ਕਿਸਾਨੀ ਸੰਘਰਸ਼ ਦੀ ਦਾਸਤਾਨ ‘ਹੂਕ ਪੰਜਾਬ ਦੀ’

ਮਲਕੀਤ ਸੈਣੀ ਲੁਧਿਆਣਾ
ਫੋਨ: 91-95019-60486
ਆਦਿ ਕਾਲ ਤੋਂ ਹੀ ਸਾਮਰਾਜੀ ਤਾਕਤਾਂ ਸਮਾਜਵਾਦੀ ਢਾਂਚੇ ਉੱਤੇ ਹਾਵੀ ਰਹੀਆਂ ਹਨ, ਜਿਸ ਕਰਕੇ ਸਮਾਜਿਕ ਹਿਤਾਂ ਦੀ ਅਣਦੇਖੀ ਤੇ ਕਾਣੀ ਵੰਡ ਆਮ ਜਿਹੀ ਗੱਲ ਹੈ। ਮਨੁੱਖੀ ਲੋੜਾਂ ਪੂਰੀਆਂ ਕਰਨ ਵਾਲੇ ਤਮਾਮ ਸਾਧਨਾਂ ਉਤੇ ਸਾਮਰਾਜੀ ਤਾਕਤਾਂ ਦਾ ਕਬਜ਼ਾ ਹੋਣ ਕਰਕੇ ਆਮ ਆਦਮੀ ਪ੍ਰਭਾਵਿਤ ਹੋਇਆ ਹੈ, ਜਿਨ੍ਹਾਂ ਵਿਚੋਂ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲਾ ਜੇ ਕੋਈ ਹੈ, ਤਾਂ ਕਿਸਾਨ ਹੈ। ਪੂਰੀ ਦੁਨੀਆਂ ਦੇ ਹਿਤ ਕਿਸਾਨ ਨਾਲ ਜੁੜੇ ਹੋਏ ਹਨ, ਪਰ ਕਿਸਾਨ ਦੇ ਹਿਤਾਂ ਨਾਲ ਮੁੱਢ ਤੋਂ ਹੀ ਅਣਦੇਖੀ ਕੀਤੀ ਗਈ ਹੈ। ਫਲਸਰੂਪ ਕਿਸਾਨ ਦੀ ਹਾਲਤ ਤਰਸਯੋਗ ਹੋ ਗਈ ਹੈ। ਇਸ ਕਾਰਨ ਕਰਕੇ ਸਮੂਹਿਕ ਤੌਰ `ਤੇ ਅਜੋਕੇ ਕਿਸਾਨ ਅੰਦੋਲਨ ਦਾ ਹਰਕਤ ਵਿਚ ਆਉਣਾ ਹੈ, ਜਿਸ ਨੂੰ ਕਿ ਕਿਰਤੀ ਅਤੇ ਸਮੁੱਚੇ ਮੱਧ ਵਰਗ ਦਾ ਸਮਰਥਨ ਹਾਸਲ ਹੈ।

ਇਹੋ ਜਿਹੀ ਅਸਾਵੀਂ ਸਥਿਤੀ ਦੇ ਵਿਰੋਧ ਵਿਚ ਕੁਦਰਤ ਹਮੇਸ਼ਾ ਇਹੋ ਜਿਹੇ ਬੁੱਧੀਜੀਵੀਆਂ ਤੇ ਲਿਖਾਰੀਆਂ ਨੂੰ ਜਨਮ ਦਿੰਦੀ ਰਹੀ ਹੈ। ਜਿਹੜੇ ਕਿ ਇਨ੍ਹਾਂ ਅਸਮਾਜਿਕ ਤੱਤਾਂ ਦੇ ਖਿਲਾਫ ਆਵਾਜ਼ ਬੁਲੰਦ ਕਰ ਸਕਣ।
ਸੋ ਕਿਸਾਨਾਂ ਨਾਲ ਹੋ ਰਹੇ ਗੈਰ-ਰਸਮੀ ਰਸੂਖ ਤੇ ਅਣਮਨੁੱਖੀ ਤਸ਼ੱਦਦ ਦੇ ਖਿਲਾਫ ਹਰ ਬੁੱਧੀਜੀਵੀ ਤੇ ਸੰਜੀਦਾ ਲੇਖਕਾਂ ਨੇ ਆਪਣੀ ਆਵਾਜ਼ ਉਠਾਈ ਹੈ। ਇਨ੍ਹਾਂ ਵਿਚੋਂ ਇੱਕ ਨਾਂ ਮੇਰੇ ਜਿ਼ਹਨ ਵਿਚ ਉੱਭਰ ਕੇ ਸਾਹਮਣੇ ਆਉਂਦਾ ਹੈ। ਉਹ ਹੈ, ਸੁਖਵਿੰਦਰ ਸਿੰਘ ਬੋਦਲਾਂ ਵਾਲਾ। ਖੁਦ ਇੱਕ ਕਿਸਾਨ ਦਾ ਪੁੱਤ ਹੋਣ ਕਰਕੇ ਕਿਸਾਨ ਦੇ ਦਰਦ ਨੂੰ ਉਸ ਨੇ ਪਛਾਣਿਆਂ ਵੀ ਹੈ ਤੇ ਅਹਿਸਾਸਿਆ ਵੀ ਹੈ। ਜਿਸ ਦਾ ਨਤੀਜਾ ਹੈ ਕਿਸਾਨੀ ਅੰਦੋਲਨ ਨੂੰ ਸਮਰਪਿਤ ਇਹ ਕਿਤਾਬ, ‘ਹੂਕ ਪੰਜਾਬ ਦੀ।’
ਖੁਦ ਕਿਸਾਨ ਹੋਣ ਕਰਕੇ ਉਸ ਨੇ ਕਿਸਾਨ ਦੇ ਦਰਦ ਨੂੰ ਪਛਾਣਿਆ ਹੀ ਨਹੀਂ ਹੰਢਾਇਆ ਵੀ ਹੈ। ਸੁਹਾਗੇ ਦੀ ਧੂੜ ਨਾਲ ਅੱਖਾਂ ਦੀਆਂ ਝਿੰਮਣੀਆਂ ਕਿੰਜ ਲੁਕ ਜਾਂਦੀਆਂ ਨੇ, ਉਹ ਬਾਖੂਬੀ ਜਾਣਦਾ ਹੈ। ਉੱਗਦੀ ਕਣਕ ਦੀਆਂ ਤੁੱਰੀਆਂ ਦੀ ਭਾਅ ਮਾਰਦੀ ਝਲਕ ਤੇ ਪੱਕੀ ਕਣਕ ਦੇ ਕਸੀਰਾਂ ਦੀ ਚੋਭ ਉਸ ਨੇ ਆਪਣੇ ਪਿੰਡੇ `ਤੇ ਹੰਢਾਈ ਹੈ। ਇਸੇ ਲਈ ਉਸ ਦੀ ਹਰ ਰਚਨਾ ਵਿਚ ਯਥਾਰਥ ਝਲਕਦਾ ਹੈ। ਦੁਆਬੇ ਦੀ ਨਿਰਛਲ ਤੇ ਅਪਣੱਤ ਨਾਲ ਭਰੀ ਹੋਈ ਭਾਸ਼ਾ ਹੋਣ ਕਰਕੇ ਇੱਕ ਵੱਖਰੀ ਹੀ ਮਿਠਾਸ ਦਾ ਅਨੁਭਵ ਹੁੰਦਾ ਹੈ। ਬੇਸ਼ੱਕ ਲੇਖਕ ਵੀਹ-ਬਾਈ ਸਾਲ ਪਹਿਲਾਂ ਆਪਣੇ ਪਰਿਵਾਰਕ ਤੇ ਆਰਥਿਕ ਵਿਕਾਸ ਲਈ ਅਮਰੀਕਾ ਜਾ ਵੱਸਿਆ ਸੀ, ਪਰ ਮਾਨਸਿਕ ਤੌਰ `ਤੇ ਉਹ ਆਪਣੀ ਜਨਮ ਭੋਇੰ ਨਾਲ ਹਮੇਸ਼ਾ ਜੁੜਿਆ ਰਿਹਾ। ਪ੍ਰਬੰਧਕੀ ਢਾਂਚੇ ਪ੍ਰਤੀ ਉਸ ਦਾ ਰੋਹ ਉਸ ਦੇ ਸੁਭਾਅ ਵਿਚੋਂ ਸਾਫ ਝਲਕਦਾ ਹੈ। ਅਜੇ ਦੋ-ਢਾਈ ਮਹੀਨੇ ਪਹਿਲਾਂ ਹੀ ਸੁਖਵਿੰਦਰ ਸਿੰਘ ਦੀ ਇੱਕ ਕਿਤਾਬ ‘ਯਾਦਾਂ ਵਿਚ ਵਸਦੇ ਪਲ’ ਨਜ਼ਰੀਂ ਪਈ ਸੀ, ਜਿਸ ਦੇ ਲੋਕ ਅਰਪਣ ਸਮਾਰੋਹ ਵਿਚ ਮੈਂ ਵੀ ਸ਼ਾਮਿਲ ਸਾਂ। ਇੰਨੇ ਘੱਟ ਸਮੇਂ ਵਿਚ ਆਪਣੀ ਦੂਸਰੀ ਕਿਤਾਬ ‘ਹੂਕ ਪੰਜਾਬ ਦੀ’ ਸਾਹਿਤ ਜਗਤ ਦੀ ਝੋਲੀ ਪਾਉਣਾ ਲੇਖਕ ਦੀ ਹਿੰਮਤ ਅਤੇ ਸਿਸਟਮ ਪ੍ਰਤੀ ਉਤੇਜਨਾ ਦਾ ਹੀ ਸਿੱਟਾ ਹੈ। ਲੇਖਕ ਦੀ ਨਿਡਰਤਾ ਬਾਰੇ ਉਸ ਦੀਆਂ ਰਚਨਾਵਾਂ ਖੁਦ ਮੂੰਹੋਂ ਬੋਲਦੀਆਂ ਹਨ:
ਝੋਲੀ-ਚੁੱਕ ਹੈ ਪਹਿਰੇਦਾਰ
ਫਿੱਟੇ ਮੂੰਹ ਗੋਦੀ ਮੀਡੀਆ।
ਰਲਿਆ ਨਾਲ ਐ ਚੌਕੀਦਾਰ
ਫਿੱਟੇ ਮੂੰਹ ਗੋਦੀ ਮੀਡੀਆ।
ਲੇਖਕ ਨੇ ਪੰਜਾਬ ਦੀ ਤ੍ਰਾਸਦੀ ਲਈ ਜਿ਼ੰਮੇਵਾਰ ਵਿਅਕਤੀਆਂ ਵੱਲ ਹਿੱਕ ਠੋਕ ਕੇ ਨਿਸ਼ਾਨਦੇਹੀ ਕੀਤੀ ਹੈ:
ਨ੍ਹੰਨੀ ਛਾਂ ਦੀ ਕਿਸਮਤ ਸੱਚੀਂ
ਕਿਸ ਨੇ ਬੈਅ ਕੀਤੀ?
ਦਸਤਖਤਾਂ ਦਾ ਉਹ ਕਾਗਜ਼
ਜਦ ਸਾਹਮਣੇ ਆਵੇਗਾ।
ਜਿੱਥੇ ਲੇਖਕ ਪੂਰੀ ਨਿਡਰਤਾ ਤੇ ਜੀਅ ਜਾਨ ਨਾਲ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੈ, ਉੱਥੇ ਉਹ ਕੀ ਰਚਨਾਵਾਂ ਵਿਚ ਆਪਣੀ ਗੱਲ ਨੂੰ ਕਹਿਣ ਲਈ ਕਾਹਲੀ ਵਿਚ ਵੀ ਜਾਪਦਾ ਹੈ। ਜਿਸ ਕਾਰਨ ਲਗਾਂ-ਮਾਤਰਾਂ ਦੀ ਊਣਤਾਈ ਤੇ ਕਿਤੇ ਕਿਤੇ ਹਰਫਾਂ ਦਾ ਅਹੁਟਲ ਜਾਣਾ ਸੁਭਾਵਿਕ ਹੈ।
ਇਸ ਦੇ ਬਾਵਜੂਦ ਲੇਖਕ ਆਪਣੀ ਇਸ ਕਿਰਤ ਲਈ ਵਧਾਈ ਦਾ ਪਾਤਰ ਹੈ ਤੇ ਆਉਣ ਵਾਲੇ ਸਮੇਂ ਵਿਚ ਉਸ ਕੋਲੋਂ ਇਸ ਕੋਸਿ਼ਸ਼ ਨੂੰ ਨਿਰੰਤਰ ਜਾਰੀ ਰੱਖਣ ਦੀ ਉਮੀਦ ਕਰਦੇ ਹਾਂ।