ਤਾ ਕਿ ਸਨਦ ਰਹੇ: ਅੰਮ੍ਰਿਤਾ ਪ੍ਰੀਤਮ-2

ਬਹੁ-ਵੰਨਗੀ ਲਿਖਾਰੀ ਅੰਮ੍ਰਿਤਾ ਪ੍ਰੀਤਮ ਦਾ ਸਾਹਿਤ ਜਗਤ ਵਿਚ ਮੁਕਾਮ ਬਹੁਤ ਉਚ ਦੁਮਾਲੜਾ ਹੈ। ਉਨ੍ਹਾਂ ਦੀ ਸ਼ਖਸੀਅਤ ਅਤੇ ਸਾਹਿਤ ਦੀ ਚਰਚਾ ਪੰਜਾਬੀ ਦਾ ਘੇਰਾ ਤੋੜ ਕੇ ਸੰਸਾਰ ਭਰ ਦੀਆਂ ਬਹੁਤ ਸਾਰੀਆਂ ਜ਼ੁਬਾਨਾਂ ਦਾ ਹਿੱਸਾ ਬਣ ਚੁੱਕੀ ਹੈ। ਇਸ ਮੁਕਾਮ ਤੱਕ ਅੱਪੜਨ ਲਈ ਲਿਖਾਰੀ ਨੂੰ ਵੱਖ-ਵੱਖ ਰਾਹਾਂ ਵਿਚੋਂ ਪੈਂਡੇ ਮਾਰਨੇ ਪੈਂਦੇ ਹਨ। ਇਸੇ ਕਰ ਕੇ ਜੇਕਰ ਅਜਿਹੀਆਂ ਸ਼ਖਸੀਅਤਾਂ ਦੇ ਪ੍ਰਸ਼ੰਸਕਾਂ ਦੀ ਕੋਈ ਕਮੀ ਨਹੀਂ ਹੁੰਦੀ, ਤਾਂ ਮੁਖਾਲਿਫਾਂ ਵੀ ਕੋਈ ਘੱਟ ਨਹੀਂ ਹੁੰਦੀਆਂ।

ਕੈਨੇਡਾ ਵੱਸਦੇ ਉਘੇ ਆਲੋਚਕ ਅਤੇ ਲਿਖਾਰੀ ਡਾ. ਸਾਧੂ ਸਿੰਘ ਨੇ ਇਸ ਲੇਖ ਵਿਚ ਅਜਿਹੇ ਮਸਲਿਆਂ ਬਾਰੇ ਕੁਝ ਗੱਲਾਂ-ਬਾਤਾਂ ਸਾਂਝੀਆਂ ਕੀਤੀਆਂ ਹਨ। ਇਸ ਲੇਖ ਦੀ ਦੂਜੀ ਅਤੇ ਆਖਰੀ ਕਿਸ਼ਤ ਹਾਜ਼ਰ ਹੈ।

ਸਾਧੂ ਸਿੰਘ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਅੰਮ੍ਰਿਤਾ ਪ੍ਰੀਤਮ ਵੱਲੋਂ ਰਵਾਇਤੀ ਵਿਆਹ ਪ੍ਰਬੰਧ ਵਿਰੁੱਧ ਵਿਦਰੋਹ ਆਪਣੇ ਆਪ ਨੂੰ ਪਿਆਰ-ਵਿਹੂਣੇ ਮਰਦ ਦੀ ਸੇਵਾ ਵਿਚ ਭੋਗੀ ਜਾਣ ਵਾਲੀ ਵਸਤੂ ਵਜੋਂ ਪਰੋਸੇ ਜਾਣ ਤੋਂ ਇਨਕਾਰ ਹੈ।
ਜਿਹੜੇ ਲੋਕਾਂ ਨੂੰ ਇਸ ਜ਼ਹਿਮਤ-ਜ਼ਲਾਲਤ ਵਾਲੀ ਜ਼ਿੰਦਗੀ ਨੂੰ ਖੈਰਬਾਦ ਕਹਿ ਕੇ ਨਵੀਂ ਸ਼ੁਰੂਆਤ ਦੀ ਜੁਰੱਅਤ ਕਰਨ ਦਾ ਕਰਮ ਸਦਾਚਾਰ ਵਿਰੋਧੀ ਜਾਪਦਾ ਹੈ, ਉਨ੍ਹਾਂ ਨੂੰ ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰਨ ਦੀ ਜ਼ਰੂਰਤ ਹੈ।
ਦਰਅਸਲ ਪੰਜਾਬੀ ਭਾਈਚਾਰਾ ਪ੍ਰੇਮ-ਪਿਆਰ ਦੇ ਸੰਬੰਧ ਵਿਚ ਮਹਾਂ-ਦੰਭੀ ਲੋਕਾਂ ਦਾ ਭਾਈਚਾਰਾ ਹੈ। ਅਸੀਂ ਹੀਰ, ਸਾਹਿਬਾਂ, ਸੋਹਣੀ ਦੀ ਗਾਥਾ ਦਾ ਗਾਇਨ ਕਰਦੇ ਨਹੀਂ ਥੱਕਦੇ, ਪਰ ਸਾਡਾ ਇਹ ਕੀਰਤੀ-ਗਾਇਨ ਕੇਵਲ ਜ਼ੁਬਾਨੀ ਜਮ੍ਹਾਂ-ਖ਼ਰਚ ਹੀ ਹੈ।
ਸਾਡੀਆਂ ਪ੍ਰੇਮ ਕਹਾਣੀਆਂ ਦੀਆਂ ਇਹ ਵਿਆਹੁਤਾ ਜਾਂ ਵਿਆਹ ਦੀ ਦੰਦੀ ‘ਤੇ ਖੜ੍ਹੀਆਂ ਇਨ੍ਹਾਂ ਨਾਰਾਂ ਦੀ ਸਾਡੇ ਅਮਲੀ ਸਮਾਜੀ ਜੀਵਨ ਵਿਚ ਕੀ ਹੈਸੀਅਤ ਹੈ? ਮਹਿਜ਼ ਉਧਾਲੀਆਂ ਹੋਈਆਂ ਔਰਤਾਂ!
ਸਾਡੇ ਇੱਕ ਬਜ਼ੁਰਗ ਸ. ਕਰਮ ਸਿੰਘ ਹਿਸਟੋਰੀਅਨ ਨੇ ਪੰਜਾਬੀ ਕਿੱਸਿਆਂ ਨੂੰ ਵਿਗੜੇ ਹੋਏ ਮੁੰਡੇ-ਕੁੜੀਆਂ ਦੀਆਂ ਪ੍ਰੇਮ ਕਹਾਣੀਆਂ ਕਹਿ ਕੇ ਰੱਦ ਕੀਤਾ ਸੀ। ਸ. ਕਰਮ ਸਿੰਘ ਹਿਸਟੋਰੀਅਨ ਨਾਲ ਅਸਹਿਮਤ ਹੋਇਆ ਜਾ ਸਕਦਾ ਹੈ ਪਰ ਉਨ੍ਹਾਂ ਨੂੰ ਦੰਭੀ ਕਤੱਈ ਨਹੀਂ ਕਿਹਾ ਜਾ ਸਕਦਾ।
ਪਰ ਕਰਮ ਸਿੰਘ ਦੇ ਵਰਤਮਾਨ ਵਾਰਿਸ ਆਪਣੀਆਂ ਪ੍ਰੇਮ ਨਾਇਕਾਵਾਂ ਅਤੇ ਗੀਤਾਂ ‘ਤੇ ਝੂੰਮਣ ਜੋਗੇ ਹੀ ਹਨ ਅਤੇ ਜੇ ਆਪਣੇ ਘਰ-ਪਰਿਵਾਰ ਵਿਚ ਕਿਸੇ ਧੀ-ਭੈਣ ਦੇ ਪ੍ਰੇਮ ਦੀ ਭਿਣਕ ਵੀ ਪੈ ਜਾਵੇ ਤਾਂ ਉਸ ਨੂੰ ਹੋੜਨ-ਹਟਕਣ ਲਈ ਹਰ ਕਿਸਮ ਦੇ ਹੋਛੇ ਹਰਬਿਆਂ ਤੇ ਉਤਰ ਆਉਂਦੇ ਹਨ।
ਅੰਮ੍ਰਿਤਾ ਪ੍ਰੀਤਮ ਪਹਿਲੀਆਂ ਦੇ ਟਾਕਰੇ ਤੇ ਆਪਣੀ ਹੀ ਵਚਿੱਤਰ, ਅਨੂਪਮ ਅਤੇ ਸੰਪੂਰਨ ਪ੍ਰੇਮ ਕਹਾਣੀ ਦੀ ਨੂਤਨ ਨਾਇਕਾ ਹੈ। ਉਹਨੇ ਕਿਸੇ ਸਾਹਿਬਾਂ ਵਾਂਗ ਆਪਣੇ ਮਿਰਜ਼ੇ ਦੇ ਤੀਰ ਨਹੀਂ ਤੋੜੇ। ਹੀਰ ਵਾਂਗ ਆਪਣੇ ਰਾਂਝੇ ਦੀ ਸਮਾਜਕ ਪ੍ਰਵਾਨਗੀ ਅੱਗੇ ਸਿਰ ਝੁਕਾ ਕੇ ਉਹਨੂੰ ਆਪਣੇ ਪਿੰਡੋਂ ਜੰਜ ਲਿਆਉਣ ਲਈ ਨਹੀਂ ਟੋਰਿਆ। ਅੰਮ੍ਰਿਤਾ ਪ੍ਰੀਤਮ ਨੇ ਮੌਤ ਨਹੀਂ, ਸ਼ਾਨਾਂਮੱਤੀ ਸਵੈਮਾਨੀ ਜ਼ਿੰਦਗੀ ਦਾ ਰਾਹ ਚੁਣਿਆ ਤੇ ਉਹ ਆਪਣੇ ਸਮਕਾਲੀਆਂ ਅਤੇ ਪਰਵਰਤੀ ਨਰ-ਨਾਰੀਆਂ ਲਈ ਚਾਨਣ ਮੁਨਾਰਾ ਬਣੀ ਖੜ੍ਹੀ ਹੈ।
