ਸਿ਼ਵਚਰਨ ਜੱਗੀ ਕੁੱਸਾ
ਨਾਂ ਤਾਂ ਉਸ ਦਾ ਸੁਰਜਣ ਸੀ। ਪਰ ਲੋਕ ਉਸ ਨੂੰ ‘ਭਲਵਾਨ’ ਹੀ ਆਖਦੇ ਸਨ। ਘੁਲਦਾ-ਘਲਦਾ ਵੀ ਨਹੀਂ ਸੀ। ਸਾਢੇ ਛੇ ਫੁਟਾ ਕੱਦ, ਪਰ ਸਰੀਰੋਂ ਛਾਂਟਵਾਂ ਸੀ। ਧੜ੍ਹ ਛੋਟੀ, ਅਤੇ ਲੱਤਾਂ ਲੰਮੀਆਂ ਸਨ। ਜਦ ਪੈਰਾਂ ਭਾਰ ਬੈਠਦਾ, ਤਾਂ ਉਸ ਦੇ ਗੋਡੇ ਸਿਰ ਦੇ ਉਪਰੋਂ ਦੀ ਲੰਘ ਜਾਂਦੇ। ਮੁੱਛਾਂ ਲੰਮੀਆਂ ਅਤੇ ਮੂੰਹ-ਸਿਰ ਬਿਲਕੁਲ ਘਰੜ! ਮੋਢੇ ‘ਤੇ ਡੱਬੀਆਂ ਵਾਲਾ ਸਾਅਫਾ। ਉਸ ਦੇ ਸਿਰ ਦੇ ਐਨ ਵਿਚਕਾਰ ਇਕ ਲੰਮਾ ਬੋਦਾ ਰੱਖਿਆ ਹੋਇਆ ਸੀ। ਇੱਕ ਵਾਰ ਕੋਈ ਰਾਹੀ ਬੋਤੇ ‘ਤੇ ਸਵੇਰੇ-ਸਵੇਰੇ, ਮੂੰਹ ਹਨੇਰੇ ਹੀ ਲੋਪੋ ਦੇ ਪਰਲੇ ਘਰਾਟਾਂ ਤੋਂ ਆਟਾ ਪਿਹਾਉਣ ਜਾ ਰਿਹਾ ਸੀ, ਅਚਾਨਕ ਬੋਤੇ ਤੋਂ ਪੀਹਣ ਵਾਲੀ ਬੋਰੀ ਡਿੱਗ ਪਈ। ਭਲਵਾਨ ਕਿਤੇ ਖੇਤਾਂ ਵਿਚ ‘ਜੰਗਲ-ਪਾਣੀ’ ਬੈਠਾ ਸੀ।
ਆਮ ਵਾਂਗ ਵੱਡੇ-ਵੱਡੇ ਗੋਡੇ ਸਿਰ ਦੇ ਉਪਰੋਂ ਦੀ ਲੰਘੇ ਹੋਏ ਸਨ। ਉਸ ਰਾਹੀ ਨੂੰ ਭੁਲੇਖਾ ਪਿਆ ਕਿ ਸ਼ਾਇਦ ਤਿੰਨ ਜਣੇ ਇਕੱਠੇ ਹੋ ਕੇ ਕੱਸੀ ਦਾ ਪਾਣੀ ਲਾ ਰਹੇ ਹਨ ਅਤੇ ਮੂੰਹ ਹਨੇਰੇ ਦੀ ਠੰਢ ਕਾਰਨ ਧੂਣੀ ਧੁਖਾਈ ਬੈਠੇ ਹਨ। ਵੈਸੇ ਇਤਨੀ ਠੰਢ ਹੈ ਨਹੀਂ ਸੀ। ਕਪਾਹਾਂ ਅਤੇ ਨਰਮੇ ਗੋਡੇ-ਗੋਡੇ ਸਨ। ਉਸ ਰਾਹੀ ਨੇ ਹਾਕ ਮਾਰੀ, ‘ਬਾਈ ਸਿਆਂ, ਬੋਤੇ ਤੋਂ ਕਣਕ ਆਲੀ ਬੋਰੀ ਡਿੱਗਪੀ, ਮਾੜਾ ਜਿਆ ਹੱਥ ਪੁਆਉਂਗੇ…?’
