ਇਤਿਹਾਸ ਦੇ ਪੰਨਿਆਂ `ਚ ਨਵਾਂ ਜਿਲਾ ‘ਮਲੇਰਕੋਟਲਾ’

ਅੱਬਾਸ ਧਾਲੀਵਾਲ, ਮਲੇਰਕੋਟਲਾ
ਫੋਨ: 91-98552-59650
ਈਦ-ਉਲ-ਫਿਤਰ ਦੇ ਸ਼ੁਭ ਮੌਕੇ 14 ਮਈ 2021 ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਲੇਰਕੋਟਲਾ ਨੂੰ 23ਵਾਂ ਜਿਲਾ ਬਣਾਉਣ ਦਾ ਐਲਾਨ ਕੀਤਾ ਸੀ। ਦਰਅਸਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਮਲੇਰਕੋਟਲਾ ਦੀ ਵਿਧਾਇਕਾ ਬੀਬੀ ਰਜੀਆ ਸੁਲਤਾਨਾ (ਕੈਬਨਿਟ ਮੰਤਰੀ) ਤੇ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਦੀ ਸਰਕਾਰ ਬਣਨ `ਤੇ ਹਲਕੇ ਦੇ ਲੋਕਾਂ ਨਾਲ ਇਸ ਤਹਿਸੀਲ ਨੂੰ ਜਿਲਾ ਬਣਾਉਣ ਦਾ ਵਾਅਦਾ ਕੀਤਾ ਸੀ।

ਹੁਣ ਕੈਪਟਨ ਸਰਕਾਰ ਵਲੋਂ ਮਲੇਰਕੋਟਲਾ ਨੂੰ ਪੰਜਾਬ ਦੇ 23ਵੇਂ ਜਿਲੇ ਵਜੋਂ ਮਾਨਤਾ ਦਿੱਤੀ ਜਾ ਚੁਕੀ ਹੈ। ਇਸ ਦੇ ਨਾਲ ਹੀ ਉਨ੍ਹਾਂ ਵਲੋਂ ਮਲੇਰਕੋਟਲਾ ਵਿਖੇ ਨਵਾਬ ਸ਼ੇਰ ਮੁਹੰਮਦ ਖਾਨ ਮੈਡੀਕਲ ਕਾਲਜ, ਗਰਲਜ਼ ਕਾਲਜ ਤੇ ਇਕ ਵੁਮੈਨ ਪੁਲਿਸ ਸਟੇਸ਼ਨ ਅਤੇ ਨਵੇਂ ਬਸ ਸਟੈਂਡ ਦੇ ਨਿਰਮਾਣ ਕਾਰਜਾਂ ਦਾ ਵੀ ਨੀਂਹ ਪੱਥਰ ਰੱਖਿਆ ਗਿਆ ਹੈ। ਜਿ਼ਕਰਯੋਗ ਹੈ ਕਿ ਇਨ੍ਹਾਂ ਕਾਰਜਾਂ ਤੋਂ ਪਹਿਲਾਂ ਇਥੇ ਪੰਜਾਬ ਉਰਦੂ ਅਕਾਦਮੀ ਅਤੇ ਬੀ.ਐਡ ਕਾਲਜ ਲਿਆਉਣ `ਚ ਬੀਬੀ ਰਜੀਆ ਸੁਲਤਾਨਾ ਦੀ ਅਹਿਮ ਭੂਮਿਕਾ ਰਹੀ ਹੈ।
2 ਜੂਨ ਨੂੰ ਪੰਜਾਬ ਕੈਬਨਿਟ ਨੇ ਮਲੇਰਕੋਟਲਾ ਨੂੰ ਬਾਕਾਇਦਾ ਜਿਲਾ ਬਣਾਉਣ ਦੀ ਰਸਮੀ ਪ੍ਰਵਾਨਗੀ ਦੇ ਦਿੱਤੀ ਸੀ। ਸਬ ਤਹਿਸੀਲ ਅਮਰਗੜ੍ਹ, ਜੋ ਮਲੇਰਕੋਟਲਾ ਸਬ ਡਿਵੀਜ਼ਨ ਦਾ ਹਿੱਸਾ ਸੀ, ਨੂੰ ਵੀ ਤਹਿਸੀਲ ਬਣਾਉਣ ਦੀ ਮਨਜ਼ੂਰੀ ਦਿੱਤੀ ਗਈ। ਮਲੇਰਕੋਟਲਾ ਜਿਲੇ ਵਿਚ ਹੁਣ ਮਲੇਰਕੋਟਲਾ, ਅਹਿਮਦਗੜ੍ਹ ਅਤੇ ਅਮਰਗੜ੍ਹ-ਤਿੰਨ ਸਬ ਡਿਵੀਜ਼ਨਾਂ ਹੋਣਗੀਆਂ। ਇਸ ਤੋਂ ਇਲਾਵਾ ਜਿਲੇ ਵਿਚ 192 ਪਿੰਡ, 62 ਪਟਵਾਰ ਸਰਕਲ ਅਤੇ 6 ਕਾਨੂੰਨਗੋ ਸਰਕਲ ਵੀ ਸ਼ਾਮਲ ਹੋਣਗੇ। ਨਾਲ ਹੀ ਮੰਤਰੀ ਮੰਡਲ ਨੇ ਨਵੇਂ ਜਿਲੇ ਲਈ ਮੁੱਖ ਮੰਤਰੀ ਨੂੰ 