ਪੰਜਾਬ ਸਰਕਾਰ ਨੇ ਵਿਚ ਕੋਵਿਡ ਪਾਬੰਦੀਆਂ ਮੁੜ ਵਧਾਈਆਂ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਕੋਵਿਡ ਸਬੰਧੀ ਬੰਦਿਸ਼ਾਂ ਵਿਚ 10 ਜੂਨ ਤੱਕ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਸਰਗਰਮ ਕੋਵਿਡ ਕੇਸਾਂ ਦੀ ਗਿਣਤੀ ਅਤੇ ਪਾਜੀਟਿਵਿਟੀ ਦਰ ਵਿਚ ਗਿਰਾਵਟ ਦੇ ਮੱਦੇਨਜਰ ਮੁੱਖ ਮੰਤਰੀ ਨੇ ਨਿੱਜੀ ਵਾਹਨਾਂ ਵਿਚ ਸਵਾਰੀਆਂ ਦੀ ਗਿਣਤੀ ਦੀ ਸੀਮਾ ਹਟਾਉਣ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਚੋਣਵੀਆਂ ਸਰਜਰੀਆਂ ਬਹਾਲ ਕਰਨ ਦੇ ਨਾਲ-ਨਾਲ ਸੂਬੇ ਦੇ ਸਾਰੇ ਸਰਕਾਰੀ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਵਿਚ ਓ.ਪੀ.ਡੀ. ਸੇਵਾਵਾਂ ਮੁੜ ਸ਼ੁਰੂ ਕਰਨ ਦੇ ਵੀ ਆਦੇਸ਼ ਦਿੱਤੇ ਹਨ।

ਮੈਡੀਕਲ ਸਿੱਖਿਆ ਮੰਤਰੀ ਓਪੀ ਸੋਨੀ ਨੇ ਕਿਹਾ ਕਿ ਸਰਕਾਰੀ ਮੈਡੀਕਲ ਕਾਲਜਾਂ ਨੇ 50 ਫੀਸਦੀ ਓ.ਪੀ.ਡੀ. ਸੇਵਾਵਾਂ ਪਹਿਲਾਂ ਹੀ ਸ਼ੁਰੂ ਕੀਤੀਆਂ ਹੋਈਆਂ ਹਨ, ਜੋ ਹੁਣ 100 ਫੀਸਦੀ ਹੋ ਜਾਣਗੀਆਂ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਭਾਵੇਂ ਕਿ ਨਿੱਜੀ ਕਾਰਾਂ ਅਤੇ ਦੋਪਹੀਆ ਵਾਹਨਾਂ `ਤੇ ਸਵਾਰੀਆਂ ਦੀ ਸੀਮਾ ਹਟਾਈ ਜਾ ਰਹੀ ਹੈ ਪਰ ਸਵਾਰੀਆਂ ਢੋਣ ਵਾਲੇ ਕਮਰਸ਼ੀਅਲ ਵਾਹਨਾਂ ਅਤੇ ਟੈਕਸੀਆਂ ਉਤੇ ਸੀਮਾ ਪਹਿਲਾਂ ਵਾਂਗ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸਥਾਨਕ ਹਾਲਤਾਂ ਦੀ ਤਰਜੀਹ ਮੁਤਾਬਕ ਗੈਰ-ਜਰੂਰੀ ਦੁਕਾਨਾਂ ਖੋਲ੍ਹਣ ਵਿਚ ਕਿਸੇ ਵੀ ਤਰ੍ਹਾਂ ਦੀ ਰੱਦੋ-ਬਦਲ ਕਰਨ ਲਈ ਡਿਪਟੀ ਕਮਿਸ਼ਨਰ ਹੀ ਅਧਿਕਾਰਤ ਰਹਿਣਗੇ। ਮੁੱਖ ਮੰਤਰੀ ਨੇ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗਾਂ ਨੂੰ ਕੋਵਿਡ ਸਿਹਤ ਸੰਭਾਲ ਨਾਲ ਸਬੰਧਤ ਬੁਨਿਆਦੀ ਢਾਂਚਾ ਅਤੇ ਸਹੂਲਤਾਂ ਦੀ ਮਜ਼ਬੂਤੀ ਜਾਰੀ ਰੱਖਣ ਦੇ ਹੁਕਮ ਦਿੱਤੇ ਹਨ ਤਾਂ ਕਿ ਮਹਾਮਾਰੀ ਦੀ ਸੰਭਾਵੀ ਤੀਜੀ ਲਹਿਰ ਨਾਲ ਨਜਿੱਠਿਆ ਜਾ ਸਕੇ। ਉਨ੍ਹਾਂ ਇਨ੍ਹਾਂ ਵਿਭਾਗਾਂ ਨੂੰ ਬੱਚਿਆਂ ਦੀ ਸਿਹਤ ਸੰਭਾਲ ਦੀਆਂ ਸਹੂਲਤਾਂ ਵਧਾਉਣ ਦੇ ਨਾਲ-ਨਾਲ ਭਾਰਤ ਸਰਕਾਰ ਪਾਸੋਂ ਬੱਚਿਆਂ ਲਈ ਵਰਤੋਂ ਵਿਚ ਆਉਂਦੇ 500 ਪੈਡੀਐਟਰਿਕ ਵੈਂਟੀਲੇਟਰਾਂ ਦੀ ਮੰਗ ਕਰਨ ਲਈ ਆਖਿਆ। ਮੀਟਿੰਗ ਵਿਚ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਕੇਅਰ ਫੰਡ ਤਹਿਤ ਹਾਸਲ ਹੋਏ 809 ਵੈਂਟੀਲੇਟਰ ਵੰਡ ਦਿੱਤੇ ਗਏ ਹਨ ਅਤੇ ਇਨ੍ਹਾਂ ਵਿਚੋਂ 136 ਕੰਮ ਨਹੀਂ ਕਰ ਰਹੇ। ਮੁੱਖ ਮੰਤਰੀ ਨੇ ਆਈ.