ਕੈਪਟਨ ਅਮਰਿੰਦਰ ਦਾ ਪੰਜਾਬ ਕਾਂਗਰਸ ਵਿਚ ਦਬਦਬਾ ਮੁੜ ਕਾਇਮ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਕਾਂਗਰਸ ਦੀ ਕੌਮੀ ਕਾਰਜਕਰਨੀ ਵਿਚ ਅਹਿਮ ਅਹੁਦਾ ਮਿਲਣ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਫਿਰ ਪੰਜਾਬ ਦੀ ਸਿਆਸਤ ਵਿਚ ਦਬਦਬਾ ਬਣਾਉਣ ਸ਼ੁਰੂ ਕਰ ਦਿੱਤਾ ਹੈ। ਕੈਪਟਨ ਨਾਲ ਪੁਰਾਣੇ ਸਾਥੀ ਤੇ ਵਫ਼ਾਦਾਰ ਮੁੜ ਜੁੜਨੇ ਸ਼ੁਰੂ ਹੋ ਗਏ ਹਨ ਹਾਲਾਂਕਿ ਕੈਪਟਨ ਦੇ ਹੱਥੋਂ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਖੁੱਸਣ ਤੋਂ ਬਾਅਦ ਇਕਦਮ ਵਫ਼ਾਦਾਰੀਆਂ ਬਦਲ ਗਈਆਂ ਸਨ ਤੇ ਮੁਹਾਲੀ ਅਦਾਲਤ ਵਿਚ ਪੇਸ਼ੀਆਂ ਦੌਰਾਨ ਬੜੀ ਮੁਸ਼ਕਲ ਨਾਲ ਚੰਦ ਕੁ ਕਾਂਗਰਸੀ ਆਗੂ ਤੇ ਵਰਕਰ ਹੀ ਪੁੱਜਦੇ ਸਨ ਪਰ ਹੁਣ ਫਿਰ ਤੋਂ ਕੈਪਟਨ ਦੀ ਆਮਦ ‘ਤੇ ਕਾਂਗਰਸੀਆਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਕਾਂਗਰਸ ਲੀਡਰਸ਼ਿਪ ਵਿਚ ਕੋਈ ਮਤਭੇਦ ਜਾਂ ਫੁੱਟ ਨਹੀਂ ਤੇ ਸਾਰੇ ਕਾਂਗਰਸੀ ਇਕ ਮੰਚ ‘ਤੇ ਪੂਰੀ ਤਰ੍ਹਾਂ ਇਕਜੁੱਟ ਹਨ। ਇਥੇ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਮਾਮਲੇ ਵਿਚ ਪੇਸ਼ੀ ਭੁਗਤਣ ਆਏ ਕੈਪਟਨ ਨੇ ਕਿਹਾ ਕਿ ਜਦੋਂ ਕੋਈ ਨਵਾਂ ਪ੍ਰਧਾਨ ਬਣਦਾ ਹੈ ਤਾਂ ਉਸ ਨੂੰ ਸੈੱਟ ਹੋਣ ਵਿਚ ਥੋੜ੍ਹਾ ਸਮਾਂ ਜ਼ਰੂਰ ਲੱਗਦਾ ਹੈ।
ਪੰਜਾਬ ਕਾਂਗਰਸ ਦੇ ਗਠਨ ਬਾਰੇ ਉਨ੍ਹਾਂ ਕਿਹਾ ਕਿ ਪਾਰਟੀ ਦੇ ਵਫ਼ਾਦਾਰ ਵਰਕਰਾਂ ਤੇ ਸਰਗਰਮ ਆਗੂਆਂ ਦੀਆਂ ਸੂਚੀਆਂ ਤਿਆਰ ਹੋ ਰਹੀਆਂ ਹਨ ਤੇ ਹਾਈ ਕਮਾਂਡ ਦੀ ਪ੍ਰਵਾਨਗੀ ਮਿਲਦੇ ਹੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਹੁਦੇਦਾਰਾਂ ਦਾ ਐਲਾਨ ਕਰ ਦੇਣਗੇ। ਉਨ੍ਹਾਂ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵਿਰੁੱਧ ਸ੍ਰੀਮਤੀ ਸੋਨੀਆਂ ਗਾਂਧੀ ਨੂੰ ਪੱਤਰ ਲਿਖਣ ਦਾ ਕੂੜ ਪ੍ਰਚਾਰ ਵੀ ਸ਼ਰਾਰਤੀ ਅਨਸਰਾਂ ਦੀ ਸਾਜ਼ਿਸ਼ ਸੀ। ਕੈਪਟਨ ਨੇ ਕਿਹਾ ਕਿ ਪਿਛਲੇ ਛੇ ਸਾਲਾਂ ਵਿਚ ਸੱਤਾਧਾਰੀ ਗੱਠਜੋੜ ਨੇ ਧੱਕੇਸ਼ਾਹੀਆਂ ਦੀਆਂ ਸਾਰੀਆਂ ਹੱਦਾਂ ਪਾਰ ਦਿੱਤੀਆਂ ਹਨ। ਸਰਕਾਰ ਨੇ ਲੋਕਾਂ ਨੂੰ ਡਰਾ-ਧਮਕਾ ਕੇ ਬਲਾਕ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਤੋਂ ਬਾਅਦ ਪੰਚਾਇਤੀ ਚੋਣਾਂ ਜਿੱਤੀਆਂ ਹਨ ਪਰ ਹੁਕਮਰਾਨਾਂ ਵੱਲੋਂ ਇਸ ਨੂੰ ਅਕਾਲੀ ਦਲ ਦੇ ਹੱਕ ਵਿਚ ਲੋਕਾਂ ਦਾ ਫਤਵਾ ਕਹਿਣਾ ਬਿਲਕੁਲ ਗ਼ਲਤ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਸੱਤਾਧਾਰੀ ਦਲ ਇਹ ਕਹਿੰਦਾ ਸੀ ਕਿ ਕਾਂਗਰਸੀਆਂ ਨੂੰ ਝੂਠੀਆਂ ਸ਼ਿਕਾਇਤਾਂ ਕਰਨ ‘ਤੇ ਰੌਲਾ ਪਾਉਣ ਦੀ ਆਦਤ ਹੈ ਪਰ ਹੁਣ ਤਾਂ ਅਕਾਲੀ ਖ਼ੁਦ ਹੀ ਖੂਨੀ ਸੰਘਰਸ਼ ‘ਤੇ ਉਤਾਰੂ ਹੋ ਗਏ ਹਨ ਤੇ ਖ਼ੁਦ ਹੀ ਇਕ ਦੂਜੇ ਨੂੰ ਗੋਲੀਆਂ ਮਾਰ ਰਹੇ ਹਨ। ਆਗਾਮੀ ਲੋਕ ਸਭਾ ਚੋਣਾਂ ਬਾਰੇ ਪੁੱਛੇ ਕੈਪਟਨ ਨੇ ਕਿਹਾ ਕਿ ਇਸ ਬਾਰੇ ਦੋ ਅਹਿਮ ਪੱਖਾਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਕ ਤਾਂ ਨੈਸ਼ਨਲ ਕਾਂਗਰਸ ਵੱਲੋਂ ਕੌਮੀ ਨੀਤੀ ਤੇ ਚੋਣ ਮੈਨੀਫੈਸਟੋ ਤਿਆਰ ਕੀਤਾ ਜਾ ਰਿਹਾ ਹੈ, ਦੂਜਾ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਵੀ ਆਪਣੇ ਪੱਧਰ ‘ਤੇ ਚੋਣਾਂ ਵਿਚ ਅਕਾਲੀ-ਭਾਜਪਾ ਗੱਠਜੋੜ ਨੂੰ ਸਖ਼ਤ ਟੱਕਰ ਦੇਣ ਲਈ ਰਣਨੀਤੀ ਘੜੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਵਿਚ ਅਕਾਲੀਆਂ ਦੇ ਸਾਰੇ ਭੁਲੇਖੇ ਦੂਰ ਕਰ ਦਿੱਤੇ ਜਾਣਗੇ।
