ਬਾਦਲਾਂ ਦੀ ਜ਼ੁਬਾਨ ਨੂੰ ਲੱਗ ਗਏ ਤਾਲੇ!

ਚੰਡੀਗੜ੍ਹ: ਖਾੜਕੂਵਾਦ ਦੇ ਦਿਨਾਂ ਦੌਰਾਨ ਪੰਜਾਬ ਪੁਲਿਸ ਵੱਲੋਂ ਝੂਠੇ ਮੁਕਾਬਲਿਆਂ ਵਿਚ ਹਜ਼ਾਰਾਂ ਨੌਜਵਾਨਾਂ ਨੂੰ ਮਾਰ ਖਪਾਉਣ ਦੀ ਹਕੀਕਤ ਸਾਹਮਣੇ ਆਉਣ ਤੋਂ ਬਾਅਦ ਵੀ ਸਿੱਖਾਂ ਦੀ ਨੁਮਾਇੰਦਗੀ ਕਰਦੀ ਸਿਆਸੀ ਧਿਰ ਸ਼੍ਰੋਮਣੀ ਅਕਾਲੀ ਦਲ (ਬ) ਨੇ ਜ਼ੁਬਾਨ ਨੂੰ ਤਾਲੇ ਲਾਏ ਹੋਏ ਹਨ। ਹਰ ਗੱਲ ਲਈ ਕੇਂਦਰ ਸਰਕਾਰ ਨੂੰ ਦੋਸ਼ੀ ਠਹਿਰਾਉਣ ਵਾਲੇ ਅਕਾਲੀ ਦਲ ਦੇ ਆਗੂ ਪੰਜਾਬ ਪੁਲਿਸ ਦੀ ਵਹਿਸ਼ਤ ਬਾਰੇ ਕੋਈ ਵੀ ਟਿੱਪਣੀ ਕਰਨ ਲਈ ਤਿਆਰ ਨਹੀਂ। ਉਲਟਾ ਪੂਰੇ ਸਿੱਖ ਜਗਤ ਵੱਲੋਂ ਵਿਰੋਧ ਕਰਨ ਦੇ ਬਾਵਜੂਦ ਬਸੱਤਾ ‘ਤੇ ਕਾਬਜ਼ ਬਾਦਲਾਂ ਨੇ ਆਪਣੇ ਹਿੱਤਾਂ ਦੀ ਰਾਖੀ ਲਈ ਅਜਿਹੇ ਹੀ ਕਈ ਦੋਸ਼ਾਂ ਵਿਚ ਘਿਰੇ ਅਫਸਰ ਸੁਮੇਧ ਸੈਣੀ ਨੂੰ ਪੁਲਿਸ ਮੁਖੀ ਬਣਾ ਦਿੱਤਾ। ਪੰਜਾਬੀਆਂ ਨੂੰ ਅਜੇ ਇਹ ਗੱਲ ਨਹੀਂ ਭੁੱਲੀ ਕਿ 1986 ਤੇ 1997 ਵਿਚ ਅਕਾਲੀ ਦਲ ਨੇ ਚੋਣਾਂ ਪੰਜਾਬ ਸਮੱਸਿਆ ਪੈਦਾ ਕਰਨ ਪਿੱਛੇ ਲੁਕੇ ਕਾਰਨਾਂ ਨੂੰ ਜਨਤਾ ਸਾਹਮਣੇ ਲਿਆਉਣ ਦੇ ਵਾਅਦੇ ਨਾਲ ਜਿੱਤੀਆਂ ਸਨ। ਉਦੋਂ ਤੋਂ ਹੁਣ ਤਕ ਜਿਥੇ ਵੱਖ-ਵੱਖ ਸੂਬਾ ਸਰਕਾਰਾਂ ਨੇ ਪੰਜਾਬ ਮਸਲੇ ਦੀ ਸਚਾਈ ਜਾਣਨ ਦੇ ਕੋਈ ਯਤਨ ਨਹੀਂ ਕੀਤੇ, ਉਥੇ ਮਨੁੱਖੀ ਅਧਿਕਾਰ ਸੰਗਠਨਾਂ ਵੱਲੋਂ ਕੀਤੇ ਉਪਰਾਲਿਆਂ ਨੂੰ ਲੀਹੋਂ ਲਾਹ ਦਿੱਤਾ। ਜਸਵੰਤ ਸਿੰਘ ਖਾਲੜਾ ਜੋ ਅਕਾਲੀ ਦਲ ਨਾਲ ਹੀ ਸਬੰਧਤ ਸਨ, ਵੱਲੋਂ ਕੀਤੀ ਝੂਠੇ ਮੁਕਾਬਲਿਆਂ ਬਾਰੇ ਅਹਿਮ ਪੜਤਾਲ ਅਜੇ ਕਿਸੇ ਤਣ-ਪੱਤਣ ਨਹੀਂ ਲੱਗੀ ਸੀ ਕਿ ਖਾਲੜਾ ਨੂੰ ਲੋਪ ਕਰ ਦਿੱਤੇ ਜਾਣ ਬਾਰੇ ਜਾਂਚ ਵੀ ਵਿਚੇ ਹੀ ਰੁਲ ਗਈ।
