ਅਗਲੀਆਂ ਚੋਣਾਂ ਭਾਜਪਾ ਲਈ ਚੁਣੌਤੀ ਬਣੀਆਂ

ਨਵੀਂ ਦਿੱਲੀ: ਅਗਲੇ ਸਾਲ ਉਤਰ ਪ੍ਰਦੇਸ਼, ਉਤਰਾਖੰਡ, ਗੋਆ, ਮਨੀਪੁਰ ਤੇ ਪੰਜਾਬ ਦੀਆਂ ਵਿਧਾਨ ਸਭਾਵਾਂ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਫਿਕਰਮੰਦੀ ਸਾਫ ਦਿਖਾਈ ਦੇਣ ਲੱਗੀ ਹੈ। ਇਸੇ ਹਫਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੂੰ ਸੁਝਾਅ ਦਿੱਤਾ ਹੈ ਕਿ ਹਾਲੀਆ ਅਸੈਂਬਲੀ ਚੋਣਾਂ ਵਿਚ ਪਾਰਟੀ ਦੀ ਕਾਰਗੁਜ਼ਾਰੀ ਨੂੰ ਲੈ ਕੇ ਵਿਆਪਕ/ਤਫਸੀਲੀ ਸਮੀਖਿਆ ਕੀਤੀ ਜਾਵੇ। ਮੋਦੀ ਨੇ ਆਗੂਆਂ ਨੂੰ ਸਮਾਜ ਦੇ ਸਾਰੇ ਵਰਗਾਂ ਤੱਕ ਪਹੁੰਚ ਯਕੀਨੀ ਬਣਾਉਣ ਦੇ ਹੁਕਮ ਵੀ ਚਾੜ੍ਹੇ ਹਨ।

ਭਾਜਪਾ ਵਿਚ ਤਾਜ਼ਾ ਹਿੱਲਜੁਲ ਤੋਂ ਜਾਪ ਰਿਹਾ ਹੈ ਕਿ ਉਸ ਨੂੰ ਆਪਣੇ ਫਿਰਕੂ ਹਿੰਦੂਤਵੀ ਏਜੰਡੇ ਬਾਰੇ ਸੋਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਜਿਸ ਦੇ ਆਸਰੇ ਹੁਣ ਤੱਕ ਇਹ ਸਿਆਸਤ ਕਰ ਰਹੀ ਸੀ। ਕਰੋਨਾ ਦੀ ਝੰਬੀ ਅਵਾਮ ਲਈ ਹੁਣ ਰੋਜ਼ੀ-ਰੋਟੀ ਤੇ ਸਮਾਜਕ ਆਜ਼ਾਦੀ ਮਸਲਾ ਬਣ ਗਿਆ ਹੈ ਤੇ ਇਸੇ ਲਈ ਮੋਦੀ ਨੇ ਆਗੂਆਂ ਨੂੰ ਲੋਕਾਂ ਦੇ ਮਨ ਪੜ੍ਹਨ ਦੇ ਹੁਕਮ ਦਿੱਤੇ ਹਨ। ਭਾਜਪਾ ਨੂੰ ਸਭ ਤੋਂ ਵੱਧ ਫਿਕਰ ਉਤਰ ਪ੍ਰਦੇਸ਼ ਦਾ ਹੈ।
ਸਿਆਸੀ ਮਾਹਿਰਾਂ ਦੀ ਦਲੀਲ ਹੈ ਕਿ ਕੋਵਿਡ-19 ਦੀ ਮਹਾਮਾਰੀ ਕਾਰਨ ਲੋਕ ਭਾਜਪਾ ਨੂੰ ਸਵਾਲਾਂ ਦੇ ਕਟਹਿਰੇ ਵਿਚ ਖੜ੍ਹਾ ਕਰਨਗੇ। ਭਾਜਪਾ ਵੀ ਇਹ ਜਾਣਦੀ ਹੈ ਅਤੇ ਉਸ ਨੇ ਹੁਣ ਤੋਂ ਹੀ ਇਹ ਬਿਰਤਾਂਤ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਕੋਵਿਡ-19 ਦੀ ਪਹਿਲੀ ਅਤੇ ਦੂਜੀ ਲਹਿਰ ਨੂੰ ਮਾਤ ਦੇਣ ਵਿਚ ਸਫਲ ਹੋਇਆ ਹੈ। ਇਸੇ ਮੁਹਿੰਮ ਤਹਿਤ ਕੇਂਦਰ ਸਰਕਾਰ ਸੋਸ਼ਲ ਮੀਡੀਆ ਦੀ ਸੰਘੀ ਘੁੱਟਣ ਉਤੇ ਜ਼ੋਰ ਲਾ ਰਹੀ ਹੈ।
ਵਧਦੀ ਬੇਰੁਜ਼ਗਾਰੀ, ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਸੰਘਰਸ਼, ਪਰਵਾਸੀ ਮਜ਼ਦੂਰਾਂ ਦੀਆਂ ਸਮੱਸਿਆਵਾਂ, ਭੁੱਖਮਰੀ ਵਰਗੇ ਮਸਲਿਆਂ ਨੇ ਧਰਮ ਦੇ ਨਾਮ ਉਤੇ ਸਿਆਸੀ ਦੁਕਾਨਦਾਰੀ ਫਿੱਕੀ ਪਾ ਦਿੱਤੀ ਹੈ। ਉਤਰ ਪ੍ਰਦੇਸ਼ ਵਿਚ ਤਾਜ਼ਾ ਹੋਈਆਂ ਪੰਚਾਇਤੀ ਚੋਣਾਂ ਵਿਚ ਭਾਜਪਾ ਦੇ ਹਸ਼ਰ ਤੋਂ ਵੀ ਲੀਡਰਸ਼ਿਪ ਨਰਾਸ਼ ਹੈ। ਇਨ੍ਹਾਂ ਚੋਣਾਂ ਵਿਚ ਸਮਾਜਵਾਦੀ ਪਾਰਟੀ ਅਤੇ ਬਸਪਾ ਵੱਡੀ ਧਿਰ ਵਜੋਂ ਉਭਰਿਆਂ ਹਨ।
ਭਾਜਪਾ ਭਾਵੇਂ ਰਾਮ ਮੰਦਰ ਬਣਾਉਣ ਅਤੇ ਜੰਮੂ ਕਸ਼ਮੀਰ ਵਿਚ ਧਾਰਾ-370 ਨੂੰ ਮਨਸੂਖ ਕਰਨ ਜਿਹੀਆਂ ‘ਪ੍ਰਾਪਤੀਆਂ` ਨੂੰ ਅੱਗੇ ਰੱਖਣ ਦੀ ਫਿਰਾਕ ਵਿਚ ਹੈ ਪਰ ਉਸ ਨੂੰ ਇਹ ਸਮਝ ਵੀ ਆ ਗਈ ਹੈ ਕਿ ਹੁਣ ਸਿਰਫ ਫਿਰਕੂ ਏਜੰਡੇ ਉਤੇ ਕੰਮ ਨਾਲ ਗੱਲ ਨਹੀਂ ਬਣਨੀ ਕਿਉਂਕਿ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਭਾਜਪਾ ਦੀਆਂ ਆਸਾਂ ਉਤੇ ਖਰੇ ਨਹੀਂ ਉਤਰ ਸਕੇ। ਇਹੀ ਕਾਰਨ ਹੈ ਕਿ ਭਾਜਪਾ ਯੋਗੀ ਦੇ ਕੱਦ ਨੂੰ ਹੌਲਾ ਕਰਨ ਲਈ ਜ਼ੋਰ ਲਾ ਰਹੀ ਹੈ। ਜਿਵੇਂ-ਜਿਵੇਂ ਚੋਣਾਂ ਨਜ਼ਦੀਕ ਆਉਂਦੀਆਂ ਜਾ ਰਹੀਆਂ ਹਨ, ਯੋਗੀ ਆਪਣਾ ਉਹ ਚਿਹਰਾ ਵੀ ਦਿਖਾਉਣ ਲੱਗੇ ਹਨ ਜੋ ਹਾਈਕਮਾਨ ਨੂੰ ਆਗਿਆਕਾਰੀ ਨਹੀਂ ਲੱਗ ਰਿਹਾ। ਯੋਗੀ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ.ਐਸ.) ਦੀਆਂ ਕਤਾਰਾਂ ਵਿਚ ਨਹੀਂ ਆਉਂਦੇ। ਉਹ ਹਿੰਦੂਤਵਵਾਦੀ ਹਨ ਅਤੇ ਕਿਤੇ ਜ਼ਿਆਦਾ ਭੜਕਾਊ ਕਿਸਮ ਦੀ ਭਾਸ਼ਾ ਘੱਟ ਗਿਣਤੀਆਂ ਵਿਰੁੱਧ ਵਰਤਦੇ ਹਨ। ਇਹੀ ਕਾਰਨ ਹੈ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਹੁਣ ਤੱਕ ਉਸ ਤੋਂ ਹੱਥ ਫੜ ਕੇ ਕੰਮ ਕਰਵਾਉਂਦੀ ਰਹੀ ਹੈ ਪਰ ਹੁਣ ਚੋਣਾਂ ਤੋਂ ਪਹਿਲਾਂ ਯੋਗੀ ਦਾ ਬਦਲ ਲੱਭਣ ਦੀ ਸਰਗਰਮੀਆਂ ਪਿੱਛੋਂ ਸਥਿਤੀ ਵਿਗੜ ਗਈ। ਚਰਚਾ ਹੈ ਕਿ ਇਸ ਸਮੇਂ ਮੋਦੀ ਤੇ ਯੋਗੀ ਆਹਮੋ-ਸਾਹਮਣੇ ਹਨ ਤੇ ਹਾਈਕਮਾਨ ਵੀ ਉਨ੍ਹਾਂ ਨੂੰ ਹੱਥ ਪਾਉਣ ਤੋਂ ਝਿਜਕ ਰਹੀ ਹੈ। ਭਾਜਪਾ ਨੇ ਮਜਬੂਰਨ ਇਹ ਤਾਂ ਤੈਅ ਕਰ ਹੀ ਲਿਆ ਹੈ ਕਿ ਯੋਗੀ ਨੂੰ ਫਿਲਹਾਲ ਹਟਾਇਆ ਨਹੀਂ ਜਾਵੇਗਾ ਅਤੇ ਪਾਰਟੀ ਉਨ੍ਹਾਂ ਦੇ ਨਾਂ ਉਤੇ ਹੀ ਚੋਣਾਂ ਲੜੇਗੀ। ਮੌਜੂਦਾ ਹਾਲਾਤ ਦੱਸ ਰਹੇ ਹਨ ਕਿ ਵਿਧਾਨ ਸਭਾ ਚੋਣਾਂ ਵਿਚ ਯੋਗੀ ਭਾਜਪਾ ਲਈ ਵੱਡੀ ਚੁਣੌਤੀ ਬਣ ਸਕਦੇ ਹਨ।