ਮਨੁੱਖਤਾ ਦੀ ਸੇਵਾ ਲਈ ਵਰਤਿਆ ਜਾਵੇਗਾ ਗੁਰੂ ਘਰ ਦਾ ਸੋਨਾ

ਅੰਮ੍ਰਿਤਸਰ: ਤਖਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਨਾਂਦੇੜ ਵੱਲੋਂ ਮਨੁੱਖਤਾ ਦੀ ਸੇਵਾ ਲਈ ਜਲਦੀ ਹੀ ਇਕ ਵੱਡਾ ਮਲਟੀ ਸਪੈਸ਼ਲਿਟੀ ਹਸਪਤਾਲ ਸਥਾਪਤ ਕਰਨ ਦੀ ਯੋਜਨਾ ਹੈ। ਤਖਤ ਸ੍ਰੀ ਹਜ਼ੂਰ ਸਾਹਿਬ ‘ਤੇ ਸੰਗਤ ਵੱਲੋਂ ਦਾਨ ਵਜੋਂ ਭੇਟ ਕੀਤਾ ਗਿਆ ਸੋਨਾ ਵੀ ਇਸ ਨੇਕ ਕੰਮ ‘ਚ ਵਰਤਿਆ ਜਾਵੇਗਾ। ਕਰੋਨਾ ਮਹਾਮਾਰੀ ਦੌਰਾਨ ਸਿੱਖ ਸੰਸਥਾਵਾਂ ਵੱਲੋਂ ਇਸ ਬਿਮਾਰੀ ਤੋਂ ਮਨੁੱਖਤਾ ਨੂੰ ਬਚਾਉਣ ਲਈ ਇਸ ਦਿਸ਼ਾ ਵਿਚ ਕਈ ਅਹਿਮ ਕੰਮ ਕੀਤੇ ਜਾ ਰਹੇ ਹਨ।

ਨਾਂਦੇੜ ਵਿਚ ਇਸ ਸਮੇਂ ਕੋਈ ਵੱਡਾ ਅਤੇ ਮਲਟੀ ਸਪੈਸ਼ਲਿਟੀ ਹਸਪਤਾਲ ਨਹੀਂ ਹੈ ਜਿਸ ਕਾਰਨ ਉਥੋਂ ਦੇ ਲੋਕਾਂ ਨੂੰ ਆਪਣੇ ਇਲਾਜ ਵਾਸਤੇ ਔਰੰਗਾਬਾਦ ਜਾਂ ਮੁੰਬਈ ਜਾਣਾ ਪੈਂਦਾ ਹੈ। ਮਾਰਚ ਵਿਚ ਕਰੋਨਾ ਦੀ ਦੂਜੀ ਲਹਿਰ ਵੇਲੇ ਸਿੱਖ ਬੋਰਡ ਵੱਲੋਂ ਉਥੇ ਚੱਲ ਰਹੇ ਇਕ ਓ.ਪੀ.ਡੀ. ਕੇਂਦਰ ਵਿਚ 35 ਬੈੱਡਾਂ ਦਾ ਹਸਪਤਾਲ ਸਥਾਪਤ ਕੀਤਾ ਗਿਆ ਹੈ, ਜਿਸ ਵਿਚ ਕਰੋਨਾ ਦੇ ਇਲਾਜ, ਡਾਇਲੇਸਿਸ ਅਤੇ ਆਈਸੀਯੂ ਦੀ ਸਹੂਲਤ ਵੀ ਹੈ। ਤਿੰਨ ਡਾਇਲੇਸਿਸ ਮਸ਼ੀਨਾਂ ਵੀ ਵਿਦੇਸ਼ ਤੋਂ ਮੰਗਵਾਈਆਂ ਗਈਆਂ ਹਨ। ਹਸਪਤਾਲ ਆਈ.ਸੀ.ਯੂ, ਵੈਂਟੀਲੇਟਰ ਅਤੇ ਆਕਸੀਜਨ ਕੰਸਟਰੇਟਰਾਂ ਨਾਲ ਲੈਸ ਹੈ।
ਪ੍ਰਬੰਧਕੀ ਬੋਰਡ ਦੇ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ, ਜੋ ਖੁਦ ਉਘੇ ਸਨਅਤਕਾਰ ਵੀ ਹਨ, ਨੇ ਦੱਸਿਆ ਕਿ ਹਸਪਤਾਲ ਦੀਆਂ ਸਹੂਲਤਾਂ ਲਈ ਸਾਰਾ ਖਰਚਾ ਉਨ੍ਹਾਂ ਆਪਣੀ ਜੇਬ ਵਿਚੋਂ ਕੀਤਾ ਹੈ ਪਰ ਹੁਣ ਇਸ ਨੂੰ ਚਲਾਉਣ ਦਾ ਖਰਚਾ ਗੁਰਦੁਆਰਾ ਬੋਰਡ ਵੱਲੋਂ ਕੀਤਾ ਜਾਵੇਗਾ। ਇਸ ਦੀ ਰਸਮੀ ਸ਼ੁਰੂਆਤ ਜਲਦੀ ਕੀਤੀ ਜਾ ਰਹੀ ਹੈ। ਹਸਪਤਾਲ ਵਿਚ ਸਾਰਾ ਇਲਾਜ ਮੁਫਤ ਹੋਵੇਗਾ। ਸ੍ਰੀ ਮਿਨਹਾਸ ਨੇ ਦੱਸਿਆ ਕਿ ਸਿੱਖ ਬੋਰਡ ਵੱਲੋਂ ਜਲਦੀ ਹੀ ਇਥੇ 120 ਬੈੱਡ ਦਾ ਵੱਡਾ ਮਲਟੀ ਸਪੈਸ਼ਲਿਟੀ ਹਸਪਤਾਲ ਸਥਾਪਤ ਕਰਨ ਦੀ ਵੀ ਯੋਜਨਾ ਹੈ ਜਿਸ ਦਾ ਫੈਸਲਾ 13 ਜੂਨ ਨੂੰ ਸਿੱਖ ਬੋਰਡ ਦੀ ਹੋਣ ਵਾਲੀ ਮੀਟਿੰਗ ਵਿਚ ਹੋ ਜਾਵੇਗਾ। ਇਸ ਵਾਸਤੇ ਗੁਰਦੁਆਰੇ ਦੀ ਮਲਕੀਅਤ ਵਾਲੀ 3 ਤੋ 4 ਏਕੜ ਜਮੀਨ ਦੀ ਵਰਤੋਂ ਕੀਤੀ ਜਾਵੇਗੀ। ਇਸ ਦੀ ਉਸਾਰੀ ਅਤੇ ਲੋੜੀਂਦੇ ਸਾਜੋ-ਸਾਮਾਨ ‘ਤੇ ਲਗਭਗ 200 ਕਰੋੜ ਰੁਪਏ ਰੁਪਏ ਖਰਚ ਦਾ ਅਨੁਮਾਨ ਹੈ। ਹਸਪਤਾਲ ‘ਚ ਅਤਿ ਆਧੁਨਿਕ ਅਪਰੇਸ਼ਨ ਥੀਏਟਰ, ਐਮ.ਆਰ.ਆਈ. ਅਤੇ ਹੋਰ ਸਹੂਲਤਾਂ ਵੀ ਹੋਣਗੀਆਂ। ਉਨ੍ਹਾਂ ਦੱਸਿਆ ਕਿ ਨਾਂਦੇੜ ਇਸ ਵੇਲੇ ਮੁੰਬਈ, ਦਿੱਲੀ, ਚੰਡੀਗੜ੍ਹ ਅਤੇ ਅੰਮ੍ਰਿਤਸਰ ਸਮੇਤ ਕਈ ਸ਼ਹਿਰਾਂ ਨਾਲ ਹਵਾਈ ਮਾਰਗ ਰਾਹੀਂ ਸਿੱਧਾ ਜੁੜਿਆ ਹੋਇਆ ਹੈ। ਇਨ੍ਹਾਂ ਥਾਵਾਂ ਤੋਂ ਮਾਹਿਰ ਡਾਕਟਰਾਂ ਨੂੰ ਲੋਕਾਂ ਦੇ ਇਲਾਜ ਲਈ ਸੱਦਿਆ ਜਾਵੇਗਾ, ਜੋ ਇਕ-ਦੋ ਦਿਨ ਇਥੇ ਠਹਿਰ ਕੇ ਇਲਾਜ ਕਰਕੇ ਵਾਪਸ ਜਾ ਸਕਣਗੇ।
ਉਨ੍ਹਾਂ ਵਾਸਤੇ ਰਿਹਾਇਸ਼ ਦਾ ਉਚੇਚੇ ਤੌਰ ‘ਤੇ ਪ੍ਰਬੰਧ ਕੀਤਾ ਜਾਵੇਗਾ। ਇਹ ਯੋਜਨਾ ਡੇਢ-ਦੋ ਸਾਲ ਵਿਚ ਮੁਕੰਮਲ ਕਰਨ ਦਾ ਟੀਚਾ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਭਵਿੱਖ ਵਿਚ ਨਾਂਦੇੜ ਦੇ ਬੱਚਿਆਂ ਵਾਸਤੇ ਇਕ ਵੱਡਾ ਸੀ.ਬੀ.ਐਸ.ਈ. ਸਕੂਲ ਵੀ ਉਹ ਬਣਾਉਣਾ ਚਾਹੁੰਦੇ ਹਨ। ਉਂਜ ਇਕ ਸਕੂਲ ਵੀ ਚਲਾਇਆ ਜਾ ਰਿਹਾ ਹੈ, ਜਿਸ ਵਿਚ ਔਸਤਨ 500 ਰੁਪਏ ਮਾਸਿਕ ਫੀਸ ਹੈ ਅਤੇ ਉਸ ‘ਚ 800 ਤੋਂ ਵੱਧ ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਹਨ।