ਕਈ ਖੂਬਸੂਰਤ ਚਿਹਰਿਆਂ ਨੇ ਆਪਣੀ ਰੌਣਕ ਇਸ ਕਰ ਕੇ ਗੁਆ ਲਈ ਕਿ ਉਨ੍ਹਾਂ ਅੰਦਰ ਈਰਖਾ ਦਾ ਮੁੜ੍ਹਕਾ ਰੋਕਣ ਦੀ ਹਿੰਮਤ ਪੈਦਾ ਹੀ ਨਹੀਂ ਹੋਈ। ਜਾਗਦੀਆਂ ਜਮੀਰਾਂ ਨੇ ਕਦੇ ਵੀ ਉਨੀਂਦਰੇ ਦਾ ਉਲਾਂਭਾ ਨਹੀਂ ਦਿੱਤਾ। ਇਕ ਬੰਦਾ ਨਹਾ ਕੇ ਨਿਕਲਿਆ ਤਾਂ ਸ਼ੀਸ਼ੇ ਮੂਹਰੇ ਕਿੰਨਾ ਚਿਰ ਖੜ੍ਹਾ ਰਿਹਾ। ਅੰਦਰ ਜਾ ਕੇ ਚਿਹਰੇ ਨੂੰ ਇਕ ਵਾਰ ਫਿਰ ਧੋਤਾ, ਕਰੀਮ ਲਗਾਈ, ਦੁਬਾਰਾ ਸ਼ੀਸ਼ਾ ਦੇਖਿਆ। ਰੌਣਕ ਫਿਰ ਵੀ ਨਾ ਦਿਸੀ। ਅੰਦਰ ਗਿਆ, ਕਮੀਜ਼ ਨਾਲ ਢੁੱਕਵੀਂ ਟਾਈ ਲਾਈ, ਬੋਦਾ ਵਾਹ ਕੇ ਫਿਰ ਸ਼ੀਸ਼ੇ ਦਾ ਆਸਰਾ ਲਿਆ, ਪਰ ਖਿਝ ਕੇ ਸ਼ੀਸੇ ਵਿਚ ਸਿਰ ਮਾਰਿਆ। ਟੁਕੜੇ ਹੋਇਆ ਕੱਚ ਬੋਲ ਪਿਆ, “ਸੱਚ ਨੂੰ ਫਾਂਸੀ ਲਗਦੀ ਪਹਿਲਾਂ ਸੁਣੀ ਸੀ, ਦੇਖੀ ਅੱਜ ਹੈ।” ਨਿਖ਼ਰੇ ਮੌਸਮ ਵਿਚ ਪੰਛੀਆਂ ਦੇ ਉਦਾਸ ਹੋਣ ਦਾ ਸੰਕਲਪ ਨਹੀਂ ਹੁੰਦਾ, ਜਦੋਂ ਕਿ ਨੱਚਦਾ ਹੋਇਆ ਮਨੁੱਖ ਵੀ ਰੋਣ ਦੀ ਆਵਾਜ਼ ਕੱਢਣ ਲਈ ਜ਼ੋਰ ਲਾ ਰਿਹਾ ਹੈ। ਕਈ ਲੋਕਾਂ ਦੀ ਅੱਖ ਤਾਂ ਰੱਜ ਕੇ ਸਨੁੱਖੀ ਹੁੰਦੀ ਹੈ, ਪਰ ਨਜ਼ਰਾਂ ਤੋਂ ਫਿਰ ਵੀ ਬਚ ਕੇ ਨਿਕਲ ਜਾਣ ਨੂੰ ਜੀਅ ਕਰਦਾ ਰਹਿੰਦਾ ਹੈ। ਬਹੁਤੇ ਸਿਆਸੀ ਲੋਕ ਸੋਚਦੇ ਹਨ, “ਵੋਟਾਂ ਮੂਰਖ ਬਣਾਉਣ ਦਾ ਚੰਗਾ ਸਾਧਨ ਬਣ ਗਈਆਂ ਹਨ”, ਪਰ ਜਿੱਦਣ ਮੂਰਖਾਂ ਦੀ ਅੱਖ ਖੁੱਲ੍ਹੀ, ਗੜੇ-ਗਦਾਫ਼ੀ ਭੀੜ ਦੇ ਗੋਡਿਆਂ ਹੇਠੋਂ ਲੱਭਣਗੇ। ਜ਼ਿੰਦਗੀ ਦੀਆਂ ਰੰਗਰਲੀਆਂ ਵਿਚ ਖੌਫ ਤੇ ਭੈਅ ਨਹੀਂ ਹੁੰਦਾ, ਇਸੇ ਲਈ ਅਜਿਹੇ ਵੇਲੇ ਸਵਾਲ ਉਠਦੇ ਹਨ, “ਭਲਾ ਰੱਬ ਕਿਸ ਬਲਾ ਦਾ ਨਾਂ ਹੈ?” ਜਿਹੜੇ ਬੁੱਢੇ ਬਾਅਦ ਵਿਚ ਹੋਏ, ਮਰ ਪਹਿਲਾਂ ਗਏ; ਅਸਲ ਵਿਚ ਇਨ੍ਹਾਂ ਨੇ ਬਜ਼ੁਰਗ ਬਣ ਕੇ ਸਿਆਣਪ ਦੇ ਕੁੱਜੇ ‘ਚੋਂ ਅੱਖਾਂ ਖੋਲ੍ਹਣ ਲਈ ਚਾਰ ਛਿੱਟਾਂ ਮਾਰੀਆਂ ਹੀ ਨਹੀਂ। ਬਾਂਦਰ ਨੇ ਲੰਗੂਰ ਦੀ ਪੂਛ ਖਿੱਚ ਕੇ ਕਿਹਾ, “ਲੰਬੀ ਹੈ।” ਲੰਗੂਰ ਹੱਸ ਕੇ ਪਹਾੜੀ ਜਾ ਚੜ੍ਹਿਆ ਕਿ ਅਕਲ ਦੀ ਲੋੜ ਦੋਹਾਂ ਨੂੰ ਹੈ। ਸਿਆਣੀ ਪਤਨੀ ਜੂਏ ਦੇ ਪੈਸਿਆਂ ਨਾਲ ਗਹਿਣੇ ਖਰੀਦਣ ਦੀ ਗੁਸਤਾਖੀ ਨਹੀਂ ਕਰਦੀ, ਕਿਉਂਕਿ ਤਨ ਤੱਕ ਪਹੁੰਚਣ ਤੋਂ ਪਹਿਲਾਂ ਹੀ ਇਨ੍ਹਾਂ ਦੇ ਵਿਕਣ ਦਾ ਡਰ ਬਣਿਆ ਰਹਿੰਦਾ ਹੈ। ਜਿਹੜੇ ਹਸਪਤਾਲ ਤੇ ਸ਼ਮਸ਼ਾਨਘਾਟ ਵਿਚ ਵੀ ਧੌਣ ਅਕੜਾਈ ਫਿਰਨ, ਉਨ੍ਹਾਂ ਦੇ ਅਫਸੋਸ ਨੂੰ ਨਾ ਵੀ ਜਾ ਹੋਵੇ, ਤਾਂ ਝੋਰਾ ਨਹੀਂ ਕਰਨਾ ਚਾਹੀਦਾ। ਰਾਂਝੇ ਹੁਣ ਵੰਝਲੀ ਕੰਨ ਨਾਲ ਵਜਾਉਣ ਦੇ ਯਤਨ ਵਿਚ ਲੱਗੇ ਹੋਏ ਹਨ।
ਕੀ ਨੱਚਣੇ ਦਾ ਫਾਇਦਾ ਪਾਟੇ ਢੋਲਾਂ ‘ਤੇæææ
ਐਸ਼ ਅਸ਼ੋਕ ਭੌਰਾ
“ਓਏ ਠੋਲੂਆ, ਦੇਖ ਲੈ ਜਿੱਤ ਗਈ ਤੇਰੀ ਪ੍ਰੀਤੋ। ਬਣ ਗਈ ਸਰਪੰਚਣੀ।” ਜਾਗਰ ਨੇ “ਬੰਦ ਕਰੋ ਕਾਂ ਕਾਂ” ਨਾਲ ਬੋਹੜ ‘ਤੇ ਬੈਠੇ ਪੰਛੀਆਂ ਨੂੰ ਉਡਣ ਲਈ ਕਹਿ ਕੇ ਪਖੰਡੀ ਸਾਧ ਵਾਂਗ ਆਸਣ ਥੜ੍ਹੇ ‘ਤੇ ਲਾ ਲਿਆ।
“ਤੂੰ ਜੇ ਕਿਤੇ ਦੂਜੇ ਪਾਸੇ ਭੁਗਤ ਗਿਐਂ ਜਾਗਰਾ, ਤਾਂ ਕਿਤੇ ਪ੍ਰੀਤੋ ਨੇ ਜਿੱਤਣਾ ਨ੍ਹੀਂ ਸੀ। ਹੁਣ ਦੇਖੀਂ ਕੋਲ੍ਹਾਂ ਕੱਢੂ ਪੂਰੀਆਂ।” ਸੰਤੂ ਅਮਲੀ ਨੇ ਵੀ ਖੂੰਡੀ ਬੋਹੜ ਦੀ ਜੜ੍ਹ ‘ਚ ਟਿਕਾਉਂਦਿਆਂ ਤੋੜਾ ਬਰਾਬਰ ਝਾੜ’ਤਾ।
“ਸੁਣ ਉਏ ਸਾਲਿਆ ਬਟੇਰਿਆ ਜਿਹਾæææਇਕ ਗੀਤ ਬਹੁਤ ਵੱਜਦਾ ਹੁੰਦਾ ਸੀ, ਦੋ ਧੜਿਆਂ ‘ਚ ਪਿੰਡ ਵੰਡ’ਤਾ, ਕਾਹਦਾ ਪੈਰ ਤੂੰ ਜਵਾਨੀ ਵਿਚ ਪਾਇਆ।”
“ਬਾਹਲੀਆਂ ਪੂਛ ਚੱਕ ਕੇ ਗੱਲਾਂ ਨਾ ਕਰ। ਕੀ ਮਤਬਲ ਐ ਇਸ ਗੀਤ ਦਾæææਜੇ ਪ੍ਰੀਤੋ ਸਰਪੰਚਣੀ ਬਣ ਈ ਗਈ ਐ ਤਾਂ ਕੰਜਰ ਕੋਹੜੀ ਕੁੱਤੇ ਆਂਗੂੰ ਸੜਿਆਂਦ ਮਾਰਨ ਡਿਹੈਂ।”
“ਬੁਲੀ ਕੁੱਤੇ ਜਿੱਡਾ ਮੂੰਹ ਅੱਡੀ ਜਾਨੈਂ, ਜਿਵੇਂ ਆਪਣੇ ਆਲੇ ਗੁਜਰਾਤੀਏ ਦੇ ਹੱਕ ‘ਚ ਖੁਸਰਿਆਂ ਆਲੀ ਖੰਜਰੀ ਵਜਾਉਣ ਲੱਗੇ ਹੋਏ ਆ ਡੇਲੇ ਮੀਚ ਕੇ। ਫੁੱਟ ਨੇ ਬਣਾਈ ਐ ਪ੍ਰੀਤੋ ਪਿੰਡ ਦੀ ਸਰਪੰਚਣੀ। ਬਹਿ ਜੇ ਬੇੜਾ ਕਿਤੇ ਇਨ੍ਹਾਂ ਪਾਲਟੀਆਂ (ਪਾਰਟੀਆਂ) ਦਾ। ਦੋਏ ਧਿਰਾਂ ਆਫਰੀਆਂ ਫਿਰਦੀਆਂ ਨੇ। ਦੋ ਦਿਨ ਪ੍ਰੀਤੋ ਢੋਲ ਤਾਂ ਵਜਾਈ ਗਈ, ਹੁਣ ਜਦੋਂ ਦੂਜਿਆਂ ਨੇ ਇਨ੍ਹਾਂ ਦੇ ਡਗੇ ਨਾਲ ਢੋਲ ਦੇ ਪੁੜ ਪਾੜੇ ਤਾਂ ਪਤਾ ਲੱਗੂ।”
“ਨਾ ਅੱਡੀ ਨਾ’ ਪਤਾਸੇ ਭੋਰੀ ਜਾਨੈ, ਟਿੰਡ ‘ਚੋਂ ਕਾਨ੍ਹਾ ਤਾਂ ਕੱਢ; ਤਾਂ ਹੀ ਪਤਾ ਲੱਗੂ ਪਈ ਰਾਗ ਕੀ ਐ, ਤੇ ਗੌਣ ਕੀ ਐ?”
