ਰਿਬੇਰੋ ਦੀ ਆਪਬੀਤੀ-7
ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ, ਪੰਜਾਬ ਪੁਲਿਸ ਦੇ ਸਾਬਕਾ ਮੁਖੀ ਕੇæਪੀæਐਸ਼ ਗਿੱਲ ਅਤੇ ਜੂਲੀਓ ਰਿਬੇਰੋ ਨੇ ਪਿਛਲੀ ਸਦੀ ਦੇ ਅੱਸੀਵਿਆਂ ਦੇ ਦੌਰ ਉਪਰ ਕਿਤਾਬਾਂ ਲਿਖੀਆਂ ਹਨ। ਇਹ ਕਿਤਾਬਾਂ ਕਿਉਂਕਿ ਸਟੇਟ ਅਫਸਰਾਂ ਵਲੋਂ ਲਿਖੀਆਂ ਗਈਆਂ, ਇਸ ਕਰ ਕੇ ਇਹ ਸਟੇਟ ਦਾ ਏਜੰਡਾ ਹਨ ਪਰ ਰਿਬੇਰੋ ਇਨ੍ਹਾਂ ਤਿੰਨਾਂ ਵਿਚੋਂ ਭਿੰਨ ਹੈ ਕਿਉਂਕਿ ਕਦੀ ਕਦਾਈਂ ਉਹ ਸਟੇਟ ਨਾਲ ਸਹਿਮਤ ਨਹੀਂ ਹੁੰਦਾ। ਇਹੀ ਗੱਲ ਉਸ ਨੂੰ ਬਾਕੀਆਂ ਨਾਲੋਂ ਨਿਖੇੜਦੀ ਹੈ। ਰਿਬੇਰੋ ਦੀ ਧਿਰ ਨਾਲ ਭਾਵੇਂ ਕਿਸੇ ਵੀ ਸੂਰਤ ਸਹਿਮਤ ਨਹੀਂ ਹੋਇਆ ਜਾ ਸਕਦਾ, ਪਰ ਉਸ ਦੀ ਲਿਖਤ ਤੋਂ ਪਤਾ ਲੱਗਦਾ ਹੈ ਕਿ ਸਟੇਟ ਕੀ ਸੋਚਦੀ ਰਹੀ, ਕੀ ਕਰਦੀ ਰਹੀ, ਕਿਉਂ ਕਰਦੀ ਰਹੀ? ਰਿਬੇਰੋ ਵੱਲੋਂ ਲਿਖੀ ਕਿਤਾਬ ‘ਬੁੱਲਟ ਫਾਰ ਬੁੱਲਟ’ ਦੇ ਕੁੱਝ ਪੰਨਿਆਂ ਦਾ ਅੰਗਰੇਜ਼ੀ ਤੋਂ ਪੰਜਾਬੀ ਵਿਚ ਅਨੁਵਾਦ ਉਘੇ ਲੇਖਕ ਪ੍ਰੋæ ਹਰਪਾਲ ਸਿੰਘ ਪੰਨੂ ਨੇ ਕੀਤਾ ਹੈ ਜੋ ਅਸੀਂ ਕਿਸ਼ਤਵਾਰ ਛਾਪ ਰਹੇ ਹਾਂ। ਇਸ ਕਿਸ਼ਤ ਵਿਚ ਪੁਲਿਸ ਪ੍ਰਸ਼ਾਸਨ ਤੋਂ ਇਲਾਵਾ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਪੰਜਾਬ ਬਾਰੇ ਪਹੁੰਚ ਦਾ ਖੁਲਾਸਾ ਹੈ। ਇਸ ਕਿਸ਼ਤ ਵਿਚ ਆਵਾਮ ਦੇ ਵਿਚਾਰ ਵੀ ਪਰੋਏ ਗਏ ਹਨ। -ਸੰਪਾਦਕ
ਪ੍ਰੋæ ਹਰਪਾਲ ਸਿੰਘ ਪੰਨੂ
ਫੋਨ: 91-94642-51454
ਪੰਨਾ 297: ਦੋ ਅਕਤੂਬਰ ਨੂੰ ਦਿੱਲੀ ਰਾਜਘਾਟ ਵਿਖੇ ਦੇਸੀ ਬੰਦੂਕ ਨਾਲ ਇਕ ਸਿੱਖ ਨੇ ਰਾਜੀਵ ਗਾਂਧੀ ਉਪਰ ਫਾਇਰ ਕਰ ਦਿੱਤਾ। ਅਗਲੇ ਦਿਨ ਜਲੰਧਰ ਪੰਜਾਬ ਆਫੀਸਰਜ਼ ਮੈਸ ਦੇ ਲਾਅਨ ਵਿਚ ਮੈਂ ਅਪਣੀ ਪਤਨੀ ਨਾਲ ਸੈਰ ਕਰ ਰਿਹਾ ਸਾਂ, ਤਾਂ ਸਵਖਤੇ ਸਵੇਰ ਸਾਰ ਪੁਲਿਸ ਵਰਦੀਆਂ ਪਹਿਨੀ ਅੰਦਰ ਲੰਘ ਆਏ ਖਾੜਕੂਆਂ ਨੇ ਸੰਤਰੀਆਂ ਉਪਰ, ਤੇ ਸਾਡੇ ਦੋਵਾਂ ਉਪਰ ਫਾਇਰਿੰਗ ਖੋਲ੍ਹ ਦਿੱਤੀ। ਬਹੁਤ ਮਜ਼ਬੂਤ ਕਿਲੇ ਵਿਚ ਉਹ ਉਸ ਜੀਪ ਵਿਚ ਆਏ ਸਨ ਜਿਸ ਨੂੰ ਪੁਲਿਸ ਜੀਪਾਂ ਵਾਂਗ ਰੰਗ ਕੀਤਾ ਹੋਇਆ ਸੀ। ਦੋ ਸੰਤਰੀ ਥਾਂਏਂ ਮਾਰੇ ਗਏ, ਦੋ ਬੁਰੀ ਤਰ੍ਹਾਂ ਜ਼ਖਮੀ ਹੋਏ। ਮੈਂ ਪੇਟ ਭਾਰ ਜ਼ਮੀਨ ‘ਤੇ ਡਿੱਗ ਪਿਆ। ਮੇਰੀ ਪਤਨੀ ਦੀ ਬਾਂਹ ਵਿਚੋਂ ਗੋਲੀ ਪਾਰ ਹੋ ਗਈ। ਇਸ ਖਿਆਲ ਨਾਲ ਕਿ ਮੈਂ ਮਰ ਗਿਆ ਹਾਂ, ਉਨ੍ਹਾਂ ਨੇ ਜੀਪ ਵਿਚ ਛਾਲਾਂ ਮਾਰੀਆਂ ਤੇ ਭੱਜ ਗਏ। ਮੇਨ ਰੋਡ ਉਪਰ ਇਕ ਟਰੱਕ ਉਨ੍ਹਾਂ ਦੇ ਇੰਤਜ਼ਾਰ ਵਿਚ ਖਲੋਤਾ ਸੀ, ਜੀਪ ਉਥੇ ਛੱਡ ਕੇ ਉਹ ਟਰੱਕ ਵਿਚ ਸਵਾਰ ਹੋ ਗਏ।
‘ਟਾਈਮਜ਼ ਆਫ ਇੰਡੀਆ’ ਨੇ 4 ਅਕਤੁਬਰ ਨੂੰ ਸੰਪਾਦਕੀ ਵਿਚ ਲਿਖਿਆ-ਰਿਬੇਰੋ ਉਪਰ ਜਾਨਲੇਵਾ ਹਮਲੇ ਦੀ ਖਬਰ ਸੁਣ ਕੇ ਕਿਸੇ ਨੂੰ ਹੈਰਾਨੀ ਨਹੀਂ ਹੋਈ। ਜਦੋਂ ਦਾ ਉਸ ਨੇ ਚਾਰਜ ਲਿਆ ਹੈ, ਖਾੜਕੂਆਂ ਵਲੋਂ ਪ੍ਰਸ਼ਾਸਨ ਨੂੰ ਸਾਹ-ਸਤਹੀਣ ਕਰਨ ਦੇ ਯਤਨਾਂ ਵਿਚ ਉਹ ਰੁਕਾਵਟ ਬਣ ਰਿਹਾ ਹੈ। ਉਸ ਨੇ ਜੋ ਕੀਤਾ ਹੈ, ਮੰਨਣ ਵਿਚ ਨਹੀਂ ਆਉਂਦਾ ਕਿ ਹੋ ਸਕਦਾ ਸੀ। ਕੁੱਝ ਅਖਬਾਰਾਂ ਨੇ ਖਾੜਕੂਆਂ ਦੇ ਦ੍ਰਿੜ੍ਹ ਇਰਾਦੇ, ਕਿਲੇਬੰਦ ਸੁਰੱਖਿਅਤ ਇਮਾਰਤ ਵਿਚ ਘੁਸਣ ਦੀ ਸਮਰੱਥਾ ਦਾ ਜ਼ਿਕਰ ਕਰਦਿਆਂ ਲਿਖਿਆ ਕਿ ਜੇ ਰਿਬੇਰੋ ਦੀ ਮੌਤ ਹੋ ਜਾਂਦੀ, ਫਿਰ ਕੀ ਨਤੀਜੇ ਹੁੰਦੇ?
ਪ੍ਰਧਾਨ ਮੰਤਰੀ ਆਂਧਰਾ ਪ੍ਰਦੇਸ਼ ਦਾ ਦੌਰਾ ਕਰ ਰਿਹਾ ਸੀ। ਹੈਦਰਾਬਾਦ ਤੋਂ ਜਹਾਜ਼ ਚੜ੍ਹਨ ਲੱਗਾ ਤਾਂ ਉਸ ਨੂੰ ਮੇਰੇ ਉਤੇ ਹਮਲੇ ਦੀ ਖਬਰ ਮਿਲੀ। ਮੇਰੇ ਬੈਚਮੇਟ ਸਲਧਾਨਾ ਜੋ ਆਂਧਰਾ ਦਾ ਪੁਲਿਸ ਚੀਫ ਸੀ, ਨੇ ਮੈਨੂੰ ਦੱਸਿਆ ਕਿ ਜਦੋਂ ਪ੍ਰਧਾਨ ਮੰਤਰੀ ਨੂੰ ਪਤਾ ਲੱਗਾ ਕਿ ਮੈਂ ਵਾਲ-ਵਾਲ ਬਚ ਗਿਆ ਹਾਂ, ਉਸ ਨੇ ਸੰਤੋਖ ਦਾ ਸਾਹ ਲਿਆ। ਗ੍ਰਹਿ ਸਕੱਤਰ ਸੋਮੱਈਆ ਨੇ ਮੈਨੂੰ ਫੋਨ ਤੇ ਕਿਹਾ-ਜੇ ਤੁਹਾਡੀ ਮੌਤ ਹੋ ਜਾਂਦੀ, ਉਸੇ ਵਕਤ ਸਰਕਾਰ ਭੰਗ ਕਰ ਕੇ ਗਵਰਨਰੀ ਰਾਜ ਹੋ ਜਾਣਾ ਸੀ ਤੇ ਪੰਜਾਬ ਨੂੰ ਫੌਜ ਹਵਾਲੇ ਕਰ ਦੇਣਾ ਸੀ। ਸੀæਬੀæਆਈæ ਦੇ ਅੰਦਾਜ਼ੇ ਅਨੁਸਾਰ ਦਿੱਲੀ ਵਿਚ ਦੰਗੇ ਭੜਕ ਸਕਦੇ ਸਨ। ਇਨ੍ਹਾਂ ਗੱਲਾਂ ਵਿਚ ਕਿੰਨੀ ਕੁ ਸੱਚਾਈ ਹੈ, ਰੱਬ ਜਾਣੇ, ਪਰ ਮੈਂ ਬਚ ਗਿਆ; ਇਸ ਗੱਲ ਦੀ ਬੜੀ ਖੁਸ਼ੀ ਹੋਈ। ਮੇਰੀ ਪਤਨੀ ਦਾ ਇਲਾਜ ਜੁਆਨ ਸਰਜਨ ਡਾæ ਮਾਂਗਟ ਨੇ ਕੀਤਾ। ਇਹ ਮੇਰੇ ਸੀਨੀਅਰ ਅਫਸਰ ਮਾਂਗਟ ਦਾ ਬੇਟਾ ਸੀ। ਆਪ੍ਰੇਸ਼ਨ ਤੋਂ ਪਹਿਲਾਂ ਮਾਂ ਨੇ ਆਪਣੀਆਂ ਧੀਆਂ ਨਾਲ ਫੋਨ ‘ਤੇ ਗੱਲ ਕਰਨੀ ਚਾਹੀ, ਕਰਵਾ ਦਿੱਤੀ। ਇਹ ਸਿਆਣੀ ਗੱਲ ਸੀ, ਕਿਉਂਕਿ ਥੋੜ੍ਹੀ ਦੇਰ ਬਾਅਦ ਰੇਡੀਓ ਤੋਂ ਖਬਰ ਨਸ਼ਰ ਹੋ ਗਈ ਤੇ ਸਾਡੀਆਂ ਧੀਆਂ ਕੋਲ ਬੇਸ਼ੁਮਾਰ ਫੋਨ ਆਉਣ ਲੱਗੇ। ਕਿਉਂਕਿ ਮਾਂ ਨਾਲ ਉਨ੍ਹਾਂ ਦੀ ਗੱਲ ਹੋ ਚੁੱਕੀ ਸੀ, ਸੋ ਫਿਕਰਮੰਦ ਸ਼ੁਭਚਿੰਤਕਾਂ ਨੂੰ ਉਹ ‘ਸਭ ਅੱਛਾ ਹੈ’ ਦੀ ਖਬਰ ਦਿੰਦੀਆਂ ਰਹੀਆਂ।
ਖਾੜਕੂ ਕਿਸ ਰਸਤੇ ਬਚ ਕੇ ਭੱਜੇ, ਮੈਂ ਖੁਦ ਰੂਟ ਲੱਭਣ ਲੱਗ ਪਿਆ। ਹਾਜ਼ਰ ਸੀਨੀਅਰ ਅਫਸਰ ਕਹੀ ਜਾਣ, ਤੁਸੀਂ ਮੈਸ ਤੋਂ ਬਾਹਰ ਨਾ ਨਿਕਲੋ, ਪਰ ਮੈਂ ਉਨ੍ਹਾਂ ਦੀ ਗੱਲ ਮੰਨਣ ਵਾਲਾ ਕਿਥੇ ਸਾਂ! ਮੈਂ ਬੈਰਕਾਂ ਵਿਚਲੇ ਪੁਲਸੀਆਂ ਨਾਲ ਗੱਲ ਕਰਨੀ ਚਾਹੁੰਦਾ ਸਾਂ, ਕਿਉਂਕਿ ਇਕ-ਦੋ ਕਾਲੀਆਂ ਭੇਡਾਂ ਅੰਦਰ ਮੌਜੂਦ ਸਨ ਜਿਨ੍ਹਾਂ ਸਦਕਾ ਖਾੜਕੂਆਂ ਤੱਕ ਮੇਰੀਆਂ ਹਰਕਤਾਂ, ਗਤੀਵਿਧੀਆਂ ਦੀ ਖਬਰ ਜਾਂਦੀ ਸੀ। ਆਪਣੇ ਦੁਆਲੇ ਹਰ ਵਕਤ ਸਿਪਾਹੀ ਨਹੀਂ ਰੱਖਦਾ ਸਾਂ, ਕਿਉੁਂਕਿ ਇਸ ਕਿਲੇ ਦੀ ਪੂਰੀ ਗਾਰਦ ਆਲੇ-ਦੁਆਲੇ ਤਾਇਨਾਤ ਤਾਂ ਸੀ। ਗਾਰਦ ਨੇ ਕੇਵਲ ਪੁਲਿਸ ਗੱਡੀ ਅੰਦਰ ਆਉਣ ਦੇਣੀ ਸੀ। ਇਹ ਸਾਰੇ ਪੀæਏæਪੀæ ਦੇ ਹਥਿਆਰਬੰਦ ਗਾਰਡ ਸਨ। ਮੇਰੀ ਨਿੱਜੀ ਗਾਰਦ ਸਵੇਰੇ 8 ਵਜੇ ਆਉਂਦੀ ਹੁੰਦੀ। ਇਸ ਗੱਲ ਦਾ ਹਮਲਾਵਰਾਂ ਨੂੰ ਪਤਾ ਲੱਗ ਗਿਆ।