‘ਆਉਨੈਂ…!’ ਭਲਵਾਨ ਖੁਰਦਰੀ ਜਿਹੀ ਆਵਾਜ਼ ਵਿਚ ਬੋਲਿਆ ਅਤੇ ਹੱਥ ਧੋ ਕੇ ਬੋਤੇ ਵਾਲ਼ ਸੱਜਣ ਕੋਲ ਆ ਗਿਆ।
‘ਕੱਲਾ ਈ ਆ ਗਿਆ ਬਾਈ…? ਦੂਜਿਆਂ ਨੂੰ ਵੀ ‘ਵਾਜ ਮਾਰ ਲੈਂਦਾ, ਬੋਰੀ ਭਾਰੀ ਐ।’ ਇਕੱਲੇ ਭਲਵਾਨ ਨੂੰ ਦੇਖ ਕੇ ਬੋਤੇ ਵਾਲਾ ਬੋਲਿਆ।
‘ਦੂਜੇ? ਦੂਜੇ ਕਿਹੜੇ…?’ ਭਲਵਾਨ ਹੈਰਾਨ ਸੀ।
‘ਜਿਹੜੇ ਤੇਰੇ ਨਾਲ ਬੈਠੇ ਸਨ।’
‘ਮੈਂ ਤਾਂ ਬਾਈ ‘ਕੱਲਾ ਈ ਸੀ।’
‘ਤੂੰ ‘ਕੱਲਾ ਈ ਸੀ…? ਨਹੀਂ ਯਾਰ, ਹੁਣ ਤਾਂ ਮੈਂ ਤੇਰੇ ਨਾਲ ਦੋ ਜਣੇ ਹੋਰ ਬੈਠੇ ਦੇਖੇ ਸਨ।’
ਭਲਵਾਨ ਹੱਸ ਪਿਆ। ‘ਬਾਈ ਤੈਨੂੰ ਭੁਲੇਖਾ ਲੱਗਿਐ, ਮੈਂ ਤਾਂ ਬਿਲਕੁਲ ਈ ‘ਕੱਲਾ ਸੀ, ਛੇਤੀ ਕਰ, ਬੋਰੀ ਲੱਦ ਮੈਂ ਜਾਣੈਂ।’
‘ਤੂੰ ਗੋਲੀ ਮਾਰ ਬਾਈ ਬੋਰੀ ਨੂੰ…! ਬਾਈ ਬਣ ਕੇ ਮੈਨੂੰ ਇੱਕ ਵਾਰੀ ‘ਤਿੰਨ’ ਬਣ ਕੇ ਦਿਖਾ ਦੇਹ।’
ਭਲਵਾਨ ਕੋਲੇ ਇੱਕ ਮੋਟਰ ਸਾਈਕਲ ਰੱਖਿਆ ਹੋਇਆ ਸੀ। ਮੋਟਰ ਸਾਈਕਲ ਵੀ ਕਾਹਦਾ ਸੀ, ਬੱਸ ਵਾਟ ਹੀ ਨਿਬੇੜਨ ਦਾ ਜੁਗਾੜ ਸੀ। ਨਾ ਉਸ ਦੇ ਕੋਈ ਮੱਡਗਾਰਡ, ਨਾ ਸਪੀਡੋ ਮੀਟਰ, ਨਾ ਕੋਈ ਸ਼ੀਸ਼ਾ ਅਤੇ ਨਾ ਹੀ ਕੋਈ ਬੱਤੀ! ਉਹ ਸਰਕਸ ਵਾਲਿਆਂ ਦਾ ਮੋਟਰ ਸਾਈਕਲ ਹੋਣ ਦਾ ਭੁਲੇਖਾ ਪਾਉਂਦਾ ਸੀ। ਉਸ ਵਿਚ ਇੱਕ ਸਿਫਤ ਸੀ ਕਿ ਭੱਜਦਾ ਬਹੁਤ ਸੀ। ਜਦੋਂ ਉਹ ਸਟਾਰਟ ਹੁੰਦਾ ਤਾਂ ਪੰਜਵੇਂ ਘਰ ਪਤਾ ਚੱਲਦਾ ਕਿ ਭਲਵਾਨ ਜੀ ਦਾ ਮੋਟਰ ਸਾਈਕਲ ਕਿਤੇ ਜਾ ਰਿਹਾ ਹੈ। ਇੱਕ ਵਾਰ ਭਲਵਾਨ ਦਾ ਕਾਲਜੀਏਟ ਭਾਣਜਾ ਛੁੱਟੀਆਂ ਕੱਟਣ ਆ ਗਿਆ। ਕੋਈ ਕੰਮ ਪਿਆ ਤਾਂ ਉਸ ਨੇ ਭਲਵਾਨ ਮਾਮੇ ਦਾ ਮੋਟਰ ਸਾਈਕਲ ਮੰਗ ਲਿਆ। ਭਲਵਾਨ ਬੜਾ ਦਿਲਦਾਰ ਬੰਦਾ ਸੀ। ਕਿਸੇ ਨੂੰ ਕਿਸੇ ਚੀਜ਼ ਤੋਂ ਜਵਾਬ ਨਹੀਂ ਸੀ ਦਿੰਦਾ। ਜਦੋਂ ਉਸ ਦਾ ਭਾਣਜਾ ‘ਨ੍ਹੇਰੀ’ ਮੋਟਰ ਸਾਈਕਲ ਲੈ ਕੇ ਵਾਪਿਸ ਆਇਆ ਤਾਂ ਉਸ ਨੇ ਆਉਣ ਸਾਰ ਪੁੱਛਿਆ, ‘ਮਾਮਾ…! ਇਹ ਜਿਹੜਾ ਤੇਰਾ ਮੋਟਰ ਸਾਈਕਲ ਐ, ਨਾ ਇਹਦੇ ਕੋਈ ਬੱਤੀ, ਨਾ ਸ਼ੀਸ਼ਾ, ਹੋਰ ਤਾਂ ਹੋਰ, ਇਹਦੇ ਸਪੀਡੋ ਮੀਟਰ ਤੋਂ ਬਿਨਾ ਤੈਨੂੰ ਕਿਵੇਂ ਪਤਾ ਲੱਗਦੈ, ਬਈ ਇਹ ਕਿੰਨੇ ਕਿਲੋਮੀਟਰ ਦੀ ਸਪੀਡ ‘ਤੇ ਜਾ ਰਿਹੈ…?’
ਭਾਣਜੇ ਨ੍ਹੇਰੀ ਦੇ ਪੁੱਛਣ ‘ਤੇ ਭਲਵਾਨ ਹੱਸ ਪਿਆ, ‘ਉਏ ਭਾਣਜੇ! ਅਸੀਂ ਪੁਰਾਣੇ ਘੁਲਾਟੀਏ ਆਂ!’
‘ਨ੍ਹਾ ਫੇਰ ਵੀ…? ਕਿਵੇਂ ਨਾ ਕਿਵੇਂ ਤਾਂ ਤੈਨੂੰ ਸਪੀਡ ਦਾ ਪਤਾ ਲੱਗਦਾ ਈ ਹੋਣੈ…?’
‘ਭਾਣਜੇ, ਇਹਦੀ ਰਫਤਾਰ ਪੜ੍ਹਨ ਆਸਤੇ ਮੇਰੇ ਕੋਲੇ ਦੋ ਹਥਿਆਰ ਐ।’
‘ਉਹ ਕਿਹੜੇ…?’ ਨ੍ਹੇਰੀ ਹੈਰਾਨ ਸੀ।
‘ਇੱਕ ਤਾਂ ਹਵਾ, ਤੇ ਦੂਜਾ ਮੇਰਾ ਆਹ ਬੋਦਾ…!’ ਉਸ ਨੇ ਸਿਰ ਵਾਲਾ ਬੋਦਾ ਬਿੱਲੀ ਦੀ ਪੂਛ ਵਾਂਗ ਫੜ ਕੇ ਹਿਲਾਇਆ।
‘ਬੋਦਾ…?’ ਨ੍ਹੇਰੀ ਦੰਗ ਸੀ।
‘ਹਾਂ ਬੋਦਾ! ਨਹੀਂ ਸਮਝਿਆ…?’
‘ਗੱਲ ਦਿਮਾਗ ‘ਚ ਆਈ ਨ੍ਹੀਂ ਮਾਮਾ।’
‘ਲੈ ਸੁਣ, ਤੇ ਕਰ ਡਮਾਕ ਲੋਟ…! ਮੋਟਰ ਛੈਂਕਲ ਚਲਾਉਂਦੇ ਨੂੰ ਮੈਨੂੰ ਹਵਾ ਦੱਸਦੀ ਐ ਬਈ ਇਹ ਕਿੰਨੀ ਸਪੀਡ ‘ਤੇ ਜਾ ਰਿਹੈ, ਤੇ ਭਾਣਜੇ ਜਦੋਂ ਮੇਰਾ ਬੋਦਾ ਹਵਾ ਨਾਲ ਪਿੱਛੇ ਗਿੱਦੜ ਦੀ ਪੂਛ ਮਾਂਗੂੰ ਖੜ੍ਹਾ ਹੋ`ਜੇ, ਫੇਰ ਸਮਝ ਲਾ ਬਈ ਆਪਣਾ ਮੋਟਰ ਛੈਂਕਲ ਫੁੱਲ ਸਪੀਟ ‘ਤੇ ਆ…।’
ਭਲਵਾਨ ਦੀ ਗੱਲ ‘ਤੇ ਨ੍ਹੇਰੀ ਦੀਆਂ ਹੱਸਦੇ ਦੀਆਂ ਵੱਖੀਆਂ ਟੁੱਟ ਗਈਆਂ। ਮਾਮਾ ਆਪਣੇ ਬੋਦੇ ਨੂੰ ਹੀ ‘ਕੰਪਾਸ’ ਬਣਾਈ ਫਿਰਦਾ ਸੀ। ਖੈਰ ਲੋੜ ਕਾਢ ਦੀ ਮਾਂ ਹੈ। ਜਿਹੜੇ ਬੰਦੇ ਨੂੰ ਢੰਗ ਅਤੇ ਤਰਤੀਬ ਆ ਗਈ, ਕਦੇ ਮਾਰ ਨਹੀਂ ਖਾਂਦਾ। ਜਨੂੰਨ ਅਤੇ ਦੁਸ਼ਮਣੀ ਬੰਦੇ ਨੂੰ ਕਮਲਾ ਕਰ ਦਿੰਦੇ ਹਨ!
ਜਦੋਂ ਭਲਵਾਨ ਅਜੇ ਬੱਚਾ ਹੀ ਸੀ, ਉਨ੍ਹਾਂ ਦੇ ਇਕ ਚੱਪੇ ਸਿੰਗਾਂ ਵਾਲੀ ਬੱਲ੍ਹੀ ਮੱਝ ਰੱਖੀ ਹੁੰਦੀ ਸੀ, ਜਿਸ ਦੇ ਮਗਰ ਇਕ ਰਿੱਗਲ ਜਿਹਾ ਡੱਬਖੜੱਬਾ ਕੱਟਾ ਸੀ। ਉਹ ਕੱਟਾ ਇੰਨਾ ਨਿਰਬਲ ਸੀ ਕਿ ਜੈਤੋ ਵਾਲੀ ਬੱਸ ਵਾਂਗੂੰ ਵਿੰਗਾ ਜਿਹਾ ਤੁਰਦਾ ਅਤੇ ਜਦ ਉਸ ਨੇ ਮਕਾਨ ਦੀ ਦੇਹਲੀ ਟੱਪਣੀ ਹੁੰਦੀ ਤਾਂ ‘ਦਾਅੜ’ ਦੇਣੇ ਡਿੱਗ ਪੈਂਦਾ ਅਤੇ ਕਾਫੀ ਚਿਰ ਉਵੇਂ ਹੀ ਬੇਸੁਰਤ ਜਿਹਾ ਪਿਆ ਰਹਿੰਦਾ, ਤਾਂ ਭਲਵਾਨ ਆਖਦਾ, ‘ਬੇਬੇ ਆਪਣਾ ਕੱਟਾ ਤਾਂ ਮਰ ਗਿਆ…!’
ਬੇਬੇ ਬੱਕੜਵਾਹ ਕਰਦੀ, ‘ਵੇ ਮਰ ਜਾਣਿਆਂ ਕੋਈ ਚੰਗਾ ਬਚਨ ਕਰ ਲਿਆ ਕਰ! ਉਹ ਤੇਰਾ ਪਤੰਦਰ ਮਰਿਆ ਨ੍ਹੀਂ, ਮਾੜਾ ਕਰਕੇ ਡਿੱਗ ਪਿਆ, ਆਪੇ ਉਠ ਖੜੂਗਾ।’ ਤਾਂ ਭਲਵਾਨ ਚੁੱਪ ਕਰ ਜਾਂਦਾ। ਬੇਬੇ ਤਾਂ ਖਿਝਦੀ ਸੀ ਕਿ ਕੱਟੇ ਬਿਨਾ ਮੱਝ ਦਾ ਮਿਲਣਾ ਮੁਸ਼ਕਿਲ ਸੀ। ਹੋਰ ਉਸ ਨੂੰ ਕੱਟੇ ਦਾ ਕੋਈ ਹੇਰਵਾ ਜਾਂ ਮੋਹ ਨਹੀਂ, ਇੱਕ ਜ਼ਰੂਰਤ ਸੀ!
ਕੁਦਰਤ ਰੱਬ ਦੀ, ਇੱਕ ਦਿਨ ਬੇਬੇ ਮੱਸਿਆ ਨਹਾਉਣ ਤਖਤੂਪੁਰੇ ਗਈ ਹੋਈ ਸੀ ਕਿ ਕੱਟਾ ਸੱਚਮੁੱਚ ਹੀ ਮਰ ਗਿਆ। ਕੁੜੀਆਂ ਨੇ ਸੋਚਿਆ ਕਿ ਬੇਬੇ ਮੱਸਿਆ ਦਾ ਇਸ਼ਨਾਨ ਕਰਨ ਗਈ ਹੋਈ ਹੈ, ਜਦ ਇਸ਼ਨਾਨ ਕਰ ਕੇ ਮੁੜੀ, ਉਸ ਨੂੰ ਕੱਟੇ ਦੇ ਮਰਨ ਬਾਰੇ ਪਤਾ ਲੱਗਿਆ, ਤਾਂ ਉਸ ਦਾ ਮਨ ਦੁਖੀ ਹੋਊ। ਕਿਉਂਕਿ ਕੱਟੇ ਬਿਨਾ ਮੱਝ ਨੇ ਧਾਰ ਨਹੀਂ ਕੱਢਣ ਦੇਣੀ ਸੀ। ਵਿਚਾਰੀਆਂ ਸਿਆਣੀਆਂ ਕੁੜੀਆਂ ਨੇ ਲੰਮੀ ਸੋਚੀ ਅਤੇ ਭਾਗ ਰਵਿਦਾਸੀਏ ਨੂੰ ਮਰਿਆ ਹੋਇਆ ਕੱਟਾ ਚੁਕਵਾ ਦਿੱਤਾ। ਉਹ ਕੱਟੇ ਨੂੰ ਸਾਈਕਲ ‘ਤੇ ਲੱਦ ਕੇ ਹੱਡਾਂਰੋੜੀ ਸੁੱਟਣ ਲਈ ਲੈ ਗਿਆ। ਜਦ ਬੇਬੇ ਤਖਤੂਪੁਰੇ ਤੋਂ ਮੱਸਿਆ ਨਹਾ ਕੇ ਵਾਪਿਸ ਮੁੜੀ ਤਾਂ ਕੁੜੀਆਂ ਤਾਂ ਕਪਾਹ ਚੁਗਣ ਖੇਤ ਗਈਆਂ ਹੋਈਆਂ ਸਨ, ਇਕੱਲਾ ਭਲਵਾਨ ਹੀ ਘਰੇ ਸੀ। ਬੇਬੇ ਨੇ ਪਾਣੀ-ਧਾਣੀ ਪੀਤਾ। ਉਸ ਨੂੰ ਕੱਟਾ ਵਿਹੜੇ ਵਿਚ ਗਸ਼ਤ ਜਿਹੀ ਕਰਦਾ ਨਜ਼ਰ ਨਾ ਆਇਆ। ਕੱਟੇ ਦੇ ਕਿਸੇ ਨੇ ਸੰਗਲੀ ਜਾਂ ਰੱਸਾ ਤਾਂ ਕਦੇੇ ਪਾਇਆ ਹੀ ਨਹੀਂ ਸੀ। ਉਹ ਬਿਨਾ ਰੱਸੇ ਤੋਂ ਹੀ ਮਾੜਾ-ਮੋਟਾ ਵਿਹੜੇ ਵਿਚ ਭਲਵਾਨੀ ਗੇੜਾ ਦੇ ਛੱਡਦਾ, ਜਿੱਥੇ ਡਿੱਗ ਪੈਂਦਾ, ਉਥੇ ਹੀ ਪਿਆ ਰਹਿੰਦਾ ਸੀ।
‘ਵੇ ਸੁਰਜਣਾਂ…!’
‘ਹੋ ਬੇਬੇ…?’
‘ਵੇ ਆਪਣਾ ਕੱਟਾ ਨ੍ਹੀਂ ਦੀਂਹਦਾ ਕਿਤੇ…?’
