ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜਿ਼ੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਕਮਰੇ ਨਾਲ ਪਈ ਸਾਂਝ ਦਾ ਜਿ਼ਕਰ ਛੋਹਿਆ ਸੀ, “ਇਹ ਕਮਰਾ ਤਾਂ ਮੇਰੇ ਅੰਦਰ ਸਦਾ ਜਿਉਂਦਾ ਅਤੇ ਜਿਉਂਦਾ ਰਹੇਗਾ, ਤਾਂ ਹੀ ਇਸ ਨਾਲ ਗੁਫਤਗੂ ਕਰਦਿਆਂ ਬੋਲ ਵੀ ਛੋਟੇ ਪੈ ਜਾਂਦੇ।…
ਇਹ ਕਮਰਾ ਕੁਝ ਨਾ ਹੁੰਦਿਆਂ ਵੀ ਮੇਰੀਆਂ ਕਿਤਾਬਾਂ, ਕਾਪੀਆਂ, ਕਲਮਾਂ ਅਤੇ ਕਾਗਜ਼ਾਂ ਦਾ ਸੰਗ੍ਰਹਿ ਤੇ ਉਨ੍ਹਾਂ ਵਿਚਲੀ ਕਿਰਤ-ਕਮਾਈ ਦਾ ਚਸ਼ਮਦੀਦ ਗਵਾਹ ਸੀ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਕਾਗਜ਼ ਦੀ ਮਹੱਤਤਾ ਦਾ ਗੁਣਗਾਨ ਕਰਦਿਆਂ ਇਸ ਦੇ ਗੁਣ-ਔਗੁਣ ਗਿਣਾਏ ਹਨ। ਉਹ ਕਹਿੰਦੇ ਹਨ, “ਜਿ਼ੰਦਗੀ, ਇਕ ਕੋਰਾ ਕਾਗਜ਼। ਇਸ ਕਾਗਜ਼ `ਤੇ ਅਸੀਂ ਕਿਹੜੀ ਅੱਖਰਕਾਰੀ, ਕਿਸ ਲਹਿਜ਼ੇ ਅਤੇ ਕਿਹੜੇ ਰੰਗਾਂ ਨਾਲ ਕਰਨੀ? ਸ਼ਬਦਕਾਰੀ ਕਿੰਨੇ ਸਮੇਂ ਅਤੇ ਕਿਸ ਅੰਦਾਜ਼ ਵਿਚ ਕਰਨੀ? ਇਸ ਨੇ ਹੀ ਸਾਡੇ ਵਿਅਕਤੀਤਵ ਅਤੇ ਕਦਰਾਂ ਕੀਮਤਾਂ ਨੂੰ ਨਿਰਧਾਰਤ ਕਰਨਾ। ਇਸ ਤੋਂ ਪਤਾ ਲੱਗਦਾ ਹੈ ਕਿ ਸਮਾਜ ਵਿਚ ਸਾਡਾ ਕੀ ਸਥਾਨ ਹੈ? ਉਨ੍ਹਾਂ ਦਾ ਸੁਝਾਅ ਹੈ ਕਿ ਚਿੱਟੇ ਕਾਗਜ਼ ਵਰਗੀ ਜਿ਼ੰਦਗੀ ਦੀ ਦਿੱਖ ਨੂੰ ਸੁਚੇਤਮਈ, ਸੁਘੜ, ਸਮਰੱਥ, ਸੁਹਜਵਾਦੀ ਅਤੇ ਸਹਿਜਵਾਦੀ ਬਣਾਉਣ ਲਈ ਰੰਗਾਂ ਤੇ ਅੱਖਰਾਂ ਦੀ ਚੋਣ ਸੋਚ-ਸਮਝ ਕੇ ਕਰੀਏ ਤਾਂ ਕਿ ਜਿ਼ੰਦਗੀ ਦੇ ਨਕਸ਼ਾਂ ਵਿਚੋਂ ਨਰੋਏਪਣ ਦਾ ਪ੍ਰਮਾਣ ਮਿਲੇ।”
ਡਾ. ਗੁਰਬਖਸ਼ ਸਿੰਘ ਭੰਡਾਲ
ਫਿਲਮ ‘ਕਾਗਜ਼’ ਦੇਖਦਾ ਹਾਂ। ਲਾਲਚੀ ਚਾਚਾ ਆਪਣੇ ਭਤੀਜੇ ਨੂੰ ਸਰਕਾਰੀ ਕਾਗਜ਼ਾਂ ਵਿਚ ਮਰਿਆ ਦਰਸਾ ਕੇ, ਉਸ ਦੀ ਸਾਰੀ ਜਾਇਦਾਦ ਹੜੱਪ ਕਰ ਜਾਂਦਾ ਏ। ਭਤੀਜਾ ਬੇਚਾਰਾ ਆਪਣੇ ਜਿਉਂਦੇ ਹੋਣ ਦੇ ਸਬੂਤ ਲਈ ਅਤੇ ਆਪਣਾ ਹੱਕ ਲੈਣ ਲਈ ਸਰਪੰਚ ਤੋਂ ਲੈ ਕੇ ਐਮ. ਐਲ. ਏ., ਸਰਕਾਰੀ ਅਫਸਰਾਂ ਅਤੇ ਅਦਾਲਤਾਂ ਤੀਕ ਦਾ ਦਰ ਖੜਕਾਉਂਦਾ ਏ, ਪਰ ਕੋਈ ਨਹੀਂ ਉਸ ਦੀ ਸੁਣਦਾ। ਆਖਰ ਨੂੰ ਰਾਜਸੀ ਮਜਬੂਰੀ ਕਰਕੇ, ਮੁੱਖ ਮੰਤਰੀ ਉਸ ਨੂੰ ਜੀਵਤ ਘੋਸਿ਼ਤ ਕਰਦਾ ਹੈ। ਇਸ ਖਲਜਗਣ ਵਿਚ ਅੱਧਾ ਜੀਵਨ ਗਾਲ ਕੇ, ਉਹ ਆਪਣੀ ਜਵਾਨੀ ਦੇ ਗਵਾਚੇ ਪਲਾਂ ਦੀ ਅਰਥੀ ਢੋਣ ਜੋਗਾ ਹੀ ਰਹਿ ਜਾਂਦਾ। ਇਹ ਫਿਲਮ ਅਜੋਕੀ ਮਾਨਸਿਕਤਾ, ਰਿਸ਼ਤਿਆਂ ਵਿਚਲੀ ਨਿਲੱਜਤਾ ਅਤੇ ਆਦਮ-ਖਾਣੀ ਭੁੱਖ ਨੂੰ ਬਿਆਨ ਕਰਦੀ, ਸਰਕਾਰੀ ਤੰਤਰ `ਤੇ ਡੂੰਘਾ ਵਿਅੰਗ ਵੀ ਹੈ।
ਫਿਲਮ ਦੌਰਾਨ ਕਾਗਜ਼ ਦੇ ਟੁਕੜੇ ਕਾਰਨ ਪੈਦਾ ਹੋਈ ਤ੍ਰਾਸਦੀ ਨੂੰ ਦੇਖ ਕੇ ਬਹੁਤ ਉਦਾਸ ਹੋ ਜਾਂਦਾ ਹਾਂ। ਕਿੰਨਾ ਗਿਰ ਸਕਦਾ ਏ ਭਰਾ/ਚਾਚਾ/ਭਤੀਜਾ? ਲਾਲ ਖੂਨ ਕਿਵੇਂ ਸਫੈਦ ਹੁੰਦਾ? ਸਬੰਧਾਂ ਵਿਚ ਪੈਦਾ ਹੋਈ ਇਸ ਬੇਭਰੋਸਗੀ ਤੇ ਭੋਖੜੇ ਨੂੰ ਕੀ ਅਰਥ ਦੇਵੋਗੇ? ਉਸ ਭਰਾ ਨੂੰ ਕੀ ਕਹੋਗੇ ਜੋ ਜਾਅਲੀ ਵਸੀਅਤ ਬਣਾ ਕੇ, ਭਰਾਵਾਂ ਦੀ ਜਾਇਦਾਦ ਹੜੱਪਣਾ ਲੋਚੇ? ਉਸ ਦੀ ਮਾਨਸਿਕਤਾ ਨੂੰ ਕਿਹੜਾ ਮਨੋਵਿਗਿਆਨੀ ਉਲਥਾ ਸਕਦਾ, ਜਿਸ ਨੇ ਸਕੇ ਭਰਾ ਨੂੰ ਮਰਲਾ ਕੁ ਜ਼ਮੀਨ ਖਾਤਰ ਵੱਢ ਕੇ ਵੱਟ ਹੇਠ ਦੱਬ ਦਿੱਤਾ ਹੋਵੇ? ਕੀ ਉਹ ਭਰਾ ਅਖਵਾਉਣ ਦਾ ਹੱਕਦਾਰ ਏ? ਕੀ ਉਸ ਦੀਆਂ ਭਾਵਨਾਵਾਂ ਜਿਉਂਦੀਆਂ? ਕੀ ਉਸ ਦੀ ਸੰਵੇਦਨਾ ਵਿਚ ਭਰਾ ਵਰਗੇ ਉੱਤਮ ਰਿਸ਼ਤੇ ਦੀ ਪਾਕੀਜ਼ਗੀ, ਪ੍ਰਵਾਨਗੀ ਅਤੇ ਪਛਾਣ ਦੇ ਕੋਈ ਅਰਥ ਹਨ? ਭਰਾ ਜਦ ਭਰਾ ਦੇ ਖੂਨ ਦਾ ਪਿਆਸਾ ਹੋ ਜਾਵੇ ਤਾਂ ਸਮਾਜ ਦੀ ਗਰਕਣੀ ਨੂੰ ਕੋਈ ਨਹੀਂ ਰੋਕ ਸਕਦਾ। ਬਹੁਤ ਸਾਰੇ ਪ੍ਰਸ਼ਨ ਮਨ ਵਿਚ ਖਲਬਲੀ ਮਚਾਉਂਦੇ ਨੇ। ਇਸ ਖਲਬਲੀ ਵਿਚ ਕਈ ਰਾਤਾਂ ਦੀ ਨੀਂਦ ਹਰਾਮ ਹੋ ਗਈ। ਭਾਵੁਕ ਬੰਦੇ ਲਈ ਅਣਹੋਏ ਵਰਤਾਰੇ ਵਿਚੋਂ ਲੰਘਣਾ ਅਤੇ ਪਿੰਡੇ `ਤੇ ਹੰਢਾਉਣਾ, ਦਰਦ ਵਿਚ ਪੀੜੇ ਜਾਣ ਦੇ ਬਰਾਬਰ। ਇਸ ਵਿਚੋਂ ਸਿਰਫ ਖਾਰੇ ਪਾਣੀ ਦੀਆਂ ਤਤੀਰੀਆਂ ਹੀ ਵਗਦੀਆਂ।
ਕਾਗਜ਼਼ ਹਮੇਸ਼ਾ ਕੋਰਾ। ਕੁਝ ਲਿਖੇ ਜਾਣ, ਉਕਰੇ ਜਾਣ ਜਾਂ ਬੁਰਸ਼ ਛੋਹਾਂ ਲਈ ਉਤਾਵਲਾ। ਕਾਗਜ਼ ਨੂੰ ਉਤਸੁਕਤਾ ਹੁੰਦੀ ਕੁਝ ਸੰਭਾਵਨਾਵਾਂ ਦੀ, ਕਿਸਮਤ ਰੇਖਾਵਾਂ ਦੀ, ਸੁਪਨਿਆਂ ਦੀ ਤਾਜਪੋਸ਼ੀ ਦੀ ਅਤੇ ਜੀਵਨ ਦੀਆਂ ਤ੍ਰਾਸਦੀਆਂ ਨੂੰ ਸੁਰਖ-ਭਾਵੀ ਬਣਾਉਣ ਦੀ। ਕਾਗਜ਼ ਦੀ ਇਬਾਰਤ ਹੀ ਇਬਾਦਤ ਅਤੇ ਅਰਦਾਸ ਲਈ ਅਰਜੋਈ। ਕਾਗਜ਼ `ਤੇ ਸ਼ਬਦਕਾਰੀ ਹੁੰਦੀ ਅਤੇ ਸ਼ਬਦਾਂ ਵਿਚੋਂ ਅਰਥਾਂ ਦੀ ਮੀਨਾਕਾਰੀ। ਵਾਕਾਂ ਵਿਚੋਂ ਰੌਸ਼ਨੀ ਤੇ ਰੰਗਾਂ ਦੀ ਆਬਸ਼ਾਰੀ।
ਕਾਗਜ਼ ‘ਤੇ ਕਦੇ ਉਮੀਦ, ਕਦੇ ਉਮੰਗ, ਕਦੇ ਉਤਸ਼ਾਹ, ਕਦੇ ਉਮਾਹ, ਕਦੇ ਉਦਾਸੀ, ਕਦੇ ਉਪਰਾਮਤਾ ਅਤੇ ਕਦੇ ਉਲੰਘਣਾ ਉਕਰੀ ਜਾਂਦੀ।
ਕਾਗਜ਼ ਦੀ ਲਿਖਤ ਦੇ ਬਹੁਤ ਸਾਰੇ ਰੰਗ, ਰੂਪ ਤੇ ਰਵਾਨੀ। ਕਾਗਜ਼ ਵਿਚ ਕੀ, ਕੁਝ ਤੇ ਕਿਵੇਂ ਲਿਖਣਾ? ਕਿਸ ਲਈ ਲਿਖਣਾ? ਕੌਣ ਹੈ ਲਿਖਤ ਦਾ ਕਰਤਾ? ਅਤੇ ਕੌਣ ਹੈ ਇਸ ਦਾ ਵਾਰਸ? ਬਹੁਤ ਕੁਝ ਨਿਰਧਾਰਤ ਕਰਦਾ ਹੈ ਕਾਗਜ਼।
ਕਾਗਜ਼ ਕਦੇ ਨਿਕਾਹ ਬਣਦਾ, ਕਦੇ ਕਚਹਿਰੀਆਂ ਵਿਚ ਗਵਾਹ ਬਣਦਾ। ਕਦੇ ਪ੍ਰੇਮ ਦਾ ਸ਼ਾਹ-ਅਸਵਾਰ ਤੇ ਕਦੇ ਜਿੰ਼ਦਗੀਆਂ ਨੂੰ ਜੋੜਦੀ ਤਾਰ। ਕਦੇ ਨਫਰਤ ਦੀ ਫਸਲ ਉਗਾਉਂਦਾ ਤੇ ਕਦੇ ਝੋਲੀ ਵਿਚ ਮੋਹ ਦੀ ਸੌਗਾਤ ਪਾਉਂਦਾ। ਕਦੇ ਵੀਰਾਂ ਦੀ ਸੱਜੀ ਬਾਂਹ ਤੇ ਕਦੇ ਹਾਂ ਵਿਚੋਂ ਉਪਜੀ ਨਾਂਹ। ਕਦੇ ਜ਼ਮੀਨ ਵਰਗੀ ਰਹਿਤਲ ਦਾ ਮਾਣ ਤੇ ਕਦੇ ਰਸਾਤਲ ਤੀਕ ਗਰਕੀ ਸੋਚ ਦਾ ਅਪਮਾਨ। ਕਦੇ ਜਿਸਮਾਂ ਦੀ ਮੰਡੀ ਵਰਗਾ ਤੇ ਕਦੇ ਮੈਦਾਨ ਵਿਚ ਲੱਗੀ ਮਰਦਾਂ ਦੀ ਝੰਡੀ ਵਰਗਾ। ਕਦੇ ਸਾਹਾਂ ਵਿਚ ਰਚੀ ਮਹਿਕ ਤੇ ਕਦੇ ਸੱਜਣਾਂ ਦਾ ਸਾਥ ਲੋੜਦੀ ਸਹਿਕ। ਕਦੇ ਪੱਲੇ ਵਿਚ ਪਈ ਫਕੀਰੀ ਜਿਹਾ ਤੇ ਕਦੇ ਰੂਹ ਵਿਚ ਰਚੀ ਅਮੀਰੀ ਜਿਹਾ। ਕਦੇ ਕਾਗਜ਼ ਜਾਗਦੀ ਜ਼ਮੀਰ ਤੇ ਕਦੇ ਸਾਹਾਂ ਦੀ ਅਖੀਰ। ਕਦੇ ਕਾਗਜ਼ ਦਾ ਟੁਕੜਾ ਮੁਹੱਬਤ ਦਾ ਪੈਗਾਮ ਤੇ ਕਦੇ ਜੰਗ ਦਾ ਐਲਾਨ। ਕਦੇ ਕਾਗਜ਼ ਤੇ ਸੁਲ੍ਹਾ-ਸਫਾਈ ਉਗੇ ਤੇ ਕਦੇ ਇਸ ਨਾਲ ਕਸਮਾਂ ਦੀ ਉਮਰ ਪੁੱਗੇ। ਕਦੇ ਕਾਗਜ਼, ਕਾਗਜ਼ ਦੀ ਬੇੜੀ ਦਾ ਤਰਨਾ ਤੇ ਕਦੇ ਭਿੱਜ ਕੇ ਆਪਣੀ ਮੌਤੇ ਮਰਨਾ। ਕਦੇ ਕੋਰੇ ਕਾਗਜ਼ ਵਿਚੋਂ ਉਗਦੀ ਅੱਖਰਾਂ ਦੀ ਤਸ਼ਬੀਹ ਤੇ ਕਦੇ ਕਾਗਜ਼ ਬਣਦਾ ਜੀਵਨ-ਜਾਚ ਦੀ ਤਰਜ਼ੀਹ। ਕਦੇ ਕਾਗਜ਼ ਕਰਮਾਂ ਦੀ ਖੇਤੀ ਕਰਦਾ ਤੇ ਕਦੇ ਜਿਊਣ ਦਾ ਦਮ ਭਰਦਾ। ਕਦੇ ਕਾਗਜ਼ ਰੋਟੀ ਦੀ ਬੁਰਕੀ ਤੇ ਕਦੇ ਕਾਗਜ਼ `ਤੇ ਉਕਰੀ ਘਰ ਦੀ ਕੁਰਕੀ। ਕਾਗਜ਼ ਹੀ ਕਮੀਆਂ ਦੀ ਗਿਣਤੀ ਕਰਦਾ ਤੇ ਕਾਗਜ਼ ਹੀ ਗੁਣਾਂ ਦੀ ਲੰਬਾਈ ਮਿਣਦਾ। ਕਾਗਜ਼ ਵਿਚੋਂ ਹੀ ਬੰਦਿਆਈ ਦਾ ਝਲਕਾਰਾ ਮਿਲਦਾ ਤੇ ਕਾਗਜ਼ ਵਿਚੋਂ ਹੀ ਮਨ ਦਾ ਫੁੱਲ ਖਿਲਦਾ। ਕਾਗਜ਼ ਹੀ ਮਹਿਕ ਦਾ ਸਿਰਨਾਂਵਾਂ ਤੇ ਸੰੁਦਰ ਜਿੰ਼ਦਗੀ ਦੀਆਂ ਰਾਹਵਾਂ। ਕਾਗਜ਼ ਦੀ ਕੀਰਤੀ ਸਲਾਮਾਂ ਦੀ ਹੱਕਦਾਰ ਤੇ ਕਾਗਜ਼ਾਂ ਨੂੰ ਕਦੇ ਨਾ ਪਵੇ ਕੁਕਰਮਾਂ ਦੀ ਮਾਰ। ਕਾਗਜ਼ਾਂ ਵਿਚੋਂ ਪ੍ਰਗਟ ਹੁੰਦੀ ਚਿਹਰਿਆਂ ਦੀ ਨੁਹਾਰ ਤੇ ਕਾਗਜ਼ ਵਿਚੋਂ ਹੀ ਉਗਦਾ ਮੁੱਖ ਦਾ ਨਿਖਾਰ। ਕਾਗਜ਼ ਹੀ ਗ੍ਰੰਥ ਤੇ ਵੇਦਾਂ ਦੀ ਬਾਣੀ ਅਤੇ ਕਾਗਜ਼ ਹੀ ਹੁੰਦਾ ਏ ਕਾਗਜ਼ਾਂ ਦੀ ਕਹਾਣੀ। ਕਾਗਜ਼ ਦੀ ਹਿੱਕ `ਤੇ ਲਿਖਿਆ ਜਾਂਦਾ ਇਤਿਹਾਸ ਤੇ ਕਾਗਜ਼ ਵਿਚ ਹੀ ਧੜਕਦੇ ਅਹਿਸਾਸ। ਕਾਗਜ਼ ਨੂੰ ਕਦੇ ਕਾਗਜ਼ ਨਾ ਜਾਣੋ, ਸਗੋਂ ਇਸ ‘ਚੋਂ ਫਰਕਦੇ ਭਾਵਾਂ ਨੂੰ ਪਛਾਣੋ। ਕਾਗਜ਼ਾਂ ‘ਚੋਂ ਜਿਨ੍ਹਾਂ ਨੇ ਜੀਵਨ ਪੈੜਾਂ ਨੂੰ ਪਛਾਣਿਆ, ਉਨ੍ਹਾਂ ਹੀ ਖੁਦ ਤੇ ਖੁਦਾਈ ਨੂੰ ਜਾਣਿਆ।
ਜਦ ਕਾਗਜ਼ ਦੀ ਬੇੜੀ ਵਿਹੜੇ ਦੀ ਛੱਪੜੀ ਵਿਚ ਤਰਦੀ ਤਾਂ ਬੱਚੇ ਦੇ ਮਨ ਵਿਚ ਜੀਵਨ-ਮੰਝਧਾਰ ਵਿਚੋਂ ਪਾਰ ਹੋਣ ਦੀ ਪ੍ਰੇਰਨਾ ਤੇ ਹਿੰਮਤ ਮਿਲਦੀ। ਕਾਗਜ਼ ਦੀਆਂ ਬੇੜੀ ਵਿਚੋਂ ਬੀਤੇ ਨੂੰ ਨਿਹਾਰਨਾ, ਬਚਪਨ ਦੀ ਗਲੀਆਂ ਵਿਚ ਜਾਣਾ, ਇਸ ਨੂੰ ਚੇਤਨਾ ਦਾ ਹਿੱਸਾ ਬਣਾਉਣਾ ਅਤੇ ਉਨ੍ਹਾਂ ਪਲਾਂ ਨੂੰ ਜਿਊਣਾ ਲੋਚਦਾ ਏ ਹਰ ਸਖਸ਼।
ਕਾਗਜ਼ ‘ਤੇ ਪਾਏ ਪੂਰਨਿਆਂ ਵਿਚੋਂ ਅੱਖਰਾਂ ਨੂੰ ਸਿਰਜਣ, ਤਸਵੀਰ ਤੇ ਤਾਸੀਰ ਪਛਾਣਨ, ਜਿਊਣ-ਜੋਗੀਆਂ ਲਿਖਤਾਂ ਉਕਰਨ ਅਤੇ ਸਿਆਣਪਾਂ ਨੂੰ ਜਿ਼ੰਦਗੀ ਦੇ ਨਾਮ ਕਰਨਾ, ਹੁਨਰ ਤੇ ਹਾਸਲ ਹੁੰਦਾ। ਪੂਰਨਿਆਂ ਤੋਂ ਕਿਤਾਬਾਂ ਦੀ ਸਿਰਜਣਾ ਦਾ ਸਫਰ ਹੀ ਕਾਗਜ਼ ਨੂੰ ਅਹਿਮੀਅਤ ਤੇ ਅਨੁਭਵ ਦਾ ਸਾਧਨ ਬਣਾਉਂਦਾ।
ਕਾਗਜ਼ੀ ਫੁੱਲਾਂ ਦੀ ਖੇਤੀ ਕਰਨ ਵਾਲਿਆਂ ਤੋਂ ਮਹਿਕਾਂ ਦੀ ਕੀ ਆਸ ਰੱਖੋਗੇ? ਕਿਵੇਂ ਕਿਆਸ ਕਰੋਗੇ ਕਿ ਉਹ ਫੁੱਲਾਂ ਨੂੰ ਮਸਲਣ ਕਾਰਨ ਉਪਜੀ ਪੀੜਾ ਨੂੰ ਆਪਣੀ ਚੇਤਨਾ ਦੇ ਨਾਮ ਕਰ, ਫੁੱਲਾਂ ਦੇ ਦਰਦ ਵਿਚ ਪੀੜ ਪੀੜ ਹੋਣ ਦੇ ਅਨੁਭਵ ਨੂੰ ਜੀਵਨ ਦਾ ਹਿੱਸਾ ਬਣਾ ਸਕਣ?
ਜਸ਼ਨਾਂ ਵਿਚ ਕਾਗਜ਼ ਦੀਆਂ ਲਾਈਆਂ ਝੰਡੀਆਂ, ਘਰ ਦੇ ਚੌਗਿਰਦੇ ਨੂੰ ਰੰਗ-ਬੇਰੰਗਤਾ ਬਖਸ਼ਦੀਆਂ। ਇਸ ‘ਚੋਂ ਜਸ਼ਨਾਂ ਦੇ ਵਿਭਿੰਨ ਰੰਗਾਂ ਦੀ ਨਿਸ਼ਾਦੇਹੀ ਹੁੰਦੀ, ਜਿਸ ਨੇ ਜੀਵਨ ਨੂੰ ਰੰਗਾਂ ਦੀ ਆਬਸ਼ਾਰ ਬਣਾਉਂਦਾ ਹੁੰਦਾ। ਕਾਗਜ਼ ਦੀਆਂ ਝੰਡੀਆਂ ਤੇ ਰੰਗਾਂ ਦੀ ਰੀਝ ਨੂੰ ਫਿਜ਼ਾ ਦੇ ਨਾਮ ਲਾਉਣ ਦੀ ਪਿਰਤ ਹੀ ਜੀਵਨ ਨੂੰ ਸੁਖਦ ਅਹਿਸਾਸਾਂ ਨਾਲ ਭਰਨ ਦਾ ਕਰਮ ਨਿਭਾਉਂਦੀ।
ਕਦੇ ਉਸ ਪੁਰਾਣੇ ਸਾਂਭੇ ਹੋਏ ਕਾਗਜ਼ ਦੇ ਟੁਕੜੇ ਨੂੰ ਨੀਝ ਨਾਲ ਦੇਖਣਾ, ਜਿਸ ‘ਤੇ ਦਿਲ ਦੀ ਸ਼ਕਲ ਵਾਹ ਕੇ, ਪਲੇਠੀ ਪ੍ਰੀਤ ਦਾ ਇਜ਼ਹਾਰ ਕਰਨ ਲਈ, ਦਿਲਜਾਨੀ ਦੀ ਕਾਪੀ ਵਿਚ ਰੱਖਣ ਦੀ ਜੁਅਰਤ ਨਾ ਕਰ ਸਕੇ। ਉਹ ਕਾਗਜ਼ ਹੁਣ ਵੀ ਚੇਤਿਆਂ ਵਿਚ ਵੱਸਦਾ, ਉਨ੍ਹਾਂ ਪਲਾਂ ਦੀ ਸਰੂਰਤਾ ਨੂੰ ਮਨ-ਬੀਹੀ ਵਿਚ ਧਰ ਜਾਂਦਾ।
ਕਾਗਜ਼ ਦੇ ਬਣਾਏ ਹੋਏ ਹਵਾਈ ਜਹਾਜ਼ਾਂ ਨੂੰ ਉਡਾਉਣਾ, ਦਰਅਸਲ ਮਨ ਵਿਚ ਅੰਬਰ ਵਿਚ ਉਡਣ ਅਤੇ ਅਕਾਸ਼ ਨੂੰ ਆਪਣੇ ਸੁਪਨਿਆਂ ਦਾ ਹਾਣੀ ਬਣਾਉਣ ਦੀ ਤਮੰਨਾ ਹੁੰਦੀ ਸੀ। ਅੱਜ ਜਦ ਅਸੀਂ ਕਾਗਜ਼ੀ ਹਵਾਈ ਜਹਾਜ਼ਾਂ ਤੋਂ ਅਸਲੀ ਹਵਾਈ ਜਹਾਜ਼ਾਂ ਵਿਚ ਸਫਰ ਕਰਦੇ ਹਾਂ ਤਾਂ ਉਹ ਕਾਗਜ਼ੀ ਜਹਾਜ਼ ਸਾਡੀ ਯਾਦ ਵਿਚ ਸਦਾ ਜਿਉਂਦੇ ਨੇ। ਕਾਗਜ਼ੀ ਜਹਾਜ਼ਾਂ ਦੀ ਉਚੇਰੀ ਤੇ ਲੰਮੇਰੀ ਉਡਾਣ, ਸਾਡੀ ਮਾਨਸਿਕ ਲੋਚਾ ਦਾ ਪ੍ਰਤੱਖ ਪ੍ਰਮਾਣ ਹੀ ਤਾਂ ਹੈ।
ਮੋਮੀ ਕਾਗਜ਼ ਵਿਚ ਲਪੇਟੇ ਤੋਹਫੇ ਨੂੰ ਹੌਲੀ ਹੌਲੀ ਖੋਲ੍ਹਣਾ। ਤੋਹਫਾ ਭੇਜਣ ਵਾਲੇ ਤੇ ਤੋਹਫਾ ਮਿਲਣ ਵਾਲੇ ਦੀਆਂ ਖੁਸ਼ੀਆਂ ਅਤੇ ਇਸ ਪਲ ਨੂੰ ਵਿਸਮਾਦੀ ਰੂਪ ਵਿਚ ਮਾਣਨਾ, ਬਹੁਤ ਵਿਰਲਿਆਂ ਦਾ ਨਸੀਬ। ਕੁਝ ਕੁ ਲੋਕ ਹੀ ਹੁੰਦੇ, ਜੋ ਤੋਹਫਾ ਦੇਣ ਤੇ ਤੋਹਫਾ ਲੈਣ ਵਿਚੋਂ ਜੀਵਨ ਦੀਆਂ ਪ੍ਰਾਪਤੀਆਂ, ਪਹਿਲਾਂ ਅਤੇ ਪਸੰਦਾਂ ਨੂੰ ਇਕ ਦੂਜੇ ਨਾਲ ਸਾਂਝੀਆਂ ਕਰ, ਇਨ੍ਹਾਂ ਨੂੰ ਦੂਣ ਸਵਾਇਆ ਕਰਦੇ।
ਕਾਗਜ਼ ਜਦ ਡਿਗਰੀ ਤੋਂ ਰੁਜ਼ਗਾਰ ਤੀਕ ਦਾ ਸਫਰ ਪੂਰਾ ਕਰਦਾ ਤਾਂ ਅੱਖਰਾਂ ਵਿਚੋਂ ਪੈਦਾ ਹੋਏ ਟੁੱਕ ਨਾਲ ਜੀਵਨ-ਜੋਤ ਜਗਦੀ। ਇਹ ਜੋਤ ਚਿੰਤਾਵਾਂ, ਫਿਕਰਾਂ ਅਤੇ ਅਨਿਸ਼ਚਿਤਤਾ ਨੂੰ ਦੂਰ ਕਰ, ਜਵਾਨੀ ਦੀ ਦਹਿਲੀਜ਼ ਤੇ ਬੇਫਿਕਰੀ ਤ੍ਰੌਂਕ, ਸੰਦਲੀ ਦਿਨਾਂ ਦੀ ਦਸਤਕ ਬਣਦੀ। ਇਹ ਸਫਰ ਬਹੁਤ ਔਖਾ। ਇਸ ਦੀਆਂ ਤ੍ਰਾਸਦੀਆਂ ਸਿਰਫ ਉਹ ਹੀ ਜਾਣ ਸਕਦੇ, ਜਿਨ੍ਹਾਂ ਨੇ ਇਸ ਸਫਰ ਵਿਚਲੀਆਂ ਸੂਲਾਂ ਨਾਲ ਪੈਰ ਵਿੰਨੇ। ਔਕੜਾਂ ਦੌਰਾਨ ਪੈਂਡਿਆਂ ਨੂੰ ਖੁਦ ਸਿਰਜਿਆ ਅਤੇ ਖੁਦ ਨੂੰ ਨਵੇਂ ਦਿਸਹੱਦਿਆਂ ਦਾ ਹਾਣੀ ਬਣਾਇਆ।
ਕਾਗਜ਼ ਦਾ ਟੁਕੜਾ ਹੀ ਹੁੰਦਾ, ਜੋ ਸਾਹੇ-ਚਿੱਠੀ ਬਣ ਕੇ ਦੋ ਪਰਿਵਾਰਾਂ ਨੂੰ ਜੋੜ, ਨਵੇਂ ਸਬੰਧ ਸਥਾਪਤ ਕਰਨ ਅਤੇ ਨਵੀਆਂ ਰਿਸ਼ਤੇਦਾਰੀਆਂ ਗੰਢਣ ਦਾ ਮਹੂਰਤ ਹੁੰਦਾ। ਇਹ ਟੋਟਾ ਹੀ ਧੀ ਨੂੰ ਪੇਕੇ ਘਰ ਵਿਚ ਖੁਸ਼ੀਆਂ ਵੰਡਣ ਤੋਂ ਬਾਅਦ ਨਵਾਂ ਘਰ ਵਸਾਉਣ ਦੀ ਪਰੰਪਰਾ ਬਣਿਆ। ਇਸ ਪਰੰਪਰਾ ਵਿਚੋਂ ਹੀ ਯੁੱਗ-ਜਿਊਣ ਵਾਲੀਆਂ ਜੋੜੀਆਂ ਨੂੰ ਅਸ਼ੀਰਵਾਦ ਮਿਲਦੀ।
ਪਰ ਇਹ ਕਾਗਜ਼ ਦਾ ਟੁਕੜਾ ਕਦੇ ਵੀ ਤਲਾਕ ਨਾ ਬਣੇ। ਇਸ ਨਾਲ ਟੁੱਟ ਜਾਂਦੀਆਂ ਉਮਰਾਂ ਦੇ ਸਾਥ ਨਿਭਾਉਣ ਦੀਆਂ ਕਸਮਾਂ, ਖਾਧੀਆਂ ਸਹੁੰਆਂ ਸੰਤਾਪੀਆਂ ਜਾਂਦੀਆਂ ਅਤੇ ਹਾਸਿਆਂ ਨੂੰ ਹਉਕਿਆਂ ਦੀ ਸਿਊਂਕ ਲੱਗਦੀ।
ਕਾਗਜ਼ ਦਾ ਟੁਕੜਾ ਜਦ ਬੇਦਖਲੀ ਦਾ ਨੋਟਿਸ ਬਣਦਾ ਤਾਂ ਪੱਥਰ ਹੋ ਜਾਂਦੇ ਨੇ ਲੋਕ। ਪੱਥਰਾ ਜਾਂਦੀਆਂ ਭਾਵਨਾਵਾਂ ਅਤੇ ਪਥਰੀਲੀਆਂ ਹੋ ਜਾਂਦੀਆਂ ਇਕ ਦੂਜੇ ਨੂੰ ਮਿਲਾਉਣ ਵਾਲੀਆਂ ਰਾਹਾਂ। ਕਾਗਜ਼ ਵਿਚੋਂ ਸੂਲੀ ਬਣ ਕੇ ਉਗਦੀ ਬੇਦਖਲੀ, ਜਦ ਬੁੱਢੇ ਮਾਪਿਆਂ ਨੂੰ ਬਿਰਧ-ਘਰਾਂ ਦਾ ਬਾਸਿ਼ੰਦਾ ਬਣਾਉਂਦੀ ਤਾਂ ਸ਼ਰਮਸਾਰ ਹੋ ਜਾਂਦੀ ਮਨੁੱਖਤਾ। ਬੱਚਿਆਂ ਦੀ ਨਾਲਾਇਕੀ ਅਤੇ ਨਾ-ਅਹਿਲੀਅਤ ਦੀ ਨਮੋਸ਼ੀ ਵਿਚ ਮਾਪੇ ਮਰਨਹਾਰੇ ਹੋ ਜਾਂਦੇ।
ਕਾਗਜ਼ ਦਾ ਟੁਕੜਾ ਜਦ ਚਿੱਠੀ ਦੀ ਉਡੀਕ ਨੂੰ ਲੰਮੇਰੀ ਕਰ, ਘਰ ਦੀਆਂ ਦਹਿਲੀਜ਼ਾਂ ਵਿਚ ਰੁਦਨ ਤੇ ਰੋਸਾ ਪੈਦਾ ਕਰਦਾ ਤਾਂ ਦਰੀਂ ਢੁਕਦੀ ਵੇਦਨਾ। ਇਹ ਵੇਦਨਾ ਡਾਕੀਏ ਨੂੰ ਉਡੀਕਦੀ ਉਡੀਕਦੀ, ਆਪਣੇ ਸਾਹਾਂ ਦੀ ਉਡੀਕ ਵੀ ਖਤਮ ਕਰ ਲੈਂਦੀ। ਘਰ ਦੀ ਬੇਧਿਆਨੀ ਅਤੇ ਬੇਗਾਨਗੀ ਕਾਰਨ, ਚਿੱਠੀ ਦਾ ਨਾ ਆਉਣਾ ਵਖਤ ਨੂੰ ਸੂਲੀ `ਤੇ ਟੰਗਦਾ; ਤੇ ਫਿਰ ਜਦ ਮਾਪਿਆਂ ਨੂੰ ਸਿਵਿਆਂ ਦੇ ਸਫਰ ਲਈ ਆਪਣਿਆਂ ਦਾ ਮੋਢਾ ਨਾ ਮਿਲਦਾ ਤਾਂ ਚਿੱਠੀ ਵਿਚ ਦੁਬਕੇ ਅੱਖਰ ਵੀ ਸਿਸਕੀਆਂ ਦੀ ਵਾਰਤਾਲਾਪ ਹੁੰਦੇ।
ਕਾਗਜ਼ `ਤੇ ਚਿੱਠੀ ਲਿਖਣਾ, ਇਬਾਰਤ ਨੂੰ ਅੰਤਰੀਵ ਵਿਚ ਉਤਾਰਨਾ। ਇਸ ਵਿਚ ਪਿਆਰੇ ਦੇ ਨਕਸ਼ ਉਲੀਕਣਾ ਤੇ ਸੁੱਚੀਆਂ ਭਾਵਨਾਵਾਂ ਨੂੰ ਸੁੱਚਮਤਾ ਰਾਹੀਂ ਵਾਹੁਣਾ, ਕੁਝ ਕੁ ਲੋਕਾਂ ਦਾ ਹਾਸਲ। ਫਿਰ ਚਿੱਠੀ ਦਾ ਜਵਾਬ ਉਡੀਕਣਾ, ਡਾਕੀਏ ਦੀਆਂ ਬਿੜਕਾਂ ਲੈਣਾ ਅਤੇ ਚੋਰੀ-ਛਿਪੇ ਕਮਰੇ ਵਿਚ ਚਿੱਠੀ ਨੂੰ ਕੰਬਦੇ ਹੱਥਾਂ ਨਾਲ ਖੋਲ੍ਹਣਾ, ਪੜ੍ਹਨਾ, ਇਸ ਦੇ ਹਰਫਾਂ ਨੂੰ ਪਲੋਸਣਾ। ਇਸ ਦੀ ਛੋਹ ਤੇ ਸੁਗੰਧ ਵਿਚੋਂ ਪਿਆਰੇ ਦੇ ਹੱਥਾਂ ਦੀ ਲਿਖਤ ਅਤੇ ਸ਼ਬਦਾਂ ਦੀ ਮਹਿਕ ਨੂੰ ਸਾਹਾਂ ਵਿਚ ਰਚਾਉਣਾ, ਕਿੰਨੇ ਹੁਸੀਨ ਅਤੇ ਯਾਦਗਾਰੀ ਪਲ। ਉਨ੍ਹਾਂ ਨੂੰ ਚੇਤੇ ਕਰਕੇ ਹੁਣ ਵੀ ਮਨ ਅਨੰਦਤ ਹੋ ਜਾਂਦਾ। ਚਿੱਠੀ ਲਿਖਣ ਅਤੇ ਇਸ ਨੂੰ ਉਡੀਕਣ ਦੀ ਰੁੱਤ ਜਦੋਂ ਦੀ ਬੇਦਾਵਾ ਦੇ ਗਈ ਹੈ, ਚਿੱਠੀ ਦੀ ਮੂਕ-ਵੇਦਨਾ ਨੂੰ ਸਿਰਫ ਚਿੱਠੀਆਂ ਲਿਖਣ ਤੇ ਪੜ੍ਹਨ ਵਾਲੇ ਹੀ ਜਾਣ ਸਕਦੇ? ਟਵਿੱਟਰ, ਫੇਸਬੁੱਕ, ਇੰਸਟਾਗ੍ਰਾਮ `ਤੇ ਚੈਟਿੰਗ ਵਿਚੋਂ ਅੱਖਰਾਂ ਦੀ ਖੂਬਸੂਰਤੀ ਅਤੇ ਸੀਰਤ ਨੂੰ ਕਿਵੇਂ ਮਹਿਸੂਸ ਤੇ ਪਛਾਣਿਆ ਜਾ ਸਕਦਾ?
ਕਾਗਜ਼ ਦਾ ਟੁਕੜਾ ਹੀ ਹੁੰਦਾ, ਜੋ ਵਸੀਹਤ ਬਣ ਕੇ ਜੱਦੀ ਜਾਇਦਾਦ ਨੂੰ ਔਲਾਦ ਦੇ ਨਾਮ ਕਰ, ਮਾਪਿਆਂ ਦੇ ਨਾਮ ਬੇਫਿਕਰੀ ਅਤੇ ਫਰਜਾਂ ਤੋਂ ਮੁਕਤੀ ਹੁੰਦਾ; ਪਰ ਜਦ ਇਸ ਨੂੰ ਲੋਭੀ ਭਰਾ ਵਲੋਂ ਧੋਖੇ, ਲਾਲਚ ਜਾਂ ਫਰੇਬ ਨਾਲ ਬਣਾ ਕੇ, ਸਭ ਕੁਝ ਹੜੱਪਣ ਦੀ ਲਾਲਸਾ ਭਾਰੀ ਹੋ ਜਾਵੇ ਤਾਂ ਮਰ ਜਾਂਦੇ ਰਿਸ਼ਤੇ, ਖਾਮੋਸ਼ ਹੋ ਜਾਂਦੀਆਂ ਭਰਾਤਰੀ ਭਾਵਨਾਵਾਂ ਅਤੇ ਅਰਥੀ ਬਣ ਜਾਂਦੀਆਂ ਭਰਾਵਾਂ ਦੇ ਕੰਮ ਆਉਣ ਵਾਲੀਆਂ ਤੂਤ ਦੇ ਮੋਛੇ ਵਰਗੀਆਂ ਬਾਹਵਾਂ।
ਕਾਗਜ਼ ਦਾ ਟੁਕੜਾ ਹੀ ਹੁੰਦਾ, ਜਿਸ `ਤੇ ਰਾਤ-ਬਰਾਤੇ ਮਨ ਵਿਚ ਉਪਜੇ ਖਿਆਲਾਂ ਨੂੰ ਉਕਰਿਆ ਜਾਂਦਾ। ਜਾਗਣ `ਤੇ ਇਹ ਨਵੀਂ ਕਲਾ-ਕ੍ਰਿਤ, ਕਾਵਿ-ਰਚਨਾ ਜਾਂ ਕਲਾ ਦੇ ਪਸਾਰ ਦਾ ਆਧਾਰ ਬਣਦੇ।
ਕਾਗਜ਼ ਦਾ ਟੋਟਾ ਹੀ ਸਿੱਧ ਕਰਦਾ ਕਿ ਬੰਦਾ ਜਿਉਂਦਾ ਏ ਜਾਂ ਮਰਿਆ। ਕੀ ਉਹ ਘਰ, ਕਾਰ ਜਾਂ ਜਾਇਦਾਦ ਦਾ ਮਾਲਕ ਏ? ਉਸ ਦੀ ਔਕਾਤ ਅਤੇ ਹੈਸੀਅਤ ਕੀ ਏ? ਉਸ ਦੀ ਕੌਮੀਅਤ ਕਿਹੜੀ ਏ? ਉਹ ਕਿਸ ਦੇਸ਼ ਦਾ ਨਾਗਰਿਕ ਏ? ਉਹ ਕਿਥੇ ਰਹਿੰਦਾ ਅਤੇ ਕੀ ਕਰਦਾ ਏ? ਕਾਗਜ਼ ਦਾ ਟੁਕੜਾ ਆਪਣੇ ਆਪ ਵਿਚ ਬਹੁਤ ਕੁਝ ਸਮੇਟੇ ਹੋਣ ਦੇ ਬਾਵਜੂਦ ਹਮੇਸ਼ਾ ਕਾਗਜ਼ ਦਾ ਟੁਕੜਾ ਹੀ ਰਹਿੰਦਾ।
ਕੋਰੇ ਸਫੇ ਵਰਗੇ ਬੱਚੇ ‘ਤੇ ਸੁੰਦਰ ਵਿਚਾਰਾਂ ਦੇ ਨਕਸ਼ ਉਲੀਕੋ। ਇਨ੍ਹਾਂ ਨੇ ਉਨ੍ਹਾਂ ਦਾ ਸ਼ਖਸੀ ਨਿਰਮਾਣ ਕਰਨਾ ਹੁੰਦਾ। ‘ਕੇਰਾਂ ਉਲੀਕੇ ਹੋਏ ਨਕਸ਼ ਤਾਅ-ਉਮਰ ਨਹੀਂ ਮਿੱਟਦੇ।
ਕਾਗਜ਼ੀ ਯਾਰ ਬੜੀ ਜਲਦੀ ਦੁੱਖਾਂ ਦੀ ਬਾਰਸ਼ ਵਿਚ ਭਿੱਜ ਕੇ ਸਾਥ ਛੱਡ ਜਾਂਦੇ। ਪਿਆਰ ਵਿਚ ਵਿਸ਼ਵਾਸ ਵੀ ਕਾਗਜ਼ ਵਰਗਾ, ਜੋ ਪਾਟ ਜਾਵੇ ਤਾਂ ਫਿਰ ਜੋੜ ਨਜ਼ਰ ਆਉਂਦਾ। ਗੁੱਛਾ-ਮੁੱਛਾ ਕਰੋ ਤਾਂ ਪਹਿਲੇ ਰੂਪ ਵਿਚ ਕਦੇ ਨਹੀਂ ਆਉਂਦਾ।
ਕਾਗਜ਼ ਦੀਆਂ ਗੇਂਦਾਂ ਬਣਾ ਕੇ ਜਮਾਤ ਵਿਚ ਸ਼ਰਾਰਤਾਂ ਕਰਨ ਵਾਲੇ ਯਾਰ ਵਿਛੜ ਕੇ ਕਦ ਥਿਆਉਂਦੇ? ਉਮਰ ਦੇ ਆਖਰੀ ਪੜਾਅ ਵਿਚ ਕਦੇ-ਕਦੇ ਇਨ੍ਹਾਂ ਜਿਗਰੀ ਯਾਰਾਂ ਨੂੰ ਜਰੂਰ ਮਿਲਿਆ ਕਰੋ।
ਕਈ ਵਾਰ ਅਸੀਂ ਕਾਗਜ਼ ਦੇ ਟੁਕੜੇ ਨੂੰ ਫਾਲਤੂ ਸਮਝ, ਟੋਟਾ-ਟੋਟਾ ਕਰ ਹਵਾ ਵਿਚ ਉਛਾਲਦੇ। ਕਦੇ ਇਸ ਦੀਆਂ ਤਹਿਆਂ ਲਾ ਕੇ ਕਿਤਾਬਾਂ ਵਿਚ ਸਾਂਭਦੇ। ਕਈ ਵਾਰ ਤਾਂ ਸੰਦੂਕ ਜਾਂ ਤਹਿਖਾਨਿਆਂ ਵਿਚ ਵੀ ਸੰਭਾਲਦੇ। ਇਹ ਇਸ ਗੱਲ `ਤੇ ਨਿਰਭਰ ਕਿ ਕਾਗਜ਼ ਦੇ ਟੁਕੜੇ ਦੀ ਕੀ ਕੀਮਤ ਅਤੇ ਸਾਡੀ ਜਿ਼ੰਦਗੀ ਲਈ ਇਸ ਦੇ ਕੀ ਅਰਥ?
ਜਿ਼ੰਦਗੀ, ਇਕ ਕੋਰਾ ਕਾਗਜ਼। ਇਸ ਕਾਗਜ਼ `ਤੇ ਅਸੀਂ ਕਿਹੜੀ ਅੱਖਰਕਾਰੀ, ਕਿਸ ਲਹਿਜ਼ੇ ਅਤੇ ਕਿਹੜੇ ਰੰਗਾਂ ਨਾਲ ਕਰਨੀ? ਸ਼ਬਦਕਾਰੀ ਕਿੰਨੇ ਸਮੇਂ ਅਤੇ ਕਿਸ ਅੰਦਾਜ਼ ਵਿਚ ਕਰਨੀ? ਇਸ ਨੇ ਹੀ ਸਾਡੇ ਵਿਅਕਤੀਤਵ ਅਤੇ ਕਦਰਾਂ ਕੀਮਤਾਂ ਨੂੰ ਨਿਰਧਾਰਤ ਕਰਨਾ। ਇਸ ਤੋਂ ਪਤਾ ਲੱਗਦਾ ਹੈ ਕਿ ਸਮਾਜ ਵਿਚ ਸਾਡਾ ਕੀ ਸਥਾਨ ਹੈ? ਅਸੀਂ ਜਿ਼ੰਦਗੀ ਨੂੰ ਕੀ ਸਮਝਦੇ? ਸਾਡੇ ਲਈ ਜਿ਼ੰਦਗੀ ਦੇ ਕੀ ਅਰਥ? ਜਿੰ਼ਦਗੀ ਸਾਡੇ ਤੋਂ ਕੀ ਆਸ ਰੱਖਦੀ? ਅਸੀਂ ਇਸ ਨੂੰ ਕਿਸ ਰੂਪ ਵਿਚ ਕੀ ਕੀ ਅਰਪਿਤ ਕਰਦੇ? ਸੁੰਦਰ ਜਿ਼ੰਦਗੀ ਨੂੰ ਹੋਰ ਸੁੰਦਰ ਤੇ ਮੁੱਲਵਾਨ ਬਣਾਉਣ ਲਈ ਕਿਹੜੀਆਂ ਤਰਜ਼ੀਹਾਂ, ਤਸ਼ਬੀਹਾਂ ਤੇ ਤਦਬੀਰਾਂ ਰਾਹੀਂ ਤਕਦੀਰ ਦੀ ਕਲਾਕਾਰੀ ਕਰਦੇ?
