ਰਾਵਣ ਸੜਦਾ ਰਹੇਗਾ, ‘ਸੋਨੇ ਦੀ ਲੰਕਾ’ ਫਿਰ ਵੀ ਬਚੀ ਰਹੇਗੀ

-ਜਤਿੰਦਰ ਪਨੂੰ
ਖਬਰ ਛੋਟੀ ਜਿਹੀ ਸੀ, ਜਿਹੜੀ ਬਹੁਤੇ ਲੋਕਾਂ ਨੇ ਮਾੜੀ ਜਿਹੀ ਨਜ਼ਰ ਮਾਰ ਕੇ ਪਾਸੇ ਕਰ ਦਿੱਤੀ, ਪਰ ਇਹ ਏਨੀ ਮਾਮੂਲੀ ਨਹੀਂ ਸੀ ਕਿ ਅਣਗੌਲੀ ਕਰ ਦਿੱਤੀ ਜਾਵੇ। ਹੋਇਆ ਇਹ ਸੀ ਕਿ ਜਲੰਧਰ ਦੀ ਇਕ ਕਾਲੋਨੀ ਵਿਚ ਕੁਝ ਬੱਚਿਆਂ ਨੇ ਕਿਹਾ ਕਿ ਅਸੀਂ ਆਪਣਾ ਕਾਲੋਨੀ ਪੱਧਰ ਦਾ ਦੁਸਹਿਰਾ ਮਨਾਉਣਾ ਹੈ, ਤੇ ਉਹ ਰਾਵਣ ਦਾ ਬੁੱਤ ਬਣਾਉਣ ਲਈ ਉਗਰਾਹੀ ਕਰਨ ਲੱਗ ਪਏ। ਜਦੋਂ ਲੋਕਾਂ ਨੇ ਪੈਸੇ ਦੇ ਦਿੱਤੇ ਤੇ ਬੱਚਿਆਂ ਨੇ ਰਾਵਣ ਦਾ ਬੁੱਤ ਬਣਾ ਲਿਆ ਤਾਂ ਨਾਲ ਇਹ ਸ਼ਰਤ ਲਿਖ ਕੇ ਲਾ ਦਿੱਤੀ ਕਿ ਅਸੀਂ ਸੱਦਣਾ ਕਿਸੇ ਨੂੰ ਨਹੀਂ, ਪਰ ਇਸ ਬੁੱਤ ਨੂੰ ਅੱਗ ਲਾਉਣ ਲਈ ਉਹ ਆਗੂ ਆਵੇ, ਜਿਸ ਨੇ ਕਦੇ ਕੋਈ ਮਾੜਾ ਕੰਮ ਨਾ ਕੀਤਾ ਹੋਵੇ। ਸ਼ਾਮ ਤੱਕ ਨੇਤਾ ਦੀ ਉਡੀਕ ਹੁੰਦੀ ਰਹੀ। ਨਹੀਂ ਸੀ ਆਉਣਾ ਕਿਸੇ ਨੇ, ਅਤੇ ਕੋਈ ਆਇਆ ਵੀ ਨਹੀਂ ਸੀ। ਸਾਰੇ ਜਲੰਧਰ ਦੇ ਨੇਤਾ ਪਾਸਾ ਵੱਟ ਗਏ ਸਨ। ਆਖਰ ਇਕ ਬੱਚੇ ਤੋਂ ਰਾਵਣ ਦੇ ਉਸ ਪੁਤਲੇ ਨੂੰ ਅੱਗ ਦੇਣ ਦੀ ਰਸਮ ਪੂਰੀ ਕਰਵਾਈ ਗਈ।
ਇਸ ਨੂੰ ਭਾਰਤ ਦੇ ਹਾਲਾਤ ਨਾਲ ਜੋੜ ਕੇ ਵੇਖੀਏ। ਸਾਰੇ ਦੇਸ਼ ਵਿਚ ਉਸੇ ਦਿਨ ਉਸੇ ਰਾਵਣ ਦੇ ਪੁਤਲੇ ਫੂਕੇ ਗਏ ਸਨ। ਹਰ ਥਾਂ ਪੁਤਲੇ ਨੂੰ ਅੱਗ ਲਾਉਣ ਵਾਲਾ ਕੋਈ ਨਾ ਕੋਈ ਵੱਡਾ ਨੇਤਾ ਸੱਦਿਆ ਗਿਆ ਸੀ। ਦਿੱਲੀ ਵਿਚ ਰਾਵਣ ਦੇ ਪੁਤਲੇ ਨੂੰ ਅੱਗ ਲਾਉਣ ਸੋਨੀਆ ਗਾਂਧੀ ਆਈ ਸੀ। ਨਾਲ ਡਾæ ਮਨਮੋਹਨ ਸਿੰਘ ਦਾ ਹੋਣਾ ਜ਼ਰੂਰੀ ਸਮਝਿਆ ਗਿਆ ਸੀ। ਜੀ-ਹਜ਼ੂਰੀਏ ਆ ਕੇ ਸੋਨੀਆ ਗਾਂਧੀ ਨਾਲ ਫੋਟੋ ਖਿਚਵਾਉਣ ਦੇ ਬਹਾਨੇ ਬਣਾ ਰਹੇ ਸਨ। ਇਕ ਜਣੇ ਨੇ ਤੀਰ-ਕਮਾਨ ਚੁੱਕ ਲਿਆਂਦਾ, ਜਿਹੜਾ ਸੋਨੀਆ ਗਾਂਧੀ ਦੇ ਹੱਥ ਫੜਾ ਕੇ ਰਾਵਣ ਵੱਲ ਚਲਾਉਣ ਲਈ ਕਿਹਾ ਗਿਆ ਤੇ ਜਦੋਂ ਉਸ ਨੂੰ ਚਲਾਉਣਾ ਨਾ ਆਇਆ ਤਾਂ ਉਸ ਦਾ ਹੱਥ ਲਵਾ ਕੇ ਫਿਰ ਆਪ ਚਲਾ ਦਿੱਤਾ। ਇਹ ਚੋਚਲੇ ਹਰ ਰਾਜ ਵਿਚ ਲਗਭਗ ਹਰ ਥਾਂ ਕੀਤੇ ਜਾ ਰਹੇ ਸਨ ਤੇ ਨਾਲ ਇਹ ਕਿਹਾ ਜਾ ਰਿਹਾ ਸੀ ਕਿ ਦੁਸਹਿਰੇ ਦਾ ਤਿਓਹਾਰ ਤਾਂ ਬਦੀ ਉਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਰਾਵਣ ਦੇ ਸਿਰਫ ਪੁਤਲੇ ਸਨ, ਜਿਹੜੇ ਬੋਲ ਨਹੀਂ ਸਨ ਸਕਦੇ। ਜੇ ਰਾਵਣ ਦਾ ਪੁਤਲਾ ਬੋਲ ਸਕਦਾ ਤਾਂ ਉਸ ਨੇ ਇਹ ਗਾਣਾ ਸੁਣਾਉਣ ਲੱਗ ਜਾਣਾ ਸੀ, ‘ਪਹਿਲਾ ਪੱਥਰ ਵੋ ਮਾਰੇ, ਜਿਸ ਨੇ ਪਾਪ ਨਾ ਕੀਆ ਹੋ, ਜੋ ਪਾਪੀ ਨਾ ਹੋ’। ਉਦੋਂ ਸਾਰਿਆਂ ਦੇ ਸਿਰ ਸ਼ਰਮ ਨਾਲ ਝੁਕ ਜਾਣੇ ਸਨ।
ਚਰਚਾ ਤਾਂ ਇਹ ਵੀ ਚੱਲਦੀ ਹੈ ਕਿ ਰਾਵਣ ਅਸਲ ਵਿਚ ਉਦੋਂ ਭਾਰਤ ਵਿਚ ਵੱਸਦੇ ਦਰਾਵੜਾਂ ਦਾ ਆਗੂ ਹੁੰਦਾ ਸੀ, ਜਿਸ ਨੂੰ ਬਾਹਰੋਂ ਆਏ ਆਰੀਆ ਹਮਲਾਵਰਾਂ ਨੇ ਹਰਾ ਦਿੱਤਾ। ਹਾਰਨ ਵਾਲਾ ਇਤਿਹਾਸ ਦਾ ਖਲਨਾਇਕ ਹੋ ਗਿਆ ਤੇ ਉਸ ਨੂੰ ਹਰਾਉਣ ਵਾਲਾ ਰਾਜਾ ਰਾਮ ਚੰਦਰ ਭਗਵਾਨ ਅਤੇ ਸੱਚਾਈ ਦੀ ਜੰਗ ਦਾ ਨਾਇਕ ਹੋ ਗਿਆ ਸੀ, ਪਰ ਇਸ ਚਰਚਾ ਨੂੰ ਅਸੀਂ ਇਥੇ ਨਹੀਂ ਛੇੜ ਰਹੇ। ਇਥੇ ਸਿਰਫ ਇਹ ਗੱਲ ਲੈ ਕੇ ਚੱਲੀਏ ਕਿ ਰਾਵਣ ਨੂੰ ਪਾਪੀ ਮੰਨਿਆ ਜਾਂਦਾ ਹੈ। ਹਰ ਸਾਲ ਉਸ ਨੂੰ ਸਾੜ ਕੇ ਪਾਪੀ ਨੂੰ ਸਜ਼ਾ ਦੇਣ ਦਾ ਸਾਂਗ ਕੀਤਾ ਜਾਂਦਾ ਹੈ, ਪਰ ਇਸ ਸਜ਼ਾ ਨਾਲ ਹੋਰ ਰਾਵਣ ਜੰਮਣੋਂ ਤਾਂ ਹਟ ਨਹੀਂ ਸਕੇ। ਗੱਲ ਰਾਵਣ ਦੀ ਬਜਾਏ ਰਾਵਣ-ਬਿਰਤੀ ਦੀ ਹੋਣੀ ਚਾਹੀਦੀ ਹੈ, ਜਿਸ ਦਾ ਜ਼ਿਕਰ ਕਰਨ ਨੂੰ ਕੋਈ ਆਗੂ ਤਿਆਰ ਨਹੀਂ। ਆਮ ਲੋਕ ਉਸ ਦੀ ਚਰਚਾ ਕਰਦੇ ਹਨ, ਆਗੂ ਨਹੀਂ ਕਰਨਾ ਚਾਹੁੰਦੇ। ਆਗੂ ਇਹ ਚਰਚਾ ਕਰਨਗੇ ਤਾਂ ਲੋਕ ਪੁੱਛ ਲੈਣਗੇ ਕਿ ਜੇ ਰਾਮ ਦਾ ਭੇਸ ਧਾਰ ਕੇ ਰਾਵਣ ਫਿਰਦਾ ਹੋਵੇ, ਫਿਰ ਕੀ ਕਰਨਾ ਚਾਹੀਦਾ ਹੈ?