‘ਬੇਬੇ, ਆਪਣਾ ਕੱਟਾ ਅੱਜ ਛੈਂਕਲ ‘ਤੇ ਚੜ੍ਹ ਕੇ ਪਤਾ ਨ੍ਹੀਂ ਕਿੱਧਰ ਨੂੰ ਚਲਿਆ ਗਿਆ।’
‘… …।’ ਬੇਬੇ ਚੁੱਪ ਕਰ ਗਈ। ਉਸ ਨੂੰ ਪਤਾ ਲੱਗ ਗਿਆ ਕਿ ਕੱਟਾ ‘ਚੜ੍ਹਾਈ’ ਕਰ ਗਿਆ ਸੀ।
1977 ਵਿਚ ਉਦੋਂ ਅਕਾਲੀਆਂ ਅਤੇ ਜਨਤਾ ਪਾਰਟੀ ਦਾ ਗੱਠਜੋੜ ਹੋਇਆ ਸੀ। ਵੋਟਾਂ ਦਾ ਸਮਾਂ ਵੀ ਨੇੜੇ ਹੀ ਸੀ। ਅਕਾਲੀਆਂ ਅਤੇ ਜਨਤਾ ਪਾਰਟੀ ਦੇ ਗੱਠਜੋੜ ਨੂੰ ਲੋਕਾਂ ਵੱਲੋਂ ਕਾਫੀ ਉਸਾਰੂ ਹੁੰਗਾਰਾ ਮਿਲ ਰਿਹਾ ਸੀ। ਬੋਦੇ ਵਾਲਾ ਭਲਵਾਨ ਵੀ ਜਨਤਾ ਪਾਰਟੀ ਦੀ ਹਮਾਇਤ ਵਿਚ ਅੜ ਗਿਆ। ਉਧਰੋਂ ਉਦੋਂ ‘ਪਰਿਵਾਰ-ਨਿਯੋਜਨ’ ਲਹਿਰ ਦਾ ਵੀ ਕਾਫੀ ਬੋਲਬਾਲਾ ਸੀ ਅਤੇ ਲੋਕਾਂ ਵਿਚ ਭਾਰੀ ਸਹਿਮ ਪਾਇਆ ਜਾ ਰਿਹਾ ਸੀ, ਕਿਉਂਕਿ ਨੌਜਵਾਨਾਂ ਦੇ ਜ਼ਬਰਦਸਤੀ ਫੜ-ਫੜ ‘ਆਪ੍ਰੇਸ਼ਨ’ ਕੀਤੇ ਜਾ ਰਹੇ ਸਨ। ਇੱਕ ਸ਼ਾਮ ਭਲਵਾਨ ਵੋਟਾਂ ਵਾਲਿਆਂ ਦੀ ਕਾਰ ਵਿਚ ਘੁੰਮ ਰਿਹਾ ਸੀ। ਸ਼ਾਮ ਨੂੰ ਉਹ ਨਾਲ ਦੇ ਪਿੰਡ ਵਿਚ ਵੋਟਾਂ ਦਾ ਪ੍ਰਚਾਰ ਕਰਨ ਚਲੇ ਗਏ। ਦੋ-ਤਿੰਨ ਜਾਣੇ ਉਸ ਨਾਲ ਹੋਰ ਸਨ। ਜਦ ਉਨ੍ਹਾਂ ਨੇ ਘੁੱਟ-ਘੁੱਟ ਲਾ ਕੇ ਪਿੰਡ ਵਿਚ ਸੁਭੈਕੀ ਗੇੜਾ ਦਿੱਤਾ ਤਾਂ ਲੋਕਾਂ ਨੇ ਸਮਝਿਆ ਕਿ ਕਿਤੇ ‘ਨਸਬੰਦੀ’ ਵਾਲੇ ਆ ਗਏ। ਪਿੰਡ ਵਾਲਿਆਂ ਨੇ ਅੰਬੈਸਡਰ ਕਾਰ ਦੇ ਅੱਗੇ ਪੁੱਠੀ ਕਹੀ ਰੱਖ ਕੇ ਕਾਰ ਰੋਕ ਲਈ। ਸਮੇਂ ਦੀ ਭੈੜੀ ਨਜ਼ਾਕਤ ਦੇਖ ਕੇ ਭਲਵਾਨ ਦੇ ਬਾਕੀ ਸਾਥੀ ਤਾਂ ਭੱਜ ਗਏ, ਪਰ ਭਲਵਾਨ ਦਾਰੂ ਦੇ ਨਸ਼ੇ ਵਿਚ ਵੱਡੀ ਸਾਰੀ ਉਂਗਲ ਹਿਲਾ ਕੇ ‘ਉਪਦੇਸ਼’ ਦੇਣ ਲੱਗ ਪਿਆ। ਅਜੇ ਉਸ ਨੇ ‘ਜਦੋਂ ਸਾਡੀ ਸਰਕਾਰ…’ ਦਾ ਨਾਂ ਹੀ ਲਿਆ ਸੀ ਕਿ ਲੋਕਾਂ ਨੇ ਸੋਚਿਆ ਆਪ੍ਰੇਸ਼ਨ ਕਰਨ ਵਾਲੇ ਸਾਰੇ ਸਰਕਾਰ ਦਾ ਵਾਸਤਾ ਹੀ ਦਿੰਦੇ ਹਨ ਅਤੇ ਉਨ੍ਹਾਂ ਨੇ ‘ਉਹੀ ਐ…ਉਹੀ ਐ…!’ ਕਰ ਕੇ ਭਲਵਾਨ ਮੂਧਾ ਪਾ ਲਿਆ। ਡਰਾਈਵਰ ਗੱਡੀ ਛੱਡ ਕੇ ਪੱਤਰੇ ਵਾਚ ਗਿਆ। ਗਿੱਦੜ ਕੁੱਟ ਨਾਲ ਬੌਂਦਲਿਆ ਭਲਵਾਨ ਉਨ੍ਹਾਂ ਨੇ ਧਰਮਸਾਲਾ ਵਿਚ ਲਿਆ ਸੁੱਟਿਆ। ਪੰਚਾਇਤ ਇਕੱਠੀ ਹੋ ਗਈ। ਬਚਾਉਣ ਵਾਲਾ ਰੱਬ, ਕੁਦਰਤੀਂ ਪਿੰਡ ਦਾ ਸਰਪੰਚ ਭਲਵਾਨ ਦਾ ਜਾਣੂੰ ਨਿਕਲ ਆਇਆ ਅਤੇ ਉਸ ਨੇ ਅਸਲੀਅਤ ਪੁੱਛ ਕੇ ਉਸ ਦੀ ਖਲਾਸੀ ਕਰਵਾਈ। ਵੋਟਾਂ ਵਾਲੀ ਅਸਲ ਗੱਲ ਜਾਣ ਕੇ ਪਿੰਡ ਵਾਲਿਆਂ ਨੇ ਵੀ, ‘ਯਾਰ ਬੇਚਾਰਾ ਐਮੇ ਈ ਕੁੱਟ ਧਰਿਆ…!’ ਆਖ ਕੇ ਪਛਤਾਵਾ ਕਰਨ ਲੱਗੇ।
‘ਤੂੰ ਵੀ ਗਾਂਧੀ ਬਣ ਕੇ ਕੁੱਟ ਖਾਈ ਗਿਆ, ਖਸਮਾਂ ਨੂੰ ਖਾਣਿਆਂ ਬੋਲਿਆ ਕਿਉਂ ਨ੍ਹੀ…?’ ਸਰਪੰਚ ਨੇ ਠੁਣਾਂ ਭਲਵਾਨ ਸਿਰ ਭੰਨਿਆ।
‘ਬੋਲਦਾ ਕਿਵੇਂ ਸਰਪੈਂਚਾ…? ਛਿੱਤਰਾਂ ਦੀ ਤਾਂ ਬਾਛੜ ਹੋਣ ਲੱਗ`ਪੀ ਸੀ, ਗੜਿਆਂ ਮਾਂਗੂੰ ਤਾਂ ਪੈਣ ਲੱਗ`ਪੀਆਂ…।’ ਭਲਵਾਨ ਸੁੱਜੇ ਹੱਡਾਂ ਨੂੰ ਸੇਕ ਦੇ ਰਿਹਾ ਸੀ। ਉਸ ਦਿਨ ਤੋਂ ਲੈ ਕੇ ਅੱਜ ਤੱਕ ਭਲਵਾਨ ਕਦੇ ਵੋਟਾਂ ਵਾਲਿਆਂ ਨਾਲ ਨਹੀਂ ਤੁਰਿਆ।
