ਕਾਂਗਰਸ ਦਾ ਅੰਦਰੂਨੀ ਕਲੇਸ਼; ਗੇਂਦ ਹੁਣ ਗਾਂਧੀ ਪਰਿਵਾਰ ਦੇ ਪਾਲੇ ਵਿਚ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਦੋਵੇਂ ਧੜਿਆਂ ਦੀਆਂ ਨਜ਼ਰਾਂ ਹੁਣ ਪਾਰਟੀ ਹਾਈ ਕਮਾਨ ਦੇ ਹੁਕਮਾਂ ‘ਤੇ ਟਿਕੀਆਂ ਹੋਈਆਂ ਹਨ। ਮਲਿਕਾਰਜੁਨ ਖੜਗੇ, ਜੇ.ਪੀ. ਅਗਰਵਾਲ ਅਤੇ ਹਰੀਸ਼ ਰਾਵਤ ਦੀ ਅਗਵਾਈ ਹੇਠਲੀ ਤਿੰਨ ਮੈਂਬਰੀ ਕਮੇਟੀ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿਰੋਧੀ ਧੜੇ ਦੀਆਂ ਦਲੀਲਾਂ ਅਤੇ ਸ਼ਿਕਾਇਤਾਂ ਸੁਣਨ ਮਗਰੋਂ ਹੁਣ ਗੇਂਦ ਗਾਂਧੀ ਪਰਿਵਾਰ ਦੇ ਪਾਲੇ ਵਿਚ ਚਲੀ ਗਈ ਹੈ। ਪਾਰਟੀ ਸੂਤਰਾਂ ਮੁਤਾਬਕ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਮੁੱਖ ਮੰਤਰੀ ਪ੍ਰਤੀ ਨਰਮ ਰਵੱਈਆ ਹੈ ਜਦੋਂ ਕਿ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਪੱਖ ਦੀ ਗੱਲ ਕੀਤੀ ਜਾ ਰਹੀ ਹੈ।

ਪਾਰਟੀ ਦੇ ਸੀਨੀਅਰ ਆਗੂਆਂ ਨੇ ਕਿਹਾ ਕਿ ਪੰਜ ਦਿਨ ਚਲੀਆਂ ਲੰਮੀਆਂ ਮੀਟਿੰਗਾਂ ਤੋਂ ਬਾਅਦ ਸਥਿਤੀ ਇਹ ਬਣ ਗਈ ਹੈ ਕਿ ਹਾਈ ਕਮਾਨ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਨੂੰ ਇਕ ਮੰਚ ‘ਤੇ ਲਿਆਉਣਾ ਚਾਹੁੰਦੀ ਹੈ ਤਾਂ ਜੋ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਸਿਆਸੀ ਨੁਕਸਾਨ ਨਾ ਝੱਲਣਾ ਪਵੇ। ਕਮੇਟੀ ਵੱਲੋਂ ਅਗਲੇ ਹਫਤੇ ਰਿਪੋਰਟ ਦਿੱਤੀ ਜਾਵੇਗੀ। ਪਾਰਟੀ ਦੇ ਦਿੱਲੀ ‘ਚ ਬੈਠੇ ਆਗੂਆਂ ਨੂੰ ਦੋਹਾਂ ਦਰਮਿਆਨ ਸੁਲਾਹ-ਸਫਾਈ ਕਰਾਉਣ ਦਾ ਕੋਈ ਰਾਹ ਨਹੀਂ ਲੱਭ ਰਿਹਾ ਹੈ। ਸੂਤਰਾਂ ਮੁਤਾਬਕ ਇਸ ਸਮੇਂ ਪਾਰਟੀ ਅੰਦਰ ਨਵਜੋਤ ਸਿੰਘ ਸਿੱਧੂ ਨੂੰ ਉਪ ਮੁੱਖ ਮੰਤਰੀ, ਪ੍ਰਚਾਰ ਕਮੇਟੀ ਦਾ ਮੁਖੀ ਅਤੇ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਵਿਚੋਂ ਇਕ ਅਹੁਦਾ ਦੇਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਕੈਪਟਨ ਦੇ ਹਮਾਇਤੀਆਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਾਲ ਦੀ ਘੜੀ ਉਨ੍ਹਾਂ ਦੀ ਕੁਰਸੀ ਸੁਰੱਖਿਅਤ ਹੈ ਜਦੋਂ ਕਿ ਬਾਗੀ ਧੜੇ ਦੇ ਆਗੂਆਂ ਵੱਲੋਂ ‘ਤੇਲ ਦੇਖੋ, ਤੇਲ ਦੀ ਧਾਰ ਦੇਖੋ‘ ਵਾਲੀ ਰਣਨੀਤੀ ਅਪਣਾਈ ਜਾ ਰਹੀ ਹੈ।
ਪੰਜਾਬ ਵਿਚ ਕਾਂਗਰਸ ਦੀ ਮਜ਼ਬੂਤ ਸਰਕਾਰ ਹੋਣ ਦੇ ਬਾਵਜੂਦ ਪਾਰਟੀ ਅੰਦਰਲੀ ਪਾਟੋਧਾੜ ਕਾਰਨ ਹਾਈ ਕਮਾਨ ਦੀਆਂ ਚੁਣੌਤੀਆਂ ਵਧਦੀਆਂ ਜਾ ਰਹੀਆਂ ਹਨ। ਕਈ ਪਾਰਟੀ ਆਗੂਆਂ ਨੇ ਖੁੱਲ੍ਹੇਆਮ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅਗਲੀਆਂ ਵਿਧਾਨ ਸਭਾ ਚੋਣਾਂ ਜਿੱਤਣਾ ਮੁਸ਼ਕਲ ਹੋਵੇਗਾ। ਇਹ ਤੱਥ ਮਹੱਤਵਪੂਰਨ ਹੈ ਕਿ ਪੰਜਾਬ ਦੇ ਬਹੁ-ਗਿਣਤੀ ਵਿਧਾਇਕਾਂ, ਮੰਤਰੀਆਂ, ਸੰਸਦ ਮੈਂਬਰਾਂ ਅਤੇ ਹਲਕਾ ਇੰਚਾਰਜਾਂ ਨੇ 4 ਦਿਨ ਹਾਈ ਕਮਾਨ ਵੱਲੋਂ ਗਠਿਤ ਤਿੰਨ ਮੈਂਬਰੀ ਕਮੇਟੀ ਨਾਲ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਰੱਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਬਾਦਲ ਪਰਿਵਾਰ ਨਾਲ ਰਲੇ ਹੋਣ, ਬੇਅਦਬੀ ਮਾਮਲੇ ‘ਤੇ ਕਾਰਵਾਈ ਨਾ ਕਰਨ, ਰੇਤ ਮਾਫੀਆ, ਕੇਬਲ ਮਾਫੀਆ, ਟਰਾਂਸਪੋਰਟ ਮਾਫੀਆ ਤੇ ਸ਼ਰਾਬ ਮਾਫੀਆ ਦਾ ਬੋਲਬਾਲਾ ਹੋਣ ਦੇ ਨਾਲ ਨਾਲ ਵਿਜੀਲੈਂਸ ਵਿਚ ਭ੍ਰਿਸ਼ਟਾਚਾਰ ਜ਼ੋਰਾਂ ‘ਤੇ ਹੋਣ ਅਤੇ ਅਕਾਲੀਆਂ ਦੇ ਭ੍ਰਿਸ਼ਟ ਕਾਰਨਾਮਿਆਂ ‘ਤੇ ਪਰਦਾ ਪਾਉਣ ਦੇ ਦੋਸ਼ ਲਾਏ ਸਨ। ਕੈਪਟਨ ਦੇ ਕਈ ਕਰੀਬੀਆਂ ਨੇ ਵੀ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕੀਤੇ ਸਨ।
ਦਿਲਚਸਪ ਗੱਲ ਇਹ ਵੀ ਹੈ ਕਿ ਰਾਹੁਲ ਗਾਂਧੀ ਨੇ ਵੀ ਪੰਜਾਬ ਦੇ ਚੋਣਵੇਂ ਆਗੂਆਂ ਨਾਲ ਗੱਲਬਾਤ ਕਰਕੇ ਜਾਣਕਾਰੀ ਲੈਣ ਦਾ ਸਿਲਸਿਲਾ ਜਾਰੀ ਰੱਖਿਆ ਹੈ। ਮੁੱਖ ਮੰਤਰੀ ਨੇ ਕਮੇਟੀ ਨਾਲ ਮੀਟਿੰਗ ਕਰਕੇ ਸਾਰੇ ਦੋਸ਼ਾਂ ਨੂੰ ਰੱਦ ਕੀਤਾ ਅਤੇ ਵਿਧਾਇਕਾਂ, ਮੰਤਰੀਆਂ ਤੇ ਪਾਰਟੀ ਆਗੂਆਂ ਦੇ ਗੈਰ-ਕਾਨੂੰਨੀ ਗਤੀਵਿਧੀਆਂ ‘ਚ ਸ਼ਾਮਲ ਹੋਣ ਦੇ ਤੱਥ ਵੀ ਰੱਖੇ।
_____________________________________________
ਕਾਂਗਰਸ ਲੋਕਾਂ ਦੀ ਅਣਦੇਖੀ ਦਾ ‘ਪਾਪ’ ਕਰ ਰਹੀ: ਭਾਜਪਾ
ਨਵੀਂ ਦਿੱਲੀ: ਪੰਜਾਬ ਦੀ ਸੱਤਾਧਾਰੀ ਕਾਂਗਰਸ ਵਿਚ ਚੱਲ ਰਹੀ ਖਾਨਾਜੰਗੀ ਨੂੰ ਅਜੀਬੋ-ਗਰੀਬ ਰਾਜਨੀਤੀ ਕਰਾਰ ਦਿੰਦਿਆਂ ਭਾਜਪਾ ਨੇ ਦੋਸ਼ ਲਗਾਇਆ ਜਦੋਂ ਪੂਰਾ ਰਾਜ ਕਰੋਨਾ ਤੋਂ ਪ੍ਰਭਾਵਿਤ ਹੈ ਅਤੇ ਕਾਂਗਰਸ ਆਪਣੀ ਅੰਦਰੂਨੀ ਲੜਾਈ ਕਾਰਨ ਲੋਕਾਂ ਦੀ ਅਣਦੇਖੀ ਕਰਦੇ ‘ਪਾਪ` ਕਰ ਰਹੀ ਹੈ। ਕੇਂਦਰੀ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਪੰਜਾਬ ਵਿਚ ਕਿਹੋ ਜਿਹੀ ਅਜੀਬ ਰਾਜਨੀਤੀ ਚੱਲ ਰਹੀ ਹੈ। ਸਾਰਾ ਪੰਜਾਬ ਕਰੋਨਾ ਤੋਂ ਪ੍ਰਭਾਵਿਤ ਹੈ, ਟੀਕਿਆਂ ਦਾ ਸਹੀ ਪ੍ਰਬੰਧ ਨਹੀਂ ਹੈ ਤੇ ਕਾਂਗਰਸ ਸਰਕਾਰ ਆਪਸੀ ਲੜਾਈ ਵਿਚ ਉਲਝੀ ਹੋਈ ਹੈ।