ਸਿਨੇਮਾ ਇਤਿਹਾਸ ਦੀ ਸਭ ਤੋਂ ਜ਼ਰੂਰੀ ਫਿਲਮ ‘ਸਿਟੀਜ਼ਨ ਕੇਨ’

ਡਾ. ਕੁਲਦੀਪ ਕੌਰ
ਫੋਨ: +91-98554-04330
ਸਿਨੇਮਾ ਦੇ ਇਤਿਹਾਸ ਵਿਚੋਂ ਜੇਕਰ ਸਭ ਤੋਂ ਸਫਲ ਸਾਬਤ ਹੋਈ ਪਰ ਹੁਣ ਤੱਕ ਵੀ ਆਲੋਚਕਾਂ ਅਤੇ ਦਰਸ਼ਕਾਂ ਦੇ ਚੰਗੀ ਤਰ੍ਹਾਂ ਸਮਝ ਨਾ ਆ ਸਕਣ ਵਾਲੀ ਫਿਲਮ ਦਾ ਨਾਮ ਲੈਣਾ ਹੋਵੇ ਤਾਂ ਲਿਹਾਜ਼ਾ ‘ਸਿਟੀਜ਼ਨ ਕੇਨ` ਦਾ ਨਾਮ ਸਾਹਮਣੇ ਆਵੇਗਾ। ਇਸ ਫਿਲਮ ਨੇ ਸਿਨੇਮਾ ਦੇ ਇਤਿਹਾਸ ਵਿਚ ਅਜਿਹੀ ਫਿਲਮ ਦਾ ਦਰਜਾ ਹਾਸਿਲ ਕਰ ਲਿਆ ਹੈ ਕਿ ਇਹ ਦੁਨੀਆ ਭਰ ਦੇ ਫਿਲਮ ਸਕੂਲਾਂ ਦੇ ਸਿਲੇਬਸਾਂ ਦਾ ਜ਼ਰੂਰੀ ਹਿੱਸਾ ਬਣ ਚੁੱਕੀ ਹੈ। ਇਸ ਫਿਲਮ ਨੂੰ ਸਮਝਣਾ ਇਸ ਲਈ ਵੀ ਮੁਸ਼ਕਿਲ ਹੈ ਕਿ ਇਸ ਫਿਲਮ ਨਾਲ ਜੁੜੇ ਵਿਵਾਦਾਂ ਤੇ ਦੰਦ-ਕਥਾਵਾਂ ਨੇ ਇਸ ਦੇ ਆਲੇ-ਦੁਆਲੇ ਅਜਿਹਾ ਰਹੱਸਮਈ ਤਾਣਾ-ਬਾਣਾ ਬੁਣ ਰੱਖਿਆ ਹੈ ਕਿ ਇਸ ਫਿਲਮ ਨੂੰ ਕਈ-ਕਈ ਵਾਰ ਦੇਖਣ ਤੋਂ ਬਾਅਦ ਵੀ ਇਸ ਨੂੰ ਅਗਲੀ ਵਾਰ ਦੇਖਣ ਦੀ ਇੱਛਾ ਬਣੀ ਰਹਿੰਦੀ ਹੈ।

ਇਸ ਫਿਲਮ ਬਾਰੇ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇਸ ਫਿਲਮ ਦੇ ਸਿਰਜਕ ਓਰਸਨ ਵੈਲੇਸ ਦਾ 1969 ਵਿਚ ਰਿਕਾਰਡ ਹੋਇਆ ਇੰਟਰਵਿਊ ਬਹੁਤ ਮਹਤੱਵਪੂਰਨ ਹੈ। ਉਹ ਇਸ ਇੰਟਰਵਿਊ ਵਿਚ ਇਸ ਫਿਲਮ ਬਾਰੇ ਆਖਦਾ ਹੈ ਕਿ ਇਸ ਫਿਲਮ ਦੀ ਰਿਲੀਜ਼ ਤੋਂ ਬਾਅਦ ਉਹਨੇ ਇਹ ਫਿਲਮ ਕਦੇ ਨਹੀਂ ਦੇਖੀ, ਭਾਵੇਂ ਉਹਦੇ ਆਸ-ਪਾਸ ਸਾਲਾਂਬੱਧੀ ਇਸ ਬਾਰੇ ਚਰਚਾ ਹੁੰਦੀ ਰਹੀ ਹੈ। ਉਸ ਨੂੰ ਜਾਣਨ ਵਾਲਿਆਂ ਦਾ ਇਹ ਮੰਨਣਾ ਸੀ ਇਸ ਦਾ ਕਾਰਨ ਸ਼ਾਇਦ ਇਹ ਹੋ ਸਕਦਾ ਕਿ ਇਸ ਫਿਲਮ ਦਾ ਮੁੱਖ ਕਿਰਦਾਰ ਜਿੰਨੀ ਬੁਰੀ ਤਰ੍ਹਾਂ ਨਾਲ ਜ਼ਿੰਦਗੀ ਹੱਥੋਂ ਹਾਰਦਾ ਹੈ, ਉਸ ਕਾਰਨ ਇਸ ਫਿਲਮਸਾਜ਼ ਦੀ ਹਿੰਮਤ ਹੀ ਨਹੀਂ ਪਈ ਕਿ ਉਹ ਇਸ ਨੂੰ ਦੁਬਾਰਾ ਦੇਖ ਸਕੇ। ਇਸ ਫਿਲਮ ਦਾ ਸਭ ਤੋਂ ਮਹਤੱਵਪੂਰਨ ਪਹਿਲੂ ਇਹ ਵੀ ਹੈ ਕਿ ਇਹ ਫਿਲਮ ਇਸ ਨਿਰਦੇਸ਼ਕ ਦੀ ਜ਼ਿੰਦਗੀ ਵਿਚ ਚੱਲ ਰਹੀ ਉਥਲ-ਪੁਥਲ ਨੂੰ ਵੀ ਦ੍ਰਿਸ਼ਾਂ ਦੀ ਜ਼ੁਬਾਨ ਦਿੰਦੀ ਹੈ।
ਫਿਲਮ ‘ਸਿਟੀਜ਼ਨ ਕੇਨ` ਬਾਰੇ ਚਰਚਾ ਸ਼ੁਰੂ ਕਰਨ ਤੋਂ ਪਹਿਲਾ ਤਿੰਨ ਅਹਿਮ ਨੁਕਤਿਆਂ ‘ਤੇ ਗੱਲ ਕਰਨੀ ਜ਼ਰੂਰੀ ਹੈ। ਪਹਿਲਾ: ਫਿਲਮ ਇਸ ਤੱਥ ਨੂੰ ਪੱਕੇ ਪੈਰੀਂ ਕਰਦੀ ਹੈ ਕਿ ਯਾਦ ਉਪਰ ਬਹੁਤ ਜ਼ਿਆਦਾ ਭਰੋਸਾ ਨਹੀਂ ਕੀਤਾ ਜਾ ਸਕਦਾ। ਫਿਲਮ ਦੇ ਮੁੱਖ ਕਿਰਦਾਰ ਚਾਰਲਸ ਫੋਸਟਰ ਕੇਨ ਦੀ ਕਹਾਣੀ ਉਸ ਦੀ ਮੌਤ ਤੋਂ ਬਾਅਦ, ਉਸ ਦੇ ਸੰਪਰਕ ਵਿਚ ਆਉਣ ਵਾਲਿਆਂ ਦੇ ਨਜ਼ਰੀਏ ਤੋਂ ਨਿੱਕੇ-ਨਿੱਕੇ ਟੁਕੜਿਆਂ ਰਾਹੀਂ ਘੜੀ ਜਾਂਦੀ ਹੈ। ਉਸ ਦਾ ਸਭ ਤੋਂ ਕਰੀਬੀ ਮੁਲਾਜ਼ਮ ਉਸ ਪ੍ਰਤੀ ਸ਼ਰਧਾ ਨਾਲ ਭਰਿਆ ਹੋਣ ਕਾਰਨ ਉਸ ਦੀ ਕਹਾਣੀ ਵਿਚ ਸਾਰਾ ਕੁਝ ਚਮਤਕਾਰੀ ਤੇ ਅਸਾਧਾਰਨ ਹੀ ਦੇਖਦਾ ਹੈ। ਉਸ ਨੂੰ ਇਹ ਦਿਸਦਾ ਹੀ ਨਹੀਂ ਕਿ ਆਪਣੇ ਕੈਰੀਅਰ ਦੇ ਸ਼ੁਰੂਆਤੀ ਦਿਨਾਂ ਵਿਚ ਬੇਹੱਦ ਆਦਰਸ਼ਕ ਤੇ ਸਚਾਈ ਨਾਲ ਭਰਿਆ ਉਸ ਦਾ ਬਾਸ ਕੇਨ ਕਿਵੇਂ ਹੌਲੀ-ਹੌਲੀ ਭ੍ਰਿਸ਼ਟ ਤੇ ਤੱਥਾਂ ਨੂੰ ਗਲਤ ਢੰਗ ਨਾਲ ਪੇਸ਼ ਕਰਨ ਵਾਲੇ ਸੰਪਾਦਕ ਵਿਚ ਬਦਲਦਾ ਚਲਾ ਗਿਆ। ਉਸ ਦੇ ਅਖਬਾਰ ਦਾ ਪ੍ਰਬੰਧਕੀ ਅੰਗ ਹੋਣ ਦੇ ਬਾਵਜੂਦ ਇਸ ਮੁਲਾਜ਼ਮ ਨੇ ਆਜ਼ਾਦ ਤੌਰ ‘ਤੇ ਸੋਚਣਾ ਹੀ ਬੰਦ ਕਰ ਦਿੱਤਾ ਅਤੇ ਮਾਲਕ ਦੀ ਭਗਤੀ ਨਾਲ ਭਰੇ ਉਸ ਇਨਸਾਨ ਨੂੰ ਸਚਾਈ ਦਿਸਣੀ ਹੀ ਬੰਦ ਹੋ ਗਈ। ਇਹ ਹਰ ਕਿਸੇ ਦੀ ਹੋਣੀ ਹੋ ਸਕਦੀ ਹੈ, ਜੇਕਰ ਕਿਸੇ ਨੂੰ ਆਤਮਾ ਦੀਆਂ ਅੱਖਾਂ ਬੰਦ ਕਰ ਕੇ ਆਪਣੇ ਹੀ ਭਰਮਾਂ ‘ਤੇ ਵਿਸ਼ਵਾਸਾਂ ਨੂੰ ਅੰਤਿਮ ਸੱਚ ਮੰਨਣ ਦੀ ਆਦਤ ਪੈ ਜਾਵੇ!
ਕੇਨ ਦੀ ਕਹਾਣੀ ਨੂੰ ਸੂਤਰਬੱਧ ਕਰ ਰਿਹਾ ਪੱਤਰਕਾਰ ਥਾਮਸਨ ਉਸ ਦੇ ਨਜ਼ਦੀਕੀਆਂ ਕੋਲ ਉਸ ਦੀ ਮੌਤ ਦਾ ਰਹੱਸ ਲੱਭਣ ਜਾਂਦਾ ਹੈ ਜਿਸ ਦੀ ਗੁੱਥੀ ਕੇਨ ਦੁਆਰਾ ਮਰਦੇ ਸਮੇਂ ਬੋਲੇ ਸ਼ਬਦਾਂ ‘ਰੋਜ਼ ਬੱਡ` ਵਿਚ ਛੁਪੀ ਹੋਈ ਹੈ। ਕੋਈ ਮਰਦੇ ਸਮੇਂ ਕਿਸ ਤਰਾਂ੍ਹ ਦੇ ਸ਼ਬਦ ਬੋਲੇਗਾ ਤੇ ਕੀ ਉਨ੍ਹਾਂ ਸ਼ਬਦਾਂ ਦਾ ਉਸ ਸ਼ਖਸ ਦੀ ਜ਼ਿੰਦਗੀ ਵਿਚ ਅਧੂਰੀਆਂ ਰਹਿ ਗਈਆਂ ਇੱਛਾਵਾਂ ਤੇ ਦੁੱਖਾਂ ਨਾਲ ਕੋਈ ਸਬੰਧ ਬਣਦਾ ਹੈ? ਇਨ੍ਹਾਂ ਹੀ ਸਵਾਲਾਂ ਦੇ ਆਧਾਰ ‘ਤੇ ਉਸ ਸ਼ਖਸ ਦੀ ਜ਼ਿੰਦਗੀ ਦੀਆਂ ਜਿੱਤਾਂ ਤੇ ਹਾਰਾਂ ਦੀ ਦਰ ਤੈਅ ਕੀਤੀ ਜਾਂਦੀ ਹੈ? ਇਸ ਤੋਂ ਬਿਨਾਂ ਇਹ ਫਿਲਮ ਇਹ ਸਵਾਲ ਵੀ ਖੜ੍ਹਾ ਕਰਦੀ ਹੈ ਕਿ ਬਹੁਤ ਸਾਰਾ ਪੈਸਾ, ਅੰਨ੍ਹੀ ਸ਼ੁਹਰਤ ਤੇ ਸਾਰੀ ਦੁਨੀਆ ਵਿਚ ਨਾਮ ਕਮਾਉਣ ਦੇ ਬਾਵਜੂਦ ਹਰ ਸ਼ਖਸ ਦੀ ਜ਼ਿੰਦਗੀ ਵਿਚ ਕੋਈ ਅਜਿਹਾ ਗਹਿਰਾ ਦੁੱਖ ਹੈ ਜਿਹੜਾ ਉਨ੍ਹਾਂ ਦੀ ਰੂਹ ਨੂੰ ਲਗਾਤਾਰ ਨਪੀੜੀ ਰੱਖਦਾ ਹੈ ਤੇ ਉਹ ਟੁੱਟੇ ਦਿਲਾਂ ਨਾਲ ਹੀ ਇਸ ਦੁਨੀਆ ਤੋਂ ਵਿਦਾ ਲੈ ਲੈਂਦੇ ਹਨ। ਆਖਿਰ ਵਿਚ ਉਨ੍ਹਾਂ ਨੂੰ ਵੀ ਉਸੇ ਤਰ੍ਹਾਂ ਭੁਲਾ ਦਿੱਤਾ ਜਾਂਦਾ ਹੈ, ਜਿਵੇਂ ਇਸ ਧਰਤੀ ਦੀ ਕੋਈ ਵੀ ਚੀਜ਼ ਭੁਲਾ ਦਿੱਤੀ ਜਾਂਦੀ ਹੈ। ਇਸ ਫਿਲਮ ਦਾ ਇਹ ਸ਼ਾਨਦਾਰ ਸੁਨੇਹਾ ਹੀ ਇਸ ਫਿਲਮ ਨੂੰ ਇੰਨਾ ਆਸਧਾਰਨ ਬਣਾਉਂਦਾ ਹੈ ਕਿ ਕੋਈ ਵੀ ਇਨਸਾਨ ਮੌਤ ਤੋਂ ਬਾਅਦ ਸਿਰਫ ਓਨਾ ਹੀ ਜਿਊਂਦਾ ਹੈ, ਜਿੰਨਾ ਉਹ ਆਪਣੇ ਸੰਪਰਕ ਵਿਚ ਆਉਣ ਵਾਲਿਆਂ ਦੀਆਂ ਯਾਦਾਂ ਵਿਚ ਬਚਿਆ ਰਹਿ ਜਾਂਦਾ ਹੈ। ਬੁੱਤਾਂ ਜਾਂ ਇਮਾਰਤਾਂ ‘ਤੇ ਕੋਈ ਜ਼ਿਆਦਾ ਯਕੀਨ ਨਹੀਂ ਕੀਤਾ ਜਾ ਸਕਦਾ।
ਇਸ ਫਿਲਮ ਦਾ ਸਿਨੇਮਾ ਦੇ ਇਤਿਹਾਸ ਵਿਚ ਦੂਜਾ ਵੱਡਾ ਯੋਗਦਾਨ ‘ਮਹਾਨ ਅਮਰੀਕਨ ਸੁਪਨੇ` ਦੀ ਤਰਾਸਦੀ ਨੂੰ ਬਿਆਨ ਕਰਨਾ ਸੀ। ਇਸ ਫਿਲਮ ਦੀ ਕਹਾਣੀ ਇੱਕ ਤਰ੍ਹਾਂ ਨਾਲ ਆਧੁਨਿਕ ਵਿਕਾਸ ਦੇ ਢਾਂਚਿਆਂ ਦੇ ਖੋਖਲੇਪਣ ‘ਤੇ ਤਨਜ਼ ਕੱਸਦੀ ਹੈ। ਫਿਲਮ ਦੀ ਸ਼ੁਰੂਆਤ ਵਿਚ ਛੋਟਾ ਕੇਨ ਬਹੁਤ ਆਰਾਮ ਨਾਲ ਆਪਣੇ ਘਰ ਦੇ ਵਿਹੜੇ ਵਿਚ ਬਰਫ ਵਿਚ ਖੇਡ ਰਿਹਾ ਹੈ। ਉਹ ਬਿਲਕੁੱਲ ਬੇਫਿਕਰ ਅਤੇ ਮਾਸੂਮ ਹੈ। ਉਸ ਦੇ ਮਾਪੇ ਉਸ ਨੂੰ ਆਪਣੇ ਕਿਸੇ ਰਿਸ਼ਤੇਦਾਰ ਕੋਲ ਭੇਜ ਦਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਸ ਨੂੰ ਇੱਥੇ ਰੱਖ ਕੇ ਉਹ ਉਸ ਦੀ ਤਰੱਕੀ ਰੋਕ ਰਹੇ ਹਨ। ਸਾਰੇ ਮਾਪਿਆਂ ਵਾਂਗ ਉਨ੍ਹਾਂ ਨੂੰ ਜਾਪਦਾ ਹੈ ਕਿ ਬਹੁਤ ਸਾਰੀ ਦੌਲਤ ਤੇ ਸ਼ੁਹਰਤ ਉਨ੍ਹਾਂ ਦੇ ਬੱਚੇ ਦਾ ਭਵਿੱਖ ਸੁਨਹਿਰੀ ਬਣਾ ਦੇਵੇਗੀ। ਉਹ ‘ਮਹਾਨ ਅਮਰੀਕਨ ਸੁਪਨੇ` ਦੀ ਬਨਾਵਟੀ ਤੇ ਦੋ-ਮੂੰਹੀਂ ਦੁਨੀਆ ਵਿਚ ਧੱਕ ਦਿੱਤਾ ਜਾਂਦਾ ਹੈ। ਪੈਸੇ ਦੀ ਅੰਨ੍ਹੀ ਦੌੜ ਵਿਚ ਉਹ ਆਪਣੀ ਮਾਸੂਮੀਅਤ, ਦਿਲ ਦੀ ਨਜ਼ਾਕਤ ਅਤੇ ਭਾਵਨਾਤਮਿਕ ਸ਼ਾਤੀ ਗੁਆ ਬੈਠਦਾ ਹੈ। ਉਹ ਪੈਸੇ ਨਾਲ ਖੁਸ਼ੀਆਂ ਖਰੀਦਣ ਦੀ ਕੋਸ਼ਿਸ ਕਰਦਾ ਹੈ ਤੇ ਦੂਜਿਆਂ ਦੀ ਗਰੀਬੀ ਦਾ ਮਜ਼ਾਕ ਉਡਾਉਂਦਾ ਹੈ ਪਰ ਸਮਾਂ ਗੁਜ਼ਰਨ ਦੇ ਨਾਲ-ਨਾਲ ਉਹ ਇਕੱਲਾ ਹੁੰਦਾ ਜਾਂਦਾ ਹੈ ਅਤੇ ਦਿਨੋ-ਦਿਨ ਆਪਣੇ ਤੇ ਤਰਸ ਖਾਣ ਦੀ ਹਾਲਤ ਵਿਚ ਆ ਜਾਂਦਾ ਹੈ। ਉਸ ਦੇ ਆਸ-ਪਾਸ ਦੇ ਲੋਕ ਉਸ ਨੂੰ ਸਿਰਫ ਪੈਸੇ ਕਾਰਨ ਪਛਾਣਦੇ ਹਨ ਅਤੇ ਉਸ ਸਾਹਮਣੇ ਚਾਪਲੂਸ ਬਣੇ ਰਹਿੰਦੇ ਹਨ। ਉਹ ਘਰ ਵਿਚ ਚੀਜ਼ਾਂ ਦਾ ਭੰਡਾਰ ਜਮ੍ਹਾਂ ਕਰ ਲੈਂਦਾ ਹੈ ਤੇ ਅੰਤ ਵਿਚ ਜਦੋਂ ਉਹ ਆਪਣੀ ਦੇਹ ਤਿਆਗਦਾ ਹੈ ਤੇ ਉਸ ਕੋਲ ਇੱਕ ਵੀ ਬੰਦਾ ਅਜਿਹਾ ਨਹੀਂ ਹੁੰਦਾ ਜੋ ਮੌਤ ਤੋਂ ਬਾਅਦ ਉਸ ਦੀਆਂ ਅੱਖਾਂ ਬੰਦ ਕਰ ਸਕੇ। ਉਸ ਦੇ ਆਖਰੀ ਸ਼ਬਦ ਸੁਣਨ ਵਾਲਾ ਵੀ ਕੋਈ ਨਹੀਂ।
ਇਸ ਤੋਂ ਬਿਨਾਂ ਇਹ ਫਿਲਮ ਸਿਆਸੀ ਇੱਛਾਵਾਂ ਬਾਰੇ ਵੱਖਰਾ ਬਿਰਤਾਂਤ ਸਿਰਜਦੀ ਹੈ ਜਿਹੜਾ ਅੱਜ ਵੀ ਅਮਰੀਕਾ ਦੀ ਮੌਜੂਦਾ ਸਿਆਸਤ ਲਈ ਸੱਚ ਹੈ। ਫਿਲਮ ਸਿਆਸੀ ਧਰੁਵੀਕਰਨ ਵਿਚ ਅਖਬਾਰਾਂ ਤੇ ਬਾਕੀ ਮੀਡੀਆਂ ਦੀ ਭੂਮਿਕਾ ਬਾਰੇ ਵੀ ਤਿੱਖੇ ਸਵਾਲ ਖੜ੍ਹੇ ਕਰਦੀ ਹੈ।
ਇਨ੍ਹਾਂ ਸਾਰੇ ਤੱਥਾਂ ਤੋਂ ਬਿਨਾਂ ਜਿਸ ਕਾਰਨ ਇਹ ਫਿਲਮ ਚਰਚਾ ਵਿਚ ਰਹਿੰਦੀ ਹੈ, ਉਹ ਫਿਲਮ ਦੇ ਫਿਲਮਾਉਣ ਦਾ ਤਰੀਕਾ ਜਿਸ ਨੇ ਇੱਕ ਤਰ੍ਹਾਂ ਨਾਲ ਫਿਲਮ ਬਣਾਉਣ ਦੇ ਖੇਤਰ ਵਿਚ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ।