ਗੰਭੀਰ ਰੋਗਾਂ ਨਾਲ ਆਢਾ ਲੈਣ ਦਾ ਵੱਲ

ਗੁਲਜ਼ਾਰ ਸਿੰਘ ਸੰਧੂ
ਕਰੋਨਾ ਮਹਾਮਾਰੀ ਦੇ ਅਜੋਕੇ ਸਮਿਆਂ ਵਿਚ ਜਦੋਂ ਮਿਲਖਾ ਸਿੰਘ ਵਰਗੇ ਦਮਖਮ ਵਾਲੇ ਦੌੜਾਕ ਵੀ ਇਸ ਦੀ ਲਪੇਟ ਵਿਚ ਆ ਚੁਕੇ ਹਨ, ਡਾ. ਸ਼ਿਆਮ ਸੁੰਦਰ ਦੀਪਤੀ ਵੱਲੋਂ ਸ਼ੂਗਰ ਰੋਗ ਨਾਲ ਆਢਾ ਲੈਂਦੀ ‘ਇਕ ਭਰਿਆ ਪੂਰਾ ਦਿਨ’ ਪ੍ਰੇਰਨਾ ਪ੍ਰਕਾਸ਼ਨ ਅੰਮ੍ਰਿਤਸਰ ਨਾਂ ਦੀ ਰਚਨਾ ਹੌਸਲਾ ਦੇਣ ਵਾਲੀ ਹੈ। ਰੋਗ ਅੱਗੇ ਢੇਰੀ ਢਾਹੁਣਾ ਤਾਂ ਮੌਤ ਨੂੰ ਸੱਦਾ ਦੇਣਾ ਹੈ। ਡਾ. ਦੀਪਤੀ ਨੇ ਇਸ ਪੁਸਤਕ ਵਿਚ ਕਰੋਨਾ ਰੋਗ ਨਾਲ ਦੋ ਹੱਥ ਕਰਨ ਦੀ ਬਾਤ ਤਾਂ ਨਹੀਂ ਪਾਈ, ਪਰ ਇਹ ਪੁਸਤਕ ਕਿਸੇ ਵੀ ਰੋਗ ਦਾ ਹੌਸਲੇ ਨਾਲ ਟਾਕਰਾ ਕਰਨਾ ਸਿਖਾਉਂਦੀ ਹੈ।

ਸ਼ਿਆਮ ਸੁੰਦਰ ਡਾਕਟਰੀ ਵਿੱਦਿਆ ਪੜ੍ਹ ਰਿਹਾ ਸੀ, ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਸ਼ੱਕਰ ਰੋਗ (ਸ਼ੂਗਰ) ਦਾ ਸ਼ਿਕਾਰ ਹੈ। ਉਸ ਨੂੰ ਪਤਾ ਸੀ ਕਿ ਉਸ ਨੂੰ ਸਾਰੀ ਉਮਰ ਇਨਸੂਲੀਨ ਦੇ ਟੀਕਿਆਂ ਦਾ ਆਸਰਾ ਲੈਣਾ ਪੈਣਾ ਹੈ। ਇਹ ਗੱਲ ਉਸ ਦੇ ਦਫਤਰ ਵਿਚ ਕੰਮ ਕਰਦੀ ਊਸ਼ਾ ਨਾਂ ਦੀ ਉਹ ਕੁੜੀ ਵੀ ਜਾਣਦੀ ਸੀ, ਜਿਸ ਨੇ ਉਹਦੇ ਨਾਲ ਵਿਆਹ ਕਰਾਉਣ ਸਮੇਂ ਕਿਸੇ ਤਰ੍ਹਾਂ ਦੀ ਝਿਜਕ ਨਹੀਂ ਦਿਖਾਈ। ਉਸ ਦੇ ਸਿਦਕੀ ਸਾਥ ਤੇ ਦੀਪਤੀ ਦੀ ਵਿਗਿਆਨਕ ਪਹੁੰਚ ਸਦਕਾ ਉਹ ਅੱਧੀ ਸਦੀ ਤੋਂ ਸੁਖ ਦਾ ਜੀਵਨ ਜੀਉਂ ਰਹੇ ਹਨ। ਦੋ ਤੰਦਰੁਸਤ ਬੱਚਿਆਂ ਦੇ ਮਾਪੇ ਹਨ। ਭਾਵੇਂ ਦੋਵੇਂ ਨੌਕਰੀ ਤੋਂ ਸੇਵਾ ਮੁਕਤ ਹੋ ਚੁਕੇ ਹਨ, ਪਰ ਡਾ. ਦੀਪਤੀ ਨੂੰ ਉਸ ਦੇ ਕਾਲਜ ਵਾਲਿਆਂ ਨੇ ਮੁੜ ਸੱਦ ਲਿਆ ਹੈ, ਊਸ਼ਾ ਘਰ ਸਾਂਭ ਰਹੀ ਹੈ। ਆਪਣੇ ਜੀਵਨ ਸਾਥੀ ਨਾਲ ਉਸ ਦਾ ਹੱਥ ਫੜ ਕੇ ਸੈਰ ਕਰਨ ਜਾਂਦੀ ਹੈ, ਜਿਸ ਨੂੰ ਸਿਹਤਯਾਬੀ ਲਈ ਛੋਹ-ਮੰਤਰ ਦਾ ਨਾਂ ਦਿੱਤਾ ਜਾ ਸਕਦਾ ਹੈ। ਇਸ ਜੋੜੇ ਨੇ ਇਸ ਮੰਤਰ ਦੀ ਵਰਤੋਂ ਤਾਂ ਆਖਰੀ ਉਮਰੇ ਕੀਤੀ ਹੈ, ਪਰ ਇਸ ਤੋਂ ਪਹਿਲਾਂ ਵਾਲੇ ਮੰਤਰ ਵੀ ਘੱਟ ਅਹਿਮ ਨਹੀਂ।
ਡਾ. ਦੀਪਤੀ ਇੱਕ ਇੱਕ ਕਰਕੇ ਤਿੰਨ ਹਾਦਸਿਆਂ ਦਾ ਸ਼ਿਕਾਰ ਹੋਇਆ। ਸਭ ਤੋਂ ਪਹਿਲਾਂ ਉਸ ਨੂੰ ਪੈਰ ਦੇ ਅੰਗੂਠੇ ਦੀ ਬਲੀ ਦੇਣੀ ਪਈ। ਉਨ੍ਹਾਂ ਦਿਨ ਵਿਚ ਉਸ ਨੇ ਆਪਣੇ ਬੈੱਡ ਉੱਤੇ ਪਿੱਠ ਭਾਰ ਲੰਮਾ ਪੈ ਕੇ ਰਿਲੈਕਸਿੰਗ ਐਕਸਰਸਾਈਜ਼ ਕਰਨ ਦੀ ਜਾਚ ਸਿੱਖੀ। ਉਸ ਨੇ ਇਸ ਅਮਲ ਦਾ ਨਾਂ ਮੁਸਕਾਨ ਆਸਣ ਜਾਂ ਆਸਣ ਮੁਸਕਾਨ ਰੱਖਿਆ। ਉਹ ਅੱਜ ਤੱਕ ਮੱਥੇ ਤੋਂ ਲੈ ਕੇ ਜਿਸਮ ਦੇ ਸਾਰੇ ਅੰਗਾਂ ਨੂੰ ਮੁਸਕਰਾਉਣ ਦੇ ਅਮਲ ਵਿਚੋਂ ਕੱਢਦਾ ਹੈ। ਇਕੱਠਿਆਂ ਨਹੀਂ, ਇੱਕ ਇੱਕ ਕਰਕੇ। ਜਦੋਂ ਮੱਥਾ ਮੁਸਕਰਾਉਂਦਾ ਹੈ ਤਾਂ ਜਿਸਮ ਦੇ ਹੋਰ ਸਾਰੇ ਅੰਗ ਸ਼ਾਂਤ ਹੁੰਦੇ ਹਨ। ਜਦੋਂ ਪੈਰ ਦੇ ਪੰਜੇ ਨੂੰ ਮੁਸਕਰਾਉਂਦੀ ਵਿਧੀ ਵਿਚੋਂ ਕੱਢਦਾ ਹੈ ਤਾਂ ਬਾਕੀ ਸਾਰੇ ਅੰਗ ਇਸ ਆਸਣ ਵਿਚ ਇੱਕ ਇੱਕ ਕਰਕੇ ਮੁਸਕਰਾਉਂਦੇ ਤੇ ਸਾਰੇ ਜਿਸਮ ਨੂੰ ਸ਼ਾਂਤ ਕਰਦੇ ਹਨ। ਇਹ ਵਾਲੀ ਖੁਸ਼ੀ ਬਾਜ਼ਾਰ ਤੋਂ ਮਿਲਦੀ ਵਾਈਬਰੇਟਰ (ਥਰਥਰਾਉਣ) ਮਸ਼ੀਨ ਵੀ ਦੇ ਸਕਦੀ ਹੈ, ਪਰ ਓਨੀ ਨਹੀਂ, ਜਿੰਨੀ ਜਿਸਮਾਨੀ ਹਰਕਤ। ਉਸ ਨੂੰ ਸਵੇਰੇ ਅੱਖਾਂ ਖੋਲ੍ਹਣ ਵਾਲੀ ਚਾਹ ਪੀ ਕੇ ਆਪਣੇ ਕੰਮ `ਤੇ ਜਾਣ ਦੀ ਤਿਆਰੀ ਕਰਦਿਆਂ ਰੁੱਖਾਂ ਵਿਚੋਂ ਛਣ ਕੇ ਆਈਆਂ ਸੂਰਜ ਦੀਆਂ ਕਿਰਨਾਂ ਮਾਣਨਾ ਵੀ ਰਾਹਤ ਦਿੰਦਾ ਹੈ। ਦੀਪਤੀ ਨੇ ਇਹ ਸਾਰੇ ਅਮਲ ‘ਟੈਨ ਵੇਅਜ਼ ਟੂ ਬੂਸਟ ਯੂਅਰ ਇਮਿਊਨ ਸਿਸਟਮ’ ਨਾਂ ਦੀ ਉਸ ਪੁਸਤਕ ਵਿਚੋਂ ਗ੍ਰਹਿਣ ਕੀਤੇ, ਜਿਹੜੀ ਸੰਤੁਲਿਤ ਖੁਰਾਕ, ਦਿਨ ਭਰ ਦੀ ਸਰਗਰਮੀ, ਆਪਸੀ ਰਿਸ਼ਤਿਆਂ ਤੇ ਮਨ ਦੀ ਸ਼ਾਂਤੀ ਦਾ ਸੁਨੇਹਾ ਵੀ ਦਿੰਦੀ ਹੈ। ਇਨ੍ਹਾਂ ਅਮਲਾਂ ਨਾਲ ਦਿਲ ਦੇ ਰੋਗ ਤੇ ਕੈਂਸਰ ਨੂੰ ਹੀ ਰਾਹਤ ਨਹੀਂ ਮਿਲਦੀ, ਇਹ ਬੁਢਾਪੇ ਨੂੰ ਵੀ ਠੱਲ੍ਹ ਪਾਉਂਦੇ ਹਨ।
ਡਾ. ਦੀਪਤੀ ਨੂੰ ਕਾਰਲ ਮਾਰਕਸ ਦੇ 1848 ਦੇ ਦਸਤਾਵੇਜ਼ੀ ਲੇਖਾਂ, ਜੋ ਮਨੁੱਖੀ ਬੇਗਾਨਗੀ (ਐਲੀਨੇਸ਼ਨ) ਅਤੇ ਮਨੁੱਖੀ ਨਿਰਾਸ਼ਾ ਤੇ ਉਦਾਸੀ ਦੀਆਂ ਪਰਤਾਂ ਫਰੋਲਦੇ ਹਨ, ਨੇ ਵੀ ਪ੍ਰਭਾਵਿਤ ਕੀਤਾ। ਇਹ ਲੇਖ ਦਸਦੇ ਹਨ ਕਿ ਨਿਰੀ ਉਦਾਸੀ ਨੂੰ ਅਸੀਂ ਡਿਪਰੈਸ਼ਨ ਦਾ ਰੋਗ ਨਹੀਂ ਕਹਿ ਸਕਦੇ। ਇਹ ਤਾਂ ਸਿਰਫ ਇੱਕ ਲੱਛਣ ਹੈ, ਜਿਸ ਦੇ ਆਧਾਰ ਉਤੇ ਰੋਗ ਲੱਭਦਾ ਹੈ। ਇਹ ਲੱਛਣ ਸ਼ੋਸ਼ਿਤ ਵਰਗ ਤੇ ਸ਼ੋਸ਼ਣ ਕਰਨ ਵਾਲਿਆਂ ਦਾ ਪਾੜਾ ਫਰੋਲਣ ਵਿਚ ਸਹਾਈ ਹੁੰਦਾ ਹੈ ਤੇ ਇਲਾਜ ਦੇ ਦਰਵਾਜ਼ੇ ਖੋਲ੍ਹਦਾ ਹੈ।
ਦੀਪਤੀ ਦੇ ਸ਼ਬਦਾਂ ਵਿਚ ਉਸ ਨੇ ਮਾਰਕਸ ਤੋਂ ਘਟਨਾਵਾਂ ਤੇ ਵਾਰਦਾਤਾਂ ਦੀ ਸਮਾਜਕ ਅਤੇ ਆਰਥਕ ਵਿਆਖਿਆ ਸਿੱਖੀ ਤੇ ਖੁਸ਼ ਰਹਿਣ ਦਾ ਰਹੱਸ ਜਾਣਿਆ। ਇਕ ਦੂਜੇ ਦਾ ਸਹਾਰਾ ਬਣਨ, ਹੱਥ ਫੜਨ ਤੇ ਗਲ ਲੱਗਣ ਦੀ ਮਹੱਤਤਾ ਜਾਣੀ। ਸਮਾਜ, ਸਰੀਰ ਤੇ ਮਨ ਦੇ ਸੁਮੇਲ ਨਾਲ ਆਉਣ ਵਾਲੇ ਆਨੰਦ ਨੂੰ ਪਛਾਣਿਆ ਅਤੇ ਤੱਥ ਉਤੇ ਆਧਾਰਤ ‘ਇਕਮਿਕਤਾ ਦਾ ਆਨੰਦ’ ਤੇ ‘ਸਾਂਝ ਦਾ ਆਨੰਦ’ ਨਾਂ ਦੇ ਦੋ ਕਿਤਾਬਚੇ ਲਿਖੇ, ਜਿਹੜੇ ਖੂਬ ਪ੍ਰਵਾਨ ਹੋਏ।
2010 ਤੇ 2014 ਦੇ ਚਾਰ ਸਾਲਾਂ ਵਿਚ ਡਾ. ਦੀਪਤੀ ਦੋ ਅਜਿਹੇ ਹਾਦਸਿਆਂ ਦਾ ਸ਼ਿਕਾਰ ਹੋਇਆ, ਜਿਸ ਵਿਚ ਉਸ ਦੇ ਧੜ ਦੀਆਂ ਪਸਲੀਆਂ ਹੀ ਨਹੀਂ ਨਪੀੜੀਆਂ ਗਈਆਂ, ਇੱਕ ਲੱਤ ਵੀ ਕਟਵਾਉਣੀ ਪਈ। ਵ੍ਹੀਲ ਚੇਅਰ ਉਤੇ ਰਿਹਾ, ਮਸਨੂਈ ਲੱਤ ਨਾਲ ਤੁਰਨਾ ਸਿੱਖਿਆ ਤੇ ਤੁਰ ਰਿਹਾ ਹੈ-ਆਪਣੀ ਜੀਵਨ ਸਾਥਣ ਦਾ ਹੱਥ ਫੜ ਕੇ ਪੂਰੇ ਮਜ਼ੇ ਨਾਲ। ਉਹ ਇਸ ਜੀਵਨ ਵਿਧੀ ਨੂੰ ‘ਪੀਸ ਵਿਦ ਸੈਲਫ’ ਭਾਵ ਆਪਣੇ ਆਪ ਵਿਚ ਸ਼ਾਂਤ-ਸਥਿਰ ਰਹਿਣ ਦਾ ਨਾਂ ਦਿੰਦਾ ਹੈ। ਮੈਂ ਅਪਣੇ ਘਰ ਇਸ ਜੋੜੀ ਦੇ ਪਰਵੇਸ਼ ਸਮੇਂ ਦੀ ਸਹੁੰ ਖਾ ਕੇ ਕਹਿ ਸਕਦਾ ਹਾਂ ਕਿ ਦੋਹਾਂ ਨੇ ਜੀਵਨ ਜਾਚ ਸਿੱਖੀ ਹੀ ਨਹੀਂ, ਹੰਢਾਈ ਵੀ ਹੈ।
ਡਾ. ਦੀਪਤੀ ਇੱਕ ਕਰਮਯੋਗੀ ਹੈ। ਉਸ ਨੂੰ ਸੈਮੀਨਾਰਾਂ ਤੇ ਵਰਕਸ਼ਾਪਾਂ ਦੇ ਸੱਦੇ ਆਉਂਦੇ ਹਨ। ਉਹ ਨਾਂਹ ਨਹੀਂ ਕਰਦਾ। ਉਦੋਂ ਵੀ ਜਾਂਦਾ ਰਿਹਾ ਹੈ, ਜਦੋਂ ਖਲੋ ਕੇ ਨਹੀਂ ਸੀ ਬੋਲ ਸਕਦਾ। ਉਹ ਮਿਨੀ ਕਹਾਣੀ ਲੇਖਕ ਮੰਚ ਦਾ ਕਨਵੀਨਰ ਹੈ ਤੇ ਮਿਨੀ ਕਹਾਣੀ ਨਾਂ ਦਾ ਮਿਨੀ ਰਿਸਾਲਾ ਕੱਢਦਾ ਹੈ। ਉਸ ਦਾ ਮੱਤ ਹੈ ਕਿ ਉਦੋਂ ਦਿੱਕਤ ਲੱਗਦੀ ਹੈ, ਜਦੋਂ ਅਸੀਂ ਇਸ ਨੂੰ ਦਿੱਕਤ ਸਮਝਣ ਤੇ ਕਹਿਣ ਲੱਗਦੇ ਹਾਂ।
ਪੁਸਤਕ ਪੜ੍ਹਨ ਵਾਲੀ ਹੈ, ਇਹ ਇੱਕ ਦਿਨ ਦੀ ਕਹਾਣੀ ਨਹੀਂ, ਸਗੋਂ ਇੱਕ ਭਰੇ-ਭੁਕੰਨੇ ਜੀਵਨ ਉਤੇ ਝਾਤ ਪਾਉਂਦੀ ਹੈ। ਇਸ ਵਿਚ ਹੋਰ ਵੀ ਬਹੁਤ ਕੁਝ ਹੈ। ਮਿਸਾਲਾਂ, ਤੋਤਕੜੇ ਤੇ ਵਾਰਦਾਤਾਂ, ਜੋ ਪੜ੍ਹ ਕੇ ਹੀ ਮਾਣੀਆਂ ਜਾ ਸਕਦੀਆਂ ਹਨ। ਪੜ੍ਹੋ ਤੇ ਮਾਣੋ।
ਪੰਜਾਬ ਦੇ ਤੇਈਵੇਂ ਜਿਲੇ ਦਾ ਜਨਮ: ਫਿਰਕੂ ਸੋਚ ਨੂੰ ਪ੍ਰਨਾਏ ਭਾਰਤੀਆਂ ਨੂੰ ਜਿੰਨੀਆ ਮਰਜ਼ੀ ਮਿਰਚਾਂ ਲੜਨ, ਇਨ੍ਹਾਂ ਸਤਰਾਂ ਦੇ ਛਪਣ ਤੱਕ ਮਲੇਰਕੋਟਲਾ ਦੀ ਮਾਣ ਮਰਿਆਦਾ ਕਾਫੀ ਹੱਦ ਤੱਕ ਬਹਾਲ ਹੋ ਚੁਕੀ ਹੋਵੇਗੀ-ਤੇਈਵੇਂ ਜਿਲੇ ਦੇ ਰੂਪ ਵਿਚ। ਇਸ ਦਾ ਸਿਹਰਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਬੱਝਦਾ ਹੈ, ਜਿਸ ਨੇ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਮੇਂ ਸ਼ੇਰ ਮੁਹੰਮਦ ਖਾਂ ਨਵਾਬ ਮਲੇਰਕੋਟਲਾ ਵਲੋਂ ਮਾਰੇ ਹਾਅ ਦੇ ਨਾਅਰੇ ਉਤੇ ਫੁੱਲ ਚੜ੍ਹਾਏ ਹਨ। ਇਸ ਮੌਕੇ ਭਾਈ ਅਸ਼ੋਕ ਸਿੰਘ ਬਾਗੜੀਆ ਵਲੋਂ ਕੀਤਾ ਗਿਆ ਖੁਲਾਸਾ ਨਵਾਬ ਸ਼ੇਰ ਮੁਹੰਮਦ ਦੀ ਅਜ਼ਮਤ ਹੋਰ ਵੀ ਵਧਾਉਂਦਾ ਹੈ। ਭਾਈ ਅਸ਼ੋਕ ਸਿੰਘ ਦੇ ਕਥਨ ਅਨੁਸਾਰ ਸ਼ੇਰ ਮੁਹੰਮਦ ਦਾ ਭਰਾ ਨਾਹਰ ਮੁਹੰਮਦ ਚਮਕੌਰ ਦੀ ਲੜਾਈ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੇ ਤੀਰ ਨਾਲ ਮਾਰਿਆ ਗਿਆ ਸੀ ਅਤੇ ਸਰਹਿੰਦ ਦਾ ਸੂਬੇਦਾਰ ਵਜ਼ੀਰ ਖਾਂ ਸ਼ੇਰ ਮੁਹੰਮਦ ਨੂੰ ਉਕਸਾ ਰਿਹਾ ਸੀ ਕਿ ਉਹ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਕੇ ਭਰਾ ਦਾ ਬਦਲਾ ਲਵੇ। ਸ਼ੇਰ ਮੁਹੰਮਦ ਨੇ ਆਪ ਤਾਂ ਕੀ, ਵਜ਼ੀਰ ਖਾਂ ਨੂੰ ਵੀ ਇਸ ਅਮਲ ਤੋਂ ਵਰਜਿਆ ਸੀ। ਇਹ ਕਹਿ ਕੇ ਕਿ ਕਿਸੇ ਵੀ ਧਰਮ ਦੀ ਮਰਿਆਦਾ ਵਡੇਰੀ ਉਮਰ ਦੇ ਬੰਦੇ ਦੇ ਕਤਲ ਦਾ ਬਦਲਾ ਲੈਣ ਲਈ ਛੋਟੇ ਬੱਚਿਆਂ ਦਾ ਕਤਲ ਕਰਨ ਦੀ ਆਗਿਆ ਨਹੀਂ ਸੀ ਦਿੰਦੀ। ਮਲੇਰਕੋਟਲਾ ਦੇ ਉਸ ਸਮੇਂ ਦੇ ਨਵਾਬ ਦੀ ਧਾਰਨਾ ਸਿਰਫ ਮੁਸਲਿਮ ਧਾਰਨਾ ਤੱਕ ਹੀ ਸੀਮਤ ਨਹੀਂ ਸੀ, ਸਾਰੇ ਧਰਮਾਂ ਉਤੇ ਪਹਿਰਾ ਦੇਣ ਵਾਲੀ ਸੀ। ਇਹ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਮਲੇਰਕੋਟਲੇ ਨੂੰ ਨਵੇਂ ਜਿਲੇ ਦਾ ਦਰਜਾ ਦੇਣ ਸਮੇਂ ਪੰਜਾਬ ਸਰਕਾਰ ਵਲੋਂ ਇਸ ਸ਼ਹਿਰ ਵਿਚ ਮੈਡੀਕਲ ਕਾਲਜ ਸਥਾਪਤ ਕਰਨ ਦੇ ਐਲਾਨ ਉਤੇ ਅਮਲ ਕਰਦਿਆਂ ਇਸ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ। ਮਲੇਰਕੋਟਲੇ ਦੇ ਡਿਪਟੀ ਕਮਿਸ਼ਨਰ ਤੇ ਪੁਲਿਸ ਮੁਖੀ ਦੀ ਕਮਾਂਡ ਪੰਜਾਬਣ ਬੀਬੀਆਂ ਨੂੰ ਸੌਂਪੀ ਜਾ ਰਹੀ ਹੈ।
ਅੰਤਿਕਾ: (ਬਿਸਮਲ ਫਰੀਦਕੋਟੀ)
ਨੀਵੀਂ ਨਜ਼ਰ ਦੇ ਜਾਮ ’ਚੋਂ ਛਲਕਣ ਜਵਾਨੀਆਂ
ਕੀਮਤ ਨਜ਼ਾਕਤਾਂ ਦੀ ਏ ਪੈਂਦੀ ਹਯਾ ਦੇ ਨਾਲ।
‘ਬਿਸਮਿਲ’ ਨਵਾਂ ਵਿਵਾਦ ਫਿਰ ਛਿੜਿਆ ਏ ਉਸ ਘੜੀ
ਉਲਝੀ ਅਕਲ ਹੈ ਜਦ ਕਦੇ ਦਿਲ ਦੇ ਸੁਦਾ ਦੇ ਨਾਲ।