ਪੂਰਬ ਤੇ ਪੱਛਮ ਦੀਆਂ ਕਹਾਣੀਆਂ ਦਾ ਸੰਗ੍ਰਹਿ ‘ਨਵਾਂ ਆਦਮੀ’

ਲਖਬੀਰ ਸਿੰਘ ਮਾਂਗਟ
ਫੋਨ: 917-932-6439
ਸੁਖਦੇਵ ਸਿੰਘ ਸ਼ਾਂਤ ਪੰਜਾਬੀ ਸਾਹਿਤ ਜਗਤ ਵਿਚ ਜਾਣਿਆ-ਪਛਾਣਿਆ ਬਹੁ-ਵਿਧਾਈ ਲੇਖਕ ਹੈ। ਆਮ ਪੜ੍ਹੇ ਜਾ ਰਹੇ ਸਾਹਿਤ ਦੇ ਨਾਲ ਨਾਲ ਉਸ ਨੇ ਧਾਰਮਿਕ ਸਾਹਿਤ ਵਿਚ ਵੀ ਜਿ਼ਕਰਯੋਗ ਲਿਖਤਾਂ ਦਿੱਤੀਆਂ ਹਨ। ਇਸ ਕਿਤਾਬ ‘ਨਵਾਂ ਆਦਮੀ’ ਦੇ ਛਪਣ ਨਾਲ ਉਸ ਦੀਆਂ ਪ੍ਰਕਾਸਿ਼ਤ ਕਿਤਾਬਾਂ ਦੀ ਗਿਣਤੀ ਦਹਾਈ ਦੇ ਅੰਕ ਵਿਚ ਪਹੁੰਚ ਗਈ ਹੈ। ਇਸ ਵਿਚ ਬਾਲ ਸਾਹਿਤ ਅਤੇ ਧਾਰਮਿਕ ਸਾਹਿਤ ਦੀਆਂ ਕਿਤਾਬਾਂ ਵੀ ਸ਼ਾਮਲ ਹਨ।

ਕਰੀਬ ਤਿੰਨ ਦਹਾਕੇ ਪਹਿਲਾਂ 1992 ਵਿਚ ਉਸ ਨੇ ‘ਸਿੰਮਲ ਰੁੱਖ’ ਨਾਂ ਦੇ ਮਿਨੀ ਕਹਾਣੀ ਸੰਗ੍ਰਹਿ ਨਾਲ ਪੰਜਾਬੀ ਸਾਹਿਤ ਜਗਤ ਵਿਚ ਪਹਿਲੀ ਹਾਜ਼ਰੀ ਲਵਾਈ। ਇਸ ਕਿਤਾਬ ਦੀ ਭਰਪੂਰ ਸਰਾਹਨਾ ਹੋਈ। ਸੁਖਦੇਵ ਸਿੰਘ ਸ਼ਾਂਤ ਨੇ ਕੁਝ ਟ੍ਰੈਕਟ ਵੀ ਲਿਖੇ। ਸਾਲ 1998 ਵਿਚ ਲਿਖਿਆ ਟ੍ਰੈਕਟ ‘1699 ਦੀ ਵਿਸਾਖੀ’ ਗੁਜਰਾਤੀ ਭਾਸ਼ਾ ਵਿਚ ਵੀ 1999 ਵਿਚ ਪ੍ਰਕਾਸ਼ਿਤ ਹੋਇਆ। ਇਸ ਤਰ੍ਹਾਂ ਉਸ ਦੀਆਂ ਹੁਣ ਤੱਕ ਦੀਆਂ ਰਚਨਾਵਾਂ ਦਾ ਵਿਸ਼ਲੇਸ਼ਣ ਕਰਨ `ਤੇ ਪਤਾ ਲਗਦਾ ਹੈ ਕਿ ਲੇਖਕ ਬਾਲ-ਮਨ ਅਤੇ ਪ੍ਰੋੜ-ਮਨ ਦੀ ਬਾਤ ਸਫਲਤਾ ਨਾਲ ਪਾ ਰਿਹਾ ਹੈ।
ਆਓ ਹੁਣ ਗੱਲ ਕਰਦੇ ਹਾਂ ਲੇਖਕ ਦੀ ਨਵੀਂ ਕਿਤਾਬ ‘ਨਵਾਂ ਆਦਮੀ’ ਦੀ। ਸੁਖਦੇਵ ਸਿੰਘ ਸ਼ਾਂਤ ਹੁਣ ਦੋ ਥਾਂਈਂ ਵਸਦਾ ਹੈ, ਭਾਰਤ ਤੇ ਅਮਰੀਕਾ। ਜਿੱਥੇ ਵੱਸੋਗੇ, ਉਥੇ ਵਿਚਰੋਗੇ ਵੀ। ਇਸੇ ਕਰਕੇ ਇਸ ਕਿਤਾਬ ਦੀਆਂ ਕਹਾਣੀਆਂ ਪੂਰਬ ਤੇ ਪੱਛਮ ਦੀ ਬਾਤ ਪਾਉਂਦੀਆਂ ਹਨ। ਸ਼ਾਇਦ ਗੁਰਮਤਿ ਨਾਲ ਧੁਰ ਅੰਦਰੋਂ ਜੁੜਿਆ ਹੋਣ ਕਰਕੇ ਹੀ ਹੈ ਕਿ ਉਸ ਦੀਆਂ ਪਹਿਲੀਆਂ ਦੋ ਕਹਾਣੀਆਂ ਪ੍ਰਵਚਨ ਅਤੇ ਅੰਨ੍ਹੀ ਵਕਾਲਤ, ਪੰਜਾਬ ਵਿਚ ਬੁਰੀ ਤਰ੍ਹਾਂ ਫੈਲ ਚੁਕੇ ਬਾਬਾ ਕਲਚਰ ਦੇ ਪ੍ਰਦੂਸ਼ਣ `ਤੇ ਕਰਾਰੀ ਚੋਟ ਮਾਰਦੀਆਂ ਨੇ। ਕਹਾਣੀਆਂ-ਜਿ਼ੰਦਗੀ ਦੀ ਵਾਪਸੀ, ਸ਼ਗਨ, ਰਿਸ਼ਤੇ ਕਾਗਜ਼ ਦੇ ਅਤੇ ਆਪੋ ਆਪਣੀ ਪਹੁੰਚ, ਮਨੁੱਖ ਦੀ ਮਾਇਆ ਨਾਲ ਜੁੜੀ ਪ੍ਰਵਿਰਤੀ ਨੂੰ ਬੜੇ ਹੀ ਸੁਭਾਵਿਕ ਜਿਹੇ ਤਰੀਕੇ ਨਾਲ ਉਜਾਗਰ ਕਰਦੀਆਂ ਨੇ। ਨਵੀਆਂ ਤਕਨੀਕਾਂ ਦੇ ਲਾਭ-ਹਾਣ ਦਾ ਸਾਡੀ ਜਿ਼ੰਦਗੀ `ਤੇ ਪੈ ਰਹੇ ਅਸਰ ਦੀਆਂ ਗਵਾਹ ਬਣ ਗਈਆਂ ਨੇ ਕਹਾਣੀਆਂ-ਰਿਸ਼ਤੇਦਾਰੀ ਅਤੇ ਚਮਤਕਾਰ। ਭਾਰਤ ਵਿਚ ਆਈ ਸਟੇਟਸ ਤਬਦੀਲੀ ਬਾਰੇ ਕਹਾਣੀ ‘ਡਰਾਈ ਫਰੂਟ’ ਆਪਣੀ ਮਿਸਾਲ ਆਪ ਹੀ ਹੈ।
