ਸਾਕਾ ਨੀਲਾ ਤਾਰਾ ਤੇ ਸੇਵਾ ਮੁਕਤ ਅਧਿਕਾਰੀ ਗੁਰਦੇਵ ਸਿੰਘ

ਗੁਲਜ਼ਾਰ ਸਿੰਘ ਸੰਧੂ
ਨੀਲਾ ਤਾਰਾ ਆਪਰੇਸ਼ਨ ਦੇ ਦਿਨਾਂ ਵਿਚੋਂ ਲੰਘਦਿਆਂ ਮੈਨੂੰ ਸੇਵਾ ਮੁਕਤ ਪ੍ਰਸ਼ਾਸਨਿਕ ਅਧਿਕਾਰੀ ਗੁਰਦੇਵ ਸਿੰਘ ਨਾਲ ਬਿਤਾਏ ਕੁਝ ਪਲ ਚੇਤੇ ਆ ਗਏ। ਉਹ ਅੱਜ ਕੱਲ੍ਹ ਸਿੱਖ ਐਜੂਕੇਸ਼ਨਲ ਸੁਸਾਇਟੀ ਦਾ ਪ੍ਰੈਜ਼ੀਡੈਂਟ ਹੈ। ਮੁੱਖ ਦਫਤਰ ਚੰਡੀਗੜ੍ਹ। ਇਹ ਸੁਸਾਇਟੀ 1937 ਵਿਚ ਲਾਹੌਰ ਵਿਖੇ ਸਥਾਪਤ ਹੋਈ ਸੀ, ਜਿਸ ਨੇ ਤੁਰੰਤ ਪੰਜਾਬ ਦੀ ਰਾਜਧਾਨੀ ਲਾਹੌਰ ਵਿਚ ਸਿੱਖ ਨੈਸ਼ਨਲ ਕਾਲਜ ਦੀ ਬੁਨਿਆਦ ਰੱਖੀ ਸੀ। ਸੁਸਾਇਟੀ ਦਾ ਮੂਲ ਮੰਤਵ ਪੰਜਾਬੀ ਭਾਈਚਾਰੇ ਵਿਚ ਅਗਾਂਹਵਧੂ ਵਿਦਿਆ ਦਾ ਚਾਨਣ ਵੰਡਣਾ ਸੀ, ਖਾਸ ਕਰਕੇ ਸਿੱਖਾਂ ਵਿਚ। ਦੇਸ਼ ਵੰਡ ਤੋਂ ਪਿੱਛੋਂ ਲਾਹੌਰ ਵਾਲਾ ਕਾਲਜ ਤਾਂ ਓਧਰ ਰਹਿ ਗਿਆ, ਪਰ ਸੁਸਾਇਟੀ ਦੇ ਪ੍ਰਬੰਧਕਾਂ ਨੇ ਅਹਿਮਦੀਆ ਕਾਲਜ ਕਾਦੀਆਂ ਨੂੰ ਅਪਨਾ ਕੇ ਇਸ ਸੰਸਥਾ ਦਾ ਨਾਂ ਸਿੱਖ ਨੈਸ਼ਨਲ ਕਾਲਜ ਰੱਖਿਆ।

ਇਸ ਤੋਂ ਪਿਛੋਂ 1953 ਵਿਚ ਇਸ ਨਾਂ ਦਾ ਕਾਲਜ ਬੰਗਾ ਵਿਚ ਵੀ ਸਥਾਪਤ ਕੀਤਾ। ਬੰਗਾ ਕਸਬਾ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਿਚ ਪੈਂਦਾ ਹੈ। 1966 ਤੋਂ ਸੁਸਾਇਟੀ ਨੇ ਪੰਜਾਬ ਦੀ ਵਰਤਮਾਨ ਰਾਜਧਾਨੀ ਵਿਚ ਮੁੱਖ ਦਫਤਰ ਸਥਾਪਤ ਕਰਕੇ ਅੱਧੀ ਦਰਜਨ ਤੋਂ ਵੱਧ ਹੋਰ ਸੰਸਥਾਵਾਂ ਸਥਾਪਤ ਕੀਤੀਆਂ।