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕਾਊਂਕੇ ਦੀ ਸ਼ਹਾਦਤ ਬਾਰੇ ਹੋਈ ਜਾਂਚ ਦਾ ਵੀ ਇਹੋ ਹਾਲ ਹੋਇਆ। ਉਕਤ ਸਾਰੀਆਂ ਪੜਤਾਲਾਂ ਦਾਅਵਿਆਂ ਤੇ ਭਰੋਸਿਆਂ ਦੇ ਬੋਝ ਹੇਠ ਹੀ ਦੱਬ ਗਈਆਂ। ਹੁਣ ਇਕ ਪੁਲਿਸ ਅਫ਼ਸਰ ਨੇ ਖ਼ੁਦ ਬਿਆਨ ਕੀਤ ਹੈ ਕਿ ਉਸ ਨੇ ਅਨੇਕਾਂ ਸਿੱਖ ਨੌਜਵਾਨ ਆਪਣੇ ਸੀਨੀਅਰ ਅਫ਼ਸਰਾਂ ਦੇ ਕਹੇ ‘ਤੇ ਫ਼ਰਜ਼ੀ ਮੁਕਾਬਲੇ ਵਿਚ ਮਾਰ ਦਿੱਤੇ ਸਨ ਪਰ ਫਿਰ ਅਕਾਲੀ ਦਲ ਚੁੱਪ ਹੈ।
ਸਿੱਖ ਹਲਕਿਆਂ ਵਿਚ ਚਰਚਾ ਹੈ ਕਿ ਜੇ ਸੂਬੇ ਵਿਚ ਕਾਂਗਰਸ ਸਰਕਾਰ ਹੁੰਦੀ ਤਾਂ ਇਸ ਗੰਭੀਰ ਮਸਲੇ ‘ਤੇ ਅਕਾਲੀ ਦਲ ਨੇ ਜ਼ਮੀਨ ਅਸਮਾਨ ਇਕ ਕਰ ਦੇਣਾ ਸੀ ਪਰ ਹੁਣ ਤਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਹੋਰਾਂ ਤਖ਼ਤਾਂ ਦੇ ਜਥੇਦਾਰ ਵੀ ਸਿੱਖ ਕੌਮ ਦੇ ਹੋਏ ਘਾਣ ‘ਤੇ ਚੁੱਪ ਧਾਰੀ ਬੈਠੇ ਹਨ।
__________________________________________\
ਇਕ ਹੋਰ ਚਸ਼ਮਦੀਦ ਗਵਾਹ ਨਿੱਤਿਰਿਆ
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪੰਜਾਬ ਵਿਚ ਝੂਠੇ ਪੁਲਿਸ ਮੁਕਾਬਲਿਆਂ ਦੀ ਚਰਚਾ ਸ਼ੁਰੂ ਤੋਂ ਹੀ ਹੁੰਦੀ ਰਹੀ ਹੈ ਪਰ ਹੁਣ ਇਨ੍ਹਾਂ ਮੁਕਾਬਲਿਆਂ ਦੀ ਖੇਡ ਰਚਣ ਵਾਲੀ ਪੁਲਿਸ ਪਾਰਟੀ ਵਿਚ ਸ਼ਾਮਲ ਰਹੇ ਪੁਲਿਸ ਮੁਲਾਜ਼ਮਾਂ ਨੇ ਪਹਿਲੀ ਵਾਰ ਆਪਣੀ ਜ਼ੁਬਾਨ ਖੋਲ੍ਹਣੀ ਸ਼ੁਰੂ ਕੀਤੀ ਹੈ। ਮਨੁੱਖੀ ਅਧਿਕਾਰ ਸੰਗਠਨ ਵੱਲੋਂ ਮੁਕਾਬਲਿਆਂ ਦੇ ਪੀੜਤ ਪਰਿਵਾਰਾਂ ਦੀ ਲੰਘੇ ਦਿਨ ਜਲੰਧਰ ਵਿਚ ਕੀਤੀ ਮੀਟਿੰਗ ਵਿਚ ਪੁੱਜੇ ਸਾਬਕਾ ਪੁਲਿਸ ਸਿਪਾਹੀ ਸਤਵੰਤ ਸਿੰਘ ਮਾਣਕ ਨੇ ਦੱਸਿਆ ਕਿ ਉਹ ਨਵੰਬਰ 1991 ਤੋਂ ਮਾਰਚ 1993 ਤੱਕ ਉਹ ਸੀæਆਈæਏæ ਮੋਗਾ ਵਿਖੇ ਤਾਇਨਾਤ ਰਿਹਾ ਤੇ ਇਸ ਦੌਰਾਨ ਉਹ ਘੱਟੋ-ਘੱਟ 15 ਝੂਠੇ ਪੁਲਿਸ ਮੁਕਾਬਲਿਆਂ ਦਾ ਚਸ਼ਮਦੀਦ ਗਵਾਹ ਹੈ।
ਉਸ ਨੇ ਦੱਸਿਆ ਕਿ ਅੰਨ੍ਹੇ ਤਸ਼ੱਦਦ ਬਾਅਦ ਅਜਿਹੇ ਨੌਜਵਾਨਾਂ ਨੂੰ ਨਸ਼ੇ ਵਿਚ ਧੁੱਤ ਪੁਲਿਸ ਵਾਲੇ ਨਹਿਰਾਂ ਜਾਂ ਸੂਇਆਂ ਉੱਪਰ ਲਿਜਾ ਕੇ ਗੋਲੀਆਂ ਨਾਲ ਭੁੰਨ ਕੇ ਲਾਸ਼ਾਂ ਵਾਪਸ ਲੈ ਆਉਂਦੇ ਸਨ ਤੇ ਅਗਲੇ ਦਿਨ ਅਖ਼ਬਾਰਾਂ ਵਿਚ ਪੁਲਿਸ ਮੁਕਾਬਲੇ ਦੀਆਂ ਖ਼ਬਰਾਂ ਛਪ ਜਾਂਦੀਆਂ ਸਨ। ਸਤਵੰਤ ਸਿੰਘ ਮਾਣਕ ਨੇ ਦੱਸਿਆ ਕਿ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਘੁਮਿਆਰਾ ਦੇ ਚੜ੍ਹਦੀ ਉਮਰ ਦੇ ਨੌਜਵਾਨ ਕੁਲਵੰਤ ਸਿੰਘ ਕੰਤਾ ਨੂੰ ਉਸ ਦੀ ਭੂਆ ਦੇ ਪਿੰਡ ਠੱਠਾ ਕਿਸ਼ਨ ਸਿੰਘ ਵਾਲਾ ਤੋਂ ਫੜਕੇ ਲਿਆਂਦਾ ਸੀ।
