ਗੋਲੀ ਨਾਲ ਵਿੰਨ੍ਹਿਆ ਸਰੂਪ ਸੰਗਤ ਦੇ ਦਰਸ਼ਨਾਂ ਲਈ ਰੱਖਿਆ

ਅੰਮ੍ਰਿਤਸਰ: ਜੂਨ 1984 ਵਿਚ ਸਾਕਾ ਨੀਲਾ ਤਾਰਾ ਫੌਜੀ ਹਮਲੇ ਵੇਲੇ ਸ੍ਰੀ ਦਰਬਾਰ ਸਾਹਿਬ ਵਿਖੇ ਗੋਲੀ ਲੱਗਣ ਨਾਲ ਵਿੰਨ੍ਹੇ ਗਏ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸੰਗਤ ਦੇ ਦਰਸ਼ਨਾਂ ਲਈ ਅਕਾਲ ਤਖਤ ਦੇ ਨੇੜੇ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਚ ਲਿਆਂਦਾ ਗਿਆ, ਜਿੱਥੇ ਸੰਗਤਾਂ ਤਿੰਨ ਦਿਨ ਸਰੂਪ ਦੇ ਦਰਸ਼ਨ ਕਰ ਸਕਣਗੀਆਂ।

ਇਸ ਦੇ ਨਾਲ ਹੀ ਪਾਵਨ ਸਰੂਪ ਵਿਚ ਲੱਗੀ ਗੋਲੀ ਵੀ ਸੰਗਤ ਨੂੰ ਦਿਖਾਉਣ ਲਈ ਰੱਖੀ ਗਈ ਹੈ। ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਵਿਚ ਕੀਤੇ ਗਏ ਫੈਸਲੇ ਮੁਤਾਬਕ ਇਹ ਪੁਰਾਤਨ ਤੇ ਹੱਥ ਲਿਖਤ ਸਰੂਪ ਸੰਗਤ ਦੇ ਦਰਸ਼ਨਾਂ ਵਾਸਤੇ ਇਥੇ ਲਿਆਂਦਾ ਗਿਆ ਹੈ, ਜਿਸ ਦਾ ਪ੍ਰਕਾਸ਼ ਨਹੀਂ ਕੀਤਾ ਗਿਆ ਪਰ ਇਥੇ ਆਉਣ ਵਾਲੀ ਸੰਗਤ ਨੂੰ ਇਸ ਦੇ ਦਰਸ਼ਨ ਕਰਵਾਏ ਜਾ ਰਹੇ ਹਨ। ਇਸ ਸਬੰਧੀ ਅਕਾਲ ਤਖਤ ਨੇੜੇ 2 ਵੱਡੀਆਂ ਐਲ.ਸੀ.ਡੀ. ਸਕਰੀਨਾਂ ਵੀ ਲਾਈਆਂ ਗਈਆਂ ਹਨ, ਜਿਨ੍ਹਾਂ ਰਾਹੀਂ ਮੱਥਾ ਟੇਕਣ ਆਉਂਦੀ ਸੰਗਤ ਸਰੂਪ ਦੇ ਦਰਸ਼ਨ ਕਰ ਰਹੀ ਹੈ। ਗੋਲੀ ਨਾਲ ਵਿੰਨ੍ਹਿਆ ਇਹ ਸਰੂਪ 37 ਸਾਲਾਂ ਬਾਅਦ ਸੰਗਤ ਦੇ ਦਰਸ਼ਨ ਲਈ ਲਿਆਂਦਾ ਗਿਆ ਹੈ। ਗੋਲੀ ਲੱਗਣ ਕਾਰਨ ਸਰੂਪ ਦੇ ਲਗਭਗ 90 ਅੰਗਾਂ ਨੂੰ ਨੁਕਸਾਨ ਪਹੁੰਚਿਆ ਸੀ, ਜਿਸ ਦੀ ਅਤਿ ਆਧੁਨਿਕ ਢੰਗ ਨਾਲ ਸੰਭਾਲ ਕੀਤੀ ਗਈ ਹੈ ਪਰ ਇਸ ਉੱਪਰ ਗੋਲੀ ਲੱਗਣ ਦੇ ਨਿਸ਼ਾਨ ਅੱਜ ਵੀ ਦੇਖੇ ਜਾ ਸਕਦੇ ਹਨ। ਅੰਦਾਜ਼ਨ ਇਕ ਸਦੀ ਤੋਂ ਵੱਧ ਪੁਰਾਤਨ ਇਸ ਹੱਥ ਲਿਖਤ ਸਰੂਪ ਦੀ ਜਿਲਦ ਨੂੰ ਉਸ ਸਥਿਤੀ ‘ਚ ਰੱਖਿਆ ਗਿਆ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਦੱਸਿਆ ਕਿ ਜੂਨ 1984 ਦੇ ਘੱਲੂਘਾਰੇ ਵੇਲੇ ਦੱਖਣੀ ਦਰਵਾਜ਼ੇ ਤੋਂ ਹੋਈ ਗੋਲੀਬਾਰੀ ਦੌਰਾਨ ਇਕ ਗੋਲੀ ਇਸ ਪਾਵਨ ਸਰੂਪ ਨੂੰ ਲੱਗੀ ਸੀ, ਜਿਸ ਨਾਲ ਗਉੜੀ ਰਾਗ ਤੋਂ ਸੁਖਮਨੀ ਸਾਹਿਬ ਦੀ ਬਾਣੀ ਤੱਕ ਅੰਗ ਨੂੰ ਨੁਕਸਾਨ ਪੁੱਜਿਆ ਸੀ। ਇਸ ਮੌਕੇ ਸ੍ਰੀ ਅਕਾਲ ਤਖਤ ਦੇ ਮੁੱਖ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਨੇ ਸੰਗਤ ਨੂੰ ਉਕਤ ਸਰੂਪ ਦੀ ਕੀਤੀ ਗਈ ਸੇਵਾ ਅਤੇ ਗੋਲੀ ਨਾਲ ਨੁਕਸਾਨੇ ਗਏ ਅੰਗਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪਾਵਨ ਸਰੂਪ ਦੀ ਜਿਲਦ ਤੋਂ ਲੈ ਕੇ ਗੁਰਬਾਣੀ ਦੀ ਸ਼ੁਰੂਆਤ ਤੱਕ ਗੋਲੀ ਦੇ ਨਿਸ਼ਾਨ ਨੂੰ ਉਸੇ ਤਰ੍ਹਾਂ ਹੀ ਰੱਖਿਆ ਗਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸਾਕਾ ਨਨਕਾਣਾ ਸਾਹਿਬ 1921 ਵਿਚ ਜਖਮੀ ਹੋਏ ਸਰੂਪ ਦੀ ਵੀ ਇਥੇ ਸਾਂਭ ਸੰਭਾਲ ਦੀ ਸੇਵਾ ਕਰਵਾਈ ਜਾ ਰਹੀ ਹੈ।
_______________________________________
ਫੌਜੀ ਹਮਲੇ ਦੀ ਨਿਆਇਕ ਜਾਂਚ ਹੋਵੇ: ਚੰਦੂਮਾਜਰਾ
ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ 1984 ਵਿਚ ਦਰਬਾਰ ਸਾਹਿਬ ‘ਤੇ ਹੋਏ ਫੌਜੀ ਹਮਲੇ ਦੀ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜਾਂ ਦੇ ਪੈਨਲ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਪੱਤਰ ਵਿਚ ਆਖਿਆ ਕਿ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਇਹ ਹਮਲਾ ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਤਹਿਤ ਕਰਵਾਇਆ ਸੀ, ਜਿਸ ਵਿਚ ਹਜ਼ਾਰਾਂ ਸਿੱਖ ਸ਼ਹੀਦ ਹੋ ਗਏ। ਇਸ ਦੌਰਾਨ ਉਨ੍ਹਾਂ ਇਸ ਹਮਲੇ ਸਬੰਧੀ ਬਰਤਾਨੀਆ ਦੇ ਆਰਕਾਈਵ ਵਿਚ ਪਏ ਦਸਤਾਵੇਜ਼ ਵੀ ਜਨਤਕ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਹਮਲੇ ਵਿਚ ਕਿਸੇ ਦੂਜੇ ਦੇਸ਼ ਨੂੰ ਸ਼ਾਮਲ ਕਰਨਾ ਦੇਸ਼ ਦੀ ਪ੍ਰਭੂਸੱਤਾ ਵਿਚ ਦਖਲਅੰਦਾਜੀ ਹੈ।