ਅਣਮਨੁੱਖੀ ਵਰਤਾਰੇ ਦਾ ਸ਼ਿਕਾਰ ਧਰਤੀ

ਗੁਰਮੀਤ ਸਿੰਘ ਪਲਾਹੀ
ਫੋਨ: 91-98158-02070
ਨਿਜੀਕਰਨ, ਉਦਾਰੀਕਰਨ ਅਤੇ ਵਿਸ਼ਵੀਕਰਨ ਦੇ ਯੁੱਗ ਵਿਚ ਦੁਨੀਆਂ ਭਰ ਵਿਚ ਆਰਥਿਕ ਵਿਕਾਸ ਦੀ ਹੋੜ ਲੱਗੀ ਹੋਈ ਹੈ। ਨਵੀਨੀਕਰਨ ਨੇ ਕੁਦਰਤੀ ਵਸੀਲਿਆਂ ਦਾ ਨਾਸ ਮਾਰ ਦਿੱਤਾ ਹੈ। ਧਰਤੀ ਕੁਰਲਾ ਰਹੀ ਹੈ। ਮਨੁੱਖ ਦੀਆਂ ਲੋੜਾਂ ਪੂਰੀਆਂ ਕਰਨ ‘ਚ ਉਹ ਬੇਬਸ ਦਿੱਖ ਰਹੀ ਹੈ। ਗਲੋਬਲ ਫੁਟਪ੍ਰਿੰਟ ਨੈਟਵਰਕ ਅਨੁਸਾਰ ਆਰਥਿਕ ਵਿਕਾਸ ਦਾ ਦਬਾਅ ਐਨਾ ਵੱਧ ਚੁਕਾ ਹੈ ਕਿ ਦੁਨੀਆਂ ਭਰ ਦੇ ਰਾਸ਼ਟਰ ਆਪਸ ਵਿਚ ਤਾਂ ਵਪਾਰਕ ਜੰਗਾਂ ਲਈ ਗੁਥਮ-ਗੁੱਥਾਂ ਹੋ ਹੀ ਰਹੇ ਹਨ, ਆਪੋ-ਆਪਣੇ ਦੇਸ਼ਾਂ ਵਿਚ ਵੀ ਵਿਕਾਸ ਦੇ ਵੱਡੇ-ਵੱਡੇ ਪ੍ਰਾਜੈਕਟ ਸ਼ੁਰੂ ਕਰਕੇ ‘ਮਾਂ ਧਰਤੀ’ ਦੇ ਸੀਨੇ ‘ਚ ਛੇਕ ਪਾ ਰਹੇ ਹਨ।

ਵੱਡੇ-ਵੱਡੇ ਪ੍ਰਾਜੈਕਟਾਂ ਦੀ ਸ਼ੁਰੂਆਤ ਨਾਲ ਕਾਰਬਨ ਦੀ ਪੈਦਾਇਸ਼ ‘ਚ ਐਨਾ ਵਾਧਾ ਹੋ ਰਿਹਾ ਹੈ ਕਿ ਪ੍ਰਿਥਵੀ ਅਤੇ ਕੁਦਰਤੀ ਗੈਸਾਂ ਦਾ ਸਤੁੰਲਨ ਵਿਗੜ ਰਿਹਾ ਹੈ, ਜੋ ਇਸ ਧਰਤੀ `ਤੇ ਰਹਿਣ ਵਾਲੇ ਮਨੁੱਖਾਂ, ਜੀਵਾਂ ਅਤੇ ਫਸਲਾਂ ਲਈ ਨਿੱਤ ਨਵੀਂਆਂ ਔਖਿਆਈਆਂ ਪੈਦਾ ਕਰ ਰਿਹਾ ਹੈ।
ਕੁਦਰਤੀ ਸਾਧਨਾਂ ਦੀ ਅੰਧਾਧੁੰਦ ਵਰਤੋਂ, ਵਾਤਾਵਰਨ ਵਿਚ ਸਿਰੇ ਦਾ ਪ੍ਰਦੂਸ਼ਣ, ਦਰਖਤਾਂ ਦੀ ਕੱਟ-ਕਟਾਈ ਮਨੁੱਖੀ ਜੀਵਨ ਨੂੰ ਅਸੰਤੁਲਿਤ ਕਰ ਰਿਹਾ ਹੈ। ਸਾਡੀਆਂ ਖਾਧ ਵਸਤਾਂ ਇਸ ਸਾਰੀ ਪ੍ਰਕ੍ਰਿਆ ਵਿਚ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ, ਜਿਸ ਨਾਲ ਮਨੁੱਖੀ ਜੀਵਨ ਉਤੇ ਪ੍ਰਸ਼ਨ ਚਿੰਨ ਲੱਗ ਰਿਹਾ ਹੈ। ਮਹਾਮਾਰੀ, ਕੁਦਰਤੀ ਆਫਤਾਂ ਇਸੇ ਦੇ ਸਿੱਟੇ ਵਜੋਂ ਸਾਹਮਣੇ ਆ ਰਹੀਆਂ ਹਨ।
ਧਰਤੀ ਉਤੇ ਅੱਜ ਪੌਦਿਆਂ, ਦਰਖਤਾਂ, ਫਸਲਾਂ, ਜੀਵ-ਜੰਤੂਆਂ ਉਤੇ ਪੂਰੀ ਸਰਦਾਰੀ ਮਨੁੱਖ ਦੀ ਹੈ। ਪੌਦਿਆਂ ਦਾ ਇੱਕ-ਇੱਕ ਬੀਜ ਮਨੁੱਖ ਦੀ ਮੁੱਠੀ ਵਿਚ ਹੈ। ਸਾਨੂੰ ਰੋਟੀ, ਦਾਲ, ਸਬਜ਼ੀਆਂ ਅਤੇ ਫਲ ਦੇਣ ਵਾਲੇ ਬੀਜ ਕਾਰਪੋਰੇਟ ਸੈਕਟਰਾਂ ਦੇ ਹਥਿਆਰ ਬਣ ਗਏ ਹਨ। ਧਰਤੀ ਉਤੇ ਕੋਈ ਇਹੋ ਜਿਹੀ ਚੀਜ਼ ਸ਼ਾਇਦ ਹੀ ਬਚਦੀ ਹੋਵੇ, ਜਿਹੜੀ ਮਨੁੱਖ ਦੀ ਅਣ-ਮਨੁੱਖੀ ਭੁੱਖ ਦਾ ਸ਼ਿਕਾਰ ਨਾ ਬਣੀ ਹੋਵੇ।
ਸੋਰ ਮੰਡਲ ਵਿਚ ਸਭ ਤੋਂ ਮਹੱਤਵਪੂਰਨ ਸਾਡੀ ਧਰਤੀ ਹੈ। ਆਪਣੇ ਧੁਰੇ ਦੁਆਲੇ ਇਹ 24 ਘੰਟੇ ਵਿਚ ਇੱਕ ਵਾਰ ਘੁੰਮਦੇ-ਘੁੰਮਦੇ 30 ਕਿਲੋਮੀਟਰ ਪ੍ਰਤੀ ਸੈਕਿੰਡ ਦੀ ਦਰ ਨਾਲ ਸੂਰਜ ਦੀ ਪਰਿਕਰਮਾ ਕਰਦੀ ਹੈ। ਆਪਣੀ ਇਕ ਸਾਲ ਦੀ ਲੰਮੀ ਪਰਿਕਰਮਾ ਵਿਚ ਧਰਤੀ ਵੱਖੋ-ਵੱਖਰੀਆਂ ਰੁੱਤਾਂ ਦੀ ਸਿਰਜਣਾ ਕਰਦੀ ਹੈ ਅਤੇ ਇੱਕ ਇਹੋ ਜਿਹਾ ਜਲਵਾਯੂ ਤੰਤਰ ਸਥਾਪਿਤ ਕਰਦੀ ਹੈ, ਜਿਸ ਵਿਚ ਅਣਗਿਣਤ ਜੀਵ-ਰੂਪ ਪੈਦਾ ਹੁੰਦੇ ਹਨ ਅਤੇ ਜਿਉਂਦੇ ਹਨ, ਇੱਕ ਹਰਿਆਵਲ ਖਿੜਦੀ ਹੈ ਅਤੇ ਸਾਰੇ ਜੀਵਧਾਰੀ ਆਪਣੀ ਸੁਭਾਵਿਕ ਪ੍ਰਵਿਰਤੀ ਅਨੁਸਾਰ ਵਿਕਾਸ ਕਰਦੇ ਹਨ। ਧਰਤੀ ਦੀ ਇੱਕ ਖਾਸ ਜਲਵਾਯੂ ਵਿਵਸਥਾ ਅਤੇ ਜੀਵ-ਮੰਡਲ ਦੀ ਅਨੂਠੀ ਵਿਵਸਥਾ ਹੈ, ਜੋ ਮਨੁੱਖੀ ਜੀਵਨ ਅਤੇ ਸ਼੍ਰਿਸ਼ਟੀ ਤੇ ਜੈਵਿਕ ਜੀਵਨ ਨੂੰ ਸੰਪੂਰਨਤਾ ਦਿੰਦੀ ਹੈ।
ਪਰ ਜਲਵਾਯੂ ਸੰਕਟ ਨੇ ਧਰਤੀ ਉਤੇ ਵੱਡਾ ਸੰਕਟ ਪੈਦਾ ਕੀਤਾ ਹੋਇਆ ਹੈ। ਧਰਤੀ ਨਿੱਤ ਪ੍ਰਤੀ ਮਨੁੱਖੀ ਕਾਰਨਾਮਿਆਂ ਕਾਰਨ ਗਰਮ ਹੋ ਰਹੀ ਹੈ। ਦੁਨੀਆਂ ਦੇ ਦੇਸ਼ਾਂ ਨੇ ਪੈਰਿਸ ਜਲਵਾਯੂ ਸੰਧੀ ਕੀਤੀ ਹੈ। ਉਸ ਵਿਚ ਸ਼ਾਮਲ ਦੁਨੀਆਂ ਦੇ ਮੁਲਕਾਂ ਨੇ ਇਹ ਤੈਅ ਕੀਤਾ ਹੈ ਕਿ ਇਸ ਸਦੀ ਦੇ ਅੰਤ ਤੱਕ ਕੁਦਰਤੀ ਗਰਮਾਹਟ ਨੂੰ ਦੋ ਡਿਗਰੀ ਸੈਂਟੀਗਰੇਟ ਤੱਕ ਸੀਮਤ ਕਰ ਦਿੱਤਾ ਜਾਏਗਾ, ਪਰ ਜਿਸ ਦੁਰਗਤੀ ਨਾਲ ਧਰਤੀ ਉਤੇ ਦਰਖਤਾਂ ਦਾ ਕਤਲੇਆਮ ਹੋ ਰਿਹਾ ਹੈ, ਕਾਰਬਨ ਦੀ ਬੇਲੋੜੀ ਪੈਦਾਇਸ਼ ਹੋ ਰਹੀ ਹੈ, ਉਸ ਨੂੰ ਵੇਖ ਕੇ ਇਵੇਂ ਲੱਗਦਾ ਹੈ ਕਿ ਧਰਤੀ ਦਾ ਤਾਪਮਾਨ ਤਾਂ 2050 ਤੋਂ ਪਹਿਲਾ ਹੀ ਵੱਧ ਜਾਏਗਾ। ਫਿਰ ਸਦੀ ਦੇ ਅੰਤ ਤੱਕ ਕੀ ਹੋਏਗਾ, ਇਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਪ੍ਰਸਿੱਧ ਭੌਤਿਕ ਵਿਗਿਆਨੀ ਸਟੀਫਨ ਹਾਕਿੰਗ ਅਨੁਸਾਰ 600 ਵਰ੍ਹਿਆਂ ਵਿਚ ਧਰਤੀ ਅੱਗ ਦਾ ਗੋਲਾ ਬਣ ਜਾਏਗੀ। ਇਹੋ ਜਿਹੀਆਂ ਸਥਿਤੀਆਂ ‘ਚ ਮਨੁੱਖ ਹੋਰ ਕਿਹੜੀ ਧਰਤੀ ਲੱਭੇਗਾ? ਕਿਹੜੀ ਮਾਂ ਨੂੰ ਮਾਸੀ ਕਹੇਗਾ?