ਕਈ ਦਿਨ ਸੀæਆਈæਏæ ਮੋਗਾ ਵਿਚ ਰੱਖ ਕੇ ਤਸ਼ੱਦਦ ਕੀਤਾ ਤੇ ਫਿਰ ਇਕ ਰਾਤ ਉਸ ਨੂੰ ਰਾਊਕੇ ਲਾਗਲੇ ਸੇਮ ਨਾਲੇ ‘ਤੇ ਲੈ ਗਏ। ਉਥੇ ਬੱਧਣੀ ਕਲਾਂ ਥਾਣੇ ਦਾ ਮੁਖੀ ਇਕ ਹੋਰ ਵਿਅਕਤੀ ਬਲਦੇਵ ਸਿੰਘ ਕਰਮਿਤੀ ਨੂੰ ਲੈ ਕੇ ਆਇਆ। ਦੋਵਾਂ ਨੂੰ ਨਾਲੇ ਉਪਰ ਖੜ੍ਹਾ ਕਰਕੇ ਗੋਲੀਆਂ ਮਾਰ ਦਿੱਤੀਆਂ। ਇਕ ਹੋਰ ਰੌਂਗਟੇ ਖੜ੍ਹੇ ਕਰਨ ਵਾਲੀ ਘਟਨਾ ਬਿਆਨ ਕਰਦਿਆਂ ਸਤਵੰਤ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਬਿਜਲੀ ਵਾਲਾ ਦੀ ਪਤਨੀ ਦੇ ਜੌੜੀਆਂ ਲੜਕੀਆਂ ਜੰਮੀਆਂ ਸਨ ਤੇ ਉਹ ਸਹੁਰੇ ਘਣੀਏਵਾਲ ਗਿਆ ਸੀ ਤੇ ਪੁਲਿਸ ਉਸ ਨੂੰ ਉਥੋਂ ਫੜ ਲਿਆਈ।
ਇਸੇ ਤਰ੍ਹਾਂ ਨਿਰਮਲ ਸਿੰਘ ਨਿੰਮਾ ਰਾਜੇਆਣਾ ਜਿਸ ਨੂੰ ਪਹਿਲਾਂ ਬਾਘਾ ਪੁਰਾਣਾ ਪੁਲਿਸ ਨੇ ਫੜਿਆ ਸੀ ਤੇ ਫਿਰ ਅਗਲੀ ਤਫ਼ਤੀਸ਼ ਲਈ ਸੀæਆਈæਏæ ਮੋਗਾ ਹਵਾਲੇ ਕਰ ਦਿੱਤਾ ਸੀ, ਦੋਵਾਂ ਨੂੰ ਥਾਣਾ ਸਦਰ ਫ਼ਰੀਦਕੋਟ ਤੇ ਸੀæਆਈæਏæ ਮੋਗਾ ਦੀ ਪੁਲਿਸ ਬੱਧਨੀ ਕਲਾਂ ਨਹਿਰ ਉਪਰ ਲੈ ਗਈ। ਉਸ ਦੇ ਸਾਹਮਣੇ ਬਿਜਲੀਵਾਲਾ ਨੂੰ ਦਾਤਰ ਮਾਰ ਕੇ ਉਸ ਦੀ ਧੌਣ ਵੱਢ ਦਿੱਤੀ। ਉਸ ਦੀ ਲਾਸ਼ ਨਹਿਰ ਵਿਚ ਸੁੱਟ ਦਿੱਤੀ ਗਈ ਤੇ ਨਿੰਮਾ ਨੂੰ ਗੋਲੀਆਂ ਨਾਲ ਛਲਣੀ ਕਰ ਦਿੱਤਾ ਗਿਆ। ਵਾਰਦਾਤ ਇਹ ਬਣਾਈ ਕਿ ਨਿੰਮਾ ਮੁਕਾਬਲੇ ਵਿਚ ਮਾਰਿਆ ਗਿਆ ਤੇ ਬਿਜਲੀਵਾਲਾ ਭੱਜਣ ਵਿਚ ਕਾਮਯਾਬ ਹੋ ਗਿਆ। ਸਤਵੰਤ ਸਿੰਘ ਨੇ ਆਪਣੀਆਂ ਅੱਖਾਂ ਸਾਹਮਣੇ ਵਾਪਰੇ ਸਾਰੇ ਮਾਮਲਿਆਂ ਦੀ ਪਟੀਸ਼ਨ ਹਾਈ ਕੋਰਟ ਵਿਚ ਵੀ ਦਾਇਰ ਕੀਤੀ ਹੈ।

Be the first to comment

Leave a Reply

Your email address will not be published.