ਦੂਜਾ ਅੰਦਰ

ਕਲਵੰਤ ਸਿੰਘ ਸਹੋਤਾ
ਫੋਨ: 604-589-5919
ਸਾਡੇ ਮਨ ਦੇ ਅੰਦਰ ਵੀ ਇੱਕ ਅੰਦਰ ਹੈ। ਉਹ ਦੋਵੇਂ ਅੰਦਰ ਖੁੱਲ੍ਹੇ ਹੋਣੇ ਚਾਹੀਦੇ ਹਨ ਤਾਂ ਹੀ ਦੋਹਾਂ ਅੰਦਰ ਵੜਿਆ ਤੇ ਨਿਕਲਿਆ ਜਾ ਸਕਦਾ ਹੈ। ਜੇ ਇੱਕ ਦਾ ਦਰਵਾਜ਼ਾ ਬੰਦ ਹੋ ਜਾਏ ਤਾਂ ਉਸ ਦੇ ਅੰਦਰ ਵੜਨਾ ਤੇ ਨਿਕਲਣਾ ਨਾ-ਮੁਮਕਿਨ ਹੋ ਜਾਏਗਾ ਤੇ ਇੰਜ ਅੰਦਰਲਾ ਅੰਦਰ ਤੇ ਬਾਹਰਲਾ ਬਾਹਰ ਹੀ ਰਹਿ ਜਾਏਗਾ। ਇੱਕ ਮਨ ਦੇ ਅੰਦਰ ਦੇ ਦਰਵਾਜ਼ੇ ਦਾ ਤਾਲਾ ਲੱਗ ਜਾਏ ਤਾਂ ਮਨ ਦਾ ਸਾਹ ਘੁਟਨ ਲੱਗੇਗਾ। ਜਿਊਣਾ ਦੁੱਭਰ ਹੋ ਜਾਏਗਾ। ਮਨ ਦੀ ਭੜਾਸ ਵਧਣ ਲੱਗੇਗੀ, ਅੰਦਰ ਗੁਬਾਰ ਉੱਠੇਗਾ, ਘੁੰਮਣ-ਘੇਰੀਆਂ ਆਉਣਗੀਆਂ; ਉਪਰਾਮਤਾ ਦੀ ਜੜ੍ਹ ਲੱਗਣ ਲੱਗੇਗੀ; ਉਦਾਸੀ ਦੀਆਂ ਜੜ੍ਹਾਂ ਮਜਬੂਤ ਹੋਣਗੀਆਂ ਤੇ ਇੰਜ ਦੂਜੇ ਅੰਦਰ ਦੇ ਦਰਵਾਜ਼ੇ ਨੂੰ ਲੱਗੇ ਜੰਦਰੇ ਦੀਆਂ ਕੁੰਜੀਆਂ ਲੱਭਣੀਆਂ ਹੋਰ ਵੀ ਮੁਸ਼ਕਿਲ ਹੋ ਜਾਣਗੀਆਂ।

ਮਨ ਦੇ ਦੋਹਾਂ ਅੰਦਰਾਂ ਦੇ ਬਰਾਬਰ ਸੁਮੇਲ ਬਿਨਾਂ ਜਿ਼ੰਦਗੀ ਦਾ ਤਵਾਜ਼ਨ ਨਹੀਂ ਰਹੇਗਾ, ਜਿ਼ੰਦਗੀ ‘ਚ ਉਥਲ-ਪੁਥਲ ਮਚ ਜਾਏਗੀ; ਉਦਾਸੀ ਦਾ ਆਲਮ ਖੜ੍ਹਾ ਹੋ ਜਾਏਗਾ; ਖੂਹ ‘ਚ ਡਿੱਗੇ ਮਹਿਸੂਸ ਕਰੋਗੇ ਤੇ ਇੰਜ ਜੇ ਲਗਾਤਾਰ ਜਾਰੀ ਰਿਹਾ ਤਾਂ ਮਾਨਸਿਕ ਰੋਗ ਦਾ ਸਿ਼ਕਾਰ ਹੋ ਜਾਵਾਂਗੇ। ਅੱਜ ਦੀ ਤੇਜ਼-ਤਰਾਰ ਜਿੰ਼ਦਗੀ ‘ਚ ਸਮੇਂ ਦੀ ਰਫਤਾਰ ਨਾਲ ਨਾ ਚੱਲ ਸਕਣਾ, ਮਨ ‘ਚ ਬਣੀਆਂ ਖਾਹਿਸ਼ਾਂ ਤੇ ਉਮੰਗਾਂ ਦੀ ਪ੍ਰਾਪਤੀ ਨਾ ਹੋ ਸਕਣਾ; ਆਪਣੇ ਵਿੱਤ ਤੋਂ ਵਾਧੂ ਤੇ ਬੇਲੋੜੀਆਂ ਬਸਤਾਂ ਇਕੱਤਰ ਕਰਨ ਦੀ ਹੋੜ ‘ਚ ਪੈਣਾ ਇਤਿਆਦਿ ਮਾਨਸਿਕ ਰੋਗ ਦੇ ਬੀਜ ਦੇ ਪੁੰਗਰਨ ਦਾ ਰਾਹ ਪੱਧਰਾ ਕਰਦੇ ਹਨ। ਅਜਿਹੀ ਸਥਿਤੀ ਤੋਂ ਬਚਣ ਦੇ ਉਪਾਅ ਕਰਨੇ ਚਾਹੀਦੇ ਹਨ। ਮਨ ਦੇ ਦੋਹਾਂ ਅੰਦਰਾਂ ਦੇ ਸੁਮੇਲ ‘ਚ ਆਇਆ ਵਿਗਾੜ ਹੀ ਮਾਨਸਿਕ ਰੋਗਾਂ ਨੂੰ ਉਪਜਦਾ ਹੈ। ਮਾਨਸਿਕ ਰੋਗ ਦੇ ਬੇਅੰਤ ਕਾਰਨ ਹਨ ਤੇ ਉਸ ਦੇ ਉਪਾਅ ਦੀਆਂ ਵੀ ਵੱਖੋ-ਵੱਖਰੀਆਂ ਵਿਧੀਆਂ ਹਨ। ਡਾਕਟਰੀ ਇਲਾਜ, ਜਿਹੜਾ ਵਿਗਿਆਨ ਦੀਆਂ ਖੋਜ ਵਿਧੀਆਂ `ਤੇ ਆਧਾਰਿਤ ਹੈ, ਉਹ ਵੀ ਕਈ ਵਾਰੀ ਅਸਰਦਾਇਕ ਸਾਬਤ ਨਹੀਂ ਹੁੰਦਾ। ਵਿਗਿਆਨੀ ਖੋਜਾਂ ਮੁਤਾਬਿਕ ਸਰੀਰ/ਦਿਮਾਗ ਦੇ ਰਸਾਇਣਾਂ ਦਾ ਅਸੰਤੁਲਿਤ ਹੋ ਜਾਣਾ ਇੱਕ ਕਾਰਨ ਸਮਝਿਆ ਜਾਂਦਾ ਹੈ। ਪ੍ਰਮਾਣਿਤ ਦਵਾਈਆਂ, ਜੋ ਆਪਣੇ ਆਪ ‘ਚ ਰਸਾਇਣ ਹੀ ਹੁੰਦੇ ਹਨ, ਖਾਣ ਨਾਲ ਆਰਜੀ ਰਾਹਤ ਤਾਂ ਮਿਲਦੀ ਹੈ, ਪਰ ਮੁਕੰਮਲ ਰੋਗ ਮੁਕਤ ਹੋਣਾ ਅਜੇ ਦੂਰ ਦੀ ਗੱਲ ਹੁੰਦੀ ਹੈ। ਮਾਨਸਿਕ ਰੋਗ ਹੋਣ ਨਾਲ ਮਨ ਦੇ ਦੋਹਾਂ ਅੰਦਰਾਂ ਦੀ ਅਸਮਤਾ ਰਹਿੰਦੀ ਹੈ।
