ਸਭ ਤੋਂ ਖਤਰਨਾਕ ਹੁੰਦੀ ਹੈ, ਮਾਨਸਿਕ ਅਪਾਹਜਤਾ

ਇੰਦਰਜੀਤ ਚੁਗਾਵਾਂ
ਆਪਣੇ ‘ਤੇ ਝਾਤ ਮਾਰਨ ਦੀ ਕਲਾ ਜੇ ਕਿਸੇ ਨੂੰ ਆ ਜਾਵੇ ਤਾਂ ਉਸ ਲਈ ਬਹੁਤ ਕੁਝ ਸੁਖਾਲਾ ਹੋ ਜਾਂਦਾ ਹੈ। ਬਾਬੇ ਨਾਨਕ ਵੱਲੋਂ ਦਿੱਤਾ ਗਿਆ ਇਹ ਗੁਰ “ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲ॥” ਅਸੀਂ ਪੜ੍ਹਿਆ-ਗੁਣਗੁਣਾਇਆ ਬਹੁਤ ਹੈ, ਪਰ ਇਸ ਨੂੰ ਸਮਝਣ-ਸਮਝਾਉਣ ‘ਤੇ ਅਮਲ ‘ਚ ਲਿਆਉਣ ਦੀ ਜ਼ਹਿਮਤ ਕਿੰਨਿਆਂ ਨੇ ਉਠਾਈ ਹੈ, ਇਸ ਬਾਰੇ ਕੁਝ ਕਹਿਣ ਦੀ ਲੋੜ ਨਹੀਂ।

ਅੱਧੀ ਰਾਤ ਆਏ ਇੱਕ ਫੋਨ ਨੇ ਮੈਨੂੰ ਥੋੜ੍ਹਾ ਪ੍ਰੇਸ਼ਾਨ ਕਰ ਦਿੱਤਾ ਸੀ, ਜਿਸ ਤੋਂ ਬਾਅਦ ਆਪਣੇ ‘ਤੇ ਝਾਤ ਮਾਰੀ ਤਾਂ ਕਿ ਕੋਈ ਅਜਿਹੀ ਗਲਤੀ ਦਾ ਪਤਾ ਲੱਗ ਸਕੇ, ਜਿਸ ਨੇ ਕਿਸੇ ਆਪਣੇ-ਪਰਾਏ ਨੂੰ ਦੁੱਖ ਪਹੁੰਚਾਇਆ ਹੋਵੇ। ਆਪਣੀ ਗਲਤੀ ਦਾ ਪਤਾ ਖੁਦ ਨੂੰ ਘੱਟ ਈ ਲਗਦੈ ਤੇ ਮੈਂ ਕੋਈ ਵੱਖਰਾ ਨਹੀਂ। ਜੇ ਤੁਹਾਡੇ ਕੋਲ ਸੁਹਿਰਦ ਮਿੱਤਰ ਹਨ, ਜੋ ਤੁਹਾਨੂੰ ਸਮੇਂ ਸਿਰ ਸਹੀ ਸਲਾਹ ਦੇ ਸਕਦੇ ਹੋਣ ਤਾਂ ਤੁਸੀਂ ਫਾਇਦੇ ‘ਚ ਹੋ। ਇਸ ਲਈ ਮੇਰੇ ‘ਚ ਕੋਈ ਕਮੀ-ਪੇਸ਼ੀ ਹੋਵੇ ਤਾਂ ਤੁਸੀਂ ਜ਼ਰੂਰ ਨੋਟ ਕਰਵਾ ਦੇਣਾ।
ਇੱਕ ਗਰੀਬ ਕਿਸਾਨ ਦਾ ਪੁੱਤ ਹਾਂ। ਮੇਰੇ ਭਾਪਾ ਜੀ ਨੇ ਮੈਨੂੰ ਕਿਰਤ ਕਰਨੀ ਹੀ ਨਹੀਂ ਸਿਖਾਈ, ਕਿਰਤ ਦਾ ਸਤਿਕਾਰ ਕਰਨ ਦੀ ਸੋਝੀ ਵੀ ਦਿੱਤੀ। ਇਹੀ ਕਾਰਨ ਹੈ ਕਿ ਕੋਈ ਵੀ ਕੰਮ ਮੇਰੇ ਲਈ ਛੋਟਾ-ਵੱਡਾ ਨਹੀਂ। ਮੈਂ ਪਸ਼ੂਆਂ ਦਾ ਗੋਹਾ-ਕੂੜਾ ਸਾਂਭਣ ਤੋਂ ਲੈ ਕੇ ਸਮਾਚਾਰ ਸੰਪਾਦਕ ਤੱਕ ਦਾ ਕੰਮ ਬਰਾਬਰ ਸਮਰਪਣ ਭਾਵਨਾ ਨਾਲ ਕੀਤਾ। ਮੈਨੂੰ ਯਾਦ ਆ ਗਿਆ, ਸਾਡੇ ਬਾਬਾ ਪੰਛੀ (ਮੇਰੇ ਭਾਪਾ ਜੀ ਦੇ ਚਾਚਾ ਸ. ਚੰਨਣ ਸਿੰਘ ਪੰਛੀ) ਮੇਰੇ ਵੱਲੋਂ ਲਾਏ ਗਏ ਗੋਹੇ ਦੇ ਢੇਰ ਨੂੰ ਦੇਖ ਕੇ ਕਿਹਾ ਕਰਦੇ ਸੀ, “ਓ ਬਈ ਪੱਤਰਕਾਰਾ, ਤੇਰੇ ਢੇਰ ਦੀ ਫੋਟੋ ਤਾਂ ਅਖਬਾਰ ‘ਚ ਲੱਗਣੀ ਚਾਹੀਦੀ ਆ।” ਮੇਰਾ ਜੁਆਬ ਹੁੰਦਾ ਸੀ, “ਬਾਬਾ ਜੀ, ਆਪਣੇ ਮੂੰਹੋਂ ਆਪਣੀ ਸਿਫਤ ਕਰਨੀ ਚੰਗੀ ਨਹੀਂ ਹੁੰਦੀ।”
ਅਖੌਤੀ ਉੱਚ ਜਾਤੀ (ਜੱਟ) ‘ਚ ਜਨਮ ਤਾਂ ਜ਼ਰੂਰ ਹੋਇਆ, ਪਰ ‘ਡਮਾਕ’ ਟਿਕਾਣੇ ਸਿਰ ਹੀ ਰਿਹਾ। ਯਾਰਾਂ ਦੋਸਤਾਂ ਦੀ ਕਤਾਰ ‘ਚ ‘ਕੰਮ-ਜਾਤ’ ਲੋਕਾਂ ਦੀ ਭਰਮਾਰ ਰਹੀ। ਇੱਕ-ਦੂਸਰੇ ਦੇ ਘਰ ਤਵੇ ਤੋਂ ਚੁੱਕ ਕੇ ਖਾਣ ਦਾ ਆਨੰਦ ਅਸੀਂ ਸਾਰੇ ਮਾਣਦੇ ਰਹੇ ਹਾਂ। ਇਹੀ ਕਾਰਨ ਸੀ ਕਿ ਸਾਡੇ ਸਾਰੇ ਦੋਸਤਾਂ ਦੇ ਮਾਪੇ ਸਾਨੂੰ ਆਪਣੇ ਧੀਆਂ-ਪੁੱਤਾਂ ਨਾਲੋਂ ਵੱਧ ਪਿਆਰ ਕਰਦੇ ਹਨ। ਜਾਤ-ਪਾਤ ਦਾ ਝੰਜਟ ਨਾ ਕਦੇ ਸਮਾਜਿਕ ਰਿਸ਼ਤਿਆਂ ‘ਚ ਤੇ ਨਾ ਕਦੇ ਕੰਮ-ਕਾਜ਼ੀ ਰਿਸ਼ਤਿਆਂ ‘ਚ ਅੜਿੱਕਾ ਬਣਿਆ ਹੈ।
‘ਨਵਾਂ ਜ਼ਮਾਨਾ’ ‘ਚ ਇੱਕ ਹੀ ਥਾਂ ਬੈਠ ਕੇ ਖਾਣਾ ਖਾਣ ਦਾ ਜੋ ਆਨੰਦ ਸੀ, ਉਹ ਸ਼ਾਇਦ ਹੀ ਕਦੇ ਮੁੜ ਨਸੀਬ ਹੋ ਸਕੇ। ਮਾਹੌਲ ਇਹੋ ਜਿਹਾ ਪਰਿਵਾਰਕ ਸੀ, ਕਦੇ ਕਿਸੇ ਦੇ ਜਿ਼ਹਨ ‘ਚ ਇਹ ਗੱਲ ਆਈ ਹੀ ਨਹੀਂ ਸੀ ਕਿ ਕੌਣ ਕਿਸ ਜਾਤ ਦਾ ਹੈ ਤੇ ਕੌਣ ਕਿਸ ਜਾਤ ਦਾ! ਇਸ ਮਾਹੌਲ ਨੂੰ ਵਿਗਾੜਨ ਦੀਆਂ ਕੋਸਿ਼ਸ਼ਾਂ ਵੀ ਹੁੰਦੀਆਂ ਰਹੀਆਂ, ਪਰ ਸਾਡੇ ਰਿਸ਼ਤਿਆਂ ਦੀ ਗੰਢ ਨੂੰ ਕਮਜ਼ੋਰ ਕਰਨਾ ਏਨਾ ਵੀ ਸੁਖਾਲਾ ਨਹੀਂ ਸੀ। ਇਹ ਕੋਸਿ਼ਸ਼ਾਂ ਮੇਰੇ ਸੇਵਾ ਕਾਲ ਦੇ ਆਖਰੀ ਪੜਾਅ ‘ਤੇ ਕੁਝ ਜਿ਼ਆਦਾ ਹੀ ਤੇਜ਼ ਹੋ ਗਈਆਂ ਸਨ, ਪਰ ‘ਉੱਪਰਲਿਆਂ’ ਦਾ ‘ਮੋਹਰਾ’ ਬਣੇ ਆਪਣੇ ਮਿੱਤਰ ਨੂੰ ਵਾਰ ਵਾਰ ਇਹੋ ਸਮਝਾਉਂਦਾ ਰਿਹਾ ਕਿ ਆਪਣੇ ਹੱਥੀਂ ਸਿਰਜੀ ਨੀਂਹ ‘ਤੇ ਹੀ ਬੰਦਾ ਪੱਕੇ ਪੈਰੀਂ ਖੜ੍ਹਾ ਹੋ ਸਕਦੈ, ਇਸ ਲਈ ਪੂਰਾ ਧਿਆਨ ਆਪਣੇ ਕੰਮ ਵੱਲ ਤੇ ਆਪਣੀ ਸਿਹਤ ਵੱਲ ਦੇ, ਮੁੱਲ ਆਪਣੇ ਆਪ ਪੈ ਜਾਣੈਂ। ਇਸ ਤਲਖੀ ਭਰੇ ਮਾਹੌਲ ‘ਚ ਕਦੇ ਵੀ ਆਪਣੇ ਮੂੰਹੋਂ ਆਪਣੇ ਉਸ ਮਰਹੂਮ ਮਿੱਤਰ ਬਾਰੇ ਕੋਈ ਅਪ-ਸ਼ਬਦ ਨਹੀਂ ਸੀ ਕੱਢਿਆ।
ਜਿ਼ੰਦਗੀ ਨਾਲ ਬਚਪਨ ਤੋਂ ਹੀ ਘੁਲਦੇ ਆਏ ਹੋਣ ਕਾਰਨ ਕਿਸੇ ਦਾ ਮਜ਼ਾਕ ਉਡਾਉਣ ਦਾ ਖਿਆਲ ਵੀ ਜਿ਼ਹਨ ‘ਚ ਨਹੀਂ ਆਇਆ। ‘ਨਵਾਂ ਜ਼ਮਾਨਾ’ ਦਫਤਰ ‘ਚ ਮਜ਼ਾਕ ਕਰਨ ਦੀ ਆਦਤ ਸਾਨੂੰ ਸਾਰਿਆਂ ਨੂੰ ਸੀ, ਪਰ ਮਜ਼ਾਕ ਉਡਾਉਣ ਦੀ ਆਦਤ ਨਾ ਮੇਰੀ ਹੈ ਤੇ ਨਾ ਹੀ ਹੋਰ ਕਿਸੇ ਦੀ ਸੀ। ਕਿਸੇ ਦੇ ਪਹਿਰਾਵੇ, ਵਾਲਾਂ ਦੇ ਸਟਾਈਲ ਜਾਂ ਕਿਸੇ ਦੀ ਸਰੀਰਕ ਅਵੱਸਥਾ ਬਾਰੇ ਕਦੇ ਕਿਸੇ ਨੇ ਕੋਈ ਮਾੜੀ ਟਿੱਪਣੀ ਨਹੀਂ ਸੀ ਕੀਤੀ।
ਸਾਡੇ ਦੋ ਸਟਾਫ ਮੈਂਬਰ, ਸਰੀਰਕ ਪੱਖੋਂ ਮਾਮੂਲੀ ਜਿਹੇ ਅਪਾਹਜ ਸਨ, ਪਰ ਉਨ੍ਹਾਂ ਦੀ ਇਸ ਹਾਲਤ ਵੱਲ ਸਾਡਾ ਕਦੇ ਧਿਆਨ ਹੀ ਨਹੀਂ ਸੀ ਗਿਆ। ਸਾਡੇ ਲਈ ਉਹ ਮੁਕੰਮਲ ਇਨਸਾਨ ਸਨ। ਉਨ੍ਹਾਂ ‘ਚੋਂ ਇੱਕ ਬਾਰੇ ਇੱਕ ‘ਬੜੇ ਸਾਹਿਬ’ ਨੇ ਜ਼ਰੂਰ ਇਹੋ ਜਿਹੀ ਟਿੱਪਣੀ ਇੱਕ ਵਾਰ ਕਰ ਦਿੱਤੀ ਸੀ, ਪਰ ਦੂਸਰੇ ਸਾਥੀ ਬਾਰੇ ਕਦੇ ਵੀ ਅਜਿਹਾ ਨਹੀਂ ਹੋਇਆ। ਇਹ ਸਾਥੀ ਅੱਜ ਕੱਲ੍ਹ ਇੱਕ ਉੱਚ ਸਰਕਾਰੀ ਅਹੁਦੇ ‘ਤੇ ਕੰਮ ਕਰ ਰਿਹਾ ਹੈ, ਪਰ ਅਫਸਰੀ ਉਸ ਦੇ ‘ਡਮਾਕ’ ਨੂੰ ਬਿਲਕੁਲ ਨਹੀਂ ਚੜ੍ਹੀ।
ਇਹ ਸਾਡਾ ਸਾਥੀ ਕੰਪਿਊਟਰ ਰੂਮ ਦੇ ਇੰਚਾਰਜ ਸਾਥੀ ਨਾਲ ਰਾਤ ਨੂੰ ‘ਨਵਾਂ ਜ਼ਮਾਨਾ’ ਹੀ ਠਹਿਰਿਆ ਕਰਦੇ ਸਨ। ਰਾਤ ਨੂੰ ਜਦ ਕੰਮ ਖਤਮ ਕਰਨਾ ਤਾਂ ਹਾਸਾ-ਮਜ਼ਾਕ ਸ਼ੁਰੂ ਹੋ ਜਾਣਾ। ਕਈ ਵਾਰ ਉਸ ਨੇ ਮੈਨੂੰ ਕਾਪੀ ਪੇਸਟਿੰਗ ਵਾਲੇ ਮੇਜ ‘ਤੇ ਢਾਹ ਲੈਣਾ ਤੇ ਕਦੇ ਮੈਂ ਉਸ ਨੂੰ ਫੜ ਕੇ ਦੋਹਰਾ ਕਰ ਲੈਣਾ। ਸਾਡੇ ਵਿਚਾਲੇ ਮਤਭੇਦ ਜ਼ਰੂਰ ਰਹੇ ਹੋਣਗੇ, ਪਰ ਮਨ-ਭੇਦ ਕਦੇ ਵੀ ਨਹੀਂ ਰਹੇ।

ਅੱਧੀ ਰਾਤ ਨੂੰ ਮੈਸੈਂਜਰ ‘ਤੇ ਫੋਨ ਆਉਂਦਾ ਹੈ। ਫੇਸਬੁੱਕ ‘ਤੇ ਮਿੱਤਰ ਸੂਚੀ ‘ਚ ਸ਼ਾਮਲ ਇੱਕ ਸ਼ਖਸ ਸੀ ਤੇ ਕਿਸੇ ਵੇਲੇ ‘ਨਵਾਂ ਜ਼ਮਾਨਾ’ ‘ਚ ਕੰਮ ਕਰਦਾ ਰਿਹਾ ਹੋਣ ਕਾਰਨ ਉਸ ਦੀ ਕਾਲ ਰਿਸੀਵ ਕਰ ਲਈ। ਮੇਰੇ ‘ਨਵਾਂ ਜ਼ਮਾਨਾ’ ‘ਚ ਆਉਣ ਤੋਂ ਕਾਫੀ ਪਹਿਲਾਂ ਉਹ ਵਿਦਾ ਹੋ ਗਏ ਸਨ। ਉਹ ਸਾਹਿਬ ਕੁਝ ਇਸ ਤਰ੍ਹਾਂ ਬੋਲੇ, “ਤੂੰ ਵੀ ਨਵਾਂ ਜ਼ਮਾਨਾ ਦਾ ਚੌਧਰੀ ਰਿਹੈਂ।”
ਮੈਂ ਕਿਹਾ, “ਚੌਧਰੀ ਤਾਂ ਕਦੇ ਨਹੀਂ, ਪਰਿਵਾਰ ਦਾ ਜਿ਼ੰਮੇਵਾਰ ਮੈਂਬਰ ਜ਼ਰੂਰ ਰਿਹਾਂ।”
ਅੱਗੋਂ ਜੁਆਬ, “ਤੂੰ…ਨੂੰ ਆਪਣਾ ਦੋਸਤ ਵੀ ਕਹਿਨਾ।”
“ਕੋਈ ਸ਼ੱਕ…?” ਮੇਰਾ ਜੁਆਬ ਸੀ।
ਸਾਹਿਬ ਫਿਰ ਬੋਲੇ, “ਤੂੰ ਉਸ ਬਾਰੇ ਇਹ ਲਫਜ਼ ਬੋਲੇ ਸੀ ਕਿ ਇਹ…ਫਿਰ ਆ ਗਿਆ।”
ਉਸ ਸਾਹਿਬ ਵੱਲੋਂ ਵਰਤਿਆ ਗਿਆ ਸ਼ਬਦ ਨਾ ਮੈਂ ਕਿਸੇ ਬਾਰੇ ਲਿਖ ਸਕਦਾਂ, ਨਾ ਬੋਲ ਸਕਦਾਂ। ਮੈਂ ਉਸ ਨੂੰ ਕਿਹਾ, “ਇਹ ਲਫਜ਼ ਮੇਰੀ ਡਿਕਸ਼ਨਰੀ ‘ਚ ਸ਼ਾਮਲ ਨਹੀਂ!”
ਸਾਹਿਬ ਬੋਲੇ, “ਮੈਂ ਤੈਨੂੰ ਇਹ ਦੱਸਣ ਲਈ ਫੋਨ ਕੀਤੈ ਕਿ ਮੈਂ ਤੈਨੂੰ ਨਫਰਤ ਕਰਦਾ ਹਾਂ…।” …ਤੇ ਫੋਨ ਬੰਦ। ਪ੍ਰੇਸ਼ਾਨ ਹੋਣਾ ਸੁਭਾਵਿਕ ਸੀ। ਅੱਧੀ ਰਾਤ ਦਾ ਸਮਾਂ, ਆਪਣੀ ਲੰਮੀ ਡਰਾਈਵ ਤੋਂ ਬਾਅਦ ਆਰਾਮ ਕਰ ਰਹੇ ਮਨੁੱਖ ਨੂੰ ਕੋਈ ਅਜਿਹੀ ਬੇਸਿਰ-ਪੈਰ ਗੱਲ ਕਹਿ ਦੇਵੇ ਤਾਂ ਉਹ ਰਿਲੈਕਸ ਕਿਵੇਂ ਰਹਿ ਸਕਦੈ!
