ਦੇਸ਼ ਵਿਆਪੀ ਪ੍ਰਦਰਸ਼ਨਾਂ ਨੂੰ ਮਿਲੇ ਹੁੰਗਾਰੇ ਪਿੱਛੋਂ ਕਿਸਾਨਾਂ ਦੇ ਹੌਸਲੇ ਬੁਲੰਦ

ਚੰਡੀਗੜ੍ਹ: ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੀਆਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਘਰਾਂ/ਦਫਤਰਾਂ ਮੂਹਰੇ, ਟੌਲ ਪਲਾਜ਼ਿਆਂ, ਪੂੰਜੀਪਤੀ ਘਰਾਣਿਆਂ, ਰੇਲਵੇ ਸਟੇਸ਼ਨਾਂ ਦੇ ਪਾਰਕਾਂ ਅੰਦਰ ਅਤੇ ਨਿੱਜੀ ਥਰਮਲ ਪਲਾਂਟ ਸਣੇ ਸਵਾ ਸੌ ਤੋਂ ਵੱਧ ਥਾਵਾਂ ‘ਤੇ ਮੀਂਹ ਅਤੇ ਝੱਖੜ ਦੌਰਾਨ ਵੀ ਧਰਨੇ ਜਾਰੀ ਹਨ।

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਦੇਸ਼ ਭਰ ਦੇ ਲੋਕਾਂ ਤੋਂ ਮਿਲ ਰਹੇ ਲਾਮਿਸਾਲ ਹੁੰਗਾਰੇ ਨੇ ਵੀ ਕਿਸਾਨਾਂ ਵਿਚ ਜੋਸ਼ ਭਰਿਆ ਹੈ। ਕੇਂਦਰ ਸਰਕਾਰ ਦੀ ਅੜੀ ਤੋੜਨ ਲਈ ਹਰ ਹਫਤੇ ਪੰਜਾਬ ਤੋਂ ਦਿੱਲੀ ਵੱਲ ਕਿਸਾਨਾਂ ਦੇ ਵੱਡੇ ਕਾਫਲੇ ਰਵਾਨਾ ਹੋ ਰਹੇ ਹਨ। ਕਿਸਾਨ ਆਗੂ ਜਗਮੋਹਨ ਸਿੰਘ ਪਟਿਆਲਾ, ਡਾ. ਸਤਨਾਮ ਸਿੰਘ ਅਜਨਾਲਾ, ਬਲਵੰਤ ਸਿੰਗ ਬਰਿਾਮਕੇ, ਮੁਕੇਸ਼ ਚੰਦਰ ਅਤੇ ਕੁਲਦੀਪ ਸਿੰਘ ਵਜੀਦਪੁਰ ਨੇ ਧਰਨਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਭਰ ਵਿਚ ਅੰਦੋਲਨ ਨੂੰ ਮਿਲੇ ਹੁੰਗਾਰੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ। ਲੋਕਾਂ ਦੇ ਵੱਡੇ ਇਕੱਠਾਂ ਨੂੰ ਦੇਖਦਿਆਂ ਹੀ ਕੇਂਦਰ ਸਰਕਾਰ ਕਾਨੂੰਨਾਂ ਵਿਚ ਸੋਧ ਕਰਨ ਅਤੇ ਡੇਢ ਸਾਲ ਤੱਕ ਅੱਗੇ ਪਾਉਣ ਲਈ ਤਿਆਰ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੀ ਮੰਗ ਹੈ ਕਿ ਖੇਤੀ ਕਾਨੂੰਨ ਰੱਦ ਕਰਵਾਏ ਬਿਨਾਂ ਘਰ ਵਾਪਸੀ ਨਹੀਂ ਕੀਤੀ ਜਾਵੇਗੀ।
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਜਿਥੇ ਦੇਸ ਭਰ ਵਿੱਚ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਹਜ਼ਾਰਾਂ ਥਾਵਾਂ ‘ਤੇ ਰੋਸ ਮੁਜ਼ਾਹਰੇ ਕੀਤੇ ਗਏ, ਉਥੇ ਕਿਸਾਨ ਜਥੇਬੰਦੀਆਂ ਨੇ ਹਰਿਆਣਾ ਵਿਚ ਭਾਜਪਾ ਆਗੂਆਂ ਦੇ ਘਰਾਂ ਅਤੇ ਦਫਤਰਾਂ ਅੱਗੇ ਰੋਸ ਪ੍ਰਗਟਾਉਂਦਿਆਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ। ਇਸ ਦੌਰਾਨ ਪੁਲਿਸ ਨੇ ਪੰਚਕੂਲਾ ਵਿਚ ਹਰਿਆਣਾ ਦੇ ਸਪੀਕਰ ਗਿਆਨ ਚੰਦ ਦੇ ਘਰ ਦਾ ਘਿਰਾਓ ਕਰਨ ਜਾਂਦੇ ਕਿਸਾਨਾਂ ਨੂੰ ਰੋਕ ਲਿਆ ਤੇ ਉਨ੍ਹਾਂ ‘ਤੇ ਲਾਠੀਚਾਰਜ ਕੀਤਾ। ਇਸ ਮੌਕੇ ਡਾ. ਦਰਸ਼ਨ ਪਾਲ ਨੇ ਕਿਹਾ ਕਿ 5 ਜੂਨ 2020 ਨੂੰ ਮੋਦੀ ਸਰਕਾਰ ਨੇ ਤਿੰਨ ਕਿਸਾਨ ਵਿਰੋਧੀ ਖੇਤੀਬਾੜੀ ਕਾਨੂੰਨਾਂ ਨੂੰ ਆਰਡੀਨੈਂਸ ਵਜੋਂ ਲਿਆਂਦਾ ਸੀ। ਇਹ ਉਹ ਕਾਨੂੰਨ ਹਨ ਜਿਨ੍ਹਾਂ ਦੀ ਕਦੇ ਵੀ ਕਿਸਾਨਾਂ ਵੱਲੋਂ ਮੰਗ ਨਹੀਂ ਕੀਤੀ ਗਈ। ਸਾਰੇ ਦੇਸ ‘ਚ ਭਾਜਪਾ ਆਗੂਆਂ, ਐਨ.ਡੀ.ਏ. ਦੀਆਂ ਹੋਰ ਸਹਿਯੋਗੀ ਪਾਰਟੀਆਂ ਦੇ ਆਗੂਆਂ ਦੇ ਦਫਤਰਾਂ ਤੇ ਘਰਾਂ ਦੇ ਬਾਹਰ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਇਹ ਵਿਰੋਧ ਪ੍ਰਦਰਸ਼ਨ ਕੇਂਦਰ ਲਈ ਚਿਤਾਵਨੀ ਹਨ ਕਿ ਆਉਣ ਵਾਲੇ ਦਿਨਾਂ ‘ਚ ਵਿਰੋਧ ਹੋਰ ਤੇਜ਼ ਹੋਵੇਗਾ। ਆਂਧਰਾ ਪ੍ਰਦੇਸ, ਕਰਨਾਟਕ, ਤਾਮਿਲਨਾਡੂ, ਉੜੀਸਾ, ਛੱਤੀਸਗੜ੍ਹ, ਬਿਹਾਰ, ਤੇਲੰਗਾਨਾ, ਮੱਧ ਪ੍ਰਦੇਸ, ਮਹਾਰਾਸ਼ਟਰ, ਪੰਜਾਬ, ਹਰਿਆਣਾ, ਰਾਜਸਥਾਨ, ਉੱਤਰਾਖੰਡ, ਹਿਮਾਚਲ ਪ੍ਰਦੇਸ ਅਤੇ ਉੱਤਰ ਪ੍ਰਦੇਸ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ ਹਜ਼ਾਰਾਂ ਥਾਵਾਂ ‘ਤੇ ਜਬਰਦਸਤ ਮੁਜ਼ਾਹਰੇ ਹੋਏ ਹਨ। ਕਈ ਥਾਵਾਂ ‘ਤੇ ਭਾਜਪਾ ਆਗੂਆਂ ਦੇ ਘਰਾਂ ਅਤੇ ਦਫਤਰਾਂ ਦਾ ਘਿਰਾਓ ਵੀ ਕੀਤਾ ਗਿਆ। ਕੁਝ ਥਾਵਾਂ ‘ਤੇ ‘ਵਿਸ਼ਵ ਵਾਤਾਵਰਨ ਦਿਵਸ‘ ਮੌਕੇ ਬੂਟੇ ਲਾਏ ਗਏ।
ਦਿੱਲੀ ਦੀਆਂ ਬਰੂੰਹਾਂ ‘ਤੇ ਖੇਤੀ ਕਾਨੂੰਨਾਂ ਖਿਲਾਫ 6 ਮਹੀਨਿਆਂ ਤੋਂ ਵੱਧ ਸਮੇਂ ਤੋਂ ਬੈਠੇ ਕਿਸਾਨਾਂ ਨੇ ਸਿੰਘੂ, ਟਿਕਰੀ ਤੇ ਗਾਜ਼ੀਪੁਰ ਦੇ ਮੋਰਚਿਆਂ ਤੋਂ ਇਲਾਵਾ ਦੱਖਣੀ ਦਿੱਲੀ ਤੋਂ ਨਿਕਲਦੇ ਸਮੇਂ ਦਿੱਲੀ-ਆਗਰਾ ਕੌਮੀਸ਼ਾਹ ਰਾਹ- 2 ‘ਤੇ ਪਲਵਲ ਕੋਲ ਚੱਲ ਰਹੇ ਮੋਰਚੇ ਸਮੇਤ ਰਾਜਸਥਾਨ ਦੇ ਸ਼ਾਹਜਹਾਂਪੁਰ ਦੇ ਮੋਰਚਿਆਂ ਵਿੱਚ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ। ਬੀਤੇ ਦਿਨਾਂ ਤੋਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਰਾਜਸਥਾਨ ਤੋਂ ਕਿਸਾਨ ਉਕਤ ਮੋਰਚਿਆਂ ‘ਤੇ ‘ਸੰਪੂਰਨ ਕ੍ਰਾਂਤੀ ਦਿਵਸ‘ ਮਨਾਉਣ ਤੇ ਕਾਲੇ ਕਾਨੂੰਨਾਂ ਦੇ ਪਾਸ ਹੋਣ ਦੇ ਇਕ ਸਾਲ ਹੋਣ ਮੌਕੇ ਸ਼ਾਮਲ ਹੋ ਰਹੇ ਸਨ। ਕਿਸਾਨਾਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਸਾਲ ਪਹਿਲਾਂ ਜੋ ਕਾਨੂੰਨ ਬਣਾਏ ਸਨ, ਉਨ੍ਹਾਂ ਨਾਲ ਕਿਸਾਨ, ਮਜ਼ਦੂਰ ਤੇ ਹੋਰ ਵਰਗਾਂ ਦੀ ਜ਼ਿੰਦਗੀ ਵਿਚ ਖਲਲ ਮਚ ਗਿਆ ਹੈ। ਕਿਸਾਨ ਆਗੂਆਂ ਨੇ ਭਖਵੀਆਂ ਤਕਰੀਰਾਂ ਕਰਦਿਆਂ ਕਿਸਾਨ ਏਕੇ ਨਾਲ ਅੱਗੇ ਵਧਣ ਦਾ ਸੰਕਲਪ ਦੁਹਰਾਇਆ ਤੇ ਕੇਂਦਰ ਸਰਕਾਰ ਦੀ ਲਟਕਾਊ ਨੀਤੀ ਦੇ ਬਖੀਏ ਉਧੇੜੇ। ਕਿਸਾਨ ਆਗੂਆਂ ਨੇ ਦੱਸਿਆ ਕਿ ਹੁਣ ਉਨ੍ਹਾਂ ਦਾ ਨਿਸ਼ਾਨਾ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਕਿਸਾਨੀ ਘੋਲ ਨੂੰ ਮਘਾ ਕੇ ਕੇਂਦਰ ਸਰਕਾਰ ਨੂੰ ਹਰ ਪਾਸਿਓਂ ਘੇਰਾ ਪਾਉਣਾ ਹੈ।
________________________________________
ਬੰਗਾਲ ਵਾਂਗ ਯੂ.ਪੀ. ‘ਚ ਵੀ ਭਾਜਪਾ ਨੂੰ ਹਰਾਵਾਂਗੇ: ਚੜੂਨੀ
ਅੰਬਾਲਾ: ਹਰਿਆਣਾ ਭਾਰਤੀ ਕਿਸਾਨ ਯੂਨੀਅਨ ਦੇ ਮੁਖੀ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਕਿਸਾਨ ਵਿਰੋਧੀ ਭਾਜਪਾ ਨੂੰ ਪੱਛਮੀ ਬੰਗਾਲ ਦੀ ਤਰ੍ਹਾਂ ਉੱਤਰ ਪ੍ਰਦੇਸ਼ ‘ਚ ਵੀ ਹਰਾਇਆ ਜਾਵੇਗਾ ਜਿਥੇ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਚੜੂਨੀ ਨੇ ਦਾਅਵਾ ਕੀਤਾ ਕਿ ਪਿਛਲੇ ਛੇ ਮਹੀਨਿਆਂ ਦੌਰਾਨ ਲੋਕਾਂ ‘ਚ ਭਾਜਪਾ ਪ੍ਰਤੀ ਨਫਰਤ ਵਧੀ ਹੈ ਕਿਉਂਕਿ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੀਆਂ ਫਿਕਰਾਂ ਦਾ ਕੇਂਦਰ ਸਰਕਾਰ ਨੇ ਹੱਲ ਨਹੀਂ ਕੀਤਾ ਹੈ। ਅੰਬਾਲਾ ਤੋਂ ਸਿੰਘੂ ਬਾਰਡਰ ਤੱਕ ਕਿਸਾਨਾਂ ਦੇ ਮਾਰਚ ਦੀ ਅਗਵਾਈ ਕਰਨ ਤੋਂ ਪਹਿਲਾਂ ਉਨ੍ਹਾਂ ਕਿਹਾ, ‘ਜਿਸ ਤਰ੍ਹਾਂ ਉਨ੍ਹਾਂ (ਭਾਜਪਾ) ਨੂੰ ਪੱਛਮੀ ਬੰਗਾਲ ‘ਚ ਸੱਤਾ ‘ਚ ਆਉਣ ਤੋਂ ਰੋਕਿਆ ਗਿਆ, ਉਸੇ ਤਰ੍ਹਾਂ ਮਿਸ਼ਨ ਯੂਪੀ ਹੋਵੇਗਾ ਅਤੇ ਭਾਜਪਾ ਦੀ ਹਾਰ ਯਕੀਨੀ ਬਣਾਈ ਜਾਵੇਗੀ।‘