ਮੌਲਾਨਾ ਰੂਮੀ ਦੇ ਬੋਲ

ਪੇਸ਼ਕਾਰ: ਹਰਪਾਲ ਸਿੰਘ ਪੰਨੂ
(ਜਨਮ: 30 ਸਤੰਬਰ 1207; ਬਲਖ, ਅਫਗਾਨਿਸਤਾਨ; ਦੇਹਾਂਤ: ਕੋਨੀਆਂ, ਤੁਰਕੀ 17 ਦਸੰਬਰ 1273)

ਜਾਏਂਗਾ ਦੂਰ ਜਦ ਆਪਣੀਆਂ ਜੜ੍ਹਾਂ ਤੋਂ
ਤਾਂ ਮਾਰੇਂਗਾ `ਵਾਜ ਆਪਣੀਆਂ ਜੜ੍ਹਾਂ ਨੂੰ।
ਤੇਰੀ `ਵਾਜ ਨੂੰ ਹੁੰਗਾਰਾ ਮਿਲੇਗਾ ਕਿਤੋਂ ਆਖਰ
ਤਾਂ ਮਿਲੇਗਾ ਤੇਰੀਆਂ ਜੜ੍ਹਾਂ ਤੋਂ।

ਅਸੀਂ ਸ਼ੇਰ ਹਾਂ ਸਾਰੇ ਦੇ ਸਾਰੇ
ਪਰਦਿਆਂ ਉਪਰ ਲਹਿਰਾਉਂਦੇ ਹੋਏ ਸ਼ੇਰ…
ਵਧ ਰਹੇ ਨੇ ਸ਼ੇਰ ਹਵਾ ਦੇ
ਜੋਰ ਨਾਲ ਅੱਗੇ ਅੱਗੇ
ਪਰ ਹਵਾ ਜੋ ਧੂਈ ਲਈ ਜਾਂਦੀ ਹੈ,
ਦਿਸਦੀ ਨਹੀਂ ਕਿਧਰੇ।

ਨਦੀਆਂ ਦਾ ਪਾਣੀ, ਡਿਗਿਆ
ਜੋ ਸਮੁੰਦਰ ਵਿਚ ਆਖਰ
ਇਹ ਗਿਆ ਸੀ ਕਿੱਥੋਂ,
ਵਾਪਸ ਆਇਆ ਹੈ ਕਿਉਂ?

ਫਨਾਹ ਹੋ ਕੇ ਜ਼ਮੀਨ ਵਿਚ ਦਫਨ ਹੋਇਆ
ਤਾਂ ਉਗਿਆ ਘਾਹ ਬਣ ਕੇ
ਚਰਾਂਦਾਂ ਵਿਚੋਂ ਘਾਹ ਮੁੱਕਿਆ ਤਾਂ
ਮੈਂ ਜਾਨਵਰ ਬਣ ਕੇ ਖਲੋਇਆ।
ਜਾਨਵਰ ਦੀ ਖੱਲ ਵਿਚੋਂ ਨਿਕਲ ਕੇ
ਮੈਂ ਵਾਪਸ ਪਰਤਿਆ ਇਨਸਾਨ ਬਣ ਕੇ
ਕਿਸ ਮੌਤ ਕਾਰਨ ਕਿੱਥੇ ਕੋਈ ਕਮੀ ਆਈ?
ਹੁਣ ਮਰਾਂਗਾ ਬਤੌਰ ਇਨਸਾਨ,
ਪ੍ਰਾਪਤ ਹੋਣਗੇ ਖੰਭ
ਉਡਾਂਗਾ ਫਰਿਸ਼ਤਿਆਂ ਸੰਗ।

ਹੜ੍ਹ ਵਰਗੇ ਹੁੰਦੇ ਨੇ ਹੰਝੂ
ਜਿਧਰੋਂ ਜਿਧਰੋਂ ਲੰਘਦੇ ਨੇ,
ਫੁਲ ਖਿੜਾਈ ਜਾਂਦੇ ਨੇ।

ਮੈਂ ਰੱਬ ਨੂੰ ਕਿਹਾ,
ਤੈਨੂੰ ਜਾਣਨ ਤੱਕ ਮਰਾਂਗਾ ਨਹੀਂ।
ਰੱਬ ਨੇ ਕਿਹਾ,
ਜੋ ਮੈਨੂੰ ਜਾਣ ਲੈਂਦਾ ਹੈ,
ਉਹ ਮਰਦਾ ਨਹੀਂ।

ਕੱਲ੍ਹ ਮੈਂ ਹੁਸ਼ਿਆਰ ਸਾਂ,
ਦੁਨੀਆਂ ਬਦਲਣੀ ਚਾਹੀ
ਅੱਜ ਸਮਝਦਾਰ ਹੋਇਆਂ,
ਖੁਦ ਨੂੰ ਬਦਲ ਰਿਹਾਂ।

ਤੈਨੂੰ ਖੰਭ ਦੇ ਕੇ ਧਰਤੀ ਉਪਰ ਉਤਾਰਿਆ
ਫਿਰ ਸਾਰੀ ਉਮਰ ਰੀਂਗਦਾ ਕਿਉਂ ਰਿਹਾ?