ਏ.ਐਸ/ਪੀ.ਸੀ.ਐਸ. ਦੇ ਮੌਜੂਦਾ ਅਹੁਦੇ ਦੇ ਕਾਰਜਕਾਲ ਦੇ ਅੱਧ ਵਿਚਾਲਿਓਂ ਤਬਾਦਲੇ ਕੋਵਿਡ ਸੰਕਟ ਜਾਰੀ ਰਹਿਣ ਤੱਕ ਰੋਕਣ ਦੇ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਨੇ ਜਰੂਰੀ ਗੈਰ-ਮੈਡੀਕਲ ਮੰਤਵਾਂ ਲਈ ਹੁਣ ਆਕਸੀਜਨ ਵਰਤਣ ਦੇ ਵੀ ਨਿਰਦੇਸ਼ ਦਿੱਤੇ। ਮੁੱਖ ਸਕੱਤਰ ਵਿਨੀ ਮਹਾਜਨ ਨੇ ਮੁੱਖ ਮੰਤਰੀ ਨੂੰ ਆਕਸੀਜਨ ਦੀ ਉਪਲੱਬਧਤਾ ਦੇ ਸੰਦਰਭ ਵਿਚ ਸਥਿਤੀ ਬਾਰੇ ਜਾਣੂ ਕਰਵਾਇਆ ਅਤੇ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟੋਰਲ ਬੋਰਡ ਦੇ ਤਾਲਮੇਲ ਸਦਕਾ ਬਰਨਾਲਾ ਕੋਵਿਡ ਸੈਂਟਰ ਵਿਚ ਨਾਈਟ੍ਰੋਜਨ ਉਤਪਾਦਨ ਪਲਾਂਟ 93 ਫੀਸਦੀ ਸ਼ੁੱਧਤਾ ਨਾਲ ਕਾਰਜਸ਼ੀਲ ਹੋ ਚੁੱਕਾ ਹੈ। ਮੁੱਖ ਮੰਤਰੀ ਨੇ ‘ਕਰੋਨਾ ਮੁਕਤ ਪੇਂਡੂ ਅਭਿਆਨ` ਤਹਿਤ ਪੇਂਡੂ ਇਲਾਕਿਆਂ ਵਿਚ ਟੈਸਟਿੰਗ ਅਤੇ ਸੈਂਪਲਿੰਗ ਹੋਰ ਵਧਾਉਣ ਦੇ ਵੀ ਹੁਕਮ ਦਿੱਤੇ। ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਪੇਂਡੂ ਇਲਾਕਿਆਂ ਵਿਚ ਪਾਜੀਟਿਵਿਟੀ ਦਰ 4 ਫੀਸਦੀ ਹੈ।
____________________________________________
‘ਮਿਸ਼ਨ ਫਤਹਿ 2.0` ਨੂੰ ਅੱਗੇ ਵਧਾਉਣਗੇ ਨੌਜਵਾਨ: ਕੈਪਟਨ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨਾਂ ਦੀ ਸ਼ਮੂਲੀਅਤ ਵਾਲੀ ਇਕ ਨਵੀਂ ਸ਼ੁਰੂਆਤ ਕੀਤੀ ਤਾਂ ਜੋ ਕਰੋਨਾ ਮੁਕਤ ਪੰਜਾਬ ਮੁਹਿੰਮ ਤਹਿਤ ਸੂਬੇ ਦੇ ‘ਮਿਸ਼ਨ ਫਤਹਿ 2.0` ਨੂੰ ਅੱਗੇ ਵਧਾਇਆ ਜਾ ਸਕੇ। ਉਨ੍ਹਾਂ ਕਰੋਨਾ ਨਾਲ ਨਜਿੱਠਣ ਲਈ ਪ੍ਰਤੀ ਪਿੰਡ ਜਾਂ ਪ੍ਰਤੀ ਮਿਉਂਸਪਲ ਵਾਰਡ ਸੱਤ ਰੂਰਲ ਕਰੋਨਾ ਵਾਲੰਟੀਅਰ (ਆਰ.ਸੀ.ਵੀ.) ਸਮੂਹ ਕਾਇਮ ਕਰਨ ਦੇ ਨਿਰਦੇਸ਼ ਵੀ ਦਿੱਤੇ। ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਦੀ ਦੂਜੀ ਲਹਿਰ ਦੌਰਾਨ ਪਿੰਡਾਂ ਦੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦੇ ਖਦਸ਼ੇ ਦੇ ਮੱਦੇਨਜ਼ਰ ਇਹ ਜ਼ਰੂਰੀ ਹੈ ਕਿ ‘ਕਰੋਨਾ ਮੁਕਤ ਪਿੰਡ` ਲਈ ਇਕ ਸੁਚੱਜੀ ਮੁਹਿੰਮ ਚਲਾਈ ਜਾਵੇ।