ਸਾਡੇ ਸਮਾਜ ਦਾ ਦੁਖਦੇ-ਸੁਖਦੇ ਇਕੱਠੇ ਹੋ ਕੇ ਬੈਠਣਾ, ਦੁਖ-ਸੁਖ ਸਾਂਝਾ ਕਰਨਾ, ਆਪਣੇ ਮਨ ਦੀਆਂ ਦੱਸਣੀਆਂ ਤੇ ਦੂਸਰਿਆਂ ਦੀਆਂ ਸੁਣਨੀਆਂ ਇੱਕ ਆਮ ਗੱਲ ਹੁੰਦੀ ਸੀ। ਕਿਤੇ ਮਰਗ ਹੋ ਜਾਣੀ ਤਾਂ ਮਹੀਨਾ ਮਹੀਨਾ ਸਾਕਾਂ-ਸਬੰਧੀਆਂ, ਸ਼ਰੀਕਾ ਭਾਈਚਾਰਾ ਅਤੇ ਹੋਰ ਜਾਣ-ਪਛਾਣ ਵਾਲਿਆਂ ਦਾ ਆ ਕੇ ਸੱਥਰ ‘ਚ ਬੈਠਣਾ ਕੋਈ ਮਕਸਦ ਰੱਖਦਾ ਸੀ। ਇਸ ਦੇ ਕਈ ਡੂੰਘੇ ਰਾਜ਼ ਸਨ, ਸੈਂਕੜੇ ਸਾਲਾਂ ਦੇ ਕੀਤੇ ਤਜ਼ਰਬੇ ਸਨ, ਜਿਹੜੇ ਪੁਸ਼ਤ-ਦਰ-ਪੁਸ਼ਤ ਅਗਾਂਹ ਸਪੁਰਦ ਹੁੰਦੇ ਰਹੇ ਅਤੇ ਉਹ ਤਜ਼ਰਬੇ ਤੇ ਵਿਧੀਆਂ ਡਾਢੀਆਂ ਸਹਾਈ ਹੁੰਦੀਆਂ ਸਨ; ਮੌਤ ਦੇ ਗਮ ਦੇ ਜ਼ਖਮਾਂ `ਤੇ ਮੱਲ੍ਹਮ ਲਾਉਣ ਦਾ ਕੰਮ ਕਰਦੀਆਂ ਅਤੇ ਜ਼ਖਮਾਂ `ਤੇ ਪੱਟੀ ਵੀ ਮਜ਼ਬੂਤ ਬੰਨ੍ਹਦੀਆਂ ਸਨ; ਇਸ ਨਾਲ ਦਰਦ ਘਟਦਾ ਸੀ। ਸਿਆਣਿਆਂ ਦੀਆਂ ਵਿਚਾਰਾਂ ਮਨ ਨੂੰ ਢਾਰਸ ਦਿੰਦੀਆਂ ਸਨ: ਮਨ ਦੇ ਦੂਸਰੇ ਅੰਦਰ ਦਾ ਦਰਵਾਜ਼ਾ ਬੰਦ ਨਹੀਂ ਸਨ ਹੋਣ ਦਿੰਦੀਆਂ; ਦੋਹਾਂ ਮਨਾਂ ਦਾ ਸੁਮੇਲ ਰੱਖਦੀਆਂ ਸਨ ਤੇ ਬੰਦਾ ਇਸ ਘੁੰਮਣਘੇਰੀ ਦੇ ਵਾਵਰੋਲੇ ‘ਚ ਗਰਕ ਹੋਣ ਦੀ ਥਾਂ ਬਾਹਰ ਦਾ ਰਸਤਾ ਦੇਖ ਸਕਦਾ ਸੀ। ਸਿਆਣੇ ਆਪਣੇ ਤਜ਼ਰਬੇ ਅਤੇ ਹੱਡ-ਬੀਤੀਆਂ ਸੁਣਾ ਕੇ ਡਿਗੇ ਮਨ ਨੂੰ ਢਾਰਸ ਦੇ ਦਿੰਦੇ ਸਨ। ਡਿੱਕੇ-ਡੋਲੇ ਖਾਂਦਾ ਮਨ ਖੜ੍ਹ ਜਾਂਦਾ ਸੀ; ਨਿੱਸਲ ਹੋਇਆ ਸਰੀਰ ਕਾਇਮ ਹੋ ਜਾਂਦਾ ਸੀ, ਡਿਗਦੇ ਮਨ ਨੂੰ ਪੈਰ ਰੱਖਣ ਲਈ ਪੌਡਾ ਮਿਲ ਜਾਂਦਾ ਸੀ। ਆਖਿਰ ਜਿ਼ੰਦਗੀ ਦੀ ਗੱਡੀ ਭਾਵੇਂ ਧੀਮੀ ਰਫਤਾਰ ਨਾਲ ਹੀ ਸਹੀ, ਪਰ ਰੁੜ੍ਹ ਪੈਂਦੀ ਸੀ। ਇਕੱਲਾ ਇੱਕਾ-ਦੁੱਕਾ ਨਹੀਂ, ਸਗੋਂ ਪਰਿਵਾਰ ਦੇ ਸਾਰੇ ਜੀਆਂ ਦੇ ਮਨ ਦੇ ਦੋਹਾਂ ਅੰਦਰਾਂ ਦੇ ਦਰਵਾਜ਼ੇ ਵਿਚਾਰਾਂ ਨਾਲ ਖੁੱਲ੍ਹ ਜਾਂਦੇ ਸਨ ਤੇ ਦਰਦ ਦੀ ਚੀਸ ਘਟ ਜਾਂਦੀ ਸੀ।
ਵਿਗਿਆਨ ਨੇ ਬੜੀ ਤਰੱਕੀ ਕੀਤੀ ਹੈ, ਅੱਜ ਮਾਨਸਿਕ ਰੋਗਾਂ ਦਾ ਵਿਗਿਆਨਕ ਇਲਾਜ ਹੋਣਾ ਪ੍ਰਚਲਿਤ ਹੈ, ਇਹ ਇੱਕ ਚੰਗੀ ਸੇਧ ਹੈ। ਇਸ ਦੇ ਨਾਲ ਨਾਲ ਹੀ ਸਦੀਆਂ ਤੋਂ ਬਣੀ ਆ ਰਹੀ ਸਮਾਜਿਕ ਬਣਤਰ ਦਾ ਤਾਣਾ-ਬਾਣਾ ਅੱਖੋਂ-ਪਰੋਖੇ ਹੋ ਰਿਹਾ ਹੈ। ਅੱਜ ਅਸੀਂ ਇਕੱਲੇ ਡਾਕਟਰੀ ਇਲਾਜ `ਤੇ ਹੀ ਨਿਰਭਰ ਹੋਣ ਲੱਗੇ ਹਾਂ। ਡਾਕਟਰੀ ਇਲਾਜ ਵੀ ਇੱਕ ਪ੍ਰਬੰਧ ਦੇ ਅਧੀਨ ਹੀ ਚੱਲਦਾ ਹੈ ਕਿ ਇੱਕ ਡਾਕਟਰ ਇਤਨੇ ਮਰੀਜ ਦੇਖੇਗਾ, ਪ੍ਰਤੀ ਮਰੀਜ਼ ਉਸ ਨੂੰ ਇਤਨੇ ਪੈਸੇ ਸਰਕਾਰ ਜਾਂ ਬੀਮਾ ਕੰਪਨੀ ਦਏਗੀ; ਕੁਝ ਡਾਕਟਰਾਂ ਦੀ ਸੁਤਾ ਵੀ ਪੈਸੇ ਨਾਲ ਹੀ ਬੱਝ ਗਈ ਹੈ: ਮਰੀਜ਼ਾਂ ਦਾ ਇਲਾਜ ਤਾਂ ਉਹ ਕਰਦੇ ਹਨ, ਮਰਜ਼ ਲਈ ਪ੍ਰਮਾਣਿਤ ਦਵਾਈਆਂ ਦਿੰਦੇ ਹਨ, ਜਿਹੜੀਆਂ ਕਾਰਗਰ ਵੀ ਸਿੱਧ ਹੁੰਦੀਆਂ ਹਨ ਤੇ ਮਰਜ਼ ਦਾ ਇਲਾਜ ਵੀ ਕਰਦੀਆਂ ਹਨ, ਪਰ ਜਿਹੜਾ ਬਹੁਤ ਵੱਡਾ ਫੈਕਟਰ ਟੈਂਡਰ ਲਵਿੰਗ ਕੇਅਰ ਜਾਂ ਕਹਿ ਲਈਏ ਪਿਆਰ ਨਾਲ ਧਰਵਾਸ ਤੇ ਹੌਸਲਾ ਦੇਣਾ, ਇਹ ਅਲੋਪ ਹੋਈ ਜਾ ਰਹੇ ਹਨ। ਰਸਾਇਣਕ ਦਵਾਈਆਂ ਪ੍ਰਯੋਗ ਕਰਨ ਨਾਲ ਰੋਗ ਭਾਵੇਂ ਕੁਝ ਹੱਦ ਤੱਕ ਦੂਰ ਹੋ ਜਾਏ ਜਾਂ ਰੋਗ ਮੁਕਤ ਵੀ ਹੋ ਜਾਈਏ, ਪਰ ਜਿਹੜਾ ਰੋਗ ਦੂਰ ਕਰਨ ਦਾ ਧਰਵਾਸ/ਹੌਸਲਾ ਰੂਪੀ ਥੰਮ ਜੇ ਨਹੀਂ ਮਿਲਦਾ ਤਾਂ ਉਹੀ ਮਰਜ਼ ਮੁੜ ਢਾਹ ਲਊ। ਮਨ ਤਕੜਾ ਹੈ ਤਾਂ ਸਰੀਰ ਤਕੜਾ ਰਹੇਗਾ, ਜੇ ਮਨ ਤਕੜਾ ਨਹੀਂ ਤਾਂ ਤਕੜਾ ਸਰੀਰ ਵੀ ਡਿਗੇ ਮਨ ਅੱਗੇ ਬੇਅਰਥ ਸਾਬਤ ਹੋਏਗਾ।
ਮਾਨਸਿਕ ਰੋਗੀਆਂ ਨਾਲ ਅੱਜ ਹਸਪਤਾਲਾਂ ਦੇ ਹਸਪਤਾਲ ਭਰੇ ਪਏ ਹਨ। ਪ੍ਰਮਾਣਿਤ ਵਿਧੀਆਂ ਮੁਤਾਬਕ ਇਲਾਜ ਹੁੰਦੇ ਹਨ, ਪੂਰੀ ਕਾਰਵਾਈ ਹੁੰਦੀ ਹੈ, ਨਰਸਾਂ ਯੋਗ ਯਤਨ ਕਰਦੀਆਂ ਹਨ ਕਿ ਮਰੀਜ਼ ਨੂੰ ਪੂਰਨ ਸੁਵਿਧਾ ਮਿਲੇ। ਜਿਸ ਵਾਤਾਵਰਨ ‘ਚ ਅਸੀਂ ਰਹਿ ਰਹੇ ਹਾਂ, ਉਹ ਮਾਨਸਿਕ ਰੋਗੀ ਜਿ਼ਆਦਾ ਪੈਦਾ ਕਰ ਰਿਹਾ ਹੈ ਅਤੇ ਹਸਪਤਾਲਾਂ ਦੀ ਥੁੜ੍ਹ ਬਣਦੀ ਜਾ ਰਹੀ ਹੈ: ਲੋੜ ਜਿ਼ਆਦਾ ਤੇ ਸਾਧਨ ਘੱਟ ਵਾਲੀ ਸਥਿਤੀ ‘ਚ ਇਲਾਜ ਦਾ ਮਿਆਰ ਡਿੱਗੇਗਾ, ਖਰਚਾ ਵਧੇਗਾ, ਮਰੀਜ਼ ਦੀ ਪੂਰਨ ਦੇਖ-ਭਾਲ ਨਹੀਂ ਹੋ ਸਕੇਗੀ, ਇਲਾਜ ਸਿਰਫ ਕਾਰਵਾਈ ਤੱਕ ਹੀ ਮਹਿਦੂਦ ਰਹਿ ਜਾਏਗਾ: ਮਰੀਜ਼ ਦੇ ਇਲਾਜ ਰੂਪੀ ਮੰਜੇ ਦੀ ਦੌਣ ‘ਚ ਹੋਰ ਵੱਡੇ ਵੱਡੇ ਮਘੋਰੇ ਬਣ ਜਾਣਗੇ ਤੇ ਮਰੀਜ਼ ਦੇਖਣ ਨੂੰ ਇਲਾਜ ਹੋਣ ਦੇ ਉਪਰੰਤ ਵੀ ਉਸ ਮਘੋਰੇ ਥਾਂਈਂ ਥੱਲੇ ਡਿੱਗ ਜਾਏਗਾ।