ਬ੍ਰਹਿਮੰਡ ਵਿਚ ਤਾਂ ਇੱਕ ਹੀ ਧਰਤੀ ਹੈ, ਇਹ ਧਰਤੀ ਸਾਡੀਆਂ ਲੋੜਾਂ ਨੂੰ ਪੂਰਿਆਂ ਕਰਨ ‘ਚ ਸਮਰੱਥ ਹੈ। ਇਹ ਧਰਤੀ ਸਾਨੂੰ ਅੰਨ ਦਿੰਦੀ ਹੈ, ਪਾਣੀ ਦਿੰਦੀ ਹੈ, ਸੁੰਦਰ ਵਾਤਾਵਰਨ ਦਿੰਦੀ ਹੈ, ਸਾਡੀ ਰਾਖੀ ਕਰਦੀ ਹੈ; ਪਰ ਜਿਸ ਢੰਗ ਨਾਲ ਅਸੀਂ ਇਸ ਧਰਤੀ ਉਤੇ ਦਬਾਅ ਬਣਾ ਰਹੇ ਹਾਂ, ਉਸ ਅਨੁਸਾਰ ਮਨੁੱਖੀ ਲੋੜਾਂ ਦੀ ਪੂਰਤੀ ਲਈ 1.7 ਧਰਤੀ ਦੀ ਲੋੜ ਹੈ। ਇਹ ਦੂਜੀ ਧਰਤੀ ਅਸੀਂ ਕਿਥੋਂ ਲਿਆਵਾਂਗੇ?
ਸਾਡੀ ਧਰਤੀ ਬ੍ਰਹਿੰਮਡ ਦਾ ਅਦਭੁਤ ਗ੍ਰਹਿ ਹੈ। ਮਨੁੱਖ ਨੇ ਜਿਹੜਾ ਗਿਆਨ ਹੁਣ ਤੱਕ ਪ੍ਰਾਪਤ ਕੀਤਾ ਹੈ, ਉਸ ਅਨੁਸਾਰ ਤਾਂ ਧਰਤੀ ਬ੍ਰਹਿੰਮਡ ਦਾ ਇਕੋ ਇੱਕ ਜਿਊਂਦਾ ਗ੍ਰਹਿ ਹੈ। ਇਸ ਦੇ ਕਣ-ਕਣ ਵਿਚ ਜੀਵਨ ਹੈ। ਸਮੁੰਦਰੀ ਤਹਿ ਤੋਂ ਲਗਭਗ 10 ਕਿਲੋਮੀਟਰ ਹੇਠ ਅੰਧੇਰੇ ਤੋਂ ਲੈ ਕੇ ਧਰਾਤਲ ਤੱਕ ਕੋਈ 12 ਕਿਲੋਮੀਟਰ ਉਪਰ ਤੱਕ ਧਰਤੀ ਜੀਵਨ ਨਾਲ ਭਰਪੂਰ ਹੈ। ਸਾਡੇ ਮਨ ‘ਚ ਸਦਾ ਹੀ ਇਹ ਤਮੰਨਾ ਰਹਿੰਦੀ ਹੈ ਕਿ ਜੇ ਅਸੀਂ ਕਿਸੇ ਹੋਰ ਬ੍ਰਹਿਮੰਡ ਤੋਂ ਧਰਤੀ ਨੂੰ ਵੇਖੀਏ ਤਾਂ, ਇਹ ਕਿਹੋ ਜਿਹੀ ਲੱਗਦੀ ਹੋਏਗੀ? ਜਦ ਮਨੁੱਖ ਨੇ ਕਿਸੇ ਹੋਰ ਥਾਂ ਤੋਂ ਨਿਹਾਰਿਆਂ ਤਾਂ ਇਹ ਅੰਤਾਂ ਦੀ ਸੁੰਦਰ ਲੱਗੀ। ਮਨੁੱਖ ਨੇ ਦੇਖਿਆ ਕਿ ਸਾਰੇ ਬ੍ਰਹਿਮੰਡ ਵਿਚ ਜੇ ਕੋਈ ਹੋਰ ਸੁੰਦਰ ਚੀਜ਼ ਹੈ, ਤਾਂ ਉਹ ਸਾਡੀ ਧਰਤੀ ਹੈ। ਅਸੀਂ ਆਪਣੀ ਅਤੀ-ਸੁੰਦਰ ਧਰਤੀ ਨੂੰ ਬਲੂ ਬਿਊਟੀ ਅਰਥਾਤ ਨੀਲ ਸੁੰਦਰੀ ਦਾ ਨਾਮ ਦਿੰਦੇ ਹਾਂ।
ਫਿਰ ਭਲਾ ਮਨੁੱਖ ਇਸ ਆਪਣੀ ਸਭ ਤੋਂ ਪਿਆਰੀ ਚੀਜ਼ ਨੂੰ ਨਸ਼ਟ ਕਰਨ `ਤੇ ਕਿਉਂ ਤੁਲਿਆ ਹੈ? ਕਿਉਂ ਉਹ ਧਰਤੀ ਉਤੇ ਰਹਿ ਕੇ ਇਸ ਦੇ ਸੁੰਦਰ ਵਾਤਾਵਰਨ ਦਾ, ਇਸ ਦੇ ਜੰਗਲਾਂ ਦਾ, ਇਸ ਦੇ ਅਤੀ ਸੁੰਦਰ ਦ੍ਰਿਸ਼ਾਂ ਦਾ ਨਜ਼ਾਰਾ ਮਾਣਨ ਦੀ ਥਾਂ ਇਸ ਨੂੰ ਗੰਦਗੀ ਦਾ ਢੇਰ ਬਣਾ ਰਿਹਾ ਹੈ? ਕਿਉਂ ਇਸ ਦੀ ਕੁੱਖ ਦੇ ਪਾਣੀ ਨੂੰ ਗੰਦਲਾ ਕਰਕੇ ਆਪਣੇ ਜੜ੍ਹੀਂ ਆਪ ਤੇਲ ਦੇ ਰਿਹਾ ਹੈ?
ਦੂਰ ਨਹੀਂ ਜਾਂਦੇ, ਖੇਤੀ ਦੇ ਮਾਡਲ ਦੀ ਗੱਲ ਕਰ ਲੈਂਦੇ ਹਾਂ। ਸਿਰਫ ਉਦਯੋਗਿਕ, ਖਪਤਵਾਦ ਅਤੇ ਪਦਾਰਥਕ ਸਹੂਲਤਾਂ ਨੂੰ ਹੀ ਵਿਕਾਸ ਦੇਣ ਵਾਲੇ ਸਿਧਾਂਤ ਲਾਗੂ ਕਰਦਿਆਂ ਮਨੁੱਖ ਨੇ ਦੁਨੀਆਂ ਭਰ ਵਿਚ ਖੇਤੀਬਾੜੀ ਨੂੰ ਘਾਟੇ ਦਾ ਸੌਦਾ ਬਣਾ ਲਿਆ। ਖੇਤੀਬਾੜੀ ਨੂੰ ਵੀ ਉਦਯੋਗਿਕ ਲੀਹਾਂ ਉਪਰ ਤੋਰਨ ਦੇ ਮਾਡਲ ਨੇ ਕਿਸਾਨਾਂ-ਮਜ਼ਦੂਰਾਂ ਨੂੰ ਕਰਜ਼ੇ ਦੇ ਬੋਝ ਹੇਠਾਂ ਦੱਬ ਦਿੱਤਾ। ਕੀ ਮਨੁੱਖ ਖੇਤੀ ਨੂੰ ਕੁਦਰਤ ਨਾਲ ਇੱਕਸੁਰਤਾ ਵਾਲੀ ਕਿਰਤ ਪੱਖੀ ਅਤੇ ਮਨੁੱਖੀ ਲੋੜਾਂ ਦੀ ਪੂਰਤੀ ਵਾਲੀ ਨਹੀਂ ਸੀ ਬਣਾ ਸਕਦਾ?