12 ਵਿਭਾਗਾਂ-ਪੁਲਿਸ, ਪੇਂਡੂ ਵਿਕਾਸ ਤੇ ਪੰਚਾਇਤ; ਸਮਾਜਿਕ ਨਿਆਂ ਤੇ ਘੱਟ ਗਿਣਤੀ; ਖੇਤੀਬਾੜੀ ਅਤੇ ਕਿਸਾਨ ਵਿਕਾਸ; ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ; ਸਿਹਤ, ਸਿੱਖਿਆ (ਪ੍ਰਾਇਮਰੀ ਅਤੇ ਸੈਕੰਡਰੀ), ਰੋਜ਼ਗਾਰ ਉਤਪਤੀ, ਉਦਯੋਗ ਅਤੇ ਵਣਜ; ਖੁਰਾਕ ਸਿਵਲ ਸਪਲਾਈ ਤੇ ਉਪਭੋਗਤਾ ਮਾਮਲੇ ਤੋਂ ਇਲਾਵਾ ਵਿੱਤ ਦੇ ਦਫਤਰਾਂ ਲਈ ਨਵੀਆਂ ਅਸਾਮੀਆਂ ਸਿਰਜੇ ਜਾਣ ਨੂੰ ਮਨਜ਼ੂਰੀ ਦੇਣ ਲਈ ਅਧਿਕਾਰ ਸੌਂਪ ਦਿੱਤੇ। ਇਸ ਸੰਦਰਭ ਵਿਚ ਪਿਛਲੇ ਦਿਨੀਂ ਮਲੇਰਕੋਟਲਾ ਜਿਲੇ ਦੇ ਪਹਿਲੇ ਡੀ. ਸੀ. ਵਜੋਂ ਬੀਬੀ ਅੰਮ੍ਰਿਤ ਗਿੱਲ (ਆਈ. ਏ. ਐੱਸ.) ਅਤੇ ਪਹਿਲੇ ਐੱਸ. ਐੱਸ. ਪੀ. ਵਜੋਂ ਕੰਵਰਦੀਪ ਕੌਰ (ਆਈ. ਪੀ. ਐੱਸ.) ਨੇ ਆਪਣੇ-ਆਪਣੇ ਅਹੁਦੇ ਸੰਭਾਲ ਲਏ ਹਨ। ਆਓ, ਮਲੇਰਕੋਟਲਾ ਦੇ ਇਤਿਹਾਸਕ ਪਿਛੋਕੜ ਦੇ ਸੰਦਰਭ ਵਿਚ ਕੁਝ ਖਾਸ ਤੇ ਦਿਲਚਸਪ ਗੱਲਾਂ ਜਾਣਨ ਦੀ ਕੋਸ਼ਿਸ਼ ਕਰੀਏ:
ਜਦ ਕਦੇ ਵੀ ਅਸੀਂ ਪੰਜਾਬ ਦੇ ਇਤਿਹਾਸਕ ਪੰਨਿਆਂ ਨੂੰ ਪਲਟਦੇ ਹਾਂ ਤਾਂ ਇਨ੍ਹਾਂ `ਚੋਂ ਮਲੇਰਕੋਟਲਾ ਆਪਣੀ ਇਕ ਵੱਖਰੀ ਤੇ ਵਿਲੱਖਣ ਭਾਈਚਾਰਕ ਸਾਂਝ ਦਾ ਪ੍ਰਤੀਕ ਬਣ ਕੇ ਸਾਹਮਣੇ ਆ ਖਲੋਂਦਾ ਹੈ। ਮਲੇਰਕੋਟਲਾ ਦੇ ਇਤਿਹਾਸ `ਤੇ ਝਾਤ ਮਾਰਨ ਤੋਂ ਪਹਿਲਾਂ ਆਓ ਸਮਝਦੇ ਹਾਂ ਕਿ ‘ਰਿਆਸਤ ਮਲੇਰਕੋਟਲਾ’ ਨਾਂ ਕਿਵੇਂ ਪਿਆ? ਪ੍ਰਸਿੱਧ ਵਿਦਵਾਨ ਡਾ. ਰਤਨ ਸਿੰਘ ਜੱਗੀ ਇਸ ਸਬੰਧੀ ਲਿਖਦੇ ਹਨ ਕਿ ‘ਮਲੇਰਕੋਟਲਾ’ ਨਾਂ ਦੋ ਸ਼ਬਦਾਂ ਦੇ ਜੋੜ ਨਾਲ ਬਣਿਆ ਹੈ। ‘ਮਹਲੇਰ’ ਨਾਂ ਦਾ ਪਿੰਡ, ਰਾਜਪੂਤ ਚੌਧਰੀ ਮਹਲੇਰ ਸਿੰਘ ਦਾ ਵਸਾਇਆ ਹੋਇਆ ਸੀ। ਇਸ ਦੇ ਬਰਬਾਦ ਹੋ ਜਾਣ ਪਿਛੋਂ ਪੁਰਾਣੇ ਥੇਹ ’ਤੇ ਇਸ ਨੂੰ ਨਵੇਂ ਸਿਰਿਓਂ ਵਸਾਇਆ ਗਿਆ ਅਤੇ ਉਸ ਦਾ ਨਾਂ ‘ਮਲੇਰ’ ਪ੍ਰਚਲਿਤ ਹੋਇਆ। ਇਸ ਪਿੰਡ ਦੇ ਨਾਲ ਹੀ ਸੰਨ 1657 ਈ. ਵਿਚ ਨਵਾਬ ਬਾਯਜ਼ੀਦ ਖਾਨ ਨੇ ‘ਕੋਟਲਾ’ ਨਾਂ ਦੀ ਆਬਾਦੀ ਬਣਾਈ। ਇਹ ਦੋਵੇਂ ਨਾਂ ਮਿਲ ਕੇ ‘ਮਲੇਰਕੋਟਲਾ’ ਬਣਿਆ।