_______________________________
ਬਾਜਵਾ ਵੱਲੋਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼
ਚੰਡੀਗੜ੍ਹ: ਪੰਜਾਬ ਕਾਂਗਰਸ ਦੀ ਕਾਰਜਕਾਰਨੀ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨੇੜਲਿਆਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਸੂਤਰਾਂ ਮੁਤਾਬਕ ਇਕਾਈ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਪਾਰਟੀ ਹਾਈ ਕਮਾਨ ਨੂੰ ਨਵੀਂ ਕਾਰਜਕਾਰਨੀ ਦੀ ਜਿਹੜੀ ਸੂਚੀ ਭੇਜੀ ਹੈ, ਉਸ ਵਿਚ ਕੈਪਟਨ ਦੇ ਨੇੜਲਿਆਂ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਦਾ ਜਵਾਈ ਵਿਕਰਮ ਬਾਜਵਾ ਵੀ ਸ਼ਾਮਲ ਹੈ।
ਸ਼ ਬਾਜਵਾ ਸਾਰੇ ਧੜਿਆਂ ਨੂੰ ਨਾਲ ਲੈ ਕੇ ਚੱਲਣ ਦੇ ਚਾਹਵਾਨ ਹਨ। ਉਨ੍ਹਾਂ ਯਕੀਨ ਵੀ ਦਿਵਾਇਆ ਹੈ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਕਾਂ ਨੂੰ ਕੋਈ ਸ਼ਿਕਾਇਤ ਨਹੀਂ ਰਹੇਗੀ। ਉਂਜ, ਇਹ ਅਜੇ ਸਪਸ਼ਟ ਨਹੀਂ ਹੋਇਆ ਕਿ ਰਾਣਾ ਗੁਰਮੀਤ ਸਿੰਘ ਸੋਢੀ, ਕੇਵਲ ਢਿੱਲੋਂ ਤੇ ਰਾਣਾ ਕੇæਪੀæ ਨੂੰ ਨਵੀਂ ਕਾਰਜਕਾਰਨੀ ਵਿਚ ਉਪ ਪ੍ਰਧਾਨ ਬਣਾਇਆ ਜਾ ਰਿਹਾ ਹੈ ਜਾਂ ਨਹੀਂ। ਉਂਜ, ਚਾਰ ਉਪ ਪ੍ਰਧਾਨ ਤਾਂ ਪਹਿਲਾਂ ਹੀ ਨਿਯੁਕਤ ਕੀਤੇ ਜਾ ਚੁੱਕੇ ਹਨ ਤੇ ਇਨ੍ਹਾਂ ਨੂੰ ਵੱਖ-ਵੱਖ ਜ਼ੋਨ ਸੌਂਪ ਦਿੱਤੇ ਗਏ ਹਨ। ਇਸ ਲਈ ਫਿਲਹਾਲ ਹੋਰ ਉਪ ਪ੍ਰਧਾਨ ਬਣਾਉਣੇ ਮੁਸ਼ਕਲ ਹਨ।
ਕੈਪਟਨ ਅਮਰਿੰਦਰ ਸਿੰਘ ਦੇ ਕੱਟੜ ਸਮਰਥਕ ਚੌਧਰੀ ਜਗਜੀਤ ਸਿੰਘ ਜੋ ਦੋਆਬਾ ਖਿੱਤੇ ਦੇ ਦਲਿਤ ਲੀਡਰ ਹਨ, ਨੂੰ ਕਾਰਜਕਾਰਨੀ ਵਿਚ ਲੈਣ ਦਾ ਚਾਂਸ ਘੱਟ ਹੈ ਕਿਉਂਕਿ ਪਹਿਲਾਂ ਨਿਯੁਕਤ ਉਪ ਪ੍ਰਧਾਨਾਂ ਵਿਚੋਂ ਇਕ ਨੇ ਉਨ੍ਹਾਂ ਦਾ ਤਿੱਖਾ ਵਿਰੋਧ ਕੀਤਾ ਹੈ। ਚੇਤੇ ਰਹੇ ਕਿ ਦਲਿਤ ਆਗੂ ਤਰਲੋਚਨ ਸਿੰਘ ਸੂੰਢ ਨੂੰ ਪਹਿਲਾਂ ਹੀ ਉਪ ਪ੍ਰਧਾਨ ਥਾਪਿਆ ਜਾ ਚੁੱਕਾ ਹੈ ਤੇ ਉਹ ਦੋਆਬਾ ਖੇਤਰ ਵਿਚੋਂ ਹੀ ਹਨ।