ਮਾਪਿਆਂ ਨਾਲ ਤੁਹਾਡਾ
ਸਲੂਕ ਅਜਿਹੀ ਕਹਾਣੀ ਹੈ,
ਜੋ ਲਿਖੀ ਤੁਸੀਂ, ਪੜ੍ਹ ਕੇ ਤੁਹਾਡੀ
ਔਲਾਦ ਤੁਹਾਨੂੰ ਸੁਣਾਏਗੀ।

ਜਦ ਦੁਖੀ ਹੁੰਨੈ,
ਖੁਦਾ ਨੂੰ ਯਾਦ ਕਰਕੇ
ਗੁਨਾਹਾਂ ਦੀ ਮਾਫੀ ਮੰਗਦੈਂ,
ਯਾਨਿ ਕਿ ਤੇਰੇ ਦੁਖ ਨੇ ਤੈਨੂੰ
ਬੇਹੋਸ਼ੀ `ਚੋਂ ਹੋਸ਼ ਵਿਚ ਲਿਆਂਦਾ।

ਬੁਰੀ ਸੰਗਤ ਦੀ ਥਾਂ
ਇਕੱਲਾ ਰਹਿਣਾ ਚੰਗਾ।
ਕਦੀ ਕਬਰਿਸਤਾਨ ਵਿਚ
ਜਾ ਕੇ ਦੋ ਘੜੀ ਬੈਠ।
ਬੋਲਣ ਵਾਲਿਆਂ ਦੀ ਖਾਮੋਸ਼ੀ ਦੇਖ।

ਅਮਾਨਤ ਵਾਂਗ ਜ਼ਿੰਦਗੀ ਬਿਤਾ।
ਇਕ ਦਿਨ ਮਾਲਕ ਨੂੰ ਵਾਪਸ ਕਰਨੀ ਪਏਗੀ।

ਪੁੱਛਿਆ: ਹਜ਼ੂਰ ਦਿਲ ਛੋਟਾ,
ਦੁਖ ਵੱਡੇ, ਕਿਵੇਂ ਝੱਲਾਂ?
ਜਵਾਬ: ਤੇਰੀਆਂ ਨਿੱਕੀਆਂ ਅੱਖਾਂ ਨੇ
ਜਹਾਨ ਆਪਣੇ ਵਿਚ ਸਮਾ ਲਿਆ
ਦਿਲ ਤਾਂ ਅੱਖਾਂ ਤੋਂ ਬਹੁਤ ਵੱਡਾ ਹੈ।

ਰੂਹ ਨੂੰ ਇਸ ਤੋਂ ਵੱਡੀ ਕੋਈ
ਮਰਜ਼ ਨਹੀਂ ਲੱਗ ਸਕਦੀ
ਕਿ ਖੁਦ ਨੂੰ ਉਸਤਾਦ ਸਮਝਣ ਲੱਗ ਪਵੋ।

ਸਮਝਦਾਰ ਨੂੰ ਪਾਣੀ ਦੇ ਕਟੋਰੇ ਵਿਚ
ਰੱਬ ਦਿੱਸ ਜਾਂਦਾ ਹੈ,
ਮੂਰਖ ਨੂੰ ਪਾਣੀ ਵਿਚੋਂ
ਉਸ ਦਾ ਚਿਹਰਾ ਦਿੱਸੀ ਜਾਂਦੈ।

ਤੀਰ ਵਾਂਗ ਸਿੱਧਾ ਹੋ ਜਾਹ।
ਵਲ ਵਿੰਗ ਰਹੇ,
ਦੂਰ ਤੱਕ ਉਡ ਨਹੀਂ ਸਕੇਂਗਾ
ਮੰਜ਼ਿਲ `ਤੇ ਪੁੱਜ ਨਹੀਂ ਸਕੇਂਗਾ।

ਚਾਮ-ਚੜਿਕ ਨੂੰ ਸੂਰਜ ਚੰਗਾ ਨਹੀਂ ਲਗਦਾ
ਸੂਰਜ ਨੂੰ ਇਸ ਨਾਲ ਕੀ ਫਰਕ ਪੈਂਦੈ?