ਇਸ ਤੋਂ ਪਹਿਲਾਂ ਰਿਆਸਤ ਦੇ ਬਾਨੀ ਸ਼ੇਖ ਸਦਰ-ਉਦ-ਦੀਨ ਸਦਰ-ਏ-ਜਹਾਂ ਦਾ ਜਨਮ 1434 ਈ. `ਚ ਅਫਗਾਨਿਸਤਾਨ ਦੇ ਦੱਰਾਬੰਦ ਵਿਖੇ ਹੋਇਆ। ਇਸ ਸਬੰਧੀ ਸ਼ੇਖ ਸਦਰ-ਉਦ-ਦੀਨ ਦੇ ਖਾਨਦਾਨ ਦੀ 15ਵੀਂ ਪੁਸ਼ਤ `ਚੋਂ ਮੌਜੂਦ ਸਾਹਿਬਜ਼ਾਦਾ ਅਜਮਲ ਖਾਨ ਸ਼ੇਰਵਾਨੀ ਦੱਸਦੇ ਹਨ ਕਿ ਸਦਰ-ਉਦ-ਦੀਨ ਸ਼ੇਰਵਾਨੀ ਅਫਗਾਨ ਸਨ, ਜੋ ਅਫਗਾਨਿਸਤਾਨ ਦੇ ਦੱਰਾਬੰਦ ਵਿਖੇ ਪੈਦਾ ਹੋਏ ਤੇ ਜਵਾਨ ਹੋ ਕੇ ਫੌਜ `ਚ ਭਰਤੀ ਹੋ ਗਏ। ਬਾਅਦ ਵਿਚ ਉਨ੍ਹਾਂ ਆਪਣੇ ਇਕ ਸੂਫੀ ਪੀਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਫੌਜ ਦੀ ਨੌਕਰੀ ਛੱਡ ਦਿੱਤੀ ਤੇ ਪੰਜਾਬ ਦੀ ਧਰਤੀ ਉੱਪਰ ‘ਭੁਮਸੀ’ ਨਾਂ ਦੀ ਜਗ੍ਹਾ `ਤੇ ਆ ਕੇ ਡੇਰਾ ਲਾ ਲਿਆ।
ਜਿ਼ਕਰਯੋਗ ਹੈ ਕਿ ਸ਼ੇਖ ਸਦਰ-ਉਦ-ਦੀਨ ਵਹਾਓਦੀਨ ਜ਼ਕਰੀਆ ਦੇ ਪੋਤੇ ਰੁਕਨ-ਏ-ਆਲਮ ਨੂੰ ਆਪਣਾ ਪੀਰ-ਓ-ਮੁਰਸ਼ਦ ਮੰਨਦੇ ਸਨ, ਜੋ ਸੋਹਰਾਵਰਦੀ ਸੰਪਰਦਾਇ ਨਾਲ ਸਬੰਧ ਰੱਖਦੇ ਸਨ। ਜਦੋਂ ਸ਼ੇਖ ਸਦਰ-ਉਦ-ਦੀਨ ਨੂੰ ਰੁਕਨ-ਏ-ਆਲਮ ਨੇ ਹੁਕਮ ਦਿੱਤਾ ਕਿ ਤੁਸੀਂ ਦੀਨ ਫੈਲਾਉਣ ਲਈ ਭਾਵ ਰੱਬ ਦੇ ਰਸਤੇ ਤੋਂ ਭਟਕੇ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਲਈ ਪੰਜਾਬ ਜਾਓ ਤਾਂ ਸ਼ੇਖ ਸਦਰ-ਉਦ-ਦੀਨ ਨੇ ਆਪਣੇ ਪੀਰ ਦੇ ਆਖੇ ਲੱਗਦਿਆਂ ਪੰਜਾਬ ਦੀ ਭੁਮਸੀ ਨਾਂ ਦੀ ਥਾਂ `ਤੇ ਆ ਕੇ ਡੇਰਾ ਲਾ ਲਿਆ।
ਇਸ ਸਬੰਧੀ ਸ਼ੇਖ ਸਦਰ-ਉਦ-ਦੀਨ ਦੇ ਇੱਕ ਵਾਕਿਆ ਦਾ ਜਿ਼ਕਰ ਕਰਦਿਆਂ ਡਾ. ਰਤਨ ਸਿੰਘ ਜੱਗੀ ਲਿਖਦੇ ਹਨ, ਇਕ ਵਾਰ ਸੁਲਤਾਨ ਬਹਿਲੋਲ ਲੋਧੀ, ਆਪਣੇ ਵਜ਼ੀਰ ਹਾਮਿਦ ਖਾਨ ਨਾਲ ਭੁਮਸੀ ਨਾਂ ਦੇ ਸਥਾਨ ਕੋਲੋਂ ਲੰਘਦੇ ਸਮੇਂ, ਸ਼ੇਖ ਸਦਰ-ਉਦ-ਦੀਨ ਦੇ ਕੋਲ ਕੁਝ ਸਮੇਂ ਲਈ ਠਹਿਰਿਆ ਅਤੇ ਉਸ ਪਾਸੋਂ ਦੁਆ ਮੰਗਵਾਈ ਕਿ ਉਸ ਨੂੰ ਦਿੱਲੀ ਉੱਤੇ ਜਿੱਤ ਪ੍ਰਾਪਤ ਹੋਵੇ। ਜਿੱਤ ਦਾ ਵਰਦਾਨ ਲੈ ਕੇ ਜਦੋਂ ਬਹਿਲੋਲ ਲੋਧੀ ਨੇ ਦਿੱਲੀ ਨੂੰ ਕਾਬੂ ਕਰ ਲਿਆ ਤਾਂ ਉਸ ਨੇ ਸੰਨ 1454 ਈ. ਵਿਚ ਆਪਣੀ ਪੁੱਤਰੀ ਤਾਜ ਮੁਰੱਸਾ ਬੇਗਮ ਦਾ ਵਿਆਹ ਸ਼ੇਖ ਸਦਰ-ਉਦ-ਦੀਨ ਨਾਲ ਕਰ ਦਿੱਤਾ। ਦਾਜ ਵਜੋਂ ਉਸ ਨੇ 68 ਪਿੰਡਾਂ ਦੀ ਜਾਗੀਰ ਸ਼ੇਖ ਦੇ ਨਾਂ ਲਵਾ ਦਿੱਤੀ। ਸੰਨ 1515 ਈ. ਵਿਚ ਸ਼ੇਖ ਸਦਰ-ਉਦ-ਦੀਨ ਦਾ ਦੇਹਾਂਤ ਹੋ ਗਿਆ।
ਉਧਰ ਸ਼ੇਖ ਸਦਰ-ਉਦ-ਦੀਨ ਦੇ ਵਿਆਹ ਸਬੰਧੀ ਸਾਹਿਬਜ਼ਾਦਾ ਅਜਮਲ ਖਾਨ ਸ਼ੇਰਵਾਨੀ ਦੱਸਦੇ ਹਨ ਕਿ ਜਦੋਂ ਬਹਿਲੋਲ ਲੋਧੀ ਆਪਣੇ ਮਿਸ਼ਨ ਵਿਚ ਕਾਮਯਾਬ ਹੋਇਆ ਤਾਂ ਲੋਧੀ ਦੀ ਮਾਂ ਨੇ ਆਖਿਆ ਕਿ ਕਿਉਂ ਨਾ ਤੂੰ ਆਪਣੀ ਸਪੁੱਤਰੀ ਤਾਜ ਮੁਰੱਸਾ ਦਾ ਨਿਕਾਹ ਸ਼ੇਖ ਸਦਰ-ਉਦ-ਦੀਨ ਨਾਲ ਕਰਾ ਦੇਵੇਂ! ਨਾਲੇ ਉਹ ਆਪਣੇ ਪਠਾਨ ਖਾਨਦਾਨ `ਚੋਂ ਹੈ! ਬਹਿਲੋਲ ਨੇ ਮਾਂ ਨੂੰ ਕਿਹਾ ਕਿ ਉਹ (ਸਦਰ-ਉਦ-ਦੀਨ) ਤਾਂ ਇਕ ਦਰਵੇਸ਼ ਫਕੀਰ ਹੈ, ਉਸ ਦੇ ਕੋਲ ਕੋਈ ਜਾਗੀਰ ਨਹੀਂ। ਇਸ `ਤੇ ਬਹਿਲੋਲ ਦੀ ਮਾਂ ਨੇ ਕਿਹਾ ਕਿ ਤੇਰੇ (ਬਹਿਲੋਲ) ਪਾਸ ਤਾਂ ਰੱਬ ਦਾ ਦਿੱਤਾ ਸਭ ਕੁਝ ਹੈ, ਤੂੰ ਆਪਣੇ ਵੱਲੋਂ ਉਸ ਦੇ ਨਾਂ ਜਾਗੀਰ ਲਵਾ ਦੇਹ।
ਲਿਹਾਜ਼ਾ ਇਸ ਤੋਂ ਬਾਅਦ ਬਹਿਲੋਲ ਨੇ ਆਪਣੀ ਮਾਂ ਦੇ ਬੋਲ ਪੁਗਾਏ ਤੇ ਆਪਣੀ ਸਪੁੱਤਰੀ ਤਾਜ ਮੁਰੱਸਾ ਦਾ ਨਿਕਾਹ ਸ਼ੇਖ ਸਦਰ-ਉਦ-ਦੀਨ ਨਾਲ ਕਰ ਦਿੱਤਾ ਤੇ ਨਾਲ ਹੀ ਉਨ੍ਹਾਂ ਦੇ ਨਾਂ 68 ਪਿੰਡ ਕਰਦਿਆਂ ਤਿੰਨ ਲੱਖ ਰੁਪਏ ਨਕਦ ਦਿੱਤੇ। ਤਾਜ ਮੁਰੱਸਾ ਦੀ ਕੁੱਖੋਂ ਦੋ ਬੱਚਿਆਂ-ਸ਼ੇਖ ਹਸਨ (ਲੜਕਾ) ਅਤੇ ਮਾਈ ਹਾਫਿਜ਼ਾ ਉਰਫ ਬੀਬੀ ਮਾਂਗੋ (ਲੜਕੀ) ਨੇ ਜਨਮ ਲਿਆ। ਜਿ਼ਕਰਯੋਗ ਹੈ ਕਿ ਸ਼ੇਖ ਸਦਰ-ਉਦ-ਦੀਨ (ਹੈਦਰ ਸ਼ੇਖ) ਦੀ ਦਰਗਾਹ ਦੇ ਨੇੜੇ ਜੋ ਮੁੱਖ ਸੇਵਾਦਾਰ ਵਸਦੇ ਹਨ, ਅਰਥਾਤ ਜਿਨ੍ਹਾਂ ਪਾਸ ਦਰਗਾਹ ਦੇ ਇੰਤਜ਼ਾਮ ਦੀ ਜਿ਼ੰਮੇਵਾਰੀ ਹੈ, ਉਹ ਸਾਰੇ ਸ਼ੇਖ ਹਸਨ ਦੀ ਔਲਾਦ `ਚੋਂ ਹਨ।
ਸ਼ੇਖ ਸਦਰ-ਉਦ-ਦੀਨ ਦਾ ਦੂਜਾ ਵਿਆਹ ਕਪੂਰਥਲੇ ਦੇ ਰਾਜਪੂਤ ਘਰਾਣੇ ਦੀ ਇਕ ਲੜਕੀ ਨਾਲ ਹੋਇਆ। ਉਸ ਦੀ ਕੁੱਖੋਂ ਦੋ ਲੜਕਿਆਂ-ਸ਼ੇਖ ਮੂਸਾ ਅਤੇ ਸ਼ੇਖ ਈਸਾ ਨੇ ਜਨਮ ਲਿਆ। ਸ਼ੇਖ ਮੂਸਾ ਬੇ-ਔਲਾਦ ਰਹੇ, ਜਦੋਂ ਕਿ ਸ਼ੇਖ ਈਸਾ ਦੀ ਔਲਾਦ `ਚੋਂ ਪੈਦਾ ਹੋਏ ਬੱਚਿਆਂ ਨੇ ਅੱਗੇ ਚੱਲ ਕੇ ਨਵਾਬ ਬਣ ਰਿਆਸਤ ਮਲੇਰਕੋਟਲਾ ਦੀ ਵਾਗਡੋਰ ਸੰਭਾਲੀ। (ਤਾਜ ਮੁਰੱਸਾ ਬੇਗਮ ਸ਼ੇਖ ਹਸਨ, ਸ਼ੇਖ ਈਸਾ ਅਤੇ ਸ਼ੇਖ ਮੂਸਾ ਦੀਆਂ ਕਬਰਾਂ ਹੈਦਰ ਸ਼ੇਖ ਹੁਰਾਂ ਦੀ ਦਰਗਾਹ ਦੇ ਪਾਸ ਹੀ ਹਨ, ਜਦੋਂ ਕਿ ਸ਼ੇਖ ਸਦਰ-ਉਦ-ਦੀਨ ਦੀ ਬੇਟੀ ਬੀਬੀ ਮਾਂਗੋ ਦੀ ਕਬਰ ਮਲੇਰਕੋਟਲਾ ਦੀ ਵੱਡੀ ਈਦ ਗਾਹ ਦੇ ਨੇੜੇ ਸਥਿਤ ਹੈ। ਇਸ ਦੇ ਇਲਾਵਾ ਰਿਆਸਤ ਦੇ ਵੱਖ ਵੱਖ ਨਵਾਬਾਂ ਜਿਵੇਂ ਕਿ ਸ਼ੇਰ ਮੁਹੰਮਦ ਖਾਨ ਆਦਿ ਦੀਆਂ ਕਬਰਾਂ ਸਥਾਨਕ ਸਰਹੰਦੀ ਗੇਟ ਦੇ ਸ਼ਾਹੀ ਮਕਬਰਿਆਂ ਵਿਚ ਮੌਜੂਦ ਹਨ।)
1656 ਈ. ਵਿਚ ਨਵਾਬ ਬਾਯਜ਼ੀਦ ਖਾਂ ਨੇ ਇਕ ਨਵੀਂ ਆਬਾਦੀ ਨੂੰ ਵਸਾਇਆ, ਜਿਸ ਨੂੰ ‘ਕੋਟਲਾ’ ਦਾ ਨਾਂ ਦਿੱਤਾ ਗਿਆ। ਇਸ ਤਰ੍ਹਾਂ ਮਲੇਰ ਅਤੇ ਕੋਟਲਾ ਨੂੰ ਮਿਲਾ ਕੇ ਰਿਆਸਤ ਮਲੇਰਕੋਟਲਾ ਵਜੂਦ `ਚ ਆਈ। ਸ਼ਹਿਰ ਦੁਆਲੇ ਬਣੀ ਡੇਢ ਗਜ ਚੌੜੀ ਫਾਸੀਲ ਵੀ 1657 ਈ. ਵਿਚ ਬਾਯਜ਼ੀਦ ਖਾਂ ਨੇ ਹੀ ਬਣਵਾਈ ਸੀ। ਇਸ ਦੇ ਸੱਤ ਦਰਵਾਜ਼ੇ (ਗੇਟ) ਸਨ, ਜਿਨ੍ਹਾਂ ਨੂੰ ਰਾਤ ਸਮੇਂ ਬੰਦ ਕਰ ਦਿੱਤਾ ਜਾਂਦਾ ਸੀ।
ਇਸ ਤੋਂ ਬਾਅਦ ਬਾਯਜ਼ੀਦ ਖਾਂ ਦੇ ਪੁੱਤਰ ਅਤੇ ਅੱਗੋਂ ਉਨ੍ਹਾਂ ਦੇ ਪੁੱਤਰ ਸਿਲਸਿਲੇਵਾਰ ਗੱਦੀ ‘ਤੇ ਬੈਠਦੇ ਰਹੇ। ਇਥੇ ਜਿ਼ਕਰਯੋਗ ਹੈ ਕਿ ਰਿਆਸਤ ਦੇ ਨਵਾਬ ਆਲਮਗੀਰ ਸ਼ਹਿਨਸ਼ਾਹ ਨਾਲ ਬਿਹਾਰ ਦੀ ਲੜਾਈ ਵਿਚ ਵੀ ਸ਼ਾਮਿਲ ਹੋਏ ਤੇ ਨਤੀਜੇ ਵਜੋਂ ਇਨ੍ਹਾਂ ਨੂੰ ਇਨਾਮ ਦੇ ਤੌਰ `ਤੇ 70 ਪਿੰਡ ਮਿਲੇ ਸਨ। ਨਵਾਬ ਸ਼ੇਰ ਮੁਹੰਮਦ ਖਾਨ, ਜੋ 1672 ਈ. ਵਿਚ ਮਲੇਰਕੋਟਲਾ ਰਿਆਸਤ ਦੇ ਨਵਾਬ ਬਣੇ, ਉਨ੍ਹਾਂ ਨੇ ਆਲੇ-ਦੁਆਲੇ ਦੇ ਇਲਾਕੇ ਜਿੱਤ ਕੇ ਰਿਆਸਤ ਦੇ ਹੱਦ-ਖੇਤਰ ਨੂੰ ਵਿਸ਼ਾਲਤਾ ਪ੍ਰਦਾਨ ਕੀਤੀ। ਜਿ਼ਕਰਯੋਗ ਹੈ ਕਿ ਸ਼ੇਰਪੁਰ ਦਾ ਇਲਾਕਾ ਵੀ ਇਨ੍ਹਾਂ ਨੇ ਹੀ ਆਬਾਦ ਕੀਤਾ ਸੀ। ਜਦੋਂ ਨਵਾਬ ਸ਼ੇਰ ਮੁਹੰਮਦ ਖਾਂ ਦਾ ਇੰਤਕਾਲ ਹੋਇਆ, ਉਸ ਸਮੇਂ ਇਨ੍ਹਾਂ ਦੇ ਈਸੜੂ, ਜਰਗ (ਲੁਧਿਆਣਾ), ਰੋਪੜ, ਖਿਜ਼ਰ ਆਬਾਦ (ਅੰਬਾਲਾ) ਖੁਮਾਣੋਂ, ਪਾਇਲ, ਢਮੋਟ, ਸ਼ੇਰਪੁਰ, ਬਾਲੀਆਂ, ਨੌਗਾਉਂ (ਪਟਿਆਲਾ), ਅਮਲੋਹ, ਕਪੂਰਗੜ੍ਹ (ਨਾਭਾ) ਅਤੇ ਮਲੇਰਕੋਟਲਾ ਆਦਿ ਸਾਰੇ ਹੀ ਇਲਾਕੇ ਇਨ੍ਹਾਂ ਦੇ ਕਬਜ਼ੇ ਅਧੀਨ ਸਨ। ਵੇਖਿਆ ਜਾਵੇ ਤਾਂ ਨਵਾਬ ਸ਼ੇਰ ਮੁਹੰਮਦ ਖਾਨ ਦੀ ਹਕੂਮਤ ਦੇ ਦੌਰ ਨੂੰ ਰਿਆਸਤ ਦੇ ਸੁਨਹਿਰੀ ਯੁੱਗ ਦੇ ਰੂਪ ਵਿਚ ਵੇਖਿਆ ਜਾਂਦਾ ਹੈ।
ਸ਼ੇਰ ਮੁਹੰਮਦ ਖਾਨ ਦੇ ਨਵਾਬ ਹੁੰਦਿਆਂ ਹੀ ਸਰਹਿੰਦ ਦਾ ਸਾਕਾ ਵਾਪਰਿਆ, ਜਿਸ ਕਰਕੇ ਅੱਜ ਵੀ ਸਿੱਖ ਕੌਮ ਉਨ੍ਹਾਂ ਨੂੰ ‘ਹਾਅ ਦਾ ਨਾਅਰਾ’ ਮਾਰਨ ਵਾਲੇ ਨਵਾਬ ਵਜੋਂ ਯਾਦ ਕਰਦੀ ਹੈ। ਦਰਅਸਲ ਸੂਬਾ ਸਰਹਿੰਦ ਦੀ ਕਚਹਿਰੀ ਵਿਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਮਾਸੂਮ ਸਾਹਿਬਜ਼ਾਦਿਆਂ ਨੂੰ ਦੀਵਾਰਾਂ ਵਿਚ ਚਿਣਵਾ ਦਿੱਤੇ ਜਾਣ ਦੀ ਸਜ਼ਾ ਸੁਣਾਈ ਗਈ ਤਾਂ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਇਸ ਦਾ ਵਿਰੋਧ ਕਰਦਿਆਂ ਬੱਚਿਆਂ ਦੇ ਹੱਕ ਵਿਚ ‘ਹਾਅ ਦਾ ਨਾਅਰਾ’ ਮਾਰਿਆ, ਭਾਵੇਂ ਉਸ ਸਮੇਂ ਮੁਗਲ ਹਕੂਮਤ ਵਿਰੁੱਧ ਬੋਲਣਾ ਮੰਨੋ ਅੱਜ ਕੱਲ੍ਹ ਦੀ ਕਿਸੇ ਵਿਸ਼ਵ ਸ਼ਕਤੀ ਵਿਰੁੱਧ ਬੋਲਣ ਦੇ ਤੁਲ ਸੀ; ਪਰ ਨਵਾਬ ਸ਼ੇਰ ਮੁਹੰਮਦ ਖਾਨ ਨੇ ਆਪਣੇ ਨੁਕਸਾਨ ਦੀ ਪ੍ਰਵਾਹ ਕੀਤੇ ਬਿਨਾ ਮਾਸੂਮ ਬੱਚਿਆਂ ਦੀ ਸਜ਼ਾ ਵਿਰੁੱਧ ਆਵਾਜ਼ ਉਠਾਈ ਤੇ ਸੂਬਾ ਸਰਹਿੰਦ ਨੂੰ ਤਾੜਨਾ ਕੀਤੀ ਕਿ ਇਨ੍ਹਾਂ ਮਾਸੂਮ ਬੱਚਿਆਂ ਨੂੰ ਸਜ਼ਾ ਦੇਣਾ ਗੈਰ-ਇਸਲਾਮੀ ਤੇ ਗੈਰ-ਇਨਸਾਨੀ ਹੈ। ਇਹੋ ਵਜ੍ਹਾ ਹੈ ਕਿ ਪੂਰੀ ਦੁਨੀਆਂ ਵਿਚ ਵਸਦੀ ਸਿੱਖ ਕੌਮ ਅੱਜ ਵੀ ਮਲੇਰਕੋਟਲਾ ਨੂੰ ਅਮਨ ਤੇ ਸ਼ਾਂਤੀ ਦਾ ਗੁਲਦਸਤਾ ਮੰਨਦਿਆਂ ਇਸ ਦਾ ਸਤਿਕਾਰ ਕਰਦੀ ਹੈ।
ਅੰਗਰੇਜ਼ਾਂ ਦਾ ਦੌਰ ਆਇਆ ਤਾਂ ਮਲੇਰਕੋਟਲਾ ਰਿਆਸਤ ਦੇ ਨਵਾਬਾਂ ਦੇ ਸਬੰਧ ਉਨ੍ਹਾਂ ਨਾਲ ਵੀ ਸੁਖਾਵੇਂ ਰਹੇ। ਸ਼ਾਇਦ ਇਹੋ ਵਜ੍ਹਾ ਹੈ ਕਿ ਉਨ੍ਹਾਂ ਸਮਿਆਂ ਵਿਚ ਮਲੇਰਕੋਟਲਾ ਨੂੰ ਰਿਆਸਤਾਂ ਵਿਚੋਂ 10ਵਾਂ ਦਰਜਾ ਹਾਸਲ ਸੀ, ਜਿਸ ਦੇ ਚਲਦਿਆਂ ਰਿਆਸਤ ਦੇ ਨਵਾਬਾਂ ਨੂੰ ਵਾਇਸਰਾਏ ਨਾਲ ਸਿੱਧੇ ਤੌਰ ‘ਤੇ ਮਿਲਣ ਦਾ ਹੱਕ ਹਾਸਲ ਸੀ।