ਅਸਲ ਵਿਚ ਜਿਊਣ ਵਾਸਤੇ ਸੱਤ ਤਾਰਾ ਹੋਟਲਾਂ ਦੀ ਅੱਯਾਸ਼ੀ ਦੀ ਥਾਂ ਸਭ ਨੂੰ ਲੋੜ ਅਨੁਸਾਰ ਮਿਲਣ ਅਤੇ ਸਮਰੱਥਾ ਅਨੁਸਾਰ ਕੰਮ ਕਰਨ ਦੇ ਸਿਧਾਂਤ ਦੇ ਕੁਦਰਤੀ ਨਿਯਮਾਂ ਵੱਲ ਮੁੜਨਾ, ਅਸਲੀ ਤੌਰ `ਤੇ ਕੁਦਰਤ ਨਾਲ ਸਾਂਝ ਪਾਉਣ ਦਾ ਇਕੋ ਰਾਸਤਾ ਹੈ। ਅੱਜ ਦੇ ਯੁੱਗ ਵਿਚ ਤਾਂ ਮਨੁੱਖ ਮਨੁੱਖ ਤੋਂ ਡਰਨ ਲੱਗ ਪਿਆ ਹੈ। ਆਰਥਿਕ ਤੌਰ `ਤੇ ਕਮਜ਼ੋਰ ਤਬਕੇ ਦੀ ਹਾਲਾਤ ਬਹੁਤ ਖਰਾਬ ਹੈ। ਪਿੰਡਾਂ ਤੋਂ ਸ਼ਹਿਰਾਂ ਅਤੇ ਇੱਕ ਸੂਬੇ ਤੋਂ ਦੂਸਰੇ ਸੂਬੇ ਵਿਚ ਲੋਕ ਜਾਣ ਲਈ ਮਜਬੂਰ ਹਨ, ਜਿਸ ਦਾ ਸਿੱਟਾ ਪਰਵਾਸ ‘ਚ ਨਿਕਲਦਾ ਹੈ, ਜਿਹੜਾ ਬਹੁਤੀਆਂ ਹਾਲਤਾਂ ਵਿਚ ਨਾ ਰੋਟੀ ਦੇ ਸਕਦਾ ਹੈ, ਨਾ ਰਹਿਣ ਲਈ ਥਾਂ ਅਤੇ ਨਾ ਹੀ ਮਨੁੱਖੀ ਹਮਦਰਦੀ। ਧਰਤੀ ਉਤੇ ਮਨੁੱਖ ਦਾ ਜਿਊਣਾ ਔਖਾ ਹੋ ਗਿਆ ਹੈ।
ਧਰਤੀ ਨਾਲ ਕੀਤੇ ਜਾ ਰਹੇ ਜ਼ੁਲਮ ਦੀ, ਸ਼ਾਇਦ ਭਾਰਤ ਦੇ ਹਰਿਆਲੇ, ਪ੍ਰਕਿਰਤੀ ਭਰਪੂਰ, ਦਰਿਆਵਾਂ ਦੀ ਧਰਤੀ ਪੰਜਾਬ ਤੋਂ ਵੱਧ, ਹੋਰ ਕਿਸੇ ਸੂਬੇ ਦੀ ਮਿਸਾਲ ਦਿੱਤੀ ਹੀ ਨਹੀਂ ਜਾ ਸਕਦੀ। ਪੰਜ ਪਾਣੀਆਂ ਦੀ ਧਰਤੀ ਦੇ ਬੰਜਰ ਹੋਣ ਦੀਆਂ ਭਵਿੱਖਵਾਣੀਆਂ ਕੀਤੀਆਂ ਜਾ ਰਹੀਆਂ ਹਨ, ਕਿਉਂਕਿ ਧਰਤੀ ਹੇਠਲਾ ਪਾਣੀ ਬਹੁਤ ਹੀ ਜਿ਼ਆਦਾ ਡੂੰਘਾ ਚਲਾ ਗਿਆ ਹੈ। ਇੱਕ ਸਰਵੇਖਣ ਅਨੁਸਾਰ ਪੰਜਾਬ ਦੇ 138 ਬਲਾਕਾਂ ਵਿਚੋਂ 109 ਬਲਾਕ ਤਾਂ ਅਤਿ ਸ਼ੋਸ਼ਿਤ ਖਿੱਤੇ ਵਿਚ ਚਲੇ ਗਏ ਹਨ। ਕੁਝ ਕੁ ਹੋਰ ਬਲਾਕ ਸੇਮ ਦੇ ਮਾਰੇ ਹਨ। ਪੰਜਾਬ ਦੀ ਪੌਣ ਪਲੀਤ ਹੋ ਚੁਕੀ ਹੈ ਅਤੇ ਖੇਤੀਬਾੜੀ ਦੇ ਉਦਯੋਗਿਕ ਮਾਡਲ ਨੇ ਮਿੱਟੀ ਦੀ ਸ਼ਕਤੀ ਨੂੰ ਢਾਅ ਲਾਈ ਹੈ। ਤੰਦਰੁਸਤ ਤੇ ਰਿਸ਼ਟ-ਪੁਸ਼ਟ, ਮੌਤ ਨੂੰ ਮਖੌਲਾਂ ਕਰਨ ਵਾਲੇ ਪੰਜਾਬੀਆਂ ਦੇ ਘਰਾਂ ਵਿਚ ਕੈਂਸਰ, ਕਾਲਾ ਪੀਲੀਆ ਤੇ ਹੋਰ ਭਿਆਨਕ ਬੀਮਾਰੀਆਂ ਨੇ ਪੈਰ ਪਸਾਰ ਲਏ ਹਨ। ਸੂਬੇ ਦੀ ਆਰਥਿਕਤਾ ਦਾ ਵੀ ਲੱਕ ਟੁੱਟ ਗਿਆ ਹੈ। ਪੰਜਾਬ ਦੇ ਜਿੰ਼ਮੇ ਸਵਾ ਦੋ ਲੱਖ ਕਰੋੜ ਦਾ ਕਰਜ਼ਾ ਚੜ੍ਹ ਚੁਕਾ ਹੈ। ਸੂਬੇ ਦੇ ਕਿਸਾਨ-ਮਜ਼ਦੂਰ ਖੁਦਕੁਸ਼ੀਆਂ ਦੇ ਰਾਹ ਪੈ ਗਏ ਹਨ। ਪੰਜਾਬ ਦੀ ਸਥਿਤੀ ਇਹ ਹੋ ਗਈ ਹੈ ਕਿ ਲੋਕਾਂ ਦੇ ਦਿਮਾਗਾਂ ਵਿਚ ਕੈਨੇਡਾ, ਅਮਰੀਕਾ, ਆਸਟਰੇਲੀਆ ਵੱਸ ਗਿਆ ਹੈ ਤੇ ਪੰਜਾਬ ਉਸ ਦੇ ਸੁਪਨਿਆਂ ਤੋਂ ਗਾਇਬ ਹੋ ਗਿਆ ਹੈ।
ਆਮ ਮਨੁੱਖ ਦਾ ਧਰਤੀ ਨਾਲ ਇੰਜ ਨਿਰਮੋਹੇ ਹੋਣਾ ਭਾਵੇਂ ਆਰਥਿਕ ਵਿਕਾਸ ਦੀ ਹੋੜ ਕਿਹਾ ਜਾਏ, ਪਰ ਅਸਲ ਅਰਥਾਂ ‘ਚ ਧਨ-ਕੁਬੇਰਾਂ ਵਲੋਂ ਆਰਥਿਕ ਤਾਕਤ, ਸਿਆਸੀ ਤਾਕਤ ਹਥਿਆਉਣ ਅਤੇ ਸਭ ਕੁਝ ਆਪਣੇ ਹਿਤਾਂ ‘ਚ ਢਾਲਣ ਕਾਰਨ ਹੋ ਰਿਹਾ ਹੈ।
ਧਰਤੀ ਉਤੇ ਸਮੁੱਚਾ ਜੀਵਨ, ਧਰਤੀ ਅਤੇ ਆਲੇ-ਦੁਆਲੇ ਨਾਲ ਚੰਗੇਰੀ ਸਾਂਝ ਪਾ ਕੇ ਹੀ ਜੀਵਿਆ ਜਾ ਸਕਦਾ ਹੈ। ਸਭ ਤੋਂ ਵੱਡੀ ਲੋੜ ਧਰਤੀ `ਤੇ ਰਹਿਣ ਵਾਲੇ ਜੀਵਾਂ ਪ੍ਰਤੀ ਸਕਾਰਾਤਮਕ ਵਿਹਾਰ ਕਰਨਾ ਹੈ। ਸਾਨੂੰ ਵਾਤਾਵਰਨ ਪ੍ਰੇਮੀ ਸੁੰਦਰ ਲਾਲ ਬਹੂਗੁਣਾ ਦੇ ਇਹ ਸ਼ਬਦ ਚੇਤੇ ਰੱਖਣੇ ਬਣਦੇ ਹਨ, “ਜਦੋਂ ਤੱਕ ਧਰਤੀ, ਜੰਗਲ, ਪਹਾੜ ਤੇ ਨਦੀਆਂ ਦੀ ਧਾਰਾ ਬਾਕੀ ਹੈ, ਉਦੋਂ ਤੱਕ ਜੀਵਨ ਪ੍ਰਵਾਹ ਹੈ।”