ਹਾਈਕਮਾਨ ਅੱਗੇ ਵਿਧਾਇਕਾਂ ਤੇ ਮੰਤਰੀਆਂ ਦੇ ਕਾਰਨਾਮਿਆਂ ਦੀ ਪੋਲ ਖੋਲ੍ਹ ਆਏ ਕੈਪਟਨ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਵਿੱਚ ਕਾਂਗਰਸ ਹਾਈ ਕਮਾਨ ਵੱਲੋਂ ਗਠਿਤ ਤਿੰਨ ਮੈਂਬਰੀ ਕਮੇਟੀ ਨਾਲ ਮੁਲਾਕਾਤ ਕਰਕੇ ਮੰਤਰੀਆਂ, ਵਿਧਾਇਕਾਂ ਤੇ ਸੰਸਦ ਮੈਂਬਰਾਂ ਵੱਲੋਂ ਲਾਏ ਦੋਸ਼ਾਂ ਦੇ ਜਵਾਬ ਹੀ ਨਹੀਂ ਦਿੱਤੇ ਸਗੋਂ ਗੈਰਕਾਨੂੰਨੀ ਗਤੀਵਿਧੀਆਂ ‘ਚ ਸ਼ਾਮਲ ਕਾਂਗਰਸੀ ਨੇਤਾਵਾਂ ਦੀਆਂ ਫਾਈਲਾਂ ਵੀ ਤਿੰਨ ਮੈਂਬਰੀ ਕਮੇਟੀ ਨੂੰ ਦਿਖਾਈਆਂ। ਮੁੱਖ ਮੰਤਰੀ ਨੇ ਬੇਅਦਬੀ ਦੇ ਮਾਮਲੇ ਸਮੇਤ ਮਾਫੀਆ ਦੇ ਦੋਸ਼ਾਂ ਸਬੰਧੀ ਸਾਰੇ ਮੁੱਦਿਆਂ ‘ਤੇ ਚਰਚਾ ਕੀਤੀ ਅਤੇ ਤੱਥਾਂ ਸਮੇਤ ਦੋਸ਼ਾਂ ਨੂੰ ਝੁਠਲਾਉਣ ਦਾ ਯਤਨ ਕੀਤਾ। ਸੂਤਰਾਂ ਦਾ ਦੱਸਣਾ ਹੈ ਕਿ ਪੰਜਾਬ ਪੁਲਿਸ ਦੇ ਖੁਫੀਆ ਵਿੰਗ ਨੇ ਪੰਜਾਬ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਕਾਰਨਾਮਿਆਂ ਦੀ ਸੂਚੀ ਬਣਾ ਕੇ ਮੁੱਖ ਮੰਤਰੀ ਨੂੰ ਹਫਤਾ ਕੁ ਪਹਿਲਾਂ ਹੀ ਸੌਂਪੀ ਸੀ।

ਸੂਤਰਾਂ ਦਾ ਦੱਸਣਾ ਹੈ ਕਿ ਮੁੱਖ ਮੰਤਰੀ ਵੱਲੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਦੇ ਯਤਨ ਕੀਤੇ ਜਾ ਰਹੇ ਹਨ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਦਾ ਵਿਰੋਧੀ ਧੜਾ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦੇ ਸੰਪਰਕ ਵਿੱਚ ਹੈ ਜਦਕਿ ਸ੍ਰੀਮਤੀ ਗਾਂਧੀ ਵੱਲੋਂ ਅਮਰਿੰਦਰ ਸਿੰਘ ਦੀ ਹਮਾਇਤ ਕੀਤੀ ਜਾਂਦੀ ਹੈ।
ਮੁੱਖ ਮੰਤਰੀ ਦੇ ਕਰੀਬੀ ਸੂਤਰਾਂ ਦਾ ਦੱਸਣਾ ਹੈ ਕਿ ਉਨ੍ਹਾਂ ਮੀਟਿੰਗ ਦੌਰਾਨ ਬੇਅਦਬੀ ਦੇ ਮੁੱਦੇ ‘ਤੇ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਬਾਰੇ ਦੱਸਿਆ। ਸੂਬੇ ਦੇ ਵਿਧਾਇਕਾਂ ਵੱਲੋਂ ਰੇਤ ਮਾਫੀਆ ਤੇ ਹੋਰਨਾਂ ਧੰਦਿਆਂ ‘ਚ ਸ਼ਮੂਲੀਅਤ ਬਾਰੇ ਵੀ ਕਮੇਟੀ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਵਿਜੀਲੈਂਸ ਤੇ ਇੰਟੈਲੀਜੈਂਸ ਵੱਲੋਂ ਦਿੱਤੀਆਂ ਗਈਆਂ ਰਿਪੋਰਟਾਂ ਵੀ ਕਮੇਟੀ ਦੇ ਮੈਂਬਰਾਂ ਨੂੰ ਦਿਖਾਈਆਂ। ਕੈਪਟਨ ਦੇ ਕਰੀਬੀਆਂ ਦਾ ਦੱਸਣਾ ਹੈ ਕਿ ਮੁੱਖ ਮੰਤਰੀ ਨੇ ਸੂਬੇ ਦੇ ਮੰਤਰੀਆਂ ਦੀ ਕਾਰਗੁਜ਼ਾਰੀ ਬਾਰੇ ਵੀ ਕਮੇਟੀ ਦੇ ਮੈਂਬਰਾਂ ਨੂੰ ਜਾਣਕਾਰੀ ਦਿੱਤੀ। ਮੁੱਖ ਮੰਤਰੀ ਤੇ ਉਨ੍ਹਾਂ ਦੇ ਹਮਾਇਤੀਆਂ ਨੇ ਅਧਿਕਾਰਤ ਤੌਰ ‘ਤੇ ਮੀਡੀਆ ਨਾਲ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਨਾਂਹ ਕਰ ਦਿੱਤੀ। ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੇ ਮੰਤਰੀਆਂ, ਵਿਧਾਇਕਾਂ ਅਤੇ ਸੰਸਦ ਮੈਂਬਰਾਂ ਵੱਲੋਂ ਲਾਏ ਗਏ ਸਾਰੇ ਦੋਸ਼ਾਂ ਦੇ ਜਵਾਬ ਦਿੱਤੇ ਹਨ। ਪੰਜਾਬ ਦੇ ਬਹੁ ਗਿਣਤੀ ਵਿਧਾਇਕਾਂ, ਮੰਤਰੀਆਂ, ਸੰਸਦ ਮੈਂਬਰਾਂ ਤੇ ਹਲਕਾ ਇੰਚਾਰਜਾਂ ਨੇ ਖੜਗੇ ਕਮੇਟੀ ਨਾਲ ਚਾਰ ਦਿਨ ਚੱਲੀਆਂ ਮੀਟਿੰਗਾਂ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਬਾਦਲ ਪਰਿਵਾਰ ਨਾਲ ਰਲੇ ਹੋਣ, ਬੇਅਦਬੀ ਮਾਮਲੇ ‘ਤੇ ਕਾਰਵਾਈ ਨਾ ਕਰਨ, ਸੂਬੇ ‘ਚ ਰੇਤ ਮਾਫੀਆ, ਕੇਬਲ ਮਾਫੀਆ, ਟਰਾਂਸਪੋਰਟ ਮਾਫੀਆ ਤੇ ਸ਼ਰਾਬ ਮਾਫੀਆ ਦਾ ਬੋਲਬਾਲਾ ਹੋਣ ਦੇ ਨਾਲ ਵਿਜੀਲੈਂਸ ਵਿੱਚ ਭ੍ਰਿਸ਼ਟਾਚਾਰ ਜ਼ੋਰਾਂ ‘ਤੇ ਹੋਣ ਅਤੇ ਅਕਾਲੀਆਂ ਦੇ ਭ੍ਰਿਸ਼ਟ ਕਾਰਨਾਮਿਆਂ ‘ਤੇ ਪਰਦਾ ਪਾਉਣ ਦੇ ਦੋਸ਼ ਲਾਏ ਸਨ। ਕੈਪਟਨ ਦੇ ਕਈ ਕਰੀਬੀਆਂ ਨੇ ਵੀ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕੀਤੇ ਸਨ। ਇਸ ਦੌਰਾਨ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਵੀ ਪੰਜਾਬ ਦੇ ਚੋਣਵੇਂ ਆਗੂਆਂ ਨਾਲ ਗੱਲਬਾਤ ਕਰਕੇ ਜਾਣਕਾਰੀ ਲੈਣ ਦਾ ਸਿਲਸਿਲਾ ਜਾਰੀ ਹੈ। ਖੜਗੇ ਕਮੇਟੀ ਵੱਲੋਂ ਅਗਲੇ ਹਫਤੇ ਤੱਕ ਰਿਪੋਰਟ ਸੌਂਪੇ ਜਾਣ ਦੀ ਸੰਭਾਵਨਾ ਹੈ। ਇਹ ਵੀ ਪਤਾ ਲੱਗਾ ਹੈ ਕਿ ਆਉਂਦੇ ਦਿਨਾਂ ਦੌਰਾਨ ਹਾਈ ਕਮਾਨ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਮੀਟਿੰਗ ਕਰਾਏ ਜਾਣ ਦੇ ਵੀ ਆਸਾਰ ਹਨ।