ਇਹ ਸਭ ਕੁਝ ਸਹਿਜ ਜਾਂ ਸੁਭਾਵਕ ਤੌਰ ‘ਤੇ ਨਹੀਂ ਸਗੋਂ ਬੜੇ ਦੁਰਗਮ ਰਾਹਾਂ ਵਿਚੀਂ ਗੁਜ਼ਰਨ ਤੋਂ ਬਾਅਦ ਹੀ ਵਾਪਰਿਆ ਸੀ।
ਅੰਮ੍ਰਿਤਾ ਨਾਲ ਆਪਣੀ ਦੋਸਤੀ ਬਾਰੇ ਇਮਰੋਜ਼ ਬੜੀ ਨਿਮਰਤਾ ਨਾਲ ਕਿਹਾ ਕਰਦੇ ਸਨ: ਇੱਕ ਤਜਰਬਾ ਕੀਤਾ ਸੀ ਅਤੇ ਬੱਸ ਕਾਮਯਾਬ ਹੋ ਗਿਆ। ਹਰ ਰਿਸ਼ਤਾ ਆਪਣੇ ਸ਼ੁਰੂਆਤੀ ਦੌਰ ਵਿਚ ਤਜਰਬਾ ਹੀ ਹੁੰਦਾ ਹੈ। ਇਸ ਤਜਰਬੇ ਨੂੰ ਪਾਇ-ਤਕਮੀਲ ਤੱਕ ਪਹੁੰਚਾਉਣ ਲਈ ਅੰਮ੍ਰਿਤਾ ਇਮਰੋਜ਼ ਨੂੰ ਸਮਾਜੀ-ਆਰਥਿਕ ਔਕੜਾਂ ਤੋਂ ਬਿਨਾਂ ਜਿਨ੍ਹਾਂ ਜ਼ਿਹਨੀ-ਜਜ਼ਬਾਤੀ ਕਸ਼ਕਮਸ਼ਾਂ ਵਿਚੀਂ ਗੁਜ਼ਰਨਾ ਪਿਆ ਹੈ, ਉਨ੍ਹਾਂ ਦਾ ਵੇਰਵਾ ਅੰਮ੍ਰਿਤਾ ਦੀਆਂ ਸਵੈ-ਜੀਵਨੀ ਪਰਕ ਲਿਖ਼ਤਾਂ ਵਿਚ ਦਰਜ ਹੈ।
ਇਸ ਰਿਸ਼ਤੇ ਦੀ ਰਚਨਾ ਤੱਕ ਅੰਮ੍ਰਿਤਾ, ਜਿਨ੍ਹਾਂ ਦੋਸਤੀਆਂ ਦੇ ਅਨੁਭਵ ਵਿਚੀਂ ਗੁਜ਼ਰੇ ਸਨ, ਉਹ ਆਪੋ-ਆਪਣੀ ਥਾਂ ਮਹੱਤਵਪੂਰਨ ਹਨ ਪਰ ਅੰਮ੍ਰਿਤਾ ਦੀ ਜ਼ਿੰਦਗੀ ਵਿਚ ਹੋਏ-ਵਾਪਰਿਆਂ ਦੇ ਨਾਲੋ-ਨਾਲ ਅਣਹੋਏ ਰਿਸ਼ਤਿਆਂ ਦਾ ਵੀ ਬਹੁਤ ਬੜਬੋਲਾ ਦਖ਼ਲ ਰਿਹਾ ਹੈ। ਇੱਥੇ ਅਸੀਂ ਉਨ੍ਹਾਂ ਵਿਚੋਂ ਕੇਵਲ ਇੱਕ, ਅੰਮ੍ਰਿਤਾ ਨਾਲ ਆਪਣੇ ਵੇਲਿਆਂ ਦੇ ਸ਼ਿਰੋਮਣੀ ਕਵੀ ਮੋਹਨ ਸਿੰਘ ਦੁਆਰਾ ਕਲਪਿਤ ਪ੍ਰੇਮ ਕਹਾਣੀ ਬਾਰੇ ਹੀ ਗੱਲ ਕਰਨੀ ਚਾਹਾਂਗੇ।
ਇਸ ਬਾਰੇ ਉਰਮਿਲਾ ਜੀ ਆਪਣੇ ਲੇਖ ਵਿਚ ਲਿਖਦੇ ਹਨ, ‘ਮੋਹਨ ਸਿੰਘ ਮਾਹਿਰ ਨੇ ਪ੍ਰੀਤ ਨਗਰ ਦੀ ਨਿੱਕੀ ਜਿਹੀ ਮੁਲਾਕਾਤ ਨੂੰ ਆਪਣੀ ਅਤੇ ਅੰਮ੍ਰਿਤਾ ਦੀ ਪ੍ਰੀਤ ਕਹਾਣੀ ਵਿਚ ਬਦਲਣਾ ਚਾਹਿਆ, ਆਪਣੇ ਘਰ ਅੰਮ੍ਰਿਤਾ ਦੀ ਤਸਵੀਰ ਟੰਗ ਟੰਗ ਆਪਣੇ ਇਸ਼ਕ ਦੀਆਂ ਕਹਾਣੀਆਂ ਪਾਈਆਂ।’
ਇਹ ਤਸਵੀਰ ਮੋਹਨ ਸਿੰਘ ਦੇ ਘਰ ਸਜੀ, ਮੈਂ ਵੀ ਦੇਖੀ ਹੈ। ਇਸ ਤਸਵੀਰ ਦੀ ਪ੍ਰਾਪਤੀ ਦੇ ਚਸ਼ਮਦੀਦ ਗਵਾਹ ਉਰਮਿਲਾ ਦੇ ਵੱਡੇ ਵੀਰ ਮਰਹੂਮ ਸ. ਨਵਤੇਜ ਸਿੰਘ ਤੇ ਨਾਵਲਕਾਰ ਸੁਰਿੰਦਰ ਸਿੰਘ ਨਰੂਲਾ ਸਨ।
ਨਵਤੇਜ ਸਿੰਘ ਦੱਸਦੇ ਹੁੰਦੇ ਸਨ ਕਿ ਮੋਹਨ ਸਿੰਘ ਨੇ ਇਹ ਤਸਵੀਰ ਲਾਹੌਰ ਦੇ ਇੱਕ ਸਟੂਡੀਓ ਵਾਲੇ ਤੋਂ ਲੈ ਕੇ ਆਪਣੇ ਘਰ ਲਾਈ ਸੀ ਅਤੇ ਹਰ ਆਉਣ-ਜਾਣ ਵਾਲੇ ਨੂੰ ਇਹ ਦੱਸਦੇ ਹੁੰਦੇ ਸਨ ਕਿ ਇਹ ਖੁਦ ਅੰਮ੍ਰਿਤਾ ਨੇ ਉਨ੍ਹਾਂ ਨੂੰ ਭੇਂਟ ਕੀਤੀ ਸੀ।
ਨਵਤੇਜ ਅਨੁਸਾਰ ਮੋਹਨ ਸਿੰਘ ਨੇ ਇਸ ਸਿਆਹ-ਸਫੈਦ ਤਸਵੀਰ ਵਿਚ, ਕੁਝ ਸਮਾਂ ਬਾਅਦ ਰੰਗ ਭਰਵਾਏ ਸਨ। ਮਗਰੋਂ ਇਸ ਰੰਗਦਾਰ ਤਸਵੀਰ ਬਾਰੇ ਨਵਤੇਜ ਅਤੇ ਨਰੂਲਾ ਜੀ ਨੂੰ ਵੀ ਇਹ ਕਹਿਣ ਲੱਗ ਪਏ ਸਨ ਕਿ ਇਹ ਤਸਵੀਰ ਅੰਮ੍ਰਿਤਾ ਜੀ ਵੱਲੋਂ ਭੇਟਾ ਕੀਤੀ ਗਈ ਹੈ।
ਇਹ ਤਾਂ ਹੋਈ ਅੰਮ੍ਰਿਤਾ ਜੀ ਦੀ ਮਹਿਜ਼ ਤਸਵੀਰ ਦੀ ਗੱਲ ਪਰ ਨਰੂਲਾ ਤਾਂ ਅੰਮ੍ਰਿਤਾ ਦੀ ਗਰੁੱਪ ਫੋਟੋ ਵਿਚ ਦਿੱਸਣ ਲਈ ਇਸ ਤੋਂ ਵੀ ਵੱਡਾ ਕ੍ਰਿਸ਼ਮਾ ਕਰ ਗਏ ਸਨ। ਮੇਰੇ ਦੋਸਤ ਸੁਰਜੀਤ ਪਾਤਰ ਅਤੇ ਅਮਰਜੀਤ ਗਵਾਹ ਹਨ ਕਿ ਇੱਕ ਵਾਰ ਨਰੂਲਾ ਜੀ ਇੱਕ ਤਸਵੀਰ ਲਿਆਏ ਸਨ ਜਿਸ ਵਿਚ ਅੰਮ੍ਰਿਤਾ ਮਾਈਕ ਸਾਹਮਣੇ ਖਲੋ ਕੇ ਕਵਿਤਾ ਪੜ੍ਹ ਰਹੇ ਹਨ। ਬੈਠੈ ਹੋਏ ਹੋਰ ਸੱਜਣਾਂ ਵਿਚ ਸੁਰਿੰਦਰ ਸਿੰਘ ਨਰੂਲਾ ਦੇ ‘ਸਿਰ ਵਾਲਾ’ ਇੱਕ ਹੋਰ ਪ੍ਰਾਣੀ ਵੀ ਸੁਭਾਇਮਾਨ ਹੈ, ਜੋ ਨਰੂਲਾ ਜੀ ਅਨੁਸਾਰ ਉਹ ਖੁਦ ਹਨ ਅਤੇ ਉਨ੍ਹਾਂ ਨੇ ਵੀ ਅੰਮ੍ਰਿਤਾ ਨਾਲ ਇਸ ਮੁਸ਼ਾਇਰੇ ਵਿਚ ਕਵਿਤਾ ਪੜ੍ਹੀ ਸੀ ਪਰ ਨਰੂਲਾ ਜੀ ਦੇ ਸਿਰ ਵਾਲੀ ਤਸਵੀਰ ਵਿਚ ਜ਼ਾਹਿਰਾ ਤੌਰ ‘ਤੇ ਇੱਕ ਗੱਲ ਬੜੀ ਅਟਪਟੀ ਹੈ, ਉਨ੍ਹਾਂ ਦਾ ਸਿਰ ਤਸਵੀਰ ਵਿਚ ਧੜ ਦੀ ਅਨੁਪਾਤ ਵਿਚ ਬੇਢੱਬੀ ਹੱਦ ਤੀਕ ਵੱਡਾ ਹੈ। ਰਤਾ ਕੁ ਧਿਆਨ ਨਾਲ ਦੇਖਣ ਤੋਂ ਪਤਾ ਲੱਗਾ ਕਿ ਇਹ ਸੀਸ ਤਸਵੀਰ ਵਿਚਲੇ ਕਿਸੇ ਹੋਰ ਦੇ ਧੜ ਨਾਲੋਂ ਕੱਟੇ ਹੋਏ ਸਿਰ ਦੀ ਥਾਂ ਜੋੜਿਆ ਗਿਆ ਹੈ। ਇਹ ਜੋੜ ਬੜੇ ਧਿਆਨ ਨਾਲ ਲਾਇਆ ਗਿਆ ਹੋਣ ਦੇ ਬਾਵਜੂਦ ਉਂਗਲੀ ਫੇਰਨ ‘ਤੇ ਰੜਕਦਾ ਹੈ।
