ਕਰੋਨਾ ਪੀੜਤਾਂ ਦੀ ਮਦਦ ਲਈ ਸ਼੍ਰੋਮਣੀ ਕਮੇਟੀ ਨੇ ਸੰਭਾਲਿਆ ਮੋਰਚਾ

ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਨੇ ਕਰੋਨਾ ਪੀੜਤਾਂ ਦੀ ਮਦਦ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਪੰਜਾਬ ਅਤੇ ਹਰਿਆਣਾ ਵਿਚ ਲਗਭਗ 400 ਬੈੱਡਾਂ ਦਾ ਪ੍ਰਬੰਧ ਕਰ ਦਿੱਤਾ ਹੈ, ਜਿੱਥੇ ਕਰੋਨਾ ਪੀੜਤਾਂ ਦੇ ਇਲਾਜ ਲਈ ਮੁਫਤ ਦਵਾਈਆਂ, ਡਾਕਟਰੀ ਅਮਲਾ, ਆਕਸੀਜਨ ਕੰਸਨਟਰੇਟਰ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਅੰਮ੍ਰਿਤਸਰ ਅਤੇ ਹਰਿਆਣਾ ਦੇ ਹਸਪਤਾਲਾਂ ਵਿਚ ਵੈਂਟੀਲੇਟਰਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਸਿੱਖ ਸੰਸਥਾ ਵੱਲੋਂ ਇਹ ਕਰੋਨਾ ਕੇਅਰ ਕੇਂਦਰ ਲੁਧਿਆਣਾ ਦੇ ਆਲਮਗੀਰ, ਬਠਿੰਡਾ ਦੇ ਤਲਵੰਡੀ ਸਾਬੋ, ਕਪੂਰਥਲਾ ਦੇ ਭੁਲੱਥ, ਫਿਰੋਜ਼ਪੁਰ ਦੇ ਬਜੀਦਪੁਰ, ਸੰਗਰੂਰ, ਮਾਨਸਾ ਦੇ ਬੁਢਲਾਡਾ, ਰੋਪੜ, ਜਲੰਧਰ ਦੇ ਆਦਮਪੁਰ ਨੇੜੇ ਪਿੰਡ ਕਾਲੜਾ, ਪਟਿਆਲਾ ਦੇ ਬਹਾਦਰਗੜ੍ਹ ਅਤੇ ਅੰਮ੍ਰਿਤਸਰ ਦੇ ਪਿੰਡ ਕਥੂਨੰਗਲ ਵਿੱਚ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਵਿਚੋਂ ਇਕ ਵਿਚ 50 ਬੈੱਡ ਅਤੇ ਬਾਕੀ 9 ਕੇਂਦਰਾਂ ਵਿਚ 25-25 ਬੈੱਡ ਹਨ। ਇੱਥੇ ਕਰੋਨਾ ਦੇ ਲੈਵਲ-ਇਕ ਅਤੇ ਦੋ ਦੇ ਮਰੀਜ਼ਾਂ ਦੇ ਇਲਾਜ ਦੀ ਸਹੂਲਤ ਦਿੱਤੀ ਗਈ ਹੈ। ਇਨ੍ਹਾਂ ‘ਚ ਲਗਭਗ 200 ਆਕਸੀਜਨ ਕੰਸਨਟਰੇਟਰਾਂ ਦਾ ਪ੍ਰਬੰਧ ਹੈ।
ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਚ 100 ਬੈੱਡਾਂ ਦਾ ਪ੍ਰਬੰਧ ਹੈ। ਇੱਥੇ ਆਕਸੀਜਨ ਕੰਸਨਟਰੇਟਰਾਂ ਤੋਂ ਇਲਾਵਾ ਲਗਭਗ 35 ਵੈਂਟੀਲੇਟਰਾਂ ਦਾ ਵੀ ਪ੍ਰਬੰਧ ਹੈ। ਇਸੇ ਤਰ੍ਹਾਂ ਹਰਿਆਣਾ ਦੇ ਸ਼ਾਹਬਾਦ ਮਾਰਕੰਡਾ ਵਿੱਚ ਮੀਰੀ-ਪੀਰੀ ਮੈਡੀਕਲ ਕਾਲਜ ‘ਚ ਵੀ ਕਰੋਨਾ ਕੇਅਰ ਕੇਂਦਰ ਸਥਾਪਿਤ ਕੀਤਾ, ਜਿੱਥੇ ਆਕਸੀਜਨ ਕੰਸਨਟਰੇਟਰ ਅਤੇ ਵੈਂਟੀਲੇਟਰਾਂ ਦਾ ਵੀ ਪ੍ਰਬੰਧ ਹੈ। ਕਰੋਨਾ ਕੇਅਰ ਕੇਂਦਰਾਂ ਵਿਚ ਮਰੀਜ਼ਾਂ ਦੇ ਇਲਾਜ ਵਾਸਤੇ ਸ਼ਰੋਮਣੀ ਕਮੇਟੀ ਦੇ ਹਸਪਤਾਲਾਂ ‘ਚ ਲਗਭਗ 400 ਤੋਂ ਵੱਧ ਕਰਮਚਾਰੀ ਤਾਇਨਾਤ ਹਨ। ਇਨ੍ਹਾਂ ਕਰੋਨਾ ਕੇਅਰ ਕੇਂਦਰਾਂ ‘ਤੇ ਸੰਸਥਾ ਵੱਲੋਂ ਰੋਜ਼ਾਨਾ ਤਕਰੀਬਨ 5 ਲੱਖ ਰੁਪਏ ਖਰਚੇ ਜਾ ਰਹੇ ਹਨ। ਇਸ ਤੋਂ ਇਲਾਵਾ ਸੰਸਥਾ ਨੇ ਮੁਫਤ ਟੀਕਾਕਰਨ ਕੈਂਪ ਵੀ ਸ਼ੁਰੂ ਕੀਤੇ ਹਨ, ਜਿਸ ਲਈ 53 ਲੱਖ ਰੁਪਏ ਦੀ ਲਾਗਤ ਨਾਲ ਕੋਵੈਕਸੀਨ ਦੇ 5 ਹਜ਼ਾਰ ਟੀਕੇ ਖਰੀਦੇ ਗਏ ਹਨ। ਇਸ ਕੈਂਪ ਦੀ ਸ਼ੁਰੂਆਤ ਸ੍ਰੀ ਹਰਿਮੰਦਰ ਸਾਹਿਬ ਸਮੂਹ ਤੋਂ ਕੀਤੀ ਗਈ ਹੈ ਅਤੇ ਇਸ ਤੋਂ ਬਾਅਦ ਅਜਿਹੇ ਮੁਫਤ ਟੀਕਾਕਰਨ ਕੈਂਪ ਤਖਤ ਸ੍ਰੀ ਕੇਸਗੜ੍ਹ ਸਾਹਿਬ, ਆਨੰਦਪੁਰ ਸਾਹਿਬ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਵੀ ਲਾਉਣ ਦੀ ਯੋਜਨਾ ਹੈ। ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਮੈਡੀਕਲ ਸਾਇੰਸਿਜ ਦੇ ਡੀਨ ਡਾ. ਏਪੀ ਸਿੰਘ ਜੋ ਕਰੋਨਾ ਕੇਅਰ ਸੈਂਟਰਾਂ ਦੇ ਸੰਚਾਲਕ ਵੀ ਹਨ, ਨੇ ਦੱਸਿਆ ਕਿ ਇਸ ਨਾਲ ਆਮ ਕਰੋਨਾ ਪੀੜਤਾਂ ਨੂੰ ਵੱਡਾ ਲਾਭ ਹੋਇਆ ਹੈ। ਹੁਣ ਤੱਕ ਇੱਥੋਂ ਸੈਂਕੜੇ ਕਰੋਨਾ ਮਰੀਜ਼ ਠੀਕ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕਰੋਨਾ ਟੀਕਾਕਰਨ ਕੈਂਪ ਤੋਂ ਪਹਿਲਾਂ ਵੀ ਸਿੱਖ ਸੰਸਥਾ ਵੱਲੋਂ ਲਗਭਗ 7 ਹਜ਼ਾਰ ਕੋਵੀਸ਼ੀਲਡ ਟੀਕੇ ਲੋਕਾਂ ਨੂੰ ਮੁਫਤ ਲਾਏ ਹਨ ਅਤੇ 5 ਹਜ਼ਾਰ ਤੋਂ ਵੱਧ ਕੋਵੈਕਸੀਨ ਦੇ ਟੀਕੇ ਖਰੀਦੇ ਹਨ।
_______________________________
ਦੋ ਆਕਸੀਜਨ ਪਲਾਂਟ ਵੀ ਲਾਏਗੀ ਸਿੱਖ ਸੰਸਥਾ