“ਬਾਜਰੇ ਦੇ ਸਿੱਟੇ ਆਂਙੂੰ ਖਿੱਲਰੀ ਜਾਨੈਂæææਟਕੇ ਦੀ ਤੀਵੀਂ ਨ੍ਹੀਂ ਜਿਹੜੀ ਸਰਦਾਰਨੀ ਲਾ’ਤੀ ਸਾਡੇ ‘ਤੇæææ।”
“ਆਏਂ ਗੱਲਾਂ ਕਰਦੈ ਜਿੱਦਾਂ ਲੈਚੀਆਂ ਦੇ ਬਾਗ ਦਾ ਮੋਹਰੀ ਹੁੰਦੈ। ਕੀ ਛੰਨਾ ਚੱਕ ਲਿਆ ਤੇਰਾ ਪ੍ਰੀਤੋ ਨੇ।”
“ਤੈਨੂੰ ਦੀਵੇ ਨੂੰ ਕਿਆ ਪਤੈ, ਪਈ ਗੁਲੇਲ ਕਿਸੇ ਦੀ ਐ, ਦਰੋਣਾਚਾਰੀਆ ਕੋਈ ਹੋਰ ਐ, ਤੇ ਨਿਸ਼ਾਨਾ ਕੋਈ ਹੋਰ। ਦੇਖੀਂ ਤਾਂ ਜੇ ਹੀਰ ਨੇ ਕੈਦੋਂ ਦੇ ਗਿੱਟੇ ਨਾ ਛਾਂਗੇ।”
“ਤੈਨੂੰ ਜਿਹੜਾ ਬੱਕਰੀ ਦੇ ਦੁੱਧ ਦਾ ਡੋਲੂ ਭਰ ਕੇ ਦਿੱਤਾ ਨਾ ਏਸ ਤੀਵੀਂ ਨੇ, ਦੇਖੀਂ ਜਦੋਂ ਪੀਣ ਲੱਗੇ ਦੇ ਮੂੰਹ ‘ਚ ਮੀਂਗਣਾਂ ਨਾ ਆਈਆਂ ਤਾਂ।”
“ਪਾਈਆਂ ਮੈਂ ਵੋਟਾਂæææਤੂੰ ਕਰ ਲੀਂ ਕੀ ਕਰਨੈਂ?”
“ਜਿੱਦਣ ਖਰਬੂਜੇ ਵਿਚੋਂ ਸਪੋਲੀਆ ਨਿਕਲਿਆ ਨਾ, ਫੇਰ ਤੈਨੂੰ ਪਤਾ ਲੱਗੂ।”
“ਓਏ ਜਾਗਰਾ, ਓ ਸੰਤੂ ਛੜੇ ਫਸ ਪਏ ਅੱਜ। ਇਹ ਅਮਲੀਆਂ ਦੇ ਦੁੱਧ ਵਿਚ ਕਾਂਜੀ ਕੌਣ ਘੋਲ ਗਿਐ?” ਲੰਬੜਦਾਰ ਜਰਨੈਲ ਸਿੰਹੁ ਨੇ ਵੀ ਮੋਟੇ ਸ਼ੀਸ਼ੇ ਵਾਲੀਆਂ ਐਨਕਾਂ ਪੱਗ ਦੇ ਲੜ ਨਾਲ ਸਾਫ ਕਰਦਿਆਂ ਫੌਜੀਆਂ ਆਲੇ ਟੈਂਕ ਵਾਂਙੂੰ ਲੱਤਾਂ ਵਸਾਰ ਲਈਆਂ।
“ਦੇਖ ਲੰਬੜਦਾਰਾ, ਮੈਂ ਜਾਗਰ ਨੂੰ ਕਿਹਾ ਸੀ, ਨਾ ਲੱਗ ਚਿੱਟੇ ਕਬੂਤਰਾਂ ਦੇ ਪਿੱਛੇ। ਨੀਲੇ ਮੋਰ ਦੀ ਪੈਲ ‘ਤੇ ਮਰ ਜਾ। ਨਾਲੇ ਸੰਮਾਂ ਆਲੀ ਦੇ ਤਾਂ ਹੱਕ ‘ਚ ਊਂਈ ਲਲਕਾਰੇ ਮਾਰਨੇ ਚਾਹੀਦੇ ਆ।”
“ਨਾ ਜਾਗਰ ਹੁਣ ਵਿਲਕਦਾ ਕਾਹਤੋਂ ਆ। ਹਾਰ ਜਿੱਤ ਤਾਂ ਚਲਦੀ ਰਹਿੰਦੀ ਐ।”
“ਲੰਬੜਦਾਰਾ ਸੁਣ, ਮੇਰਾ ਤਾਇਆ ਜਿਹੜਾ ਛੜਾ ਸੀ ਧੰਨਾ, ਉਹਨੂੰ ਮਰਾਸੀਆਂ ਨੇ ਮੱਝ ਵੇਚ’ਤੀ। ਸੁੱਖ ਨਾਲ ਪ੍ਰੀਤੋ ਵਾਂਗ ਦੋਧੀਆਂ ਦੀ ਕੱਟੀ ਵਾਂਗ ਪਲੀ ਪਈ ਸੀ। ਆਂਹਦੇ ਡੂਢ ਮਹੀਨਾ ਰਹਿੰਦਾ ਸੂਣ ਵਿਚ।”
“ਫੇਰ?”
“ਲੰਬੜਾ, ਧੰਨਾ ਛੇ ਮਹੀਨੇ ਖੁਰਲੀ ‘ਤੇ ਬੈਠਾ ਰਿਹਾ। ਜਦੋਂ ਫੰਡਰ ਨਿਕਲੀ ਤਾਂ ਦੋ ਸੌ ਨੂੰ ਲਿਆਂਦੀ ਵੀਹਾਂ ‘ਚ ਲਾਠੀਆਂ ਵਾਲੇ ਬੁੱਚੜ ਨੂੰ ਵੇਚੀ।”
“ਨਾ ਇਹ ਸੰਤੂ ਤੂੰ ਜਾਗਰ ‘ਤੇ ਕਿਵੇਂ ਲਾਉਨੈਂ?”
“ਇਹਨੂੰ ਕਹਿੰਦੀ ਰਹੀ ਉਹ ਜੈਲੇ ਦੀ ਭਜਨੋ, ਪਈ ਵੋਟ ਸਾਨੂੰ ਪਾਈਂ। ਸੀਮੈਂਟ ਵਾਲਾ ਬੋਰਾ ਭਰ ਕੇ ਦਿਆਂਗੀ ਭੁੱਕੀ ਦਾ।”
“ਮਿਲੀ ਨ੍ਹੀਂ?’
“ਬਘਿਆੜਾਂ ‘ਚ ਲੇਲਾ ਕੀ ਕਰੂ! ਜ਼ੋਰਾਵਰ ਚੱਲਣ ਦਿੰਦੇ ਆ। ਇਹਨੂੰ ਬਥੇਰਾ ਵੱਢਿਆ, ਆ ਜਾ ਸਾਡੇ ਨਾਲ ਪਰ ਕਿੱਥੇ?”
“ਨੱਥੂ ਦੇ ਸੋਹਣ ਦੀ ਹਵੇਲੀ ਰੱਖਿਆ ਸੀ ਸਾਰਾ ਬਰੂਦ। ਲੈ ਗਏ ਪੁਲਿਸ ਆਲੇ ਸਣੇ ਝਾਂਜਰਾਂ ਦੇ ਕੰਜਰੀ। ਹੁਣ ਤਾਂ ਪਿੱਟਦੈ, ਪਈ ਮੂੰਹ ਤਾਂ ਤੌੜੇ ਜਿੱਡਾ ਅੱਡਿਆ ਸੀ, ਬੁਰਕੀ ਕਾਂ ਲੈ ਗਏ। ਹੁਣ ਮੈਂ ਇਹਨੂੰ ਕਹਿਨੈਂ, ਜੋੜ ਲੈ ਹੱਥ ਪ੍ਰੀਤੋ ਅੱਗੇæææਬਖ਼ਸ਼ਾ ਲੈ ਭੁੱਲ। ਲੋਹੇ ਦਾ ਥਣ ਬਣਿਆ ਪਿਐ। ਉਧਰ ਢੋਲ ਵੱਜਦਾ ਸੀ, ਐਧਰ ਇਹ ਗਾਲ੍ਹਾਂ ਦੀਆਂ ਛਪਾਰ ਵਾਗੂੰ ਬੋਲੀਆਂ ਪਾਵੇ। ਲੈ ਹੋਰ ਆ ਗਿਆ ਇਕ ਵਿੰਗੜ ਜਿਹਾ।”
“ਇਹ ਕੌਣ ਐ ਜਾਗਰਾ, ਸਿਆਣ ਨ੍ਹੀਂ ਹੋਇਆ। ਨਿਗ੍ਹਾ ਸਹੁਰੀ ਦੀ ਮੇਰੀ ਵੀ ਕਾਂਗਰਸੀਆਂ ਆਂਙੂੰ ਹੇਠਾਂ ਨੂੰ ਜਾਈ ਜਾਂਦੀ ਐ।”
“ਹੁਣ ਪਊ ਲੰਬੜਦਾਰਾ ਮੇਰੇ ਹੱਕ ‘ਚ ਵੋਟ। ਇਹ ਆਪਣਾ ਪੁਰਾਣਾ ਵੈਲੀ ਯਾਰ ਮਰਾਸੀ ਗਫੂਰ ਐ।”
“ਗਫੂਰਿਆ ਬੜਾ ਲੇਟ ਆਇਆਂ ਅੱਜ?”