ਜੇ ਮਲੇਰਕੋਟਲਾ ਰਿਆਸਤ ਦੇ ਕੁਲ ਖੇਤਰਫਲ ਦੀ ਗੱਲ ਕਰੀਏ ਤਾਂ ਕੁਲ ਰਕਬਾ 167 ਵਰਗ ਮੀਲ, ਕੁਲ ਆਬਾਦੀ 71174 ਤੇ ਮਾਲੀਆ ਲਗਾਨ ਕਰੀਬ ਸਵਾ ਬਾਰਾਂ ਲੱਖ ਸੀ ਅਤੇ ਇਸ ਦੇ ਨਾਲ ਨਾਲ ਫੌਜ ਇੰਪੀਰੀਅਲ, ਰਸਾਲੇ ਦੇ 54 ਜਵਾਨ, ਪਲਟਨ ਵਿਚ 600 ਜਵਾਨ, ਦੋ ਤੋਪਾਂ ਤੇ 11 ਤੋਪਾਂ ਦੀ ਸਲਾਮੀ ਮਿਲਿਆ ਕਰਦੀ ਸੀ।
ਮੇਰੇ ਅੱਬਾ (ਹਾਜੀ ਮੁਹੰਮਦ ਮੁਸ਼ਤਾਕ) ਦੱਸਦੇ ਹਨ ਕਿ 1901 ਈ. ਵਿਚ ਜਦੋਂ ਲੁਧਿਆਣਾ-ਮਲੇਰਕੋਟਲਾ ਰੇਲਵੇ ਲਾਈਨ ਵਿਛਾਈ ਗਈ ਸੀ ਤਾਂ ਉਸ ਦੌਰਾਨ ਉਨ੍ਹਾਂ ਦੇ ਦਾਦਾ (ਉਮਰਾ) ਨੇ ਲਾਈਨ ਹੇਠਾਂ ਦੀ ਲੰਘਣ ਵਾਲੇ ਪੁਲਾਂ ਤੇ ਪੁਲੀਆਂ ਬਣਾਉਣ ਲਈ ਊਠਾਂ `ਤੇ ਇੱਟਾਂ ਢੋਹੀਆਂ ਸਨ।
ਜੇ ਗੱਲ ਰਿਆਸਤ ਦੀਆਂ ਤਾਰੀਖੀ ਇਮਾਰਤਾਂ ਦੀ ਕਰੀਏ ਤਾਂ ਮਲੇਰਕੋਟਲਾ ਨੂੰ ਖੂਬਸੂਰਤ ਦਿਖ ਦੇਣ ਲਈ ਮੋਤੀ ਬਾਜ਼ਾਰ (1903 ਈ. ਵਿਚ) ਜੈਪੁਰ ਦੀ ਤਰਜ਼ ‘ਤੇ ਬਣਵਾਇਆ ਗਿਆ। ਇਸ ਦੇ ਇਲਾਵਾ ਲਾਲ ਬਾਜ਼ਾਰ, ਸਦਰ ਬਾਜ਼ਾਰ, ਲੋਹਾ ਬਾਜ਼ਾਰ, ਬਾਂਸ ਬਾਜ਼ਾਰ, ਸੱਟਾ ਬਾਜ਼ਾਰ ਅੱਜ ਵੀ ਮੌਜੂਦ ਹਨ, ਪਰ ਰਿਆਸਤ ਖਤਮ ਹੋਣ ਦੇ ਚਲਦਿਆਂ ਹੁਣ ਮੋਤੀ ਬਾਜ਼ਾਰ ਨੂੰ ਕਾਫੀ ਹੱਦ ਤੱਕ ਢਾਹ ਕੇ ਲੋਕ ਨੇ ਆਪਣੀ ਸੁਵਿਧਾ ਅਨੁਸਾਰ ਦੁਕਾਨਾਂ ਬਣਾ ਲਈਆਂ ਹਨ।
ਸ਼ਹਿਰ ਦੇ ਸੱਤ ਦਰਵਾਜ਼ੇ ਸਨ, ਜਿਨ੍ਹਾਂ ਵਿਚ ਸ਼ੇਰਵਾਨੀ ਗੇਟ, ਸੁਨਾਮੀ ਗੇਟ, ਦਿੱਲੀ ਗੇਟ, ਸਰਹਿੰਦੀ ਗੇਟ, ਮੰਡੀ ਗੇਟ, ਮਲੇਰੀ ਗੇਟ ਤੇ ਢਾਬੀ ਗੇਟ ਸ਼ਾਮਲ ਹਨ। ਇਸ ਤੋਂ ਬਿਨਾ ਕਿਲ੍ਹਾ ਰਹਿਮਤਗੜ੍ਹ, ਜਾਮਾ ਮਸਜਿਦ, ਈਦ ਗਾਹ, ਦੀਵਾਨ ਖਾਨਾ, ਸ਼ੀਸ਼ ਮਹਿਲ, ਮੁਬਾਰਕ ਮੰਜ਼ਿਲ, ਦਰਗਾਹ ਬਾਬਾ ਸ਼ੇਖ ਸਦਰ-ਉਦ-ਦੀਨ ਆਦਿ ਅੱਜ ਵੀ ਸ਼ਹਿਰ ਦੀਆਂ ਮਸ਼ਹੂਰ ਤਾਰੀਖੀ ਇਮਾਰਤਾਂ `ਚ ਸ਼ੁਮਾਰ ਹੁੰਦੀਆਂ ਹਨ।
ਡੇਰਾ ਆਤਮਾ ਰਾਮ, ਕੂਕਾ ਸਮਾਰਕ, ਗੁਰਦੁਆਰਾ ਹਾਅ ਦਾ ਨਾਅਰਾ, ਗੁਰਦੁਆਰਾ ਸ਼ਹੀਦਾਂ, ਕਾਲੀ ਮਾਤਾ ਮੰਦਿਰ ਆਦਿ ਧਾਰਮਿਕ ਇਮਾਰਤਾਂ ਸ਼ਹਿਰ ਦੀ ਭਾਈਚਾਰਕ ਸਾਂਝ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਹਨ।