ਮਾਨਸਿਕ ਰੋਗੀਆਂ ਦੇ ਮਨ ਦੇ ਦੂਸਰੇ ਅੰਦਰ ਦਾ ਦਰਵਾਜ਼ਾ ਬੰਦ ਹੁੰਦਾ ਹੈ, ਉਹ ਉਸ ਦੇ ਬੰਦ ਦਰਵਾਜ਼ੇ ਦੇ ਜੰਦਰੇ ਦੀ ਕੁੰਜੀ ਲੱਭਦੇ ਹੀ ਭਟਕਦੇ ਰਹਿੰਦੇ ਹਨ। ਰਿਸ਼ਤਿਆਂ ਦੀ ਟੁੱਟੀ ਬਣਤਰ ਕੁੰਜੀ ਤੱਕ ਹੱਥ ਪਹੁੰਚਣ ਨਹੀਂ ਦਿੰਦੀ; ਰਿਸ਼ਤਿਆਂ ‘ਚ ਪਈ ਖਟਾਸ ਕੁੰਜੀ ਨੂੰ ਪਰੇ ਲਕੋ ਦਿੰਦੀ ਹੈ। ਜਿਹੜੇ ਪਿਆਰ, ਅਪਣੱਤ ਤੇ ਹਮਦਰਦ ਸਬੰਧਾਂ ਨੇ ਆਪ ਜਾ ਕੇ ਮਨ ਦੇ ਬੰਦ ਦਰਵਾਜ਼ੇ ਦੇ ਜੰਦਰੇ ਦੀ ਕੁੰਜੀ ਆਪ ਅੱਪੜਦੀ ਕਰਨੀ ਸੀ, ਉਸ ਪਾਸੇ ਤਾਂ ਧਿਆਨ ਹੀ ਨਹੀਂ ਜਾਂਦਾ! ਅੱਜ ਜਿਹੜੀ ਡਾਕਟਰੀ ਅਤੇ ਮਨੋਵਿਗਿਆਨਕ ਕੌਂਸਲਿੰਗ ਅਸੀਂ ਢੇਰ ਸਾਰੇ ਪੈਸੇ ਖਰਚ ਕੇ ਪ੍ਰਾਪਤ ਕਰਦੇ ਹਾਂ, ਇਹ ਪਰਿਵਾਰਕ ਰਿਸ਼ਤਿਆਂ ਦੇ ਹਰ ਖੂੰਜੇ ‘ਚ ਪਈ ਮਿਲਦੀ ਸੀ, ਪਰ ਜੇ ਅਸੀਂ ਪਰਿਵਾਰਕ ਰਿਸ਼ਤਿਆਂ ਦੀ ਹੀ ਖੇਹ ਕਰ ਦਿੱਤੀ ਤਾਂ ਇਕੱਲੇ ਡਾਕਟਰੀ ਇਲਾਜ ਨੇ ਮਨ ਦੇ ਦੂਜੇ ਬੰਦ ਅੰਦਰ ਦੀ ਕੁੰਜੀ ਨਹੀਂ ਮੁਹੱਈਆ ਕਰਵਾਉਣੀ। ਤੁਹਾਡੇ ਮਨ ਦੀ ਲੋੜ ਮੁਤਾਬਕ ਖਾਸ ਕੁੰਜੀ, ਜਿਹੜੀ ਸਿਰਫ ਤੇ ਸਿਰਫ ਤੁਹਾਡੇ ਲਈ ਹੀ ਹੈ, ਉਹ ਤਾਂ ਸਮਾਜਿਕ ਤਾਣੇ-ਬਾਣੇ ‘ਚੋਂ ਹੀ ਸੌਖਿਆਂ ਮੁਹੱਈਆ ਹੋਣੀ ਹੈ; ਪਰ ਜੇ ਅਸੀਂ ਉਸ ਪਰਿਵਾਰਕ ਤੇ ਸਮਾਜਿਕ ਰਿਸ਼ਤਿਆਂ ਦੇ ਤਾਣੇ-ਬਾਣੇ ਦੀ ਹੀ ਜੱਖਣਾ ਪੁੱਟ ਸੁੱਟੀ ਤਾਂ ਕਸੂਰ ਤਾਂ ਸਾਡਾ ਆਪਣਾ ਹੈ।
