ਤਿੰਨ ਚਿਹਰੇ

ਡਾ. ਵਿਕਰਮ ਸੰਗਰੂਰ
ਫੋਨ: 91-98884-13836
ਚਿਹਰਿਆਂ ਦੀ ਭੀੜ ਵਿਚ ਕੁਝ ਕੁ ਚਿਹਰੇ ਅਜਿਹੇ ਹੁੰਦੇ ਨੇ ਕਿ ਚਿੱਤ ਕਰਦੈ ਉਨ੍ਹਾਂ ਦੀ ਤਸਵੀਰਾਂ ਬਟੂਏ ਵਿਚ ਰੱਖ ਕੇ ਵਾਰ-ਵਾਰ ਦੇਖੀ ਜਾਈਏ। ਇਨ੍ਹਾਂ ਚਿਹਰਿਆਂ ਦਾ ਦਿਖਦੇ ਰਹਿਣਾ ਇਸ ਤਰ੍ਹਾਂ ਹੁੰਦਾ ਹੈ, ਜਿਵੇਂ ਕੋਈ ਔਖੇ ਰਾਹਾਂ ਵਿਚ ਉਂਗਲ ਫੜ੍ਹ ਕੇ ਰਹਿਨੁਮਾਈ ਕਰਦਾ ਹੋਵੇ! ਸਿਹਤ ਵਿਭਾਗ ਵਿਚ ਕੰਮ ਕਰਦਿਆਂ ਮੈਨੂੰ ਚਿਹਰਿਆਂ ਦੀ ਭੀੜ ਵਿਚੋਂ ਅਜਿਹੇ ਹੀ ਤਿੰਨ ਚਿਹਰੇ ਮਿਲੇ: ‘ਠਾਕੁਰ ਅੰਕਲ’, ‘ਡਾ. ਪਰਵੀਨ ਜਿੰਦਲ’ ਅਤੇ ‘ਡਾ. ਰਜੀਵ ਪੁਰੀ।’

ਮੈਨੂੰ ਪਤੈ, ‘ਠਾਕੁਰ ਅੰਕਲ’ ਦਾ ਨਾਮ ਕਦੇ ਵੀ ਕਿਸੇ ਦਫਤਰ ਦੀ ਕੰਧ ਉੱਤੇ ਟੰਗੇ ਫੱਟੇ ਉਤੇ ਨਹੀਂ ਉਲੀਕਿਆ ਜਾਵੇਗਾ! ਤੇ ਮੈਨੂੰ ਇਹ ਵੀ ਪਤੈ ਕਿ ਇਸ ਚਿਹਰੇ ਦੀ ਚਾਹ ਹਮੇਸ਼ਾ ਛਿਪੇ ਰਹਿਣ ਦੀ ਰਹੀ ਹੈ ਤੇ ਸ਼ਾਇਦ ਛਿਪ ਤੁਰ ਜਾਣ ਦੀ ਵੀ!