ਸੀਨੀਅਰ ਅਫਸਰ ਨਹੀਂ ਚਾਹੁੰਦੇ ਸਨ ਕਿ ਮੈਂ ਸਿੱਖ ਜੁਆਨਾਂ ਨਾਲ ਘੁਲਾਂ-ਮਿਲਾਂ, ਪਰ ਮੈਂ ਉਨ੍ਹਾਂ ਤੋਂ ਦੂਰੀ ਬਣਾਉਣ ਦੇ ਖਿਲਾਫ ਸਾਂ। ਖਾੜਕੂਆਂ ਨੇ ਇਹ ਖਬਰ ਫੈਲਾ ਰੱਖੀ ਸੀ ਕਿ ਰਿਬੇਰੋ ਸਿੱਖ ਜੁਆਨੀ ਨੂੰ ਖਤਮ ਕਰਨ ਵਾਸਤੇ ਆਇਆ ਹੈ। ਮੈਂ ਆਪਣੇ ਜੁਆਨਾਂ ਨੂੰ ਪੁੱਛਦਾ ਸਾਂ-ਦੱਸੋ, ਮੈਂ ਜਾਂ ਕਿਸੇ ਹੋਰ ਅਫਸਰ ਨੇ ਤੁਹਾਨੂੰ ਕਦੀ ਕੋਈ ਅਜਿਹੀ ਹਦਾਇਤ ਦਿੱਤੀ ਹੈ? ਜਵਾਨ ਆਖਦੇ-ਨਹੀਂ, ਸਗੋਂ ਸਾਡੇ ਵਿਚੋਂ ਕੋਈ ਦਗੇਬਾਜ਼ ਹਮਲਾਵਰਾਂ ਨਾਲ ਮਿਲਿਆ ਹੋਇਆ ਹੈ। ਇਸ ਹਮਲੇ ਵਾਲੇ ਦਿਨ ਮੇਰਾ ਅੰਮ੍ਰਿਤਸਰ ਜਾਣ ਦਾ ਪ੍ਰੋਗਰਾਮ ਸੀ, ਮੈਂ ਰੱਦ ਨਹੀਂ ਕੀਤਾ। ਰੱਦ ਕਰ ਦਿੰਦਾ, ਖਾੜਕੂਆਂ ਕੋਲ ਰਮਜ਼ ਜਾਣੀ ਸੀ ਕਿ ਮੈਂ ਡਰ ਗਿਆ ਹਾਂ। ਅੰਮ੍ਰਿਤਸਰ ਜਾਣ ਤੋਂ ਪਹਿਲਾਂ ਜ਼ਖਮੀ ਜੁਆਨਾਂ ਨੂੰ, ਉਨ੍ਹਾਂ ਦੇ ਪਰਿਵਾਰਾਂ ਨੂੰ ਹਸਪਤਾਲ ਵਿਚ ਮਿਲ ਕੇ ਗਿਆ। ਫਿਰ ਮੈਂ ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ਨੂੰ ਇੰਟਰਵਿਊ ਦਿੱਤੀ। ਮੈਂ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਸੀ, ਮੈਂ ਲੜਾਂਗਾ ਤੇ ਆਪਣੇ ਅਕੀਦੇ ਤੋਂ ਪਿੱਛੇ ਨਹੀਂ ਹਟਾਂਗਾ। ਅੰਮ੍ਰਿਤਸਰ ਮੈਂ ਪ੍ਰੈਸ ਬੁਲਾਈ। ਚਾਰ ਅਕਤੂਬਰ ਨੂੰ ਮੇਰੀ ਖਬਰ ਦੀ ਸੁਰਖੀ ਛਪੀ-ਖਾੜਕੂਆਂ ਵਿਰੁਧ ਜੰਗ ਜਾਰੀ ਰਹੇਗੀ-ਡੀæਜੀæਪੀæ।
ਬਰਨਾਲਾ ਸਾਹਿਬ ਅਤੇ ਗਿਆਨੀ ਜ਼ੈਲ ਸਿੰਘ ਨੇ ਫੋਨ ‘ਤੇ ਗੱਲ ਕੀਤੀ। ਰਾਸ਼ਟਰਪਤੀ ਨੇ ਯਾਦ ਕਰਵਾਇਆ-ਜਦੋਂ ਤੁਸੀਂ ਪੰਜਾਬ ਵਿਚ ਜਾਣਾ ਸੀ, ਮੈਂ ਤੁਹਾਨੂੰ ਦੱਸਿਆ ਸੀ ਬਹੁਤ ਖਤਰਨਾਕ ਥਾਂ ਚੱਲੇ ਹੋ। ਇਥੋਂ ਦੇ ਜੁਆਨ ਵਿਰੋਧੀ ਨੂੰ ਬਰਦਾਸ਼ਤ ਨਹੀਂ ਕਰਦੇ। ਮੁੱਖ ਮੰਤਰੀ ਨੇ ਸੀਨੀਅਰ ਅਫਸਰਾਂ ਦੀ ਐਮਰਜੈਂਸੀ ਮੀਟਿੰਗ ਸੱਦ ਕੇ ਆਪਣੀ ਅਤੇ ਮੰਤਰੀਆਂ ਦੀ ਸਿਕਿਉਰਟੀ ਵਧਾ ਲਈ।
5 ਅਕਤੂਬਰ ਨੂੰ ਰਾਜੀਵ ਗਾਂਧੀ ਨੇ ਆਪਣੇ ਘਰ ਬੁਲਾ ਕੇ ਪੁੱਛਿਆ ਕਿ ਮੇਰਾ ਤਜਰਬਾ ਕਿਸ ਤਰ੍ਹਾਂ ਰਿਹਾ। ਉਸ ਨੇ ਖੁਦ ਦੀ ਸੁਰੱਖਿਆ ਵਾਸਤੇ ਸਲਾਹ ਮੰਗੀ। ਇਹ ਪਹਿਲਾ ਮੌਕਾ ਸੀ ਜਦੋਂ ਅਸਾਂ ਦੋਵਾਂ ਨੇ ਆਹਮੋ-ਸਾਹਮਣੇ ਬੈਠ ਕੇ ਗੱਲਾਂ ਕੀਤੀਆਂ। ਉਸ ਨੇ ਗ੍ਰਹਿ ਮੰਤਰੀ ਚਿਦੰਬਰਮ, ਕੈਬਨਿਟ ਸਕੱਤਰ ਦੇਸ਼ਮੁਖ ਬੁਲਾ ਰੱਖੇ ਸਨ, ਸਾਡੀ ਮੀਟਿੰਗ ਵਕਤ ਉਹ ਬਾਹਰ ਰਹੇ। ਜਦੋਂ ਮੈਂ ਉਠਿਆ, ਉਸ ਨੇ ਦੱਸਿਆ-ਮੈਂ ਆਪਣੀ ਸੁਰੱਖਿਆ ਦੀ ਜ਼ਿੰਮੇਵਾਰੀ ਚਿਦੰਬਰਮ ਹਵਾਲੇ ਕਰਨੀ ਹੈ। ਮੈਨੂੰ ਇਹ ਵੀ ਕਿਹਾ ਕਿ ਮੈਂ ਵੀ ਇਕ ਅਫਸਰ ਦਿਆਂ, ਜਿਹੜਾ ਪ੍ਰਧਾਨ ਮੰਤਰੀ ਦੀ ਸੁਰੱਖਿਆ ਉਤੇ ਨਜ਼ਰ ਰੱਖੇ। ਉਸ ਨੇ ਮੈਨੂੰ ਇਹ ਵੀ ਕਿਹਾ ਕਿ ਨਿਸ਼ਾਨਾ ਬਣਨ ਵਾਲਾ ਬੰਦਾ ਬੇਸ਼ਕ ਪੁਲਿਸਮੈਨ ਹੋਵੇ ਤਾਂ ਵੀ ਉਹ ਆਪਣਾ ਬਚਾਉ ਆਪ ਨਹੀਂ ਕਰ ਸਕਦਾ।
ਪ੍ਰਧਾਨ ਮੰਤਰੀ ਨੇ ਮੈਨੂੰ ਕਿਹਾ-ਤੁਹਾਡਾ ਸਿਕਿਉਰਟੀ ਅਫਸਰ ਤੁਹਾਡੇ ਤੋਂ ਕਿੰਨਾ ਵੀ ਜੂਨੀਅਰ ਕਿਉਂ ਨਾ ਹੋਵੇ, ਤੁਹਾਨੂੰ ਉਸ ਦੀ ਹਰ ਗੱਲ ਮੰਨਣੀ ਚਾਹੀਦੀ ਹੈ। ਆਈæਬੀæ ਵਿਚ ਤਾਇਨਾਤ ਆਈæਪੀæਐਸ਼ ਅਫਸਰ ਅਵਿੰਦਰ ਸਿੰਘ ਬਰਾੜ ਨੂੰ ਮੈਂ ਆਪਣਾ ਸੁਰੱਖਿਆ ਅਫਸਰ ਲਾ ਲਿਆ। ਉਸ ਦੀ ਆਈæਏæਐਸ਼ ਪਤਨੀ ਸੁਖਦੀਪ (ਸੁੱਖੀ) ਰਾਜਸਥਾਨ ਕੇਡਰ ਦੀ ਸੀ। ਉਸ ਦੀ ਵੀ ਪੰਜਾਬ ਵਿਚ ਬਦਲੀ ਕਰਵਾ ਦਿੱਤੀ। ਰਾਜੀਵ ਗਾਂਧੀ ਨਾਲ ਮੇਰੀਆਂ ਅਨੇਕ ਮੀਟਿੰਗਾਂ ਹੋਈਆਂ ਹਨ, ਪਰ ਇਹ ਇਕ ਦਿਨ ਦੀ ਮੀਟਿੰਗ ਯਾਦ ਰਹੇਗੀ ਜਦੋਂ ਅਸੀਂ ਦੋਵਾਂ ਨੇ ਕੇਵਲ ਆਪਣੇ ਬਚਾਉ ਵਾਸਤੇ ਗੱਲਾਂ ਕੀਤੀਆਂ। ਅੱਗੋਂ-ਪਿੱਛੋਂ ਉਸ ਨੂੰ ਮਿਲਣ ਵਾਸਤੇ ਮੈਂ ਗਵਰਨਰ ਨਾਲ ਜਾਂਦਾ। ਜਦੋਂ ਗਵਰਨਰੀ ਰਾਜ ਹੋ ਗਿਆ, ਫਿਰ ਤਾਂ ਮੁਲਾਕਾਤਾਂ ਦੀ ਗਿਣਤੀ ਵਧੀਕ ਹੋ ਗਈ।
ਰਾਜੀਵ ਖੁਸ਼ਮਿਜਾਜ਼ ਬੰਦਾ ਸੀ ਜੋ ਮੈਨੂੰ ਚੰਗਾ ਲੱਗਾ। ਟੈਕਨਾਲੋਜੀ ਵਿਚ ਉਸ ਦੀ ਸਦਾ ਰੁਚੀ ਰਹੀ। ਮੀਟਿੰਗਾਂ ਵਿਚ ਉਹ ਆਪਣਾ ਕੰਪਿਊਟਰ ਲੈ ਕੇ ਆਉਂਦਾ ਤੇ ਖਾਸ ਨੁਕਤੇ ਖੁਦ ਫੀਡ ਕਰਦਾ। ਮੈਨੂੰ ਨਹੀਂ ਪਤਾ ਸੌਂਦਾ ਕਦੋਂ। ਸਾਰੀ ਸਾਰੀ ਰਾਤ ਮੀਟਿੰਗ ਕਰਨ ਉਪਰੰਤ ਤਾਜ਼ਾ ਦਮ ਹੁੰਦਾ। ਇਕ ਵਾਰ ਸਵੇਰ ਦੇ ਪੰਜ ਵਜੇ ਤੱਕ ਸਾਡੀ ਮੀਟਿੰਗ ਚਲਦੀ ਰਹੀ। ਪੂਰੇ ਅੱਠ ਵਜੇ ਫੇਰ ਉਹ ਆਪਣੇ ਡੈਸਕ ਉਪਰ ਆ ਬੈਠਾ।
ਆਪਣੇ ਉਪਰ ਅਸਫਲ ਹਮਲੇ ਬਾਅਦ ਮੈਂ ਲੋਕਾਂ ਨੂੰ ਬਹੁਤਾ ਮਿਲਣ ਲੱਗ ਪਿਆ। ਪਿੰਡਾਂ ਦੇ ਜੱਟ ਸਿੱਖਾਂ ਨੂੰ ਖਾਸ ਕਰ ਕੇ। ਸਖਤ ਮਿਹਨਤੀ, ਹੌਸਲੇ ਵਾਲੇ ਉਹ ਸਾਦੇ ਲੋਕ ਹਨ। ਮੈਂ ਕਿਸੇ ਪਿੰਡ ਚਲਾ ਜਾਂਦਾ ਜਿਥੇ ਗਵਾਂਢੀ ਪਿੰਡਾਂ ਦੇ ਪੰਚ ਸਰਪੰਚ ਸੱਦੇ ਹੁੰਦੇ। ਆਉਣ ਵਾਲੇ ਲੋਕਾਂ ਦੀ ਵਧੀਕ ਗਿਣਤੀ ਕਾਰਨ ਸੁਰੱਖਿਆ ਇੰਤਜ਼ਾਮ ਪੁਖਤਾ ਹੁੰਦੇ। ਜਿਹੜੀ ਗੱਲ ਮੈਨੂੰ ਬੁਰੀ ਲਗਦੀ, ਉਹ ਇਹ ਕਿ ਮੇਰੇ ਅਤੇ ਪੇਂਡੂਆਂ ਵਿਚਕਾਰ ਸਿਪਾਹੀ ਸੁਰੱਖਿਆ ਦੀਵਾਰ ਖੜ੍ਹੀ ਕਰ ਦਿੰਦੇ। ਮੀਟਿੰਗ ਪਿਛੋਂ ਮੈਂ ਲੋਕਾਂ ਵਿਚ ਜਾ ਵੜਦਾ। ਸਰਪੰਚਾਂ ਨੇ ਚਾਹ-ਪਾਣੀ ਦਾ ਇੰਤਜ਼ਾਮ ਕੀਤਾ ਹੁੰਦਾ।
ਆਪਣੇ ਕਾਰਜਕਾਲ ਦੌਰਾਨ ਮੈਂ ਘੱਟੋ-ਘੱਟ 200 ਪਿੰਡੀਂ ਗਿਆ। ਹਰ ਪਿੰਡ, ਆਲੇ-ਦੁਆਲੇ ਦੇ ਪੰਜ ਪਿੰਡਾਂ ਦੇ ਨੁਮਾਇੰਦੇ ਸੱਦੇ ਹੁੰਦੇ। ਮੈਂ ਉਨ੍ਹਾਂ ਨੂੰ ਦੱਸਣਾ ਸੀ, ਮੈਂ ਕੀ ਕਰ ਰਿਹਾ ਹਾਂ। ਵੱਖਵਾਦ ਨਾਲ ਨਜਿੱਠਣ ਦਾ ਕਲਾਸੀਕਲ ਤਰੀਕਾ ਇਕੋ ਹੈ, ਲੋਕਾਂ ਨਾਲੋਂ ਟੁੱਟੋ ਨਾ। ਲੋਕਾਂ ਨੂੰ ਆਪਣੇ ਹਮਾਇਤੀ ਬਣਾਓ।
ਦਹਿਸ਼ਤਪਸੰਦੀ ਅਤੇ ਦਹਿਸ਼ਤਵਾਦੀ, ਇਹ ਦੋ ਵੱਖ-ਵੱਖ ਚੀਜ਼ਾਂ ਹਨ। ਦਹਿਸ਼ਤਵਾਦੀਆਂ ਨਾਲ ਕਾਊਂਟਰ ਦਹਿਸ਼ਤਵਾਦੀ ਸਕੁਐਡਾਂ ਨੂੰ ਲੜਨਾ ਪਵੇਗਾ। ਸੂਹ ਕੱਢ ਕੇ ਗ੍ਰਿਫਤਾਰ ਕਰਨੇ ਪੈਣਗੇ। ਹੋ ਸਕਦਾ ਹੈ ਅਜਿਹਾ ਕਰਦਿਆਂ ਮੁਕਾਬਲਾ ਹੋ ਜਾਵੇ ਤੇ ਮਾਰੇ ਜਾਣ। ਪੁਲਸੀਏ ਵਧੀਕ ਗਿਣਤੀ ਵਿਚ ਮਰਦੇ ਹਨ। ਇਹ ਧੀਮੀ ਰਫਤਾਰ ਦਾ ਯੁੱਧ ਹੈ ਜਿਹੜਾ ਜਾਰੀ ਰੱਖਣਾ ਪਵੇਗਾ। ਦਹਿਸ਼ਤਵਾਦੀ ਕੁਮਿੱਟਡ ਬੰਦੇ ਹਨ, ਕਦੀ ਆਪਣਾ ਮਿਸ਼ਨ ਨਹੀਂ ਛੱਡਣਗੇ। ਜੇ ਲੋਕਾਂ ਦੀ ਹਮਦਰਦੀ ਉਨ੍ਹਾਂ ਨਾਲ ਨਾ ਰਹੀ, ਤਦ ਉਹ ਯਕੀਨਨ ਹਾਰਨਗੇ। ਲੋਕ ਉਨ੍ਹਾਂ ਨਾਲ ਨਹੀਂ, ਤਾਂ ਉਨ੍ਹਾਂ ਦੀ ਸੂਹ ਪੁਲਿਸ ਨੂੰ ਦੇ ਦਿਆ ਕਰਨਗੇ।
ਕਈ ਹਾਲਾਤ ਵਿਚ ਲੋਕ ਡਰੇ ਹੋਏ ਹੁੰਦੇ ਹਨ। ਤਦ ਵੀ ਕੁਝ ਲੋਕ ਚੁਪਕੇ ਚੁਪਕੇ ਉਨ੍ਹਾਂ ਦੀ ਖਬਰ ਦੇ ਦੇਣਗੇ; ਉਦੋਂ ਜੇ ਉਨ੍ਹਾਂ ਨਾਲ ਹਮਦਰਦੀ ਨਹੀਂ। ਜੱਟ ਸਿੱਖ ਘਰਾਂ ਵਿਚ ਇਨ੍ਹਾਂ ‘ਮੁੰਡਿਆਂ’ ਲਈ ਹਮਦਰਦੀ ਰਹੀ, ਕਿਉਂਕਿ ਇਨ੍ਹਾਂ ਦਾ ਧਰਮ ਇਕੋ ਹੈ ਤੇ ਆਖਰ ਇਹ ਹਰ ਕੁਰਬਾਨੀ ਦੇਣ ਲਈ ਤਿਆਰ ਹਨ, ਜਾਨ ਤੱਕ। ਸਿੱਖ ਮਨ ਵਿਚ ਕੁਰਬਾਨੀ ਸ਼ਬਦ ਬਹੁਤ ਪਿਆਰਾ ਹੈ। ਸਿੱਖਾਂ ਨੂੰ ਇਹੀ ਦੱਸਿਆ ਜਾਂਦਾ ਰਿਹਾ ਹੈ ਕਿ ਕੇਂਦਰ ਸਰਕਾਰ ਉਨ੍ਹਾਂ ਨਾਲ ਬੇਇਨਸਾਫੀ ਕਰਦੀ ਰਹੀ ਹੈ। ਬੇਇਨਸਾਫੀ ਦੀਆਂ ਉਦਾਹਰਣਾਂ ਮੰਗੋ, ਬਹੁਤੀ ਵਾਰ ਦਲੀਲਾਂ ਨਹੀਂ ਹੁੰਦੀਆਂ। ਦੇਰ ਤੋਂ ਉਨ੍ਹਾਂ ਦੇ ਦਿਮਾਗ ਵਿਚ ਲੀਡਰਾਂ ਨੇ ਇਹ ਗੱਲ ਵਸਾ ਦਿੱਤੀ ਹੈ ਕਿ ਦਿੱਲੀ ਦੀਆਂ ਹਿੰਦੂ ਕਾਂਗਰਸ ਸਰਕਾਰਾਂ ਉਨ੍ਹਾਂ ਨਾਲ ਧੱਕਾ ਕਰਦੀਆਂ ਰਹੀਆਂ ਹਨ। ਸਾਦੇ ਕਿਸਾਨ ਨੂੰ ਬਹੁਤੀਆਂ ਡੂੰਘੀਆਂ ਦਲੀਲਾਂ ਦੇਣ ਦੀ ਲੋੜ ਨਹੀਂ ਪੈਂਦੀ।
