ਕਾਵਿਕ ਖੇਡ ਸ਼ੈਲੀ ਵਾਲਾ ਚਰਨਜੀਤ ਪੱਡਾ

ਪਿ੍ਰੰ. ਸਰਵਣ ਸਿੰਘ
ਡਾ. ਚਰਨਜੀਤ ਸਿੰਘ ਪੱਡਾ ਖੁਦ ਖਿਡਾਰੀ ਰਿਹਾ ਤੇ ਫੇਰ ਖੇਡ ਲੇਖਕ ਬਣਿਆ। ਉਹਦਾ ਕਾਫੀ ਕੁਝ ਮੇਰੇ ਨਾਲ ਮਿਲਦਾ-ਜੁਲਦਾ ਹੈ। ਜਿਵੇਂ ਦੋਹਾਂ ਦਾ ਪਹਿਲਾਂ ਖਿਡਾਰੀ ਹੋਣਾ ਤੇ ਫਿਰ ਖੇਡ ਲੇਖਕ ਹੋਣਾ। ਫਿਰ ਦੋਹਾਂ ਦਾ ਪੰਜਾਬੀ ਲੈਕਚਰਰ ਹੋਣਾ। ਦੋਹਾਂ ਦੀ ਖੇਡ ਸ਼ੈਲੀ ਇਕੋ ਜਿਹੀ ਹੋਣੀ। ਮੈਂ ਮਲਵਈ ਤੋਂ ਦੁਆਬੀਆ ਬਣਿਆ, ਉਹ ਮਝੈਲ ਤੋਂ ਦੁਆਬੀਆ ਬਣਿਆ। ਉਸ ਨੇ ਫੁੱਟਬਾਲ ਦੇ ਮਹਾਨ ਜਰਨੈਲ ਸਿੰਘ ਦੀ ਜੀਵਨੀ ਲਿਖੀ ਜਿਸ ਦੀਆਂ ਦੋ ਐਡੀਸ਼ਨਾਂ ਛਪ ਚੁਕੀਆਂ। ਪਹਿਲੀ ਐਡੀਸ਼ਨ ਦਾ ਨਾਂ ‘ਭਰਤੀ ਫੁੱਟਬਾਲ ਦਾ ਜਰਨੈਲ’ ਸੀ, ਦੂਜੀ ਦਾ ਨਾਂ ‘ਏਸ਼ੀਆ ਦਾ ਜਰਨੈਲ’ ਹੈ।

ਜਿਨ੍ਹਾਂ ਪਾਠਕਾਂ/ਆਲੋਚਕਾਂ ਨੇ ਪੰਜਾਬੀ ਖੇਡ ਸ਼ੈਲੀ ਦਾ ਜਲਵਾ ਵੇਖਣਾ ਹੋਵੇ, ਉਹ ਇਹ ਪੁਸਤਕ ਜ਼ਰੂਰ ਪੜ੍ਹਨ। ਪੰਜਾਹ ਕੁ ਵਰ੍ਹੇ ਪਹਿਲਾਂ ਮੈਂ ਵੀ ਜਰਨੈਲ ਸਿੰਘ ਦਾ ਸ਼ਬਦ ਚਿੱਤਰ ਉਲੀਕਿਆ ਸੀ, ਜੋ ਮੇਰੀ ਪਹਿਲੀ ਪੁਸਤਕ ‘ਪੰਜਾਬ ਦੇ ਉੱਘੇ ਖਿਡਾਰੀ’ ਵਿਚ ‘ਏਸ਼ੀਆ ਦਾ ਜਰਨੈਲ’ ਸਿਰਲੇਖ ਹੇਠ ਛਪਿਆ ਸੀ। ਉਹਦਾ ਹੀ ਵਿਸਥਾਰ ਫਿਰ ਮੇਰੀ ਵਡੇਰੀ ਪੁਸਤਕ ‘ਪੰਜਾਬ ਦੇ ਕੋਹੇਨੂਰ’ ਵਿਚ ‘ਫੁੱਟਬਾਲ ਦਾ ਜਰਨੈਲ’ ਸਿਰਲੇਖ ਅਧੀਨ ਛਪਿਆ।
ਮੈਂ ਲਿਖਿਆ ਸੀ: ਜਰਨੈਲ ਸਿੰਘ ਸੱਚਮੁੱਚ ਫੁੱਟਬਾਲ ਦਾ ਜਰਨੈਲ ਸੀ। ਉਸ ਨੇ ਦੋ ਸਾਲ ਏਸ਼ੀਅਨ ਆਲ ਸਟਾਰਜ਼ ਫੁੱਟਬਾਲ ਟੀਮ ਦੀ ਕਪਤਾਨੀ ਕੀਤੀ। ਉਹਦੀਆਂ ਧੁੰਮਾਂ ਪਿੰਡ ਪਨਾਮ ਤੋਂ ਦਿੱਲੀ, ਲਾਹੌਰ, ਕਲਕੱਤੇ, ਕੁਆਲਾਲੰਪੁਰ ਤੇ ਰੋਮ ਤਕ ਪਈਆਂ ਰਹੀਆਂ। ਉਸ ਨੂੰ ਪੰਜਾਬ ਦਾ ਪੇਲੇ, ਮੈਰੀਡੋਨਾ ਜਾਂ ਰੋਨਾਲਡੋ ਵੀ ਕਿਹਾ ਜਾ ਸਕਦੈ। ਉਸ ਨੇ ਤਿੰਨ ਸਾਲ ਭਾਰਤੀ ਫੁੱਟਬਾਲ ਟੀਮਾਂ ਦੀ ਕਪਤਾਨੀ ਕੀਤੀ ਤੇ ਜਕਾਰਤਾ ਤੋਂ ਏਸਿ਼ਆਈ ਖੇਡਾਂ ਦਾ ਗੋਲਡ ਮੈਡਲ ਜਿੱਤਿਆ। ਰੋਮ ਦੀਆਂ ਓਲੰਪਿਕ ਖੇਡਾਂ ‘ਚ ਉਹ ਬਿਹਤਰੀਨ ਫੁੱਲ-ਬੈਕ ਖਿਡਾਰੀ ਸਾਬਤ ਹੋਇਆ, ਜਿਸ ਨੂੰ ਵਰਲਡ ਇਲੈਵਨ ਦਾ ਸੈਂਟਰ ਫੁੱਲ ਬੈਕ ਨਾਮਜ਼ਦ ਕੀਤਾ ਗਿਆ। ਏਸ਼ੀਆ ਮਹਾਂਦੀਪ ‘ਚੋਂ ਇਹ ਮਾਣ ਇਕੱਲੇ ਜਰਨੈਲ ਸਿੰਘ ਨੂੰ ਹੀ ਮਿਲਿਆ। ਕੁਆਲਾਲੰਪੁਰ ਦੇ ਮਰਦੇਕਾ ਕੱਪ ਸਮੇਂ ਫੀਫਾ ਦੇ ਪ੍ਰਧਾਨ ਸਰ ਸਟੈਨਲੇ ਰਾਊਜ਼ ਨੇ ਏਸ਼ੀਆ ਦੇ ਫੁੱਟਬਾਲ ਅਧਿਕਾਰੀਆਂ ਨੂੰ ਕਿਹਾ, “ਤੁਹਾਡੇ ਪਾਸ ਜਰਨੈਲ ਸਿੰਘ ਐਸਾ ਖਿਡਾਰੀ ਹੈ, ਜਿਹੜਾ ਦੁਨੀਆਂ ਦੀ ਕਿਸੇ ਵੀ ਟੀਮ ਵਿਚ ਚੁਣੇ ਜਾਣ ਦੇ ਯੋਗ ਹੈ।”
ਜਦੋਂ ਜਰਨੈਲ ਸਿੰਘ ਅਫਰੀਕੀ ਦੇਸ਼ਾਂ ਵਿਚ ਖੇਡਿਆ ਤਾਂ ਅਫਰੀਕਨਾਂ ਨੇ ਉਹਨੂੰ ‘ਸਿੰਘਾ ਸ਼ੀਬਾ’ ਯਾਨਿ ‘ਸਿੰਘ ਸ਼ੇਰ’ ਕਹਿ ਕੇ ਵਡਿਆਇਆ। ਦਸ ਸਾਲ ਉਹ ਏਸ਼ੀਆ ਦਾ ਸਭ ਤੋਂ ਤਕੜਾ ਫੁੱਲ-ਬੈਕ ਖਿਡਾਰੀ ਮੰਨਿਆ ਜਾਂਦਾ ਰਿਹਾ। ਜਿੰਨੇ ਸਾਲ ਉਹ ਕਲਕੱਤੇ ਦੀ ਮੋਹਨ ਬਾਗਾਨ ਕਲੱਬ ਵਿਚ ਖੇਡਿਆ, ਉਹਨੂੰ ਪੈਸੇ ਵੀ ਸਭ ਤੋਂ ਵੱਧ ਮਿਲੇ ਤੇ ਸ਼ੋਹਰਤ ਵੀ ਸਭ ਤੋਂ ਵੱਧ। ਸ਼ਾਇਦ ਹੀ ਕੋਈ ਬੰਗਾਲੀ ਹੋਵੇ, ਜਿਹੜਾ ਜਰਨੈਲ ਸਿੰਘ ਦੇ ਨਾਂ ਤੋਂ ਵਾਕਿਫ ਨਾ ਹੋਵੇ। ਕਲਕੱਤੇ ਦੀਆਂ ਸੜਕਾਂ `ਤੇ ਜਰਨੈਲ ਸਿੰਘ ਨੂੰ ਸਲਾਮਾਂ ਹੁੰਦੀਆਂ ਰਹੀਆਂ। ਬੰਗਾਲੀ ਉਹਦੀ ਖੇਡ ਉਤੇ ਸ਼ਰਤਾਂ ਲਾਉਂਦੇ, ਸੱਟਾ ਖੇਡਦੇ ਤੇ ਆਟੋਗਰਾਫ ਲੈਣ ਲਈ ਇਕ ਦੂਜੇ ਦੇ ਮੋਢਿਆਂ ਉਤੋਂ ਦੀ ਉਤੇ ਚੜ੍ਹਦੇ ਰਹੇ। ਐਸ. ਐਸ. ਰੇਅ ਪੰਜਾਬ ਦਾ ਗਵਰਨਰ ਬਣਿਆ ਤਾਂ ਚੰਡੀਗੜ੍ਹ ਆਉਂਦਿਆਂ ਜਰਨੈਲ ਸਿੰਘ ਦਾ ਹਾਲ-ਚਾਲ ਪੁੱਛਿਆ। ਉਸ ਦੀ ਪਤਨੀ ਮਾਇਆ ਰੇਅ ਜਰਨੈਲ ਸਿੰਘ ਦੀ ਫੈਨ ਸੀ। ਉਹ ਜਰਨੈਲ ਸਿੰਘ ਨੂੰ ਗਵਰਨਰ ਹਾਊਸ ਸੱਦਦੇ, ਜਿਥੇ ਮਾਇਆ ਰੇਅ ਆਪਣੇ ਹੱਥਾਂ ਦਾ ਬਣਾਇਆ ਖਾਣਾ ਖੁਆ ਕੇ ਖੁਸ਼ ਹੁੰਦੀ। ਇਕ ਵਾਰ ਗਵਰਨਰ ਨੂੰ ਕਿਸੇ ਵੱਡੇ ਖੇਡ ਸਮਾਗਮ `ਚ ਮੁੱਖ ਮਹਿਮਾਨ ਵਜੋਂ ਸੱਦਿਆ ਗਿਆ। ਉਥੇ ਜਰਨੈਲ ਸਿੰਘ ਵੀ ਹਾਜ਼ਰ ਸੀ। ਰੇਅ ਨੇ ਭਾਸ਼ਣ ਦਿੰਦਿਆਂ ਕਿਹਾ, ਇਸ ਸਮਾਗਮ ਦਾ ਮੁੱਖ ਮਹਿਮਾਨ ਮੈਨੂੰ ਨਹੀਂ, ਫੁੱਟਬਾਲ ਦੇ ਹੀਰੋ ਜਰਨੈਲ ਸਿੰਘ ਨੂੰ ਬਣਾਉਣਾ ਚਾਹੀਦਾ ਸੀ!
ਚਰਨਜੀਤ ਸਿੰਘ ਪੱਡਾ ਦਾ ਜਨਮ ਚੌਂਕ ਮਹਿਤਾ ਕੋਲ ਪਿੰਡ ਭੋਮਾ ਦੇ ਕਿਸਾਨ ਮਹਿੰਦਰ ਸਿੰਘ ਦੇ ਘਰ ਸੁਰਜੀਤ ਕੌਰ ਦੀ ਕੁੱਖੋਂ ਹੋਇਆ। ਉਹ ਇਕ ਭੈਣ ਤੇ ਪੰਜ ਭਰਾਵਾਂ ‘ਚ ਸਭ ਤੋਂ ਛੋਟਾ ਲਾਡਲਾ ਪੁੱਤਰ ਸੀ। ਵੱਡੇ ਭਰਾ ਹਾਕੀ ਦੇ ਖਿਡਾਰੀ ਸਨ, ਪਰ ਉਹ ਭਲਵਾਨੀ ਕਰਨ ਲੱਗਾ, ਜਿਸ ਕਰਕੇ ਬਦਾਮਾਂ ਦੀਆਂ ਗਿਰੀਆਂ ਖਾਣ ਲੱਗਾ। ਉਹ ਨਿੱਤ ਸੌ ਡੰਡ ਤੇ ਪੰਜ ਸੌ ਬੈਠਕਾਂ ਮਾਰਦਾ ਤੇ ਆਪਣੇ ਤੋਂ ਵੱਡਿਆਂ ਨੂੰ ਵੀ ਢਾਹ ਲੈਂਦਾ। ਪਿੰਡੋਂ ਪ੍ਰਾਇਮਰੀ ਪੜ੍ਹ ਕੇ ਜਦੋਂ ਨੰਗਲ ਦੇ ਹਾਇਰ ਸੈਕੰਡਰੀ ਸਕੂਲ ਵਿਚ ਪੜ੍ਹਨ ਲੱਗਾ ਤਾਂ ਹਾਕੀ ਖੇਡਣ ਲੱਗ ਪਿਆ। ਖੇਡਦਾ-ਖੇਡਦਾ ਸਕੂਲ ਦੀ ਟੀਮ ਦਾ ਕਪਤਾਨ ਬਣ ਗਿਆ ਤੇ ਜਿਲੇ ਵੱਲੋਂ ਪੰਜਾਬ ਸਟੇਟ ਚੈਂਪੀਅਨਸਿ਼ਪ ਖੇਡਿਆ। ਬੀ. ਏ. ਭਾਗ ਪਹਿਲੇ ਵਿਚ ਜੀ. ਐੱਚ. ਜੀ. ਕਾਲਜ ਗੁਰੂਸਰ ਸੁਧਾਰ ਤੇ ਅਗਲੇ ਸਾਲ ਮਹਿੰਦਰਾ ਕਾਲਜ ਪਟਿਆਲੇ ਦੇ ਸਪੋਰਟਸ ਵਿੰਗ ਵਿਚ ਚਲਾ ਗਿਆ। ਉਥੇ ਉਹਦੀ ਖੇਡ ਦੀ ਚੜ੍ਹਤ ਨਾਲ ਪ੍ਰੋ. ਕਸੇਲ ਹੋਰਾਂ ਨੇ ਸਾਹਿਤ ਪੜ੍ਹਨ ਦੀ ਚੇਟਕ ਲਾ ਦਿੱਤੀ। ਉਸ ਨੂੰ ਖੇਡਾਂ ਤੇ ਪੜ੍ਹਾਈ ਦੇ ਕਾਲਜ ਕੱਲਰ ਮਿਲੇ। ਉਥੇ ਉਸ ਨੇ ਪੰਜਾਬੀ ਦੀ ਐੱਮ. ਏ. ਕਰ ਲਈ। ਫਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਐੱਮ.ਫਿੱਲ ਤੇ ਪੀਐੱਚ.ਡੀ. ਕੀਤੀ। ਪਹਿਲਾਂ ਦੁਆਬਾ ਕਾਲਜ ਜਲੰਧਰ ਤੇ ਫਿਰ ਰਿਟਾਇਰ ਹੋਣ ਤਕ ਸਿੱਖ ਨੈਸ਼ਨਲ ਕਾਲਜ ਬੰਗਾ `ਚ ਪੰਜਾਬੀ ਪੜ੍ਹਾਈ। ਹੁਣ ਉਹ ਵਿਹਲਾ ਹੈ। ਜੇ ਹਿੰਮਤ ਕਰੇ ਤਾਂ ਹੋਰ ਖੇਡ ਪੁਸਤਕਾਂ ਵੀ ਲਿਖ ਸਕਦਾ ਹੈ। ਅਜੇ ਬਹੁਤ ਕੁਝ ਹੈ ਖੇਡ ਸਾਹਿਤ ਲਈ ਲਿਖਣ ਵਾਲਾ।
1993 ‘ਚ ਪੰਜਾਬੀ ਸੱਥ ਲਾਂਬੜਾਂ ਨੇ ਮੈਨੂੰ ਸੱਯਦ ਵਾਰਸ ਸ਼ਾਹ ਅਵਾਰਡ ਦਿੱਤਾ ਤਾਂ ਇਕ ਨੌਜੁਆਨ ਨੇ ਮੇਰੇ ਤੇ ਮੇਰੀਆਂ ਖੇਡ ਲਿਖਤਾਂ ਬਾਰੇ ਪਰਚਾ ਪੜ੍ਹਿਆ। ਉਹਦਾ ਕੱਦ ਰਤਾ ਸਮੱਧਰ ਸੀ, ਆਵਾਜ਼ ਮਧੁਰ, ਅੱਖਾਂ ਵਿਚ ਲਿਸ਼ਕ ਤੇ ਸੋਚ ਵਿਚ ਸੁਫਨੇ ਸਨ। ਉਹਨੂੰ ਖੇਡਾਂ ਤੇ ਖੇਡ ਸਾਹਿਤ ਦੀ ਸਮਝ ਸੀ ਅਤੇ ਬੋਲਣਾ ਵੀ ਆਉਂਦਾ ਸੀ। ਨਿਰੰਜਣ ਸਿੰਘ ਢੇਸੀ ਹੋਰੀਂ ਵੀ ਮੰਨ ਗਏ ਤੇ ਵਰਿਆਮ ਸਿੰਘ ਸੰਧੂ ਵੀ। ਉਹ ਚਰਨਜੀਤ ਸਿੰਘ ਪੱਡਾ ਹੀ ਸੀ, ਜੋ ਦੁਆਬਾ ਕਾਲਜ ਵਿਚ ਪੜ੍ਹਾਉਂਦਾ ਸੀ। ਬਦਕਿਸਮਤੀ ਨਾਲ ਬਾਅਦ ਵਿਚ ਸਾਡਾ ਸੰਪਰਕ ਨਾ ਹੋਇਆ। ਪੇਸ਼ ਹਨ, ਉਹਦੀ ਪੁਸਤਕ ਦੇ ਕੁਝ ਅੰਸ਼:
ਕੂਹਣੀ ਮੋੜ
“ਤੁਹਾਨੂੰ ਇਕ ਕੰਮ ਸੌਂਪਣਾ ਹੈ ਤੇ ਉਹ ਹੈ ਸ. ਜਰਨੈਲ ਸਿੰਘ ਦੀ ਜੀਵਨੀ ਲਿਖਣ ਦਾ। ਜੇ ਤੁਸੀਂ ਨਾਂਹ ਕਰ ਦਿੱਤੀ ਤਾਂ…।” ਇਹ ਵਾਕ ਮੇਰੇ ਦੋਸਤ ਜਸਪਾਲ ਸਿੰਘ ਨੇ ਅਧੂਰਾ ਛੱਡ ਦਿੱਤਾ ਸੀ। ਉਸ ਵਕਤ ਅਸੀਂ ਫਗਵਾੜੇ ਤੋਂ ਦੱਖਣ ਵਾਲੇ ਪਾਸੇ ਕਾਰ ਵਿਚ ਕਿਸੇ ਪਿੰਡ ਨੂੰ ਜਾ ਰਹੇ ਸਾਂ। ਮੇਰੇ ਦੋਸਤ ਨੇ ਮੈਨੂੰ ਕੰਮ ਕਿਹਾ ਸੀ ਅਤੇ ਉਹ ਵੀ ਫੁੱਟਬਾਲ ਦੇ ਸ਼ਾਹਸਵਾਰ ਸ. ਜਰਨੈਲ ਸਿੰਘ ਦੀ ਜੀਵਨੀ ਲਿਖਣ ਦਾ। ਇਹ ਕੰਮ ਜਿੰਨਾ ਮਾਣ ਵਾਲਾ ਸੀ, ਉਨਾ ਚੁਣੌਤੀ ਭਰਪੂਰ ਵੀ ਸੀ। ਮੈਂ ਆਪਣੀਆਂ ਬਿਰਤੀਆਂ ਨੂੰ ਇਕਾਗਰ ਕਰ ਕੇ ਕੁਝ ਦੇਰ ਲਈ ਗਹਿਰੀ ਸੋਚ ਵਿਚ ਡੁੱਬ ਗਿਆ। ਪੁਸਤਕ ਦੇ ਆਕਾਰ ਵਰਗੇ ਵੱਡੇ ਸਿਰਜਣਾਤਮਕ ਕੰਮ ਲਈ ਵਿਸ਼ਾਲ ਅਨੁਭਵ ਦੀ ਲੋੜ ਸੀ, ਜਿਸ ਦੀ ਮੈਨੂੰ ਘਾਟ ਮਹਿਸੂਸ ਹੁੰਦੀ ਰਹਿੰਦੀ ਸੀ। ਫਿਰ ਮਨ ਵਿਚ ਆਇਆ ਕਿ ਇਸ ਮਹਾਨ ਦੇਸ਼ ਵਿਚ ਗੁਰੂ ਨਾਨਕ ਵਰਗੇ ਮਹਾਨ ਦਾਨਿਸ਼ਵਰ ਨੇ ਜਨਮ ਲਿਆ ਹੈ। ਇਥੇ ਵੇਦ ਰਚੇ ਗਏ ਨੇ। ਇਸ ਧਰਤੀ ਨੇ ਅਰਵਿੰਦ ਘੋਸ਼, ਸਵਾਮੀ ਰਾਮ ਤੀਰਥ, ਰਾਬਿੰਦਰ ਨਾਥ ਟੈਗੋਰ, ਮਹਾਂ ਦੇਵੀ ਵਰਮਾ, ਡਾ. ਇਕਬਾਲ ਅਤੇ ਪ੍ਰੋ. ਪੂਰਨ ਸਿੰਘ ਵਰਗੇ ਕੌਮੀ ਕੱਦ ਵਾਲੇ ਲੇਖਕ ਪੈਦਾ ਕੀਤੇ ਹਨ। ਅਸੀਂ ਉਨ੍ਹਾਂ ਦੇ ਵਾਰਸ ਹੀ ਤਾਂ ਹਾਂ। ਫਿਰ ਅਸੀਂ ਕਿਉਂ ਨਹੀਂ ਲਿਖ ਸਕਦੇ? ਕਾਰ ਨੇ ਖੱਬੇ ਪਾਸੇ ਨੂੰ ਇਕ ਕੂਹਣੀ ਮੋੜ ਕੱਟਿਆ ਅਤੇ ਮੈਂ ਜਸਪਾਲ ਵੱਲ ਉਲਰ ਗਿਆ। ਮੁੜ ਸਿੱਧਾ ਹੋਣ ਤੋਂ ਪਹਿਲਾਂ ਹੀ ਮੈਂ ਜਸਪਾਲ ਨੂੰ ‘ਹਾਂ’ ਕਰ ਦਿੱਤੀ। ਇਸ ਕੂਹਣੀ ਮੋੜ ਅਤੇ ਮੇਰੀ ਸਿਰਜਣਾਤਮਕ ਸਮਰੱਥਾ ਦੀ ਕੋਈ ਇਤਫਾਕੀਆ ਸਾਂਝ ਸੀ।
…ਇਕ ਦਿਨ ਸਿਖਰ ਦੁਪਹਿਰੇ ਜਰਨੈਲ ਸਿੰਘ ਆਪਣੀਆਂ ਫੋਟੋਆਂ ਦਾ ਖਜਾਨਾ ਸਾਡੇ ਹਵਾਲੇ ਕਰਨ ਲਈ ਸਾਨੂੰ ਆਪਣੇ ਘਰ ਲੈ ਗਏ। ਇਹ ਉਹ ਘਰ ਸੀ, ਜਿਥੇ ਕਦੇ ਰੌਣਕਾਂ ਦੀ ਬਹਾਰ ਸੀ। ਜਿਥੇ ਉਸ ਨੇ ਬਾਬਾ ਦਸੌਂਧਾ ਸਿੰਘ, ਪਿਤਾ ਸ. ਉਜਾਗਰ ਸਿੰਘ ਅਤੇ ਮਾਤਾ ਗੁਰਬਚਨ ਕੌਰ ਦੀ ਠੰਢੀ ਛਾਂ ਮਾਣੀ ਸੀ। ਜਿਥੇ ਉਸ ਦੀਆਂ ਧੀਆਂ ਕਚੂਰ ਕਰੂੰਬਲਾਂ ਵਾਂਗ ਆਪ ਮੁਹਾਰੇ ਉਗ ਆਈਆਂ ਸਨ। ਜਿਥੇ ਉਸ ਨੇ ਜਗਮੋਹਣ ਤੇ ਹਰਸ਼ਮੋਹਣ ਦੇ ਮੂੰਹ ਚੁੰਮੇ ਸਨ। ਜਿਥੇ ਉਸ ਨੇ ਪਤਨੀ ਇਕਬਾਲ ਕੌਰ ਨਾਲ ਕਈ ਇਕਬਾਲ ਕੀਤੇ ਸਨ। ਪਰ ਅੱਜ ਉਹ ਇਸ ਘਰ ਵਿਚ ਖੜ੍ਹਾ ਆਪਣੇ ਹਰ ਇਕਬਾਲ ਤੋਂ ਮੁੱਕਰ ਗਿਆ ਮਹਿਸੂਸ ਕਰਦਾ ਸੀ। ਉਸ ਨੇ ਆਪਣੀ ਪਾਰਦਰਸ਼ੀ ਅੱਖ ਨਾਲ ਘਰ ਦੇ ਹਰ ਕੋਨੇ ਨੂੰ ਫਰੋਲਿਆ। ਥਾਂ-ਥਾਂ ਲੱਗੇ ਜਾਲੇ ਅਤੇ ਟਰੰਕਾਂ, ਪੇਟੀਆਂ ਉਪਰ ਪਈ ਗਰਦ ਉਸ ਦੇ ਘਰ ਵਾਲਿਆਂ ਦੀ ਗੈਰ-ਹਾਜ਼ਰੀ ਦੇ ਗਵਾਹ ਸਨ। ਟਰੰਕਾਂ ਵਿਚੋਂ ਫੋਟੋ ਕੱਢਦਿਆਂ ਦੋ ਸਿਹਰੇ ਉਸ ਨੇ ਬੜੀਆਂ ਮੋਹ ਭਿੱਜੀਆਂ ਨਜ਼ਰਾਂ ਨਾਲ ਕੱਢ ਕੇ ਵੇਖੇ। ਇਹ ਖੂਬਸੂਰਤ ਸਿਹਰੇ ਕਿਸ ਦੇ ਨੇ? ਇਹ ਪੁੱਛਣ ਦਾ ਸਾਡਾ ਜੇਰਾ ਨਾ ਪਿਆ। ਫੋਟੋਆਂ ਨੂੰ ਵੇਖਦਿਆਂ ਮੈਂ ਕਿਹਾ, “ਸਰਦਾਰ ਜੀ! ਫੋਟੋਆਂ ਤਾਂ ਸਾਹ ਲੈਂਦੀਆਂ ਲੱਗਦੀਆਂ ਨੇ।”
ਮਿੰਨ੍ਹਾ ਜਿਹਾ ਮੁਸਕਰਾ ਕੇ ਸ. ਜਰਨੈਲ ਸਿੰਘ ਕਹਿਣ ਲੱਗੇ, “ਹੁਣ ਦਾ ਤੇ ਪਤਾ ਨਹੀਂ, ਪਰ ਜਦੋਂ ਮੈਂ ਨਾ ਰਿਹਾ, ਉਦੋਂ ਇਹ ਫੋਟੋਆਂ ਜ਼ਰੂਰ ਸਾਹ ਲੈਂਦੀਆਂ ਨਜ਼ਰ ਆਉਣਗੀਆਂ!”
ਮੈਨੂੰ ਇਹ ਕਹਿਣ ਵਿਚ ਕੋਈ ਝਿਜਕ ਨਹੀਂ ਕਿ ਜੇ ਜਸਪਾਲ ਸਿੰਘ ਇਕ ਪੁਲ ਬਣ ਕੇ ਮੈਨੂੰ ਸ. ਜਰਨੈਲ ਸਿੰਘ ਤਕ ਨਾ ਲਿਜਾਂਦਾ ਤਾਂ ਇਹ ਪੁਸਤਕ ਲਿਖਣਾ ਮੇਰੇ ਲਈ ਸੰਭਵ ਨਹੀਂ ਸੀ। ਮੇਰੇ ਕੋਲ ਅਜਿਹੇ ਸਮਰੱਥ ਸ਼ਬਦ ਨਹੀਂ ਹਨ, ਜਿਨ੍ਹਾਂ ਨਾਲ ਮੈਂ ਜਸਪਾਲ ਸਿੰਘ ਦਾ ਧੰਨਵਾਦ ਕਰਾਂ। ਆਪਣੇ ਸਮੇਂ ਦੇ ਨਾਮਵਰ ਫੁੱਟਬਾਲ ਖਿਡਾਰੀ ਇੰਦਰ ਸਿੰਘ, ਗੁਰਦੇਵ ਗਿੱਲ, ਸੁਖਵਿੰਦਰ ਸੁੱਖੀ, ਪਰਮਿੰਦਰ ਸਿੰਘ, ਜਾਗੀਰ ਸਿੰਘ ਤੇ ਡੀ. ਪੀ. ਈ. ਸੀਤਲ ਸਿੰਘ ਦਾ ਮੈਂ ਰਿਣੀ ਹਾਂ, ਜਿਨ੍ਹਾਂ ਨੇ ਜਰਨੈਲ ਸਿੰਘ ਦੇ ਬੇਵਕਤ ਸਵਰਗਵਾਸ ਹੋ ਜਾਣ ਦੇ ਬਾਅਦ ਉਨ੍ਹਾਂ ਬਾਰੇ ਕੁਝ ਅਣਬੁੱਝੇ ਤੱਥਾਂ ਦੀ ਜਾਣਕਾਰੀ ਦਿੱਤੀ…।
ਜਰਨੈਲ ਸਿੰਘ ਜੰਮਿਆ ਹੀ ਫੁੱਟਬਾਲ ਖੇਡਣ ਲਈ ਸੀ
ਜਰਨੈਲ ਵਿਚ ਦਰੱਖਤਾਂ ਵਰਗੀ ਹਲੀਮੀ ਸੀ। ਕਦੇ ਉਹ ਖਾਨਗਾਹ ‘ਤੇ ਬਲਦੀ ਜੋਤ ਲੱਗਦਾ, ਕਦੇ ਕੁਦਰਤ ਨਾਲ ਇਕਸੁਰ ਹੋਈ ਜਲ ਧਾਰਾ ਦੀ ਧੁਨੀ ਵਰਗਾ ਤੇ ਕਦੇ ਮਿੱਟੀ ਦੀ ਵਫਾ ਵਰਗਾ ਜਾਪਣ ਲੱਗ ਜਾਂਦਾ। ਜਦ ਅਸੀਂ ਉਸ ਨਾਲ ਰੱਜ ਕੇ ਗੱਲਾਂ ਕੀਤੀਆਂ ਤਾਂ ਉਹ ਮੈਨੂੰ ਮੁਹੱਬਤ, ਵੇਦਨਾ, ਨੇਕੀ, ਸੁਪਨਸਾਜ਼ੀ ਤੇ ਹਮਦਰਦੀ ਦੇ ਪੰਜ ਤੱਤਾਂ ਦਾ ਬਣਿਆ ਖੂਬਸੂਰਤ ਮਨੁੱਖ ਲੱਗਿਆ। ਉਹਦੇ ਮਨ ਦੀ ਚਿੱਟੀ ਚਾਦਰ ‘ਤੇ ਕੋਈ ਦਾਗ ਨਹੀਂ ਸੀ। ਉਹ ਗੰਧਲੇ ਪਾਣੀਆਂ ‘ਤੇ ਫੁੱਲ ਵਾਂਗ ਤਰਿਆ। ਉਹ ਫੁੱਟਬਾਲ ਦੇ ਸ਼ੋਰ ਵਿਚ ਇਕ ਤਰਜ਼ ਬਣ ਕੇ ਗੂੰਜਿਆ। ਉਹ ਟਿਕੇ ਹੋਏ ਪਾਣੀ ਵਰਗਾ, ਰਹੱਸਪੂਰਨ ਅਤੇ ਗਹਿਰਾ ਹੋਣ ਕਰਕੇ ਫੁੱਟਬਾਲ ਦਾ ਪੁੱਜਿਆ ਹੋਇਆ ਸਾਧ ਹੋ ਨਿਬੜਿਆ। ਚਿੰਤਨ ਵਿਚ ਡੁੱਬਿਆ ਫੁੱਟਬਾਲ ਦਾ ਸਮੁੰਦਰ ਜਦ ਵੀ ਉਛਲਦਾ ਤਾਂ ਹਵਾ ਵਿਚ ਤਰੰਨਮ ਘੁਲ ਜਾਂਦਾ।
ਜਰਨੈਲ ਸਿਰਫ ਫੁੱਟਬਾਲ ਦਾ ਹੀ ਜਰਨੈਲ ਨਹੀਂ ਸੀ। ਉਹ ਤਾਂ ਕਿਸੇ ਲਈ ਪੁਲ ਸੀ, ਕਿਸੇ ਲਈ ਛਾਂ ਸੀ ਅਤੇ ਕਿਸੇ ਰੂਹ ਦੀ ਪਿਆਸ ਲਈ ਨੀਰ ਸੀ। ਜਰਨੈਲ ਜਿਥੇ ਫੁੱਟਬਾਲ ਦੀ ਦੁਨੀਆਂ ਦਾ ਰਹਿਨੁਮਾ ਬਣਿਆ ਉਥੇ ਉਸ ਨੇ ਕਿਸੇ ਦੀ ਆਸਥਾ ਦੀ ਦਰਗਾਹ ਦਾ ਰੂਪ ਵੀ ਧਾਰਿਆ। ਉਸ ਕੋਲ ਕੋਮਲ ਮਨ ਸੀ, ਜਿਸ ਕਰਕੇ ਉਹ ਹਰ ਕਿਸੇ ਨੂੰ ਆਪਣਾ ਲੱਗਦਾ। ਉਸ ਕੋਲ ਰੌਸ਼ਨ ਰੂਹ ਸੀ, ਜੋ ਹਨੇਰਿਆਂ ਨੂੰ ਦੂਰ ਕਰਦੀ। ਉਹਦੀ ਫੁੱਟਬਾਲ ਕਲਾ ਦੀ ਲੱਜ਼ਤ ਉਹਦੇ ਲਫਜ਼ਾਂ ਵਿਚ ਵੀ ਸੀ। ਉਸ ਦੇ ਫੁੱਟਬਾਲ ਖੇਡਣ ਦਾ ਅੰਦਾਜ਼ ਉਸ ਦੇ ਬੋਲਾਂ ਦੇ ਲਹਿਜੇ ਵਿਚ ਘੁਲ-ਮਿਲ ਗਿਆ ਸੀ। ਜਦੋਂ ਉਹ ਫੁੱਟਬਾਲ ਖੇਡ ਦੀ ਕਥਾ ਛੇੜਦਾ ਤਾਂ ਸਾਹ ਰੋਕ ਕੇ ਸੁਣਨ ਨੂੰ ਜੀਅ ਕਰਦਾ। ਉਸ ਨੂੰ ਸੁਣਦਿਆਂ ਦਿਲ ਅੰਦਰ ਗੁੰਚੇ ਖਿੜ ਜਾਂਦੇ ਅਤੇ ਮਨ ਤਰੰਗਤ ਹੋ ਜਾਂਦਾ। ਇਕ ਵਾਰ ਦੀਵੇ ਦੀ ਮੱਧਮ ਰੌਸ਼ਨੀ ਵਿਚ ਫੁੱਟਬਾਲ ਖੇਡ ਦੀ ਕਥਾ ਸੁਣਾ ਰਹੇ ਸਰਦਾਰ ਜਰਨੈਲ ਸਿੰਘ ਨੂੰ ਮੈਂ ਅਨਹਦ ਨਾਦ ਵਿਚ ਡੁੱਬੇ ਦੇਖਿਆ। ਸ. ਉਜਾਗਰ ਸਿੰਘ ਦੇ ਵਿਹੜੇ ਦਾ ਇਹ ਬੂਟਾ ਉਸ ਵਕਤ ਮੈਨੂੰ ਗਯਾ ਦਾ ਰੁੱਖ ਜਾਪਿਆ ਸੀ। ਸੱਚ ਤਾਂ ਇਹ ਸੀ ਕਿ ਫੁੱਟਬਾਲ ਖੇਡ ਦੀ ਧੁਖਦੀ ਧੂਣੀ ਨੇ ਜਰਨੈਲ ਸਿੰਘ ਨੂੰ ਜੋਗੀ ਬਣਾ ਦਿੱਤਾ ਸੀ।
1958 ਵਿਚ ਜਦੋਂ ਜਰਨੈਲ ਸਿੰਘ ਫੁੱਟਬਾਲ ਦੇ ਮੱਕੇ ਕਲਕੱਤੇ ਦਾ ਹੱਜ ਕਰਨ ਨਿਕਲਿਆ ਤਾਂ ਉਹਦੇ ਮਨ ‘ਚ ਫੁੱਟਬਾਲ ਦਾ ਸਿਰਤਾਜ ਹਸਤਾਖਰ ਬਣਨ ਦਾ ਅਰਮਾਨ ਸੀ, ਜੋ ਉਸ ਨੇ ਆਪਣੀ ਲਾਜਵਾਬ ਖੇਡ ਸਦਕਾ ਪੂਰਾ ਵੀ ਕੀਤਾ। ਕਲਕੱਤੇ ਦੇ ਫੁੱਟਬਾਲ ਜਗਤ ਵਿਚ ਜਰਨੈਲ ਦੀ ਫੁੱਟਬਾਲ ਖੇਡ ਦੀਆਂ ਧੁੰਮਾਂ ਪੈ ਗਈਆਂ। ਕਲਕੱਤੇ ਦੀਆਂ ਮਾਂਵਾਂ ਨੇ ਜਰਨੈਲ ਵਰਗੇ ਲਾਸਾਨੀ ਫੁੱਟਬਾਲਰ ਪੈਦਾ ਕਰਨ ਦੇ ਖਾਬ ਅੱਖਾਂ ਵਿਚ ਸੰਜੋਅ ਲਏ। ਜਿਸ ਦਲੇਰੀ, ਹਿੰਮਤ ਤੇ ਕਲਾ ਨਾਲ ਉਹ ਵਿਰੋਧੀ ਖਿਡਾਰੀ ਨੂੰ ਰੋਕਦਾ ਸੀ, ਉਸ ਵਜ੍ਹਾ ਕਰਕੇ ਉਸ ਨੂੰ ਚੀਨ ਦੀ ਮਹਾਨ ਦੀਵਾਰ ਦਾ ਲਕਬ ਦਿੱਤਾ ਗਿਆ।
ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਫੁੱਟਬਾਲ ਕੱਪ ਖੇਡਦਾ ਜਦੋਂ ਆਪਣੀ ਕਰਮਭੂਮੀ ਪਨਾਮ ਆਉਂਦਾ ਤਾਂ ਉਸ ਦੀ ਫੁੱਟਬਾਲ ਨਾਲ ਪ੍ਰਣਾਈ ਰੂਹ ਪੇਂਡੂ ਟੂਰਨਾਮੈਂਟਾਂ ਵਲ ਖਿੱਚ ਲਿਜਾਂਦੀ ਸੀ। ਪੇਂਡੂ ਟੂਰਨਾਮੈਂਟ ਖੇਡਣ ਦੀਆਂ ਉਹਦੀਆਂ ਭਾਵਨਾਵਾਂ ਦਾ ਹੜ੍ਹ ਏਨਾ ਵਧ ਜਾਂਦਾ ਕਿ ਉਹ ਸਾਈਕਲ ਉਪਰ ਆਪਣੇ ਦੋਵੇਂ ਬੇਟਿਆਂ-ਜਗਮੋਹਣ ਤੇ ਹਰਸ਼ਮੋਹਣ ਨੂੰ ਬਿਠਾ ਕੇ ਟੂਰਨਾਮੈਂਟਾਂ ਵਿਚ ਪਹੁੰਚ ਜਾਂਦਾ। ਜਿਸ ਰਸਤੇ ਜਰਨੈਲ ਜਾ ਰਿਹਾ ਹੁੰਦਾ, ਹਾਲੀ ਹਲ ਡਕ ਲੈਂਦੇ। ਉਹ ਸੋਚਦੇ, ਜਿਸ ਜਰਨੈਲ ਦੀਆਂ ਬਾਤਾਂ ਉਨ੍ਹਾਂ ਦੂਜਿਆਂ ਕੋਲੋਂ ਸੁਣੀਆਂ ਹਨ, ਉਸ ਜਰਨੈਲ ਨੂੰ ਉਨ੍ਹਾਂ ਨੇੜਿਉਂ ਅੱਖੀਂ ਵੇਖਣਾ ਹੈ। ਰੋਟੀ ਲੈ ਕੇ ਆਈਆਂ ਸੁਆਣੀਆਂ ਕੋਲ ਹਾਲੀ ਗੱਲਾਂ ਕਰਦੇ ਕਿ ਅੱਜ ਉਨ੍ਹਾਂ ਨੇ ਜਰਨੈਲ ਨੂੰ ਨੇੜਿਉਂ ਵੇਖਿਆ ਹੈ!
…ਜਰਨੈਲ ਸਿੰਘ ਨੇ ਆਪਣੇ ਉਸਤਾਦ ਸ. ਹਰਦਿਆਲ ਸਿੰਘ ਪ੍ਰਤੀ ਵਿਸ਼ੇਸ਼ ਸਤਿਕਾਰ ਦਾ ਇਜ਼ਹਾਰ ਕੀਤਾ ਤੇ ਫੁੱਟਬਾਲ ਦੀ ਦਿੱਤੀ ਗੁੜ੍ਹਤੀ ਦਾ ਧੰਨਵਾਦ ਕੀਤਾ। ਉਹ ਖੇਤਾਂ ਦਾ ਪੁੱਤ ਸੀ। ਇਸੇ ਕਰਕੇ ਭਾਲ ਵਿਚ ਆਏ ਹਰਦਿਆਲ ਸਿੰਘ ਨੂੰ ਉਹ ਮੱਕੀ ਦੇ ਖੇਤ ਵਿਚੋਂ ਲੱਭਾ ਸੀ। ਉਹ ਕੁਦਰਤ ਦਾ ਸ਼ੈਦਾਈ ਸੀ। ਉਹ ਹਵਾ ਦੇ ਘੋੜੇ ‘ਤੇ ਸਵਾਰ ਹੋ ਕੇ ਵੀ ਦਿਮਾਗੀ ਫੁੱਟਬਾਲ ਖੇਡਦਾ ਸੀ। ਉਸ ਵਿਚ ਲੋਹੜੇ ਦਾ ਦਮ-ਖਮ ਸੀ। ਇਹ ਦਮ-ਖਮ ਉਸ ਨੇ ਵਾਹੀ ਹੋਈ ਪੈਲੀ ਵਿਚ ਮੂੰਹ ਹਨੇਰੇ ਦੌੜ-ਦੌੜ ਕੇ ਹਾਸਲ ਕੀਤਾ ਸੀ। ਪਸ਼ੂਆਂ ਲਈ ਪੱਠੇ ਕੁਤਰਦਿਆਂ ਉਹ ਟੋਕੇ ਨੂੰ ਗੀਤ ਗਾਉਣ ਲਾ ਦਿੰਦਾ ਸੀ। ਜਰਨੈਲ ਫੁੱਟਬਾਲ ਦੇ ਇਸ਼ਕ ਵਿਚ ਰੰਗਿਆ ਗੀਤ ਸੀ। ਉਸ ਕੋਲ ਗੰਭੀਰ ਅਨੁਭਵ ਸੀ ਤੇ ਅੰਨ੍ਹੀ ਤਾਕਤ ਸੀ, ਪਰ ਇਹ ਅੰਨ੍ਹੀ ਤਾਕਤ ਪਿਛਲੀ ਉਮਰੇ ਉਸ ਲਈ ਗਮ ਦਾ ਬਾਰੂਦ ਬਣ ਗਈ ਸੀ।
…ਅਪਰੈਲ 2000 ਵਿਚ ਉਸ ਨੇ ਆਪਣੇ ਫੁੱਟਬਾਲ ਸੰਸਾਰ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਜੀਵਨੀ ਸਬੰਧੀ ਹੋਰ ਗੱਲਾਂ ਕਰਨ ਦਾ ਵਚਨ ਦੇ ਕੇ ਉਹ ਮਈ ਵਿਚ ਕੈਨੇਡਾ ਚਲਾ ਗਿਆ। ਉਥੇ ਉਹ ਨੰਨ੍ਹੇ-ਮੁੰਨ੍ਹੇ ਪੋਤਰੇ ਤੇ ਪੋਤਰੀ ਦੇ ਮੋਹ ਵਿਚ ਭਿੱਜ ਗਿਆ। ਮਾਸੂਮ ਪਿਆਰ ਦੀਆਂ ਤੋਤਲੀਆਂ ਗੱਲਾਂ ਵਿਚ ਖੀਵਾ ਹੋਇਆ ਬੱਚਿਆਂ ਨੂੰ ਪਾਰਕ ਲੈ ਜਾਂਦਾ। ਨੰਨ੍ਹੇ ਬੱਚਿਆਂ ਨੂੰ ਖੇਡਣ ਲਈ ਫੁੱਟਬਾਲ ਲੈ ਦਿੱਤੀ। ਫਿਰ ਹਰਸ਼ ਨੂੰ ਕਹਿੰਦਾ, “ਜਾਹ! ਵਕੀਲ ਨਾਲ ਗੱਲ ਕਰ ਲੈ, ਪੱਕੇ ਕਾਗਜ਼ਾਂ ਬਾਰੇ। ਮੈਂ ਕੈਨੇਡਾ ਤੁਹਾਡੇ ਕੋਲ ਪੱਕੇ ਤੌਰ `ਤੇ ਰਹਿ ਪਵਾਂਗਾ।”
ਪਰ ਕੈਨੇਡਾ ‘ਚ ਪੱਕਿਆਂ ਰਹਿਣ ਤੋਂ ਪਹਿਲਾਂ ਉਹ ਇਕ ਵਾਰ ਪੰਜਾਬ ਆਉਣਾ ਚਾਹੁੰਦਾ ਸੀ। 4 ਨਵੰਬਰ 2000 ਦੀ ਹਵਾਈ ਟਿਕਟ ਬੁੱਕ ਕਰਵਾ ਲਈ ਗਈ। 13 ਅਕਤੂਬਰ 2000 ਦੀ ਸ਼ਾਮ ਉਸ ਨੇ ਆਪਣੀ ਛਾਤੀ ਵਿਚ ਦਰਦ ਮਹਿਸੂਸ ਕੀਤਾ। ਉਸ ਦੀ ਨੂੰਹ ਨੇ ਪਾਣੀ ਪਿਲਾਇਆ। ਕੁਝ ਕੁ ਮਿੰਟਾਂ ਵਿਚ ਹੀ ਫੁੱਟਬਾਲ ਦੇ ਜਰਨੈਲ ਨੂੰ ਐਂਬੂਲੈਂਸ ਹਸਪਤਾਲ ਲੈ ਗਈ, ਜਿਥੇ ਏਸ਼ੀਆ ਦੇ ਸੂਰਜ ਨੇ ਕੈਨੇਡਾ ਦੀ ਧਰਤੀ ਤੋਂ ਸ਼ਾਮ ਦੇ 8:30 ਵਜੇ ਅਲਵਿਦਾ ਕਹਿ ਦਿੱਤੀ। ਉਹ ਸੂਰਜ 20 ਫਰਵਰੀ 1936 ਤੋਂ 13 ਅਕਤੂਬਰ 2000 ਤਕ ਲਿਸ਼ਕਿਆ।
ਖੇਤਾਂ ਦੇ ਇਸ ਪੁੱਤ ਦੀ ਆਖਰੀ ਖਾਹਿਸ਼ ਸੀ ਕਿ ਉਹ ਜਦੋਂ ਵੀ ਇਸ ਫਾਨੀ ਸੰਸਾਰ ਤੋਂ ਕੂਚ ਕਰੇ, ਉਸ ਦੀ ਮ੍ਰਿਤਕ ਦੇਹ ਦਾ ਸਸਕਾਰ ਪਿੰਡ ਪਨਾਮ ਵਿਚਲੇ ਉਸ ਦੇ ਖੇਤਾਂ ਵਿਚ ਕੀਤਾ ਜਾਵੇ। ਕੈਨੇਡਾ ਤੋਂ ਉਸ ਦੀ ਮ੍ਰਿਤਕ ਦੇਹ ਲਿਆ ਕੇ ਮਾਹਿਲਪੁਰ ਦੀ ਗਰਾਊਂਡ ਵਿਚ ਲੋਕਾਂ ਦੇ ਦਰਸ਼ਨਾਂ ਲਈ ਰੱਖੀ ਗਈ। ਇਹ ਉਹੀ ਗਰਾਊਂਡ ਸੀ, ਜਿਸ ਵਿਚੋਂ ਉਹ ਫੁੱਟਬਾਲ ਦੇ ਤੇਜ਼-ਤਰਾਰ ਘੋੜੇ ‘ਤੇ ਸਵਾਰ ਹੋਇਆ ਸੀ। ਦੁਨੀਆਂ ਦਾ ਚੱਕਰ ਕੱਟ ਕੇ ਅੱਜ ਉਹ ਆਪਣੀ ਮਾਂ ਗਰਾਊਂਡ ਦੀ ਗੋਦੀ ਵਿਚ ਗੂੜ੍ਹੀ ਨੀਂਦੇ ਆ ਸੁੱਤਾ ਸੀ। ਫਿਰ ਜਰਨੈਲ ਸਿੰਘ ਦੀ ਅੰਤਿਮ ਇੱਛਾ ਅਨੁਸਾਰ ਮ੍ਰਿਤਕ ਦੇਹ ਨੂੰ ਪਿੰਡ ਪਨਾਮ ਵਿਖੇ ਉਸ ਦੇ ਖੇਤਾਂ ਵਿਚ ਲਿਜਾਇਆ ਗਿਆ। ਹਰਸ਼ਮੋਹਣ ਨੇ ਪਿਤਾ ਦੀ ਚਿਤਾ ਨੂੰ ਅਗਨ ਭੇਟ ਕੀਤੀ। ਸੂਰਜ ਅਸਤ ਹੋ ਚੁਕਾ ਸੀ, ਪਰ ਲਾਲੀ ਅਜੇ ਵੀ ਲਿਸ਼ਕ ਰਹੀ ਸੀ।

‘ਪੰਜਾਬ ਦੇ ਕੋਹੇਨੂਰ’ ਵਿਚੋਂ
…ਆਪਣੇ ਜੁਆਨ ਜਹਾਨ ਪੁੱਤਰ ਜਗਮੋਹਣ ਦੀ ਖੁਦਕੁਸ਼ੀ ਅਤੇ ਪਤਨੀ ਤੇ ਨੌਜੁਆਨ ਜੁਆਈ ਦੇ ਗੁਜ਼ਰ ਜਾਣ ਪਿੱਛੋਂ ਜਰਨੈਲ ਸਿੰਘ ਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸਿ਼ਸ਼ ਤਾਂ ਕੀਤੀ, ਪਰ ਕਾਮਯਾਬ ਨਾ ਹੋ ਸਕਿਆ। ਉਸ ਦਾ ਖਾਣ-ਪੀਣ ਵਿਗੜ ਗਿਆ। ਧੀਆਂ ਵਿਆਹੀਆਂ ਗਈਆਂ ਸਨ ਤੇ ਛੋਟਾ ਪੁੱਤਰ ਹਰਸ਼ਮੋਹਣ ਭੂਆ ਪਾਸ ਕੈਨੇਡਾ ਚਲਾ ਗਿਆ ਸੀ। ਸੁੰਨਾ ਘਰ ਤੇ ਖੁੱਲ੍ਹੇ ਖੇਤ ਉਸ ਨੂੰ ਵੱਢ-ਵੱਢ ਖਾਣ ਲੱਗੇ। ਭਲੇ ਵੇਲਿਆਂ ਵਿਚ ਉਸ ਨੇ ਨਵਾਂਸ਼ਹਿਰ ਆਲ੍ਹਣਾ ਪਾ ਲਿਆ ਸੀ। ਮਰਨ ਤੋਂ ਕੁਝ ਮਹੀਨੇ ਪਹਿਲਾਂ ਉਹ ਕੈਨੇਡਾ ਰਹਿੰਦੇ ਆਪਣੇ ਪੁੱਤਰ ਹਰਸ਼ਮੋਹਣ ਪਾਸ ਚਲਾ ਗਿਆ। ਹਰਸ਼ਮੋਹਣ ਵੀ ਜਗਮੋਹਣ ਵਾਂਗ ਉੱਚ ਪੱਧਰ ਦਾ ਫੁੱਟਬਾਲ ਖਿਡਾਰੀ ਸੀ।
ਜਰਨੈਲ ਸਿੰਘ ਹਾੜ੍ਹੀ ਵੇਚ-ਵੱਟ ਕੇ ਵਿਜ਼ਟਰ ਵਜੋਂ ਕੈਨੇਡਾ ਜਾ ਪਹੁੰਚਾ। ਜਦੋਂ ਉਹ ਘਰੋਂ ਬਾਹਰ ਨਿਕਲਦਾ ਤਾਂ ਵੇਖਣ ਵਾਲੇ ਕਹਿੰਦੇ, ‘ਔਹ ਜਾਂਦਾ ਜੈਲਾ ਪਨਾਮੀਆ।’ ਉਹ ਪੋਤੇ-ਪੋਤੀ ਨਾਲ ਖੇਡਦਾ ਤੇ ਉਨ੍ਹਾਂ ਨਾਲ ਦਿਲ ਲਾਉਣ ਦਾ ਯਤਨ ਕਰਦਾ, ਪਰ ਇਹ ਸਮਾਂ ਬਹੁਤਾ ਲੰਮਾ ਨਾ ਹੁੰਦਾ। ਬੋਤਲ ਉਹਦੇ ਸਿਰਹਾਣੇ ਹੁੰਦੀ। ਜਦੋਂ ਉਹ ਸੰਭਲ ਜਾਂਦਾ ਤਾਂ ਦੋਸਤਾਂ-ਮਿੱਤਰਾਂ ਨੂੰ ਕਹਿੰਦਾ, ਪਈ ਜੇ ਤੁਸੀਂ ਮੈਨੂੰ ਮਰਨ ਨਹੀਂ ਦੇਣਾ ਚਾਹੁੰਦੇ ਤਾਂ ਮੈਨੂੰ ਵੀ ਹੋਰ ਜਿਊਣ `ਚ ਕੋਈ ਇਤਰਾਜ਼ ਨਹੀਂ। ਮੈਂ ਬਥੇਰੀਆਂ ਔਖੀਆਂ ਹਾਲਤਾਂ `ਚ ਖੇਡਿਆਂ। ਮੈਂ ਸ਼ਰਾਬ ਛੱਡ ਦੇਵਾਂਗਾ ਤੇ ਤੁਹਾਡੇ ਲਈ ਜੀਵਾਂਗਾ; ਪਰ ਇਹ ਕਹਿਣ ਦੀਆਂ ਗੱਲਾਂ ਸਨ। ਸ਼ਰਾਬ ਉਹ ਛੱਡ ਨਾ ਸਕਿਆ। ਦਮੇ ਦਾ ਮਰੀਜ਼ ਹੋਣ ਕਾਰਨ ਸਾਹ ਪੱਟਿਆ ਜਾਂਦਾ ਤੇ ਉਹ ਹੱਥਾਂ ਪੈਰਾਂ `ਚ ਆ ਜਾਂਦਾ। ਪਨਾਮ ਲਈ ਉਹ ਫੇਰ ਵੈਰਾਗ ਜਾਂਦਾ।
ਕੈਨੇਡਾ ਤੋਂ ਪਨਾਮ ਪਰਤਣ ਲਈ 4 ਨਵੰਬਰ ਨੂੰ ਹਵਾਈ ਜਹਾਜ਼ ਚੜ੍ਹਨ ਦੀ ਟਿਕਟ ਬੁੱਕ ਕਰਵਾਈ ਗਈ। ਵੈਨਕੂਵਰ ਵੱਲ ਠਾਰੀ ਉਤਰ ਰਹੀ ਸੀ। ਕੈਨੇਡਾ ਦੀ ਪਤਝੜ ਦਾ ਮੌਸਮ ਸੀ। ਜਰਨੈਲ ਸਿੰਘ ਨੂੰ ਇੰਡੀਆ ਮੁੜਨ ਦਾ ਚਾਅ ਸੀ, ਜਿਸ ਦੇ ਨਾਂ ਉਤੇ ਉਸ ਨੇ ਮੈਡਲ ਜਿੱਤੇ ਤੇ ਤਿਰੰਗੇ ਝੁਲਾਏ ਸਨ। ਤਦ ਤਕ ਉਸ ਦੀ ਕਰਮਭੂਮੀ ਦਾ ਸ਼ਹਿਰ ਕਲਕੱਤਾ ਤੋਂ ਕੋਲਕਟਾ ਬਣ ਗਿਆ ਹੋਇਆ ਸੀ। ਅਚਾਨਕ 13 ਅਕਤੂਬਰ 2000 ਨੂੰ ਅਜਿਹਾ ਦੌਰਾ ਪਿਆ ਕਿ ਪ੍ਰਾਣ-ਪੰਖੇਰੂ ਹੋ ਗਏ।
‘ਏਸ਼ੀਆ ਦਾ ਜਰਨੈਲ’ ਜਿੱਤਾਂ ਜਿੱਤਦਾ ਆਖਰ ਮੌਤ ਹੱਥੋਂ ਹਾਰ ਗਿਆ। ਉਹਦੀ ਅੰਤਿਮ ਇੱਛਾ ਅਨੁਸਾਰ ਉਹਦੀ ਦੇਹ ਪਨਾਮ ਲਿਆਂਦੀ ਗਈ। ਹਰਸ਼ਮੋਹਣ ਦੇਹ ਲੈ ਕੇ ਦਿੱਲੀ ਦੇ ਹਵਾਈ ਅੱਡੇ `ਤੇ ਉਤਰਿਆ ਤਾਂ ਭਾਰਤ ਦੇ ਉੱਚ ਖੇਡ ਅਧਿਕਾਰੀ ਤੇ ਖੇਡ ਪ੍ਰੇਮੀ ਵੱਡੀ ਗਿਣਤੀ ਵਿਚ ਮੌਜੂਦ ਸਨ। ਖਾਲਸਾ ਕਾਲਜ ਮਾਹਿਲਪੁਰ ਦੇ ਜਿਸ ਮੈਦਾਨ ਨੂੰ ਉਹਨੇ ਮੁੜ੍ਹਕੇ ਨਾਲ ਸਿੰਜਿਆ ਸੀ, ਉਥੇ ਉਸ ਦੀ ਦੇਹ ਦੇ ਅੰਤਿਮ ਦਰਸ਼ਨ ਕਰਵਾਏ ਗਏ ਤੇ ਪਨਾਮ ਵਿਚ ਦਾਹ ਸੰਸਕਾਰ ਕੀਤਾ ਗਿਆ। ਉਹਦੀ ਯਾਦ ਵਿਚ ਗੜ੍ਹਸੰਕਰ ਵਿਖੇ ਓਲੰਪੀਅਨ ਜਰਨੈਲ ਸਿੰਘ ਸਟੇਡੀਅਮ ਬਣਾਇਆ ਗਿਆ, ਜਿਥੇ ਹਰ ਸਾਲ ਜਰਨੈਲ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਹੁੰਦੈ। ਹਰ ਸਾਲ ਇੰਜ ਮਹਿਸੂਸ ਹੁੰਦੈ, ਜਿਵੇਂ ਜਰਨੈਲ ਸਿੰਘ ਅਜੇ ਵੀ ਖੇਡ ਰਿਹਾ ਹੋਵੇ!
ਵੀਹਵੀਂ ਸਦੀ ਦਾ ਉਹ ਮਹਾਨ ਫੁੱਟਬਾਲਰ ਸੀ, ਜੋ ਵੀਹਵੀਂ ਸਦੀ ਦੇ ਨਾਲ ਹੀ ਅਲਵਿਦਾ ਕਹਿ ਗਿਆ। 23 ਅਕਤੂਬਰ 2000 ਦਾ ਦਿਨ ਸੀ। ਪਨਾਮ ਦੇ ਖੁੱਲ੍ਹੇ ਖੇਤਾਂ ਵਿਚ ਫੁੱਟਬਾਲ ਦੇ ਜਰਨੈਲ ਦੀ ਯਾਦ ਵਿਚ ਸ਼ਰਧਾਂਜਲੀ ਸਮਾਗਮ ਹੋਣਾ ਸੀ। ਦੂਰੋਂ ਨੇੜਿਓਂ ਖੇਡ ਪ੍ਰੇਮੀ ਫੁੱਟਬਾਲ ਦੇ ਪੈਗੰਬਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆ ਰਹੇ ਸਨ। ਅਸੀਂ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਤੋਂ ਫੁੱਟਬਾਲ ਦੇ ਖਿਡਾਰੀਆਂ ਦੀ ਬੱਸ ਭਰ ਕੇ ਚੱਲੇ ਸਾਂ। ਪਨਾਮ ਦੀ ਜੂਹ ਵਿਚ ਸੋਗ ਛਾਇਆ ਹੋਇਆ ਸੀ। ਝੋਨਿਆਂ ਦੇ ਵੱਢ ਉੱਜੜੇ, ਧੁੱਪ ਰੋਣਹਾਕੀ ਤੇ ਪੌਣ ਹਉਕੇ ਲੈਂਦੀ ਲੱਗਦੀ ਸੀ। ਪੰਛੀ ਵਿਰਲਾਪ ਕਰਦੇ ਜਾਪਦੇ ਸਨ। ਪਿੰਡ ਦੀਆਂ ਬੀਹੀਆਂ ਵੈਣ ਪਾ ਰਹੀਆਂ ਸਨ। ਦੁਨੀਆਂ ਭਰ ‘ਚ ਪਨਾਮ ਦਾ ਨਾਂ ਧੰੁਮਾਅ ਦੇਣ ਵਾਲਾ ਦਲਾਂ ਦਾ ਮੋਹਰੀ ਜਾਂਦੀ ਵਾਰ ਦਾ ਪ੍ਰਣਾਮ ਕਰ ਗਿਆ ਸੀ। ਉੱਦਣ ਉਹਦੇ ਨਮਿੱਤ ਪਾਠ ਦਾ ਭੋਗ ਪਾਇਆ ਗਿਆ ਸੀ ਤੇ ਆਤਮਾ ਦੀ ਸ਼ਾਂਤੀ ਲਈ ਅੰਤਿਮ ਅਰਦਾਸ ਹੋਣੀ ਸੀ।
ਪਹਿਲਾਂ ਅਸੀਂ ਉਸ ਦੇ ਘਰ ਨੂੰ ਸਿਜਦਾ ਕੀਤਾ, ਜੀਹਦੀ ਇੱਟ-ਇੱਟ ਤੇ ਕੜੀ-ਕੜੀ ਨਾਲ ਉਹਦੀ ਸਾਂਝ ਸੀ। ਘਰ ਦੇ ਬਿਰਛ ਬੂਟੇ ਉਦਾਸ ਸਨ ਤੇ ਵਿਹੜੇ ਵਿਚ ਸੋਗ ਦਾ ਵਾਸਾ ਸੀ। ਬੈਠਕ ਵਿਚ ਉਹਦੀਆਂ ਖੇਡ-ਨਿਸ਼ਾਨੀਆਂ ਓਦਰੀਆਂ ਪਈਆਂ ਸਨ, ਜਿਨ੍ਹਾਂ ਨਾਲ ਅਨੇਕਾਂ ਯਾਦਾਂ ਜੁੜੀਆਂ ਹੋਈਆਂ ਸਨ। ਕੱਪ ਤੇ ਟਰਾਫੀਆਂ, ਸ਼ੀਲਡਾਂ ਤੇ ਮੈਡਲ। ਕਦੇ ਉਸ ਘਰ ਵਿਚ ਰੌਣਕਾਂ ਦੀ ਚਹਿਲ-ਪਹਿਲ ਹੁੰਦੀ ਸੀ, ਪਰ ਉੱਦਣ ਵੀਰਾਨੀਆਂ ਦਾ ਮਾਤਮ ਸੀ। ਕੰਧਾਂ-ਕੋਠੇ ਤੇ ਦਰ-ਦਰਵਾਜ਼ੇ ਦਿਲ ਢਾਹੀ ਖੜ੍ਹੇ ਪ੍ਰਤੀਤ ਹੋ ਰਹੇ ਸਨ। ਘਰ ਨੂੰ ਜਾਂਦੀ ਭੀੜੀ ਗਲੀ ਜਿਵੇਂ ਹੱਥ ਜੋੜੀ ਕਹਿ ਰਹੀ ਸੀ, ਜਾਣ ਵਾਲਾ ਤਾਂ ਚਲਾ ਗਿਆ, ਵੇਖਣਾ ਕਿਤੇ ਤੁਸੀਂ ਵੀ ਰਾਹ ਨਾ ਭੁੱਲ ਜਾਣਾ…।