‘ਠਾਕੁਰ ਅੰਕਲ’ ਯਾਨਿ ‘ਉਮੇਸ਼ ਠਾਕੁਰ’ ਦਫਤਰ ਸਿਵਲ ਸਰਜਨ ਸੰਗਰੂਰ ਦਾ ਉਹ ਚਿਹਰਾ ਹੈ, ਜੋ ਕਾਗਜ਼ਾਂ ਵਿਚ ‘ਦਰਜਾ ਚਾਰ’ ਦਾ ਅਹੁਦਾ ਰੱਖਦੇ ਹਨ, ਪਰ ਇਹ ਦਰਜਾ ਚਾਰ ਠਾਕੁਰ ਅੰਕਲ ਦਾ ਚਿਹਰਾ ਮੇਰੇ ਲਈ ਇਮਾਨਦਾਰੀ, ਸਖਤ ਮਿਹਨਤ, ਸਮੇਂ ਦੇ ਪਾਬੰਧ ਅਤੇ ‘ਥੋੜ੍ਹਾ ਹੈ ਥੋੜ੍ਹੇ ਕੀ ਜ਼ਰੂਰਤ ਹੈ, ਜ਼ਿੰਦਗੀ ਫਿਰ ਭੀ ਖੂਬਸੂਰਤ ਹੈ’ ਦੇ ‘ਪਹਿਲੇ ਦਰਜੇ’ ਦੀ ਮਿਸਾਲ ਬਣ ਕੇ ਮੇਰੇ ਦਿਲ ਦੇ ਚਾਰਾਂ ਹਿੱਸਿਆਂ ਵਿਚ ਸਮੋਇਆ ਹੋਇਆ ਹੈ।
ਦਫਤਰ ਖੁਲ੍ਹਣ ਦਾ ਸਮਾਂ ਸਵੇਰੇ 9 ਵਜੇ ਦਾ ਹੈ ਤੇ ਠਾਕੁਰ ਅੰਕਲ ਸਵੇਰੇ 8 ਵਜੇ ਆਉਂਦੇ ਨੇ! ਦਫਤਰ ਬੰਦ ਹੋਣ ਦਾ ਸਮਾਂ ਸ਼ਾਮੀਂ 5 ਵਜੇ ਹੈ ਤੇ ਠਾਕੁਰ ਅੰਕਲ 7 ਵਜੇ ਘਰ ਵਾਪਸ ਪਰਤਦੇ ਹਨ। ਉਹ ਸਮੇਂ ਦੇ ਇੰਨੇ ਪਾਬੰਦ ਹਨ ਕਿ ਘੜੀ ਦੀਆਂ ਸੂਈਆਂ ਗਲਤ ਹੋ ਸਕਦੀਆਂ ਹਨ, ਪਰ ਉਹ ਨਹੀਂ! ਇੱਕ ਵਾਰ ਮੌਸਮ ਖਰਾਬ ਹੋਣ ਕਾਰਨ ਮੈਂ ਸਮੇਂ ਤੋਂ ਪਹਿਲਾਂ ਦਫਤਰ ਆ ਗਿਆ। ਮੈਂ ਦੇਖਿਆ ਕਿ ਤੇਜ਼ ਮੀਂਹ ਵਿਚ ਵੀ ਆਪਣੇ ਨਿਰਧਾਰਤ ਸਮੇਂ ’ਤੇ ਠਾਕੁਰ ਅੰਕਲ ਸਾਈਕਲ ਉਤੇ ਦਫਤਰ ਆਏ। ਜਦੋਂ ਮੈਂ ਅੰਕਲ ਨੂੰ ਮਿਲਿਆ ਤਾਂ ਉਨ੍ਹਾਂ ਨੂੰ ਕਿਹਾ, ਅੱਜ ਤੁਸੀਂ ਕੁਝ ਰੁਕ ਕੇ ਆ ਜਾਂਦੇ, ਜਦੋਂ ਮੀਂਹ ਰੁਕਦਾ। ਉਹ ਮੇਰੀ ਇਹ ਗੱਲ ਸੁਣ ਕੇ ਬੋਲੇ, “ਮੀਂਹ ਤਾਂ ਰੁਕ ਜਾਂਦਾ, ਪਰ ਘੜੀ ਦੀਆਂ ਸੂਈਆਂ ਨਹੀਂ ਰੁਕਦੀਆਂ ਜੀ! ਨਾਲੇ ਸਰ ਦੇਖੋ ਕਿੰਨਾ ਵਧੀਆ ਹੋ ਗਿਆ ਸਾਰੇ ਸਵੇਰੇ ਇੱਕ ਵਾਰ ਨਹਾਉਂਦੇ ਨੇ ਤੇ ਅੱਜ ਇੰਦਰ ਦੇਵਤਾ ਦੀ ਕਿਰਪਾ ਨਾਲ ਮੈਂ ਦੋ ਵਾਰ ਨਹਾ ਲਿਆ, ਨਾਲੇ ਮੇਰਾ ਸਾਈਕਲ ਵੀ ਧੋਤਾ ਗਿਆ।” ਇੰਨਾ ਆਖ ਕੇ ਸਿਰ ਤੋਂ ਪੈਰਾਂ ਤੀਕ ਗਿੱਲੇ ਹੋਏ ਠਾਕੁਰ ਅੰਕਲ ਹੱਸਣ ਲੱਗ ਪਏ।