ਜਦੋਂ ਦੂਜੇ ਦਿਨ ਅਸੀਂ ਨਰੂਲਾ ਜੀ ਦੇ ਧਿਆਨ ਵਿਚ ਇਹ ਗੱਲ ਲਿਆਂਦੀ ਤਾਂ ਉਹ ਤਸਵੀਰ ਤਾਂ ਵਾਪਸ ਲੈ ਗਏ ਪਰ ਅਗਲੇ ਦਿਨ ਉਸੇ ਤਸਵੀਰ ਦਾ ਨੈਗੇਟਿਵ ਬਣਵਾ ਕੇ ਉਹਦਾ ਇੱਕ ਹੋਰ ਉਤਾਰਾ ਸਾਨੂੰ ਭੇਂਟ ਕਰ ਗਏ ਜਿਸ ਵਿਚਲਾ ਸਿਰ ਦਾ ਜੋੜ ਤਾਂ ਉਂਗਲੀ ਦੀ ਛੋਹ ਨੂੰ ਰੜਕਣੋਂ ਹਟ ਗਿਆ ਸੀ ਪਰ ਉਸ ਦਾ ਧੜ ਦੇ ਟਾਕਰੇ ਤੇ ਆਕਾਰ ਹਾਲੇ ਵੀ ਬੇਮੇਚਾ ਲਗਦਾ ਹੈ।
ਸੋ ਦੋਸਤੋ, ਜ਼ਾਹਿਰ ਹੈ ਕਿ ਅੰਮ੍ਰਿਤਾ ਜੀ ਦੇ ਕ੍ਰਿਸ਼ਮੇ ਨੇ ਸਾਡੇ ਬਜ਼ੁਰਗਾਂ ਕੋਲੋਂ ਬੜੇ ਬੜੇ ਕ੍ਰਿਸ਼ਮੇ ਕਰਵਾਏ ਹਨ।
ਅੰਮ੍ਰਿਤਾ-ਮੋਹਨ ਸਿੰਘ ਹੋਰਾਂ ਦੀ ਕਪੋਲ ਕਲਪਿਤ ਕਹਾਣੀ ਏਨੀ ਵਿਸ਼ਾਲ ਪੱਧਰ ‘ਤੇ ਪ੍ਰਚਾਰੀ ਗਈ ਸੀ ਕਿ ਮੈਂ ਵੀ ਇਸ ਨੂੰ ਸੱਚ ਮੰਨਣ ਵਾਲਿਆਂ ਵਿਚੋਂ ਹੀ ਹੁੰਦਾ ਸਾਂ।
ਇੱਕ ਮੁਲਾਕਾਤ ਦੌਰਾਨ ਜਦੋਂ ਹਾਸੇ ਹਾਸੇ ਦੌਰਾਨ ਹੀ ਇਸ ਗੱਲ ਦਾ ਜ਼ਿਕਰ ਹੋਇਆ ਤਾਂ ਅੰਮ੍ਰਿਤਾ ਪ੍ਰੀਤਮ ਇੱਕ ਦਮ ਗੰਭੀਰ ਹੋ ਕੇ ਕਹਿਣ ਲੱਗੇ, ‘ਸਾਧੂ ਸਿੰਘ ਜੀ, ਮੋਹਨ ਸਿੰਘ ਸਿਰਫ ਮੇਰੇ ਡਰਾਇੰਗ ਰੂਮ ਦਾ ਗੈਸਟ ਸੀ। ਜਿੱਥੇ ਬੈਠ ਕੇ ਅੱਜ ਤੁਸੀਂ ਅਤੇ ਦੇਵ ਗੱਲਾਂ ਕਰਦੇ ਰਹੇ ਹੋ, ਉਸ ਥਾਂ ਤੱਕ ਮੋਹਨ ਸਿੰਘ ਦੀ ਰਸਾਈ ਨਹੀਂ ਸੀ।’
ਪਰ ਮੇਰੀ ਹਾਲੇ ਵੀ ਤਸੱਲੀ ਨਹੀਂ ਸੀ ਹੋ ਰਹੀ। ਮੈਂ ਉਨ੍ਹਾਂ ਨੂੰ ਨਿੱਜੀ ਅਨੁਭਵ ਦੇ ਆਧਾਰ ‘ਤੇ ਇਹ ਗੱਲ ਕਹੀ ਕਿ ਮੁਹੱਬਤ ਇੱਕ ਪਾਸੜ ਵੀ ਤਾਂ ਹੋ ਸਕਦੀ ਹੈ ਅਤੇ ਅਜਿਹੀ ਮੁਹੱਬਤ ਵੀ ਕਿਸੇ ਧੁਰ ਅੰਦਰਲੀਆਂ ਡੂੰਘਾਣਾਂ ਤੱਕ ਪ੍ਰਭਾਵਿਤ ਕਰ ਸਕਦੀ ਹੈ। ਸਾਡੇ ਵੇਲਿਆਂ ਵਿਚ ਪਰਸਪਰ ਸੰਪਰਕ ਦੇ ਮੌਕੇ ਤਾਂ ਨਾ ਹੋਣ ਦੇ ਬਰੋਬਰ ਹੀ ਹੁੰਦੇ ਸਨ। ਬਹੁਤ ਕੁਝ ਅਮਲ ਦੀ ਥਾਂ ਚਿੱਤ ਵਿਚ ਹੀ ਵਾਪਰਦਾ ਹੁੰਦਾ ਸੀ। ਇਹ ਸੁਣ ਕੇ ਅੰਮ੍ਰਿਤਾ ਜੀ ਨੇ ਕਿਹਾ ਸੀ, ‘ਤੁਸੀਂ ਜਿਸ ਅਜ਼ੀਮ ਅਹਿਸਾਸ ਦੀ ਗੱਲ ਕਰਦੇ ਹੋ, ਜੇ ਮੋਹਨ ਸਿੰਘ ਦੇ ਮਨ ਵਿਚ ਮੇਰੇ ਲਈ ਉਹ ਹੁੰਦਾ ਤਾਂ ਇੱਕ ਔਰਤ ਦੇ ਤੌਰ ‘ਤੇ ਮੈਨੂੰ ਉਸ ‘ਤੇ ਫਖ਼ਰ ਹੁੰਦਾ ਪਰ ਇਸ ਸੂਰਤ ਵਿਚ ਮੋਹਨ ਸਿੰਘ ਮੇਰੇ ਬਾਰੇ ਉਸ ਕਿਸਮ ਦੀਆਂ ਹਲਕੀਆਂ ਗੱਲਾਂ ਨਹੀਂ ਸੀ ਕਰ ਸਕਦੇ, ਜਿਹੋ ਜਿਹੀਆਂ ਉਹ ਕਰਦੇ ਰਹਿੰਦੇ ਸੀ।’
ਏਸ ਤੋਂ ਬਾਅਦ ਘੱਟੋ-ਘੱਟ ਮੇਰੇ ਲਈ ਤਾਂ ਹੋਰ ਕਿਸੇ ਪੁੱਛ-ਗਿੱਛ ਦੀ ਹਿਮਾਕਤ ਕਰਨ ਦੀ ਕੋਈ ਗੁੰਜਾਇਸ਼ ਨਹੀਂ ਸੀ ਰਹਿ ਗਈ।
ਜਦੋਂ ਅੰਮ੍ਰਿਤਾ ਨੇ ‘ਰਸੀਦੀ ਟਿਕਟ’ ਵਿਚ ਇਸ ਗੱਲ ਦਾ ਸਾਰਾ ਹੀਜ-ਪਿਆਜ਼ ਖੋਲ੍ਹ ਦਿੱਤਾ ਤਾਂ ਮੋਹਨ ਸਿੰਘ ਨੇ ਅੰਮ੍ਰਿਤਾ ਨੂੰ ਕਿਹਾ ਸੀ, ‘ਇੱਕ ਭਰਮ ਜਿਹਾ ਬਣਿਆ ਹੋਇਆ ਸੀ, ਕਾਹਨੂੰ ਤੋੜਨਾ ਸੀ, ਬਣਿਆ ਰਹਿਣ ਦਿੰਦੇ।’
ਇਸ ਤੋਂ ਕੁਝ ਚਿਰ ਬਾਅਦ ਮੋਹਨ ਸਿੰਘ ਨੇ ਨਜ਼ਮ ਲਿਖੀ ਜਿਸ ਦੇ ਸ਼ੁਰੂਆਤੀ ਬੋਲ ਕੁਝ ਇਸ ਤਰ੍ਹਾਂ ਸਨ:
ਅੱਧੀ ਬੀਤ ਗਈ ਏ ਵਾਅਦਿਆਂ ਤੇ ਲਾਰਿਆਂ ਦੇ ਨਾਲ।
ਬਾਕੀ ਕੱਟ ਲਾਂ‘ਗੇ ਯਾਦਾਂ ਦੇ ਸਹਾਰਿਆਂ ਦੇ ਨਾਲ।
ਮੈਂ ਸੋਚਦਾ ਹਾਂ, ਜੇ ਪਹਿਲੀ ਅੱਧੀ ਵਿਚ ਵੀ ਵਾਅਦੇ ਅਤੇ ਲਾਰੇ ਹੀ ਸਨ ਤਾਂ ਪ੍ਰੋਫੈਸਰ ਸਾਹਿਬ ਨੇ ਆਪਣੀ ਪਿਛਾੜ ਨੂੰ ਕਾਹਦੀਆਂ ਯਾਦਾਂ ਦੇ ਠੁੰਮ੍ਹਣੇ ਦਿੱਤੇ ਹੋਣਗੇ?
