ਹੱਕੀ ਕਿਸਾਨ ਅੰਦੋਲਨ ਅਤੇ ਅਣਖਾਂ ਭਰਿਆ ਵਿਰਸਾ

ਸਾਨੂੰ ਸਭ ਨੂੰ ਪਤਾ ਹੀ ਹੈ ਕਿ ਹਿੰਦੋਸਤਾਨ ਦੀ ਸਰਕਾਰ ਵਿਰੁੱਧ ਕਿਸਾਨ ਅੰਦੋਲਨ, ਜਨ ਅੰਦੋਲਨ ਦਾ ਰੂਪ ਧਾਰ ਚੁਕਾ ਹੈ। ਦਿੱਲੀ ਦੇ ਬਾਰਡਰਾਂ ਉੱਪਰ ਬੈਠੇ ਸੰਘਰਸ਼ਕਾਰੀ ਕਿਸਾਨਾਂ ਨੂੰ ਛੇ ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ, ਪਰ ਜੇ ਸੂਬਾ ਪੱਧਰ `ਤੇ ਦੇਖੀਏ ਤਾਂ ਕਿਸਾਨ ਸੰਘਰਸ਼ ਨੂੰ ਇੱਕ ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਹੈ। 5 ਜੂਨ 2020 ਨੂੰ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਜਮੀਨਾਂ ਹਥਿਆਉਣ ਲਈ ਆਰਡੀਨੈਂਸ ਬਣਾਏ ਸਨ, ਜਿਨ੍ਹਾਂ ਨੂੰ ਧੱਕੇ ਨਾਲ 20 ਸਤੰਬਰ 2020 ਨੂੰ ਕਾਨੂੰਨੀ ਰੂਪ ਦਿੱਤਾ ਗਿਆ।

ਇਨ੍ਹਾਂ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਅਤੇ ਕਿਸਾਨ ਵਲੋਂ ਪੈਦਾ ਕੀਤੀਆਂ ਜਾ ਰਹੀਆ ਫਸਲਾਂ ਲਈ ਘੱਟੋ ਘੱਟ ਮਦਦ ਕੀਮਤ (ਐਮ. ਐਸ. ਪੀ.) ਲਈ ਕਾਨੂੰਨ ਬਣਾਉਣ ਵਾਸਤੇ ਸੈਂਕੜੇ ਕਿਸਾਨਾਂ ਤੇ ਕਿਸਾਨੀ ਸਮਰਥਕ ਮਜ਼ਦੂਰਾਂ ਨੇ ਸੰਘਰਸ਼ ਦੇ ਹਵਨ-ਕੁੰਡ ‘ਚ ਆਪਣੀ ਜਾਨ ਦੀ ਆਹੂਤੀ ਦਿੱਤੀ; ਸੋ ਇਸ ਹੱਕੀ ਪ੍ਰਚੰਡ ਹੋਏ ਘੋਲ ਵਿਚ ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਸਾਨੀ ਜਾਂ ਖੇਤੀ ਨੂੰ ਬਚਾਉਣ ਦਾ ਅਰਥ ਹੈ ਕਿ ਕਿਸਾਨੀ ਨਾਲ ਜੁੜੇ ਹੋਏ ਖੇਤੀ ਮਜ਼ਦੂਰ, ਛੋਟੇ ਛੋਟੇ ਸੰਦ (ਕਹੀਆਂ, ਦਾਤਰੀਆਂ ਅਤੇ ਰੰਬੇ ਆਦਿ) ਬਣਾਉਣ ਵਾਲੇ, ਛੋਟੇ ਦੁਕਾਨਦਾਰ, ਸੀਜ਼ਨਲ ਕਾਮੇ ਅਤੇ ਰੋਜ਼ਾਨਾ ਜੀਵਨ ਨਾਲ ਜੁੜੇ ਮਜ਼ਦੂਰ (ਰੋਜ਼ ਕਮਾ ਕੇ ਖਾਣ ਵਾਲੇ) ਅਤੇ ਮੁਲਾਜ਼ਮ ਆਦਿ ਦੀ ਜਿ਼ੰਦਗੀ ਨਾਲ ਹੋ ਰਹੇ ਧੱਕੇ ਤੋਂ ਉਨ੍ਹਾਂ ਨੂੰ ਬਚਾਉਣਾ ਹੈ।