ਆਪਣੇ ਦੌਰਿਆਂ ਦੌਰਾਨ ਅਨੇਕ ਪੇਂਡੂ ਲੋਕਾਂ ਨਾਲ ਗੱਲਾਂ ਕਰਦਿਆਂ ਦੇਖਿਆ ਕਿ ਦੋ ਨੁਕਤੇ ਉਨ੍ਹਾਂ ਨੂੰ ਚੁੱਭ ਰਹੇ ਹਨ। ਇੰਦਰਾ ਗਾਂਧੀ ਦੀ ਹੱਤਿਆ ਪਿੱਛੋਂ ਦਿੱਲੀ ਅਤੇ ਹੋਰ ਥਾਂਵਾਂ ‘ਤੇ ਸਿੱਖ ਕਿਉਂ ਕਤਲ ਕੀਤੇ ਗਏ? ਸਰਕਾਰ ਨੇ ਗ੍ਰਿਫਤਾਰ ਕਰ ਕੇ ਦੋਸ਼ੀਆਂ ਉਪਰ ਮੁਕੱਦਮੇ ਕਿਉਂ ਨਹੀਂ ਚਲਾਏ? ਜਿਨ੍ਹਾਂ ਲੀਡਰਾਂ ਨੇ ਭੀੜਾਂ ਨੂੰ ਅੱਗਜ਼ਨੀ ਅਤੇ ਕਤਲਾਂ ਲਈ ਉਕਸਾਇਆ, ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਸਜ਼ਾਵਾਂ ਕਿਉਂ ਨਹੀਂ ਦਿੱਤੀਆਂ? ਮੇਰੇ ਕੋਲ ਇਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਸਨ। ਇਹ ਸੱਚ ਹੈ ਕਿ ਦੋਸ਼ੀਆਂ ਉਪਰ ਮੁਕੱਦਮੇ ਚਲਾਉਣ ਵਾਸਤੇ ਸਿਆਸੀ ਇੱਛਾ ਸੀ ਹੀ ਨਹੀਂ, ਪਰ ਮੇਰੇ ਦਿਲ ਵਿਚ ਇਸ ਮਸਲੇ ਬਾਰੇ ਕੀ ਕੀ ਖਿਆਲ ਆਉਂਦੇ ਹਨ, ਕੀ ਮੈਂ ਉਨ੍ਹਾਂ ਨੂੰ ਦੱਸ ਸਕਿਆ?
ਪੰਨਾ 302: ਪੇਂਡੂਆਂ ਦਾ ਦੂਜਾ ਗਿਲਾ ਜੋਧਪੁਰ ਦੇ ਨਜ਼ਰਬੰਦ ਸਿੱਖਾਂ ਬਾਰੇ ਸੀ। ਇਹ ਉਹ ਬੰਦੀ ਸਨ ਜਿਹੜੇ ਆਪ੍ਰੇਸ਼ਨ ਬਲੂਸਟਾਰ ਵੇਲੇ ਫੜੇ ਗਏ। ਬਹੁਤਿਆਂ ਦਾ ਖਾਲਿਸਤਾਨ ਜਾਂ ਭਿੰਡਰਾਂਵਾਲੇ ਨਾਲ ਕੋਈ ਤੁਅਲਕ ਨਹੀਂ ਸੀ। ਉਹ ਤਾਂ ਪੰਜਵੇਂ (ਗਲਤੀਵਸ ਰਿਬੇਰੋ ਨੇ ਇਥੇ ਛੇਵੇਂ ਗੁਰੂ ਲਿਖ ਦਿੱਤਾ ਹੈ) ਗੁਰੂ ਦੀ ਸ਼ਹਾਦਤ ਦੇ ਦਿਨ ਮੱਥਾ ਟੇਕਣ ਗਏ ਸਨ। ਬਦਕਿਸਮਤੀ ਨਾਲ ਆਪ੍ਰੇਸ਼ਨ ਕਰਨ ਵਾਸਤੇ ਇਹੋ ਦਿਨ ਚੁਣਿਆ ਗਿਆ; ਕਿਉਂਕਿ ਖਾੜਕੂਆਂ ਸਮੇਤ ਇਹ ਲੋਕ ਅੰਦਰੋਂ ਫੌਜ ਨੇ ਫੜੇ ਇਸ ਕਰ ਕੇ ਇਨ੍ਹਾਂ ਸਾਰਿਆਂ ਉਤੇ “ਸਟੇਟ ਵਿਰੁਧ ਜੰਗ ਛੇੜ ਦੇਣ” ਦਾ ਸੰਗੀਨ ਫਰਦ ਜੁਰਮ ਲਾ ਕੇ ਸਾਜ਼ਿਸ਼ ਕੇਸ ਬਣਾ ਦਿੱਤਾ ਗਿਆ। ਬੇਕਸੂਰਾਂ ਨੂੰ ਦੋਸ਼ੀਆਂ ਨਾਲੋਂ ਵੱਖ ਨਾ ਕੀਤਾ ਗਿਆ, ਚਾਰਜਸ਼ੀਟ ਪੇਸ਼ ਕਰਨ ਵੇਲੇ ਸਭ ਦੇ ਨਾਮ ਇਕੋ ਲਿਸਟ ਵਿਚ ਸਨ, ਸੋ ਸਾਰੇ ਟੰਗੇ ਗਏ। ਪੇਂਡੂਆਂ ਨੂੰ ਕਾਨੂੰਨੀ ਬਰੀਕੀਆਂ ਦਾ ਕੀ ਪਤਾ? ਲੋਕਾਂ ਦਾ ਸਵਾਲ ਸੀ, ਇੰਨਾ ਲੰਮਾ ਸਮਾਂ ਇੰਨੀ ਵੱਡੀ ਗਿਣਤੀ ਵਿਚ ਸਿੱਖਾਂ ਨੂੰ ਕਿਉਂ ਬੰਦ ਕਰ ਰੱਿਖਐ? ਤਿੰਨ ਸਾਲ ਤੋਂ ਮੁਕੱਦਮਾ ਲਟਕ ਰਿਹਾ ਹੈ, ਕਿਉਂਕਿ ਕਦੀ ਇਕ ਬੰਦੀ ਬਿਮਾਰ ਹੋਣ ਕਰ ਕੇ ਪੇਸ਼ੀ ‘ਤੇ ਨਹੀਂ ਜਾ ਸਕਦਾ, ਕਦੀ ਦੂਜਾ; ਅਦਾਲਤਾਂ ਤਰੀਕ ਦਰ ਤਰੀਕ ਪਾਉਂਦੀਆਂ ਰਹਿੰਦੀਆਂ। ਦੋ ਸੋ ਬੰਦੀ ਸਨ, ਵਕੀਲਾਂ ਦੀ ਧਾੜ ਸੀ, ਗਵਾਹਾਂ ਦੀ ਜਿਰ੍ਹਾ ਕਰਨੀ ਸੀ, ਫਲਸਰੂਪ ਸਿਰੇ ਤਾਂ ਕੀ ਲੱਗਣਾ ਸੀ, ਮੁਕੱਦਮਾ ਸ਼ੁਰੂ ਹੀ ਨਹੀਂ ਹੋਇਆ।
ਹੋਰ ਸ਼ਿਕਵੇ ਵੀ ਸਨ। ਮਸਲਨ ਰਾਜੀਵ-ਲੌਂਗੋਵਾਲ ਸਮਝੌਤਾ ਲਾਗੂ ਕਿਉਂ ਨਾ ਹੋਇਆ? ਅਕਾਲੀ ਲੀਡਰ ਚੰਡੀਗੜ੍ਹ, ਪੰਜਾਬ ਹਵਾਲੇ ਕਰਨ ਵਿਚ ਰੁਚਿਤ ਹੋਣਗੇ, ਪੇਂਡੂਆਂ ਦਾ ਇਸ ਮੰਗ ਨਾਲ ਕੋਈ ਸਰੋਕਾਰ ਨਹੀਂ ਸੀ। ਜਿਹੜੀ ਗੱਲ ਉਨ੍ਹਾਂ ਨੂੰ ਚੁਭਦੀ ਸੀ, ਉਹ ਇਹ ਕਿ ਪੰਜਾਬ ਦਾ ਪਾਣੀ ਹਰਿਆਣਾ ਨੂੰ ਕਿਉਂ ਦਿੱਤਾ ਜਾਏ? ਖੇਤੀ ਵਾਸਤੇ ਪਾਣੀ ਹੀ ਲਹੂ ਹੈ ਤੇ ਪ੍ਰਚਾਰ ਸੱਚਾ ਹੋਵੇ ਚਾਹੇ ਝੂਠਾ, ਜੇ ਕਿਸਾਨਾਂ ਨੂੰ ਦੱਸਦਾ ਹੈ ਕਿ ਉਨ੍ਹਾਂ ਦਾ ਪਾਣੀ ਬਾਹਰ ਭੇਜਿਆ ਜਾ ਰਿਹੈ ਤਾਂ ਉਹ ਬੇਚੈਨ ਹੋਣਗੇ ਹੀ ਹੋਣਗੇ।
ਪੰਨਾ 303: ਮੈਂ ਆਪਣੇ ਖਿਆਲਾਤ ਗਵਰਨਰ ਅਤੇ ਪ੍ਰਧਾਨ ਮੰਤਰੀ ਪਾਸ ਨਿਰੰਤਰ ਪੁੱਜਦੇ ਕਰਦਾ। ਰੇਅ ਕਿਉਂਕਿ ਪਿੰਡਾਂ ਦਾ ਟੂਰ ਕਰਦਾ ਰਿਹਾ ਸੀ, ਉਹ ਇਨ੍ਹਾਂ ਗੱਲਾਂ ਤੋਂ ਵਾਕਫ ਸੀ ਪਰ ਪ੍ਰਧਾਨ ਮੰਤਰੀ ਦੇ ਸਲਾਹਕਾਰ ਹੋਰ ਬਥੇਰੇ ਸਨ ਜਿਨ੍ਹਾਂ ਵਿਚ ਅਰਜਨ ਸਿੰਘ, ਅਰੁਣ ਨਹਿਰੂ, ਫੋਤੇਦਾਰ, ਬੂਟਾ ਸਿੰਘ, ਚਿਦੰਬਰਮ ਅਤੇ ਬਹੁਤ ਸਾਰੇ ਅਫਸਰ। ਪ੍ਰਿੰਸੀਪਲ ਸਕੱਤਰ ਸਰਲਾ ਗਰੇਵਾਲ ਅਤੇ ਕੈਬਨਿਟ ਸਕੱਤਰ ਦੇਸ਼ਮੁਖ ਖਾਮੋਸ਼ ਬੈਠੇ ਰਹਿੰਦੇ। ਲਗਦੈ, ਇਨ੍ਹਾਂ ਨੂੰ ਪ੍ਰਧਾਨ ਮੰਤਰੀ ਨੇ ਚੁੱਪ ਰਹਿਣ ਦਾ ਇਸ਼ਾਰਾ ਕਰ ਰੱਖਿਆ ਸੀ।
ਪੰਜਾਬ ਵਿਚ ਰਾਸ਼ਟਰਪਤੀ ਰਾਜ ਲਾਗੂ ਹੋ ਗਿਆ ਤਾਂ ਰੇਅ ਨੇ ਪੇਂਡੂ ਜਨਤਾ ਵਿਚ ਦੌਰੇ ਵਧਾ ਦਿੱਤੇ। ਲੋਕਾਂ ਨੂੰ ਦੱਸਣਾ ਸੀ ਕਿ ਅਸੀਂ ਉਨ੍ਹਾਂ ਦੇ ਹਿਤਾਂ ਵਾਸਤੇ ਲੜ ਰਹੇ ਹਾਂ। ਸਿਆਸੀ ਪਾਰਟੀਆਂ ਨੂੰ ਸੱਦਾ ਦਿੱਤਾ ਜਾਂਦਾ। ਕਾਮਰੇਡ ਉਤਸ਼ਾਹ ਨਾਲ ਹਰ ਮੀਟਿੰਗ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦੇ। ਬੀæਜੇæਪੀæ ਲੀਡਰ, ਖਾਸ ਕਰ ਕੇ ਹਿਤ ਅਭਿਲਾਸ਼ੀ ਸ਼ਹਿਰੀ ਮੀਟਿੰਗ ਵਿਚ ਆਉਂਦੇ, ਪਿੰਡ ਜਾਣੋਂ ਗੁਰੇਜ਼ ਕਰਦੇ। ਅਕਾਲੀ ਦਲ (ਬਾਦਲ) ਨੇ ਹਰ ਮੀਟਿੰਗ ਦਾ ਬਾਈਕਾਟ ਕੀਤਾ। ਸ਼ੁਰੂ ਵਿਚ ਬਰਨਾਲਾ ਅਕਾਲੀ ਦਲ ਦੇ ਵਰਕਰ ਆਉਂਦੇ, ਜਦੋਂ ਬਰਨਾਲਾ ਸਰਕਾਰ ਟੁੱਟ ਗਈ, ਉਹ ਵੀ ਹਟ ਗਏ। ਮੁੜ ਸੱਤਾ ਵਿਚ ਆਉਣ ਦੀ ਆਸ ਨਾ ਰਹੀ। ਮੈਂ ਰੇਅ ਨਾਲ ਹਰ ਮੀਟਿੰਗ ਵਿਚ ਜਾਂਦਾ। ਅਫਸਰਸ਼ਾਹੀ ਦੂਰ ਰਹਿੰਦੀ, ਸ਼ਾਇਦ ਜਾਨ ਨੂੰ ਖਤਰਾ ਜਾਣ ਕੇ।
ਬਹੁਤ ਸਾਰੇ ਅਫਸਰ ਲੋਕਾਂ ਨਾਲ ਮੇਰੇ ਮੇਲ-ਮਿਲਾਪ ਵਾਲੇ ਉਤਸ਼ਾਹ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਸਨ। ਮੇਰਾ ਡਿਪਟੀ ਕੇæਪੀæਐਸ਼ ਗਿੱਲ ਖਾਸ ਕਰ ਕੇ ਮੇਰਾ ਆਲੋਚਕ ਸੀ। ਉਸ ਨੇ ਕਦੇ ਅਜਿਹੀ ਮੀਟਿੰਗ ਵਿਚ ਹਾਜ਼ਰੀ ਨਹੀਂ ਭਰੀ। ਉਹਨੂੰ ਖਾੜਕੂਆਂ ਦਾ ਸ਼ਿਕਾਰ ਕਰਨਾ ਭਾਉਂਦਾ ਸੀ ਤੇ ਇਹ ਕੰਮ ਮੈਂ ਉਸੇ ਉਪਰ ਛੱਡ ਦਿੱਤਾ। ਉਹ ਚੰਗਾ ਪ੍ਰਬੰਧਕ ਸੀ ਤੇ ਸਫਲ ਆਪ੍ਰੇਸ਼ਨ ਕਰਦਾ, ਪਰ ਦਹਿਸ਼ਤਵਾਦ ਹੁੰਦਾ ਕੀ ਹੈ, ਉਸ ਨੂੰ ਨਹੀਂ ਸੀ ਪਤਾ; ਘੱਟੋ-ਘੱਟ ਉਦੋਂ ਨਹੀਂ ਸੀ ਪਤਾ। ਜੇ ਉਸ ਨੂੰ ਪਤਾ ਹੁੰਦਾ, ਲੋਕਾਂ ਦੇ ਦਿਲ ਦੀ ਥਾਹ ਪਾਉਣ ਵਾਸਤੇ ਉਹ ਮੇਰਾ ਮਦਦਗਾਰ ਹੁੰਦਾ।
ਅਪਰੈਲ 1988 ਵਿਚ ਜਦੋਂ ਮੈਂ ਗਵਰਨਰ ਦਾ ਸਲਾਹਕਾਰ ਨਿਯੁਕਤ ਹੋ ਗਿਆ ਤੇ ਗਿੱਲ ਪੁਲਿਸ ਚੀਫ, ਉਸ ਨੇ ਗਵਰਨਰ ਕੋਲ ਮੇਰੀ ਸ਼ਿਕਾਇਤ ਕੀਤੀ ਕਿ ਜਦੋਂ ਉਹ ਖਾੜਕੂਆਂ ਪਿਛੇ ਭੱਜ ਰਿਹਾ ਹੁੰਦੈ, ਉਦੋਂ ਮੈਂ ਉਸ ਦੇ ਅਫਸਰਾਂ ਨੂੰ ਪਬਲਿਕ ਮੀਟਿੰਗਾਂ ਵਿਚ ਲੈ ਜਾਂਦਾ ਹਾਂ। ਮੱਧ ਪ੍ਰਦੇਸ਼ ਕੇਡਰ ਦਾ ਆਈæਪੀæਐਸ਼ ਚਮਨ ਲਾਲ ਆਈæਜੀæ ਬਾਰਡਰ ਰੇਂਜ ਬਿਲਕੁਲ ਮੇਰੇ ਵਾਂਗ ਸੋਚਦਾ, ਮੇਰੇ ਵਾਂਗ ਵਰਤਦਾ। ਮੈਂ ਨਾ ਹੁੰਦਾ, ਉਹ ਤਾਂ ਵੀ ਲੋਕਾਂ ਨੂੰ ਮਿਲਦਾ ਰਹਿੰਦਾ। ਸਿੱਖ ਕਿਸਾਨੀ ਉਸ ਦਾ ਪੂਰਾ ਆਦਰ ਕਰਦੀ, ਕਿਉਂਕਿ ਪਤਾ ਸੀ ਨੇਕ ਹੈ, ਇਮਾਨਦਾਰ ਹੈ, ਪੁਲਿਸ ਨੂੰ ਕਾਬੂ ਵਿਚ ਰੱਖਦੈ। ਗਿੱਲ ਉਸ ਦੇ ਖਿਲਾਫ ਹੋ ਗਿਆ ਤੇ ਹਟਾਉਣਾ ਚਾਹਿਆ। ਰੇਅ ਨੂੰ ਇਸ ਸਮੱਸਿਆ ਦੀ ਜੜ੍ਹ ਦਾ ਪਤਾ ਸੀ। ਉਸ ਨੂੰ ਪਤਾ ਸੀ ਜੋ ਮੈਂ ਅਤੇ ਚਮਨ ਲਾਲ ਕਰ ਰਹੇ ਹਾਂ, ਠੀਕ ਹੈ। ਉਹ ਜਾਣਦਾ ਸੀ ਜੋ ਗਿੱਲ ਕਰ ਰਿਹੈ, ਉਹ ਵੀ ਸਹੀ ਹੈ; ਕਿਉਂਕਿ ਖਾੜਕੂਆਂ ਨਾਲ ਇਵੇਂ ਸਿੱਝਣਾ ਜ਼ਰੂਰੀ ਸੀ। ਆਮ ਬੰਦੇ ਦੀ ਹਮਾਇਤ ਪ੍ਰਾਪਤ ਕਰਨੀ ਕਿਉਂ ਜ਼ਰੂਰੀ ਹੈ, ਗਿੱਲ ਨੂੰ ਇਸ ਗੱਲ ਨਾਲ ਕੋਈ ਸਰੋਕਾਰ ਨਹੀਂ ਸੀ। ਉਸ ਅਨੁਸਾਰ ਇਹ ਸਮੇਂ ਦੀ ਬਰਬਾਦੀ ਹੈ ਤੇ ਪੁਲਿਸ ਦਾ ਕੰਮ ਲੋਕਾਂ ਦੇ ਦਿਲ ਜਿੱਤਣਾ ਨਹੀਂ। ਇਉਂ ਕਰਨ ਨਾਲ ਲੋਕ ਪੁਲਿਸ ਤੋਂ ਡਰਨੋਂ ਹਟ ਜਾਂਦੇ ਨੇ। ਰੇਅ ਕੋਲ ਇਸ ਸਮੱਸਿਆ ਦਾ ਹੱਲ ਨਹੀਂ ਸੀ। ਉਹ ਮੈਨੂੰ ਇਹੀ ਕਹਿੰਦਾ ਹੁੰਦਾ-ਤੂੰ ਆਪਣਾ ਕੰਮ ਕਰੀ ਚੱਲ। ਗਿੱਲ ਨੂੰ ਆਪਣਾ ਕੰਮ ਕਰੀ ਜਾਣ ਦੇਹ; ਉਸ ਨੂੰ ਰੋਕ ਨਾ, ਟੋਕ ਨਾ।
(ਚਲਦਾ)
Leave a Reply