ਅੱਜ ਦੇ ਸਮੇਂ ਦੀ ਤੇਜ-ਤਰਾਰ ਜਿ਼ੰਦਗੀ ਨਾਲ ਬਰਾਬਰ ਨਾ ਚੱਲ ਸਕਣ ਕਾਰਨ ਮਾਨਸਿਕ ਰੋਗਾਂ ਦੀ ਭਰਮਾਰ ਹੋ ਰਹੀ ਹੈ। ਸ਼ਾਂਤ ਮਾਹੌਲ ਅਲੋਪ ਹੋ ਰਿਹਾ ਹੈ; ਦੁਬਿਧਾ ਤੇ ਭਟਕਣ ਮਨ ਨੂੰ ਟਿਕਣ ਨਹੀਂ ਦਿੰਦੀ। ਦੋਹਾਂ ਮਨਾਂ ਦੇ ਅੰਦਰ ਦਾ ਸੁਮੇਲ ਟੁੱਟ ਗਿਆ ਹੈ। ਬੰਦਾ ਦੂਜੇ ਮਨ ਦੇ ਬੰਦ ਦਲਾਨ ਅੰਦਰ ਕੈਦ ਹੋ ਕੇ ਰਹਿ ਗਿਆ ਹੈ: ਬਾਹਰ ਨਿਕਲਣ ਦਾ ਰਾਹ ਨਹੀਂ ਦਿਸਦਾ, ਦਲਾਨ ‘ਚ ਘੁੱਪ ਹਨੇਰਾ ਹੈ; ਕੋਈ ਇਲਾਜ ਕੰਮ ਨਹੀਂ ਕਰਦਾ: ਇਕ ਮਨ ਬਾਹਰ ਤੜਫਦਾ ਹੈ ਤੇ ਇਕ ਅੰਦਰ ਤੜਫਦਾ ਹੈ; ਦੋਹਾਂ ਮਨਾਂ ਦੇ ਮਿਲਾਪ ਦੀ ਹੋੜ ਦੀ ਖਲਬਲੀ ਕੁਰਬਲ-ਕੁਰਬਲ ਕਰਦੀ ਭਟਕਣ ‘ਚ ਗੇੜੇ ਦੇ ਰਹੀ ਹੈ। ਮਨ ਦੀ ਗੱਲ ਸੁਣਨ-ਸਮਝਣ ਵਾਲਾ ਦਿਸਦਾ ਨਹੀ; ਮਨਾਂ ਦੇ ਦਰਵਾਜ਼ੇ ਬੰਦ। ਆਓ, ਬੰਦ ਪਏ ਮਨਾਂ ਦੇ ਦਲਾਨਾਂ ਦੇ ਦਰਵਾਜਿ਼ਆਂ ਦੇ ਲੱਗੇ ਤਾਲਿਆਂ ਨੂੰ ਤੋੜੀਏ; ਆਪ ਦੁਬਿਧਾ ‘ਚੋਂ ਨਿਕਲੀਏ ਤੇ ਹੋਰਾਂ ਨੂੰ ਕੱਢੀਏ, ਇਹ ਬੜਾ ਸੌਖਾ ਤੇ ਸਰਲ ਤਰੀਕਾ ਹੈ: ਇਸ ਨੂੰ ਅਪਨਾ ਕੇ ਇਕ ਦੂਸਰੇ ਦੇ ਸਹਾਈ ਹੋਈਏ; ਜਿ਼ੰਦਗੀ ਦਾ ਅਨੰਦ ਆਪ ਮਾਣੀਏ ਤੇ ਹੋਰਨਾਂ ਨੂੰ ਮਾਣਨ ‘ਚ ਉਸਾਰੂ ਯੋਗਦਾਨ ਪਾਈਏ-ਮਨਾਂ ਦੇ ਦੋਹਾਂ ਅੰਦਰਾਂ ਦਾ ਸੁਮੇਲ ਕਰ ਕੇ।