ਭਗਵਾ ਲਿਬਾਸ, ਰਾਮਦੇਵ ਅਤੇ ਧੋਖਾਧੜੀ

ਇਨ੍ਹੀਂ ਦਿਨੀਂ ਕਾਰੋਬਾਰੀ ਬਾਬਾ ਰਾਮਦੇਵ ਇਕ ਵਾਰ ਫਿਰ ਸੁਰਖੀਆਂ ‘ਚ ਹੈ ਜਿਸ ਦਾ ਨਾਂ ਅਕਸਰ ਕਿਸੇ ਨਾਲ ਕਿਸੇ ਵਿਵਾਦ ਨਾਲ ਜੁੜਿਆ ਰਹਿੰਦਾ ਹੈ। ਦਿੱਲੀ ਯੂਨੀਵਰਸਿਟੀ ‘ਚ ਅੰਗਰੇਜ਼ੀ ਦੇ ਅਧਿਆਪਕ ਆਲੋਕ ਰਾਏ ਨੇ ਰਾਮਦੇਵ ਵਰਤਾਰੇ ਦੀਆਂ ਪਰਤਾਂ ਫਰੋਲਦਿਆਂ ਇਸ ਨੂੰ ਆਰ.ਐਸ.ਐਸ.-ਭਾਜਪਾ ਦੇ ਸਵਰਨ ਹਿੰਦੂ ਆਧਾਰ ਨਾਲ ਨਾੜੂਏ ਵਾਲੇ ਰਿਸ਼ਤੇ ਦੇ ਪ੍ਰਸੰਗ ‘ਚ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਇਸ ਲੇਖ ਦਾ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ।

ਆਲੋਕ ਰਾਏ
ਅਨੁਵਾਦ: ਬੂਟਾ ਸਿੰਘ
ਰਾਮਦੇਵ ਦੀ ‘ਮੂਰਖਤਾ’ ਦੀ ਨਵੀਨਤਮ ਖੇਪ ਬਾਜ਼ਾਰ ‘ਚ ਆਉਂਦਿਆਂ ਹੀ ਚੰਗੇ ਡਾਕਟਰਾਂ ਦੀ ਕਸਰਤ ਸ਼ੁਰੂ ਹੋ ਗਈ ਹੈ -ਉਨ੍ਹਾਂ ਨੇ ਰਾਮਦੇਵ ਉੱਪਰ 1000 ਕਰੋੜ ਰੁਪਏ ਦਾ ਮਾਣਹਾਨੀ ਦਾ ਦਾਅਵਾ ਠੋਕ ਦਿੱਤਾ ਹੈ। ਕੁਝ ਵੀ ਹੋਵੇ, ਵਾਰ-ਵਾਰ ਹੋਣ ਵਾਲਾ ਇਹ ਅੱਤਿਆਚਾਰ ਇਕ ਵਾਰ ਫਿਰ ਉਸ ਸਵਾਲ ਨੂੰ ਉਭਾਰ ਕੇ ਸਾਹਮਣੇ ਲੈ ਆਇਆ ਹੈ ਜੋ ਪਿਛਲੇ ਸੱਤ ਸਾਲਾਂ ਤੋਂ ਸਾਡੇ ਵਿਚੋਂ ਬਹੁਤਿਆਂ ਨੂੰ ਪ੍ਰੇਸ਼ਾਨ ਕਰਦਾ ਰਿਹਾ ਹੈ – ਸਰਕਾਰ ਦੀ ਛਤਰ-ਛਾਇਆ ਅਤੇ ਮੰਤਰੀਆਂ ਦੀ ਮੌਜੂਦਗੀ ‘ਚ ਹੋਣ ਵਾਲੇ ਰਾਮਦੇਵ ਦੇ ਇਨ੍ਹਾਂ ਪ੍ਰਸਾਰਨਾਂ ਅਤੇ ਭਗਵੇਂ ਲਿਬਾਸ ‘ਚ ਲਿਪਟੀ ਹਰ ਤਰ੍ਹਾਂ ਦੀ ਧੋਖਾਧੜੀ ਨੂੰ ਅਸੀਂ ਕਿਵੇਂ ਸਮਝੀਏ? (ਗਊ ਦੇ ਗੋਬਰ ਅਤੇ ਗਊ ਮੂਤਰ ਨੂੰ ਇਸ ਸੰਵਾਦ ਤੋਂ ਬਾਹਰ ਰੱਖਿਆ ਜਾਣਾ ਚਾਹੀਦਾ ਹੈ – ਇਹ ਮੇਰਾ ਮੰਨਣਾ ਹੈ – ਕਿਉਂਕਿ ਉਨ੍ਹਾਂ ਦਾ ਸੌਖਿਆਂ ਹੀ ਮਜ਼ਾਕ ਉਡਾਇਆ ਜਾ ਸਕਦਾ ਹੈ) ਕੀ ਇਸ ਦੇ ਪਿੱਛੇ ਕੋਈ ਚਾਲ ਹੈ ਕਿ ਆਧੁਨਿਕ ਵਿਗਿਆਨ ਅਤੇ ਆਧੁਨਿਕ ਪੱਛਮੀ ਇਲਾਜ ਪ੍ਰਣਾਲੀ ਦੇ ਮੁਕਾਬਲੇ ਲਈ ਉਹ ਸ਼ੇਖੀ ਭਰੀ ਪ੍ਰਾਪਤੀਆਂ ਦੀ ਕਾਟ ਦੇ ਤੌਰ ‘ਤੇ ਮਿਥਿਹਾਸਕ ‘ਪ੍ਰਾਚੀਨ ਭਾਰਤ’ ਦੀ ਪਟਾਰੀ ‘ਚੋਂ ਹਰ ਵਾਰ ਮੂਰਖਤਾ ਦੀ ਕੋਈ ਵਡਮੁੱਲੀ ਡਲੀ ਲੱਭ ਲਿਆਉਂਦੇ ਹਨ। ਮੋਦੀ ਦਾ ਗਣੇਸ਼ ਨੂੰ ਪ੍ਰਾਚੀਨ ਸਰਜਰੀ ਦਾ ਸਬੂਤ ਦੱਸਣਾ ਇਸ ਦੀ ਮਹਿਜ਼ ਇਕ ਮਿਸਾਲ ਹੈ।
ਇਮਾਨਦਾਰੀ ਨਾਲ ਗੱਲ ਕਰਨੀ ਹੋਵੇ ਤਾਂ ਸਾਡੇ ਮੁਲਕ ‘ਚ ਆਧੁਨਿਕ ‘ਪੱਛਮੀ’ ਇਲਾਜ ਪ੍ਰਣਾਲੀ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣ ਦਾ ਲੰਮਾ ਇਤਿਹਾਸ ਰਿਹਾ ਹੈ ਜੋ ਬਸਤੀਵਾਦ ਵਿਰੋਧੀ ਵਿਚਾਰਧਾਰਾ ਨਾਲ ਹੈ। ਗਾਂਧੀ ਦਾ ਟੀਕਾਕਰਨ (ਵੈਕਸੀਨੇਸ਼ਨ) ਤੋਂ ਮਨ੍ਹਾਂ ਕਰਨਾ ਜੱਗ ਜ਼ਾਹਿਰ ਹੈ। ਇਸ ਗੱਲ ਦੇ ਸਬੂਤ ਮੌਜੂਦ ਹਨ ਕਿ ਵੱਖ-ਵੱਖ ਮਹਾਮਾਰੀਆਂ ਦੌਰਾਨ ਜਦੋਂ ਬਸਤੀਆਨਾ ਹਕੂਮਤ ਨੇ ਆਧੁਨਿਕ ਇਲਾਜ ਪ੍ਰਣਾਲੀ ਅਨੁਸਾਰ ਦਵਾਈ ਦੇਣ ਜਾਂ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗ਼ੁਲਾਮ ਜਨਤਾ ਨੇ ਉਸ ਦਾ ਵਿਰੋਧ ਕੀਤਾ। ਲਿਹਾਜ਼ਾ, ਇਕ ਤਰ੍ਹਾਂ ਨਾਲ ਰਾਮਦੇਵ ਉਸੇ ਪੁਰਾਣੀ ਅੰਧਵਿਸ਼ਵਾਸੀ ਅਤੇ ਤਰਕਹੀਣ ਪਰੰਪਰਾ ਦਾ ਹੀ ਤਰਜਮਾਨ ਹੈ; ਲੇਕਿਨ ਬਸਤੀਵਾਦ ਖਿਲਾਫ਼ ਟਾਕਰੇ ਦਾ ਪ੍ਰਸੰਗ ਵੀ ਇਸ ਨਾਲ ਗੁੰਦਿਆ ਹੋਣਾ ਇਸ ਪ੍ਰਵਿਰਤੀ ਨੂੰ ਨਜਾਇਜ਼ ਵਾਜਬੀਅਤ ਮੁਹੱਈਆ ਕਰਦਾ ਹੈ, ਤੇ ਇਲਾਜ ਦੀਆਂ ਸੱਚੀਆਂ ਪ੍ਰਣਾਲੀਆਂ – ਆਯੁਰਵੇਦ ਅਤੇ ਹੋਰ ਰਵਾਇਤੀ ਪ੍ਰਣਾਲੀਆਂ ਜੋ ਨਿਰਖ ਅਤੇ ਪ੍ਰਯੋਗ ਜ਼ਰੀਏ ਹਾਸਲ ਅਨੁਭਵਵਾਦੀ ਗਿਆਨ ਉੱਪਰ ਆਧਾਰਿਤ ਉੱਤਮ ਪ੍ਰਣਾਲੀਆਂ ਹਨ – ਉਨ੍ਹਾਂ ਰੱਖਿਆਤਮਕ ਅੰਧਵਿਸ਼ਵਾਸਾਂ ਦੇ ਚਿੱਕੜ ਵਿਚ ਲਿੱਬੜ ਜਾਂਦੀਆਂ ਹਨ ਜਿਨ੍ਹਾਂ ਦਾ ਸਹਾਰਾ ਲੈਣ ਲਈ ਲੰਮੇ ਸਮੇਂ ਤੋਂ ਨਜ਼ਰਅੰਦਾਜ਼ ਕੀਤੇ ਅਵਾਮ ਉਦੋਂ ਵੀ ਮਜਬੂਰ ਸਨ ਅਤੇ ਹੁਣ ਵੀ ਹਨ। ਮੂਲ ਰੂਪ ‘ਚ, ਫਰਜ਼ੀ ‘ਪਰੰਪਰਾਵਾਂ’ ਪ੍ਰਮਾਣਿਕ ਪਰੰਪਰਾਵਾਂ ਦੀ ਬਦਨਾਮੀ ਦੀ ਵਜ੍ਹਾ ਬਣਦੀਆਂ ਹਨ। ਆਰੀਆ ਭੱਟ ਦੇ ਵਾਰਿਸ ‘ਵਾਇਰਸ ਭਗਵਾਨ’ ਨੂੰ ਖੁਸ਼ ਕਰਨ ਲਈ ਥਾਲੀਆਂ ਵਜਾਉਣ ਲੱਗਦੇ ਹਨ।
ਇਸ ਦੀ ਸਭ ਤੋਂ ਬੜੀ ਵਜ੍ਹਾ ਅਗਿਆਨਤਾ ਹੈ। ਲੰਮੇ ਸਮੇਂ ਤੋਂ ਝੂਠੀ-ਸੰਸਕ੍ਰਿਤ, ਝੂਠੀ ‘ਪਰੰਪਰਾ’ ਅਤੇ ‘ਸੰਸਕ੍ਰਿਤ’ ਸ਼ਬਦਕੋਸ਼ ਦੇ ਕੁਝ ਤੱਤਸਮ ਸ਼ਬਦਾਂ ਦੀ ਮਦਦ ਨਾਲ ਅੱਧਪੜ੍ਹ ਲੋਕਾਂ ‘ਚ ਪ੍ਰਮਾਣਿਕਤਾ ਅਤੇ ਸਿਆਣਪ ਦੀ ਗਾਰੰਟੀ ਦਿੰਦੀ ਆ ਰਹੀ ਹੈ। ਇਸ ਕੌੜੀ ਹਕੀਕਤ ਨੂੰ ਪ੍ਰੇਮਚੰਦ ਦੀ ਕਹਾਣੀ ‘ਸਦਗਤੀ’ ਵਿਚ ਦੇਖਿਆ ਜਾ ਸਕਦਾ ਹੈ ਜਿਸ ਵਿਚ ਪਿੰਡ ਦਾ ਇਕ ਗਰੀਬ ‘ਪਰੰਪਰਾ’ ਦੇ ਚਿੰਨ੍ਹ ਪੰਡਿਤ ਜੀ ਨੂੰ ਆਪਣੀ ਖੂਨ-ਪਸੀਨੇ ਦੀ ਕਮਾਈ ਭੇਟ ਕਰਦਾ ਹੈ। ਲੇਕਿਨ ਕੀ ਇਨ੍ਹਾਂ ਲੜੀਵਾਰ ਪ੍ਰਸਾਰਨਾਂ ਪਿੱਛੇ ਕੁਝ ਹੋਰ ਵੀ ਹੈ? ਕੀ ਸਾਡੀ ਸਮੱਸਿਆ ਜਨਤਕ ਮੂਰਖਤਾ ਹੈ ਜਾਂ ਸਾਡਾ ਸਮਾਜ ਮੂਰਖਤਾ ਦਾ ਬਾਗ਼ੀਚਾ ਹੈ? ਆਖਿਰਕਾਰ, ਸਾਡੇ ਮੌਜੂਦਾ ਪ੍ਰਬੰਧ ਦੇ ਸਿਖਰ ‘ਤੇ ਬੈਠੀ ਟੋਲੀ ‘ਚ ਮਹਿਜ਼ ਨਾਲਾਇਕੀ ਦਾ ਆਮ ਸੰਕਟ ਹੀ ਐਨਾ ਡੂੰਘਾ ਹੈ ਕਿ ਹਰ ਕੋਈ ਉਸ ਨੂੰ ਦੇਖ ਸਕਦਾ ਹੈ; ਜਾਂ ਫਿਰ ਮੂਰਖਤਾ ਦੇ ਇਸ ਮਜ਼ਬੂਤ ਗੱਠਜੋੜ ਦੇ ਪਿੱਛੇ ਕੋਈ ਵਧੇਰੇ ਡੂੰਘੀ ਸਾਜ਼ਿਸ਼ ਕੰਮ ਕਰ ਰਹੀ ਹੈ?
