ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਤਕਰੀਬਨ ਢਾਈ ਦਹਾਕੇ ਪਹਿਲਾਂ ਪੰਜਾਬ ਦੇ ਲੋਕਾਂ ‘ਤੇ ਹੋਏ ਜ਼ੁਲਮ ਦੀਆਂ ਹੌਲਨਾਕ ਘਟਨਾਵਾਂ ਦੇ ਕੁਝ ਹੋਰ ਸੱਚ ਸਾਹਮਣੇ ਆਉਣ ਨਾਲ ਪੰਜਾਬ ਪੁਲਿਸ ਦਾ ਵਹਿਸ਼ੀ ਚਿਹਰਾ ਬੇਨਕਾਬ ਹੋਇਆ ਹੈ। ਬੇਸ਼ੱਕ ਪਹਿਲਾਂ ਵੀ ਖਾਲੜਾ ਕਮਿਸ਼ਨ ਨੇ ਹਜ਼ਾਰਾਂ ਕੇਸ ਸਾਹਮਣੇ ਲਿਆਂਦੇ ਸਨ ਪਰ ਅਜੇ ਵੀ ਪੁਲਿਸ ਦੀ ਦਹਿਸ਼ਤ ਤੇ ਸਰਕਾਰਾਂ ਦੇ ਗ਼ੈਰ ਜ਼ਿੰਮੇਵਾਰੀ ਵਾਲੇ ਰਵੱਈਏ ਕਰਕੇ ਪੀੜਤ ਜ਼ੁਬਾਨ ਖੋਲ੍ਹਣ ਤੋਂ ਡਰਦੇ ਰਹੇ ਹਨ। ਤਾਜ਼ਾ ਹੋਏ ਖੁਲਾਸੇ ਤੋਂ ਬਾਅਦ ਦਰਜਨਾਂ ਪਰਿਵਾਰ ਇਨਸਾਫ ਲਈ ਅੱਗੇ ਆਏ ਹਨ।
ਤਰਨ ਤਾਰਨ ਜ਼ਿਲ੍ਹੇ ਵਿਚ ਇਕ ਪੁਲਿਸ ਮੁਲਾਜ਼ਮ ਵੱਲੋਂ ਝੂਠੇ ਮੁਕਾਬਲਿਆਂ ਦਾ ਖੁਲਾਸਾ ਕਰਨ ਤੋਂ ਬਾਅਦ ਕਈ ਹੋਰ ਪੁਲਿਸ ਮੁਲਾਜ਼ਮਾਂ ਨੇ ਵੀ ਆਪਣੀ ਜ਼ੁਬਾਨ ਖੋਲ੍ਹਣੀ ਸ਼ੁਰੂ ਕਰ ਦਿੱਤੀ ਹੈ ਜਿਸ ਕਰਕੇ ਪੀੜਤਾਂ ਨੇ ਵੀ ਇਨਸਾਫ ਲਈ ਆਵਾਜ਼ ਬੁਲੰਦ ਕੀਤੀ ਹੈ। ਇਸ ਤੋਂ ਇਲਾਵਾ ਗੁਜਰਾਤ ਵਿਚ ਨੌਜਵਾਨ ਲੜਕੀ ਇਸ਼ਰਤ ਜਹਾਂ ਤੇ ਉਸ ਦੇ ਦੋ ਸਾਥੀਆਂ ਦੇ ਝੂਠੇ ਪੁਲਿਸ ਮੁਕਾਬਲੇ ਵਿਚ ਮਾਰੇ ਜਾਣ ਦੇ ਮਾਮਲੇ ਵਿਚ ਸੀæਬੀæਆਈæ ਵੱਲੋਂ ਸੀਨੀਅਰ ਪੁਲਿਸ ਅਧਿਕਾਰੀਆਂ ‘ਤੇ ਸ਼ਿਕੰਜ਼ਾ ਕੱਸਣ ਤੋਂ ਉਤਸ਼ਾਹਿਤ ਹੋ ਕੇ ਵੀ ਪੀੜਤ ਪਰਿਵਾਰ ਇਨਸਾਫ ਲਈ ਅੱਗੇ ਆਉਣ ਲੱਗੇ ਹਨ। ਪੰਜਾਬ ਮਨੁੱਖੀ ਅਧਿਕਾਰ ਸੰਸਥਾ ਦੇ ਸੱਦੇ ‘ਤੇ ਜਲੰਧਰ ਵਿਖੇ ਦੋ ਦਰਜਨ ਦੇ ਕਰੀਬ ਪੀੜਤ ਪਰਿਵਾਰ ਪੁੱਜੇ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੁਲਿਸ ਚੁੱਕ ਕੇ ਲੈ ਗਈ ਸੀ ਤੇ ਮੁੜ ਅੱਜ ਤੱਕ ਕੋਈ ਉੱਘ-ਸੁੱਘ ਨਹੀਂ ਨਿਕਲੀ ਜਾਂ ਜਿਨ੍ਹਾਂ ਬਾਰੇ ਦੋਸ਼ ਹੈ ਕਿ ਉਨ੍ਹਾਂ ਨੂੰ ਕਾਫ਼ੀ ਸਮੇਂ ਤਸ਼ੱਦਦ ਕਰਨ ਬਾਅਦ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰ ਦਿੱਤਾ ਗਿਆ। ਮਨੁੱਖੀ ਅਧਿਕਾਰ ਸੰਗਠਨ ਦੇ ਆਗੂਆਂ ਕਿਰਪਾਲ ਸਿੰਘ ਰੰਧਾਵਾ, ਉੱਘੇ ਵਕੀਲ ਅਮਰ ਸਿੰਘ ਚਾਹਲ, ਦਲਬੀਰ ਸਿੰਘ ਤੇ ਗੁਰਬਚਨ ਸਿੰਘ ਨੇ ਦੱਸਿਆ ਕਿ ਇਸ ਸਮੇਂ ਪੀੜਤਾਂ ਦੇ ਕੇਸਾਂ ਬਾਰੇ ਵੱਖ-ਵੱਖ ਤੌਰ ‘ਤੇ ਹਾਈ ਕੋਰਟ ਵਿਚ ਪਟੀਸ਼ਨਾਂ ਦਾਇਰ ਕੀਤੀਆਂ ਜਾਣਗੀਆਂ ਤੇ ਤਰਨ ਤਾਰਨ ਦੇ ਨਵੇਂ ਇੰਕਸ਼ਾਫ਼ ਕਰਨ ਵਾਲੇ ਸੁਰਜੀਤ ਸਿੰਘ ਦੀ ਸੁਰੱਖਿਆ ਤੇ ਉਸ ਵੱਲੋਂ ਸਾਹਮਣੇ ਲਿਆਂਦੇ ਮਾਮਲਿਆਂ ਦੀ ਸੀæਬੀæਆਈæ ਤੋਂ ਜਾਂਚ ਕਰਵਾਏ ਜਾਣ ਲਈ ਸੁਪਰੀਮ ਕੋਰਟ ਵਿਚ ਰਿੱਟ ਦਾਇਰ ਕੀਤੀ ਜਾਵੇਗੀ ।
ਇਸ ਮੌਕੇ ਪੀੜਤ ਪਰਿਵਾਰਾਂ ਵਿਚੋਂ ਪਿੰਡ ਡੇਹਰੀਵਾਲਾ ਦੇ ਹਰਭਜਨ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਤਸ਼ੱਦਦ ਕਾਰਨ ਉਹ ਟਾਟਾ ਨਗਰ (ਜਮਸ਼ੈਦਪੁਰ) ਚਲੇ ਗਏ ਸਨ। ਪੁਲਿਸ ਉਸ ਦੇ ਭਰਾ ਬਘੇਲ ਸਿੰਘ ਨੂੰ ਉਥੋਂ ਪ੍ਰੋਡਕਸ਼ਨ ਵਾਰੰਟ ਉੱਪਰ ਲਿਆਈ ਸੀ। ਕਈ ਦਿਨ ਮਾਲ ਮੰਡੀ ਤਸੀਹਾ ਕੇਂਦਰ ਵਿਚ ਰੱਖ ਕੇ ਉਸ ‘ਤੇ ਤਸ਼ੱਦਦ ਢਾਹਿਆ ਗਿਆ। ਹਿਰਾਸਤ ਵਿਚ ਹੀ ਉਸ ਦੀ ਮੌਤ ਹੋ ਗਈ ਤਾਂ ਗਗੜਭਾਣਾ ਲਾਗੇ ਪੁਲਿਸ ਦੇ ਚੁੰਗਲ ਵਿਚੋਂ ਭੱਜਣ ਦੇ ਯਤਨ ਵਿਚ ਟਰੱਕ ਹੇਠ ਆ ਕੇ ਮੌਤ ਹੋ ਜਾਣ ਦੀ ਕਹਾਣੀ ਘੜ ਦਿੱਤੀ ਗਈ। ਜ਼ਿਕਰਯੋਗ ਇਹ ਹੈ ਕਿ ਉਸ ਸਮੇਂ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦਾ ਅਖ਼ਬਾਰਾਂ ਵਿਚ ਬਿਆਨ ਛਪਿਆ ਸੀ ਕਿ ਕਿਧਰੇ ਬਘੇਲ ਸਿੰਘ ਨੂੰ ਝੂਠੇ ਮੁਕਾਬਲੇ ਵਿਚ ਨਾ ਮਾਰ ਦਿੱਤਾ ਜਾਵੇ। ਹੁਣ ਸੁਰਜੀਤ ਸਿੰਘ ਨੇ ਵੀ ਦਾਅਵਾ ਕੀਤਾ ਹੈ ਕਿ ਬਘੇਲ ਸਿੰਘ ਉੱਪਰ ਬੁਲਟ ਪਰੂਫ ਟਰੈਕਟਰ ਚੜ੍ਹਾ ਕੇ ਹਾਦਸੇ ਵਿਚ ਮਾਰੇ ਜਾਣ ਦਾ ਡਰਾਮਾ ਕੀਤਾ ਸੀ। ਤਰਨ ਤਾਰਨ ਦੇ ਪਿੰਡ ਜੋਧਪੁਰ ਦੇ ਕਾਬਲ ਸਿੰਘ ਨੇ ਆਪਣੇ ਛੋਟੇ ਭਰਾ ਅਵਤਾਰ ਸਿੰਘ ਤੇ ਨੌਜਵਾਨ ਪੁੱਤਰ ਦੇਵਿੰਦਰ ਸਿੰਘ ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਪਾ ਦੇਣ ਦੀ ਦਰਦਨਾਕ ਕਹਾਣੀ ਦੱਸੀ।
ਤਰਨ ਤਾਰਨ ਨੇੜਲੇ ਪਿੰਡ ਮਹੱਦੀਪੁਰ ਦੀ ਕਰਮਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਿਤਾ ਬਲਵੰਤ ਸਿੰਘ, ਚਾਚੇ ਕੁਲਵੰਤ ਸਿੰਘ ਤੇ ਸੁਖਵੰਤ ਸਿੰਘ ਨੂੰ ਨਵੰਬਰ 1991 ਵਿਚ ਪੁਲਿਸ ਫੜ ਕੇ ਲੈ ਗਈ, ਮੁੜ ਕਦੇ ਕੁਝ ਪਤਾ ਨਹੀਂ ਲੱਗਾ। ਪਿੰਡ ਸਖੀਰਾ ਦੀ ਵਸਨੀਕ ਕਸ਼ਮੀਰ ਕੌਰ ਨੇ ਦੱਸਿਆ ਕਿ ਉਸ ਦੇ 18 ਸਾਲ ਦੇ ਪੁੱਤਰ ਪ੍ਰਗਟ ਸਿੰਘ ਨੂੰ 11 ਦਸੰਬਰ, 1991 ਨੂੰ ਪੁਲਿਸ ਘਰੋਂ ਫੜ ਕੇ ਲੈ ਗਈ ਤੇ ਬਾਅਦ ਵਿਚ ਕਿਹਾ ਕਿ ਗੱਗੋਬੂਆ ਲਾਗੇ ਮੁਕਾਬਲੇ ਵਿਚ ਮਾਰਿਆ ਗਿਆ।
________________________________________
ਪੰਜਾਬ ਪੁਲਿਸ ਹਾਈ ਕੋਰਟ ਦੇ ਹੁਕਮਾਂ ਤੋਂ ਵੀ ਬੇਪ੍ਰਵਾਹ
ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਪੰਜਾਬ ਪੁਲਿਸ ਪਹਿਲੇ ਨੰਬਰ ‘ਤੇ ਆਉਂਦੀ ਹੈ। ਇਹੀ ਨਹੀਂ ਗੁਆਂਢੀ ਸੂਬੇ ਹਰਿਆਣਾ ਤੇ ਚੰਡੀਗੜ੍ਹ ਪੁਲਿਸ ਵੀ ਇਸੇ ਰਾਹ ‘ਤੇ ਚੱਲ ਰਹੀ ਹੈ। ਇਥੇ ਵੀ ਪੁਲਿਸ ਅਧਿਕਾਰੀ ਹਾਈ ਕੋਰਟ ਦੇ ਹੁਕਮਾਂ ਨੂੰ ਬਹੁਤੀ ਤਵੱਜੋਂ ਨਹੀਂ ਦਿੰਦੇ।