ਠਾਕੁਰ ਅੰਕਲ ਦੇ ਚਿਹਰੇ ਵਿਚ ਇੱਕ ਇਹ ਵੀ ਹੁਨਰ ਹੈ ਕਿ ਮਾਹੌਲ ਚਾਹੇ ਉਲ੍ਹਾਮਿਆਂ ਲਈ ਉਕਸਾ ਰਿਹਾ ਹੋਵੇ, ਪਰ ਉਨ੍ਹਾਂ ਦੇ ਮੂੰਹੋਂ ਕਦੀ ਵੀ ਸ਼ਿਕਵਾ ਨਹੀਂ ਨਿਕਲਿਆ। ਉਹ ਤਾਂ ਸਗੋਂ ਸ਼ਿਕਵਿਆਂ ਦੇ ਮਾਹੌਲ ਵਿਚੋਂ ਵੀ ਜ਼ਿੰਦਗੀ ਨੂੰ ਮਾਣਨ ਦੀਆਂ ਖੁਸ਼ੀਆਂ ਅਤੇ ਸ਼ੁਕਰਾਨੇ ਭਾਲ ਲਿਆਉਂਦੇ ਹਨ।
ਕੁਝ ਚਿਹਰੇ ਅਜਿਹੇ ਵੀ ਹੁੰਦੇ ਨੇ, ਜਿਨ੍ਹਾਂ ਦਾ ਮੁਸਕਰਾਉਣਾ ਇਲਾਜ ਬਣ ਜਾਂਦਾ ਹੈ! ਮੈਨੂੰ ਇੱਕ ਘਟਨਾ ਅੱਜ ਵੀ ਚੇਤੇ ਹੈ ਕਿ ਇੱਕ ਬਜ਼ੁਰਗ ਮਾਤਾ ਟੀ. ਬੀ. ਦੇ ਠੀਕ ਹੋਣ ਪਿੱਛੋਂ ਵੀ ਕਈ ਸਾਲ ਸਿਵਲ ਹਸਪਤਾਲ ਸੰਗਰੂਰ ਵਿਚ ਡਾ. ਪਰਵੀਨ ਜਿੰਦਲ ਨੂੰ ਮਿਲਣ ਆਉਂਦੀ ਰਹੀ…ਤੇ ਜਦੋਂ ਵੀ ਡਾ. ਪਰਵੀਨ ਉਸ ਬੇਬੇ ਜੀ ਨੂੰ ਮਿਲਦੇ ਤਾਂ ਮੁਸਕਰਾਉਂਦੇ ਹੋਏ ਆਖਦੇ ਕਿ ਬੇਬੇ ਜੀ ਤੁਸੀਂ ਤਾਂ ਕਦੋਂ ਦੇ ਤੰਦਰੁਸਤ ਹੋ ਚੁਕੇ ਹੋ, ਹੁਣ ਹਸਪਤਾਲ ਕਿਵੇਂ? ਬੇਬੇ ਦਾ ਜਵਾਬ ਹੁੰਦਾ, ਇਹ ਮੈਨੂੰ ਵੀ ਪਤੈ ਪੁੱਤ, ਪਰ ਮੈਂ ਤਾਂ ਸਿਰਫ ਹਸਪਤਾਲ ਤੇਰਾ ਮੁਸਕਰਾਉਂਦਾ ਚਿਹਰਾ ਦੇਖਣ ਆਉਂਦੀ ਹਾਂ, ਜਿਨ੍ਹੇ ਮੇਰਾ ਅਸਲ ਇਲਾਜ ਕੀਤਾ; ਨਹੀਂ ਤਾਂ ਮੈਂ ਕਦੋਂ ਦੀ ਮਰ ਮੁੱਕ ਗਈ ਹੁੰਦੀ! ਮੈਨੂੰ ਪਤੈ ਤੂੰ ਰੁੱਝਿਆ ਹੁੰਦੈਂ ਪੁੱਤ, ਐਵੇਂ ਕਰ ਆਪਣੀ ਕੋਈ ਫੋਟੋ ਹੀ ਦੇ ਦੇਹ ਮੈਨੂੰ, ਜਦੋਂ ਲੱਗੂ ਮੈਂ ਬਿਮਾਰ ਆਂ, ਪੁੱਤ ਤੇਰੀ ਮੁਸਕਰਾਉਂਦੀ ਫੋਟੋ ਹੀ ਦੇਖ ਲਿਆ ਕਰੂੰ! ਮੈਂ ਤਾਂ ਉਸੇ ਘੜੀ ਨੌ-ਬਰ-ਨੌ ਹੋ ਜਾਊਂ!”
ਡਾ. ਸਾਹਿਬ ਤਾਂ ਕਦੋਂ ਦੇ ਸੇਵਾ ਮੁਕਤ ਹੋ ਕੇ ਚਲੇ ਗਏ, ਪਰ ਉਸ ਬੇਬੇ ਜੀ ਨੂੰ ਮੈਂ ਬਾਅਦ ਵਿਚ ਵੀ ਕਈ ਵਾਰ ਹਸਪਤਾਲ ਵਿਚ ਲੋਕਾਂ ਤੋਂ ਪੁੱਛਦੇ ਸੁਣਿਆ, ‘ਉਹ ਡਾਕਟਰ ਕਿੱਥੇ ਹੈ, ਜੋ ਮੁਸਕਰਾ ਕੇ ਹਰ ਬਿਮਾਰੀ ਦਾ ਇਲਾਜ ਕਰਦਾ ਸੀ!’
…ਤੇ ਕੁਝ ਚਿਹਰੇ ਇਸ ਤਰ੍ਹਾਂ ਦੇ ਵੀ ਹੁੰਦੇ ਨੇ, ਜੋ ਕੰਮ-ਕੰਮ ਵਿਚ ਬਿਨਾ ਕਿਸੇ ਦਾ ਸਿਰ ਝੁਕਾਏ, ਨੀਵਾਂ ਦਿਖਾਏ, ਦੂਜੇ ਨੂੰ ਜ਼ਿੰਦਗੀ ਦੀ ਬਹੁਤ ਵੱਡੀ ਸਿੱਖਿਆ ਦੇ ਜਾਂਦੇ ਹਨ।
ਕਰੋਨਾ ਵਾਇਰਸ ਦੇ ਇਸ ਹਾਲਾਤ ਵਿਚ, ਅੱਜ ਵੀ ਬਾਅਦ ਦੁਪਹਿਰ ਡਾਕਟਰ ਰਾਜੀਵ ਪੁਰੀ ਨੂੰ ਮਿਲੋ ਅਤੇ ਉਨ੍ਹਾਂ ਦੇ ਬੂਟ ਦੇਖੋ ਤਾਂ ਇਹ ਕਦੀ ਵੀ ਲਿਸ਼ਕਦੇ ਨਹੀਂ ਮਿਲਣਗੇ, ਸਗੋਂ ਉਨ੍ਹਾਂ ਉੱਤੇ ਧੂੜ ਮਿੱਟੀ ਲੱਗੀ ਹੋਈ ਮਿਲੇਗੀ। ਇਹ ਧੂੜ ਮਿੱਟੀ ਉਨ੍ਹਾਂ ਪਿੰਡਾਂ ਦੇ ਰਾਹਾਂ ਦੀ ਹੁੰਦੀ ਹੈ, ਜਿੱਥੇ ਉਹ ਰੋਜ਼ਾਨਾ ਲੋੜਵੰਦਾਂ ਦਾ ਇਲਾਜ ਕਰ ਕੇ ਆਏ ਹੁੰਦੇ ਹਨ। ਜੇ ਡਾ. ਪੁਰੀ ਨੂੰ ਤੁਸੀਂ ਉਨ੍ਹਾਂ ਦੇ ਬੂਟਾਂ ’ਤੇ ਲੱਗੀ ਮਿੱਟੀ ਦਾ ਕੋਈ ਮਜ਼ਾਕ ਕਰਕੇ ਪੁੱਛੋਗੇ ਤਾਂ ਉਹ ਯਕੀਨਨ ਇਸ ਮਿੱਟੀ ਨੂੰ ਛੂਹ ਕੇ ਆਪਣੇ ਮੱਥੇ ਉੱਤੇ ਲਾ ਲੈਣਗੇ! ਤੇ ਇਹ ਜ਼ਰੂਰ ਆਖਣਗੇ ਕਿ ਇਹੀ ਮਿੱਟੀ ਤਾਂ ਮੇਰਾ ਅਸਲ ‘ਮੇਕਅਪ’ ਹੈ!
ਡਾ. ਰਾਜੀਵ ਕੋਲ ਇੱਕ ਅਜਿਹਾ ‘ਅਜੀਬ’ ਹੁਨਰ ਹੈ, ਜੋ ਆਪਣੇ ਉਡੇ ਮਜ਼ਾਕ ਦਾ ਜਵਾਬ ਵੀ ਇੰਜ ਦੇਣਗੇ, ਜੋ ਸਾਹਮਣੇ ਵਾਲੇ ਨੂੰ ਇਹ ਸਿਖਾ ਦਿੰਦਾ ਹੈ ਕਿ ਇਨਸਾਨ ਨੂੰ ਹਮੇਸ਼ਾ ਇਨਸਾਨ ਦੇ ਕੰਮ ਆਉਣਾ ਚਾਹੀਦਾ ਹੈ ਤੇ ਇਨਸਾਨ ਨੂੰ ਕਦੀ ਵੀ ਆਪਣੀ ਹੋਂਦ ਨਹੀਂ ਭੁੱਲਣੀ ਚਾਹੀਦੀ। ਕੀ ਪਤਾ ਜਿਸ ਇਨਸਾਨ ਦੀ ਤੁਸੀਂ ਅੱਜ ਬੇਅਦਬੀ ਕਰ ਰਹੇ ਹੋ ਜਾਂ ਕਰਨ ਜਾ ਰਹੇ ਹੋ, ਕੱਲ੍ਹ ਉਹੀ ਇਨਸਾਨ ਤੁਹਾਡੀ ਡੁੱਬਦੀ ਜ਼ਿੰਦਗੀ ਨੂੰ ਤਾਰੀ ਲਾ ਕੇ ਬਚਾਅ ਲਵੇ!
ਕੁਝ ਸਾਲ ਪਹਿਲਾਂ ਜਦੋਂ ਡਾ. ਰਾਜੀਵ ਪੁਰੀ ਆਪਰੇਸ਼ਨ ਕਰਨ ਜਾਣ ਲੱਗੇ ਤਾਂ ਉਨ੍ਹਾਂ ਆਪਣੇ ਸਹਿਯੋਗੀ ਦਰਜਾ ਚਾਰ ਬੀਬੀ ਨੂੰ ਬੇਨਤੀ ਕੀਤੀ ਕਿ ਆਪਰੇਸ਼ਨ ਦਾ ਸਮਾਨ ਉਨ੍ਹਾਂ ਨਾਲ ਗੱਡੀ ਵਿਚ ਰਖਵਾਉਣ ਵਿਚ ਮਦਦ ਕਰਨ, ਪਰ ਉਹ ਬੀਬੀ ਡਾ. ਰਾਜੀਵ ਪੁਰੀ ਨੂੰ ਬਹੁਤ ਗੁੱਸੇ ਵਿਚ ਬੋਲੀ, ‘ਇਹ ਮੇਰਾ ਕੰਮ ਥੋੜ੍ਹਾ ਹੈ!’ ਇਹ ਗੱਲ ਸੁਣ ਕੇ ਸ਼ਾਇਦ ਡਾ. ਪੁਰੀ ਨੂੰ ਵੀ ਗੁੱਸਾ ਆਇਆ ਹੋਵੇ, ਪਰ ਉਸ ਵਕਤ ਉਹ ਨਾ ਤਾਂ ਕੁਝ ਉਸ ਬੀਬੀ ਨੂੰ ਬੋਲੇ ਅਤੇ ਨਾ ਹੀ ਉਨ੍ਹਾਂ ਦੀ ਕਿਸੇ ਨੂੰ ਸ਼ਿਕਾਇਤ ਕੀਤੀ। ਕਈ ਸਾਲਾਂ ਬਾਅਦ ਉਸੇ ਬੀਬੀ ਦੇ ਬੇਟੇ ਨੂੰ ਇੱਕ ਸੜਕ ਹਾਦਸੇ ਵਿਚ ਸੱਟ ਵੱਜੀ ਅਤੇ ਉਨ੍ਹਾਂ ਨੂੰ ਹਸਪਤਾਲ ਦੀ ਐਮਰਜੈਂਸੀ ਵਿਚ ਲਿਆਂਦਾ ਗਿਆ। ਇਤਫਾਕ ਨਾਲ ਐਮਰਜੈਂਸੀ ਵਿਚ ਉਸ ਦਿਨ ਡਾ. ਰਾਜੀਵ ਪੁਰੀ ਦੀ ਡਿਊਟੀ ਸੀ। ਡਾ. ਪੁਰੀ ਨੂੰ ਪਤਾ ਲੱਗਾ ਕਿ ਇਹ ਉਸ ਦਰਜਾ ਚਾਰ ਬੀਬੀ ਦਾ ਬੇਟਾ ਹੈ, ਜਿਸ ਨੇ ਕਾਫੀ ਸਾਲ ਪਹਿਲਾਂ ਉਨ੍ਹਾਂ ਨੂੰ ਇਹ ਕਿਹਾ ਸੀ ਕਿ ‘ਇਹ ਮੇਰਾ ਕੰਮ ਥੋੜ੍ਹਾ ਹੈ।’ ਡਾ. ਪੁਰੀ ਨੇ ਉਸ ਮੁੰਡੇ ਦਾ ਇਲਾਜ ਬਹੁਤ ਵਧੀਆ ਢੰਗ ਨਾਲ ਕੀਤਾ ਅਤੇ ਉਸ ਦੀ ਜਾਨ ਬਚਾ ਲਈ।
ਡਾ. ਪੁਰੀ ਇਲਾਜ ਕਰਕੇ ਬਾਹਰ ਆਪਣੀ ਕੁਰਸੀ ਉਤੇ ਬੈਠੇ ਹੀ ਸਨ ਕਿ ਉਸ ਮੁੁੰਡੇ ਦੀ ਮਾਂ ਰੋਂਦੀ ਵਿਲਕਦੀ ਡਾਕਟਰ ਕੋਲ ਆਈ ਅਤੇ ਹੱਥ ਜੋੜ ਆਖਣ ਲੱਗੀ ਕਿ ਮੇਰੇ ਮੁੰਡੇ ਦੀ ਜਾਨ ਬਚਾ ਲਵੋ। ਮੁੰਡੇ ਦਾ ਇਲਾਜ ਹੋ ਚੁਕਾ ਸੀ ਅਤੇ ਉਹ ਸਹੀ ਸੀ, ਪਰ ਡਾ. ਸਾਹਿਬ ਨੇ ਉਸ ਬੀਬੀ ਨੂੰ ਸਿੱਖਿਆ ਦੇਣ ਲਈ ਕਿਹਾ, ‘ਤੇਰੇ ਮੁੰਡੇ ਦਾ ਇਲਾਜ ਕਰਨਾ ਮੇਰਾ ਕੰਮ ਥੋੜੇ ਈ ਹੈ!’ ਜਦੋਂ ਉਸ ਬੀਬੀ ਨੇ ਕਿਹਾ ਹੋਰ ਕਿਸ ਦਾ ਕੰਮ ਹੈ? ਤਾਂ ਡਾ. ਪੁਰੀ ਨੇ ਉਨ੍ਹਾਂ ਨੂੰ ਕਈ ਸਾਲ ਪੁਰਾਣੀ ਉਹ ਗੱਲ ਚੇਤੇ ਕਰਵਾਈ, ਜਦੋਂ ਉਸ ਨੇ ਆਪਰੇਸ਼ਨ ਦਾ ਸਮਾਨ ਚੁਕਾਉਣ ਤੋਂ ਇਨਕਾਰ ਕਰਦਿਆਂ ਉਨ੍ਹਾਂ ਨੂੰ ਕਿਹਾ ਸੀ, ‘ਇਹ ਮੇਰਾ ਕੰਮ ਥੋੜਾ ਹੈ!’ ਇਹ ਸੁਣ ਕੇ ਜਦੋਂ ਉਹ ਬੀਬੀ ਮੁਆਫੀ ਮੰਗਦਿਆਂ ਰੋਣ ਲੱਗੀ ਤਾਂ ਡਾ. ਸਾਹਿਬ ਨੇ ਕਿਹਾ, ਤੁਹਾਡੇ ਬੇਟੇ ਦਾ ਇਲਾਜ ਤਾਂ ਮੈਂ ਕਦੋਂ ਦਾ ਕਰ ਦਿੱਤਾ ਹੈ, ਘਬਰਾਓ ਨਾ ਉਹ ਬਿਲਕੁਲ ਠੀਕ ਹੈ! ਪਰ ਹਮੇਸ਼ਾ ਚੇਤੇ ਰੱਖੋ ਕਿ ਜੋ ਕੰਮ ਸਾਡੇ ਜ਼ਿੰਮੇ ਹੈ, ਉਸ ਨੂੰ ਕਰਨ ਨਾਲ ਅਸੀਂ ਕਦੀ ਛੋਟੇ ਨਹੀਂ ਪੈਂਦੇ, ਸਗੋਂ ਉਹ ਕੰਮ ਕਰਨ ਨਾਲ ਸਾਡੀ ਸ਼ਾਨ ਦਾ ਕੱਦ ਵਧਦਾ ਹੀ ਹੈ।
ਇਸ ਘਟਨਾ ਤੋਂ ਬਾਅਦ ਉਸ ਦਰਜਾ ਚਾਰ ਬੀਬੀ ਨੇ ਹਮੇਸ਼ਾ ਆਪਣੇ ਕੰਮ ਨੂੰ ਆਪਣੀ ਸ਼ਾਨ ਸਮਝ ਕੇ ਕੀਤਾ ਅਤੇ ਉਹ ਅੱਜ ਵੀ ਜਦੋਂ ਡਾ. ਪੁਰੀ ਨੂੰ ਮਿਲਦੀ ਹੈ ਤਾਂ ਦੋਹਾਂ ਦਾ ਸਿਰ ਹਮੇਸ਼ਾ ਇੱਕ ਦੂਜੇ ਪ੍ਰਤੀ ਸਤਿਕਾਰ ਨਾਲ ਝੁਕਦਾ ਹੈ। ਨਾ ਤਾਂ ਡਾ. ਰਾਜੀਵ ਪੁਰੀ ਦੇ ਮਨ ਵਿਚ ਉਸ ਪ੍ਰਤੀ ਕੋਈ ਸ਼ਿਕਵਾ ਹੈ ਅਤੇ ਨਾ ਹੀ ਉਸ ਬੀਬੀ ਦੇ ਮਨ ਵਿਚ ਡਾ. ਰਜੀਵ ਪੁਰੀ ਪ੍ਰਤੀ।
ਹਰ ਇੱਕ ਦੀ ਜ਼ਿੰਦਗੀ ਵਿਚ ‘ਠਾਕੁਰ ਅੰਕਲ’, ‘ਡਾ. ਪਰਵੀਨ ਜਿੰਦਲ’ ਅਤੇ ‘ਡਾ. ਰਾਜੀਵ ਪੁਰੀ’ ਵਰਗੇ ਖਾਸ ਚਿਹਰੇ ਹੁੰਦੇ ਹਨ। ਜੇ ਇਹ ਖਾਸ ਚਿਹਰਿਆਂ ਦੀਆਂ ਤਸਵੀਰਾਂ ਬਟੂਏ ਵਿਚ ਹੋਣਗੀਆਂ ਤਾਂ ਬਟੂਆ ਹਮੇਸ਼ਾ ਨੱਕੋ-ਨੱਕ ਭਰਿਆ ਹੀ ਰਹੇਗਾ!