ਸਿਆਸੀ ਪਿੜ ਅਤੇ ਪਾਰਟੀਆਂ

ਅਗਲੇ ਸਾਲ ਪੰਜ ਰਾਜਾਂ- ਪੰਜਾਬ, ਉਤਰ ਪ੍ਰਦੇਸ਼, ਉਤਰਾਖੰਡ, ਮਨੀਪੁਰ ਤੇ ਗੋਆ ਵਿਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਕੌਮੀ ਅਤੇ ਸੂਬਾਈ ਪੱਖਾਂ ਤੋਂ ਪੰਜਾਬ, ਉਤਰ ਪ੍ਰਦੇਸ਼ ਅਤੇ ਉਤਰਾਖੰਡ ਦੀਆਂ ਚੋਣਾਂ ਅਹਿਮ ਮੰਨੀਆਂ ਜਾ ਰਹੀਆਂ ਹਨ। ਇਨ੍ਹਾਂ ਤਿੰਨਾਂ ਰਾਜਾਂ ਵਿਚੋਂ ਦੋ (ਉਤਰ ਪ੍ਰਦੇਸ਼ ਤੇ ਉਤਰਾਖੰਡ) ਵਿਚ ਕੇਂਦਰ ਵਿਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਹਨ ਅਤੇ ਪੰਜਾਬ ਵਿਚ ਸਰਕਾਰ ਦੀ ਅਗਵਾਈ ਕਾਂਗਰਸ ਦੀ ਕਮਾਨ ਹੇਠ ਹੈ। ਇਨ੍ਹਾਂ ਰਾਜਾਂ ਵਿਚ ਚੋਣਾਂ ਦੇ ਹਿਸਾਬ ਨਾਲ ਸਿਆਸੀ ਸਰਗਰਮੀਆਂ ਚਿਰੋਕਣੀਆਂ ਸ਼ੁਰੂ ਹੋ ਚੁੱਕੀਆਂ ਹਨ। ਕੌਮੀ ਸਿਆਸਤ ਦੇ ਪੱਖ ਤੋਂ ਸਿਆਸੀ ਵਿਸ਼ਲੇਸ਼ਕ ਉਤਰ ਪ੍ਰਦੇਸ਼ ਦੀਆਂ ਚੋਣਾਂ ਨੂੰ ਵਧੇਰੇ ਅਹਿਮੀਅਤ ਦੇ ਰਹੇ ਹਨ।

ਪਿਛਲੀ ਵਾਰ 2017 ਵਿਚ ਭਾਰਤੀ ਜਨਤਾ ਪਾਰਟੀ ਨੇ ਉਥੇ ਦੋ-ਤਿਹਾਈ ਸੀਟਾਂ ਜਿੱਤ ਲਈਆਂ ਸਨ ਅਤੇ ਤਿੰਨਾਂ ਮੁੱਖ ਵਿਰੋਧੀ ਪਾਰਟੀਆਂ- ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ (ਬੀ.ਐਸ.ਪੀ.) ਅਤੇ ਕਾਂਗਰਸ ਨੂੰ ਤਕੜੀ ਮਾਰ ਪਈ ਸੀ। ਮਗਰੋਂ 2019 ਵਾਲੀਆਂ ਲੋਕ ਸਭਾ ਚੋਣਾਂ ਭਾਵੇਂ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਨੇ ਰਲ ਕੇ ਲੜੀਆਂ ਪਰ ਭਾਰਤੀ ਜਨਤਾ ਪਾਰਟੀ ਨੇ ਇਨ੍ਹਾਂ ਨੂੰ ਨੇੜੇ-ਤੇੜੇ ਵੀ ਨਾ ਲੱਗਣ ਦਿੱਤਾ। ਲੋਕ ਸਭਾ ਚੋਣਾਂ ਤੋਂ ਬਾਅਦ ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਅਤੇ ਬਹੁਜਨ ਸਮਾਜ ਪਾਰਟੀ ਦੀ ਆਗੂ ਮਾਇਆਵਤੀ ਵਿਚਕਾਰ ਮੱਤਭੇਦ ਵਧ ਗਏ। ਦੋਹਾਂ ਆਗੂਆਂ ਨੇ ਇਕ-ਦੂਜੇ ਉਤੇ ਬੇਵਸਾਹੀ ਦੇ ਦੋਸ਼ ਲਾਏ। ਇਸੇ ਦੌਰਾਨ, ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਉਤਰ ਪ੍ਰਦੇਸ਼ ਦੀ ਆਦਿੱਤਿਆਨਾਥ ਸਰਕਾਰ ਕੁਝ ਖਾਸ ਨਹੀਂ ਕਰ ਸਕੀ ਹੈ; ਉਪਰੋਂ ਆਦਿੱਤਿਆਨਾਥ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਚੱਲ ਰਹੀ ਠੰਢੀ ਜੰਗ ਨੇ ਇਸ ਸੂਬੇ ਦੀ ਸਿਆਸਤ ਹੁਣ ਵਾਹਵਾ ਮਘਾ ਦਿੱਤੀ ਹੈ। ਆਉਣ ਵਾਲੇ ਸਮੇਂ ਦੌਰਾਨ ਇਸ ਸੂਬੇ ਦੀਆਂ ਸਿਆਸੀ ਸਮੀਕਰਨਾਂ ਕੀ ਬਣਦੀਆਂ ਹਨ, ਉਸ ਨੇ ਸੂਬੇ ਹੀ ਨਹੀਂ, ਮੁਲਕ ਦੀ ਸਿਆਸਤ ਉਤੇ ਵੱਡਾ ਅਸਰ ਪਾਉਣਾ ਹੈ। ਪੱਛਮੀ ਬੰਗਾਲ ਵਿਚ ਹਾਰ ਤੋਂ ਬਾਅਦ ਉਤਰ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਲਈ ਵੱਕਾਰ ਦਾ ਸਵਾਲ ਬਣਿਆ ਹੋਇਆ ਹੈ। ਇਸ ਸੂਬੇ ਵਿਚ ਸਿਰਫ ਇਕ ਗੱਲ ਹੀ ਭਾਰਤੀ ਜਨਤਾ ਪਾਰਟੀ ਦੇ ਹੱਕ ਵਿਚ ਜਾਂਦੀ ਹੈ ਕਿ ਸਮੁੱਚੀ ਵਿਰੋਧੀ ਧਿਰ ਪਾਟੋ-ਧਾੜ ਹੈ।
ਪੰਜਾਬ ਵਿਚ ਹਾਲਾਤ ਬਿਲਕੁੱਲ ਵੱਖਰੇ ਹਨ। ਪੰਜਾਬ ਵਿਚ ਫਿਲਹਾਲ ਭਾਰਤੀ ਜਨਤਾ ਪਾਰਟੀ ਦੇ ਮੰਦੜੇ ਹਾਲ ਹਨ ਪਰ ਇਸ ਪਾਰਟੀ ਆਗੂ ਅਜੇ ਵੀ ਪੰਜਾਬ ਵਿਚ ਅਗਲੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਹੀ ਬਣਨ ਦੇ ਦਾਅਵੇ ਕਰ ਰਹੇ ਹਨ। ਅਸਲ ਵਿਚ ਇਸ ਪਾਰਟੀ ਦਾ ਸਾਰਾ ਦਾਰੋਮਦਾਰ ਹੋਰ ਪਾਰਟੀਆਂ ਤੋਂ ਆਉਣ ਵਾਲੇ ਆਗੂਆਂ ਅਤੇ ਦਲਿਤ ਸਮਾਜ ਦੀਆਂ ਵੋਟਾਂ ਉਤੇ ‘ਤੇ ਹੈ। ਸਿਆਸੀ ਵਿਸ਼ਲੇਸ਼ਕ ਭਾਵੇਂ ਵਾਰ-ਵਾਰ ਕਹਿ ਰਹੇ ਹਨ ਕਿ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦਾ ਆਧਾਰ ਫੈਲਣਾ ਅਜੇ ਮੁਸ਼ਕਿਲ ਹੈ ਪਰ ਸਿਆਸੀ ਹਲਕਿਆਂ ਵਿਚ ਜਿਹੜੀ ਚਰਚਾ ਚੱਲ ਰਹੀ ਹੈ, ਉਹ ਸੂਬੇ ਵਿਚ ਹੋਰ ਪਾਰਟੀਆਂ- ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ (ਆਪ) ਨੂੰ ਧਿਆਨ ਵਿਚ ਰੱਖ ਕੇ ਚੱਲ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ‘ਆਪ’ ਨੂੰ ਸਿਆਸੀ ਪਿੜ ਵਿਚ ਪੈਂਠ ਪਾਉਣ ਖਾਤਰ ਜੂਝਣਾ ਪੈ ਰਿਹਾ ਹੈ। ਉਧਰ, ਕਾਂਗਰਸ ਦੀ ਅੰਦਰੂਨੀ ਬਗਾਵਤ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਖਿਲਾਫ ਵਧ ਰਿਹਾ ਲੋਕ-ਰੋਹ ਕਾਰਨ ਸਿਆਸੀ ਸਮੀਕਰਨਾਂ ਨਿੱਤ ਦਿਨ ਬਦਲ ਰਹੀ ਹੈ। ਸੂਬੇ ਦੇ ਵੱਖ-ਵੱਖ ਤਬਕਿਆਂ ਨੇ ਸਰਕਾਰ ਖਿਲਾਫ ਧਰਨੇ-ਮਜ਼ਾਹਰੇ ਸ਼ੁਰੂ ਕਰ ਦਿੱਤੇ ਹਨ। ਅਸਲ ਵਿਚ, ਪੰਜਾਬ ਸਰਕਾਰ ਦੀ ਨਾਲਾਇਕੀ ਅਜੇ ਤੱਕ ਕਿਸਾਨ ਅੰਦੋਲਨ ਕਾਰਨ ਲੁਕੀ ਹੋਈ ਸੀ, ਕਿਉਂਕਿ ਸੂਬੇ ਦੇ ਜ਼ਿਆਦਾਤਰ ਲੋਕਾਂ ਦਾ ਧਿਆਨ ਕਿਸਾਨ ਅੰਦੋਲਨ ਵੱਲ ਸੀ ਅਤੇ ਬਹੁਤੀਆਂ ਸਰਗਰਮੀਆਂ ਇਸ ਮੁਤਾਬਿਕ ਹੀ ਹੋ ਰਹੀਆਂ ਸਨ। ਕਿਸਾਨ ਅੰਦੋਲਨ ਦੌਰਾਨ ਸੂਬੇ ਅੰਦਰ ਸਿਆਸੀ ਸਰਗਰਮੀ ਤਾਂ ਤਕਰੀਬਨ ਨਾਂਹ ਦੇ ਬਰਾਬਰ ਹੀ ਸੀ ਪਰ ਹੁਣ ਜਦੋਂ ਵਿਧਾਨ ਸਭਾ ਚੋਣਾਂ ਦਾ ਵਕਤ ਨੇੜੇ ਆ ਰਿਹਾ ਹੈ ਤਾਂ ਸਾਰੀਆਂ ਸਿਆਸੀ ਪਾਰਟੀ ਅਤੇ ਆਗੂ ਆਪੋ-ਆਪਣੀ ਸਰਗਰਮੀ ਵਧਾ ਰਹੇ ਹਨ। ਸਿਆਸੀ ਜੋੜ-ਤੋੜ ਸਿਖਰਾਂ ਵੱਲ ਵਧ ਰਿਹਾ ਹੈ। ਜਾਪਦਾ ਹੈ, ਐਤਕੀਂ ਪੰਜਾਬ ਅੰਦਰ ਗੱਠਜੋੜ ਸਿਆਸਤ ਨੇ ਵੱਡੀ ਭੂਮਿਕਾ ਨਿਭਾਉਣੀ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ (ਬੀ.ਐਸ.ਪੀ.) ਵਿਚਕਾਰ ਤਾਲਮੇਲ ਦੀਆਂ ਖਬਰਾਂ ਆ ਰਹੀਆਂ ਹਨ। ਆਮ ਆਦਮੀ ਪਾਰਟੀ ਦੇ ਇਕੱਲਿਆਂ ਕੁਝ ਕਰ ਗੁਜ਼ਰਨ ਵਾਲੀ ਗੱਲ ਹੁਣ ਬਹੁਤ ਪਿਛਾਂਹ ਛੁੱਟ ਗਈ ਹੈ। ਇਸ ਪਾਰਟੀ ਦੇ ਆਗੂਆਂ ਨੇ ਜਥੇਬੰਦਕ ਢਾਂਚੇ ਵੱਲ ਕੋਈ ਧਿਆਨ ਨਹੀਂ ਦਿੱਤਾ ਹੈ, ਹੁਣ ਵੀ ਮਾੜਾ ਜਥੇਬੰਦਕ ਢਾਂਚਾ ਪਾਰਟੀ ਦੀ ਰਫਤਾਰ ਵਿਚ ਰੋੜਾ ਬਣ ਸਕਦਾ ਹੈ।
ਇਸ ਸਮੁੱਚੇ ਹਾਲਾਤ ਦੌਰਾਨ ਇਹ ਤੱਥ ਵੀ ਜੱਗ-ਜ਼ਾਹਿਰ ਹੈ ਕਿ ਕਰੋਨਾ ਵਾਇਰਸ ਸਿਆਸਤ ਉਤੇ ਕਿਸੇ ਨਾ ਕਿਸੇ ਰੂਪ ਵਿਚ ਅਸਰ-ਅੰਦਾਜ਼ ਹੋਇਆ ਹੈ। ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਜੋ ਤਬਾਹੀ ਮੱਚੀ ਹੈ, ਉਸ ਨੇ ਆਮ ਲੋਕਾਂ ਦਾ ਪ੍ਰਸ਼ਾਸਨ ਅਤੇ ਸਰਕਾਰਾਂ ਤੋਂ ਭਰੋਸਾ ਚੁੱਕ ਦਿੱਤਾ ਹੈ। ਇਨ੍ਹਾਂ ਸਮਿਆਂ ਦੌਰਾਨ ਸਿਹਤ ਸਿਸਟਮ ਬੁਰੀ ਤਰ੍ਹਾਂ ਲੜਖੜਾ ਗਿਆ ਸੀ। ਇਨ੍ਹਾਂ ਹਾਲਾਤ ਦਾ ਚੋਣਾਂ ਉਤੇ ਕਿੰਨਾ ਕੁ ਅਸਰ ਪਵੇਗਾ, ਕੋਈ ਅਸਰ ਪਵੇਗਾ ਵੀ ਜਾਂ ਨਹੀਂ, ਇਹ ਵਿਚਾਰਨ ਵਾਲਾ ਮਸਲਾ ਹੋਵੇਗਾ। ਅਜੇ ਤਾਂ ਸਮੁੱਚੇ ਚੁਣਾਵੀ ਅਮਲ ਵਿਚ ਇਹ ਧਾਰਨਾ ਪੱਕੀ ਬਣੀ ਹੋਈ ਹੈ ਕਿ ਪਹਿਲਾਂ ਕੀਤੇ ਕੰਮਾਂ ਦਾ ਕੋਈ ਮੁੱਲ ਨਹੀਂ ਪੈਂਦਾ, ਚੋਣਾਂ ਨੇੜੇ ਜਾ ਕੇ ਜਿਹੜੀ ਧਿਰ ਆਪਣੇ ਆਮ ਨੂੰ ਚੰਗੀ ਸਿੱਧ ਕਰ ਦਿੰਦੀ ਹੈ, ਉਹ ਮੋਰਚਾ ਫਤਿਹ ਕਰ ਲੈਂਦੀ ਹੈ। ਉਂਜ ਵੀ ਚੋਣਾਂ ਲੜਨ ਅਤੇ ਜਿੱਤਣ ਲਈ ਸਿਆਸੀ ਧਿਰਾਂ ਜੋ ਨੈਤਿਕ-ਅਨੈਤਿਕ ਹੱਥਕੰਡੇ ਅਪਣਾਉਂਦੀਆਂ ਹਨ, ਉਸ ਤੋਂ ਲੋਕਾਂ ਦਾ ਸਿਆਸੀ ਧਿਰਾਂ ਲਈ ਯਕੀਨ ਬੱਝਣਾ ਵੀ ਵੱਡਾ ਸਵਾਲ ਬਣ ਕੇ ਉਭਰਿਆ ਹੈ। ਭਾਰਤੀ ਜਨਤਾ ਪਾਰਟੀ ਨੇ ਹੁਣੇ-ਹੁਣੇ ਪੱਛਮੀ ਬੰਗਾਲ ਦੀਆਂ ਚੋਣਾਂ ਦੌਰਾਨ ਜੋ ਵਿਹਾਰ ਕੀਤਾ ਹੈ ਅਤੇ ਹੁਣ ਜੋ ਵਿਹਾਰ ਕੀਤਾ ਜਾ ਰਿਹਾ ਹੈ, ਉਸ ਤੋਂ ਲੋਕ ਭਲਾਈ ਵਾਲੀ ਗੱਲ ਬਹੁਤ ਪਿਛਾਂਹ ਛੁੱਟ ਗਈ ਲਗਦੀ ਹੈ। ਜਾਪਦਾ ਹੈ, ਚੋਣਾਂ ਵਿਚੋਂ ਲੋਕ ਭਲਾਈ ਦਾ ਮਸਲਾ ਹੌਲੀ-ਹੌਲੀ ਗਾਇਬ ਹੋ ਰਿਹਾ ਹੈ ਅਤੇ ਸਿਆਸੀ ਜੋੜ-ਤੋੜ ਭਾਰੂ ਪੈ ਰਹੇ ਹਨ।