ਪੰਜਾਬ ਵਿਚ ਕਰੋਨਾ ਕਾਰਨ ਮੌਤ ਦਰ ਨੇ ਵਧਾਈ ਫਿਕਰਮੰਦੀ

ਚੰਡੀਗੜ੍ਹ: ਭਾਰਤ ਸਰਕਾਰ ਦੇ ਸਰਕਾਰੀ ਅੰਕੜਿਆਂ ਅਨੁਸਾਰ ਪੰਜਾਬ ‘ਚ ਕਰੋਨਾ ਮੌਤ ਦਰ ਦੇ ਮਾਮਲੇ ‘ਚ ਦੇਸ ਦੇ ਸਾਰੇ ਸੂਬਿਆਂ ਤੋਂ ਵੱਧ ਬੁਰੀ ਹਾਲਤ ਹੀ ਨਹੀਂ, ਸਗੋਂ ਪਿਛਲੇ 18 ਦਿਨਾਂ ਵਿਚ ਇਸ ਦਰ ‘ਚ ਹੋਰ ਵਾਧਾ ਹੋਇਆ ਹੈ। 12 ਮਈ ਨੂੰ ਪੰਜਾਬ ਵਿਚ ਕਰੋਨਾ ਮੌਤ ਦਰ 2.38 ਸੀ, ਜੋ 29 ਮਈ ਨੂੰ 2.54 ਫੀਸਦੀ ‘ਤੇ ਪਹੁੰਚ ਗਈ, ਹਾਲਾਂਕਿ ਪੰਜਾਬ ਵਿਚ ਕਰੋਨਾ ਦੇ ਨਵੇਂ ਮਾਮਲੇ ਘਟੇ ਹਨ ਅਤੇ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵੀ ਵਧੀ ਹੈ।

ਇਸ ਵੇਲੇ ਕਰੋਨਾ ਕਾਰਨ ਕੌਮੀ ਮੌਤ ਦਰ 1.17 ਫੀਸਦੀ ਹੈ। ਕਰੋਨਾ ਮਰੀਜ਼ਾਂ ਦੇ ਠੀਕ ਹੋਣ ਦੇ ਮਾਮਲੇ ਵਿਚ ਵੀ ਪੰਜਾਬ ਦੀ ਹਾਲਤ ਬਹੁਤ ਚੰਗੀ ਨਹੀਂ, ਪੰਜਾਬ ਇਸ ਮਾਮਲੇ ਵਿਚ ਵੀ 18ਵੇਂ ਨੰਬਰ ਉਤੇ ਹੀ ਹੈ। ਭਾਵੇਂ ਪੰਜਾਬ ਵਿਚ ਕਰੋਨਾ ਮਰੀਜ਼ਾਂ ਦੇ ਠੀਕ ਹੋਣ ਦੀ ਕੌਮੀ ਦਰ 90.8 ਫੀਸਦੀ ਤੋਂ ਮਾਮੂਲੀ ਘੱਟ 89.96 ਫੀਸਦੀ ਹੈ ਪਰ ਇਹ ਮਹਾਰਾਸ਼ਟਰ, ਕੇਰਲ, ਰਾਜਸਥਾਨ, ਉੱਤਰ ਪ੍ਰਦੇਸ, ਗੁਜਰਾਤ, ਦਿੱਲੀ, ਅੰਡੇਮਾਨ, ਦਾਦਰਾ ਨਗਰ ਹਵੇਲੀ, ਝਾਰਖੰਡ, ਲੱਦਾਖ, ਪੱਛਮੀ ਬੰਗਾਲ, ਛੱਤੀਸਗੜ੍ਹ, ਮੱਧ ਪ੍ਰਦੇਸ, ਬਿਹਾਰ, ਤੇਲੰਗਾਨਾ, ਚੰਡੀਗੜ੍ਹ, ਹਰਿਆਣਾ ਆਦਿ ਸੂਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸਾਂ ਤੋਂ ਹੇਠਾਂ ਹੈ। ਦੇਸ ਭਰ ਵਿਚ ਸਭ ਤੋਂ ਵੱਧ ਠੀਕ ਹੋਣ ਵਾਲੇ ਕਰੋਨਾ ਮਰੀਜ਼ਾਂ ਦੀ ਦਰ 97.4 ਫੀਸਦੀ ਦਿੱਲੀ ਦੀ ਹੈ। ਬਿਹਾਰ 96.29 ਫੀਸਦੀ ਨਾਲ ਦੂਜੇ ਨੰਬਰ ਅਤੇ ਉੱਤਰ ਪ੍ਰਦੇਸ 96.07 ਫੀਸਦੀ ਤੀਸਰੇ ਨੰਬਰ ਉਤੇ ਹੈ।
ਸਰਕਾਰੀ ਅੰਕੜਿਆਂ ਅਨੁਸਾਰ ਪੰਜਾਬ ਤੋਂ ਬਾਅਦ ਦੂਜੇ ਨੰਬਰ ਉਤੇ ਸਭ ਤੋਂ ਵੱਧ ਮੌਤ ਦਰ ਵਾਲਾ ਸੂਬਾ ਉੱਤਰਾਖੰਡ ਹੈ, ਜਿੱਥੇ ਮੌਤ ਦਰ 1.94 ਫੀਸਦੀ ਹੈ, ਜਦੋਂ ਕਿ ਤੀਸਰੇ ਨੰਬਰ ਉਤੇ ਮੌਤ ਦਰ ਦਿੱਲੀ ਦੀ ਹੈ, ਜੋ 1.69 ਫੀਸਦੀ ਹੈ। ਪੰਜਾਬ ਵਿਚ ਵੀ ਸਰਕਾਰੀ ਤੌਰ ਉਤੇ ਦਰਜ ਕਰੋਨਾ ਮੌਤਾਂ ਅਤੇ ਸਮਸਾਨਘਾਟਾਂ ਵਿਚ ਸਸਕਾਰ ਅਤੇ ਕਬਰਸਤਾਨਾਂ ‘ਚ ਦਫਨਾਉਣ ਦੀ ਗਿਣਤੀ ਵਿਚ ਫਰਕ ਕਈ ਥਾਵਾਂ ‘ਤੇ ਨਜ਼ਰ ਆ ਹੀ ਜਾਂਦਾ ਹੈ।
ਸਰਕਾਰੀ ਅੰਕੜਿਆਂ ਅਨੁਸਾਰ ਤਾਂ ਕਰੋਨਾ ਕਾਰਨ ਸਭ ਤੋਂ ਘੱਟ ਮੌਤ ਦਰ ਦਾਦਰਾ ਨਗਰ ਹਵੇਲੀ ‘ਚ ਹੈ ਜਿੱਥੇ ਇਹ ਸਿਰਫ 0.04 ਫੀਸਦੀ ਹੈ ਪਰ ਵੱਡੇ ਰਾਜਾਂ ਵਿਚੋਂ ਘਟ ਮੌਤ ਦਰ ਦੇ ਮਾਮਲੇ ਵਿਚ ਕੇਰਲ ਦੀ ਸਥਿਤੀ ਸਭ ਤੋਂ ਸ਼ਲਾਘਾਯੋਗ ਹੈ, ਜਿੱਥੇ ਮੌਤ ਦਰ 0.34 ਫੀਸਦੀ ਹੈ ਜਦੋਂਕਿ ਵੱਡੇ ਰਾਜਾਂ ਵਿਚ ਉੜੀਸਾ ਅਤੇ ਤੇਲੰਗਾਨਾ ਵੀ ਪੰਜਾਬ ਦੇ ਮੁਕਾਬਲੇ ਬਹੁਤ ਚੰਗੀ ਹਾਲਤ ਵਿਚ ਹਨ। ਉੜੀਸਾ ਵਿਚ 0.36 ਫੀਸਦੀ ਅਤੇ ਤੇਲੰਗਾਨਾ ਵਿਚ ਮੌਤ ਦਰ 0.57 ਫੀਸਦੀ ਹੈ। ਹਰਿਆਣਾ ਵੀ ਮੌਤ ਦਰ 1.08 ਫੀਸਦੀ ਹੈ। ਹਿਮਾਚਲ ਵਿਚ ਮੌਤ ਦਰ 1.64 ਫੀਸਦੀ, ਜੰਮੂ ਕਸ਼ਮੀਰ ਵਿਚ 1.34 ਫੀਸਦੀ ਅਤੇ ਚੰਡੀਗੜ੍ਹ ਵਿਚ 1.24 ਫੀਸਦੀ ਹੈ।
_________________________________________
‘ਸਾਰੇ ਸੂਬੇ ਅਨਾਥ ਹੋਏ ਬੱਚਿਆਂ ਦੇ ਅੰਕੜੇ ਨਸ਼ਰ ਕਰਨ’
ਨਵੀਂ ਦਿੱਲੀ: ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟ ਨੇ ਦੇਸ਼ ਭਰ ਦੇ ਸੂਬਿਆਂ ਤੇ ਯੂਟੀਜ ਨੂੰ ਹੁਕਮ ਦਿੱਤੇ ਹਨ ਕਿ ਕੋਵਿਡ ਦੌਰਾਨ ਅਨਾਥ ਹੋਏ ਬੱਚਿਆਂ ਦੇ ਅੰਕੜੇ ਆਪਣੇ ਪੋਰਟਲ ‘ਤੇ ਅਪਲੋਡ ਕਰਨ। ਕਮਿਸ਼ਨ ਨੇ ਕਿਹਾ ਹੈ ਕਿ ਜਿਹੜੇ ਬੱਚਿਆਂ ਦੇ ਮਾਂ ਜਾਂ ਪਿਉ ਵਿਚੋਂ ਕੋਈ ਇਕ ਦੀ ਵੀ ਮੌਤ ਹੋਈ ਹੋਵੇ, ਉਸ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ। ਇਸ ਤੋਂ ਇਕ ਦਿਨ ਪਹਿਲਾਂ ਸਰਵਉਚ ਅਦਾਲਤ ਨੇ ਵੀ ਸੂਬਿਆਂ ਨੂੰ ਅਜਿਹੇ ਬੱਚੇ ਦੇ ਵੇਰਵੇ ਨਸ਼ਰ ਕਰਨ ਤੇ ਉਨ੍ਹਾਂ ਦੀ ਸੰਭਾਲ ਕਰਨ ਦੇ ਹੁਕਮ ਦਿੱਤੇ ਸਨ। ਬਾਲ ਵਿਕਾਸ ਮੰਤਰੀ ਸਮਰਿਤੀ ਇਰਾਨੀ ਨੇ ਕਿਹਾ ਸੀ ਕਿ ਪਹਿਲੀ ਅਪਰੈਲ ਤੋਂ 25 ਮਾਰਚ ਤੱਕ 577 ਬੱਚੇ ਅਨਾਥ ਹੋਏ ਹਨ।