ਰਾਵਣ-ਬਿਰਤੀ ਸਿਰਫ ਇਕ ਇਸਤਰੀ ਦੇ ਅਗਵਾ ਦੀ ਘਟਨਾ ਤੱਕ ਸੀਮਤ ਨਹੀਂ ਹੋ ਸਕਦੀ, ਸਾਰੇ ਦੇਸ਼ ਦੇ ਲੋਕਾਂ ਦੀ ਖੂਨ-ਪਸੀਨੇ ਦੀ ਕਮਾਈ ਨਾਲ ‘ਸੋਨੇ ਦੀ ਲੰਕਾ’ ਬਣਾ ਕੇ ਐਸ਼ ਕਰਨਾ ਵੀ ਉਸ ਵਿਚ ਸ਼ਾਮਲ ਹੁੰਦਾ ਹੈ ਤੇ ‘ਤਕੜੇ ਦਾ ਸੱਤੀਂ ਵੀਹੀਂ ਸੌ’ ਦਾ ਫਾਰਮੂਲਾ ਵੀ ਇਸ ਬਿਰਤੀ ਦਾ ਅੰਗ ਹੈ। ‘ਸੋਨੇ ਦੀ ਲੰਕਾ’ ਵਿਚ ਲੰਕਾ ਦੇ ਸਮੁੱਚੇ ਲੋਕ ਸੋਨੇ ਦੇ ਘਰਾਂ ਵਿਚ ਨਹੀਂ ਸੀ ਰਹਿੰਦੇ। ਆਮ ਲੋਕ ਉਥੇ ਵੀ ਝੁੱਗੀਆਂ ਵਿਚ ਰਹਿੰਦੇ ਹੋਣਗੇ। ਜੇ ਲੰਕਾ ਸੋਨੇ ਦੀ ਹੁੰਦੀ ਤਾਂ ਰਾਮ ਵੱਲੋਂ ਲਾਈ ਅੱਗ ਤੋਂ ਬਾਅਦ ਸੋਨਾ ਢਲ ਜਾਣ ਦੇ ਪਿੱਛੋਂ ਹਵਾ ਵਿਚ ਨਹੀਂ ਸੀ ਉਡ ਜਾਣਾ। ਲੱਕੜਾਂ ਸੜਨ ਤਾਂ ਕੋਲੇ ਬਣ ਜਾਂਦੇ ਹਨ, ਪਰ ਸੋਨਾ ਢਲ ਜਾਣ ਤੋਂ ਬਾਅਦ ਵੀ ਕੋਲਾ ਨਹੀਂ ਸੀ ਬਣਨਾ, ਉਸ ਦੇ ਸਬੂਤ ਵਜੋਂ ਅੱਜ ਦੇ ਸ੍ਰੀਲੰਕਾ ਦੀਆਂ ਪਹਾੜੀਆਂ ਤੋਂ ਪੱਥਰਾਂ ਦੀ ਥਾਂ ਸੋਨੇ ਦੇ ਡਲ਼ੇ ਉਖੜਿਆ ਕਰਨੇ ਸਨ। ਜੇ ਇਸ ਤਰ੍ਹਾਂ ਨਹੀਂ ਵਾਪਰ ਰਿਹਾ ਤਾਂ ਸਾਫ ਹੈ ਕਿ ਲੰਕਾ ਸੋਨੇ ਦੀ ਨਹੀਂ ਸੀ ਹੁੰਦੀ, ਲੰਕਾ ਦੇ ਰਾਜੇ ਦਾ ਲੋਕਾਂ ਦੀ ਕਿਰਤ-ਕਮਾਈ ਨੂੰ ਲੁੱਟ ਕੇ ਬਣਾਇਆ ਆਪਣਾ ਮਹਿਲ ਹੀ ਸੋਨੇ ਦਾ ਹੋਵੇਗਾ। ਭਾਰਤ ਨੂੰ ਵੀ ਕਦੇ ‘ਸੋਨੇ ਦੀ ਚਿੜੀ’ ਕਿਹਾ ਜਾਂਦਾ ਸੀ, ਪਰ ਸਾਰੇ ਲੋਕ ਸੋਨੇ ਦੇ ਘਰਾਂ ਵਿਚ ਨਹੀਂ ਸੀ ਰਹਿੰਦੇ। ਇਥੇ ਵੀ ਰਾਜੇ ਤੇ ਨਵਾਬ ਸੋਨੇ ਦੀਆਂ ਕੁਰਸੀਆਂ ਉਤੇ ਬੈਠਦੇ ਤੇ ਸੋਨੇ ਦੇ ਬਰਤਨਾਂ ਵਿਚ ਖਾਂਦੇ-ਪੀਂਦੇ ਹੋਣਗੇ ਤੇ ਉਨ੍ਹਾਂ ਵੱਲੋਂ ਆਪਣੇ ਪਾਪਾਂ ਦੀ ਮੁਆਫੀ ਲਈ ਚੜ੍ਹਾਇਆ ਹੋਇਆ ਸੋਨਾ ਮੰਦਰਾਂ ਦੇ ਤਹਿਖਾਨਿਆਂ ਵਿਚ ਪਿਆ ਕਦੀ ਕਿਸੇ ਮਹਿਮੂਦ ਗਜ਼ਨਵੀ ਤੇ ਕਦੀ ਕਿਸੇ ਮੁਹੰਮਦ ਗੌਰੀ ਨੂੰ ਉਡੀਕਦਾ ਰਹਿੰਦਾ ਹੋਵੇਗਾ।
ਸਾਡੇ ਅੱਜ ਦੇ ਭਾਰਤ ਵਿਚ ਵੀ ਇਹੋ ਹਾਲ ਹੈ। ਕਿਸੇ ਅੰਬਾਨੀ ਘਰਾਣੇ ਕੋਲ ਦੌਲਤ ਦਾ ਢੇਰ ਹੈ। ਉਨ੍ਹਾਂ ਦੀ ‘ਸੋਨੇ ਦੀ ਲੰਕਾ’ ਦੇ ਨਾਲ ਕਈ ਕਿਸਮ ਦੇ ਹੇਰਾਫੇਰੀ ਦੇ ਵਿਵਾਦ ਜੁੜਦੇ ਹਨ। ਕੋਈ ਹਰਿਆਣੇ ਦਾ ਜਿੰਦਲ ਪਰਿਵਾਰ ਆਪਣੀ ‘ਸੋਨੇ ਦੀ ਲੰਕਾ’ ਬਣਾਈ ਫਿਰਦਾ ਹੈ, ਪਰ ਨੀਤ ਦੀ ਭੁੱਖ ਅਜੇ ਵੀ ਨਹੀਂ ਗਈ। ਇਸ ਕਰ ਕੇ ਉਹ ਕੋਲੇ ਦੇ ਬਲਾਕਾਂ ਦੀ ਅਲਾਟਮੈਂਟ ਵਿਚ ਕਾਲਖ ਨਾਲ ਲਿੱਬੜ ਗਿਆ ਹੈ। ਕਰਨਾਟਕਾ ਦੇ ਰੈਡੀ ਭਰਾਵਾਂ ਵਿਚੋਂ ਦੋ ਜਣੇ ਮੰਤਰੀ ਵੀ ਬਣਾ ਦਿੱਤੇ ਗਏ ਸਨ। ਫਿਰ ਸਕੈਂਡਲਾਂ ਦੀ ਸੜ੍ਹਿਆਂਦ ਬਾਹਰ ਨਿਕਲ ਆਈ ਤੇ ਜੇਲ੍ਹ ਜਾਣਾ ਪੈ ਗਿਆ। ਉਨ੍ਹਾਂ ਦੇ ਘਰ ਛਾਪੇ ਵੱਜੇ ਤਾਂ ਪਤਾ ਲੱਗਾ ਕਿ ਉਹ ਸੋਨੇ ਦੇ ਬਰਤਨਾਂ ਵਿਚ ਖਾਣਾ ਖਾਂਦੇ ਸਨ ਤੇ ਸੋਨੇ ਦੀ ਕੁਰਸੀ ਉਤੇ ਬੈਠਦੇ ਸਨ। ਰਾਵਣ ਜਿੱਡੀ ਨਾ ਸਹੀ, ਆਪਣੇ ਹਿਸਾਬ ਨਾਲ ਇਕ ‘ਸੋਨੇ ਦੀ ਲੰਕਾ’ ਤਾਂ ਉਨ੍ਹਾਂ ਨੇ ਵੀ ਬਣਾ ਲਈ ਸੀ। ਕਦੇ ਉਨ੍ਹਾਂ ਦਾ ਬਾਪ ਆਪਣੇ ਕਾਰੋਬਾਰ ਦੇ ਲਾਈਸੈਂਸ ਦੇ ਕਾਗਜ਼ ਲੈਣ ਲਈ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੈਦਰਾਬਾਦ ਦੇ ਇਕ ਕਲਰਕ ਨੂੰ ਆਪਣੇ ਸਕੂਟਰ ਉਤੇ ਬਿਠਾ ਕੇ ਉਸ ਦੀ ਸੇਵਾ ਕਰਨ ਲਈ ਚਾਰ ਮੀਨਾਰ ਇਲਾਕੇ ਦੇ ਇਕ ਢਾਬੇ ਤੋਂ ਰੋਟੀ ਖਵਾਉਣ ਗਿਆ ਸੀ। ਜਦੋਂ ਉਨ੍ਹਾਂ ਨੇ ‘ਸੋਨੇ ਦੀ ਲੰਕਾ’ ਬਣਾ ਲਈ, ਫਿਰ ਆਂਧਰਾ ਪ੍ਰਦੇਸ਼ ਦਾ ਕਾਂਗਰਸ ਦਾ ਮੁੱਖ ਮੰਤਰੀ ਤੇ ਕਰਨਾਟਕਾ ਦਾ ਭਾਰਤੀ ਜਨਤਾ ਪਾਰਟੀ ਦਾ ਮੁੱਖ ਮੰਤਰੀ ਉਨ੍ਹਾਂ ਦੇ ਘਰ ਇਹ ਸੱਦਾ ਦੇਣ ਆਉਣ ਲੱਗ ਪਏ ਕਿ ਸਾਡੇ ਵੱਲੋਂ ਚੋਣ ਲੜੋ ਤੇ ਆਣ ਕੇ ਮੰਤਰੀ ਬਣਨ ਦੀ ਕ੍ਰਿਪਾਲਤਾ ਕਰੋ। ਸਮਾਂ ਬਦਲਿਆ ਤੇ ਉਹ ਜੇਲ੍ਹ ਚਲੇ ਗਏ। ਦੋਵਾਂ ਪਾਰਟੀਆਂ ਦੇ ਲੀਡਰ ਉਨ੍ਹਾਂ ਨਾਲ ਆਪਣੇ ਸਬੰਧਾਂ ਤੋਂ ਮੁੱਕਰਨ ਲੱਗ ਪਏ। ਸੁਸ਼ਮਾ ਸਵਰਾਜ ਭਾਰਤ ਦੀ ਪਾਰਲੀਮੈਂਟ ਵਿਚ ਵਿਰੋਧੀ ਧਿਰ ਦੀ ਆਗੂ ਹੈ, ਉਸ ਨੂੰ ਉਨ੍ਹਾਂ ਰੈਡੀ ਭਰਾਵਾਂ ਦੀ ‘ਗਾਡ ਮਦਰ’ ਵਜੋਂ ਜਾਣਿਆ ਜਾਂਦਾ ਸੀ, ਉਹ ਦੋ ਦਿਨ ਤੱਕ ਕੁਝ ਬੋਲੀ ਹੀ ਨਹੀਂ ਸੀ ਤੇ ਫਿਰ ਇਹ ਕਹਿਣ ਲੱਗ ਪਈ ਕਿ ਪਾਰਟੀ ਵਿਚ ਹੋਣ ਕਰ ਕੇ ਸਬੰਧ ਸਨ, ਨਿੱਜੀ ਸਬੰਧ ਕੋਈ ਨਹੀਂ ਸੀ। ਉਦੋਂ ‘ਰਾਵਣਾਂ ਦਾ ਟੱਬਰ’ ਰਾਤੋ-ਰਾਤ ਅਛੂਤ ਹੋ ਗਿਆ ਸੀ।
ਅਬਦੁਲ ਕਰੀਮ ਤੇਲਗੀ ਦੋ ਟਕੇ ਦੀ ਔਕਾਤ ਵਾਲਾ ਬੰਦਾ ਸੀ। ਉਸ ਨੂੰ ਇਕ ਫੁਰਨਾ ਸੁੱਝਾ। ਸਰਕਾਰ ਦੇ ਸਟੈਂਪ ਪੇਪਰ, ਜਿਨ੍ਹਾਂ ਨੂੰ ਅਸੀਂ ਲੋਕ ‘ਅਸ਼ਟਾਮ’ ਆਖਦੇ ਹਾਂ, ਛਾਪਣ ਵਾਲੀ ਪ੍ਰੈਸ ਦੇ ਅਫਸਰਾਂ ਨਾਲ ਸਾਂਝ ਪਾ ਕੇ ਉਹ ਉਸ ਪ੍ਰੈਸ ਦੀਆਂ ਮਸ਼ੀਨਾਂ ਰੱਦੀ ਦੇ ਖਾਤੇ ਵਿਚ ਖਰੀਦਣ ਵਿਚ ਕਾਮਯਾਬ ਹੋ ਗਿਆ। ਉਸ ਪ੍ਰੈਸ ਦੀ ਮਸ਼ੀਨਰੀ ਕਿਸੇ ਨੂੰ ਵੇਚਣ ਦੀ ਕਾਨੂੰਨੀ ਮਨਾਹੀ ਸੀ, ਪਰ ਕਿਸੇ ਅਫਸਰ ਨੇ ਪ੍ਰਵਾਹ ਨਹੀਂ ਸੀ ਕੀਤੀ। ਫਿਰ ਉਸ ਨੇ ਪ੍ਰੈਸ ਲਾ ਲਈ। ਸਰਕਾਰ ਦੀ ਪ੍ਰੈਸ ਵਿਚ ਜਿਹੜੇ ਕਾਰਿੰਦੇ ਕੰਮ ਕਰਦੇ ਸਨ, ਉਹ ਤੇਲਗੀ ਦੇ ਪ੍ਰੈਸ ਵਿਚ ਜਾ ਕੇ ਉਹੋ ਅਸ਼ਟਾਮ ਛਾਪਣ ਲੱਗ ਗਏ ਤੇ ਸਾਰੇ ਦੇਸ਼ ਵਿਚ ਸਰਕਾਰ ਦੇ ਮਾਲ ਦੀ ਬਜਾਏ ਉਸ ਦਾ ਮਾਲ ਵਿਕਣ ਲੱਗ ਪਿਆ। ਜ਼ਮੀਨ-ਜਾਇਦਾਦ ਦੀ ਖਰੀਦੋ-ਫਰੋਖਤ ਵਾਸਤੇ ਵੀ ਸਾਰੇ ਦੇਸ਼ ਵਿਚ ਉਹੋ ਅਸ਼ਟਾਮ ਵਿਕਦੇ ਰਹੇ ਤੇ ਸਰਕਾਰ ਨਰਸਿਮਹਾ ਰਾਓ ਦੇ ਰਾਜ ਵਿਚ ਵੀ ਸੁੱਤੀ ਰਹੀ, ਦੇਵਗੌੜਾ ਅਤੇ ਗੁਜਰਾਲ ਸਰਕਾਰਾਂ ਦੇ ਵਕਤ ਵੀ ਤੇ ਵਾਜਪਾਈ ਜੀ ਦੇ ਮੁੱਢਲੇ ਸਾਲਾਂ ਵਿਚ ਵੀ।
ਫਿਰ ਅਚਾਨਕ ਰੌਲਾ ਪੈ ਗਿਆ। ਉਦੋਂ ਭਾਰਤ ਦਾ ਵਿਦੇਸ਼ ਮੰਤਰੀ ਭਾਜਪਾ ਆਗੂ ਜਸਵੰਤ ਸਿੰਘ ਹੁੰਦਾ ਸੀ। ਉਸ ਨੇ ਪਾਰਲੀਮੈਂਟ ਵਿਚ ਉਠ ਕੇ ਕਿਹਾ ਕਿ ਕੁੱਲ ਘੋਟਾਲਾ ਬੱਤੀ ਹਜ਼ਾਰ ਕਰੋੜ ਰੁਪਏ ਦਾ ਬਣਦਾ ਹੈ ਤੇ ਇਸ ਨਾਲ ਸਾਰੇ ਦੇਸ਼ ਵਿਚ ਜ਼ਮੀਨਾਂ ਦੀਆਂ ਰਜਿਸਟਰੀਆਂ ਜਿਵੇਂ ਹੋ ਚੁੱਕੀਆਂ ਹਨ, ਜੇ ਉਹ ਸਾਰੀਆਂ ਰੱਦ ਕੀਤੀਆਂ ਜਾਣ ਤਾਂ ਬਹੁਤ ਵੱਡਾ ਬਖੇੜਾ ਪੈਦਾ ਹੋ ਜਾਵੇਗਾ, ਇਸ ਲਈ ਸਰਕਾਰ ਦਾ ਫੈਸਲਾ ਹੈ ਕਿ ਸਾਰੀਆਂ ਰਜਿਸਟਰੀਆਂ ਸਹੀ ਮੰਨ ਲਈਆਂ ਜਾਣ। ਕਿੱਡੀ ਵੱਡੀ ‘ਫਰਾਖਦਿਲੀ’ ਇਕ ਸਰਕਾਰ ਨੇ ਵਿਖਾ ਦਿੱਤੀ ਕਿ ਅਸ਼ਟਾਮ ਭਾਵੇਂ ਸਾਰੇ ਜਾਅਲੀ ਲਾਏ ਗਏ ਹਨ, ਫਿਰ ਵੀ ਸਾਰੇ ਦੇ ਸਾਰੇ ਅਸਲੀ ਮੰਨੇ ਜਾਣਗੇ। ਇਹ ਸਾਰਾ ਘੋਟਾਲਾ ਤਕਰੀਬਨ ਬੱਤੀ ਹਜ਼ਾਰ ਕਰੋੜ ਰੁਪਏ ਦਾ ਉਦੋਂ ਸੀ, ਜਦੋਂ ਸਾਡੇ ਪੰਜਾਬ ਦਾ ਬੱਜਟ ਸਿਰਫ ਅਠਾਈ ਹਜ਼ਾਰ ਕਰੋੜ ਰੁਪਏ ਦਾ ਸੀ। ਤੇਲਗੀ ਦੇ ਨਾਲ ਕਾਂਗਰਸੀ ਆਗੂਆਂ ਦੇ ਸਬੰਧ ਵੀ ਸਨ, ਸ਼ਰਦ ਪਵਾਰ ਦਾ ਨਾਂ ਵੀ ਬੋਲਦਾ ਸੀ, ਭਾਜਪਾ ਅਤੇ ਸ਼ਿਵ ਸੈਨਾ ਵਾਲਿਆਂ ਦੇ ਸਬੰਧ ਵੀ ਸਨ, ਪਰ ਜਦੋਂ ਕੀਤੀਆਂ ਭੁਗਤਣ ਦਾ ਸਮਾਂ ਆਇਆ ਤਾਂ ਸਾਰੇ ਕਿਨਾਰਾ ਕਰ ਗਏ ਤੇ ਜੇਲ੍ਹ ਵਿਚ ਉਹ ਇਕੱਲਾ ਅੱਡੀਆਂ ਰਗੜ ਰਿਹਾ ਹੈ। ਸੜਦੇ ਰਾਵਣ ਦੇ ਨਾਲ ਕੋਈ ਨਹੀਂ ਸੜਦਾ ਹੁੰਦਾ।
ਸਿਰਫ ਦੋਂਹ-ਚੌਂਹ ਕੇਸਾਂ ਨਾਲ ਗੱਲ ਮੁੱਕ ਨਹੀਂ ਜਾਂਦੀ, ਰਾਵਣ ਬਣਨ ਅਤੇ ਸੜਨ ਦੀ ਪ੍ਰਕਿਰਿਆ ਹਰ ਸਮੇਂ ਜਾਰੀ ਰਹੀ ਹੈ, ਤੇ ਹੁਣ ਵੀ ਜਾਰੀ ਹੈ। ਭਾਰਤ ਦੇ ਕਿਸੇ ਵੀ ਰਾਜ ਵਿਚ ਚਲੇ ਜਾਉ, ਬਿਰਤੀ ਦੇ ਪੱਖ ਤੋਂ ਰਾਵਣ ਦੇ ਕੁਝ ਨਾ ਕੁਝ ਰਿਸ਼ਤੇਦਾਰ ਜ਼ਰੂਰ ਮਿਲ ਜਾਣਗੇ। ਉਹ ਪੰਜਾਬ ਵਿਚ ਵੀ ਹੋਣਗੇ, ਹਿਮਾਚਲ ਪ੍ਰਦੇਸ਼ ਤੇ ਹਰਿਆਣੇ ਵਿਚ ਵੀ। ਜਿਹੜੇ ਰਾਜ ਹਾਲੇ ਤੱਕ ਕੁਝ ਇਮਾਨਦਾਰ ਰਾਜਨੀਤੀ ਲਈ ਜਾਣੇ ਜਾਂਦੇ ਰਹੇ ਹਨ, ਹੁਣ ਉਨ੍ਹਾਂ ਵਿਚ ਵੀ ਇਸ ਰੋਗ ਦੇ ਮਰੀਜ਼ ਮਿਲਣ ਲੱਗੇ ਹਨ। ਬਾਬੇ ਕਹਿੰਦੇ ਹੁੰਦੇ ਸਨ ਕਿ ‘ਜੋ ਨਾ ਡਿੱਠਾ, ਸੋਈਓ ਮਿੱਠਾ।’