ਭਾਜਪਾ ਸਰਕਾਰ ਜਦ ਤੋਂ ਹੋਂਦ ਵਿਚ ਆਈ ਹੈ, ਦੇਸ਼ ਦਾ ਆਰਥਕ ਢਾਂਚਾ ਤਹਿਸ ਨਹਿਸ ਕੀਤਾ ਹੋਇਆ ਹੈ। ਭਾਰਤੀ ਲੋਕ ਸੋਚਦੇ ਹੋਣਗੇ ਕਿ ਇਹ ਸਰਕਾਰ ਦੇਸ਼ ਦੀਆਂ ਕਾਰਪੋਰੇਟ ਧਿਰਾਂ ਦੀ ਰਖੇਲ ਹੋਵੇਗੀ, ਸਾਨੂੰ ਇਸ ਤੋਂ ਵੀ ਅੱਗੇ ਨਜ਼ਰ ਵਧਾ ਕੇ ਦੇਖਣ ਦੀ ਲੋੜ ਹੈ। ਲੋਕਾਂ ਦੀ ਵੋਟ ਦੁਆਰਾ ਚੁਣੀ ਹੋਈ ਸਰਕਾਰ ਲੋਕ-ਪੱਖੀ ਹੋਣੀ ਚਾਹੀਦੀ ਹੈ, ਲੋਕਾਂ ਦੀ ਰੋਜ਼ੀ-ਰੋਟੀ, ਸਿਹਤ-ਸਹੂਲਤਾਂ ਅਤੇ ਵਧੀਆ ਭਵਿੱਖ ਲਈ ਜਿ਼ੰਮੇਵਾਰ ਹੋਣੀ ਚਾਹੀਦੀ ਹੈ। ਥੋੜ੍ਹਾ ਜਿੰਨਾ ਸੋਚੀਏ ਕਿ ਬਹੁਮਤ ਪ੍ਰਾਪਤ ਭਾਜਪਾ ਸਰਕਾਰ ਲੋਕਾਂ ਦੀ ਹਿਫਾਜ਼ਤ ਕਰ ਰਹੀ ਹੈ ਜਾਂ ਫਿਰ ਅੰਤਰ-ਰਾਸ਼ਟਰੀ ਰਾਜਨੀਤੀ ਮੂਹਰੇ ਗੋਡੇ ਟੇਕ ਕੇ ਆਪਣੇ ਹੀ ਲੋਕਾਂ ਦਾ ਘਾਣ ਕਰ ਰਹੀ ਹੈ! 1947 ਤੋਂ ਬਾਅਦ ਬਣੀਆਂ ਸਰਕਾਰਾਂ ਨੇ ਦੇਸ਼ ਨੂੰ ਆਰਥਿਕ ਅਤੇ ਸਮਾਜਿਕ ਤੌਰ `ਤੇ ਖੋਖਲਾ ਕੀਤਾ ਹੋਇਆ ਹੈ। ਅੰਤਰ-ਰਾਸ਼ਟਰੀ ਸਰਮਾਏਦਾਰੀ ਅਜੇ ਤੱਕ ਵੀ ਦੇਸੀ ਸਰਮਾਏਦਾਰੀ ਨਾਲ ਰਲ ਕੇ ਲੋਕਾਂ ਦੀ ਲੁੱਟ ਕਰ ਰਹੀ ਹੈ, ਜਦੋਂ ਕਿ ਲੋਕਾਂ ਵਲੋਂ ਚੁਣੀ ਹੋਈ ਸਰਕਾਰ ਲੋਕ ਪੱਖੀ ਹੋਣੀ ਚਾਹੀਦੀ ਹੈ।
ਬੀਤੀਆਂ ਸਦੀਆਂ ਦੀਆਂ ਗਾਥਾਵਾਂ
ਸਿ਼ਲਾਲੇਖ ਤਾਂ ਦੱਸਦੇ ਨਾ,
ਫਿਰ ਵੀ ਅਸੀਂ ਆਪਣੇ ਰਾਹ `ਤੇ
ਅੱਗੇ ਵਧਦੇ ਜਾਵਾਂਗੇ।
ਤਲਵਾਰਾਂ ਨਾਲ ਸਾਡੇ ਵੱਡਿਆਂ
ਕਿੱਸੇ ਜਿਹੜੇ ਲਿਖੇ ਕਦੀ,
ਆਪਣੀ ਕਲਮ ਦੇ ਨਾਲ ਉਨ੍ਹਾਂ ਨੂੰ
ਅੱਗੇ ਅਸੀਂ ਲਿਜਾਵਾਂਗੇ।
ਸਾਡੇ ਅਗਿਆਤ ਹੋ ਗਏ ਗਾਇਕ-ਗਾਇਕਾ, ਸੂਰਬੀਰ ਅਤੇ ਸੂਝਵਾਨ ਲੋਕ-ਪੱਖੀ ਆਗੂਆਂ ਬਾਰੇ ਅਸੀਂ ਲਿਖਾਂਗੇ ਤੇ ਆਪਣੇ ਵਿਰਸੇ ਦੀ ਗੱਲ ਕਰਦਿਆਂ ਅਗਲੇ ਸੁੰਦਰ ਅਮਰ ਭਵਿੱਖ ਦਾ ਮੁੱਢ ਬੰਨ੍ਹਾਂਗੇ। (ਰਸੂਲ ਹਮਜਾਤੋਵ)
ਸਾਡਾ ਵਿਰਸਾ ਬਾਬੇ ਨਾਨਕ ਦਾ ਵਿਰਸਾ ਹੈ, ਜੋ ‘ੴ ’ ਦੀ ਗੱਲ ਕਰਦਾ ਹੋਇਆ ‘ਏਕ ਪਿਤਾ ਏਕਸ ਕੇ ਹਮ ਬਾਰਿਕ’ ਬਾਰੇ ਸਾਨੂੰ ਸਮਝਾਉਂਦਾ ਹੈ ਅਤੇ ‘ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ’ ਦਾ ਉਪਦੇਸ਼ ਦਿੰਦਾ ਹੈ। ਗੁਰਬਾਣੀ ਸੰਸਾਰ ਪੱਧਰ ਦੇ ਲੋਕਾਂ ਨੂੰ ਸਾਂਝੀਵਾਲਤਾ/ਸਰਬੱਤ ਦੇ ਭਲੇ ਦੀ ਸਿੱਖਿਆ ਦਿੰਦੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਸਾਜੇ, ਉਨ੍ਹਾਂ ਵਿਚ ਜ਼ੁਲਮ ਦੇ ਖਿਲਾਫ ਲੜਨ ਦੀ ਜੁਅਰਤ ਪੈਦਾ ਕਰਕੇ ਸੰਤ-ਸਿਪਾਹੀ ਬਣਾਏ ਅਤੇ ‘ਚਿੜੀਆਂ ਤੋਂ ਬਾਜ ਤੁੜਾਉਣ’ ਦੇ ਹੌਸਲੇ ਬੁਲੰਦ ਕੀਤੇ। ਸਿੱਟੇ ਵਜੋਂ ਬਾਬਾ ਬੰਦਾ ਬਹਾਦਰ ਨੇ ਸਰਹਿੰਦ ਦੀ ਇੱਟ ਖੜਕਾ ਦਿੱਤੀ ਸੀ ਅਤੇ ਜਗੀਰਦਾਰਾਂ ਤੋਂ ਜ਼ਮੀਨਾਂ ਖੋਹ ਕੇ ਹਲ-ਵਾਹਕਾਂ ਵਿਚ ਵੰਡੀਆਂ। ਉਸ ਯੋਧੇ ਨੂੰ ਯਾਦ ਕਰਕੇ ਕਹਿਣ ਤੋਂ ਰਿਹਾ ਨਹੀਂ ਜਾਂਦਾ,
ਪੁੱਤ ਕਾਲਜਾ ਮੂੰਹ ਤੁੰਨਵਾ ਕੇ
ਮੁਗਲਾਂ ਤੋਂ ਟੋਟੇ ਆਪਣੇ ਕਰਵਾ ਕੇ
ਬੰਦੇ ਸ਼ਹੀਦੀ ਪਾਈ ਸੀ,
ਖਤਰੇ ਵਿਚ ਸੀ ਸਿੱਖੀ
ਬੰਦੇ ਬਚਾਈ ਸੀ। (ਮੋਹਨ ਸਿੰਘ ਭੰਵਰਾ)
ਸਾਡਾ ਵਿਰਸਾ ਇਹ ਵੀ ਹੈ ਕਿ ਸਿਰਾਜ-ਉਦ-ਦੌਲਾ, ਜੋ 1756 ਤੋਂ 1763 ਤੱਕ ਅੰਗਰੇਜ਼ ਦੀ ਲੁੱਟ ਵਿਰੁੱਧ ਲਗਾਤਾਰ ਸੱਤ ਸਾਲ ਲੜਿਆ; 1849 ‘ਚ ਮਹਾਰਾਜ ਸਿੰਘ ਨੇ ਅੰਗਰੇਜ਼ ਵਿਰੁੱਧ ਬਗਾਵਤ ਕੀਤੀ; ਸਤਿਗੁਰੂ ਰਾਮ ਸਿੰਘ ਵਲੋਂ ਅੰਗਰੇਜ਼ ਰਾਜ ਵਿਰੁੱਧ ਕੂਕਾ ਲਹਿਰ ਅਰੰਭ ਕੀਤੀ, ਜੋ ਅੱਧੀ ਸਦੀ ਤੋਂ ਵੱਧ ਸਮਾਂ ਸਰਗਰਮ ਰਹੀ। 1857 ਦਾ ਗਦਰ ਹੋਇਆ ਅਤੇ 1907 ਵਿਚ ਸ. ਅਜੀਤ ਸਿੰਘ, ਸੂਫੀ ਅੰਬਾ ਪ੍ਰਸ਼ਾਦ, ਲਾਲਾ ਲਾਜਪਤ ਰਾਏ ਅਤੇ ਬਾਂਕੇ ਦਿਆਲ ਨੇ ਪਗੜੀ ਸੰਭਾਲ ਜੱਟਾ ਲਹਿਰ ਚਲਾ ਕੇ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨਾਂ ਵਿਰੁੱਧ ਨੌਂ ਮਹੀਨੇ ਸੰਘਰਸ਼ ਚਲਾਇਆ। 1913 ਵਿਚ ਬਾਬਾ ਸੋਹਨ ਸਿੰਘ ਭਕਨਾ, ਬਾਬਾ ਜਵਾਲਾ ਸਿੰਘ ਠੱਠੀਆਂ, ਲਾਲਾ ਹਰਦਿਆਲ, ਭਾਈ ਸੰਤੋਖ ਸਿੰਘ ਧਰਦਿਉ, ਜੀ. ਡੀ. ਕੁਮਾਰ (ਮਾਸਟਰ ਗੁਰਾਂ ਦਿੱਤਾ), ਪੰਡਿਤ ਕਾਂਸ਼ੀ ਰਾਮ ਮੜੌਲੀ, ਭਾਈ ਕੇਸਰ ਸਿੰਘ ਠੱਠਗੜ੍ਹ, ਲਾਲਾ ਠਾਕਰ ਦਾਸ ਧੂਰੀ, ਹਰਨਾਮ ਸਿੰਘ ਟੁੰਡੀਲਾਟ, ਬਾਬਾ ਵਿਸਾਖਾ ਸਿੰਘ ਦਦੇਹਰ, ਬਾਬਾ ਹਜ਼ਾਰਾ ਸਿੰਘ ਦਦੇਹਰ, ਕਰਤਾਰ ਸਿੰਘ ਸਰਾਭਾ, ਬਾਬੂ ਹਰਨਾਮ ਸਿੰਘ ਕਾਹਰੀ, ਗਿਆਨੀ ਭਗਵਾਨ ਸਿੰਘ, ਬਾਬੂ ਮੰਗੂਰਾਮ ਮੁੱਗੋਵਾਲ ਅਤੇ ਪੰਡਿਤ ਜਗਤ ਰਾਮ ਹਰਿਆਣਾ ਆਦਿ ਆਗੂਆਂ ਨੇ ਗਦਰ ਪਾਰਟੀ ਦਾ ਮੁੱਢ ਬੰਨ੍ਹਿਆ, ਜਿਸ ਨੇ ਅੰਗਰੇਜ਼ ਰਾਜ ਨੂੰ ਖਤਮ ਕਰਨ ਲਈ ਮਿਸਾਲੀ ਹਿੱਸਾ ਪਾਇਆ।