ਕਹਾਣੀ ‘ਤਰਸ’ ਮੈਂ ਚਾਰ ਵਾਰ ਪੜ੍ਹੀ ਹੈ। ਹਰ ਵਾਰ ਤੁਹਾਡੇ ਦਿਲ `ਤੇ ਠੋਕਰ ਮਾਰਦੀ ਹੈ। ਇਹ ਲਾਈਨਾਂ ਵੇਖੋ: “ਵਿਚਾਰਾ ਏਨੀ ਠੰਢ ’ਚ ਤੇ ਇੰਨੀ ਧੁੰਦ ’ਚ ਆਪਾਂ ਦੋਹਾਂ ਨੂੰ ਕਿੱਥੇ ਖਿੱਚਦਾ? ਧੱਕਾ ਈ ਹੋਣਾ ਸੀ ਨਾ ਵਿਚਾਰੇ ਨਾਲ।” ਅਗਲੀਆਂ ਦੋ ਲਾਈਨਾਂ ਕਲਾਤਮਿਕਤਾ ਦਾ ਸਿਰਾ ਹੀ ਨੇ, “ਨਾਲੇ ਆਪਾਂ ਵੀ ਰਿਕਸ਼ੇ ਵਿਚ ਔਖੇ ਹੀ ਹੁੰਦੇ। ਧੁੰਦ ਤਾਂ ਮੀਂਹ ਵਾਂਗ ਪੈ ਰਹੀ ਏ।” ਇਹ ਸਿਰਫ ਸੁਖਦੇਵ ਸਿੰਘ ਸ਼ਾਂਤ ਵਰਗਾ ਪ੍ਰੋੜ ਕਹਾਣੀਕਾਰ ਹੀ ਲਿਖ ਸਕਦਾ ਹੈ। ਆਪਣਾਪਨ ਸ਼ਬਦਾਂ ਵਿਚੋਂ ਕਿਵੇਂ ਲੱਭ ਲਈਦਾ ਹੈ, ਲੇਖਕ ਇਸ ਬਾਰੇ ਕਹਾਣੀ ‘ਤਰਜੀਹ’ ਵਿਚ ਚੁਪਕੇ ਜਿਹੇ ਦੱਸ ਦਿੰਦਾ ਹੈ। ਗੱਲ ਕੀ, ਸਾਰੀਆਂ ਕਹਾਣੀਆਂ ਪਾਠਕ ਨੂੰ ਕੋਈ ਨਾ ਕੋਈ ਸੁਨੇਹਾ ਦਿੰਦੀਆਂ ਨੇ। ਸੱਚਾਈ ਬਿਆਨ ਕਰਨ ਲੱਗਿਆਂ ਕੁਝ ਕਹਾਣੀਆਂ ਵਿਚ ਸ. ਸ਼ਾਂਤ ਆਪਣੇ ਵਿਭਾਗ ਦੇ ਵੀ ਚੂੰਢੀਆਂ ਵੱਢਦਾ ਹੈ।
ਇਸ ਸਮੁੱਚੀ ਕਿਤਾਬ ਦਾ ਪਾਠ ਕੀਤਿਆਂ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ ਸ. ਸ਼ਾਂਤ ਨੇ ਵਿਅਕਤੀ ਦੇ ਅੰਦਰਲੇ ਤੇ ਬਾਹਰਲੇ ਮਨ, ਰਿਸ਼ਤਿਆਂ-ਨਾਤਿਆਂ ਤੇ ਦੁਨੀਆਂਦਾਰੀ ਵਿਚ ਫੈਲੇ ਹਰ ਪੱਖ ਨੂੰ ਇਨ੍ਹਾਂ 63 ਮਿਨੀ ਕਹਾਣੀਆਂ ਵਿਚ ਕਰੋਸ਼ੀਏ ਨਾਲ ਬੁਣਿਆ ਹੈ। ਕਹਾਣੀਆਂ ਦੇ ਸਿਰਲੇਖ ਵੀ ਬੜੇ ਢੁਕਵੇਂ ਹਨ। ਪਹਿਲਾਂ ਜਿ਼ਕਰ ਕੀਤੇ ਸਿਰਲੇਖਾਂ ਦੇ ਨਾਲ ਨਾਲ ਨਜ਼ਰੀਆ, ਪੁੱਛ, ਬਾਹਰਲਾ ਤੋਹਫਾ, ਗੁੰਗੇ ਲੋਕ, ਪੈਮਾਨਾ, ਟੌਹਰ, ਡਰਾਈ ਫਰੂਟ, ਰਾਮ ਬਾਣ, ਬੇਅਦਬੀ, ਕੱਲਾਕਾਰਾ ਮਨੁੱਖ, ਸਬਰ ਵਾਲੇ ਲੋਕ, ਆਦਿ।
ਉਂਜ ਤਾਂ ਸਮੁੱਚੀ ਕਿਤਾਬ ਵਿਚੋਂ ਹੀ ਲੇਖਕ ਦੀ ਕਿਸੇ ਨਾ ਕਿਸੇ ਰੂਪ ਵਿਚ ਝਲਕ ਮਿਲਦੀ ਹੁੰਦੀ ਹੈ, ਪਰ ਨਵਾਂ ਆਦਮੀ ਕਹਾਣੀ ਤਾਂ ਹੂਬਹੂ ਲੇਖਕ ਦੀ ਸ਼ਖਸੀਅਤ ਨਾਲ ਮੇਲ ਖਾਂਦੀ ਹੈ। ਇਹ ਮੈਂ ਇਸ ਲਈ ਕਹਿ ਰਿਹਾ ਹਾਂ, ਕਿਉਂਕਿ ਅਸੀਂ ਇਕੋ ਹੀ ਮਹਿਕਮੇ ਸਹਿਕਾਰਤਾ ਵਿਚ ਸਾਂ। ਮੈਂ ਸਹਿਕਾਰਤਾ ਦੇ ਮੈਗਜ਼ੀਨ ‘ਪੰਜਾਬ ਕੋਆਪ੍ਰੇਸ਼ਨ’ ਦਾ ਸੰਪਾਦਕ ਸਾਂ ਤਾਂ ਇਕ ਬੜੀ ਹੀ ਪਿਆਰੀ ਕਹਾਣੀ ਛਪਣ ਲਈ ਆਈ। ਲੇਖਕ ਦਾ ਨਾਂ ਸੁਖਦੇਵ ਸਿੰਘ ਸ਼ਾਂਤ, ਘਰ ਦਾ ਫੋਨ ਨੰਬਰ ਤੇ ਪਤਾ ਲਿਖਿਆ ਸੀ। ਉਦੋਂ ਮੋਬਾਇਲ ਨਹੀਂ ਸਨ ਹੁੰਦੇ। ਮੈਂ ਦਫਤਰੀ ਫੋਨ ਤੋਂ ਪਟਿਆਲੇ ਨੂੰ ਫੋਨ ਲਾਇਆ ਤਾਂ ਪਤਾ ਲੱਗਾ ਕਿ ਡਿਊਟੀ `ਤੇ ਹਨ, ਛੇ ਕੁ ਵਜੇ ਆਉਣਗੇ। ਮੈਂ ਛੇ ਵਜੇ ਫਿਰ ਫੋਨ ਲਾਇਆ ਤਾਂ ਸ. ਸ਼ਾਂਤ ਨਾਲ ਗੱਲ ਹੋਈ। ਕਹਾਣੀ ਬਾਰੇ, ਉਨ੍ਹਾਂ ਦੀ ਲੇਖਣੀ ਬਾਰੇ ਗੱਲਾਂ ਹੋਈਆਂ। ਮੈਨੂੰ ਇਉਂ ਲੱਗਾ, ਜਿਵੇਂ ਕਿਸੇ ਚਿਰ ਦੇ ਵਾਕਿਫ ਨਾਲ ਗੱਲ ਕਰ ਰਿਹਾ ਹੋਵਾਂ। ਜਦ ਮੈਂ ਮਹਿਕਮੇ ਬਾਰੇ ਪੁਛਿਆ ਤਾਂ ਮੈਨੂੰ ਹੈਰਾਨੀ ਭਰੀ ਖੁਸ਼ੀ ਹੋਈ ਕਿ ਉਹ ਸਹਿਕਾਰਤਾ ਵਿਭਾਗ ਦੇ ਅਧਿਕਾਰੀ ਹਨ। ਹੈਰਾਨੀ ਇਸ ਗੱਲ ਦੀ ਕਿ ਸਾਡੇ ਮਹਿਕਮੇ ਦੇ ਜਿਹੜੇ ਵੀ ਰਚਨਾਵਾਂ ਛਪਣ ਲਈ ਭੇਜਦੇ ਸਨ, ਉਨ੍ਹਾਂ ਦਾ ਅਹੁਦਾ ਅਤੇ ਦਫਤਰ ਦਾ ਪਤਾ ਮੋਟੇ ਅੱਖਰਾਂ ਵਿਚ ਲਿਖਿਆ ਹੁੰਦਾ ਸੀ।
ਅੱਸੀ ਪੰਨਿਆਂ ਦੀ ਇਸ ਕਿਤਾਬ ਨੂੰ ਫੱਬਵੇਂ ਟਾਈਟਲ ਨਾਲ ਪ੍ਰਕਾਸ਼ਿਤ ਕੀਤਾ ਹੈ, ਸੰਗਮ ਪਬਲੀਕੇਸ਼ਨ ਸਮਾਣਾ ਨੇ। ਇਸ ਦੀ ਪੜਚੋਲਵੀਂ ਭੂਮਿਕਾ ਲਿਖੀ ਹੈ, ਡਾ. ਹਰਪ੍ਰੀਤ ਸਿੰਘ ਰਾਣਾ ਨੇ। ਇਨ੍ਹਾਂ ਕਹਾਣੀਆਂ ਵਿਚ ਇੰਨੀ ਪਰਪੱਕਤਾ ਇਸ ਕਰਕੇ ਵੀ ਹੈ ਕਿ ਇਨ੍ਹਾਂ ਦੇ ਛਪਣ ਤੋਂ ਪਹਿਲਾਂ ਵੀ ਇਨ੍ਹਾਂ ਦੇ ਸੁਲੋਚਨਾਤਮਕ ਪਾਠਕ ਲੇਖਕ ਦੀ ਪਤਨੀ ਸ੍ਰੀਮਤੀ ਸੁਰਿੰਦਰ ਕੌਰ ਅਤੇ ਬੇਟਾ ਗੁਰਦੀਪਕ ਸਿੰਘ ਹਨ। ਸਮੁੱਚੇ ਰੂਪ ਵਿਚ ਸੁਖਦੇਵ ਸਿੰਘ ਸ਼ਾਂਤ ਦੀਆਂ ਇਹ ਮਿਨੀ ਕਹਾਣੀਆਂ ਤੁਹਾਨੂੰ ਆਪਣੇ ਆਲੇ-ਦੁਆਲੇ ਵਾਪਰ ਰਹੇ ਬਹੁਤ ਕੁਝ ਬਾਰੇ, ਕੁਝ ਕੁਝ ਬਾਰੇ ਬੜੀ ਬਾਰੀਕੀ ਨਾਲ ਉਸ ਵਿਚਲੀ ਸੱਚਾਈ ਦੇ ਰੂਬਰੂ ਕਰਾਉਂਦੀਆਂ ਹਨ। ਸੁਖਦੇਵ ਸਿੰਘ ਸ਼ਾਂਤ ਧਰਤੀ ਨਾਲ ਜੁੜਿਆ ਲੇਖਕ ਹੈ, ਇਸੇ ਕਰਕੇ ਉਸ ਦੀਆਂ ਕਹਾਣੀਆਂ ਲੋਕਾਈ ਦੀ ਬਾਤ ਪਾਉਂਦੀਆਂ ਹਨ। ਸ. ਸ਼ਾਂਤ ਨਾਲ ਸੰਪਰਕ ਫੋਨ: 317-406-0002 ਰਾਹੀਂ ਕੀਤਾ ਜਾ ਸਕਦਾ ਹੈ।