ਹਾਸਲ ਜਾਣਕਾਰੀ ਅਨੁਸਾਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਤਕਰੀਬਨ ਦੋ ਹਫ਼ਤੇ ਪਹਿਲਾਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਰਾਜਾਂ ਦੀ ਪੁਲਿਸ ਨੂੰ ਹੁਕਮ ਜਾਰੀ ਕੀਤੇ ਸਨ ਕਿ ਪੁਲਿਸ ਥਾਣਿਆਂ ਵਿਚ ਐਫ਼ਆਈæਆਰæ ਦਰਜ ਕਰਨ ਤੋਂ ਬਾਅਦ 24 ਘੰਟਿਆਂ ਦੇ ਅੰਦਰ-ਅੰਦਰ ਸਬੰਧਤ ਐਫ਼ਆਈæਆਰæ ਦੀ ਡਿਟੇਲ ਪੁਲਿਸ ਦੀ ਵੈੱਬਸਾਈਟ ‘ਤੇ ਅਪਲੋਡ ਕੀਤੀ ਜਾਵੇ ਪਰ ਤਿੰਨਾਂ ਰਾਜਾਂ ਦੀ ਪੁਲਿਸ ਵੱਲੋਂ ਹੁਣ ਤੱਕ ਇਨ੍ਹਾਂ ਹੁਕਮਾਂ ‘ਤੇ ਅਮਲ ਨਹੀਂ ਕੀਤਾ ਗਿਆ।
ਹਾਈ ਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਜਸਬੀਰ ਸਿੰਘ ਤੇ ਰਾਕੇਸ਼ ਕੁਮਾਰ ਜੈਨ ਦੇ ਬੈਂਚ ਨੇ 16 ਮਈ ਨੂੰ ਇਹ ਹੁਕਮ ਸੀਨੀਅਰ ਵਕੀਲ ਅਜੇ ਜੱਗਾ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਜਾਰੀ ਕੀਤੇ ਸਨ। ਇਹੀ ਨਹੀਂ ਜ਼ਿਆਦਾਤਰ ਮਾਮਲਿਆਂ ਵਿਚ ਕੇਸ ਦਰਜ ਹੋਣ ਦੇ ਬਾਵਜੂਦ ਪੁਲਿਸ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਛੁਪਾ ਕੇ ਰੱਖਿਆ ਜਾਂਦਾ ਹੈ। ਪੰਜਾਬ ਪੁਲਿਸ ਦੇ ਹੈੱਡ ਕੁਆਰਟਰ ਤੇ ਮੁਹਾਲੀ ਸਮੇਤ ਛੇ ਜ਼ਿਲ੍ਹਿਆਂ ਵਿਚ ਇੰਟਰਨੈੱਟ ਸਹੂਲਤ ਠੱਪ ਹੋ ਗਈ ਹੈ। ਪੁਲਿਸ ਵੱਲ ਕੰਪਨੀ ਦਾ 41 ਲੱਖ ਰੁਪਏ ਤੋਂ ਵੱਧ ਰਾਸ਼ੀ ਦਾ ਬਿੱਲ ਬਕਾਇਆ ਖੜ੍ਹਾ ਹੈ ਜਿਸ ਕਾਰਨ ਹੁਣ ਪੁਲਿਸ ਕੰਟਰੋਲ ਰੂਮ ਦਾ 100 ਨੰਬਰ ਵੀ ਬੰਦ ਹੋਣ ਵਾਲਾ ਹੈ। ਐਚæਸੀæਐਲ ਕੰਪਨੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਨੇ ਇਸ ਬਿੱਲ ਦਾ Øਭੁਗਤਾਨ ਨਹੀਂ ਕੀਤਾ ਤਾਂ 100 ਨੰਬਰ ਦੀ ਸਹੂਲਤ ਵੀ ਬੰਦ ਕੀਤੀ ਜਾ ਸਕਦੀ ਹੈ।
Leave a Reply