇ ਸਿੱਟੋ ਨੂੰ ਸਕੂਲ ਜਾਣ ਲਈ ਆਵਾਜ਼ ਮਾਰੀ। ਸਿੱਟੋ ਡਰੀ ਹੋਈ ਸੀ। ਉਸ ਨੇ ਮੈਨੂੰ ਪੁੱਛ ਹੀ ਲਿਆ ਸੀ ਕਿ ਕਿਤੇ ਮੇਰੀ ਦਾਦੀ ਨੇ ਮੈਨੂੰ ਮਾਰਿਆ ਤਾਂ ਨਹੀਂ। ਸ਼ਾਇਦ ਸਿੱਟੋ ਵੀ ਨਹੀਂ ਜਾਣਦੀ ਸੀ ਕਿ ਮੇਰੀ ਦਾਦੀ ਕਿਉਂ ਅੱਗ ਭਬੂਕਾ ਹੋਈ ਸੀ।
ਸਿੱਟੋ ਸਕੂਲ ਨਹਾ ਕੇ ਨਹੀਂ ਸੀ ਜਾਂਦੀ। ਉਸ ਨੂੰ ਠੰਡਾ ਪਾਣੀ ਚੰਗਾ ਨਾ ਲੱਗਦਾ। ਗਰਮ ਪਾਣੀ ਘੱਟ ਹੀ ਮਿਲਦਾ। ਘੱਟ ਹੀ ਨਹੀਂ, ਗਰਮ ਪਾਣੀ ਉਸ ਨੂੰ ਮਿਲਦਾ ਹੀ ਨਹੀਂ ਸੀ। ਉਸ ਦੀ ਮਾਂ ਪਾਣੀ ਗਰਮ ਕਰਨ ਨਾ ਦਿੰਦੀ। ਜੇ ਗਰਮ ਕਰਦੀ ਤਾਂ ਛੋਟੇ ਜਿਹੇ ਪਤੀਲੇ ਚ ਪਾਣੀ ਪਾ ਕੇ ਚੁੱਲ੍ਹੇ `ਤੇ ਕਰਦੀ। ਏਨੇ ਕੁ ਪਾਣੀ ਨਾਲ ਕੀ ਬਣਦਾ ਸੀ। ਸਕੂਲ ਚ ਮਾਸਟਰ ਆਖਦੇ ਕਿ ਸਵੇਰੇ ਨਹਾ ਕੇ ਆਇਆ ਕਰੋ। ਨਹਾਉਣਾ ਤਾਂ ਇਕ ਪਾਸੇ, ਸਿੱਟੋ ਤਾਂ ਮੂੰਹ ਵੀ ਨਹੀਂ ਸੀ ਧੋਂਦੀ। ਉਸ ਦੀਆਂ ਅੱਖਾਂ ਚ ਗਿਡ ਆਈ ਰਹਿੰਦੀ। ਮਾਸਟਰ ਜੀ ਨੇ ਕਈ ਵਾਰ ਸਿੱਟੋ ਨੂੰ ਸਾਰਿਆਂ ਦੇ ਸਾਹਮਣੇ ਕਿਹਾ ਸੀ ਕਿ ਉਹ ਨਹਾ ਕੇ ਆਇਆ ਕਰੇ। ਇਕ ਵਾਰ ਤਾਂ ਬੱਧਨੀ ਵਾਲੇ ਮਾਸਟਰ ਨੇ ਸਿੱਟੋ ਦੇ ਚਪੇੜ ਵੀ ਮਾਰੀ ਸੀ, ਨਾ ਨਹਾਉਣ ਕਰਕੇ। ਲੀੜੇ ਵੀ ਤਾਂ ਉਸ ਦੇ ਮੈਲੇ-ਕੁਚੈਲੇ ਹੁੰਦੇ ਸਨ।
ਇਕ ਵਾਰੀ ਸਿੱਟੋ ਦੀ ਚੱਪਲ ਦੀ ਬੱਧਰੀ ਟੁੱਟ ਗਈ ਅਤੇ ਫਿਰ ਕਈ ਮਹੀਨੇ ਉਹ ਨੰਗੇ ਪੈਰ ਹੀ ਰਹੀ, ਪਰ ਸਿੱਟੋ ਮੈਨੂੰ ਬਹੁਤ ਚੰਗੀ ਲੱਗਦੀ। ਉਹ ਸਵਾਲ ਬਹੁਤ ਹੀ ਛੇਤੀ ਕੱਢ ਲੈਂਦੀ ਸੀ। ਫੱਟੀ ਵੀ ਉਹ ਸਾਰਿਆਂ ਤੋਂ ਸੋਹਣੀ ਲਿਖਿਆ ਕਰਦੀ ਸੀ। ਕਿਤਾਬ ਵੀ ਖਬਰਾਂ ਵਾਂਗ ਪੜ੍ਹਦੀ ਕਰਿਆ ਕਰਦੀ ਸੀ।
ਇਕ ਦਿਨ ਮੈਂ ਤੇ ਜੱਸ ਨੇ ਰੋਜ਼ ਵਾਂਗ ਉਸ ਦੇ ਘਰ ਅੱਗੇ ਜਾ ਕੇ ਆਵਾਜ਼ ਮਾਰੀ। ਉਸ ਦੀ ਮਾਂ ਉੱਚੀ ਸਾਰੀ ਬੋਲੀ, ‘ਏਨੇ ਨ੍ਹੀਂ ਜਾਣਾ ਸਕੂਲ।’
ਉਸ ਦਿਨ ਤੋਂ ਬਾਅਦ ਸਿੱਟੋ ਕਦੇ ਵੀ ਸਕੂਲ ਨਹੀਂ ਗਈ। ਉਨ੍ਹਾਂ ਦੇ ਘਰਾਂ ਦੇ ਜਵਾਕਾਂ ਤੋਂ ਪਤਾ ਲੱਗਿਆ ਕਿ ਉਹ ਰੋਜ਼ ਸਿਲਾ ਚੁੱਗਣ ਜਾਂਦੀ ਹੈ।
ਫਿਰ ਸਿੱਟੋ ਮੈਨੂੰ ਕਦੇ ਨਾ ਮਿਲੀ। ਮੈਂ ਸ਼ਹਿਰ ਪੜ੍ਹਨ ਲੱਗ ਗਈ। ਜੱਸ ਚਾਰ ਜਮਾਤਾਂ ਪੂਰੀਆਂ ਕਰਕੇ ਘਰ ਬੈਠ ਗਈ। ਪਿੰਡ ਦਾ ਸਕੂਲ ਚਾਰ ਜਮਾਤਾਂ ਤੱਕ ਹੀ ਸੀ। ਉਸ ਦੇ ਘਰਦਿਆਂ ਨੇ ਨਾਲ ਦੇ ਪਿੰਡ ਭੇਜਣਾ ਠੀਕ ਨਾ ਸਮਝਿਆ।
ਜਦੋਂ ਮੈਂ ਪਹਿਲੀ ਵਾਰ ਕੈਨੇਡਾ ਤੋਂ ਵਾਪਿਸ ਪਿੰਡ ਗਈ ਤਾਂ ਦੇਖਿਆ ਕਿ ਸਿੱਟੋ ਕੇ ਘਰਾਂ `ਚ ਰੋਣ-ਧੋਣ ਚੱਲ ਰਿਹਾ ਸੀ। ਕਿਤੋਂ ਮਕਾਣ ਆਈ ਸੀ। ਜੁਲਾਹਿਆਂ ਦੇ ਘਰ ਰਾਹ `ਤੇ ਸਨ। ਮੈਨੂੰ ਸਿੱਟੋ ਕੇ ਘਰ ਦੀ ਪਛਾਣ ਨਾ ਆਈ, ਕਿਉਂਕਿ ਬਹੁਤ ਕੁਝ ਬਦਲਿਆ ਪਿਆ ਸੀ। ਕੱਚੇ ਰਾਹ ਦੀ ਥਾਂ ਹੁਣ ਪੱਕੀ ਸੜਕ ਸੀ। ਸਕੂਲ, ਜੋ ਬਹੁਤ ਦੂਰ ਲੱਗਦਾ ਸੀ, ਬਿਲਕੁਲ ਘਰਾਂ ਚ ਆ ਗਿਆ ਸੀ। ਪਤਾ ਲੱਗਾ ਕਿ ਇਨ੍ਹਾਂ ਦਾ ਜਵਾਈ ਮਰ ਗਿਆ ਹੈ।
ਅੰਮਾ ਸੰਤੀ ਨੇ ਕਿਹਾ, ‘ਸਿੱਟੋ ਨਾਲ ਤਾਂ ਬਾਹਲੀ ਮਾੜੀ ਹੋਈ ਹੈ। ਮਾਪਿਆਂ ਦੇ ਘਰ ਸਾਰੀ ਉਮਰ ਸਿਲਾ ਚੁਗਦੀ ਰਹੀ। ਵਿਧਵਾ ਮਾਂ ਨੇ ਪਿੰਡ ਦੇ ਲੋਕਾਂ ਤੋਂ ਮੰਗ-ਤੰਗ ਕੇ ਵਿਆਹ ਕੀਤਾ। ਪ੍ਰਾਹੁਣਾ ਸਿੱਟੋ ਤੋਂ ਵਾਹਵਾ ਵੱਡੀ ਉਮਰ ਦਾ ਸੀ। ਬੀਮਾਰ ਹੀ ਰਹਿੰਦਾ ਸੀ। ਸਿੱਟੋ ਦੇ ਜਾਣ ਨਾਲ ਸਹੁਰਿਆਂ ਦੇ ਘਰ ਰੋਟੀ ਪੱਕਦੀ ਹੋ ਗਈ। ਸਹੁਰੀਂ ਜਾ ਕੇ ਵੀ ਉਸ ਨੇ ਬਥੇਰਾ ਸਿਲਾ ਚੁਗਿਆ। ਕਹਿੰਦੇ, `ਕੇਰਾਂ ਸਿੱਟੋ ਦੇ ਪੈਰ ਚ ਇਹੋ ਜਿਹਾ ਕਰਚਾ ਚੁਭਿਆ ਕਿ ਕਈ ਮਹੀਨੇ ਲਹੂ ਵਗਦਾ ਰਿਹਾ। ਅੱਡੇ ਚ ਬੱਸ ਤੋਂ ਉਤਰੀ ਤਾਂ ਮੈਂ ਪੁਛਿਆ ਬਈ ਲੰਗ ਕਾਹਤੋਂ ਮਾਰਦੀ ਐਂ, ਤਾਂ ਉਹਨੇ ਦੱਸਿਆ।’
ਤਾਈ ਅਮਰੋ ਕੋਲੋਂ ਹੀ ਬੋਲ ਪਈ, ‘ਸਿੱਟੋ ਦਾ ਮੁੰਡਾ ਬਾਹਲਾ ਹੀ ਸੋਹਣਾ ਹੈ। ਲਗਦੈ ਫਿਰ ਤੋਂ ਉਮੀਦ ਤੋਂ ਹੈ। ਸਿੱਟੋ ਦੀ ਬੇਬੇ ਦੱਸਦੀ ਸੀ ਕਿ ਪੰਜਵਾਂ ਮਹੀਨਾ ਚਲਦਾ ਆ। ਸਿੱਟੋ ਦੇ ਪ੍ਰਹੁਣੇ ਨੂੰ ਏਸ ਜਵਾਕ ਦਾ ਮੂੰਹ ਦੇਖਣਾ ਵੀ ਨਸੀਬ ਨਾ ਹੋਇਆ। ਰੱਬ ਮੂਹਰੇ ਕੀਹਦਾ ਜ਼ੋਰ ਹੈ ਭਾਈ।’
ਕਈ ਸਾਲਾਂ ਬਾਅਦ ਮੈਂ ਜਦੋਂ ਫਿਰ ਪਿੰਡ ਗਈ ਤਾਂ ਸੁਣਿਆ, ‘ਸਿੱਟੋ ਦਾ ਮੁੰਡਾ ਬਹੁਤ ਪੜ੍ਹ ਗਿਆ ਹੈ। ਸਿੱਟੋ ਨੇ ਸ਼ਹਿਰ ਚ ਲੋਕਾਂ ਦੇ ਭਾਂਡੇ ਮਾਂਜ ਮਾਂਜ ਕੇ, ਫਰਸ਼ਾਂ ਸਾਫ ਕਰ ਕਰਕੇ, ਮਿਹਨਤ ਮਜ਼ਦੂਰੀ ਕਰਕੇ ਦੋਹਾਂ ਨਿਆਣਿਆਂ ਨੂੰ ਪੜ੍ਹਾਇਆ ਹੈ। ਹੱਡੀਆਂ ਦੀ ਮੁੱਠ ਬਣੀ ਪਈ ਆ ਸਿੱਟੋ। ਰਹਿਣੀ-ਬਹਿਣੀ ਤਾਂ ਵਿਚਾਰੀ ਦੀ ਓਹੋ ਜਿਹੀ ਹੀ ਹੈ। ਲਿਬੜੀ ਤਿਬੜੀ ਜਿਹੀ!’
ਤੇ ਹੁਣ ਇਸ ਔਰਤ ਤੋਂ ਉਸ ਦਾ ਸਿੱਟੋ ਨਾਮ ਸੁਣ ਕੇ ਉਹ ਮੈਨੂੰ ਹੋਰ ਵੀ ਚੰਗੀ ਲੱਗਣ ਲੱਗ ਪਈ। ਮੈਂ ਕਈ ਵਾਰ ਸੋਚਦੀ ਕਿ ਉਸ ਵਿਚ ਕਿਹੜੀ ਅਜਿਹੀ ਗੱਲ ਹੈ, ਜੋ ਮੈਨੂੰ ਉਸ ਵੱਲ ਖਿੱਚਦੀ ਰਹਿੰਦੀ ਹੈ। ਦਿਨ ਰਾਤ ਉਸ ਦਾ ਖਿਆਲ ਮੈਨੂੰ ਤੰਗ ਕਰਦਾ ਸੀ। ਮੈਂ ਆਪਣੇ ਬੱਚਿਆਂ ਨਾਲ ਗੱਲ ਸਾਂਝੀ ਕੀਤੀ। ਮੇਰੀ ਵੱਡੀ ਧੀ ਆਖਣ ਲੱਗੀ, ‘ਮਾਂ! ਅਸੀਂ ਤੁਹਾਨੂੰ ਵੀ ਉਸ ਤਰ੍ਹਾਂ ਦਾ ਸੂਟ ਲੈ ਦਿੰਦੇ ਹਾਂ। ਫਿਰ ਤੁਹਾਨੂੰ ਉਸ ਦਾ ਖਿਆਲ ਆਉਣਾ ਬੰਦ ਜੋ ਜਾਵੇਗਾ।’ ਗੱਲ ਹਾਸੇ ਵਿਚ ਟਲ ਗਈ।
ਮੇਰੀ ਅਤੇ ਸਿੱਟੋ ਦੀ ਨੇੜਤਾ ਵੱਧ ਗਈ। ਮੈਂ ਉਸ ਨੂੰ ਭੈਣ ਜੀ ਆਖਦੀ ਅਤੇ ਉਹ ਵੀ ਮੈਨੂੰ ਭੈਣ ਜੀ ਆਖਦੀ। ਜਿਸ ਦਿਨ ਉਹ ਮੈਨੂੰ ਜਿਮ ਚ ਨਾ ਮਿਲਦੀ ਤਾਂ ਮੈਨੂੰ ਆਪਣਾ ਜਿਮ ਜਾਣਾ ਵਿਅਰਥ ਜਿਹਾ ਲੱਗਦਾ। ਬਹੁਤ ਵਾਰ ਮੈਂ ਆਪ ਹੀ ਆਪਣੇ `ਤੇ ਹੱਸ ਪੈਂਦੀ। ਕਿਉਂ ਉਹ ਮੈਨੂੰ ਏਨੀ ਚੰਗੀ ਲੱਗਦੀ ਹੈ? ਇਸ ਸ਼ਹਿਰ ਵਿਚ ਕਿੰਨੀਆਂ ਪੜ੍ਹੀਆਂ-ਲਿਖੀਆਂ ਔਰਤਾਂ ਮੇਰੀਆਂ ਸਹੇਲੀਆਂ ਹਨ। ਇਸ ਵਿਚ ਅਜਿਹੀ ਕਿਹੜੀ ਗੱਲ ਹੈ, ਜੋ ਮੈਨੂੰ ਇਹਦੇ ਵੱਲ ਖਿੱਚਦੀ ਹੈ? ਵਿਚਾਰੀ ਨੂੰ ਗੱਲਬਾਤ ਵੀ ਨਹੀਂ ਕਰਨੀ ਆਉਂਦੀ। ਮੇਰੇ ਨਾਲ ਗੱਲ ਕਰਨ ਤੋਂ ਵੀ ਕੰਨੀ ਕਤਰਾਉਂਦੀ ਰਹਿੰਦੀ ਹੈ। ਖੈਰ, ਵਾਹਿਗੁਰੂ ਜਾਣੇ!
ਇਕ ਦਿਨ ਉਸ ਦੀ ਨੂੰਹ ਕੁਝ ਲੇਟ ਹੋ ਗਈ। ਉਹ ਬਾਹਰ ਥੜ੍ਹੇ `ਤੇ ਬੈਠੀ ਉਡੀਕ ਰਹੀ ਸੀ। ਮੈਂ ਅਜੇ ਅੰਦਰ ਜਾਣਾ ਸੀ। ਉਸ ਨੂੰ ਬੈਠੀ ਦੇਖ ਕੇ ਮੈਂ ਉਸ ਕੋਲ ਰੁਕ ਗਈ।
‘ਕੀ ਗੱਲ, ਅੱਜ ਰਾਈਡ ਨਹੀਂ ਆਈ?’
‘ਹਾਂ! ਮੈਂ ਫੋਨ ਕੀਤਾ ਸੀ। ਬਹੂ ਰਾਹ ਚ ਹੀ ਹੈ। ਕਹਿੰਦੀ ਰਾਊਕਿਆਂ ਤੋਂ ਨਾਨੀ ਦਾ ਫੋਨ ਆ ਗਿਆ ਸੀ, ਇਸ ਕਰਕੇ ਥੋੜ੍ਹਾ ਲੇਟ ਹੋ ਗਈ।’
‘ਰਾਊਕੇ!’ ਸੁਣ ਕੇ ਮੈਂ ਡੌਰ ਭੌਰ ਹੋ ਗਈ।
‘ਤੁਹਾਡੀ ਨੂੰਹ ਦੇ ਨਾਨਕੇ ਰਾਊਕੀਂ ਹਨ?’ ਮੈਂ ਪੁੱਛਿਆ।
‘ਨਹੀਂ! ਰਾਊਂਕੀ ਮੇਰੇ ਪੇਕੇ ਹਨ। ਮੇਰੀ ਮਾਂ ਦਾ ਫੋਨ ਆਇਆ ਸੀ, ਰਾਊਕਿਆਂ ਤੋਂ। ਉਹ ਇਕ ਦਮ ਹੀ ਸਾਰੀ ਗੱਲ ਕਹਿ ਗਈ।
ਮੈਂ ਸਿੱਟੋ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਆਖਿਆ, ‘…ਤੇ ਤੂੰ ਸਿੱਟੋ ਹੈਂ! ਤੁਹਾਡਾ ਘਰ ਰਾਹ `ਤੇ ਸੀ। ਆਪਾਂ ਸਕੂਲ ਜਾਇਆ ਕਰਦੀਆਂ ਸਾਂ ਇਕੱਠੀਆਂ!’