ਨੀਲਾ ਤਾਰਾ ਆਪਰੇਸ਼ਨ ਸਮੇਂ ਗੁਰਦੇਵ ਸਿੰਘ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵਜੋਂ ਸੇਵਾ ਨਿਭਾ ਰਿਹਾ ਸੀ ਤੇ ਉਸ ਨੂੰ ਖਬਰ ਸੀ ਕਿ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਹੱਤਿਆ ਲਈ ਅਕਾਲ ਤਖਤ ਹਰਿਮੰਦਰ ਸਾਹਿਬ ਉਤੇ ਧਾਵਾ ਬੋਲਣ ਜਾ ਰਹੀ ਹੈ। ਗੁਰਦੇਵ ਸਿੰਘ ਨੇ ਹਰਿਮੰਦਰ ਸਾਹਿਬ ਦੇ ਧਾਵੇ ਦੀ ਸੂਰਤ ਵਿਚ ਪੈਦਾ ਹੋਣ ਵਾਲੀ ਸਥਿਤੀ ਰਾਜਪਾਲ ਰਾਹੀਂ ਕੇਂਦਰ ਤੱਕ ਵੀ ਪਹੰੁਚਾਈ, ਜਿਸ ਨੂੰ ਕਿਸੇ ਨੇ ਗੌਲਿਆ ਨਹੀਂ।
ਉਸ ਨੇ ਤਿੰਨ ਜੂਨ 1984 ਤੋਂ ਲੰਮੀ ਛੁੱਟੀ ਲੈ ਕੇ ਆਪਣੇ ਆਪ ਨੂੰ ਆਉਣ ਵਾਲੀ ਸਥਿਤੀ ਤੋਂ ਲਾਂਭੇ ਕਰ ਲਿਆ। ਉਹ ਜਾਣਦਾ ਸੀ ਕਿ ਕੇਂਦਰ ਵਲੋਂ ਕੀਤੇ ਜਾ ਰਹੇ ਅਮਲ ਦੇ ਨਤੀਜੇ ਬਹੁਤ ਮਾੜੇ ਨਿਕਲਣੇ ਸਨ ਤੇ ਉਹ ਕਿਸੇ ਹਾਲਤ ਵਿਚ ਵੀ ਇਨ੍ਹਾਂ ਦਾ ਭਾਗੀ ਨਹੀਂ ਸੀ ਹੋਣਾ ਚਾਹੰੁਦਾ। ਜੋ ਕੁਝ ਹੋਇਆ, ਇਤਿਹਾਸ ਗਵਾਹ ਹੈ-ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੇ ਉਸ ਤੋਂ ਪਿੱਛੋਂ ਸਿੱਖ ਕਤਲੇਆਮ ਦੇ ਰੂਪ ਵਿਚ।
ਉਹ ਦਿਨ ਤੇ ਆਹ ਦਿਨ, ਗੁਰਦੇਵ ਸਿੰਘ ਸਦਾ ਹੀ ਪੰਜਾਬ ਤੇ ਪੰਜਾਬ ਨਾਲ ਸਬੰਧਤ ਮਸਲਿਆਂ ਬਾਰੇ ਆਪਣੀ ਨਿਰਪੱਖ ਰਾਇ ਉਤੇ ਪਹਿਰਾ ਦਿੰਦਾ ਆ ਰਿਹਾ ਹੈ। ਇੰਦਰ ਕੁਮਾਰ ਗੁਜਰਾਲ ਦੇ ਕੇਂਦਰ ਦਾ ਵਿਦੇਸ਼ ਮੰਤਰੀ ਬਣਦਿਆਂ ਉਸ ਨੇ ਜੁਲਾਈ 1996 ਵਿਚ ਚਿੱਠੀ ਰਾਹੀਂ ਪੰਜਾਬ ਦੇ ਮਸਲਿਆਂ ਬਾਰੇ ਆਪਣੀ ਧਾਰਨਾ ਜਤਾਈ ਸੀ। ਨਵੰਬਰ 2020 ਵਿਚ ਇਹੀਓ ਪਹੰੁਚ ਅਪਨਾ ਕੇ ਨਰਿੰਦਰ ਮੋਦੀ ਨੂੰ ਵੀ ਇਸ ਤੋਂ ਜਾਣੂੰ ਕਰਵਾਇਆ। ਪੰਜਾਬ ਤੇ ਪੰਜਾਬੀਆਂ ਦੇ ਭਲੇ ਲਈ ਉਸ ਦਾ ਮੰਨਣਾ ਹੈ ਕਿ ਪੰਜਾਬ ਦੀ ਆਪਣੀ ਹਾਈ ਕੋਰਟ ਹੋਣੀ ਚਾਹੀਦੀ ਹੈ ਤੇ ਦਰਿਆਈ ਪਾਣੀਆਂ ਉਤੇ ਇਸ ਦਾ ਪੂਰਨ ਹੱਕ ਹੈ। ਇਸ ਤੋਂ ਬਿਨਾ ਪੰਜਾਬ ਦੇ ਉਦਯੋਗਿਕ, ਵਿਦਿਅਕ ਤੇ ਖੇਤੀਬਾੜੀ ਨਾਲ ਸਬੰਧਤ ਮਸਲੇ ਕੇਂਦਰ ਵਲੋਂ ਦਖਲ ਦਿੱਤੇ ਬਿਨਾ ਰਾਜ ਸਰਕਾਰ ਉੱੇ ਛੱਡਣੇ ਚਾਹੀਦੇ ਹਨ। ਇਨ੍ਹਾਂ ਵੱਲ ਲੋੜੀਂਦਾ ਧਿਆਨ ਨਾ ਦੇਣ ਵਿਚ ਇੰਦਰ ਕੁਮਾਰ ਗੁਜਰਾਲ ਦੀ ਕੀ ਮਜਬੂਰੀ ਸੀ, ਉਸ ਦਾ ਤਾਂ ਕਿਸੇ ਨੂੰ ਪਤਾ ਨਹੀਂ; ਨਰਿੰਦਰ ਮੋਦੀ ਨੇ ਗੁਰਦੇਵ ਸਿੰਘ ਦੇ ਸੁਝਾਵਾਂ `ਤੇ ਅਮਲ ਤਾਂ ਕੀ ਕਰਨਾ ਸੀ, ਖੇਤੀ ਸਬੰਧੀ ਕਾਲੇ ਕਾਨੂੰਨ ਪਾਸ ਕਰਵਾ ਕੇ ਦੇਸ਼ ਦੀ ਸਮੁੱਚੀ ਕਿਰਸਾਨੀ ਨੂੰ ਕਾਰਪੋਰੇਟਾਂ ਦੀ ਝੋਲੀ ਵਿਚ ਪਾ ਦਿੱਤਾ ਹੈ। ਨਤੀਜੇ ਵਜੋਂ ਦੇਸ਼ ਦੀਆਂ ਢਾਈ ਦਰਜਨ ਤੋਂ ਵੱਧ ਕਿਸਾਨ ਜਥੇਬੰਦੀਆਂ ਇਨ੍ਹਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰ ਉਤੇ ਬੈਠੀਆਂ ਹਨ। ਸਾਕਾ ਨੀਲਾ ਤਾਰਾ ਬਾਰੇ ਉਸ ਦੀ ਧਾਰਨਾ ਕਿੰਨੀ ਸਹੀ ਸੀ, ਜੱਗ ਜਾਣਦਾ ਹੈ; ਕਿਸਾਨੀ ਮਸਲਿਆਂ ਬਾਰੇ ਵੀ ਉਸ ਦੀ ਪਹੰੁਚ ਸਹੀ ਹੰੁਦੀ ਦਿਖਾਈ ਦੇ ਰਹੀ ਹੈ। ਸ਼ਾਂਤਚਿੱਤ ਗੁਰਦੇਵ ਸਿੰਘ ਵਿਗਿਆਨਕ ਪਹੰੁਚ ਦਾ ਮਾਲਕ ਹੈ।
ਮੇਰੇ ਪਿੰਡ ਦੇ ਪਹੰੁਚ ਮਾਰਗ: ਮੇਰਾ ਜੱਦੀ ਪਿੰਡ ਸੂਨੀ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਵਿਚ ਪੈਂਦਾ ਹੈ। ਥਾਣਾ ਮਾਹਿਲਪੁਰ ਤੇ ਰੇਲਵੇ ਸਟੇਸ਼ਨ ਸੈਲਾ ਖੁਰਦ। ਇਹ ਪਿੰਡ ਮਜਾਰਾ ਡੀਂਗਰੀਆਂ, ਨੀਲਾ ਸੈਲਾ, ਪੋਸੀ, ਐਮਾ ਜੱਟਾਂ, ਚੱਕ ਸੂਨੀ ਤੇ ਰੀਹਲਾ ਪਿੰਡਾਂ ਵਿਚ ਘਿਰਿਆ ਹੋਇਆ ਹੈ। ਮੇਰੇ ਬਚਪਨ ਵਿਚ ਇਨ੍ਹਾਂ ਪਿੰਡਾਂ ਨੂੰ ਜਾਣ ਲਈ ਰੇਤਲੇ ਰਾਹਾਂ ਵਿਚੋਂ ਜਾਣਾ ਪੈਂਦਾ ਸੀ। ਪਿਛਲੀ ਸਦੀ ਦੇ ਪੰਜਾਹਵਿਆਂ ਵਿਚ ਗੜ੍ਹਸ਼ੰਕਰ ਤੋਂ ਆਦਮਪੁਰ ਦੁਆਬਾ ਨੂੰ ਜਾਣ ਵਾਲੀ ਨਹਿਰ ਬਣਨ ਨਾਲ ਇਸ ਦੀ ਪਟੜੀ ਪੈ ਕੇ ਬਾਹਰਲੀ ਦੁਨੀਆਂ ਨੂੰ ਜਾਣਾ ਸੌਖਾ ਹੋ ਗਿਆ। ਖਾਸ ਕਰਕੇ ਪੋਸੀ ਤੇ ਐਮਾ ਜੱਟਾਂ ਜਾਣਾ। ਇਸ ਤੋਂ ਪਿੱਛੋਂ ਮਜਾਰਾ ਡੀਂਗਰੀਆਂ ਨੂੰ ਜਾਣ ਵਾਲੇ ਪਹੰੁਚ ਮਾਰਗ ਦੇ ਪੱਕੇ ਹੋਣ ਨਾਲ ਸੈਲਾ ਖੁਰਦ ਅਤੇ ਮਾਹਿਲਪੁਰ ਜਾਣ ਦੀ ਸੁਵਿਧਾ ਹੋ ਗਈ।
ਦਸ ਕੁ ਸਾਲ ਤੋਂ ਮੇਰੇ ਭਾਣਜੇ ਅਮਰਪ੍ਰੀਤ ਲਾਲੀ ਦੇ ਰਾਜਨੀਤੀ ਵਿਚ ਕੁੱਦਣ ਸਦਕਾ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਮਿਲਣ ਲੱਗ ਗਈਆਂ ਹਨ। ਉਹ ਆਪਣੇ ਨਾਨਕਾ ਪਿੰਡ ਦੇ ਵਿਕਾਸ ਵੱਲ ਧਿਆਨ ਰੱਖਦਾ ਹੈ। ਹੁਣ ਮੇਰੇ ਪਿੰਡ ਦੀ ਫਿਰਨੀ ਪੱਕੀ ਹੈ ਤੇ ਪਹੰੁਚ ਮਾਰਗ ਵੀ ਪੱਕੇ ਹੋ ਗਏ ਹਨ। ਐਮਾ ਜੱਟਾਂ, ਚੱਕ ਸੂਨੀ ਤੇ ਰੀਹਲਾ ਪਿੰਡ ਜਾਣ ਲਈ ਪੱਕੀਆਂ ਸੜਕਾਂ ਹਨ। ਅਮਰਪ੍ਰੀਤ ਕੁੱਲ ਹਿੰਦ ਯੂਥ ਕਾਂਗਰਸ ਦਾ ਜਨਰਲ ਸਕੱਤਰ ਹੈ ਤੇ ਉਸ ਨੇ ਆਪਣਾ ਰਸੂਖ ਵਰਤ ਕੇ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਰਾਹੀਂ ਸੂਨੀ ਤੋਂ ਰੀਹਲਾ ਵਿਚਕਾਰ ਪੈਂਦੇ ਬਰਸਾਤੀ ਚੋਅ ਉੱਤੇ ਪੁਲ ਬਣਾਉਣ ਦਾ ਯਤਨ ਕੀਤਾ ਹੈ। ਬਰਸਾਤੀ ਪਾਣੀ ਬੱਚੇ-ਬੁੱਢਿਆਂ ਨੂੰ ਪ੍ਰੇਸ਼ਨ ਕਰਦਾ ਸੀ। ਪੁਲ ਦਾ ਨੀਂਹ ਪੱਥਰ ਸੀਨੀਅਰ ਕਾਂਗਰਸੀ ਆਗੂ ਬਖਤਾਵਰ ਸਿੰਘ ਮਜਾਰਾ ਡੀਂਗਰੀਆਂ ਨੇ ਰੱਖਿਆ, ਜਿਸ ਵਿਚ ਅਮਰਪ੍ਰੀਤ ਲਾਲੀ ਤੋਂ ਬਿਨਾ ਨਵਰਿੰਦਰਜੀਤ ਸਿੰਘ ਮਾਨ, ਜਨਰਲ ਸਕੱਤਰ ਪੰਜਾਬ ਯੂਥ ਕਾਂਗਰਸ, ਅਮਰਜੀਤ ਕੌਰ ਸੰਧੂ ਸਰਪੰਚ ਸੂਨੀ, ਸਾਬਕਾ ਸਰਪੰਚ ਅਮਨਦੀਪ ਸਿੰਘ ਸੰਧੂ, ਬਲਬੀਰ ਸਿੰਘ ਐਮਾ ਜੱਟਾਂ, ਨਿਸ਼ਾਨ ਸਿੰਘ ਚੱਕ ਸੂਨੀ ਤੇ ਹੋਰ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ। ਅਮਰਪ੍ਰੀਤ ਲਾਲੀ ਨੇ ਵਚਨ ਦਿੱਤਾ ਕਿ ਉਹਦੇ ਵਲੋਂ ਗੜ੍ਹਸ਼ੰਕਰ ਹਲਕੇ ਦੇ ਸਰਬਪੱਖੀ ਵਿਕਾਸ ਵੱਲ ਹਰ ਤਰ੍ਹਾਂ ਦਾ ਯਤਨ ਜਾਰੀ ਰਹੇਗਾ।
ਅੰਤਿਕਾ: ਪ੍ਰੋ. ਮੋਹਨ ਸਿੰਘ (ਮਾਹਿਰ)
ਰੱਬ ਇਕ ਗੰੁਝਲਦਾਰ ਬੁਝਾਰਤ
ਰੱਬ ਇਕ ਗੋਰਖਧੰਦਾ,
ਖੋਲ੍ਹਣ ਲੱਗਿਆਂ ਪੇਚ ਏਸ ਦੇ
ਕਾਫਰ ਹੋ ਜਾਏ ਬੰਦਾ।
ਕਾਫਰ ਹੋਣੋਂ ਮੂਲ ਨਾ ਡਰ ਸੈਂ
ਖੋਜੋਂ ਮੂਲ ਨਾ ਖੰੂਝੀਂ,
ਲਾਈਲਗ ਮੋਮਨ ਦੇ ਨਾਲੋਂ
ਖੋਜੀ ਕਾਫਰ ਚੰਗਾ।