“ਸਾਡੇ ਪ੍ਰਾਹੁਣੇ ਆਇਓ ਸੀ, ਗੁਆਂਢੀਆਂ ਦੇ।”
“ਤੈਂ ਦੰਦ ਗਿਣਨੇ ਸੀ ਉਨ੍ਹਾਂ ਦੇ?” ਲੰਬੜਦਾਰ ਨੇ ਵੀ ਵਿਚੇ ਤਬਲਾ ਕੁੱਟ’ਤਾ।
“ਗੱਲ ਏਦਾਂ ਸੀ, ਪਈ ਪਿਆਰੂ ਦੀ ਕੁੜੀ ਦਾ ਕਰਨਾ ਸੀ ਰਿਸ਼ਤਾ ਨਿੱਕੀ ਭੋਲਾਂ ਦਾ। ਸਾਲੇ ਮੁੰਡੇ ਆਲੇ ਅੱਧਾ ਪਿੰਡ ਲੈ ਆਏ ਕੁੜੀ ਦੇਖਣ ਨੂੰ। ਵਿੰਗੇ ਟੇਡੇ ਜਿਹੇ, ਸੱਤ ਅੱਠ ਨਾਲ ਬੁੜ੍ਹੀਆਂ।”
“ਤੂੰ ਵਿਚੋਲਾ ਸੀ?’
“ਜਾਗਰਾ, ਵਿਚੋਲਾ ਤਾਂ ਨਹੀਂ ਸੀਗਾ ਪਰ ਜੇ ਸਿਆਣੇ ਬੰਦੇ ਨੂੰ ਬੁਲਾ ਲਿਆ ਤਾਂ ਕਿਤੇ ਟਟੀਹਰੀ ਦੀ ਲੱਤ ਟੁੱਟ ਗਈ?”
“ਚੱਲ ਗੱਲ ਪੂਰੀ ਕਰ ਮੈਂ ਤਾਂ ਊਂ ਪੁੱਛਿਆ।”
“ਅਸੀਂ ਬਾਹਰਲੀ ਬੈਠਕ ‘ਚ ਬੈਠੇ ਸੀ। ਪ੍ਰਾਹੁਣਿਆਂ ‘ਚੋਂ ਇਕ ਬੰਦਾ ਬਿੰਦ ਕੁ ਬਾਅਦ ਉਠ ਰਸੋਈ ‘ਚ ਜਾਵੇ, ਫੇਰ ਆਣ ਕੇ ਬਹਿ ਜੇ ਸਾਡੇ ‘ਚ। ਜਦੋਂ ਵਾਰ ਵਾਰ ਗੇੜੇ ਮਾਰਨੋਂ ਹਟੇ ਈ ਨਾ, ਤਾਂ ਮੈਂ ਪੁੱਛ ਈ ਲਿਆ, ਪਈ ਭਾਈ ਸਾਹਿਬ ਕੀ ਲਗਦੇ ਹੋ ਮੁੰਡੇ ਦੇ? ਗੁਬਾਰੇ ਆਂਙੂੰ ਮੂੰਹ ਫਲਾ ਕੇ ਕਹਿਣ ਲੱਗਾ- ਫੁੱਫੜ। ਮੈਂ ਉਹਦੇ ਮੋਢੇ ‘ਤੇ ਹੱਥ ਰੱਖ ਕੇ ਕਿਹਾ- ਕੁੜੀ ਗਈ ਹੋਈ ਐ ਨਾਨਕਿਆਂ ਨੂੰ। ਹਾਲੇ ਗਿਆਰਾਂ ਵੱਜੇ ਆ। ਜਿਹੜੀ ਦੋ ਵਜੇ ਲਾਰੀ ਆਉਂਦੀ ਐ ਪਿੰਡ ਨੂੰ, ਉਹਦੇ ‘ਚ ਆਊ। ਫੇਰ ਦਿਖਾ ਦਿਆਂਗੇ ਆਪਣੀ ਭੋਲੀ।æææਉਹ ਬਣਾ ਸੁਆਰ ਕੇ ਆਂਹਦਾ- ਨਹੀਂ ਜੀ, ਮੈਂ ਭੋਲਾਂ ਨੂੰ ਨ੍ਹੀਂ ਦੇਖਣ ਜਾਂਦਾ।”
“ਫੇਰ ਉਹ ਰਸੋਈ ‘ਚ ਧਾਰਾਂ ਲੈਣ ਜਾਂਦਾ ਸੀ?” ਸੰਤੂ ਵੀ ਵਿਚੇ ਬੋਲ ਪਿਆ।
“ਸੰਤੂਆ, ਬਈ ਉਹ ਤਾਂ ਮਰਾਸੀਆ ਤੋਂ ਵੀ ਉਪਰ ਦੀ ਹੋ ਗਿਆ।”
“ਕਿੱਦਾਂ?”