ਇਸ ‘ਡੂੰਘੀ ਸਾਜ਼ਿਸ਼’ ਨੂੰ ਆਮ ਤੌਰ ‘ਤੇ ਅਵਾਮ ਦੇ ਵਿਆਪਕ ਅਨਪੜ੍ਹ ਹਿੱਸੇ ਦੇ ਕਲਪਿਤ ਵਿਸ਼ਵਾਸਾਂ ਨੂੰ ਲੈ ਕੇ ਇਸ ਮਾਨਤਾ ਦੇ ਪ੍ਰਸੰਗ ‘ਚ ਸਮਝਿਆ ਜਾ ਸਕਦਾ ਹੈ: ਲੋਕਾਂ ਨੂੰ ਉਹੀ ਪਰੋਸੋ ਜੋ ਉਹ ਚਾਹੁੰਦੇ ਹਨ। ਆਪਣੇ ਲੋਕਾਂ ਦੇ ਬਾਰੇ ਮੇਰੀ ਪੱਕੀ ਸਮਝ ਹੈ ਕਿ ਉਹ ਉਸ ਤੋਂ ਕਿਤੇ ਜ਼ਿਆਦਾ ਸਮਝਦਾਰ ਅਤੇ ਵੰਨ-ਸੁਵੰਨੀ ਸੋਚ ਵਾਲੇ ਹਨ ਜਿਵੇਂ ਆਮ ਤੌਰ ‘ਤੇ ਉਨ੍ਹਾਂ ਨੂੰ ਸਮਝਿਆ ਜਾਂਦਾ ਹੈ। ਜਨਤਕ ਸਿਹਤ ਪ੍ਰਬੰਧ ਦੀ ਗਿਣ-ਮਿੱਥ ਕੇ ਕੀਤੀ ਗਈ ਤਬਾਹੀ ਉਨ੍ਹਾਂ ਨੂੰ ਕਿਸੇ ਝੋਲਾ ਛਾਪ ਦੀ ਸ਼ਰਨ ‘ਚ ਜਾਣ ਲਈ ਮਜਬੂਰ ਕਰਦੀ ਹੈ ਲੇਕਿਨ ਉਨ੍ਹਾਂ ਨੂੰ ਡਾਕਟਰ ਦੀ ਯੋਗਤਾ ਦੀ ਪਰਖ ਹੈ, ਬਸ਼ਰਤੇ ਉਹ ਉਨ੍ਹਾਂ ਨੂੰ ਨਸੀਬ ਹੋਵੇ। ਇਹ ਢੌਂਗੀ ਬਾਬੇ – ਰਾਮਦੇਵ, ਸ੍ਰੀ ਸ੍ਰੀ, ਜੱਗੀ ਵਾਸੂਦੇਵ – ਸਿੱਧੇ ਸਾਦੇ ਲੋਕਾਂ ਨੂੰ ਅੰਧਵਿਸ਼ਵਾਸਾਂ ਦੀ ਲੋਰੀ ਦੇ ਕੇ ਸੁਲਾ ਸਕਦੇ ਹਨ, ਲੇਕਿਨ ਨਹੀਂ, ਇਸ ਦਾ ਕੁਟਲ ਉਦੇਸ਼ ਦਰਅਸਲ ਸਵਰਨ ਹਿੰਦੂ ਮੱਧਵਰਗ ਨੂੰ ਇਕ ਤਰ੍ਹਾਂ ਦੀ ਯਕੀਨਦਹਾਨੀ ਦੇਣਾ ਹੈ।
ਸਭ ਤੋਂ ਸਤਹੀ ਤੌਰ ‘ਤੇ ਇਹ ਉਨ੍ਹਾਂ ਦੀ ਸੰਸਕ੍ਰਿਤੀ ਦੇ ਹਾਰ-ਸ਼ਿੰਗਾਰ ਨੂੰ ਸੰਤੁਸ਼ਟ ਕਰਦਾ ਹੈ ਜੋ ਠੀਕ ਇਸੇ ਕਰ ਕੇ ਅਭੇਦ ਹੈ ਕਿਉਂਕਿ ਇਸ ਦੀ ਨੀਂਹ ਉਸ ‘ਪ੍ਰਾਚੀਨ ਭਾਰਤ’ ਦੇ ਬਾਰੇ ਉਨ੍ਹਾਂ ਦੇ ਪਰਮ ਅਗਿਆਨ ਉੱਪਰ ਰੱਖੀ ਗਈ ਹੈ ਜੋ ਉਨ੍ਹਾਂ ਦੇ ਇਸ ਦਿਖਾਵੇ ਦੇ ਅਤੇ ਖੋਖਲੇ ‘ਗਰਵ’ ਦਾ ਆਧਾਰ ਹੈ। ਬੁੱਧੀਮਾਨ ‘ਰਿਸ਼ੀਆਂ’ ਅਤੇ ਕਾਮੁਕ ‘ਪਰੀਆਂ’ ਨਾਲ ਭਰੀ ਇਹ ਮਿਥਿਹਾਸਕ ਦੁਨੀਆ ਤਮਾਮ ਚੰਗੀਆਂ ਚੀਜ਼ਾਂ ਦਾ ਭੰਡਾਰ ਹੈ। ਇਸ ਤੋਂ ਵੀ ਅੱਗੇ, ਅਤੇ ਇਹ ਹੋਰ ਵੀ ਮਹੱਤਵਪੂਰਨ ਹੈ, ਇਹ ਉਹ ਪ੍ਰਸੰਗ ਮੁਹੱਈਆ ਕਰਦਾ ਹੈ ਜਿਸ ਦੇ ਜ਼ੋਰ ‘ਮੁਸਲਿਮ’ ਮੱਧਕਾਲ ਨੂੰ ਦੁਖਦਾਈ ਤਰੀਕੇ ਨਾਲ ਸਾਡੇ ਇਤਿਹਾਸ ਤੋਂ ਤੋੜ ਕੇ ਅਨੰਤ ਪਤਾਲ ‘ਚ ਧੱਕ ਦਿੱਤਾ ਜਾਂਦਾ ਹੈ – ਜਿਸ ਦੀਆਂ ਹੈਰਤਅੰਗੇਜ਼ ਪ੍ਰਾਪਤੀਆਂ ਦਾ ਸਾਨੂੰ ਅਜੇ ਪਿੱਛੇ ਜਿਹੇ ਹੀ ਇਲਮ ਹੋਣਾ ਸ਼ੁਰੂ ਹੋਇਆ ਹੈ! ਨਿਰਸੰਦੇਹ, ਇਹ ਬੇਹੂਦਾ ਬਕਵਾਸ ਹੈ; ਲੇਕਿਨ ਇਹ ਕੰਮ ਬਹੁਤ ਕਰ ਰਿਹਾ ਹੈ। ਇਹ ਕਲਪਿਤ ‘ਕਾਲਾ ਦੌਰ’ ਸੰਜੋਗ ਨਾਲ ਰਿਚਰਡ ਈਟਨ ਦਾ ‘ਫਾਰਸੀ ਯੁਗ’ ਵੀ ਹੈ ਅਤੇ ਜਿਸ ਨੂੰ ਅਸੀਂ ਮਹਾਨ ਸੰਸਕ੍ਰਿਤੀ ਮੰਨਦੇ ਹਾਂ ਉਸ ਦਾ ਜ਼ਿਆਦਾਤਰ ਇਸੇ ਦੌਰ ‘ਚ ਪੈਦਾ ਹੋਇਆ ਹੈ। ਪਿਛਲੇ ਸੱਤ ਸਾਲਾਂ ‘ਚ ਮੈਂ ਇਸ ਸਵਾਲ ਉੱਪਰ ਵਾਰ ਵਾਰ ਗੌਰ ਕੀਤਾ ਹੈ ਕਿ ਕੀ ਇਹ ਲੋਕ ਸੱਚੀਂਮੁੱਚੀਂ ਮੂਰਖ ਹਨ ਜਾਂ ਇਹ ਸਿਰਫ਼ ਦੁਸ਼ਟ ਹਨ ਜਾਂ ਦਰਅਸਲ ਇਹ ਮੂਰਖਤਾ ਅਤੇ ਦੁਸ਼ਟਤਾ ਦੀ ਨਿਆਰੀ ਦੋਗਲੀ ਨਸਲ ਹਨ? ਕੋਵਿਡ ਮਹਾਮਾਰੀ ਦੇ ਪ੍ਰਸੰਗ ‘ਚ ਸਾਡੇ ਨਾਇਕ ਡਾਕਟਰ ਅਤੇ ਨਰਸਾਂ ਨੂੰ ਕਹੇ ਗਏ ਬੋਲ-ਕੁਬੋਲ ਅਤੇ ਉਨ੍ਹਾਂ ਦਾ ਸਰਾਸਰ ਅਪਮਾਨ – ਇਸ ਅਨੁਪਾਤ ਦੇ ਪੱਲੜੇ ਨੂੰ ‘ਮੂਰਖਤਾ’ ਵਾਲੇ ਪਾਸੇ ਝੁਕਾ ਦਿੰਦੇ ਹਨ; ਲੇਕਿਨ ਅਗਲੇ ਹੀ ਹਫ਼ਤੇ ਉਨ੍ਹਾਂ ਦੀ ਲਕਸ਼ਦੀਪੀ ਚਲਾਕੀ ਸਾਹਮਣੇ ਆਉਂਦੀ ਹੈ ਅਤੇ ਅਚਾਨਕ ਪੱਲੜਾ ‘ਦੁਸ਼ਟਤਾ’ ਵਾਲੇ ਪਾਸੇ ਝੁਕਦਾ ਜਾਪਦਾ ਹੈ।
ਲੇਕਿਨ ਇਸ ਸੰਸਕ੍ਰਿਤਿਕ ਏਜੰਡੇ ਦਾ ਸਭ ਤੋਂ ਮਹੱਤਵਪੂਰਨ ਹਿੱਸਾ, ਜਿਸ ਨੂੰ ਇਸ ਬਕਵਾਸ ਜ਼ਰੀਏ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਹ ਹੈ ਜਾਦੂ ਅਤੇ ਅੰਧਵਿਸ਼ਵਾਸ ਦੇ ਪਾਲਣ-ਪੋਸ਼ਣ ਲਈ ਤਰਕ ਅਤੇ ਵਿਵੇਕ ਦੀ ਸਨਕੀ ਤਬਾਹੀ। ਇਹ ਅਗਿਆਨ ਤਾਂ ਹੈ ਲੇਕਿਨ ਅਗਿਆਨ ਨੂੰ ਹਥਿਆਰ ਬਣਾ ਦਿੱਤਾ ਗਿਆ ਹੈ। ਸਦੀਆਂ ਦੇ ਸੰਸਕ੍ਰਿਤਿਕ ਸੰਵਾਦ ਦੇ ਨਤੀਜੇ ਵਜੋਂ ਸਵਰਨ ਹਿੰਦੂ ਸਮਾਜੀ ਪ੍ਰਬੰਧ ਦੀ ਵਾਜਬੀਅਤ ਖੁੱਸਦੀ ਜਾ ਰਹੀ ਸੀ। ਭਗਤੀ ਲਹਿਰ ਨੇ ਇਸ ਨੂੰ ਜੋ ਸੱਟ ਮਾਰੀ, ਉਸ ਨੂੰ ਬਸਤੀਵਾਦੀ ਸਰਪ੍ਰਸਤੀ ‘ਚ ਆਧੁਨਿਕਤਾ ਦੀਆਂ ਤਾਕਤਾਂ ਨੇ – ਸਮਾਨਤਾ, ਨਿੱਜਤਾ ਅਤੇ ਤਾਰਕਿਕਤਾ ਦੇ ਵਿਚਾਰਾਂ ਨੇ – ਹੋਰ ਡੂੰਘੀ ਕਰ ਦਿੱਤਾ ਅਤੇ ਸਥਾਈ ਬਣਾਇਆ। ਪਿੱਛੇ ਹਟ ਰਹੀਆਂ ਹਿੰਦੂ ਸਵਰਨ ਜਾਤੀਆਂ ਨੇ, ਜਿਨ੍ਹਾਂ ਦੇ ਬੋਲਬਾਲੇ ਦੀ ਵਾਜਬੀਅਤ ਖੁਸ ਚੁੱਕੀ ਸੀ, ਮਜਬੂਰ ਹੋ ਕੇ ਸਵੈ-ਰੱਖਿਆ ਨੇ ਅਤਾਰਕਿਕਤਾ ਵੱਲ ਮੂੰਹ ਕਰ ਲਿਆ – ਚਾਹੇ ਉਹ ਆਧੁਨਿਕਤਾ ਅਤੇ ਵਿਗਿਆਨ ਵੱਲੋਂ ਸਾਹਮਣੇ ਲਿਆਂਦੀਆਂ ਗਈਆਂ ਤੁੱਛ ਤੋਂ ਤੁੱਛ ਚੀਜ਼ਾਂ ਵੀ ਕਿਉਂ ਨਾ ਹੋਣ। ਨਤੀਜੇ ਵਜੋਂ, ਬੁਰੀ ਆਸਥਾ ਲਈ ਸਥਾਈ ਹਾਲਾਤ ਪੈਦਾ ਹੋਣੇ ਸ਼ੁਰੂ ਹੋ ਗਏ ਜਿਸ ਦੀ ਪਛਾਣਕਾਰੀ ਮਨੋਵਿਗਿਆਨੀ ‘ਗਿਆਨਾਤਮਕ ਮੱਤਭੇਦ ਦੀ ਸਹਿਣਸ਼ੀਲਤਾ’ ਦੇ ਰੂਪ ‘ਚ ਕਰਦੇ ਹਨ – ਪਰਮਾਣੂ ਵਿਗਿਆਨੀਆਂ ਵੱਲੋਂ ਅਗਨੀ ਦੇਵਤਾ ਦੀ ਪੂਜਾ ਕਰਨਾ ਅਤੇ ਐਸੀਆਂ ਤਮਾਮ ਹੋਰ ਬੇਹੂਦਗੀਆਂ। ਆਪਾ ਵਿਰੋਧੀ ਅਤੇ ਬੇਮੇਲ ਵਿਸ਼ਵਾਸਾਂ ਨੂੰ ਮਨ ‘ਚ ਵਸਾਈ ਰੱਖਣ ਦੀ ਇਸ ਸਮਰੱਥਾ ਦਾ ਦੂਜਾ ਪਹਿਲੂ ਹੈ ਇਕ ਡੂੰਘੀ ਅਨੈਤਿਕਤਾ – ਜੋ ਇਸ ਖੁੱਲ੍ਹ-ਮ-ਖੁੱਲ੍ਹੇ ਅਨਿਆਂ ਉੱਪਰ ਆਧਾਰਿਤ ਸਮਾਜੀ ਪ੍ਰਬੰਧ ਦਾ ਫ਼ਾਇਦਾ ਉਠਾਉਣ ਵਾਲਿਆਂ ਦਾ ਲਾਜ਼ਮੀ ਪ੍ਰਤੀਕਰਮ ਹੈ।
‘ਬੁਰੀ ਆਸਥਾ’ ਕਿਨ੍ਹਾਂ ਗੱਲਾਂ ਤੋਂ ਬਚਦੀ ਹੈ ਇਸ ਦਾ ਬਿਓਰਾ ਬੇਹੱਦ ਉਲਝਿਆ ਹੋਇਆ ਹੈ; ਲੇਕਿਨ ਬੁਰੀ ਆਸਥਾ ਦਾ ਸਾਰ ਇਹ ਹੈ ਕਿ ਇਸ ਵਿਚ ਫਸ ਕੇ ਮਨੁੱਖ ਨੂੰ ਉਹ ਸਭ ਕਰਨਾ ਪੈਂਦਾ ਹੈ ਜਿਸ ਨੂੰ ਉਹ ਗ਼ਲਤ ਸਮਝਦਾ ਹੈ। ਇਸ ਤਰ੍ਹਾਂ ਇਹ ‘ਚੰਗੀ ਆਸਥਾ’ ਤੋਂ ਇਕਦਮ ਉਲਟ ਹੈ – ਜਿੱਥੇ ਗ਼ਲਤੀ ਮਾਸੂਮ ਹੁੰਦੀ ਹੈ ਅਤੇ ਭੁੱਲਾਂ ਸੱਚੀਆਂ ਹੁੰਦੀਆਂ ਹਨ, ਤੇ ਸ਼ਾਇਦ ਇਸ ਲਈ ਸਾਡੇ ਮੌਜੂਦਾ ਭਾਰਤੀ ਹਾਲਾਤ ‘ਚੋਂ ਨਿਕਲਣ ਦੀ ਇੱਕੋ-ਇਕ ਕੁੰਜੀ ਉਹ ਅਕੱਟ ਅਤੇ ਗੈਰ-ਕਾਲਪਨਿਕ ਸਵਾਲ ਪੁੱਛਣਾ ਹੈ – ਮਸਲਨ ਬੁਰੀ ਆਸਥਾ ਨੂੰ ਲੰਮੇ ਸਮੇਂ ਤੱਕ ਜਿਊਣ ਅਤੇ ਉਸ ਦੇ ਅਨੁਸਾਰ ਵਿਹਾਰ ਕਰਨ ਦੇ ਦੂਰਗਾਮੀ ਨਤੀਜੇ ਕੀ ਹਨ? ਚਲਾਕ ਟਿੱਪਣੀਕਾਰਾਂ ਨੇ ਪਹਿਲਾਂ ਹੀ ਇਸ ਸੰਭਾਵਨਾ – ਜਾਂ ਹਕੀਕਤ? – ਦੀ ਚਿਤਾਵਨੀ ਦੇ ਦਿੱਤੀ ਸੀ – ਇਕ ਐਸੇ ਹਾਲਾਤ ਦੀ ਚਿਤਾਵਨੀ ਜੋ ਬੁਰੀ ਆਸਥਾ ਤੋਂ ਵੀ ਪਾਰ ਚਲੇ ਜਾਂਦੇ ਹਨ।
ਇਨ੍ਹਾਂ ਹਾਲਾਤ ‘ਚ, ਜਿਸ ਨੂੰ ਅਜੇ ਕੋਈ ਨਾਮ ਨਹੀਂ ਦਿੱਤਾ ਗਿਆ ਹੈ, ਸਹੀ-ਗ਼ਲਤ ਦਾ ਵਿਵੇਕ ਹੀ ਕਮਜ਼ੋਰ ਪੈ ਜਾਂਦਾ ਹੈ – ਅਤੇ ਜੇ ਕੋਈ ਉਸ ਨੂੰ ਮੁੜ ਹਾਸਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾ ਉਸ ਨੂੰ ਦੁੱਖ ਅਤੇ ਤਕਲੀਫ਼ ਦਾ ਸਾਹਮਣਾ ਕਰਨਾ ਪੈਂਦਾ ਹੈ – ਠੀਕ ਇਕ ਫਿਜ਼ਿਓਥੈਰੇਪਿਸਟ ਦੀ ਤਰ੍ਹਾਂ ਜਿਸ ਨੂੰ ਮਰੀਜ ਦੀਆਂ ਸਰੀਰਕ ਸਮਰੱਥਾਵਾਂ ਬਹਾਲ ਕਰਨ ਦੇ ਅਮਲ ‘ਚ ਉਸ ਨੂੰ ਐਸੀਆਂ ‘ਕਸਰਤਾਂ’ ਕਰਾਉਣੀਆਂ ਪੈਂਦੀਆਂ ਹਨ ਜੋ ਉਸ ਦੇ ਲਈ ਬੇਹੱਦ ਤਕਲੀਫ਼ਦੇਹ ਵੀ ਹੋ ਸਕਦੀਆਂ ਹਨ। ਰਾਮਦੇਵ ਵਗੈਰਾ ਦੇ ਖੋਖਲੇ ਦਾਅਵਿਆਂ ਦੀ ਸਰਪ੍ਰਸਤੀ ਕਰਦੇ ਵਕਤ ਮੌਜੂਦਾ ਨਿਜ਼ਾਮ ਆਪਣੇ ਕੇਂਦਰੀ ਹਿੰਦੂ ਸਵਰਨ ਆਧਾਰ ਨੂੰ ਇਹ ਸੰਕੇਤ ਦੇਣਾ ਚਾਹੁੰਦਾ ਹੈ ਕਿ ਅਨਿਆਂ ਉੱਪਰ ਆਧਾਰਿਤ ਇਸ ਸਮਾਜੀ ਪ੍ਰਬੰਧ, ਜੋ ਆਪਣਾ ਬਚਾਓ ਕਰਨ ਤੋਂ ਅਸਮਰੱਥ ਹੈ, ਦੇ ਬਚਾਓ ਲਈ ਜ਼ਰੂਰੀ ਤਮਾਮ ਸਨਕ ਭਰੇ ਤੀਰ ਉਸ ਦੇ ਤਰਕਸ਼ ਵਿਚ ਮੌਜੂਦ ਹਨ।