ਉਸ ਨੇ ਇਹ ਗੱਲ ਕਿਉਂ ਕਹੀ, ਕਿਸ ਸੰਦਰਭ ‘ਚ ਕਹੀ, ਮੈਨੂੰ ਸਮਝ ਨਹੀਂ ਆਈ, ਕਿਉਂਕਿ ਉਸ ਨਾਲ ਮੇਰੀ ਕਦੇ ਵੀ ਗੱਲਬਾਤ ਨਹੀਂ ਹੋਈ, ਨੇੜਤਾ ਹੋਣੀ ਤਾਂ ਦੂਰ ਦੀ ਗੱਲ ਹੈ। ਪਤਾ ਕਰਨ ਲਈ ਉਸੇ ਵੇਲੇ ਆਪਣੇ ਉਸੇ ਸਾਥੀ ਨੂੰ ਫੋਨ ‘ਤੇ ਸੰਪਰਕ ਕਰ ਲਿਆ, ਜਿਸ ਬਾਰੇ ਮੇਰੇ ਮੂੰਹ ‘ਚ ਅਪ-ਸ਼ਬਦ ਪਾਏ ਜਾ ਰਹੇ ਸਨ। ਮੈਂ ਸੋਚਿਆ ਕਿ ਉਸ ਦੇ ਮਨ ‘ਚ ਤਾਂ ਕੋਈ ਅਜਿਹੀ ਗੱਲ ਨਹੀਂ! ਉਸ ਦਾ ਜੁਆਬ ਸੀ, “ਪਹਿਲੀ ਗੱਲ ਉਸ ਬੰਦੇ ਨਾਲ ਮੇਰੀ ਗੱਲ ਹੋਈ ਨੂੰ ਕਾਫੀ ਸਮਾਂ ਹੋ ਗਿਐ ਤੇ ਉਸ ਨਾਲ ਅਜਿਹੀ ਗੱਲ ਮੈਂ ਕਦੇ ਵੀ ਨਹੀਂ ਕੀਤੀ। ਦੂਸਰੀ ਗੱਲ ਇਹ ਕਿ ਮੈਂ ਅਜਿਹੇ ਲਫਜ਼ਾਂ ਦੀ ਤੈਥੋਂ ਆਸ ਹੀ ਨਹੀਂ ਰੱਖਦਾ। ਬੱਸ ਤੂੰ ਐਵੇਂ ਟੈਨਸ਼ਨ ਨਾ ਲੈ, ਪ੍ਰਵਾਹ ਨਹੀਂ ਕਰੀਦੀ ਇਹੋ ਜਿਹੇ ਬੰਦਿਆਂ ਦੀ!”
ਥੋੜ੍ਹਾ ਤਣਾਓ-ਮੁਕਤ ਹੋਣ ਤੋਂ ਬਾਅਦ ਦੋ-ਤਿੰਨ ਹੋਰ ਸਾਥੀਆਂ ਨਾਲ ਇਸ ਬਾਰੇ ਗੱਲ ਕੀਤੀ, ਸਭਨਾਂ ਨੇ ਮੈਨੂੰ “ਟੈਨਸ਼ਨ ਨਾ ਲੈ” ਦੀ ਸਲਾਹ ਹੀ ਦਿੱਤੀ।
ਇੱਕ ਨੇ ਦੱਸਿਆ, “ਓਹ…ਉਹਦਾ ਕੀ ਐ! ਕਿਸ ਵੇਲੇ ਕੀ ਕਹਿ ਦੇਵੇ, ਉਸ ਨੂੰ ਖੁਦ ਨੂੰ ਪਤਾ ਨਹੀਂ ਹੁੰਦਾ! ਅਖਬਾਰਾਂ ਦੀਆਂ ਫਾਈਲਾਂ ਚੁੱਕ ਕੇ ਛੱਤ ਵਾਲੇ ਪੱਖਿਆਂ ‘ਚ ਮਾਰਨੀਆਂ ਉਸ ਦਾ ਤਕਰੀਬਨ ਹਰ ਰਾਤ ਦਾ ਕੰਮ ਹੁੰਦਾ ਸੀ!”
ਫੋਨ ‘ਤੇ ਉਸ ਸਾਹਿਬ ਦੀ ਪੂਰੀ ਗੱਲ ਮੈਂ ਪੂਰੇ ਸੰਜਮ ਨਾਲ ਸੁਣੀ। ਕੋਈ ਵੀ ਗੈਰ-ਮਿਆਰੀ ਲਫਜ਼ ਨਹੀਂ ਵਰਤਿਆ। ਉਹ ਜ਼ਹਿਰ ਉਗਲ ਕੇ ਪਤਾ ਨਹੀਂ ਸ਼ਾਂਤ ਹੋਇਆ ਕਿ ਨਹੀਂ, ਮੇਰੇ ਮਨ ਦਾ ਅਮਨ-ਚੈਨ ਭੰਗ ਕਰਨ ‘ਚ ਉਸ ਨੇ ਕੋਈ ਕਸਰ ਬਾਕੀ ਨਹੀਂ ਛੱਡੀ।
ਆਪਣੇ ਮਿੱਤਰਾਂ ਨਾਲ ਇਸੇ ਸੰਦਰਭ ‘ਚ ਗੱਲ ਕਰਨ ਤੋਂ ਬਾਅਦ ਜਿੱਥੇ ਮੈਂ ਤਣਾਓ-ਮੁਕਤ ਮਹਿਸੂਸ ਕਰ ਰਿਹਾ ਹਾਂ, ਉਥੇ ਇਹ ਗੱਲ ਵੀ ਲਗਾਤਾਰ ਸੋਚ ਰਿਹਾ ਹਾਂ ਕਿ ਇੱਕ ਮਨੁੱਖ ਏਨਾ ਜ਼ਹਿਰੀਲਾ ਕਿਵੇਂ ਹੋ ਜਾਂਦੈ! ਮੈਨੂੰ ਆਪਣੇ ਵੱਡਿਆਂ ਵਰਗੇ ਮਿੱਤਰ ਰਾਜਿੰਦਰ ਬਿਮਲ ਦੀ ਕਹੀ ਗੱਲ ਚੇਤੇ ਆ ਰਹੀ ਐ, “ਇੰਦਰਜੀਤ, ਗਾਣੇ ਸੁਣਦਾ ਹੁੰਨਾਂ ਕਿ ਨਹੀਂ! ਜ਼ਰੂਰ ਸੁਣਿਆ ਕਰ, ਨਾਲੋ-ਨਾਲ ਗਾਇਆ ਵੀ ਕਰ। ਇਹ ਜੋ ਸੰਗੀਤ ਐ, ਜੋ ਰਿਦਮ ਹੈ, ਏਸ ਦੀਆਂ ਤਰੰਗਾਂ ਰੂਹ ਨੂੰ ਝੁਣਝੁਣਾਉਂਦੀਆਂ ਰਹਿੰਦੀਆਂ। ਇਹ ਤਰੰਗ, ਝੁਣਝੁਣੀ ਬੰਦੇ ਨੂੰ ਬੰਦਾ ਬਣਾਈ ਰੱਖਦੀ ਐ! ਇਹ ਤੇਰੇ ਵਾਸਤੇ ਤਾਂ ਬਹੁਤ ਜ਼ਰੂਰੀ ਐ। ਨਹੀਂ ਤਾਂ ਘਰ ਨੂੰ ਵੀ ਟਰੱਕ ਵਾਂਗ ਈ ਚਲਾਉਣ ਲੱਗੇਂਗਾ ਤੇ ਪਰਮਜੀਤ ਕੋਲੋਂ ਮੌਰ ਤੱਤੇ ਕਰਵਾਏਂਗਾ!”
ਬਿਮਲ ਦੀਆਂ ਗੱਲਾਂ ਨਿੱਕੀ ਨਿੱਕੀ ਚੂੰਢੀ ਵਾਲੀਆਂ, ਪਰ ਬੜੀਆਂ ਪਤੇ ਦੀਆਂ ਹੁੰਦੀਆਂ ਹਨ। ਉਸ ਦੀ ਇਹ ਗੱਲ ਚੇਤੇ ਕਰਕੇ ਮੈਂ ਮਹਿਸੂਸ ਕਰ ਰਿਹਾ ਹਾਂ ਕਿ ਅਜਿਹੇ ਬੰਦੇ ਜ਼ਰੂਰ ਸੰਗੀਤ ਤੋਂ ਦੂਰ ਰਹਿੰਦੇ ਹੋਣਗੇ। ਉਨ੍ਹਾਂ ਦੇ ਜਿ਼ਹਨ ਦਾ ਵੱਡਾ ਹਿੱਸਾ ਸੰਵੇਦਨਹੀਣ, ਬੇਹਰਕਤ ਹੋ ਜਾਂਦਾ ਹੋਣੈਂ, ਬਿਲਕੁਲ ਮ੍ਰਿਤ-ਅਵੱਸਥਾ ‘ਚ। ਤ੍ਰਾਸਦੀ ਇਹ ਕਿ ਉਨ੍ਹਾਂ ਨੂੰ ਖੁਦ ਨੂੰ ਇਸ ਗੱਲ ਦਾ ਅਹਿਸਾਸ ਈ ਨਹੀਂ ਹੁੰਦਾ ਕਿ ਜਿ਼ੰਦਗੀ ਉਨ੍ਹਾਂ ਤੋਂ ਕਿੰਨੀ ਦੂਰ ਚਲੇ ਗਈ ਹੈ।
ਸਰੀਰਕ ਅਪਾਹਜਤਾ ਏਨੀ ਖਤਰਨਾਕ ਨਹੀਂ ਹੁੰਦੀ, ਜਿੰਨੀ ਮਾਨਸਿਕ ਅਪਾਹਜਤਾ। ਸਰੀਰਕ ਅਪਾਹਜਤਾ ਤੁਹਾਡੇ ਸਾਹਮਣੇ ਹੁੰਦੀ ਹੈ। ਉਸ ਦਾ ਇਲਾਜ ਕੀਤਾ ਜਾ ਸਕਦੈ, ਸੰਬੰਧਤ ਬੰਦੇ ਦੇ ਹਾਲਾਤ, ਉਸ ਦੀ ਮਜਬੂਰੀ ਨੂੰ ਸਮਝਿਆ ਜਾ ਸਕਦੈ, ਪਰ ਮਾਨਸਿਕ ਅਪਾਹਜਤਾ ਦਾ ਤਾਂ ਤੁਹਾਨੂੰ ਕੋਈ ਇਲਮ ਹੀ ਨਹੀਂ ਹੁੰਦਾ। ਤੁਹਾਡੇ ਨਾਲ ਬੈਠਾ ਚੰਗਾ-ਭਲਾ ਨਜ਼ਰ ਆ ਰਿਹਾ ਬੰਦਾ, ਮਾਨਸਿਕ ਅਪਾਹਜਤਾ ਦੀ ਸੂਰਤ ‘ਚ ਕੀ ਚੰਦ ਚਾੜ੍ਹ ਦੇਵੇ, ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ! ਇਸ ਤੋਂ ਬਚਣ ਲਈ ਜ਼ਰੂਰੀ ਹੈ ਕਿ ਰੂਹ ਨੂੰ ਸਕੂਨ ਦੇਣ ਵਾਲਾ ਸੰਗੀਤ ਸੁਣੋ, ਉਸ ਵਿਚ ਡੂੰਘੇ ਉੱਤਰ ਜਾਵੋ। ਆਪਣੇ ਮਨ ਦਾ ਗੁਬਾਰ, ਵਲਵਲੇ ਆਪਣੇ ਅਤਿ ਨਜ਼ਦੀਕੀ ਯਾਰਾਂ ਨਾਲ ਸਾਂਝਾ ਕਰਦੇ ਰਹੋ, ਉਨ੍ਹਾਂ ਦੀ ਸਲਾਹ ਲੈਂਦੇ ਰਹੋ। ਸੰਗੀਤ ਅਤੇ ਵਿਚਾਰ-ਵਟਾਂਦਰਾ ਮੁਸ਼ਕਿਲ ਘੜੀਆਂ ‘ਚੋਂ ਨਿਕਲਣ ਤੇ ਮਾਨਸਿਕ ਅਪਾਹਜਤਾ ਦੀ ਖਤਰਨਾਕ ਮਨੋ-ਅਵਸਥਾ ਤੋਂ ਬਚਣ ਦੇ ਅਜਿਹੇ ਸਾਧਨ ਹਨ, ਜੋ ਤੁਹਾਡੀ ਪਹੁੰਚ ਤੋਂ ਕਦੇ ਵੀ ਦੂਰ ਨਹੀਂ ਹੁੰਦੇ।