ਲੋੜ ਹੈ, ਜਿ਼ੰਦਗੀ ਦੇ ਕੋਰੇ ਤੇ ਸੁੱਚੇ ਕਾਗਜ਼ ‘ਤੇ ਸੰਦਲੀ ਤੇ ਜੀਵਨ-ਮੁਖੀ ਭਾਅ ਵਾਲੇ ਰੰਗਾਂ ਦੀ ਚਿੱਤਰਕਾਰੀ ਕਰੀਏ ਅਤੇ ਇਨ੍ਹਾਂ ਚਿੱਤਰਾਂ ਰਾਹੀਂ ਮਨੁੱਖਤਾ ਦਾ ਮੁਹਾਂਦਰਾ ਲਿਸ਼ਕਦਾ ਰਹੇ।
ਰੋਜ਼ਾਨਾ ਜਿੰ਼ਦਗੀ ਦੀ ਜਰੂਰਤ ਕਾਗਜ਼।
ਬੋਲਣ-ਬੁਲਾਉਣ ਦੀ ਸਹੂਲਤ ਕਾਗਜ਼।
ਜਿਊਣ-ਮਰਨ ਦੀ ਚਾਹਤ ਕਾਗਜ਼,
ਫਿਕਰਮੰਦੀ ਤੋਂ ਰਾਹਤ ਕਾਗਜ਼।
ਪਿਆਰ ਦੀਆਂ ਚਿੱਠੀਆਂ ਵੀ ਕਾਗਜ਼ ਦੀਆਂ,
ਕੰਮ ਦੀਆਂ ਅਰਜ਼ੀਆਂ ਵੀ ਕਾਗਜ਼ ਦੀਆਂ।
ਗੁੰਝਲਦਾਰ ਫੈਸਲਿਆਂ ਦਾ ਗਵਾਹ ਕਾਗਜ਼,
ਕਦੇ ਵਿਆਹ ਤੇ ਕਦੇ ਨਿਕਾਹ ਕਾਗਜ਼।
ਕਦੇ ਕੀਤਾ ਹੋਇਆ ਗੁਨਾਹ ਕਾਗਜ਼,
ਕਦੇ ਬਣਾਵੇ ਤੇ ਕਦੇ ਕਰੇ ਤਬਾਹ ਕਾਗਜ਼।
ਕਦੇ ਬੇਕਸੂਰੀ ਦਾ ਗਵਾਹ ਕਾਗਜ਼,
ਕਦੇ ਹਨੇਰਿਆਂ ਵਿਚਲਾ ਰਾਹ ਕਾਗਜ਼।
ਖੋਹ ਲੈਂਦਾ ਏ ਭਰਾ ਦੀ ਜਮੀਂ ਕਾਗਜ਼
ਆਖਰ ਨੂੰ ਪੂੰਝਦਾ ਨੈਣਾਂ ਦੀ ਨਮੀ ਕਾਗਜ਼।
ਹਰ ਜਗਾ ਇਸ ਤਰ੍ਹਾਂ ਹੈ ਲਾਜ਼ਮੀ ਕਾਗਜ਼।
ਜਿਵੇਂ ਘਰ ਵੀ ਤੇ ਆਦਮੀ ਕਾਗਜ਼।
ਕਦੇ ਬਣਦਾ ਬੰਦੇ ਦੀ ਚੁੱਪ ਕਾਗਜ਼।
ਕੁਝ ਨਹੀਂ, ਪਰ ਹੈ ਸਭ ਕੁਝ ਕਾਗਜ਼।
ਕਾਗਜ਼ ਹੀ ਹੁੰਦਾ, ਜੋ ਜਿ਼ੰਦਗੀ ਨੂੰ ਗ੍ਰੰਥਾਂ, ਵੇਦਾਂ ਤੇ ਪੁਸਤਕਾਂ ‘ਚ ਸਮੇਟਦਾ। ਆਉਣ ਵਾਲੀਆਂ ਨਸਲਾਂ ਇਸ ਵਿਚੋਂ ਸੇਧ ਤੇ ਸੰਦੇਸ਼ ਲੈ ਕੇ ਆਪਣੇ ਸੁਪਨਿਆਂ ਨੂੰ ਪਰਵਾਜ਼ ਦਿੰਦੀਆਂ।
ਸੋ ਲੋੜ ਹੈ, ਚਿੱਟੇ ਕਾਗਜ਼ ਵਰਗੀ ਜਿ਼ੰਦਗੀ ਦੀ ਦਿੱਖ ਨੂੰ ਸੁਚੇਤਮਈ, ਸੁਘੜ, ਸਮਰੱਥ, ਸੁਹਜਵਾਦੀ ਅਤੇ ਸਹਿਜਵਾਦੀ ਬਣਾਉਣ ਲਈ ਰੰਗਾਂ ਤੇ ਅੱਖਰਾਂ ਦੀ ਚੋਣ ਸੋਚ-ਸਮਝ ਕੇ ਕਰੀਏ ਤਾਂ ਕਿ ਜਿ਼ੰਦਗੀ ਦੇ ਨਕਸ਼ਾਂ ਵਿਚੋਂ ਨਰੋਏਪਣ ਦਾ ਪ੍ਰਮਾਣ ਮਿਲੇ।
ਕਾਗਜ਼ ਤੋਂ ਕੀਰਤੀ ਤੀਕ ਦਾ ਮਾਣਮੱਤਾ ਹਰਫਨਾਮਾ ਜਦ ਜਿ਼ੰਦਗੀ ਨੂੰ ਸਮੁੱਚ ਵਿਚ ਪਛਾਣਨ ਤੇ ਪਰਿਭਾਸ਼ਤ ਕਰਨ ਦੇ ਯੋਗ ਹੋ ਜਾਂਦਾ ਤਾਂ ਕਾਗਜ਼ ਨੂੰ ਆਪਣੀ ਹੋਂਦ `ਤੇ ਬਹੁਤ ਨਾਜ਼ ਹੁੰਦਾ।
ਬਹੁਤ ਔਖਾ ਹੁੰਦਾ ਏ ਕੋਰੇ ਕਾਗਜ਼ ਵਰਗੇ ਜੀਵਨ ਨੂੰ ਜਿੰ਼ਦਗੀ ਕਹਿਣਾ। ਹਰੇਕ ਕਾਗਜ਼ ਦੀ ਲੋਚਾ ਹੁੰਦੀ ਕਿ ਉਸ ‘ਤੇ ਕੋਈ ਇਬਾਰਤ ਉਕਰੀ ਜਾਵੇ, ਜੋ ਸਾਹਾਂ ਦੇ ਸਫਰ, ਸੁਪਨਿਆਂ ਦੀ ਸਾਂਝ ਅਤੇ ਜੀਵਨ-ਦਿਸਹੱਦਿਆਂ ਦਾ ਮੁੱਖ ਰੁਸ਼ਨਾਵੇ।
ਆਓ! ਕੋਰੇ ਕਾਗਜ਼ ਨੂੰ ਸੁਰਖ ਰੰਗ ਅਰਪਿਤ ਕਰਨ ਲਈ ਪਹਿਲ ਕਰੀਏ।