ਸੈਕਰਾਮੈਂਟੋ (ਬਿਊਰੋ): ਗਦਰ ਮੈਮੋਰੀਅਲ ਫਾਊਂਡੇਸ਼ਨ ਆਫ ਅਮੈਰਿਕਾ ਵਲੋਂ ਗਦਰ ਲਹਿਰ ਦੀ ਸ਼ਤਾਬਦੀ ਨੂੰ ਸਮਰਪਿਤ 13 ਅਤੇ 14 ਜੁਲਾਈ ਨੂੰ ਕਰਵਾਈ ਗਈ ਦੋ ਰੋਜ਼ਾ ਕਾਨਫਰੰਸ ਆਪਣੇ ਮਕਸਦ ਵਿਚ ਪੂਰੀ ਤਰ੍ਹਾਂ ਕਾਮਯਾਬ ਰਹੀ। ਕਾਨਫਰੰਸ ਦੇ ਪਹਿਲੇ ਹਿੱਸੇ ਵਜੋਂ ਸੈਨ ਫਰਾਂਸਿਸਕੋ ਸ਼ਹਿਰ ਵਿਚ ਗਦਰ ਮੈਮੋਰੀਅਲ ਹਾਲ (ਯੁਗਾਂਤਰ ਆਸ਼ਰਮ) ਵਿਚ ਇਕ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਭਾਰਤ, ਅਮਰੀਕਾ ਅਤੇ ਹੋਰਨਾਂ ਮੁਲਕਾਂ ਤੋਂ ਆਏ ਚੋਟੀ ਦੇ ਵਿਦਵਾਨਾਂ ਨੇ ਗਦਰ ਲਹਿਰ ਦੇ ਮਕਸਦ ਅਤੇ ਇਸ ਲਈ ਜੂਝ ਮਰੇ ਗਦਰੀ ਬਾਬਿਆਂ ਦੀਆਂ ਕੁਰਬਾਨੀਆਂ ਉਤੇ ਚਾਨਣਾ ਪਾਇਆ। ਯੁਗਾਂਤਰ ਆਸ਼ਰਮ ਉਹ ਸਥਾਨ ਹੈ ਜਿਥੇ ਇਕ ਸਦੀ ਪਹਿਲਾਂ ਗਦਰੀ ਬਾਬਿਆਂ ਨੇ ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਮੁਕਤ ਕਰਵਾਉਣ ਦੇ ਮਨੋਰਥ ਨਾਲ ‘ਗਦਰ’ ਨਾਂ ਦਾ ਅਖਬਾਰ ਅਰੰਭ ਕੀਤਾ ਸੀ ਜਿਸ ਨੇ ਆਜ਼ਾਦੀ ਦੀ ਲਹਿਰ ਨੂੰ ਵੱਡਾ ਹਲੂਣਾ ਦਿੱਤਾ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਗਦਰ ਲਹਿਰ ਬਾਰੇ ਛਾਪੀ ਗਈ 700 ਸਫਿਆਂ ਦੀ ਖੋਜ ਭਰਪੂਰ ਪੁਸਤਕ ‘ਗਦਰ ਮੂਵਮੈਂਟ: ਬੈਕਗਰਾਊਂਡ, ਆਈਡਿਆਲੋਜੀ, ਐਕਸ਼ਨ ਐਂਡ ਲੈਗੇਸੀਜ਼’ ਰਿਲੀਜ਼ ਕੀਤੀ ਗਈ।
ਕਾਨਫਰੰਸ ਦੇ ਦੂਜੇ ਹਿੱਸੇ ਵਜੋਂ 14 ਜੁਲਾਈ ਨੂੰ ਇਥੇ ਇਕ ਸਭਿਆਚਾਰਕ ਮੇਲਾ ਕਰਵਾਇਆ ਗਿਆ ਜਿਸ ਵਿਚ ਵੱਖ ਵੱਖ ਸ਼ਾਇਰਾਂ ਨੇ ਗਦਰ ਲਹਿਰ ਬਾਰੇ ਕਵਿਤਾਵਾਂ ਪੜ੍ਹੀਆਂ ਅਤੇ ਕਲਾਕਾਰਾਂ ਨੇ ਦੇਸ਼ ਭਗਤੀ ਨੂੰ ਸਮਰਪਿਤ ਗੀਤ ਪੇਸ਼ ਕੀਤੇ।
ਯੁਗਾਂਤਰ ਆਸ਼ਰਮ ਵਿਚ ਹੋਏ ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਉਘੇ ਵਿਦਵਾਨ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾæ ਜਸਪਾਲ ਸਿੰਘ ਨੇ ਕਿਹਾ ਕਿ ਗਦਰ ਲਹਿਰ ਪੰਜਾਬ ਦੀ ਧਰਤੀ ਤੋਂ ਵਿਦੇਸ਼ਾਂ ਵਿਚ ਭਾਰਤੀਆਂ, ਜਿਨ੍ਹਾਂ ਵਿਚ ਬਹੁਤੀ ਗਿਣਤੀ ਸਿੱਖਾਂ ਦੀ ਸੀ, ਵਲੋਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅਰੰਭਿਆ ਗਿਆ ਅਜਿਹਾ ਸੰਘਰਸ਼ ਸੀ, ਜਿਸ ਨੇ ਸਾਮਰਾਜ ਦੇ ਖਾਤਮੇ ਲਈ ਸ਼ਹਾਦਤਾਂ ਦਾ ਮੁੱਢ ਬੰਨਿਆ। ਇੰਡੀਆ ਤੋਂ ਉਚੇਚੇ ਪਹੁੰਚੇ ਡਾæ ਜਸਪਾਲ ਸਿੰਘ ਨੇ ਕਿਹਾ ਕਿ ਸ਼ਹਾਦਤਾਂ ਦੇਣ ਵਾਲਿਆਂ ਨੇ ਸ਼ਹਾਦਤਾਂ ਦੇ ਪ੍ਰਣ ਪਹਿਲਾਂ ਤੋਂ ਹੀ ਕੀਤੇ ਹੋਏ ਹੁੰਦੇ ਹਨ, ਸਰੀਰ ਨੇ ਕਦੋਂ ਖਤਮ ਹੋ ਜਾਣਾ ਹੈ, ਇਹ ਸਮੇਂ ਦੀ ਗੱਲ ਹੈ। ਉਨ੍ਹਾਂ ਆਪਣੀ ਗੱਲ ਬਾਬਾ ਬੰਦਾ ਬਹਾਦਰ ਤੋਂ ਸ਼ੁਰੂ ਕਰ ਕੇ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਊਧਮ ਸਿੰਘ ਦੀਆਂ ਮਹਾਨ ਸ਼ਹਾਦਤਾਂ ਅਤੇ ਉਨ੍ਹਾਂ ਯੋਧਿਆਂ ਵਲੋਂ ਵਿਖਾਈ ਗਈ ਸੂਰਬੀਰਤਾ ਨੂੰ ਲਾਸਾਨੀ ਕਰਾਰ ਦਿਤਾ।
ਕਾਨਫਰੰਸ ਦੇ ਮੁੱਖ ਮਹਿਮਾਨ ਕਮਿਊਨਿਸਟ ਆਗੂ ਸੀਤਾ ਰਾਮ ਯੈਚੁਰੀ ਨੇ ਕਿਹਾ ਕਿ ਗਦਰੀ ਬਾਬਿਆਂ ਵਲੋਂ ਅਰੰਭਿਆ ਗਿਆ ਅੰਦੋਲਨ ਭਾਰਤੀ ਆਜ਼ਾਦੀ ਦੀ ਲਹਿਰ ਦਾ ਅਜਿਹਾ ਮੀਲ ਪੱਥਰ ਹੈ ਜਿਸ ਤੋਂ ਬਾਅਦ ਵਿਚ ਚੱਲੀਆਂ ਸਾਰੀਆਂ ਲੋਕ ਲਹਿਰਾਂ ਨੇ ਪ੍ਰੇਰਣਾ ਅਤੇ ਸੇਧ ਲਈ। ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਭਾਰਤ ਸਰਕਾਰ ਤੋਂ ਗਦਰ ਮੈਮੋਰੀਅਲ ਹਾਲ ਦੇ ਅੰਦਰ ਇਕ ਵੱਡੀ ਲਾਇਬਰੇਰੀ, ਅਜਾਇਬਘਰ ਅਤੇ ਕਲਚਰਲ ਸੈਂਟਰ ਸਥਾਪਤ ਕਰਵਾਇਆ ਜਾਵੇਗਾ ਤਾਂ ਕਿ ਗਦਰੀ ਬਾਬਿਆਂ ਦੀ ਦੇਣ ਨੂੰ ਆਉਣ ਵਾਲੀਆਂ ਪੀੜ੍ਹੀਆਂ ਚੇਤੇ ਰੱਖਣ ਅਤੇ ਉਨ੍ਹਾਂ ਤੋਂ ਸੇਧ ਲੈ ਸਕਣ। ਕੈਲੀਫੋਰਨੀਆ ਸਟੇਟ ਯੂਨੀਵਰਸਿਟੀ, ਫਰਿਜ਼ਨੋ ਦੇ ਪ੍ਰੋਫੈਸਰ ਡਾæ ਗੁਰੂਮੇਲ ਸਿੰਘ ਸਿੱਧੂ ਨੇ ਆਪਣੇ ਉਦਘਾਟਨੀ ਭਾਸ਼ਣ ਵਿਚ ਗਦਰ ਲਹਿਰ ਦੇ ਸਰੋਕਾਰਾਂ ਉਪਰ ਚਾਨਣਾ ਪਾਉਂਦਿਆਂ ਯੁਗਾਂਤਰ ਆਸ਼ਰਮ ਦੀ ਅਹਿਮੀਅਤ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਸ ਸਥਾਨ ਨੂੰ ਗਦਰ ਅੰਦੋਲਨ ਇੰਸਟੀਚਿਊਟ ਦਾ ਨਾਂ ਦਿੱਤਾ ਜਾਣਾ ਚਾਹੀਦਾ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਾਬਕਾ ਪ੍ਰੋਫੈਸਰ ਡਾæ ਹਰੀਸ਼ ਪੁਰੀ ਨੇ ‘ਗਦਰ ਲਹਿਰ: ਇਕ ਨਵੀਂ ਚੇਤਨਾ, ਸੰਵੇਦਨਾ ਅਤੇ ਸਭਿਆਚਾਰ’ ਨਾਂ ਹੇਠ ਪਰਚਾ ਪੜ੍ਹਿਆ ਜਿਸ ਵਿਚ ਉਨ੍ਹਾਂ ਨੇ ਗਦਰ ਲਹਿਰ ਦੇ ਨਿਕਾਸ ਅਤੇ ਵਿਕਾਸ ਬਾਰੇ ਚਰਚਾ ਕਰਦਿਆਂ ਗਦਰ ਪਾਰਟੀ ਦੀ ਸਥਾਪਨਾ, ਜਥੇਬੰਦੀ ਦੀ ਵਿਚਾਰਧਾਰਾ ਅਤੇ ਇਸ ਦੇ ਮਨੋਰਥਾਂ ਬਾਰੇ ਚਾਨਣਾ ਪਾਇਆ। ਆਪਣੇ ਪਰਚੇ ਵਿਚ ਉਨ੍ਹਾਂ ਕਿਹਾ ਕਿ ਗਦਰੀ ਬਾਬਿਆਂ ਨੇ ਆਜ਼ਾਦੀ ਦੀ ਜਿਹੜੀ ਮਿਸ਼ਾਲ ਅਮਰੀਕਾ ਦੀ ਧਰਤੀ ਤੋਂ ਜਗਾਈ ਸੀ, ਉਸ ਤੋਂ ਪ੍ਰੇਰਣਾ ਲੈ ਕੇ ਹਜ਼ਾਰਾਂ ਗਦਰੀ ਦੇਸ਼ ਭਗਤਾਂ ਨੇ ਦੇਸ਼ ਵਾਪਸ ਪਰਤ ਕੇ ਅੰਗਰੇਜ਼ ਹਕੂਮਤ ਵਿਰੁਧ ਹਥਿਆਰਬੰਦ ਵਿਦਰੋਹ ਕੀਤਾ ਜਿਸ ਬਦਲੇ ਉਨ੍ਹਾਂ ਵਿਚੋਂ ਬਹੁਤਿਆਂ ਨੂੰ ਨਾ ਸਿਰਫ ਆਪਣੀਆਂ ਜਾਨਾਂ ਹੀ ਕੁਰਬਾਨ ਕਰਨੀਆਂ ਪਈਆਂ ਸਗੋਂ ਕਈਆਂ ਦੇ ਪਰਿਵਾਰਾਂ ਨੂੰ ਵੱਡੇ ਸੰਕਟਾਂ ਵਿਚੋਂ ਗੁਜ਼ਰਨਾ ਪਿਆ ਅਤੇ ਖੁਦ ਉਨ੍ਹਾਂ ਨੂੰ ਅੰਡੇਮਾਨ ਨਿਕੋਬਾਰ ਦੇ ਕੈਦਖਾਨਿਆਂ ਵਿਚ ਲੱਖ ਤਸੀਹੇ ਝੱਲਣੇ ਪਏ ਪਰ ਉਨ੍ਹਾਂ ਆਪਣੀ ਸੋਚ ਉਤੇ ਮਰਦੇ ਦਮ ਤੱਕ ਪਹਿਰਾ ਦਿੱਤਾ। ਆਪਣੇ ਪਰਚੇ ਵਿਚ ਡਾæ ਪੁਰੀ ਨੇ ਜੁਝਾਰੂ ਸਿੱਖ ਵਿਰਾਸਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਵੇਲੇ ਭਾਰਤੀ ਕੌਮ ਦਾ ਸੰਕਲਪ ਮੌਜੂਦ ਨਹੀਂ ਸੀ ਅਤੇ ਇਸ ਸੰਕਲਪ ਨੂੰ ਗਦਰ ਲਹਿਰ ਨੇ ਹੀ ਜਨਮ ਦਿੱਤਾ। ਉਨ੍ਹਾਂ ਕਿਹਾ ਕਿ ਗਦਰੀ ਬਾਬੇ ਸਿੱਖੀ ਨਿਸ਼ਚੇ ਵਾਲੇ ਸਨ ਪਰ ਗਦਰ ਲਹਿਰ ਵਿਚ ਉਨ੍ਹਾਂ ਨੇ ਧਰਮ ਦੀਆਂ ਵਲਗਣਾਂ ਤੋਂ ਉਪਰ ਉਠ ਕੇ ਨਿਰੋਲ ਹਿੰਦੋਸਤਾਨੀ ਕੌਮ ਦੀ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ। ਉਹ ਧਾਰਮਕ ਆਸਥਾ ਨੂੰ ਧਰਮ ਆਧਾਰਤ ਰਾਜਸੀ ਸਵੈ ਪਛਾਣ ਅਤੇ ਫਿਰਕੂ ਭੇਦ ਭਾਵ ਤੋਂ ਨਿਖੇੜ ਕੇ ਰੱਖਦੇ ਸਨ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਵਾਨਾਂ ਡਾæ ਜਸਵਿੰਦਰ ਸਿੰਘ ਅਤੇ ਡਾæ ਧਨਵੰਤ ਕੌਰ ਨੇ ਗਦਰ ਲਹਿਰ ਬਾਰੇ ਛਪੇ ਸਾਹਿਤ ਉਤੇ ਚਾਨਣਾ ਪਾਇਆ। ਘੱਟ ਗਿਣਤੀ ਕਮਿਸ਼ਨ, ਨਵੀਂ ਦਿੱਲੀ ਦੇ ਮੈਂਬਰ ਡਾæ ਮਹਿੰਦਰ ਸਿੰਘ ਨੇ ਇਸ ਮੌਕੇ ਬੋਲਦਿਆਂ ਗਦਰੀ ਬਾਬਿਆਂ ਨੂੰ ਆਪਣੀ ਅਕੀਦਤ ਦੇ ਫੁੱਲ ਭੇਟ ਕੀਤੇ। ਡਾæ ਜੋਹੰਨਾ ਓਗਡਨ ਨੇ ਆਪਣੇ ਪਰਚੇ ਵਿਚ ਗਦਰੀ ਬਾਬਿਆਂ ਦੇ ਮੁਢਲੇ ਜੀਵਨ ਬਾਰੇ ਬਹੁਤ ਹੀ ਦਿਲਚਸਪ ਗੱਲਾਂ ਦਾ ਵੇਰਵਾ ਦਿੱਤਾ ਅਤੇ ਦੱਸਿਆ ਕਿ ਕਿਵੇਂ ਰੋਜ਼ੀ-ਰੋਟੀ ਦੀ ਖਾਤਰ ਆਏ ਭਾਰਤੀਆਂ ਨੂੰ ਅਮਰੀਕਾ ਵਿਚ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਅਤੇ ਇਹੋ ਵਿਤਕਰਾ ਉਨ੍ਹਾਂ ਅੰਦਰ ਆਜ਼ਾਦੀ ਦੀ ਜੋਤ ਜਗਾਉਣ ਦਾ ਕਾਰਨ ਬਣਿਆ।
ਸਮਾਗਮ ਦੇ ਸ਼ੁਰੂ ਵਿਚ ਜਥੇਬੰਦੀ ਦੇ ਪ੍ਰਧਾਨ ਚਰਨ ਸਿੰਘ ਜੱਜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਗਦਰੀ ਬਾਬਿਆਂ ਨੂੰ ਸੱਚੀ ਸ਼ਰਧਾਂਜਲੀ ਉਨ੍ਹਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਆਪਣਾ ਯੋਗਦਾਨ ਪਾਉਣ ਵਿਚ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਗਦਰੀ ਬਾਬੇ ਹੀ ਸਨ ਜਿਨ੍ਹਾਂ ਅਮਰੀਕਾ ਦੀ ਧਰਤੀ ‘ਤੇ ਭਾਰਤ ਦੀ ਆਜਾਦੀ ਦਾ ਐਲਾਨ ਕੀਤਾ।
ਅਮਰੀਕੀ ਵਿਦਵਾਨ ਮਾਰਕ ਮਾਇਰ ਨੇ ਸੈਮੀਨਾਰ ਵਿਚ ਬੋਲਦਿਆਂ ਬੜੇ ਜੋਸ਼ੀਲੇ ਤਰੀਕੇ ਨਾਲ ਗਦਰੀ ਬਾਬਿਆਂ ਦੀ ਕਹਿਣੀ ਅਤੇ ਕਰਨੀ ਦੀ ਇਕਸੁਰਤਾ ਦੀ ਗੱਲ ਕੀਤੀ ਅਤੇ ਕਿਹਾ ਕਿ ਉਨ੍ਹਾਂ ਬਾਬਿਆਂ ਨੇ ਜੋ ਕਿਹਾ ਉਸ ਉਤੇ ਪਹਿਰਾ ਦੇਣ ਲਈ ਆਪਣੀ ਜਾਨ ਦੀ ਬਾਜ਼ੀ ਲਾਉਣ ਦੀ ਕਦੇ ਪਰਵਾਹ ਨਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਆਜ਼ਾਦੀ ਦਾ ਕੇਂਦਰ ਬਿੰਦੂ ਗਦਰ ਮੈਮੋਰੀਅਲ ਹਾਲ ਹੀ ਸੀ ਜਿਸ ਵਿਚ ਅੱਜ ਅਸੀਂ ਗਦਰ ਲਹਿਰ ਦੀ ਸ਼ਤਾਬਦੀ ਮਨਾ ਰਹੇ ਹਾਂ। ਪ੍ਰਿੰæ ਬੀਰ ਸਿੰਘ ਰੰਧਾਵਾ, ਹਿਊਸਟਨ, ਟੈਕਸਸ ਤੋਂ ਆਏ ਹਰਦਮ ਸਿੰਘ ਆਜ਼ਾਦ, ਇੰਦਰ ਸਿੰਘ-ਗੋਪੀਓ ਆਰਗੇਨਾਈਜੇਸ਼ਨ, ਡਾæ ਐਰਿਕਾ ਬੈਂਸ-ਪ੍ਰਧਾਨ ਭਾਰਤੀ ਵੂਮਨ ਵੈਲਫੇਅਰ ਐਸੋਸੀਏਸ਼ਨ, ਡਾæ ਲਲਿਤ ਕੁਮਾਰ ਮਾਥੁਰ, ਲੀਲਾ ਮਾਥੁਰ, ਸੈਨ ਫਰਾਂਸਿਸਕੋ ਤੋਂ ਭਾਰਤੀ ਕੌਂਸਲਖਾਨੇ ਦੇ ਐਕਟਿੰਗ ਕੌਂਸਲ ਜਨਰਲ ਡਾæ ਸ੍ਰੀ ਨਿਵਾਸ ਅਤੇ ਕੌਂਸਲ ਚਟੋਪਾਧਿਆਏ ਨੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਭਰੋਸਾ ਦਿੱਤਾ ਕਿ ਭਾਰਤੀ ਕੌਂਸਲਖਾਨਾ ਗਦਰ ਮੈਮੋਰੀਅਲ ਹਾਲ ਦੀ ਸਾਂਭ ਸੰਭਾਲ ਪੂਰੀ ਨਿਸ਼ਠਾ ਨਾਲ ਕਰੇਗਾ।
ਕਹਾਣੀਕਾਰ ਅਤੇ ਉਘੇ ਪੱਤਰਕਾਰ ਸਿੱਧੂ ਦਮਦਮੀ ਨੇ ਇਸ ਮੌਕੇ ਬੋਲਦਿਆਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਆਜ਼ਾਦੀ ਦੀ ਲਹਿਰ ਲਈ ਜੂਝ ਮਰਨ ਵਾਲੇ ਗਦਰੀ ਬਾਬਿਆਂ ਦੀਆਂ ਅੰਗਰੇਜ਼ ਹਕੂਮਤ ਵਲੋਂ ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਉਨ੍ਹਾਂ ਦੇ ਵਾਰਸਾਂ ਨੂੰ ਸੌਂਪੀਆਂ ਜਾਣ। ਸੈਮੀਨਾਰ ਦੇ ਸ਼ੁਰੂ ਵਿਚ ਅਮਨਦੀਪ ਬੈਂਸ ਨੇ ਸਿਤਾਰਵਾਦਨ ਰਾਹੀਂ ਭਾਰਤੀ ਕੌਮੀ ਤਰਾਨੇ ਦਾ ਗਾਇਨ ਕੀਤਾ। ਇਸ ਸੈਮੀਨਾਰ ਦੌਰਾਨ ਲੰਗਰ ਪਾਣੀ ਦੀ ਸੇਵਾ ਅਵਤਾਰ ਸਿੰਘ ਤਾਰੀ ਦੀ ਅਗਵਾਈ ਹੇਠ ਸਤਨਾਮ ਸਿੰਘ ਬੱਲ ਅਤੇ ਉਨ੍ਹਾਂ ਦੇ ਸਾਥੀਆਂ ਨੇ ਕੀਤੀ। ਗਦਰ ਲਹਿਰ ਦੇ ਇਤਿਹਾਸ ਬਾਰੇ ਲਿਖੀ ਗਈ ਪੁਸਤਕ ਮੰਗਵਾਉਣ ਦਾ ਖਰਚਾ ਕੁਲਦੀਪ ਸਿੰਘ ਅਟਵਾਲ ਅਤੇ ਸੁਰਜੀਤ ਸਿੰਘ ਅਟਵਾਲ ਨੇ ਕੀਤਾ ਜੋ ਹਾਜ਼ਰ ਲੋਕਾਂ ਨੂੰ ਮੁਫਤ ਵੰਡੀ ਗਈ। ਇਸ ਸੈਮੀਨਾਰ ਦੀ ਖੂਬਸੂਰਤੀ ਇਹ ਰਹੀ ਕਿ ਕਰੀਬ 5 ਘੰਟੇ ਚੱਲੇ ਇਸ ਸੈਮੀਨਾਰ ਦੌਰਾਨ ਸਰੋਤੇ ਨਿਠ ਕੇ ਬੈਠੇ ਰਹੇ।
ਕਾਨਫਰੰਸ ਦੇ ਦੂਜੇ ਹਿੱਸੇ ਵਿਚ 14 ਜੁਲਾਈ ਐਤਵਾਰ ਨੂੰ ਇਥੋਂ ਦੇ ਪਰਫਾਰਮਿੰਗ ਆਰਟਸ ਸੈਂਟਰ ਵਿਚ ਇਕ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਦਾ ਉਦਘਾਟਨ ਉਘੇ ਵਿਗਿਆਨੀ ਡਾæ ਗੁਰਦੇਵ ਸਿੰਘ ਖੁਸ਼ ਨੇ ਕੀਤਾ। ਉਨ੍ਹਾਂ ਗਦਰੀ ਬਾਬਿਆਂ ਦੀਆਂ ਸ਼ਹਾਦਤਾਂ ਨੂੰ ਚੇਤੇ ਕਰਨ ਦੇ ਗਦਰ ਮੈਮੋਰੀਅਲ ਫਾਊਂਡੇਸ਼ਨ ਦੇ ਉਪਰਾਲੇ ਦੀ ਵਿਸ਼ੇਸ਼ ਸਰਾਹਨਾ ਕੀਤੀ। ਸਟੇਜ ਸੰਭਾਲਦਿਆਂ ਦਿਲ ਨਿੱਜਰ ਨੇ ਇਨਕਲਾਬੀ ਕਵਿਤਾਵਾਂ ਦਾ ਦੌਰ ਅਰੰਭ ਕੀਤਾ ਜਿਸ ਵਿਚ ਪੰਮੀ ਮਾਨ, ਹਰਬੰਸ ਸਿੰਘ ਜਗਿਆਸੂ, ਮਹਿੰਦਰ ਸਿੰਘ ਘੱਗ, ਕਮਲ ਬੰਗਾ, ਰਮੇਸ਼ ਬੰਗੜ, ਇੰਦਰਜੀਤ ਗਰੇਵਾਲ, ਮੱਖਣ ਲੁਹਾਰ ਅਤੇ ਗੁਰਬਚਨ ਚੋਪੜਾ ਨੇ ਆਪੋ ਆਪਣੀਆਂ ਕਵਿਤਾਵਾਂ ਪੜ੍ਹੀਆਂ।
ਇਸ ਵੇਲੇ ਸਟੇਜ ਉਤੇ ਪ੍ਰਧਾਨਗੀ ਮੰਡਲ ਵਿਚ ਮੁੱਖ ਮਹਿਮਾਨ ਵਜੋਂ ਸੀਤਾ ਰਾਮ ਯੈਚੁਰੀ ਅਤੇ ਪ੍ਰਧਾਨ ਵਜੋਂ ਡਾæ ਜਸਪਾਲ ਸਿੰਘ ਸੁਸ਼ੋਭਿਤ ਸਨ। ਇਸ ਤੋਂ ਇਲਾਵਾ ਡਾæ ਗੁਰਦੇਵ ਸਿੰਘ ਖੁਸ਼, ਵਾਤਾਵਰਣ ਸੰਭਾਲ ਅਤੇ ਵਿਦਿਆ ਦੀ ਲਹਿਰ ਚਲਾਉਣ ਵਾਲੇ ਸੰਤ ਸੇਵਾ ਸਿੰਘ ਖਡੂਰ ਸਾਹਿਬ, ਪ੍ਰੋæ ਗੁਰਬਿੰਦਰ ਸਿੰਘ ਧਾਲੀਵਾਲ (ਕੈਨੇਡਾ) ਅਤੇ ਸਰਬਜੀਤ ਸਿੰਘ ਅਟਵਾਲ (ਮਰਸਡ) ਵੀ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਸਨ।
ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਪ੍ਰੋæ ਗੁਰਬਿੰਦਰ ਸਿੰਘ ਧਾਲੀਵਾਲ (ਕੈਨੇਡਾ) ਨੇ ਗਦਰੀ ਬਾਬਿਆਂ ਦੇ ਸੰਕਲਪ ਦੀ ਵਿਆਖਿਆ ਕੀਤੀ। ਉਨ੍ਹਾਂ ਆਪਣੀ ਇਨਕਲਾਬੀ ਕਵਿਤਾ ਰਾਹੀਂ ਅਮੀਰ ਲੁਟੇਰਿਆਂ ਉਤੇ ਚੋਟ ਕਰਦਿਆਂ ਕਿਰਤੀਆਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਐਡਵੋਕੇਟ ਪਾਖਰ ਸਿੰਘ ਚਾਹਲ ਨੇ ਗਦਰੀ ਬਾਬਿਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪੰਜਾਬ ਦੇ ਅਜੋਕੇ ਹਾਲਾਤ ਉਤੇ ਚਾਨਣਾ ਪਾਇਆ ਅਤੇ ਕਿਹਾ ਕਿ ਅੱਜ ਪੰਜਾਬ ਨੂੰ ਨਵੇਂ ਰਾਹਾਂ ‘ਤੇ ਪਾਉਣ ਲਈ ਗਦਰੀ ਬਾਬਿਆਂ ਦੀ ਸਪਿਰਟ ਨੂੰ ਮੁੜ ਜਾਗ੍ਰਿਤ ਕਰਨ ਦੀ ਲੋੜ ਹੈ।