ਭਾਰਤੀ ਰਾਜਨੀਤੀ ਵਿਚ ਆਪਣੇ ਆਪ ਨੂੰ ਵੱਖਰੀ-ਨਿਆਰੀ ਪਾਰਟੀ ਦੱਸਣ ਵਾਲੀ ਭਾਜਪਾ ਬਾਰੇ ਕਾਂਗਰਸ ਪਾਰਟੀ ਦੇ ਆਗੂ ਦਿਗਵਿਜੇ ਸਿੰਘ ਦਾ ਦਬਕਾ ਵੀ ਲੋਕਾਂ ਨੇ ਉਵੇਂ ਹੀ ਅਣਗੌਲਿਆ ਕਰ ਦਿੱਤਾ ਹੈ, ਜਿਵੇਂ ਜਲੰਧਰ ਵਿਚ ਬੱਚਿਆਂ ਦੇ ਬਣਾਏ ਹੋਏ ਰਾਵਣ ਦੇ ਪੁਤਲੇ ਦੀ ਖਬਰ ਅਣਗੌਲੀ ਕਰ ਦਿੱਤੀ ਗਈ ਹੈ। ਦਿਗਵਿਜੇ ਸਿੰਘ ਨੇ ਇਸ ਹਫਤੇ ਦੇ ਸ਼ੁਰੂ ਵਿਚ ਕਿਹਾ ਸੀ ਕਿ ਵਾਜਪਾਈ ਤੇ ਅਡਵਾਨੀ ਦੇ ਰਿਸ਼ਤੇਦਾਰਾਂ ਦੇ ਖਿਲਾਫ ਸਾਡੇ ਕੋਲ ਵੀ ਸਬੂਤ ਹਨ, ਪਰ ਅਸੀਂ ਉਹ ਸਬੂਤ ਵਰਤਾਂਗੇ ਨਹੀਂ। ਜਦੋਂ ਏਦਾਂ ਦੀ ਗੱਲ ਕਹੀ ਜਾਵੇ ਕਿ ‘ਵਰਤਾਂਗੇ ਨਹੀਂ’, ਤਾਂ ਅਸਲ ਮਤਲਬ ਅਗਲੀ ਧਿਰ ਨੂੰ ਇਹ ਦੱਸਣਾ ਹੁੰਦਾ ਹੈ ਕਿ ‘ਬੱਚੂ, ਮਸਾਲਾ ਸਾਡੇ ਕੋਲ ਵੀ ਹੈ, ਜੇ ਤੁਸੀਂ ਨਾ ਹਟੋਗੇ ਤਾਂ ਫੁੱਲਝੜੀਆਂ ਅਸੀਂ ਵੀ ਚਲਾਉਣ ਲੱਗ ਪਵਾਂਗੇ।’ ਜਿਹੜਾ ਦਬਕਾ ਛੱਡਿਆ ਗਿਆ, ਉਸ ਵਿਚਲਾ ਸੱਚ ਵੀ ਸਭ ਨੂੰ ਪਤਾ ਹੈ। ਵਾਜਪਾਈ ਦੀ ਮੁਤਬੰਨੀ ਧੀ ਨਮਿਤਾ ਦੇ ਪਤੀ ਰੰਜਨ ਭੱਟਾਚਾਰੀਆ ਦਾ ਨਾਂ ਲੋਕਾਂ ਵਿਚ ਪਹਿਲਾਂ ਵੀ ਚਰਚਿਤ ਰਹਿ ਚੁੱਕਾ ਸੀ ਅਤੇ ਅਡਵਾਨੀ ਦੇ ਮਾਮਲੇ ਵਿਚ ਉਨ੍ਹਾਂ ਦੀ ਨੂੰਹ ਦੀ ਚਿੱਠੀ ਹੀ ਬਾਹਰ ਕੱਢ ਦੇਣੀ ਕਾਫੀ ਸੀ। ਦਿਗਵਿਜੇ ਸਿੰਘ ਦੇ ਦਬਕੇ ਤੋਂ ਬਾਅਦ ਭਾਜਪਾ ਵਾਲੇ ਏਨਾ ਕਹਿਣ ਦੀ ਹਿੰਮਤ ਨਹੀਂ ਕਰ ਸਕੇ ਕਿ ‘ਜਾਹ, ਤੂੰ ਜਿਹੜਾ ਕੱਦੂ ਵਿਚ ਤੀਰ ਮਾਰਨਾ ਹੈ, ਮਾਰ ਲੈ, ਅਸੀਂ ਪ੍ਰਵਾਹ ਨਹੀਂ ਕਰਦੇ।’ ਇਹ ਹਿੰਮਤ ਇਸ ਲਈ ਨਹੀਂ ਕੀਤੀ ਗਈ ਕਿ ਅੰਦਰ ਦੀ ਕਚਿਆਈ ਦਾ ਸਭ ਨੂੰ ਪਤਾ ਹੈ।
ਦਿਗਵਿਜੇ ਸਿੰਘ ਦਾ ਦਬਕਾ ਸਾਡੇ ਅੱਜ ਦੇ ਭਾਰਤ ਦੀ ‘ਸੋਨੇ ਦੀ ਲੰਕਾ’ ਦੀ ਸਲਾਮਤੀ ਦੀ ਗਾਰੰਟੀ ਕਰਦਾ ਹੈ। ਕਾਂਗਰਸ ਵਾਲੇ ਵਾਜਪਾਈ ਤੇ ਅਡਵਾਨੀ ਦੇ ਰਿਸ਼ਤੇਦਾਰਾਂ ਦੇ ਖਿਲਾਫ ਸਬੂਤ ਹੁੰਦਿਆਂ ਵੀ ਚਰਚਾ ਨਾ ਛੇੜਨ ਦਾ ਐਲਾਨ ਕਰ ਕੇ ਇਹ ਚਾਹੁੰਦੇ ਹਨ ਕਿ ਭਾਜਪਾ ਵਾਲੇ ਵੀ ਰਾਜਸੀ ਲੜਾਈ ਲੜਦੇ ਰਹਿਣ ਅਤੇ ਸੋਨੀਆ ਗਾਂਧੀ ਦੇ ਜਵਾਈ ਤੇ ਜਵਾਕ ਵੱਲ ਉਂਗਲ ਉਠਾਉਣੀ ਬੰਦ ਕਰ ਦੇਣ। ਸਿਰਫ਼ ਰਾਮ-ਲੀਲਾ ਹੁੰਦੀ ਰਹੇ ਤੇ ਰਾਵਣ ਦਾ ਪੁਤਲਾ ਹੀ ਬਣਦਾ ਤੇ ਸੜਦਾ ਰਹੇ। ਜਿਸ ਗੱਲ ਨਾਲ ਪੁਆੜਾ ਪੈਣ ਦਾ ਡਰ ਹੋਵੇ, ਉਹ ਗੱਲ ਨਾ ਛੇੜਨ ਦਾ ਅਣਲਿਖਿਆ ਵਾਅਦਾ ਜਦੋਂ ਦੋਵੇਂ ਧਿਰਾਂ ਦੇ ਆਗੂ ਕਰ ਲੈਣ ਤਾਂ ‘ਸੋਨੇ ਦੀ ਲੰਕਾ’ ਨੂੰ ਖਤਰਾ ਹੀ ਕੋਈ ਨਹੀਂ ਹੋ ਸਕਦਾ।
ਰਾਮ-ਲੀਲਾ ਵਲ ਲੋਕਾਂ ਦੀ ਨੀਝ ਲੱਗਣ ਦੇ ਦੌਰਾਨ ਰਾਵਣ ਦੇ ਬੁੱਤ ਬਣਾਏ ਜਾਂਦੇ ਹਨ। ਉਸੇ ਤਰ੍ਹਾਂ ਰਾਜਨੀਤਕ-ਲੀਲਾ ਵਿਚ ਲੋਕਾਂ ਨੂੰ ਰੁੱਝੇ ਰੱਖ ਕੇ ਕਦੇ ਕਰਨਾਟਕਾ ਦੇ ‘ਰੈਡੀ ਬ੍ਰਦਰਜ਼’ ਅਤੇ ਕਦੇ ਕੋਈ ਅਬਦੁਲ ਕਰੀਮ ਤੇਲਗੀ ਬਣਦਾ ਰਹਿੰਦਾ ਹੈ। ਰਾਵਣ ਦਾ ਬੁੱਤ ਬਣਾ ਕੇ ਪਹਿਲਾਂ ਬਣਾਉਣ ਵਾਲੇ ਕਾਰੀਗਰ ਦੂਰ ਖੜੋ ਕੇ ਵੇਖਦੇ ਹਨ। ਫਿਰ ਦੁਸਹਿਰਾ ਕਮੇਟੀ ਦੇ ਪ੍ਰਬੰਧਕ ਆਣ ਕੇ ਮੁਆਇਨਾ ਕਰਦੇ ਤੇ ਕਹਿੰਦੇ ਹਨ ਕਿ ‘ਇਹ ਬਿਲਕੁਲ ਰਾਵਣ ਹੀ ਜਾਪਦਾ ਹੈ’। ਉਸ ਦੇ ਬਾਅਦ ਉਸ ਨੂੰ ਸਾੜ ਕੇ ਖੁਸ਼ੀ ਮਨਾਈ ਜਾਂਦੀ ਹੈ। ਰਾਜਨੀਤੀ ਦੀ ਕ੍ਰਿਪਾ ਨਾਲ ਵੀ ਕੁਝ ਰਾਵਣ ਸਿਰਜੇ ਜਾਂਦੇ ਹਨ ਤੇ ਫਿਰ ਜੇਲ੍ਹ ਭਿਜਵਾ ਕੇ ਉਨ੍ਹਾਂ ਦੇ ਪਿੱਛੇ ਖੜੀ ਰਾਜਸੀ-ਲੀਲਾ ਕਰਨ ਵਾਲੇ ਇਹ ਲੋਕ ਖੁਸ਼ੀ ਨਹੀਂ ਮਨਾਉਂਦੇ ਕਿ ਬਦੀ ਉਤੇ ਨੇਕੀ ਦੀ ਜਿੱਤ ਹੋਈ ਹੈ, ਸਗੋਂ ਇਹ ਸ਼ੁਕਰ ਮਨਾਉਂਦੇ ਹਨ ਕਿ ਉਹ ਇਕੱਲਾ ਗਿਆ, ਸਾਨੂੰ ਨਹੀਂ ਜਾਣਾ ਪਿਆ। ਜਦੋਂ ਤੱਕ ਇਹੋ ਜਿਹਾ ਸਿਲਸਿਲਾ ਚੱਲਦਾ ਰਹੇਗਾ, ਰਾਵਣ ਹਰ ਸਾਲ ਬਣਦਾ ਤੇ ਫਿਰ ਸੜਦਾ ਰਹੇਗਾ, ਪਰ ‘ਸੋਨੇ ਦੀ ਲੰਕਾ’ ਨੂੰ ਕੋਈ ਖਤਰਾ ਨਹੀਂ ਪੈਦਾ ਹੋ ਸਕਦਾ, ਕਿਉਂਕਿ ਬੱਚਿਆਂ ਦਾ ਬਣਾਇਆ ਉਹ ਰਾਵਣ ਸਾੜਨ ਕਿਸੇ ਨੇ ਨਹੀਂ ਜਾਣਾ, ਜਿਸ ਦੇ ਅੱਗੇ ਲਿਖਿਆ ਹੈ, ‘ਅੱਗ ਇਸ ਪੁਤਲੇ ਨੂੰ ਉਹ ਨੇਤਾ ਲਾਵੇ, ਜਿਸ ਨੇ ਕੋਈ ਮਾੜਾ ਕੰਮ ਕਦੇ ਨਾ ਕੀਤਾ ਹੋਵੇ।’

Be the first to comment

Leave a Reply

Your email address will not be published.