1919 ਜੱਲ੍ਹਿਆਂਵਾਲਾ ਬਾਗ ਦਾ ਸਾਕਾ, ਜਿਸ ਵਿਚ ਸੈਂਕੜੇ ਸ਼ਹੀਦ ਤੇ ਹਜ਼ਾਰਾਂ ਜਖਮੀ ਹੋਏ, ਅਕਾਲੀ ਬੱਬਰ ਲਹਿਰ ਨੇ ਸਿੱਖੀ ਦੀ ਅਣਖ ਨੂੰ ਜ਼ੁਲਮ ਵਿਰੁੱਧ ਉਭਾਰਿਆ ਤੇ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕੀਤਾ; ਸ਼ਹੀਦ ਭਗਤ ਸਿੰਘ, ਰਾਜ ਗੁਰੂ, ਸੁਖਦੇਵ, ਚੰਦਰ ਸ਼ੇਖਰ ਆਜ਼ਾਦ, ਸਿ਼ਵ ਵਰਮਾ, ਪੰਡਿਤ ਕਿਸ਼ੋਰੀ ਲਾਲ, ਅਸ਼ਫਾਕ ਉੱਲਾ, ਰਾਮ ਪ੍ਰਸਾਦ ਬਿਸਮਿਲ, ਊਧਮ ਸਿੰਘ ਸੁਨਾਮ ਆਦਿ ਇਨਕਲਾਬੀ ਸੂਰਮਿਆਂ ਅਤੇ ਕਈ ਹੋਰ ਲਹਿਰਾਂ ਨੇ ਆਜ਼ਾਦੀ ਦੇ ਘੋਲ ਵਿਚ ਹਿੱਸਾ ਪਾਇਆ। ਜਨਰਲ ਮੋਹਨ ਸਿੰਘ ਅਤੇ ਸੁਭਾਸ਼ ਚੰਦਰ ਬੋਸ ਨੇ ਵੀ ਆਜ਼ਾਦੀ ਲਈ ਜਾਨ ਹੂਲਵਾਂ ਹਿੱਸਾ ਪਾਇਆ। ਸੋ, ਉਪਰੋਕਤ ਲਹਿਰਾਂ ਦੇ ਸ਼ਹੀਦਾਂ ਨੂੰ ਯਾਦ ਕਰੀਏ।
ਮਾਣਮੱਤੇ ਵਿਰਸੇ ਨਾਲ ਸਾਂਝਾਂ ਪਾਉਂਦਾ ਅੱਜ ਦਾ ਕਿਸਾਨ ਅੰਦੋਲਨ ਹੈ, ਜਿਸ ਨੂੰ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਹਿੰਦੋਸਤਾਨ ਦੀ ਜਨਤਾ ‘ਏਕੇ’ ਦੇ ਬਲਬੂਤੇ ਨਾਲ ਜਿੱਤ ਲਵੇਗੀ ਅਤੇ ਕੇਂਦਰ ਸਰਕਾਰ ਦੀ ਘੁਮੰਡੀ ਧੌਣ ਦਾ ਮਣਕਾ ਤੋੜ ਦੇਵੇਗੀ।
ਹੱਕ, ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਹਜ਼ਾਰਾਂ ਯੋਧੇ ਹਿੰਦੋਸਤਾਨ ਦੇ ਵਿਰਸੇ ਦੇ ਸਿ਼ਲਾਲੇਖ ਹਨ। ਸਾਡੇ ਸਭ ਦੇ ਯਤਨ ਹੋਣੇ ਚਾਹੀਦੇ ਹਨ ਕਿ ਉਨ੍ਹਾਂ ਬਾਰੇ ਅੱਜ ਦੇ ਯੁੱਗ ਦੇ ਲੋਕਾਂ ਨੂੰ ਦੱਸੀਏ ਅਤੇ ਛੋਟੀਆਂ ਛੋਟੀਆਂ ਰੰਜਿਸ਼ਾਂ ਇੱਕ ਪਾਸੇ ਰੱਖ ਕੇ ਏਕਤਾ ਦਾ ਇੱਕ ਵਿਸ਼ਾਲ ਪਲੇਟਫਾਰਮ ਬਣਾ ਕੇ ਹੱਕੀ ਅੰਦੋਲਨਾਂ ਦੀ ਹਮਾਇਤ ਕਰੀਏ ਤੇ ਬਣਦਾ ਹਿੱਸਾ ਪਾਈਏ।
ਵਲੋਂ: ਇੰਡੋ-ਅਮੈਰੀਕਨ ਹੈਰੀਟੇਜ ਫਾਊਂਡੇਸ਼ਨ, ਨਿਊ ਯਾਰਕ।
ਮਨਮੋਹਨ ਪੂਨੀ, ਫੋਨ: 347-753-5940