ਪਾਰਟੀ ਸੂਤਰਾਂ ਮੁਤਾਬਕ ਸ਼ ਬਾਜਵਾ ਨੇ ਰਾਣਾ ਗੁਰਜੀਤ ਸਿੰਘ ਦਾ ਨਾਂ ਨਵੀਂ ਕਾਰਜਕਾਰਨੀ ਲਈ ਭੇਜਿਆ ਹੈ ਤੇ ਉਨ੍ਹਾਂ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਧੜਿਆਂ ਵਿਚਕਾਰ ਸੰਤੁਲਨ ਕਾਇਮ ਰੱਖਣ ਲਈ ਸ਼ ਬਾਜਵਾ ਨੇ ਬੀਬੀ ਭੱਠਲ ਦੇ ਜਵਾਈ ਵਿਕਰਮ ਬਾਜਵਾ ਦਾ ਨਾਂ ਜਨਰਲ ਸਕੱਤਰ ਦੇ ਅਹੁਦੇ ਲਈ ਸਿਫਾਰਸ਼ ਕੀਤਾ ਹੈ। ਵਿਕਰਮ ਬਾਜਵਾ ਪਹਿਲੀ ਕਾਰਜਕਾਰਨੀ ਵਿਚ ਵੀ ਇਸੇ ਅਹੁਦੇ ਉਤੇ ਸਨ।
ਅਮਲੋਹ ਤੋਂ ਵਿਧਾਇਕ ਰਣਦੀਪ ਸਿੰਘ ਦਾ ਨਾਂ ਵੀ ਇਸੇ ਅਹੁਦੇ ਲਈ ਤਜਵੀਜ਼ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ ਬਾਜਵਾ ਨੇ ਪੁਰਾਣੇ ਉਪ ਪ੍ਰਧਾਨਾਂ ਨੂੰ ਜਨਰਲ ਸਕੱਤਰ ਬਣਾਉਣ ਦੀ ਸਿਫਾਰਸ਼ ਕੀਤੀ ਹੈ। ਉਨ੍ਹਾਂ 40 ਮੈਂਬਰੀ ਕਾਰਜਕਾਰਨੀ ਦੀ ਸੂਚੀ ਭੇਜੀ ਹੈ ਜਿਨ੍ਹਾਂ ਵਿਚ 10 ਜਨਰਲ ਸਕੱਤਰ ਤੇ 20 ਸਕੱਤਰ ਹੋਣਗੇ। ਪਹਿਲਾਂ ਵਾਲੀ ਸੂਚੀ ਵਿਚ 11 ਉਪ ਪ੍ਰਧਾਨ, ਨੌਂ ਜਨਰਲ ਸਕੱਤਰ, ਸੱਤ ਸਕੱਤਰ, ਇਕ ਖਜ਼ਾਨਚੀ ਤੇ 33 ਕਾਰਜਕਾਰਨੀ ਮੈਂਬਰ ਸਨ। ਜ਼ਿਲ੍ਹਾ ਪ੍ਰਧਾਨ ਪਹਿਲਾਂ ਵਾਲੇ ਹੀ ਰਹਿਣਗੇ। ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਦਾ ਪੁੱਤਰ ਕਮਲਜੀਤ ਢਿੱਲੋਂ ਪਹਿਲਾਂ ਵਾਂਗ ਖਜ਼ਾਨਚੀ ਰਹੇਗਾ। ਸ਼ ਬਾਜਵਾ ਨੇ ਦੱਸਿਆ ਕਿ ਸੂਚੀ ਹਾਈ ਕਮਾਨ ਨੂੰ ਭੇਜੀ ਜਾ ਚੁੱਕੀ ਹੈ। ਅਹੁਦੇਦਾਰੀਆਂ ਬਾਰੇ ਐਲਾਨ ਛੇਤੀ ਹੀ ਹੋ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਕਿਸੇ ਧੜੇ ਦੀ ਪੈਰਵੀ ਨਹੀਂ ਕੀਤੀ।

Be the first to comment

Leave a Reply

Your email address will not be published.