“ਆਂਹਦਾ ਮੈਂ ਤਾਂ ਖੰਡ ਆਲਾ ਡੱਬਾ ਦੇਖਣ ਜਾਂਦਾ ਸੀ ਰਸੋਈ ‘ਚ, ਉਹ ਦੇਖ ਕੇ ਆ ਜਾਂਦਾ ਸੀ।”
“ਹੈ ਸਾਲਾ ਸ਼ੁਦਾਈ ਫੁੱਫੜ। ਖੰਡ ਦੇ ਬਹਾਨੇ ਕੁੜੀ ਦੇਖਣ ਈ ਜਾਂਦਾ ਹੋਣੈ।”
“ਕਾਹਨੂੰæææ! ਪੋਲਾ ਜਿਹਾ ਮੂੰਹ ਬਣਾ ਕੇ ਦੱਸਣ ਲੱਗਾ ਕਿ ਮੈਂ ਢਿੱਲਾ-ਮੱਠਾ ਜਿਹਾ ਰਹਿਨੈਂ। ਡਾਕਟਰ ਕਹਿੰਦਾ ਸੀ ਜਿੱਥੇ ਵੀ ਜਾਵੇਂ, ਸ਼ੂਗਰ ਅੱਧੇ ਅੱਧੇ ਘੰਟੇ ਬਾਅਦ ਚੈਕ ਕਰੀ ਜਾਣੀ, ਤਾਂ ਜਾਂਦਾ ਸੀ ਖੰਡ ਦੇ ਡੱਬੇ ਕੋਲ ਨੂੰ।”
ਪੰਚਾਇਤ ਚੋਣਾਂ ਦੀ ਛੱਡੀ ਇਸ ਛੁਰਲੀ ਨਾਲ ਗਫੂਰ ਮਰਾਸੀ ਨੇ ਬੋਹੜ ਛਾਂਵੇਂ ਪੂਰੀ ਗਰਮੀ ਕੱਢ’ਤੀ।
ਹੱਸ ਹੱਸ ਕੇ ਸੰਤੂ ਫਿਰ ਹੌਲੀ ਦੇਣੀ ਕਹਿਣ ਲੱਗਾ, “ਯਾਰ ਗੱਲ ਤਾਂ ਵੋਟਾਂ ਦੀ ਚਲਦੀ ਸੀæææ।”
“ਤੇਰਾ ਹਾਲੇ ਢਿੱਡ ਦੁਖਣੋਂ ਨ੍ਹੀਂ ਹਟਿਆ। ਘੱਟ ਕੰਜਰ ਦਿਓ ਦੋਵੇਂ ਨ੍ਹੀਂ ਹੈਗੇ ਤੁਸੀਂ, ਪਰ ਆਹ ਮੇਰੀ ਗੱਲ ਧਿਆਨ ਨਾਲ ਸੁਣਿਓ, ਚੱਕਿਓ ਵੋਟਾਂ ਦੇæææ।”
“ਛੇਤੀ ਦੱਸ ਗਫੂਰਿਆ, ਇਹ ਸੰਤੂ ਦਾ ਥੋੜ੍ਹਾ ਡਮਾਕ ਹਿੱਲਿਆ ਪਿਆ।”
“ਮਹਿੰਗੇ ਦੀ ਵੱਡੀ ਨੂੰਹ ਦੇ ਸੀ ਨਿਆਣਾ ਨਿੱਕਾ ਹੋਣ ਆਲਾ।”
“ਪਰਸੋਂ ਮੁੰਡਾ ਹੋਇਐ।”
“ਚੁੱਪ ਤਾਂ ਕਰ ਜਾਗਰਾæææ।”
“ਭਲਾ ਕਿਹੜੇ ਮਹਿੰਗੇ ਦੀ ਗੱਲ ਕਰਦੈਂ ਗਫੂਰਿਆ?”
“ਮਹਿੰਗੇ ਹੈਗੇ ਆ ਕਿਤੇ ਲੰਬੜਦਾਰਾ ਪੰਜ ਸੱਤ। ਹਾਈ ਪ੍ਰੀਤੋ ਜਿਹੜੀ ਸਰਪੰਚਣੀ ਬਣੀ ਆ, ਉਹਦੇ ਘਰ ਵਾਲਾ ਸਾਲਾ ਗੰਜਾ।”
“ਫੇਰ?”
“ਇਧਰੋਂ ਤਾਂ ਪ੍ਰੀਤੋ ਦੇ ਜਿੱਤਣ ਦੀ ਖੁਸ਼ੀ, ਉਧਰ ਪੋਤਾ ਜੰਮ ਪਿਆ। ਨੂੰਹ ਵਿਚਾਰੀ ਬਹੁਤ ਔਖੀ ਹੋਈ, ਵੱਡੇ ਪ੍ਰੇਸ਼ਨ ਨਾਲ ਹੋਇਆ। ਸਬੱਬੀਂ ਮਹਿੰਗਾ ਵੀ ਹਸਪਤਾਲ ਪੁੱਜਿਆ ਹੋਇਐ। ਪਹਿਲਾ ਪੋਤਾæææਆਂਹਦਾ, ਮੈਂ ਗੁੜਤੀ ਦੇਣੀ ਆ।”
“ਅੱਛਾ ਸਾਲਾ ਨਾਹੁੰਦਾ ਤਾਂ ਹੈ ਨ੍ਹੀਂ ਵੀਹ ਵੀਹ ਦਿਨ।”
“ਮੁੰਡੇ ਨੇ ਇਕ ਵਾਰ ਅੱਖਾਂ ਖੋਲ੍ਹ ਕੇ ਦੇਖਿਆ। ਚੌਵੀ ਘੰਟੇ ਮੁੰਡਾ ਰੋਣੋਂ ਨ੍ਹੀਂ ਹਟਿਆ। ਮਸੂਮ ਦੀ ਲਲੋ ਨਾ ਅੰਦਰ ਵੜੇ। ਡਾਕਟਰ ਕਹਿਣ- ਬਿਮਾਰੀ ਕੋਈ ਹੈ ਨ੍ਹੀਂ। ਰਾਤੀਂ ਕਿਤੇ ਅੱਧੀ ਰਾਤ ਨੂੰ ਜਾ ਕੇ ਚੁੱਪ ਹੋਇਆ।”
“ਉਹ ਕਿੱਦਾਂ ਫੇਰ?”
“ਬਈ ਦੱਸਦੇ ਆ, ਪਈ ਹਸਪਤਾਲ ‘ਚ ਇਕ ਨਵੀਂ ਮਸ਼ੀਨ ਆਈ ਐ ਜਪਾਨੋਂ। ਉਹਦੇ ਵਿਚ ਬੱਚੇ ਨੂੰ ਰੱਖੋ, ਮਸ਼ੀਨ ਬੋਲ ਕੇ ਦੱਸ ਦਿੰਦੀ ਆ ਕਿ ਬੱਚੇ ਨੂੰ ਗੱਲ ਕੀ ਐ?”