ਵਿੱਦਿਅਕ ਅਦਾਰਿਆਂ ਦੀ ਗੱਲ ਕਰੀਏ ਤਾਂ ਇਨ੍ਹਾਂ ਵਿਚੋਂ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ, ਐਸ. ਡੀ. ਪੀ. ਪੀ. ਸਕੂਲ, ਜੈਨ ਹਾਈ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿੱਲੀ ਗੇਟ, ਅਹਿਲ-ਏ-ਹਦੀਸ ਸਕੂਲ ਮੋਤੀ ਬਾਜ਼ਾਰ, ਸਰਕਾਰੀ ਕਾਲਜ, ਕੇ. ਆਰ. ਡੀ. ਜੈਨ ਕਾਲਜ, ਅਲ-ਫਲਾਹ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਸਾਹਿਬਜ਼ਾਦਾ ਫਤਹਿ ਸਿੰਘ ਸੀਨੀਅਰ ਸੈਕੰਡਰੀ ਸਕੂਲ, ਟਾਊਨ ਸਕੂਲ, ਨਵਾਬ ਸ਼ੇਰ ਮੁਹੰਮਦ ਖਾਂ ਇੰਸਟੀਚਿਊਟ ਆਫ ਪੰਜਾਬੀ ਯੂਨੀਵਰਸਿਟੀ ਆਦਿ ਤਾਲੀਮ ਦੇ ਖੇਤਰ ਵਿਚ ਅਹਿਮ ਯੋਗਦਾਨ ਪਾ ਰਹੇ ਹਨ।
ਮਲੇਰਕੋਟਲਾ ਸਬਜ਼ੀ ਪੈਦਾਵਰ ਦੇ ਖੇਤਰ ਵਿਚ ਵੀ ਆਪਣੀ ਮਿਸਾਲ ਆਪ ਹੈ। ਰੋਜ਼ਾਨਾ ਇਥੋਂ ਸਬਜ਼ੀਆਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਅਤੇ ਵੱਡੀ ਗਿਣਤੀ ਵਿਚ ਦੂਜੇ ਸੂਬਿਆਂ `ਚ ਭੇਜੀਆਂ ਜਾਂਦੀਆਂ ਹਨ। ਸ਼ਹਿਰ ਛੋਟੀ ਸਨਅਤ ਦਾ ਇੱਕ ਵੱਡਾ ਹੱਬ ਹੈ। ਸਾਈਕਲਾਂ ਤੇ ਸਿਲਾਈ ਮਸ਼ੀਨਾਂ ਦੇ ਪੁਰਜੇ ਬਣਨ ਦੇ ਨਾਲ ਨਾਲ ਧਾਗਾ, ਵੱਡੇ ਰੂਲੇ ਅਤੇ ਲੀਫ ਸਪਰਿੰਗ (ਕਮਾਨੀ) ਆਦਿ ਦੀਆਂ ਮਿੱਲਾਂ ਤੇ ਫੈਕਟਰੀਆਂ ਵੀ ਹਨ।
ਇਸ ਦੇ ਨਾਲ ਹੀ ਦੇਸ਼ ਦੇ ਆਰਮੀ ਅਤੇ ਪੁਲਿਸ ਵਾਲਿਆਂ ਦੀ ਯੂਨੀਫਾਰਮ ਦੇ ਮੋਢਿਆਂ `ਤੇ ਲੱਗਣ ਵਾਲੀਆਂ ਫੀਤੀਆਂ ਬੈਜ ਅਤੇ ਨੇਮ ਪਲੇਟਾਂ ਆਦਿ ਬਣਾਉਣ ਦੇ ਕੰਮ ਲਈ ਵੀ ਮਲੇਰਕੋਟਲਾ ਪੂਰੇ ਦੇਸ਼ `ਚ ਮਸ਼ਹੂਰ ਹੈ।
ਉਮੀਦ ਹੈ ਕਿ ਹੁਣ ਮਲੇਰਕੋਟਲਾ ਦੇ ਜਿਲਾ ਬਣਨ ਨਾਲ ਜਿੱਥੇ ਇਸ ਦਿਖ ਤੇ ਨੁਹਾਰ `ਚ ਹੋਰ ਵਧੇਰੇ ਸੁਧਾਰ ਵੇਖਣ ਨੂੰ ਮਿਲੇਗਾ, ਉਥੇ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਵੀ ਨਵੇਂ ਦਰਵਾਜ਼ੇ ਖੁੱਲ੍ਹਣ ਦੀਆਂ ਵੱਡੀਆਂ ਉਮੀਦਾਂ ਕੀਤੀਆਂ ਜਾ ਰਹੀਆਂ ਹਨ।