ਇਸ ਨਜ਼ਮ ਵਿਚ ਉਨ੍ਹਾਂ ਇਸ ਗੱਲ ਦਾ ਵੀ ਪਛਤਾਵਾ ਕੀਤਾ ਸੀ ਕਿ ਜੇ ‘ਕੱਚੀ ਕੁੱਲੀ ਸੰਗ ਪ੍ਰੀਤ’ ਪਾਉਂਦੇ ਤਾਂ ਸ਼ਾਇਦ ਉਨ੍ਹਾਂ ਨੂੰ ਮੁਹੱਬਤ ਦੇ ਕੁਝ ਠੋਸ ਅਨੁਭਵ ਵੀ ਹੰਢਾਉਣ ਨੂੰ ਮਿਲ ਸਕਦੇ ਪਰ ਉਹ ਤਾਂ ‘ਮੱਥਾ ਭੰਨ ਬੈਠੇ’ ਸਨ, ‘ਦਿੱਲੀ ਦੇ ਮੁਨਾਰਿਆਂ ਦੇ ਨਾਲ।’ ਬਾਅਦ ਵਿਚ ਪਤਾ ਨਹੀਂ ਕਿਹੜੀ ਦੁਖਦੀ ਰਗ ਨੂੰ ਸ਼ਾਂਤ ਕਰਨ ਲਈ, ਆਪਣੀ ਪਤਨੀ ਦੇ ਸੁਝਾਓ ‘ਤੇ ਉਨ੍ਹਾਂ ‘ਮੁਨਾਰਿਆਂ’ ਨੂੰ ‘ਚੁਬਾਰਿਆਂ’ ਕਰ ਦਿੱਤਾ।
ਕੁਝ ਇਸ ਪ੍ਰਥਾਇ ਹੀ ਮਰਹੂਮ ਡਾ. ਵਿਸ਼ਵਨਾਥ ਤਿਵਾੜੀ ਨੇ ਆਪਣੇ ਕੋਲ ਕੁਝ ‘ਪ੍ਰਮਾਣਾਂ’ ਦੀ ਗੱਲ ਕੀਤੀ ਸੀ ਜਿਨ੍ਹਾਂ ਬਾਰੇ ਅੰਮ੍ਰਿਤਾ ਨੇ ‘ਨਾਗਮਣੀ’ ਵਿਚ ‘ਕਬਰਾਂ ਦੀ ਗਵਾਹੀ’ ਦੇ ਸਿਰਲੇਖ ਹੇਠ ਮੰਗ ਕੀਤੀ ਸੀ ਕਿ ਤਿਵਾੜੀ ਜੀ ਉਨ੍ਹਾਂ ਦੇ ਜਿਊਂਦੇ-ਜੀਅ ਛਾਪਣ ਦੀ ਜੁਰਅੱਤ ਕਰਨ। ਮੋਇਆਂ ਦੇ ਮਗਰੋਂ ਉਨ੍ਹਾਂ ਦੇ ਸੱਚ ਜਾਂ ਝੂਠ ਹੋਣ ਦੀ ਗਵਾਹੀ ਕਬਰਾਂ ਤਾਂ ਦੇ ਨਹੀਂ ਸਕਣਗੀਆਂ। ਤਿਵਾੜੀ ਜੀ ਕੋਲ ਇਸ ਚੁਣੌਤੀ ਦਾ ਕੋਈ ਜਵਾਬ ਨਹੀਂ ਸੀ।
ਅੰਮ੍ਰਿਤਾ ਦੇ ਜਿਊਂਦੇ-ਜੀਅ ਉਨ੍ਹਾਂ ਦੇ ਵਿਅਕਤੀਤਵ ਬਾਰੇ, ਉਨ੍ਹਾਂ ਦੀ ਰਹਿਤਲ ਕਾਰਨ ਹੀ ਨਹੀਂ ਸਗੋਂ ਉਨ੍ਹਾਂ ਦੀ ਰਚਨਾ ਦੇ ਆਧਾਰ ‘ਤੇ ਵੀ ਫਤਵੇਬਾਜ਼ੀ ਹੁੰਦੀ ਰਹੀ ਹੈ।
ਮਿਸਾਲ ਦੇ ਤੌਰ ‘ਤੇ ਗੁਰੂ ਨਾਨਕ ਦੇਵ ਜੀ ਦੇ ਪੰਜ ਸੌਵੇਂ ਜਨਮ ਪੁਰਬ ਦੇ ਅਵਸਰ ‘ਤੇ ਉਨ੍ਹਾਂ ਦੀ ਨਜ਼ਮ ‘ਨੌਂ ਸੁਪਨੇ’ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਇਸ ਨਜ਼ਮ ਵਿਚ ਅੰਮ੍ਰਿਤਾ ਆਪਣੀ ਕੁੱਖ ਵਿਚ ਬਾਲ ਦੇ ਨਿੰਮਣ ਦੀ ਘੜੀ ਤੋਂ ਲੈ ਕੇ ਉਸ ਦੇ ਜੰਮਣ ਤੀਕ, ਮਾਤਾ ਤ੍ਰਿਪਤਾ ਦੀ ਮਨੋਦਸ਼ਾ ਨੂੰ ਨਿਰੋਲ ਮਾਤਰੀ ਦ੍ਰਿਸ਼ਟੀ ਤੋਂ ਚਿਤ੍ਰਣ ਦੀ ਕੋਸ਼ਿਸ਼ ਕੀਤੀ ਸੀ। ਇਸ ਨਜ਼ਮ ਵਿਰੁੱਧ ਕੁਝ ਧਾਰਮਿਕ ਹਲਕਿਆਂ ਵੱਲੋਂ ਤਾਂ ਵਾਅ-ਵੇਲਾ ਮੱਚਿਆ ਹੀ ਸੀ ਪਰ ਦੁੱਖ ਦੀ ਗੱਲ ਇਹ ਹੈ ਕਿ ਸਾਡੇ ਮਾਣਯੋਗ ਸਾਹਿਤ ਸਮਾਲੋਚਕ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਅੰਮ੍ਰਿਤਾ ਨੂੰ ‘ਕਾਮ ਦੀ ਕੀੜੀ’ ਆਖਣ ਦੀ ਹੱਦ ਤੱਕ ਚਲੇ ਗਏ ਸਨ। ਇਹੋ ਜਿਹੀ ਆਲੋਚਨਾ ਦੇ ਪਿੱਛੇ ਕਿਹੋ ਜਿਹੀ ਮਾਨਸਿਕਤਾ ਹੋ ਸਕਦੀ ਹੈ, ਇਸ ਬਾਰੇ ਕਿਸੇ ਟਿੱਪਣੀ ਦੀ ਜ਼ਰੂਰਤ ਨਹੀਂ।
ਕਿਸੇ ਸਾਹਿਤ ਰਚਨਾ ਦੇ ਗੁਣ-ਦੋਸ਼ਾਂ ਬਾਰੇ ਆਲੋਚਕਾਂ ਦੀਆਂ ਵੱਖੋ-ਵੱਖਰੀਆਂ ਦ੍ਰਿਸ਼ਟੀਆਂ ਅਤੇ ਦ੍ਰਿਸ਼ਟੀਕੋਣਾਂ ਦੇ ਆਧਾਰ ਤੇ ਅੱਡੋ-ਅੱਡਰੀਆਂ ਰਾਵਾਂ ਹੋ ਸਕਦੀਆਂ ਹਨ ਪਰ ਸਾਹਿਤ ਦੀ ਸਿਆਸਤ ਦੇ ਮੋਹਰੇ ਬਣ ਕੇ ਗ਼ੈਰ-ਜ਼ਿੰਮੇਵਾਰ ਗੱਲਾਂ ਕਰਨੀਆਂ ਕਤੱਈ ਸੋਭਾ ਨਹੀਂ ਦਿੰਦੀਆਂ। ਸੱਤਰਵਿਆਂ ਵਿਚ ਆਲੋਚਕਾਂ ਦੇ ‘ਦਿੱਲੀ ਸਕੂਲ’ ਦੇ ਮੋਹਰੀ ਡਾ. ਹਰਿਭਜਨ ਸਿੰਘ ਅਤੇ ਉਨ੍ਹਾਂ ਦੇ ਪੈਰੋਕਾਰਾਂ ਵੱਲੋਂ ਅਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਰਹੀਆਂ ਹਨ। 