“ਕੀ ਦੱਸਿਆ ਫੇਰ ਮਸ਼ੀਨ ਨੇ?” ਸੰਤੂ ਨੇ ਬੜੀ ਉਤਸੁਕਤਾ ਨਾਲ ਪੁੱਛਿਆ।
“ਅੱਛਾ ਇਹਨੂੰ ਫੇ’ ਮਸ਼ੀਨ ‘ਚ ਰੱਖਿਆ?” ਜਾਗਰ ਨੇ ਵੀ ਕੰਨ੍ਹ ਖੜ੍ਹੇ ਕਰ ਲਏ।
“ਸੁਣ ਤਾਂ ਲਵੋ। ਮਸ਼ੀਨ ਵੀ ਕਿਤੇ ਅੱਧੇ ਘੰਟੇ ਬਾਅਦ ਜਾ ਕੇ ਬੋਲੀ, ਪਈ ਇਹ ਬੱਚਾ ਤਾਂ ਰੋਂਦਾ ਸੀ ਕਿ ਇਹਨੂੰ ਧਰਮ ਰਾਜ ਨੇ ਤੁਰਨ ਲੱਗੇ ਨੂੰ ਦੱਸਿਆ ਸੀ, ਬਾਬਾ ਤੇਰਾ ਚਿੱਟੀ ਪੱਗ ਬੰਨ੍ਹਦੈ। ਤੇ ਜਦੋਂ ਉਹਨੇ ਗੁੜਤੀ ਦੇਣ ਲੱਗੇ ਦੀ ਬੱਚੇ ਨੇ ਦੇਖੀ ਨੀਲੀ ਪੱਗ, ਉਹਨੇ ਛੱਡ’ਤੀਆਂ ਲੇਰਾਂ; ਪਈ ਮੈਂ ਤਾਂ ਗਲਤ ਥਾਂ ‘ਤੇ ਆ ਗਿਆ। ਧਰਮਰਾਜ ਦੀ ਚੱਲਦੀ ਸੀ ਮੁੱਖ ਮੰਤਰੀ ਨਾਲ ਗੁਪਤ ਮੀਟਿੰਗ। ਉਹ ਕਿਤੇ ਅੱਠ ਘੰਟੇ ਬਾਅਦ ਵਿਹਲਾ ਹੋਇਆ ਤਾਂ ਉਹਨੇ ਆ ਕੇ ਸਮਝਾਇਆ ਬੱਚੇ ਨੂੰ।”
“ਕੀ?” ਲੰਬੜਦਾਰ ਫੇਰ ਉਲਰਿਆ।
“ਪਈ ਮੇਰੇ ਰਿਕਾਰਡ ‘ਚ ਨ੍ਹੀਂ ਚੜ੍ਹਿਆ ਸੀ। ਮਹਿੰਗਾ ਪੱਗ ਤਾਂ ਚਿੱਟੀ ਹੀ ਬੰਨ੍ਹਦਾ ਸੀ, ਤਿੰਨ-ਚਾਰ ਕੁ ਦਿਨ ਤੋਂ ਈ ਰੰਗ ਬਦਲਿਆ ਇਹਨੇ।”
“ਓ ਬੁੱਢ-ਬਲੇਡੋ ਅਮਲੀਓæææਘਰ ਜਾ ਕੇ ਵਿਚਾਰਿਓ, ਗਫੂਰ ਦੀ ਚੋਟ ਵੱਜੀ ਕਿਥੇ ਐ। ਸਾਲੇ ਦੋ ਦਿਨ ਦੀ ਭੁੱਕੀ ਤੋਂ ਸੀਲ ਕੁੱਕੜਾਂ ਵਾਂਗ ਲੜਨ ਡਹੇ ਆ।”
“ਲਓ ਬਈ ਮਾਹਟਰ ਬੀਹਲਾ ਵੀ ਆ ਗਿਆ। ਹੁਣ ਬੱਝੂ ਹੋਰ ਵੀ ਰੰਗ।” ਸਕੂਲੋਂ ਆਉਂਦੇ ਮਾਸਟਰ ਨੂੰ ਦੇਖ ਕੇ ਲੰਬੜਦਾਰ ਬੋਲਿਆ।
ਮਾਸਟਰ ਨੇ ਸਾਈਕਲ ਥੜ੍ਹੇ ਨਾਲ ਲਾ ਕੇ ਗੱਲ ਮੁਕਾਉਣ ਵਰਗੀ ਗੱਲ ਕਰ’ਤੀ; ਆਂਹਦਾ, “ਓ ਜਾਗਰਾ ਓਏ ਸੰਤੂਆ, ਹੈ ਤਾਂ ਮੈਨੂੰ ਵੀ ਕਾਹਲੀ ਪਰ ਰਾਤੀਂ ਜਿਹੜਾ ਮੈਨੂੰ ਸੁਪਨਾ ਆਇਆ, ਜੀ ਕਰਦੈ ਤੁਹਾਡੇ ਨਾਲ ਸਾਂਝਾ ਜ਼ਰੂਰ ਕਰਾਂ।”
“ਮਾਹਟਰ ਜੀ, ਮੈਂ ਕੱਢਣੀ ਐ ਧਾਰ ਜਾ ਕੇ। ਗੱਲ ਛੇਤੀ ਨਬੇੜ ਦਿਓ।”
“ਰਾਤੀਂ ਪੀਤੀ ਤਾਂ ਮੈਂ ਦੋ ਕੁ ਪੈਗ ਈ ਸੀਗੇ, ਪਰ ਅੱਖ ਪੈਂਦੇ ਦੀ ਲੱਗ ਗਈ। ਸ਼ੁਰੂ ਹੋ ਗਿਆ ਸੁਪਨਾ। ਭਾਬੀ ਧੋਡੀ ‘ਵਾਜਾਂ ਮਾਰੇ, ਪਈ ਆ ਜੋ ਛੇਤੀ। ਚੱਲ ਪਿਆ ‘ਕੌਣ ਬਣੇਗਾ ਕਰੋੜਪਤੀ।’ ਆ ਗਿਆ ਅਮਿਤਾਭ ਬਚਨ। ਮੈਂ ਹਾਲੇ ਸੋਚਦਾ ਈ ਸੀ, ਉਹ ਗਿੱਠ ਭਰ ਹੋਰ ਉਲਰੀ। ਆਂਹਦੀ- ਭੱਜ ਕੇ ਭੱਜ ਕੇ, ਸੋਨੀਆ ਖੇਡਦੀ ਆ ਪੰਜ ਕਰੋੜ ਲਈ ਲੰਬੂ ਨਾਲ, ਤੇ ਫੇਰ ਕੀ ਸੀæææਮੈਂ ਵੀ ਵੜ ਗਿਆ ਟੈਲੀਵਿਜ਼ਨ ‘ਚ ਫਿਰ। ਸੋਨੀਆ ਤਾਂ ਜਵਾਬ ਦੇਵੇ ਠਾਹ ਠਾਹ।”
“ਮਾਹਟਰ ਜੀ, ਸੋਨੀਆ ਕਿਹੜੀ? ਆਪਣੀ ਪੰਚਣੀ ਬਣੀ ਆ ਜਿਹੜੀ?”