_________________________________________
ਪੰਜਾਬ ਵਜ਼ਾਰਤ ਵਿਚ ਫੇਰਬਦਲ ਦੇ ਚਰਚੇ
ਚੰਡੀਗੜ੍ਹ: ਕਾਂਗਰਸੀ ਹਲਕਿਆਂ ਵਿਚ ਇਹ ਵੀ ਚਰਚਾ ਹੈ ਕਿ ਸੂਬਾਈ ਮੰਤਰੀ ਮੰਡਲ ‘ਚ ਆਉਂਦੇ ਦਿਨਾਂ ਦੌਰਾਨ ਫੇਰਬਦਲ ਹੋ ਸਕਦਾ ਹੈ। ਮੰਤਰੀ ਮੰਡਲ ਵਿਚ ਕੁਝ ਨਵੇਂ ਚਿਹਰੇ ਲਏ ਜਾ ਸਕਦੇ ਹਨ ਤੇ ਕੁਝ ਦੀ ਛੁੱਟੀ ਵੀ ਹੋ ਸਕਦੀ ਹੈ। ਪਾਰਟੀ ‘ਚ ਜਥੇਬੰਦਕ ਪੱਧਰ ‘ਤੇ ਵੀ ਵੱਡੀਆਂ ਤਬਦੀਲੀਆਂ ਦਾ ਮੁੱਢ ਬੱਝਿਆ ਦਿਖਾਈ ਦੇ ਰਿਹਾ ਹੈ। ਇਸ ਲਈ ਆਉਣ ਵਾਲੇ ਦਿਨ ਪੰਜਾਬ ਦੀ ਸਿਆਸਤ ਲਈ ਅਹਿਮ ਮੰਨੇ ਜਾ ਰਹੇ ਹਨ। ਪਾਰਟੀ ਹਾਈ ਕਮਾਨ ਵੱਲੋਂ ਸੂਬਾਈ ਮਾਮਲਿਆਂ ਦੇ ਇੰਚਾਰਜ ਅਤੇ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਵੀ ਨਵਾਂ ਥਾਪਿਆ ਜਾ ਰਿਹਾ ਹੈ।
________________________________________
ਭ੍ਰਿਸ਼ਟਾਚਾਰੀਆਂ ਦੀ ਸੂਚੀ ਦਿੱਲੀ ਸੌਂਪਣ ਦੀ ਕੋਈ ਤੁਕ ਨਹੀਂ: ਮਾਨ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਭ੍ਰਿਸ਼ਟ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਸੂਚੀਆਂ ਦਿੱਲੀ ਦਰਬਾਰ ਵਿਚ ਰਾਹੁਲ ਗਾਂਧੀ ਨੂੰ ਸੌਂਪਣ ਦੀ ਥਾਂ ਉਨ੍ਹਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਸਭ ਤੋਂ ਕਮਜ਼ੋਰ ਮੁੱਖ ਮੰਤਰੀ ਸਾਬਤ ਹੋਏ ਹਨ ਜਿਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਹਰ ਥਾਂ ਸਹੁੰ ਖਾ ਕੇ ਕਹਿੰਦੇ ਸਨ ਕਿ ਉਹ ਮੁੱਖ ਮੰਤਰੀ ਬਣ ਕੇ ਪੰਜਾਬ ਵਿੱਚੋਂ ਹਰ ਤਰ੍ਹਾਂ ਦਾ ਮਾਫੀਆ ਰਾਜ ਖਤਮ ਕਰਨਗੇ।