ਸਿੱਖ ਸੰਸਥਾ ਵੱਲੋਂ ਇਥੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਅਤੇ ਮੈਡੀਕਲ ਕਾਲਜ ‘ਚ ਜਲਦੀ ਹੀ ਦੋ ਆਕਸੀਜਨ ਪਲਾਂਟ ਵੀ ਸਥਾਪਿਤ ਕੀਤੇ ਜਾ ਰਹੇ ਹਨ। ਇਹ ਪਲਾਂਟ ਪ੍ਰਤੀ ਮਿੰਟ ਇਕ ਹਜ਼ਾਰ ਲਿਟਰ ਆਕਸੀਜਨ ਪੈਦਾ ਕਰਨ ਦੀ ਸਮਰੱਥਾ ਵਾਲੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਮੈਡੀਕਲ ਕਾਲਜ ਵਿੱਚ ਤਰਲ ਆਕਸੀਜਨ ਪਲਾਂਟ ਸਥਾਪਿਤ ਕਰਨ ਦੀ ਯੋਜਨਾ ਸੀ। ਇਸ ਸਬੰਧੀ ਗੁਜਰਾਤ ਦੀ ਇਕ ਕੰਪਨੀ ਨਾਲ ਸਮਝੌਤਾ ਵੀ ਕੀਤਾ ਗਿਆ ਸੀ ਪਰ ਇਸ ਕੰਪਨੀ ਨੇ ਹੁਣ ਤੱਕ ਤਰਲ ਆਕਸੀਜਨ ਹੀ ਮੁਹੱਈਆ ਨਹੀਂ ਕੀਤੀ। ਇਸ ਸਬੰਧੀ ਪ੍ਰਧਾਨ ਮੰਤਰੀ ਅਤੇ ਕੇਂਦਰੀ ਸਿਹਤ ਮੰਤਰੀ ਨੂੰ ਮਦਦ ਦੀ ਅਪੀਲ ਵੀ ਕੀਤੀ ਗਈ ਪਰ ਕੋਈ ਕਾਰਵਾਈ ਨਹੀਂ ਹੋਈ, ਜਿਸ ਕਾਰਨ ਆਕਸੀਜਨ ਪਲਾਂਟ ਸਥਾਪਤ ਕਰਨ ਦਾ ਫੈਸਲਾ ਕੀਤਾ ਗਿਆ ਹੈ।
_____________________________________
ਤੀਜੀ ਲਹਿਰ ਦੇ ਟਾਕਰੇ ਲਈ ਅਗਾਊਂ ਪ੍ਰਬੰਧਾਂ ਦਾ ਦਾਅਵਾ
ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਖਿਆ ਕਿ ਸਿਹਤ ਮਾਹਿਰਾਂ ਵੱਲੋਂ ਕਰੋਨਾ ਦੀ ਤੀਜੀ ਲਹਿਰ ਦਾ ਖਦਸ਼ਾ ਦਾ ਪ੍ਰਗਟਾਇਆ ਜਾ ਰਿਹਾ ਹੈ ਤੇ ਇਸ ਖਦਸ਼ੇ ਨੂੰ ਧਿਆਨ ਵਿਚ ਰਖਦਿਆਂ ਇਸ ਸਬੰਧੀ ਵੀ ਲੋੜੀਂਦੇ ਪ੍ਰਬੰਧ ਅਗਾਊਂ ਕੀਤੇ ਜਾ ਰਹੇ ਹਨ। ਆਕਸੀਜਨ ਕੰਸਨਟਰੇਟਰਾਂ ਦੀ ਥਾਂ ਹੁਣ ਸਿੱਖ ਸੰਗਤ ਨੂੰ ਵੈਂਟੀਲੇਟਰ ਭੇਟ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਰੋਨਾ ਵੈਕਸੀਨ ਦਾ ਪ੍ਰਬੰਧ ਕਰਨ ਵਾਸਤੇ ਵੀ ਕੇਂਦਰ ਨੂੰ ਅਪੀਲ ਕੀਤੀ ਹੈ ਪਰ ਸਰਕਾਰ ਵੱਲੋਂ ਕੋਈ ਮਦਦ ਨਹੀਂ ਕੀਤੀ ਗਈ। ਇਸ ਦੀ ਵੈਕਸੀਨ ਦੀ ਖਰੀਦ ਵੀ ਸਿੱਖ ਸੰਗਤ ਵੱਲੋਂ ਆਪਣੇ ਤੌਰ ‘ਤੇ ਕੀਤੀ ਜਾਣੀ ਹੈ। ਇਸ ਦੇ ਬਾਵਜੂਦ ਕੇਂਦਰ ਨੇ ਕੋਈ ਹੁੰਗਾਰਾ ਨਹੀਂ ਭਰਿਆ ਹੈ।