1974 ਵਿਚ ਲੁਧਿਆਣੇ ਵਿਚ ਗੋਸ਼ਟੀ ਅਤੇ ਉਸ ਤੋਂ ਬਾਅਦ ਸ਼ਾਮ ਵੇਲੇ ਦੀ ਬੈਠਕ ਵਿਚ ਅੰਮ੍ਰਿਤਾ ਵਿਰੁੱਧ ਹੋਏ ਅਨਾਚਾਰ ਅਤੇ ਉਸ ਸਭ ਕੁਝ ਦੀ ਹਰਨਾਮ ਦੇ ਨਾਮ ਹੇਠ ਛਪੀ ਰਿਪੋਰਟ ਵਿਚ, ਜੋ ਗੱਲਾਂ ਇਨ੍ਹਾਂ ਸੱਜਣਾਂ ਨੇ ਆਪ ਕਹੀਆਂ, ਮੇਰੇ ਨਾਮ ਨਾਲ ਜੋੜ ਕੇ ਛਾਪ ਦਿੱਤੀਆਂ ਗਈਆਂ। ਇਸ ਕੁਕਰਮ ਵਿਰੁੱਧ ਆਪਣਾ ਰੋਸ ਜ਼ਾਹਿਰ ਕਰਨ ਲਈ ਮੈਂ ਇੱਕ ਤਰਦੀਦੀ ਖ਼ਤ ‘ਇਕੱਤੀ ਫਰਵਰੀ’ ਵਾਲਿਆਂ ਨੂੰ ਲਿਖਿਆ ਸੀ। ਇਸ ਖ਼ਤ ਦਾ ਉਤਾਰਾ ਮੈਂ ਅੰਮ੍ਰਿਤਾ ਨੂੰ ਲਿਖੀ ਚਿੱਠੀ ਦੇ ਨਾਲ ਵੀ ਨੱਥੀ ਕਰ ਦਿੱਤਾ ਸੀ। ਦੋਨੋਂ ਖ਼ਤ ਇਸ ਪ੍ਰਕਾਰ ਸਨ:
ਸਤਿਕਾਰਯੋਗ ਅੰਮ੍ਰਿਤਾ ਜੀ,
‘ਇਕੱਤੀ ਫਰਵਰੀ’ ਦੇ ਮਾਰਚ, 74 ਅੰਕ ਵਿਚ ‘ਲੁਧਿਆਣੇ ਦੀ ਗੋਸ਼ਟੀ ਅਤੇ ਅਗੋਸ਼ਟੀ’ ਦੇ ਸਿਰਲੇਖ ਹੇਠ ਲਿਖੀ ਹਰਨਾਮ ਦੀ ਰਿਪੋਰਤਾਜ ਅਨੇਕਾਂ ਗਲਤ-ਬਿਆਨੀਆਂ ਨਾਲ ਭਰੀ ਪਈ ਹੈ। ਜੇ ਗੱਲ ਕੇਵਲ ਮੇਰੇ ਪਰਚੇ ਨੂੰ ਹੀ ਨਿੰਦਣ ਪੜਚੋਲਣ ਤੱਕ ਸੀਮਿਤ ਹੁੰਦੀ ਅਤੇ ਮੇਰੀ ਜ਼ਾਤ ਨੂੰ ਇਸ ਵਿਚ ਮੱਲੋਜ਼ੋਰੀ ਨਾ ਧੂਹਿਆ ਗਿਆ ਹੁੰਦਾ ਤਾਂ ਮੈਨੂੰ ਇਸ ਨਾਲ ਕੋਈ ਸਰੋਕਾਰ ਨਹੀਂ ਸੀ ਹੋਣਾ। ਮੈਨੂੰ ਹੋਰ ਬੰਦਿਆਂ ਨੂੰ ਮੁਖ਼ਾਤਬ ਕਰਵਾ ਕੇ ਹਰਨਾਮ ਨੇ ਮੇਰੇ ਮੂੰਹ ਵਿਚ ਇਹ ਸ਼ਬਦ ਪਾਏ ਹਨ: ‘ਹਜ਼ੂਰ ਤੁਸੀਂ ਤਾਂ ਅੰਮ੍ਰਿਤਾ-ਪ੍ਰੀਤਮ ਦੇ ਯੁਗ ਵਿਚ ਪੈਦਾ ਹੋਏ ਹੋ, ਅਸੀਂ ਤੁਹਾਨੂੰ ਜਾਣਦੇ ਹਾਂ, ਸ਼ਰਮਿੰਦਾ ਹੋਵੋ।’
ਜੇ ਇਹ ਕੂੜ ਹਰਨਾਮ ਦੇ ਕੇਵਲ ਮੂੰਹ ਦੀ ਹੀ ਹਵਾੜ ਰਹਿੰਦਾ ਤਾਂ ਹੋਰ ਗੱਲ ਸੀ ਪਰ ਕਿਉਂਕਿ ਇਸ ਨੂੰ ਛਾਪ ਕੇ ਵੰਡਿਆ ਗਿਆ ਹੈ, ਇਸ ਲਈ ਅਸਲੀਅਤ ਦਾ ਬਿਆਨ ਕਰਨਾ ਜ਼ਰੂਰੀ ਹੋ ਗਿਆ ਹੈ।
ਉਸ ਦਿਨ ਪਾਤਰ ਦੇ ਕਮਰੇ ਵਿਚ ਜੁੜੀ ਮਹਿਫਿਲ ਵਿਚ ਇਸ ਮਨੋਰਥ ਨਾਲ ਸ਼ਾਮਿਲ ਹੋਇਆ ਸਾਂ ਕਿ ਕੁਝ ਸੱਜਣਾਂ ਨੇ ਆਪਣੀਆਂ ਆਲੋਚਨਾਤਮਕ ਟਿੱਪਣੀਆਂ ਅਤੇ ਡਾ. ਹਰਿਭਜਨ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਜਿਹੜੇ ਬਹਿਸ ਗੋਚਰੇ ਨੁਕਤੇ ਉਠਾਏ ਸਨ, ਉਨ੍ਹਾਂ ਦਾ ਗ਼ੈਰ-ਰਸਮੀ ਬੈਠਕ ਵਿਚ ਨਿਤਾਰਾ-ਨਿਪਟਾਰਾ ਕੀਤਾ ਜਾ ਸਕੇ ਪਰ ਉਥੇ ਵਾਤਾਵਰਨ ਹੀ ਕੁਝ ਹੋਰ ਸੀ। ਗੱਲ ਤੁਹਾਡੇ, ਇੱਕ ਹੋਰ ਸਮਕਾਲੀ ਲੇਖਕਾ ਅਤੇ ਇੱਕ ਆਲੋਚਕ ਵਿਰੁੱਧ ਊਜਾਂ ਅਤੇ ਭੰਡੀ ਪ੍ਰਚਾਰ ਤੋਂ ਅਗਾਂਹ ਤੁਰਦੀ ਹੀ ਨਹੀਂ ਸੀ। ਡਾ. ਹਰਿਭਜਨ ਸਿੰਘ ਬੜੀ ਚਤੁਰਾਈ ਨਾਲ ਇਸ ਚੁੰਝ-ਚਰਚਾ ਦੇ ਸੰਚਾਲਕ ਹੋਣ ਦਾ ਰੋਲ ਨਿਭਾ ਰਿਹਾ ਸੀ। ਕੁਝ ਲੋਕ-ਚਲੋ ‘ਵਾਜ ਤੇ ਲੱਗੇ ਬਟੇਰਿਆਂ ਦੀ ਕੀ ਗੱਲ ਕਰਨੀ ਹੈ। ਮੈਨੂੰ ਡਾਕਟਰ ਸਾਹਿਬ ਦਾ ਰੋਲ ਚੰਗਾ ਨਹੀਂ ਸੀ ਲੱਗਿਆ। ਮੈਂ ਉਨ੍ਹਾਂ ਨੂੰ ਮੁਖ਼ਾਤਬ ਹੋ ਕੇ ਆਖਿਆ ਸੀ: ਹਜ਼ੂਰ, ਤੁਸੀਂ ਤਾਂ ਅੰਮ੍ਰਿਤਾ ਪ੍ਰੀਤਮ ਦੇ ਯੁਗ ਵਿਚ ਜਿਊਣ ਨੂੰ ਹੀ ਆਪਣਾ ਸੁਭਾਗ ਕਹਿ ਚੁੱਕੇ ਹੋ ਅਤੇ ਨਾਗਮਣੀ ਦੇ ਕਿਸੇ ਅੰਕ ਵਿਚ ਕਠਮੰਡੂ ਦੀ ਯਾਤਰਾ ਦਾ ਜ਼ਿਕਰ ਕਰਦਿਆਂ ਪਤਾ ਨਹੀਂ ਕਿਹੜੇ ਕਿਹੜੇ ਸ਼ਬਦਾਂ ਵਿਚ ਆਪਣਾ ਖ਼ਿਰਾਜ਼-ਏ-ਅਕੀਦਤ ਪੇਸ਼ ਕਰ ਚੁੱਕੇ ਹੋ, ਤੇ ਹੁਣ ਇਸ ਅਚਾਨਕ ਕਲਾਬਾਜ਼ੀ ਦਾ ਕੀ ਅਰਥ ਸਮਝੀਏ?