“ਲੱਖ ਲਾਹਣਤ ਜੰਮਣ ਦੇ ਸਾਲੇ ਦੇæææਗਫੂਰ ਨੇ ਵੀ ਗਾਲ’ਤੀ ਅੱਜ ਗਿਲਤੀ। ਸੋਨੀਆ ਸਾਲਿਆ ਦਿੱਲੀ ਆਲੀ।” “ਅੱਗੇ ਚਲੋ ਤੁਸੀਂ ਮਾਹਟਰ ਜੀ।”
“ਲਓ ਜੀ ਸਵਾਲ ਆ ਗਿਆ ਆਖਰੀ ਪੰਜ ਕਰੋੜ ਦਾ। ਸਵਾਲ ਸੀ ਗੁਜਰਾਤ ਦਾ ਮੁੱਖ ਮੰਤਰੀ ਕੌਣ ਆ। ਅਮਿਤਾਭ ਨੇ ਚਾਰ ਨਾਂ ਬੋਲੇ- ਪ੍ਰਕਾਸ਼ ਸਿੰਘ ਬਾਦਲ, ਨਿਤਿਸ਼ ਕੁਮਾਰ, ਲਾਲੂ ਪ੍ਰਸਾਦ ਯਾਦਵ ਤੇ ਨਰਿੰਦਰ ਮੋਦੀ। ਸੋਨੀਆ ਪੈ ਗਈ ਸੋਚਾਂ ਵਿਚ। ਅਮਿਤਾਭ ਨੇ ਕਿਹਾ- ਬੀਬੀ ਹੈਲਪ ਲਾਈਨਾਂ ਸਾਰੀਆਂ ਬਚਦੀਆਂ। ਸਵਾਲ ਗਲਤ ਹੋਇਆ ਤਾਂ ਸਿਰਫ਼ ਦਸ ਲੱਖ ਮਿਲੇਗਾ। ਮਨਮੋਹਨ ਸਿੰਘ ਨੂੰ ਮਿਲਾ ਲਿਆ ਫੋਨ। ਉਹ ਹੈਰਾਨ ਹੋ ਕੇ ਕਹਿਣ ਲੱਗਾ ਕਿ ਇਸ ਗੱਲ ਨੂੰ ਤਾਂ ਸਾਰੀ ਦੁਨੀਆਂ ਜਾਣਦੀ ਆ- ‘ਨਰਿੰਦਰ ਮੋਦੀ।’ ਸੋਨੀਆ ਨੇ ‘ਹਾਂ’ ਵਿਚ ਸਿਰ ਹਿਲਾਇਆ ਤਾਂ ਅਮਿਤਾਭ ਨੇ ਪੁੱਛਿਆ, ਕਰ ਦਿਆਂ ਮੋਦੀ ਲੌਕ?”
“ਫੇਰ?”
“ਸੋਨੀਆ ਖੜ੍ਹ ਗਈ ਕੁਰਸੀ ‘ਤੇ। ਆਂਹਦੀ ਆਪ ਪੰਜ ਕਰੋੜ ਰੱਖ ਕੋਲ। ਆਹ ਲੈ ਪੰਜ ਸੌ ਕਰੋੜ ਦਾ ਚੈਕ। ਰਾਜੀਵ ਦਾ ਹੈਗਾ ਤੂੰ ਮਿੱਤਰ। ਮੋਦੀ ‘ਤੇ ਐਸਾ ਲੌਕ ਲਾ ਦੇ, ਪਈ ਚਾਬੀ ਦਰਿਆ ਵਿਚ ਸੁੱਟ ਦੇ।”
ਜਾਗਰ ਬੋਲਿਆ, “ਇਹ ਲੌਕ ਕਿਹਨੂੰ ਆਂਹਦੇ ਆ?”
“ਜਿੱਦਾਂ ਪ੍ਰੀਤੋ ਨੇ ਲਾਇਆ ਥੋਡੇ।”
æææਤੇ ਸੱਥ ਬੂੰਦੀ ਦੇ ਲੱਡੂਆਂ ਵਾਂਗ ਖਿਲਰ ਗਈ।
Leave a Reply