ਮੂੰਹੋਂ ਤਾਂ ਨਿਕਲਣ ਲੱਗਿਆ ਸੀ ਕਿ ਕੀ ਤੂੰ ਜੁਲਾਹਿਆਂ ਕੀ ਸਿੱਟੋ ਹੈ? ਪਰ ਮੈਂ ਇਹ ਕਹਿਣੋਂ ਰੁਕ ਗਈ।
ਸਿੱਟੋ ਹੈਰਾਨੀ ਭਰੀਆਂ ਅੱਖਾਂ ਨਾਲ ਮੇਰੇ ਵੱਲ ਦੇਖ ਰਹੀ ਸੀ।
‘ਹਾਂ…ਮੈਂ ਓ ਹੀ ਸ਼ਿੰਦਰ, ਜੋ ਪਹਿਲੀ ਤੋਂ ਲੈ ਕੇ ਚੌਥੀ ਜਮਾਤ ਤੱਕ ਤੇਰੇ ਨਾਲ ਸਕੂਲ ਜਾਂਦੀ ਸੀ। ਸੂਬੇਦਾਰਾਂ ਦੀ ਪੋਤੀ।’ ਮੈਂ ਕਿਹਾ।
ਹੁਣ ਸਿੱਟੋ ਮੇਰੇ ਗਲ ਲੱਗ ਗਈ। ਉਸ ਦੀਆਂ ਅੱਖਾਂ ਭਰ ਆਈਆਂ।
ਉਸ ਦੀ ਨੂੰਹ ਆ ਗਈ। ਅੱਜ ਉਹ ਪਹਿਲਾਂ ਵਾਂਗ ਇਕੱਲੀ ਉਸ ਦੀ ਕਾਰ ਕੋਲ ਨਹੀਂ ਗਈ। ਮੇਰਾ ਹੱਥ ਫੜ ਕੇ ਕਾਰ ਚ ਬੈਠੀ ਨੂੰਹ ਕੋਲ ਲੈ ਗਈ।
‘ਪੁੱਤ, ਇਹ ਤੇਰੀ ਮਾਸੀ ਹੈ ਮੇਰੇ ਪਿੰਡੋਂ। ਅਸੀਂ ਇਕੱਠੀਆਂ ਪੜ੍ਹਦੀਆਂ ਸਾਂ। ਮੈਨੂੰ ਘਰਦਿਆਂ ਨੇ ਚੌਥੀ `ਚੋਂ ਹਟਾ ਲਿਆ ਸੀ ਸਿਲਾ ਚੁਗਣ ਵਾਸਤੇ।’
ਉਸ ਦੀ ਨੂੰਹ ਕਾਰ `ਚੋਂ ਬਾਹਰ ਨਿਕਲੀ। ਮੇਰੇ ਪੈਰੀਂ ਹੱਥ ਲਾਏ। ਮੇਰਾ ਫੋਨ ਨੰਬਰ ਲਿਆ ਤੇ ਮੇਰੇ ਘਰ ਆਉਣ ਦਾ ਵਾਅਦਾ ਕਰਕੇ ਹੱਸਦੀ ਹੱਸਦੀ ਨੇ ਕਾਰ ਤੋਰ ਲਈ।
ਅੱਜ ਸਤਵੰਤ ਇਸ ਸ਼ਹਿਰ ਵਿਚ ਮੇਰੀ ਸਭ ਤੋਂ ਕਰੀਬੀ ਦੋਸਤ ਹੈ। ਮੈਨੂੰ ਖੁਸ਼ੀ ਹੈ ਕਿ ਹੁਣ ਉਸ ਨੂੰ ਗਰਮ ਪਾਣੀ ਦੀ ਕੋਈ ਘਾਟ ਨਹੀਂ।