ਪਲ ਦੀ ਪਲ ਲਈ ਡਾਕਟਰ ਸਾਹਿਬ ਦੀ ਜ਼ਬਾਨ ਥਥਲਾ ਗਈ ਸੀ। ਮਗਰੋਂ ਉਨ੍ਹਾਂ ਕੁਝ ਇਹੋ ਜਿਹਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ, ਜਿਵੇਂ ਉਨ੍ਹਾਂ ਨੇ ਨਾਗਮਣੀ ਵਾਲਾ ਲੇਖ ਆਪ ਨਾ ਲਿਖਿਆ ਹੋਵੇ ਜਾਂ ਉਸ ਵਿਚ ਛਪਣ ਤੋਂ ਪਹਿਲਾਂ ਤੁਸੀਂ ਆਪ ਹੀ ਕਾਫੀ ਸਾਰੀ ਤਬਦੀਲੀ ਕਰ-ਕਰਵਾ ਲਈ ਹੋਵੇ। ਮੇਰੀ ਇਸ ਜਵਾਬ ਨਾਲ ਤਸੱਲੀ ਨਹੀਂ ਸੀ ਹੋਈ। ‘ਤੁਸੀਂ ਕਿਸੇ ਗੱਲ ਦੀ ਤਰਦੀਦ ਕਿਉਂ ਨਾ ਕੀਤੀ?’ ਮੇਰਾ ਦੂਜਾ ਸਵਾਲ ਸੀ, ਜਿਸ ਦਾ ਡਾਕਟਰ ਸਾਹਿਬ ਕੋਲ ਕੋਈ ਜਵਾਬ ਨਹੀਂ ਸੀ।
ਮੇਰੇ ਵੱਲੋਂ ਕਹੇ ਸ਼ਬਦਾਂ ਅਤੇ ਹਰਨਾਮ ਦੁਆਰਾ ਮੇਰੇ ਮੂੰਹ ਵਿਚ ਪਾਏ ਸ਼ਬਦਾਂ ਦੀ ਟੋਨ ਅਤੇ ਅਰਥਾਂ ਵਿਚਕਾਰ ਕਿੰਨਾ ਫਰਕ ਹੈ, ਇਸ ਦਾ ਅਨੁਮਾਨ ਸਹਿਜੇ ਹੀ ਲਾਇਆ ਜਾ ਸਕਦਾ ਹੈ। ਕਿਸੇ ਲੇਖਕ ਬਾਰੇ ਪਹਿਲੀ ਬਣੀ ਰਾਏ ਬਦਲਣੀ ਪੈ ਜਾਏ- ਇਸ ਗੱਲ ਦੀ ਸਮਝ ਆ ਸਕਦੀ ਹੈ ਪਰ ਰਾਇ-ਬਦਲੀ ਦਾ ਆਧਾਰ ਇਮਾਨਦਾਰੀ ਦੀ ਥਾਂ ਕੋਈ ਹੋਰ ਹੋਵੇ, ਤਾਂ ਉਸ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ। ਅਵਸਰਵਾਦ ਬੇਸ਼ੱਕ ਨੀਤੀਵਾਨਾਂ ਦਾ ਹੋਵੇ ਭਾਵੇਂ ਸਾਹਿਤਕਾਰਾਂ ਦਾ, ਇਸ ਦਾ ਖੰਡਨ ਜ਼ਰੂਰ ਹੋਣਾ ਚਾਹੀਦਾ ਹੈ। ਮੈਨੂੰ ਇਸ ਗੱਲ ਦੀ ਜ਼ਿਹਨੀ ਤਸਕੀਨ ਹੈ ਕਿ ਮੈਂ ਇਹ ਖੰਡਨ ਸਭਨਾਂ ਦੇ ਸਾਹਮਣੇ ਕੀਤਾ ਸੀ। ਕੁਝ ਹੋਰ ਗੱਲਾਂ ਵੀ ਸੁਣਾਉਣੀਆਂ ਪਈਆਂ ਸਨ ਪਰ ਉਨ੍ਹਾਂ ਦਾ ਜ਼ਿਕਰ ਇੱਥੇ ਜ਼ਰੂਰੀ ਨਹੀਂ।
ਸਮੁੱਚੇ ਮਾਹੌਲ ਤੋਂ ਏਨੀ ਕੋਫਤ ਮਹਿਸੂਸ ਹੋ ਰਹੀ ਸੀ ਕਿ ਮੈਂ ਬਾਹਰ ਆ ਗਿਆ। ਦੇਵ ਮੇਰੇ ਨਾਲੋਂ ਵੀ ਵੱਧ ਸਤਿਆ ਬੈਠਾ ਸੀ। ਉਹ ਵੀ ਮਗਰੇ ਆ ਗਿਆ। ਦੇਵ ਨੇ ਤਾਂ ਮੈਨੂੰ ਪੈਰੀਂ ਜੁੱਤੀ ਵੀ ਨਹੀਂ ਸੀ ਪਾਉਣ ਦਿੱਤੀ। ਅਸੀਂ ਦੋਨੋਂ ਨੰਗੇ ਪੈਰੀਂ ਹੀ ਬਿਨਾਂ ਦੱਸੇ ਉਠ ਕੇ ਆ ਗਏ ਸਾਂ। ਜੁੱਤੀਆਂ ਸਵੇਰੇ ਆਣ ਕੇ ਲਈਆਂ ਸਨ।
‘ਇਕੱਤੀ ਫਰਵਰੀ’ ਵਾਲਿਆਂ ਨੇ ਮੇਰੇ ਸ਼ਬਦਾਂ ਨੂੰ ਤੋੜ-ਮਰੋੜ ਕੇ ਉਨ੍ਹਾਂ ਵਿਚ ਆਪਣੇ ਅਨਰਥ ਭਰੇ ਹਨ- ਇਸ ਗੱਲ ਦਾ ਮੈਨੂੰ ਗਹਿਰਾ ਦੁੱਖ ਹੈ। ਇਸ ਬਾਰੇ ਉਨ੍ਹਾਂ ਲੋਕਾਂ ਨੂੰ ਵੀ ਹੁਣੇ ਇੱਕ ਖ਼ਤ ਲਿਖਾਂਗਾ। ਉਸ ਦੀ ਨਕਲ ਇਸ ਖ਼ਤ ਨੂੰ ਬੰਦ ਕਰਨ ਤੋਂ ਪਹਿਲਾਂ ਨੱਥੀ ਕਰ ਦਿਆਂਗਾ।
ਸਤਿਕਾਰ ਸਹਿਤ
ਆਪਦਾ ਵਿਸ਼ਵਾਸ ਪਾਤਰ,
(ਸਾਧੂ ਸਿੰਘ)
ਲੁਧਿਆਣਾ
ਅਪਰੈਲ 15, 1974

ਪਿਆਰੇ ਨੂਰ, ਹਰਨਾਮ,
ਸਲਾਮ,
ਮੈਨੂੰ ਇਹ ਮੰਨਣ ਵਿਚ ਕੋਈ ਆਪੱਤੀ ਨਹੀਂ ਹੈ ਕਿ ਸਿਰਜਣਾ ਅਤੇ ਸਮਾਲੋਚਨਾ ਬਾਰੇ ਤੁਹਾਡੇ ਮਿਆਰ ਮੇਰੇ ਨਾਲੋਂ ਵੱਖਰੇ ਹੈਨ ਹੀ, ਉੱਤਮ ਵੀ ਹੋ ਸਕਦੇ ਹਨ। ਕਦੀ ਵੀ ਮਿਲ ਬੈਠਣ ਦਾ ਮੌਕਾ ਮਿਲਿਆ ਅਤੇ ਗੰਭੀਰ ਗੱਲਬਾਤ ਦਾ ਮਾਹੌਲ ਬਣ ਸਕਿਆ ਤਾਂ ਦਿਲ ਦੀਆਂ ਗੱਲਾਂ ਜ਼ਰੂਰ ਸੁਣਾਂ-ਆਖਾਂਗਾ। ਨਿਰੀ ਫਤਵੇਬਾਜ਼ੀ ਸਾਹਮਣੇ ਹੀ ਸਿਰ ਝੁਕਾ ਸਕਣਾ ਮੇਰੇ ਵੱਸ ਦੀ ਗੱਲ ਨਹੀਂ।
ਪਰ ਤੁਸੀਂ ਦਿੱਲੀ ਯੂਨੀਵਰਸਿਟੀ ਵਾਲੇ ਦੋਸਤੋ, ਦਾਅਵੇ ਤਾਂ ‘ਸ਼ੁੱਧ ਸਾਹਿਤ’ ਅਤੇ ‘ਦੋਸਤੀ ਤੋਂ ਦੋਸਤੀ ਦੀ ਤਲਾਸ਼’ ਦੇ ਕਰਦੇ ਹੋ ਪਰ ਹੋ ਤੁਸੀਂ ਅਸਲ ਵਿਚ ਸਾਹਿਤਕ ਨੀਤੀਵਾਨ ਹੀ। ਆਪਣੀ ਦਿੱਲੀ ਦੇ ਸਾਹਿਤਕ ਜਗਤ ਵਿਚ ਤਾਕਤਾਂ ਦੇ ਮੌਜੂਦਾ ਤੋਲ ਬਾਬਤ ਸਮਝ ਅਨੁਸਾਰ, ਤੁਸੀਂ ਆਪਣੀ ਆਲੋਚਨਾਤਮਕ ਰਣ-ਨੀਤੀ ਦਾ ਮੁੱਖ ਧਾਰਾ ‘ਅੰਨ੍ਹੇ-ਅੰਮ੍ਰਿਤਾ ਵਿਰੋਧ’ ਨੂੰ ਬਣਾਇਆ ਹੋਇਆ ਹੈ। ਤੁਹਾਡੀ ਸਮਝ ਤੁਹਾਨੂੰ ਮੁਬਾਰਕ।