ਰਾਜ ਸਭਾ ਮੈਂਬਰ ਸੀਤਾ ਰਾਮ ਯੈਚੁਰੀ ਨੇ ‘ਕੁਰਬਾਨੀ ਕਿਉਂ ਕਰਨੀ ਪੈਂਦੀ ਹੈ ਅਤੇ ਇਸ ਦਾ ਮੁੱਲ ਕਿਵੇਂ ਪਾਉਣਾ ਹੈ?’ ਦੀ ਗੱਲ ਕਰਦਿਆਂ ਭਾਰਤ ਦੀ ਅਜੋਕੀ ਰਾਜਨੀਤੀ ਨੂੰ ਲੀਹੋਂ ਲੱਥੀ ਕਰਾਰ ਦਿੰਦਿਆਂ ਕਿਹਾ ਕਿ ਅਜੋਕੇ ਸਿਆਸਤਦਾਨ ਗਦਰੀ ਬਾਬਿਆਂ ਦੀਆਂ ਕੁਰਬਾਨੀਆਂ ਨੂੰ ਭੁੱਲ ਚੁਕੇ ਹਨ ਅਤੇ ਆਪੋ ਆਪਣੇ ਮੁਫਾਦ ਨੂੰ ਹੀ ਸਾਹਮਣੇ ਰੱਖ ਰਹੇ ਹਨ। ਉਨ੍ਹਾਂ ਗਦਰ ਲਹਿਰ ਦੀ ਸ਼ਤਾਬਦੀ ਮੌਕੇ ਕਰਵਾਈ ਗਈ ਇਸ ਦੋ ਰੋਜ਼ਾ ਕਾਨਫਰੰਸ ਦੀ ਸਫਲਤਾ ਲਈ ਗਦਰ ਮੈਮੋਰੀਅਲ ਫਾਊਂਡੇਸ਼ਨ ਦੇ ਕਮੇਟੀ ਮੈਂਬਰਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾæ ਜਸਪਾਲ ਸਿੰਘ ਨੇ ਆਪਣੇ ਪੈਂਤੀ ਮਿੰਟ ਦੇ ਭਾਸ਼ਣ ਵਿਚ ਗਦਰ ਲਹਿਰ ਨਾਲ ਸਬੰਧਤ ਕਵਿਤਾਵਾਂ ਦਾ ਜ਼ਿਕਰ ਕੀਤਾ। ਇਸ ਸਮੇਂ ਮੰਚ ਸੰਚਾਲਨ ਜਸ ਟੀ ਵੀ ਦੇ ਮੇਜ਼ਬਾਨ ਹਰਵਿੰਦਰ ਸਿੰਘ ਰਿਆੜ ਨੇ ਕੀਤਾ।
ਗੀਤ ਸੰਗੀਤ ਦੇ ਦੌਰ ਵਿਚ ਲੋਕ ਗਾਇਕ ਬਲਜੀਤ ਮਾਲਵਾ, ਮੰਨਾ ਢਿੱਲੋਂ, ਸੁਖਵੰਤ ਸੁੱਖੀ, ਅਨੂਪ ਸਿੰਘ ਚੀਮਾ ਅਤੇ ਤਰਲੋਕ ਸਿੰਘ ਨੇ ਦੇਸ਼ ਭਗਤੀ ਦੇ ਗੀਤਾਂ ਰਾਹੀਂ ਹਾਜ਼ਰ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਮੌਕੇ ਲੰਗਰ ਪਾਣੀ ਦੀ ਸੇਵਾ ਸੰਸਾਰ ਰੈਸਟੋਰੈਂਟ, ਲਿਵਰਮੋਰ ਅਤੇ ਟਰੇਸੀ ਦੇ ਸੰਤੋਖ ਸਿੰਘ ਜੱਜ ਵਲੋਂ ਕੀਤੀ ਗਈ ਜਦੋਂਕਿ ਫਰੂਟ ਦੀ ਸੇਵਾ ਕੁਲਦੀਪ ਸਿੰਘ ਅਟਵਾਲ ਅਤੇ ਸੁਰਜੀਤ ਸਿੰਘ ਅਟਵਾਲ (ਮਰਸਡ) ਨੇ ਕੀਤੀ।
ਗਦਰ ਸ਼ਤਾਬਦੀ ਨੂੰ ਸਮਰਪਿਤ ਇਸ ਦੋ ਰੋਜ਼ਾ ਕਾਨਫਰੰਸ ਨੂੰ ਸਫਲ ਬਣਾਉਣ ਵਾਸਤੇ ਸੰਤੋਖ ਸਿੰਘ ਜੱਜ, ਮਾਸਟਰ ਮੁਖਤਿਆਰ ਸਿੰਘ ਖਿੰਡਾ, ਕੁਲਦੀਪ ਸਿੰਘ ਅਟਵਾਲ, ਸੁਰਜੀਤ ਸਿੰਘ ਅਟਵਾਲ, ਸਤਬੀਰ ਸਿੰਘ ਬਾਜਵਾ, ਬਲਬੀਰ ਸਿੰਘ ਬੱਲ, ਯਾਦਵਿੰਦਰ ਸਿੰਘ ਹੈਪੀ, ਹਰਪਾਲ ਸਿੰਘ ਮਾਨ, ਰਵਿੰਦਰ ਰਵੀ, ਸਰਪੰਚ ਜਗਜੀਤ ਸਿੰਘ ਕੰਦੋਲਾ, ਜਰਨੈਲ ਸਿੰਘ ਮੰਡੇਰ, ਕਸ਼ਮੀਰ ਸਿੰਘ ਪਿਟਸਬਰਗ, ਇੰਡੋ ਅਮੈਰਿਕਨ ਕਲਚਰਲ ਐਂਡ ਸਪੋਰਟਸ ਆਰਗੇਨਾਈਜੇਸ਼ਨ ਦੇ ਮੁਖੀ ਅਵਤਾਰ ਸਿੰਘ ਤਾਰੀ, ਇੰਡੋ ਅਮੈਰਿਕਨ ਹੈਰੀਟੇਜ ਐਸੋਸੀਏਸ਼ਨ ਫਰਿਜ਼ਨੋ ਦੇ ਬਾਨੀ ਸੁਰਿੰਦਰ ਸਿੰਘ ਮੰਢਾਲੀ ਅਤੇ ਗੁਰਦੀਪ ਸਿੰਘ ਅਣਖੀ ਨੇ ਦਿਨ-ਰਾਤ ਇਕ ਕਰਕੇ ਕੰਮ ਕੀਤਾ। ਮਦਨ ਲਾਲ ਸ਼ਰਮਾ ਅਤੇ ਜਨਕ ਰਾਜ ਸਿਧਰਾ ਨੇ ਆਏ ਮੁੱਖ ਮਹਿਮਾਨਾਂ ਦੀ ਸੇਵਾ ਕੀਤੀ। ਹੀਰਾ ਲਾਲ ਸਿੰਘ ਚਮਦਲ, ਪ੍ਰੋæ ਸੰਪੂਰਨ ਸਿੰਘ ਹਿਊਸਟਨ, ਸੁਰਿੰਦਰ ਸਿੰਘ ਸਿੱਧੂ, ਬੰਤ ਸਿੰਘ ਕਾਂਗਣਾ, ਬਲਬੀਰ ਸਿੰਘ-ਜੈਕਸਨ ਮਿਸੀਸਿਪੀ, ਲਖਵਿੰਦਰ ਸਿੰਘ ਲੱਕੀ-ਯੂਬਾ ਵੈਲੀ, ਮੁਖਤਾਰ ਸਿੰਘ ਐਲ ਏ, ਸੁੱਚਾ ਸਿੰਘ, ਜਸਵੀਰ ਸਿੰਘ, ਤਰਲੋਚਨ ਸਿੰਘ ਫਰਿਜ਼ਨੋ, ਨਿਰਮਲ ਸਿੰਘ ਚੰਦੀ, ਕਰਨੈਲ ਸਿੰਘ ਲੰਮਾ ਪਿੰਡ, ਜਰਨੈਲ ਸਿੰਘ, ਹਰੀ ਸਿੰਘ, ਸੁੱਚਾ ਸਿੰਘ ਮਨਟੀਕਾ, ਬਹਾਦਰ ਸਿੰਘ, ਦਿਲਜੀਤ ਸਿੰਘ, ਹਰਜਿੰਦਰ ਸਿੰਘ ਸੈਲਮ, ਬਲਰਾਜ ਸਿੰਘ ਅਤੇ ਨਿਰਮਲ ਸਿੰਘ ਨੇ ਸੰਸਥਾ ਦੀ ਭਰਪੂਰ ਮਾਲੀ ਮਦਦ ਕੀਤੀ।
ਗਦਰ ਮੈਮੋਰੀਅਲ ਫਾਊਂਡੇਸ਼ਨ ਦੇ ਪ੍ਰਧਾਨ ਚਰਨ ਸਿੰਘ ਜੱਜ ਨੇ ਕਿਹਾ ਕਿ ਸੰਸਥਾ ਰਛਪਾਲ ਸਿੰਘ ਫਰਵਾਲਾ, ਅਮਰੀਕ ਸਿੰਘ ਪਰਹਾਰ, ਅਵਤਾਰ ਸਿੰਘ ਡੋਡ, ਵਿਰਸਾ ਸਿੰਘ ਗਿੱਲ, ਪ੍ਰੋæ ਹਰਪਾਲ ਸਿੰਘ ਗਿੱਲ ਅਤੇ ਉਨ੍ਹਾਂ ਸਭ ਸਹਿਯੋਗੀਆਂ ਦੀ ਧੰਨਵਾਦੀ ਹੈ ਜਿਨ੍ਹਾਂ ਨੇ ਇਸ ਕਾਨਫਰੰਸ ਨੂੰ ਕਾਮਯਾਬ ਕਰਨ ਲਈ ਪੂਰੀ ਮਦਦ ਕੀਤੀ। ਸ਼ ਜੱਜ ਅਨੁਸਾਰ ਭਵਿੱਖ ਵਿਚ ਜਥੇਬੰਦੀ ਦਾ ਪ੍ਰਬੰਧ ਸੰਭਾਲਣ ਲਈ ਇਕ ਨੌਂ ਮੈਂਬਰੀ ਕਮੇਟੀ ਕਾਇਮ ਕੀਤੀ ਗਈ ਹੈ ਜਿਸ ਵਿਚ ਕੁਲਦੀਪ ਸਿੰਘ ਅਟਵਾਲ, ਸੁਰਜੀਤ ਸਿੰਘ ਅਟਵਾਲ, ਬਲਬੀਰ ਸਿੰਘ ਬੱਲ, ਸਤਬੀਰ ਸਿੰਘ ਬਾਜਵਾ, ਯਾਦਵਿੰਦਰ ਸਿੰਘ ਹੈਪੀ, ਹਰਪਾਲ ਮਾਨ, ਰਵਿੰਦਰ ਰਵੀ, ਸਰਪੰਚ ਜਗਜੀਤ ਸਿੰਘ ਕੰਦੋਲਾ ਅਤੇ ਸਤਿੰਦਰਪਾਲ ਸਿੰਘ ਸਰਹੱਦੀ ਨੂੰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਦੇ ਪ੍ਰਧਾਨ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕੀਤੇ ਜਾਣ ਲਈ ਉਨ੍ਹਾਂ ਇਸ ਕਾਨਫਰੰਸ ਤੋਂ ਇਕ ਮਹੀਨਾ ਪਹਿਲਾਂ ਹੀ ਲਿਖਤੀ ਪੱਤਰ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤਾ ਸੀ।
Leave a Reply