ਪਰ ਮਿੱਤਰੋ! ਜਿਹੜੇ ਲੋਕ ਤੁਹਾਡੇ ਇਸ ਨਾਟਕ ਵਿਚ ਸ਼ਰੀਕ ਹੋ ਕੇ ਤੁਹਾਡੀ ਡੁਗਡੁਗੀ ‘ਤੇ ਨੱਚਣਾ ਨਹੀਂ ਚਾਹੁੰਦੇ, ਉਨ੍ਹਾਂ ਦੀ ਮੱਲੋਜ਼ੋਰੀ ਕਿਉਂ ਧੂਹ-ਖਿੱਚ ਕਰ ਰਹੇ ਹੋ? ਤੁਹਾਡੀ ਯਾਦ-ਸ਼ਕਤੀ ਏਨੀ ਮੱਧਮ ਬਿਲਕੁਲ ਨਹੀਂ ਹੋਣੀ ਕਿ ਲੁਧਿਆਣਾ ਦੀ ‘ਕਮਰਾ ਗੋਸ਼ਟੀ’ ਵਿਚ ਅੰਮ੍ਰਿਤਾ ਵਿਰੁੱਧ ਭੰਡੀ ਪ੍ਰਚਾਰ ਦੇ ਸੂਤਰਧਾਰ ਬਣੀ ਬੈਠੇ ਡਾ. ਹਰਿਭਜਨ ਸਿੰਘ ਨੂੰ ਮੈਂ ਇਹ ਆਖਿਆ ਸੀ: ਡਾਕਟਰ ਸਾਹਿਬ, ਤੁਸੀਂ ਤਾਂ ਅੰਮ੍ਰਿਤਾ ਦੇ ਯੁਗ ਵਿਚ ਜਿਊਣ ਨੂੰ ਆਪਣਾ ਸੁਭਾਗ ਆਖ ਚੁੱਕੇ ਹੋ ਅਤੇ ਕਠਮੰਡੂ ਦੀ ਯਾਤਰਾ ਦਾ ਜ਼ਿਕਰ ਕਰ ਕੇ ਅੰਮ੍ਰਿਤਾ ਨੂੰ ਪਤਾ ਨਹੀਂ ਕਿਹੜੇ ਸ਼ਬਦਾਂ ਵਿਚ ਆਪਣਾ ਖ਼ਿਰਾਜ਼-ਏ-ਅਕੀਦਤ ਪੇਸ਼ ਕਰ ਚੁੱਕੇ ਹੋ ਅਤੇ ਹੁਣ ਅਚਾਨਕ ਹੀ ਉਲਟ ਕਲਾਬਾਜ਼ੀ ਮਾਰ ਰਹੇ ਹੋ? ਇਹਦੀ ਥਾਂ ਹਰਨਾਮ ਨੇ ਲਿਖਿਆ ਹੈ (ਸਾਧੂ: ਤੁਸੀਂ ਤਾਂ ਅੰਮ੍ਰਿਤਾ ਦੇ ਜੁਗ ਵਿਚ ਪੈਦਾ ਹੋਏ ਹੋ। ਅਸੀਂ ਤੁਹਾਨੂੰ ਜਾਣਦੇ ਹਾਂ, ਸ਼ਰਮਿੰਦਾ ਹੋਵੋ) ਜਿਵੇਂ ਮੈਂ ਅੰਮ੍ਰਿਤਾ ਦੇ ਸਮਕਾਲੀ ਹੋਣ ਦੀ ਸਥਿਤੀ ਨੂੰ ਹੀ ਸ਼ਰਮਸਾਰੀ ਦੀ ਗੱਲ ਸਮਝਦਾ ਹੋਵਾਂ। ਕਿਆ ਜਵਾਬ ਹੈ ਤੁਹਾਡੀ ਪੇਸ਼ਕਾਰੀ ਦਾ। ਅਗਲੀਆਂ ਗੱਲਾਂ ਨੂੰ ਦੁਹਰਾਉਣ ਦੀ ਲੋੜ ਇਸ ਕਰ ਕੇ ਨਹੀਂ ਮਹਿਸੂਸ ਹੋ ਰਹੀ ਕਿਉਂਕਿ ਤੁਹਾਨੂੰ ਚੇਤੇ ਤਾਂ ਸਾਰੀਆਂ ਹੀ ਗੱਲਾਂ ਹੈਨ। ਆਪਣੀ ਸੋਚੀ-ਸਮਝੀ ਨੀਤੀ ਅਨੁਸਾਰ ਜਾਣ-ਬੁੱਝ ਕੇ ਹੀ ਘੋਗਲਕੰਨੇ ਬਣੇ ਬੈਠੇ ਹੋ।
ਸ਼ਾਇਰ ਅਤੇ ਸਮਾਲੋਚਕ ਹਰਿਭਜਨ ਸਿੰਘ ਦਾ ਮੈਂ ਮੁੱਢੋਂ ਹੀ ਕਦਰਦਾਨ ਰਿਹਾ ਹਾਂ ਪਰ ਮਿੱਤਰੋ! ਕਿਸੇ ਸਾਹਿਤਕਾਰ ਦੀ ਕਦਰਦਾਨੀ ਲਈ ਉਹਦੀਆਂ ਰਖੇਲਾਂ ਬਣਨਾ ਜ਼ਰੂਰੀ ਨਹੀਂ ਹੁੰਦਾ।
ਨੂਰ ਸਾਹਿਬ, ਜੇ ਹਰਨਾਮ ਨੇ ਤੁਹਾਨੂੰ ਉਸ ਵਾਰਤਾਲਾਪ ਦੀ ਰਿਪੋਰਟ ਲਿਖ ਭੇਜੀ ਹੁੰਦੀ ਜਿਸ ਵਿਚ ਤੁਸੀਂ ਜ਼ਾਤੀ ਤੌਰ ‘ਤੇ ਸ਼ਾਮਿਲ ਨਾ ਹੁੰਦੇ ਤਾਂ ਉਸ ਵਿਚਲੇ ਝੂਠ ਬਾਬਤ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਸੀ ਹੋਣੀ ਪਰ ਤੁਸੀਂ ਸਭ ਕੁਝ ਜਾਣਦੇ ਹੋਏ ਵੀ ਹਰਨਾਮ ਵੱਲੋਂ ਗਲਤ ਤੌਰ ‘ਤੇ ਮੇਰੇ ਮੱਥੇ ਮੜ੍ਹੇ ਸ਼ਬਦਾਂ ਨੂੰ ਜਿਉਂਂ ਦੀ ਤਿਉਂਂ ਛਾਪ ਗਏ ਹੋ, ਇਸ ਲਈ ਮੇਰਾ ਤੁਹਾਡੇ ਪੁਰ ਗਿਲਾ ਹੈ।
ਹਰਿਭਜਨ ਸਿੰਘ ਦੇ ਸਮਕਾਲੀ, ਕਦਰਦਾਨ ਅਤੇ ਦੋਸਤ ਬਣੋ। ਉਹਨੂੰ ਮੱਠਧਾਰੀ ਬਣਾ ਕੇ ਆਪ ਮਜੌਰ ਬਣ ਜਾਣ ਨਾਲ ਤੁਹਾਡਾ ਕਿਸੇ ਦਾ ਵੀ ਕੁਝ ਨਹੀਂ ਸੌਰਨਾ ਜਾਂ ਸਹੀ ਅਰਥਾਂ ਵਿਚ ਬੁਲੰਦ ਹੋਵੋ, ਨਹੀਂ ਤਾਂ ਇਹ ਦਾਅਵਾ ਛੱਡੋ ਕਿ ‘ਮੇਰੀ ਤਲਾਸ਼ ਦੋਸਤੀ ਤੇ ਦੋਸਤੀ ਤੱਕ ਦਾ ਸਫਰ ਹੀ ਨਹੀਂ, ਮੱਥੇ ਵਿਚ ਜਗਦੀ ਜੋਤ, ਆਪਣੀ ਨੀਝ ਨਾਲ ਤੁਰਦੇ ਹੋਏ ਮਨੁੱਖ ਦੀ ਤਲਾਸ਼ ਹੈ।’
ਤੁਹਾਡਾ ਆਪਣਾ,
ਸਾਧੂ ਸਿੰਘ
ਲੁਧਿਆਣਾ
ਅਪਰੈਲ 15, 1974
‘ਇਕੱਤੀ ਫਰਵਰੀ’ ਵਾਲੇ ਸਾਹਿਬਾਨ ਨੇ ਨਾ ਮੇਰੀ ਚਿੱਠੀ ਛਾਪੀ ਸੀ ਅਤੇ ਨਾ ਹੀ ਉਹਦਾ ਕੋਈ ਜਵਾਬ ਦਿੱਤਾ ਸੀ। ਹਾਂ! ਅੰਮ੍ਰਿਤਾ ਨੇ ਜ਼ਰੂਰ ਮੁੜਦੀ ਡਾਕੇ ਜਵਾਬ ਦਿੱਤਾ ਸੀ:

18-4-74
ਪਿਆਰੇ ਸਾਧੂ ਸਿੰਘ ਜੀ,
ਤੁਹਾਡੀਆਂ ਦੋਹਵੇਂ ਚਿੱਠੀਆਂ ਪੜ੍ਹੀਆਂ ਹਨ, ਮੈਂ ਉਦਾਸ ਜ਼ਰੂਰ ਹਾਂ ਪਰ ਹੈਰਾਨ ਨਹੀਂ। ਜਾਣਦੀ ਹਾਂ- ਅੱਜ ਕੱਲ੍ਹ ਡਾ. ਹਰਿਭਜਨ ਸਿੰਘ ਇਸੇ ਕੰਮ ‘ਤੇ ਲੱਗੇ ਹੋਏ ਹਨ, ਕਈ ਤਰ੍ਹਾਂ ਨਾਲ। ਜਿੱਥੇ ਅਤੇ ਜਦੋਂ ਵੀ ਉਨ੍ਹਾਂ ਦਾ ਵਾਹ ਲੱਗਦਾ ਹੈ- ਕਦੇ ਸਕੂਲਾਂ ਕਾਲਜਾਂ ਦੀਆਂ ਕਿਤਾਬਾਂ ਵਿਚ ਉਨ੍ਹਾਂ ਦੇ ਵਰਕੇ ਬਦਲਵਾਂਦੇ ਹਨ, ਕਦੇ ਲੋਕਾਂ ਕੋਲੋਂ ਲਿਖਵਾਂਦੇ ਛਪਵਾਂਦੇ ਹਨ। ਮੇਰੀ ਹੋਂਦ ਕਿਸੇ ਤਰ੍ਹਾਂ ਵੀ ਉਨ੍ਹਾਂ ਕੋਲੋਂ ਬਰਦਾਸ਼ਤ ਨਹੀਂ ਹੋ ਰਹੀ। ਉਦਾਸ ਮੈਂ ਆਪਣੀ ਖ਼ਾਤਰ ਨਹੀਂ, ਉਨ੍ਹਾਂ ਦੀ ਖ਼ਾਤਰ ਹਾਂ- ਕਿ ਇੱਕ ਚੰਗੇ ਸ਼ਾਇਰ ਦਾ ਇਹ ਕੀ ਹਸ਼ਰ ਹੋ ਰਿਹਾ ਹੈ!
ਸ਼ੁਭ ਚਿੰਤਕ: ਅੰਮ੍ਰਿਤਾ ਪ੍ਰੀਤਮ

ਮੰਦ-ਭਾਵਨਾਵਾਂ ਅਤੇ ਸੁਆਰਥ ਉਪਰ ਆਧਾਰਿਤ ਇਹਨਾਂ ਵਿਦਵਾਨਾਂ ਦੀ ‘ਦੋਸਤੀ’ ਦਾ ਇਹ ਹਸ਼ਰ ਹੋਇਆ ਸੀ ਕਿ ਆਪਣੇ ਵਿਭਾਗ ਦੇ ਮੁਖੀ ਦੇ ਅਹੁਦੇ ਤੋਂ ਇਸ ਮਹਾਂਰਥੀ ਦੇ ਸੇਵਾ-ਮੁਕਤ ਹੋਣ ਵੇਲੇ ਇਹਨਾਂ ਦੇ ਹੋਰ ਸਹਿਯੋਗੀਆਂ ਨੇ ਉਹਨੂੰ ਰਸਮੀ ਵਿਦਾਇਗੀ ਪਾਰਟੀ ਵੀ ਨਹੀਂ ਸੀ ਦਿੱਤੀ।
ਸਾਡੇ ਦਿਮਾਗ਼ਾਂ ਵਿਚ ਤਾਂ ਡਾ. ਹਰਿਭਜਨ ਸਿੰਘ ਵੀ ਵਸੇ ਰਹਿਣਗੇ ਪਰ ਅੰਮ੍ਰਿਤਾ ਦਾ ਵਸੇਬਾ ਦਿਮਾਗ਼ਾਂ ਦੇ ਨਾਲੋ ਨਾਲ ਅਸਾਂ ਪੰਜਾਬੀਆਂ ਨਹੀਂ ਸਗੋਂ ਹੋਰ ਬਹੁਤ ਸਾਰੇ ਲੋਕਾਂ ਦੇ ਦਿਲਾਂ ਵਿਚ ਵੀ ਬਰਕਰਾਰ ਰਹੇਗਾ।
ਇੱਕ ਨਿੱਕੀ ਜਿਹੀ ਘਟਨਾ ਦੇ ਬਿਰਤਾਂਤ ਨਾਲ ਆਪਣੀ ਗੱਲ ਖ਼ਤਮ ਕਰਦਾ ਹਾਂ। 1986 ਵਿਚ ਭਾਰਤੀ ਸਾਹਿਤ ਅਕਾਦਮੀ ਵੱਲੋਂ ਸਿਰਜਣਾਤਮਕ ਸਾਹਿਤ ਦੇ ਅਨੁਵਾਦ ਦੀ ਵਰਕਸ਼ਾਪ ਵਿਚ ਸ਼ਮੂਲੀਅਤ ਦੌਰਾਨ ਪੰਜਾਬੀ ਵਿਚ ਹੋਰਨਾਂ ਭਾਸ਼ਾਵਾਂ ਵਿਚ ਹੋਏ ਅਨੁਵਾਦ ਬਾਰੇ ਪੇਪਰ ਲਿਖਣ ਦਾ ਕੰਮ ਮੇਰੇ ਜ਼ਿੰਮੇ ਲੱਗਾ ਸੀ। ਹੋਰ ਸਾਥੀਆਂ ਨਾਲ ਹੋਈ ਸਰਸਰੀ ਜਿਹੀ ਗੱਲਬਾਤ ਵਿਚ ਅੰਮ੍ਰਿਤਾ ਦੀ ਲਾਇਬ੍ਰੇਰੀ ਵਿਚ ਜਾਣ ਦਾ ਜ਼ਿਕਰ ਆਇਆ ਸੀ।
‘ਤੂੰ ਅੰਮ੍ਰਿਤਾ ਨੂੰ ਜਾਣਦੈਂ?’
ਆਂਧਰਾ ਪ੍ਰਦੇਸ਼ ਤੋਂ ਆਈ ਪ੍ਰੋਫੈਸਰ ਸੁਜਾਤਾ ਵਿਸਮਾਦ ਦੀ ਸੂਰਤ ਬਣੀ ਪੁੱਛ ਰਹੀ ਸੀ।
‘ਆਹੋ’, ਮੈਂ ਸੁਭਾਵਕ ਹੀ ਕਿਹਾ ਸੀ।
ਸੁਜਾਤਾ ਕਹਿੰਦੀ ਸੀ ਕਿ ਇਸ ਵਰਕਸ਼ਾਪ ਦਾ ਤਾਂ ਐਵੇਂ ਬਾਹਨਾ ਹੀ ਸੀ। ਅਸਲ ਵਿਚ ਦਿੱਲੀ ਆਉਣ ਵੇਲੇ ਉਹ ਦੋ ਮਨੋਰਥ ਮਿਥ ਕੇ ਆਈ ਸੀ। ਇੱਕ ਕੁਤਬਮੀਨਾਰ ਨੂੰ ਦੇਖਣਾ ਅਤੇ ਦੂਜਾ ਅੰਮ੍ਰਿਤਾ ਨੂੰ।
-ਤੂੰ ਮੈਨੂੰ ਅੰਮ੍ਰਿਤਾ ਨੂੰ ਮਿਲਾ ਸਕਦੈਂ?
-ਚਲੇ ਚੱਲਾਂਗੇ ਕਦੇ।
-ਕਦੇ ਨਹੀਂ ਹੁਣੇ।
ਸੁਜਾਤਾ ਇਸ ਕਾਰਜ ਵਿਚ ਢਿੱਲ ਕਰਨ ਦੇ ਰੌਂ ਵਿਚ ਨਹੀਂ ਸੀ।
‘ਚੰਗਾ ਮੈਂ ਹੁਣੇ ਕੱਪੜੇ ਬਦਲ ਕੇ ਆਉਨਾਂ।’
ਸਵੇਰ ਦੀ ਚਾਹ ਕੁਰਤੇ-ਪਜਾਮੇ ਵਿਚ ਹੀ ਪੀਣ ਆ ਗਿਆ ਸਾਂ।
‘ਕੱਪੜੇ ਬਦਲਣ ਦੀ ਕੋਈ ਲੋੜ ਨਹੀਂ, ਤੂੰ ਕੁਰਤੇ-ਪਜਾਮੇ ਵਿਚ ਹੀ ਬੜਾ ਸੋਹਣਾ ਲੱਗਦੈਂ।’ ਸੁਜਾਤਾ ਦਾ ਫੈਸਲਾ ਸੀ।
‘ਕੁਝ ਪੈਸੇ ਤਾਂ ਲੈ ਆਉਣ ਦਿਓ ਉਪਰੋਂ ਕਮਰੇ ‘ਚੋਂ।’
‘ਨਹੀਂ, ਪੈਸੇ ਮੇਰੇ ਪਰਸ ‘ਚ ਬਥੇਰੇ ਨੇ।’
ਸੁਜਾਤਾ ਦੀ ਚਾਹਤ ਦਾ ਸੰਖੇਪ ਜਿਹਾ ਜ਼ਿਕਰ ਕਰ ਕੇ ਮੈਂ ਉਨ੍ਹਾਂ ਨੂੰ ਅੰਮ੍ਰਿਤਾ ਦੇ ਹਵਾਲੇ ਕਰ ਕੇ ਆਪ ਇਮਰੋਜ਼ ਜੀ ਦੇ ਸਟੂਡੀਓ ਵਿਚ ਚਲਾ ਗਿਆ ਸਾਂ। ਵਾਪਸੀ ਵੇਲੇ ਸੁਜਾਤਾ ਇੰਜ ਤਸੱਲੀ ਭਰੇ ਉਮਾਹ ਵਿਚ ਸੀ ਜਿਵੇਂ ‘ਮਾਊਂਟ ਐਵਰੈਸਟ’ ਨੂੰ ਸਰ ਕਰ ਕੇ ਆਈ ਹੋਵੇ। (ਸਮਾਪਤ)